ਏਸ਼ੀਅਨ ਖੇਡਾਂ ‘ਚ ਚੀਨ ਦੀ ਸਰਦਾਰੀ, ਭਾਰਤ ਨੂੰ ਮਿਲੀ 8ਵੀਂ ਥਾਂ

ਇੰਚਿਓਨ: 17ਵੀਆਂ ਏਸ਼ੀਅਨ ਖੇਡਾਂ ਵਿਚ ਚੀਨ ਨੇ ਲਗਾਤਾਰ 9ਵੀਂ ਵਾਰ ਤਗ਼ਮਾ ਸੂਚੀ ਵਿਚ ਆਪਣੀ ਸਰਦਾਰੀ ਕਾਇਮ ਰੱਖੀ ਹੈ। ਖੇਡਾਂ ਵਿਚ 45 ਦੇਸ਼ਾਂ ਦੇ ਖਿਡਾਰੀਆਂ ਨੇ 36 ਖੇਡਾਂ ਮੁਕਾਬਲਿਆਂ ਵਿਚ ਜ਼ੋਰ ਅਜਮਾਈ ਕੀਤੀ। ਖੇਡਾਂ ਦੀ ਤਗ਼ਮਾ ਸੂਚੀ ਵਿਚ ਭਾਰਤ 8ਵੇਂ ਸਥਾਨ ‘ਤੇ ਰਿਹਾ ਹੈ, ਜੋ ਪਿਛਲੀਆਂ ਖੇਡਾਂ ਨਾਲ ਦੋ ਸਥਾਨ ਘੱਟ ਹੈ। ਭਾਰਤ ਨੇ ਐਤਕੀ ਕੁੱਲ 57 ਤਗ਼ਮੇ ਜਿੱਤੇ ਹਨ ਜਿਨ੍ਹਾਂ ਵਿਚ 11 ਸੋਨ, 10 ਚਾਂਦੀ ਤੇ 36 ਕਾਂਸੀ ਦੇ ਤਗ਼ਮੇ ਸ਼ਾਮਲ ਹਨ।
ਚੀਨ ਦੇ ਗੁਆਂਗਜ਼ੂ ਵਿਚ 2010 ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਰਤ ਨੇ ਕੁੱਲ 65 ਤਗ਼ਮੇ ਜਿੱਤੇ ਸਨ, ਜਿਨ੍ਹਾਂ ਵਿਚ 14 ਸੋਨ, 17 ਚਾਂਦੀ ਤੇ 34 ਕਾਂਸੀ ਦੇ ਤਗ਼ਮੇ ਸ਼ਾਮਲ ਸਨ। ਇਸ ਵਾਰ ਤਗ਼ਮਾ ਸੂਚੀ ਵਿਚ ਚੀਨ 342 ਤਗ਼ਮਿਆਂ ਸਿਖਰ ‘ਤੇ ਰਿਹਾ। ਚੀਨੀ ਖਿਡਾਰੀਆਂ ਨੇ 151 ਸੋਨ, 108 ਚਾਂਦੀ ਤੇ 83 ਕਾਂਸੀ ਦੇ ਤਗ਼ਮੇ ਜਿੱਤੇ ਹਨ। ਮੇਜ਼ਬਾਨ ਦੱਖਣੀ ਕੋਰੀਆ ਕੁੱਲ 234 ਤਗ਼ਮਿਆਂ ਨਾਲ ਦੂਜੇ ਸਥਾਨ ‘ਤੇ ਰਿਹਾ ਹੈ। ਜਪਾਨ ਕੁਲ 200 ਤਗ਼ਮੇ ਜਿੱਤ ਕੇ ਤੀਜੇ ਸਥਾਨ ‘ਤੇ ਰਿਹਾ ਹੈ।
ਜਪਾਨ ਦੇ ਤੈਰਾਕ ਕੋਸੁਕੇ ਹੈਗਿਨੋ ਨੂੰ ਇਨ੍ਹਾਂ ਖੇਡਾਂ ਦਾ ‘ਕੀਮਤੀ ਖਿਡਾਰੀ’ ਐਲਾਨਿਆ ਗਿਆ। ਉਸ ਨੇ ਇਨ੍ਹਾਂ ਖੇਡਾਂ ਵਿਚ ਸੋਨੇ ਦੇ ਚਾਰ ਤਗ਼ਮਿਆਂ ਸਮੇਤ ਕੁਲ ਸੱਤ ਤਗ਼ਮੇ ਜਿੱਤੇ ਹਨ। ਦੱਸਣਯੋਗ ਹੈ ਕਿ ਪਹਿਲੀ ਵਾਰ ਏਸ਼ੀਅਨ ਖੇਡਾਂ 1951 ਵਿਚ ਨਵੀਂ ਦਿੱਲੀ ਵਿਚ ਕਰਾਈਆਂ ਗਈਆਂ ਸਨ।
ਪਿਛਲੀਆਂ ਏਸ਼ੀਅਨ ਖੇਡਾਂ ਵਿਚ ਭਾਰਤੀ ਅਥਲੀਟਾਂ ਨੇ 65 ਤਗਮੇ ਜਿੱਤੇ ਸਨ ਤੇ ਜਿਨ੍ਹਾਂ ਵਿਚੋਂ 14 ਸੋਨ ਤਗਮੇ ਸਨ। ਇਸ ਵਾਰੀ ਭਾਰਤੀ ਖਿਡਾਰੀਆਂ ਦੀ ਕਾਰਗੁਜ਼ਾਰੀ ਬੇਸ਼ੱਕ ਪਿਛਲੀਆਂ ਏਸ਼ੀਅਨ ਖੇਡਾਂ ਦੇ ਨਾਲੋਂ ਬਹੁਤੀ ਚੰਗੀ ਨਹੀਂ ਰਹੀ, ਪਰ ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜਿੱਤ ਕੇ ਜਿਥੇ ਉਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ, ਉਥੇ ਮੈਰੀ ਕਾਮ ਨੇ ਮੁੱਕੇਬਾਜ਼ੀ ਵਿਚੋਂ ਸੋਨ ਤਗਮਾ ਜਿੱਤ ਕੇ ਨਵਾਂ ਕੀਰਤੀਮਨ ਜ਼ਰੂਰ ਸਥਾਪਤ ਕੀਤਾ।
ਤੀਰਅੰਦਾਜ਼ੀ ਵਿਚ ਭਾਰਤੀ ਖਿਡਾਰੀਆਂ ਰੱਜਤ ਚੌਹਾਨ, ਸੰਦੀਪ ਕੁਮਾਰ ਤੇ ਅਭਿਸ਼ੇਕ ਵਰਮਾ ਦੀ ਟੀਮ ਨੇ ਕੰਪਾਊਂਡ ਈਵੈਂਟਸ ਵਿਚੋਂ ਸੋਨ ਤਗਮਾ ਹਾਸਲ ਕੀਤਾ। ਅਭਿਸ਼ੇਕ ਵਰਮਾ ਦੀ ਕੰਪਾਊਂਡ ਵਿਅਕਤੀਗਤ ਵਰਗ ਵਿਚੋਂ ਚਾਂਦੀ ਦਾ ਤਗਮਾ ਹਾਸਲ ਕੀਤਾ। ਤਿਰੀਸ਼ਾ ਦੇਵ ਨੇ ਮਹਿਲਾ ਵਰਗ ਦੇ ਵਿਅਕਤੀਗਤ ਕੰਪਾਊਂਡ ਵਿਚੋਂ ਕਾਂਸੀ। ਮਹਿਲਾ ਟੀਮ ਦੇ ਕੰਪਾਊਂਡ ਮਹਿਲਾ ਵਰਗ ਦੇ ਮੁਕਾਬਲੇ ਵਿਚੋਂ ਪੂਰਵਸ਼ਾ ਸ਼ਿੰਦੇ, ਜੋਤੀ ਵੇਮਨ ਤੇ ਤਿਰੀਸ਼ਾ ਦੇਵ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਭਾਰਤੀ ਮਹਿਲਾ ਅਥਲੀਟਾਂ ਨੇ ਮਹਿਲਾਵਾਂ ਦੀ 400 ਮੀਟਰ ਰੀਲੇਅ ਦੇ ਮੁਕਾਬਲੇ ਵਿਚੋਂ ਪ੍ਰਿਅੰਕਾ ਪਵਾਰ, ਟਿੰਟੂ ਲੂਕਾ, ਮਨਦੀਪ ਕੌਰ ਤੇ ਪੂਵੰਮਾ ਦੀ ਟੀਮ ਨੇ ਸੋਨ ਤਗਮਾ ਹਾਸਲ ਕੀਤਾ।
ਬੈਡਮਿੰਟਨ ਦੀ ਟੀਮ ਈਵੈਂਟਸ ਵਿਚੋਂ ਅਸ਼ਨਵੀ ਪੋਨੱਪਾ, ਪੀæਸੀæ ਤੁਲਸੀ, ਤਨਵੀ ਉਦੇ, ਪਰਦੱਨਾ ਗਡਰੇ, ਸਾਈਨਾ ਨੇਹਵਾਲ, ਪੀæਵੀæ ਸਿੰਧੂ ਤੇ ਸਿੱਕੀ ਰੈਡੀ ਦੀ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਮੈਰੀਕਾਮ ਨੇ ਫਲਾਈ ਵੇਟ ਵਿਚੋਂ ਸੋਨ ਤਗਮਾ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਇਸ ਦੇ ਨਾਲ ਹੀ ਵਿਕਾਸ ਕ੍ਰਿਸ਼ਨ ਨੇ ਮਿਡਲ ਵੇਟ, ਸਤੀਸ਼ ਕੁਮਾਰ ਨੇ ਸੁਪਰ ਹੈਵੀਵੇਟ, ਐਲ਼ ਸਰਿਤਾ ਦੇਵੀ ਨੇ ਮਹਿਲਾ ਲਾਈਟ ਵੇਟ ਤੇ ਪੂਜਾ ਰਾਣੀ ਨੇ ਮਹਿਲਾਵਾਂ ਦੇ ਮਿਡਲ ਵੇਟ ਵਿਚੋਂ ਕਾਂਸੀ ਦਾ ਤਗਮਾ ਹਾਸਿਲ ਕੀਤਾ।ਮਰਦਾਂ ਦੀ ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜਿੱਤ ਕੇ ਉਲੰਪਿਕ ਖੇਡਾਂ ਲਈ ਕੁਲਾਈਫਾਈ ਕੀਤਾ ਤੇ ਔਰਤਾਂ ਦੀ ਮਹਿਲਾ ਹਾਕੀ ਟੀਮ ਨੇ ਦੇਸ਼ ਲਈ ਕਾਂਸੀ ਦਾ ਤਗਮਾ ਹਾਸਲ ਕੀਤਾ।
ਭਾਰਤੀ ਮਰਦਾਂ ਦੀ ਕਬੱਡੀ ਟੀਮ ਤੇ ਭਾਰਤੀ ਮਹਿਲਾਵਾਂ ਦੀ ਕਬੱਡੀ ਟੀਮ ਨੇ ਇਨ੍ਹਾਂ ਖੇਡਾਂ ਵਿਚੋਂ ਸੋਨ ਤਗਮੇ ਜਿੱਤੇ। ਪਹਿਲਵਾਨ ਯੋਗੇਸ਼ਵਰ ਦੱਤ ਨੇ ਫਰੀ ਸਟਾਈਲ 65 ਕਿੱਲੋ ਭਾਰ ਵਰਗ ਦੇ ਵਿਚੋਂ ਸੋਨ ਤਗਮਾ, ਬਜਰੰਗ ਨੇ ਫਰੀ ਸਟਾਈਲ 61 ਕਿੱਲੋ ਵਿਚੋਂ ਚਾਂਦੀ ਤੇ ਮਹਿਲਾਵਾਂ ਦੇ ਫਰੀ ਸਟਾਈਲ 48 ਕਿੱਲੋ ਭਾਰ ਵਰਗ ਵਿਚੋਂ ਵਿਨੇਸ਼ ਨੇ ਕਾਂਸੀ, ਗੀਤਕਾ ਜਾਖੜ ਨੇ ਫਰੀ ਸਟਾਈਲ 63 ਕਿੱਲੋ ਵਿਚੋਂ ਕਾਂਸੀ ਤੇ ਨਰ ਸਿੰਘ ਯਾਦਵ ਨੇ ਮਰਦਾਂ ਦੇ ਫਰੀ ਸਟਾਈਲ 74 ਕਿੱਲੋ ਵਿਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ। ਆਨੰਦ ਗਰੇਵਾਲ ਨੇ ਮਰਦਾਂ ਦੇ ਸਾਂਡਾ 60 ਕਿੱਲੋ ਵਿਚੋਂ ਕਾਂਸੀ ਦਾ ਤਗਮਾ ਤੇ ਮਹਿਲਾਵਾ ਦੇ ਸਾਂਡਾ 52 ਕਿੱਲੋ ਵਿਚੋਂ ਸੰਥਈ ਦੇਵੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
____________________________________________________
ਭਾਰਤ ਨੇ ਹਾਕੀ ਵਿਚ ਪਾਕਿਸਤਾਨ ਢਾਹਿਆ
ਇੰਚਿਓਨ: ਭਾਰਤ ਨੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਇਥੇ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਸ਼ੂਟਆਊਟ ਵਿਚ 4-2 ਨਾਲ ਮਾਤ ਦੇ ਕੇ 16 ਸਾਲਾਂ ਬਾਅਦ ਏਸ਼ਿਆਈ ਖੇਡਾਂ ਵਿਚ ਸੋਨੇ ਦਾ ਤਗ਼ਮਾ ਜਿੱਤਿਆ ਹੈ ਤੇ ਨਾਲ ਹੀ 2016 ਦੀਆਂ ਰੀਓ ਓਲੰਪਿਕਸ ਲਈ ਸਿੱਧੀ ਟਿਕਟ ਵੀ ਹਾਸਲ ਕਰ ਲਈ ਹੈ। ਭਾਰਤ ਤੇ ਪਾਕਿਸਤਾਨ ਦੋਵਾਂ ਨੇ ਪੂਰੇ 60 ਮਿੰਟਾਂ ਦੇ ਮੈਚ ਵਿਚ ਇਕ-ਦੂਜੇ ਨੂੰ ਰੱਤੀ ਭਰ ਵੀ ਵਿੱਥ ਨਾ ਦਿੱਤੀ। ਸਿਓਨਹਾਕ ਹਾਕੀ ਸਟੇਡੀਅਮ ਵਿਚ ਖੇਡੇ ਗਏ ਇਸ ਫਾਈਨਲ ਮੁਕਾਬਲੇ ਦੇ ਤੈਅਸ਼ੁਦਾ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ ‘ਤੇ ਰਹੀਆਂ ਤੇ ਜਿੱਤ-ਹਾਰ ਦਾ ਫੈਸਲਾ ਸ਼ੂਟਆਊਟ ਰਾਹੀਂ ਕਰਨਾ ਪਿਆ। ਏਸ਼ਿਆਈ ਖੇਡਾਂ ਵਿਚ ਸੋਨ ਤਗ਼ਮਾ ਜਿੱਤ ਸਦਕਾ ਭਾਰਤ ਨੂੰ ਰੀਓ ਓਲੰਪਿਕਸ ਲਈ ਸਿੱਧਾ ਦਾਖ਼ਲਾ ਮਿਲ ਗਿਆ ਹੈ ਜਦਕਿ ਪਾਕਿਸਤਾਨ ਨੂੰ ਕੁਆਲੀਫਾਇੰਗ ਮੁਕਾਬਲਿਆਂ ਵਿਚੋਂ ਗੁਜ਼ਰਨਾ ਪਵੇਗਾ। ਭਾਰਤ ਨੇ ਪਿਛਲੀ ਵਾਰ 1998 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿਚ ਹਾਕੀ ਦਾ ਸੋਨ ਤਗ਼ਮਾ ਜਿੱਤਿਆ ਸੀ। ਭਾਰਤ ਤੇ ਪਾਕਿਸਤਾਨ ਪਿਛਲੀ ਵਾਰ 1982 ਦੀਆਂ ਦਿੱਲੀ ਏਸ਼ਿਆਈ ਖੇਡਾਂ ਦੇ ਹਾਕੀ ਫਾਈਨਲ ਵਿਚ ਆਹਮੇ-ਸਾਹਮਣੇ ਹੋਏ ਸਨ ਜਦੋਂ ਪਾਕਿਸਤਾਨ ਨੇ 7-1 ਨਾਲ ਜਿੱਤ ਦਰਜ ਕੀਤੀ ਸੀ। ਪਾਕਿਸਤਾਨ ਏਸ਼ਿਆਈ ਖੇਡਾਂ ਵਿਚ ਸਭ ਤੋਂ ਵੱਧ ਅੱਠ ਵਾਰ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਹੈ। ਭਾਰਤੀ ਹਾਕੀ ਟੀਮ ਨੂੰ ਇਸ ਸ਼ਾਨਦਾਰ ਕਾਮਯਾਬੀ ਬਦਲੇ ਹਾਕੀ ਇੰਡੀਆ ਵੱਲੋਂ ਟੀਮ ਦੇ ਹਰ ਖਿਡਾਰੀ ਨੂੰ ਢਾਈ-ਢਾਈ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਮੁੱਖ ਕੋਚ ਟੈਰੀ ਵਾਲਸ਼ ਤੇ ਹਾਈ ਪ੍ਰੋਫਾਰਮੈਂਸ ਡਾਇਰੈਕਟਰ ਰੋਇਲੈਂਟ ਓਲਟਮੈਨ ਵੀ ਇਨਾਮ ਦੇ ਹੱਕਦਾਰ ਹੋਣਗੇ। ਕਾਂਸੀ ਦਾ ਤਗ਼ਮਾ ਜੇਤੂ ਕੁੜੀਆਂ ਦੀ ਟੀਮ ਦੀਆਂ ਖਿਡਾਰਨਾਂ ਇਕ-ਇਕ ਲੱਖ ਰੁਪਏ ਦਾ ਇਨਾਮ ਤੇ ਸਹਾਇਕ ਸਟਾਫ਼ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਸ਼ਾਨਦਾਰ ਜਿੱਤ ‘ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਹੋਰ ਆਗੂਆਂ ਨੇ ਟੀਮ ਅਤੇ ਸਟਾਫ਼ ਨੂੰ ਵਧਾਈ ਦਿੱਤੀ ਹੈ।

Be the first to comment

Leave a Reply

Your email address will not be published.