ਚੰਡੀਗੜ੍ਹ: ਕਾਂਗਰਸ ਦੀ ਪੰਜਾਬ ਇਕਾਈ ਵਿਚ ਚਲ ਰਹੇ ਰੇੜਕੇ ਦਾ ਮਾਮਲਾ ਮੁੜ ਤੋਂ ਹਾਈਕਮਾਨ ਕੋਲ ਪਹੁੰਚ ਗਿਆ ਹੈ। ਹਾਲਾਂਕਿ ਚਰਚਾ ਇਹ ਸੀ ਕਿ ਗੁਆਂਢੀ ਸੂਬੇ ਹਰਿਆਣਾ ਵਿਚ 15 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਮਾਮਲਾ ਕਾਂਗਰਸ ਹਾਈਕਮਾਨ ਕੋਲ ਉਠਾਇਆ ਜਾਵੇਗਾ ਪਰ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖਿਲਾਫ ਛਿੜੀ ਮੁਹਿੰਮ ਵਿਚ ਕੁਝ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਕਾਰਨ ਇਸ ਵਿਵਾਦ ਕਾਫੀ ਗਰਮਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਈ ਕਾਂਗਰਸੀ ਵਿਧਾਇਕਾਂ ਨੇ ਵੀ ਗਿਲਾ ਕੀਤਾ ਸੀ ਕਿ ਸ਼ ਬਾਜਵਾ ਉਨ੍ਹਾਂ ਨੂੰ ਕਈ ਮਾਮਲਿਆਂ ਵਿਚ ਭਰੋਸੇ ਵਿਚ ਨਹੀਂ ਲੈਂਦੇ ਤੇ ਆਪਣੀ ਮਰਜ਼ੀ ਨਾਲ ਹੀ ਕਈ ਲੋਕਾਂ ਨੂੰ ਸਕੱਤਰ ਨਿਯੁਕਤ ਕਰੀ ਜਾਂਦੇ ਹਨ।
ਜਾਣਕਾਰ ਹਲਕਿਆਂ ਮੁਤਾਬਕ ਪਿੱਛੇ ਜਿਹੇ ਕਾਂਗਰਸ ਵਿਧਾਇਕ ਦਲ ਦੀ ਜੋ ਮੀਟਿੰਗ ਰਾਜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈ, ਉਸ ਵਿਚ ਕਾਫ਼ੀ ਗਿਣਤੀ ਵਿਚ ਮੌਜੂਦ ਵਿਧਾਇਕਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਸ਼ ਬਾਜਵਾ ਦੀ ਤਾਨਾਸ਼ਾਹੀ ਵਿਰੁੱਧ ਕਾਂਗਰਸ ਹਾਈਕਮਾਨ ਨੂੰ ਮਿਲ ਕੇ ਸਾਰਾ ਮਾਮਲਾ ਉਸ ਦੇ ਧਿਆਨ ਵਿਚ ਲਿਆਂਦਾ ਜਾਵੇ ਪਰ ਸ੍ਰੀ ਜਾਖੜ ਨੇ ਉਨ੍ਹਾਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਹੁਣ ਜਦੋਂਕਿ ਕਈ ਸੂਬਿਆਂ ਵਿਸ਼ੇਸ਼ ਤੌਰ ‘ਤੇ ਗੁਆਂਢੀ ਰਾਜ ਹਰਿਆਣਾ ਵਿਚ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਹਨ, ਇਸ ਲਈ ਇਸ ਮੌਕੇ ਸ਼ ਬਾਜਵਾ ਵਿਰੁੱਧ ਸ਼ਿਕਾਇਤ ਕਰਨਾ ਉਚਿਤ ਨਹੀਂ ਹੋਵੇਗਾ।
ਸ਼ ਬਾਜਵਾ ਦਾ ਕਹਿਣਾ ਹੈ ਕਿ ਸਮੁੱਚੇ ਮਾਮਲੇ ਦੀ ਜਾਣਕਾਰੀ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਕੋਲ ਪੁੱਜ ਚੁੱਕੀ ਹੈ। ਪਾਰਟੀ ਦੇ ਅਨੁਸ਼ਾਸਨ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਹਾਈਕਮਾਂਡ ਕੋਲ ਹੈ ਤੇ ਕੌਮੀ ਲੀਡਰਸ਼ਿਪ ਹੀ ਇਸ ਬਾਰੇ ਕੁਝ ਕਹਿ ਸਕਦੀ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਨੇ ਬੀਤੇ ਦਿਨੀਂ ਕਿਹਾ ਸੀ ਕਿ ਸ਼ ਬਾਜਵਾ ਨਾ ਤਾਂ ਉਨ੍ਹਾਂ ਦੇ ਦੋਸਤ ਹਨ ਤੇ ਨਾ ਹੀ ਸਮਰਥਕ ਤੇ ਉਹ ਪਹਿਲਾਂ ਹੀ ਹਾਈਕਮਾਨ ਨੂੰ ਪ੍ਰਧਾਨ ਬਦਲਣ ਬਾਰੇ ਆਖ ਚੁੱਕੇ ਹਨ। ਸ਼ ਬਾਜਵਾ ਨੇ ਕੈਪਟਨ ਵੱਲੋਂ ਵਿਧਾਇਕਾਂ ਦਾ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਉਸੇ ਦਿਨ ਹੀ ਕਾਂਗਰਸ ਭਵਨ ਵਿਖੇ ਉਨ੍ਹਾਂ ਨੇ ਵੀ ਪਾਰਟੀ ਅਹੁਦੇਦਾਰਾਂ ਦੀ ਵਿਸ਼ਾਲ ਮੀਟਿੰਗ ਕੀਤੀ ਸੀ। ਕਾਂਗਰਸ ਆਗੂ ਨੇ ਥੋੜਾ ਨਰਮ ਰੁਖ ਅਪਣਾਉਂਦਿਆਂ ਕਿਹਾ ਕਿ ਉਹ ਕੈਪਟਨ ਦੀ ਸਰਕਾਰ ਵਿਚ ਪੰਜ ਸਾਲ ਮੰਤਰੀ ਰਹੇ ਹਨ। ਉਹ ਕੈਪਟਨ ਨਾਲ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਮੇਰੇ ਵੱਡੇ ਭਰਾ ਹਨ ਤੇ ਉਨ੍ਹਾਂ ਨੂੰ ਕੋਈ ਵੀ ਗੱਲ ਕਹਿਣ ਦਾ ਹੱਕ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਧੜਿਆਂ ਨਾਲ ਨਹੀਂ ਮੁੱਦਿਆਂ ਦੇ ਆਧਾਰ ‘ਤੇ ਚੱਲਦੀ ਹੈ। ਉਨ੍ਹਾਂ ਨੂੰ ਸੋਨੀਆ ਗਾਂਧੀ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਤੇ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
_______________________________________
ਹਾਈਕਮਾਨ ਲੀਡਰਸ਼ਿਪ ਵਿਵਾਦ ਬਾਰੇ ਗੰਭੀਰ: ਚੌਧਰੀ
ਲੁਧਿਆਣਾ: ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਹੈ ਕਿ ਕਾਂਗਰਸ ਹਾਈਕਮਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਚੱਲ ਰਹੀ ਬਿਆਨਬਾਜ਼ੀ ਪ੍ਰਤੀ ਗੰਭੀਰ ਹੈ ਤੇ ਸਾਰੀ ਸਥਿਤੀ ਨੂੰ ਬਰੀਕੀ ਨਾਲ ਵਿਚਾਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜਬੂਤ ਹੈ ਤੇ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੀਆਂ ਵਧੀਕੀਆਂ ਖਿਲਾਫ ਡਟ ਕੇ ਅਵਾਜ਼ ਬੁਲੰਦ ਕਰ ਰਹੀ ਹੈ। ਸ੍ਰੀ ਚੌਧਰੀ ਨੇ ਦੱਸਿਆ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਫੀ ਨਾਜ਼ੁਕ ਬਣ ਗਈ ਹੈ ਕਿਉਂਕਿ ਸੱਤਾਧਾਰੀ ਪੱਖ ਵੱਲੋਂ ਅਫਸਰਸ਼ਾਹੀ ਦਾ ਸਿਆਸੀਕਰਨ ਕਰ ਦਿੱਤਾ ਗਿਆ ਹੈ, ਜਿਸ ਨਾਲ ਅਫਸਰਸ਼ਾਹੀ ਮਨਮਾਨੀਆਂ ਕਰਕੇ ਆਮ ਲੋਕਾਂ ਉਪਰ ਜਬਰ ਤੇ ਜੁਲਮ ਕਰ ਰਹੀ ਹੈ।
_______________________________________
ਬਾਜਵਾ ਨੂੰ ਲਾਂਭੇ ਕਰਨ ਲਈ ਤਾਲਮੇਲ
ਚੰਡੀਗੜ੍ਹ: ਕਿਸੇ ਵੇਲੇ ਕੱਟੜ ਵਿਰੋਧੀ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਰਾਜਿੰਦਰ ਕੌਰ ਭੱਠਲ ਸੂਬੇ ਦੇ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਨ ਲਈ ਇਕੱਠੇ ਹੋ ਗਏ ਜਾਪਦੇ ਹਨ। ਇਨ੍ਹਾਂ ਦੋਵਾਂ ਨੇ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖ਼ੜ ਨਾਲ ਰਲ ਕੇ ਨਵੀਂ ਮਿੱਤਰ ਮੰਡਲੀ ਕਾਇਮ ਕਰ ਲਈ ਹੈ।
ਇਹ ਗੱਲ ਉਦੋਂ ਜ਼ਾਹਰ ਹੋਈ ਜਦੋਂ ਲੋਕ ਸਭਾ ਵਿਚ ਕਾਂਗਰਸ ਦੇ ਉਪ ਆਗੂ ਕੈਪਟਨ ਅਮਰਿੰਦਰ ਸਿੰਘ ਫੁੱਲ ਤੇ ਕੇਕ ਲੈ ਕੇ ਭੱਠਲ ਦੇ 70ਵੇਂ ਜਨਮ ਦਿਨ ਦੀ ਵਧਾਈ ਦੇਣ ਪੁੱਜੇ। ਸੁਨੀਲ ਜਾਖੜ ਤੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵੀ ਕੈਪਟਨ ਦੇ ਨਾਲ ਸਨ। ਸਮਝਿਆ ਜਾ ਰਿਹਾ ਹੈ ਕਿ ਬੀਬੀ ਭੱਠਲ ਨੇ ਅਮਰਿੰਦਰ ਤੇ ਜਾਖੜ ਨੂੰ ਸੱਦਿਆ ਸੀ ਪਰ ਬਾਜਵਾ ਨੂੰ ਨਹੀਂ।
ਸ੍ਰੀਮਤੀ ਭੱਠਲ ਵਿਧਾਇਕ ਪਰਨੀਤ ਕੌਰ ਦੇ ਸੁਹੰ ਚੁੱਕ ਸਮਾਗਮ ਵਿਚ ਵੀ ਸ਼ਾਮਲ ਹੋਈ ਸੀ। ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਬਾਜਵਾ ਵਿਰੁੱਧ ਲੜਾਈ ਵਿਚ ਅਮਰਿੰਦਰ ਸਿੰਘ, ਭੱਠਲ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਨ ਤੇ ਉਹ ਬਦਲੇ ਵਿਚ ਆਪਣੇ ਪੁੱਤਰ ਰਾਹੁਲ ਸਿੱਧੂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ।
Leave a Reply