ਚੰਡੀਗੜ੍ਹ: ਅਕਾਲੀ ਭਾਜਪਾ ਸਰਕਾਰ ਵੱਲੋਂ ਡੀਜ਼ਲ ਤੇਲ ਉੱਤੇ ਇਕ ਫੀਸਦੀ ਵੈਟ ਚੁੱਪ ਚੁਪੀਤੇ ਹੀ ਵਧਾ ਦਿੱਤਾ ਗਿਆ ਹੈ। ਇਸ ਨਾਲ ਲੋਕਾਂ ਉੱਤੇ 110 ਕਰੋੜ ਰੁਪਏ ਦਾ ਸਾਲਾਨਾ ਬੋਝ ਪੈਣ ਦਾ ਅਨੁਮਾਨ ਹੈ। ਸਭ ਤੋਂ ਜ਼ਿਆਦਾ ਭਾਰ ਖੇਤੀ ਖੇਤਰ ‘ਤੇ ਪਵੇਗਾ। ਸੂਬੇ ਵਿਚ ਡੀਜ਼ਲ ਦੀ ਕੁੱਲ ਖ਼ਪਤ ਦਾ 50 ਫੀਸਦੀ ਹਿੱਸਾ ਖੇਤੀ ਖੇਤਰ ਵਿਚ ਹੀ ਵਰਤਿਆ ਜਾਂਦਾ ਹੈ। ਇਕ ਅੰਦਾਜ਼ੇ ਮੁਤਾਬਕ ਸੁਬੇ ਵਿਚ 90 ਲੱਖ ਲੀਟਰ ਡੀਜ਼ਲ ਦੀ ਰੋਜ਼ਾਨਾ ਵਿੱਕਰੀ ਹੁੰਦੀ ਹੈ।
ਪੰਜਾਬ ਵਿਚ ਹੁਣ ਸਾਰੇ ਉੱਤਰੀ ਭਾਰਤ ਨਾਲੋਂ ਡੀਜ਼ਲ ਮਹਿੰਗਾ ਹੋ ਗਿਆ ਹੈ। ਉੱਤਰੀ ਭਾਰਤ ਦੇ ਪੰਜ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਜੰਮੂ ਕਸ਼ਮੀਰ ਨੂੰ ਡੀਜ਼ਲ ਮਹਿੰਗਾ ਕਰਨ ਦੇ ਮਾਮਲੇ ਵਿਚ ਪੰਜਾਬ ਨੇ ਪਛਾੜ ਦਿੱਤਾ ਹੈ। ਹੁਣ ਖ਼ਪਤਕਾਰਾਂ ਨੂੰ ਡੀਜ਼ਲ ਪਹਿਲਾਂ ਨਾਲੋਂ 59 ਪੈਸੇ ਪ੍ਰਤੀ ਲੀਟਰ ਮਹਿੰਗਾ ਮਿਲੇਗਾ। ਟਰਾਂਸਪੋਰਟ ਦੇ ਧੰਦੇ ‘ਤੇ ਵੀ ਇਸ ਦਾ ਅਸਰ ਪਵੇਗਾ। ਮਹੱਤਵਪੂਰਨ ਤੱਥ ਇਹ ਹੈ ਕਿ ਗੁਆਂਢੀ ਸੂਬਿਆਂ ਵਿਚ ਡੀਜ਼ਲ ਦੇ ਭਾਅ ਘੱਟ ਹਨ ਜਦੋਂ ਕਿ ਖੇਤੀ ਪ੍ਰਧਾਨ ਸੂਬੇ ਵਿਚ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਹਰਿਆਣਾ ਵਿਚ ਹੁਣ ਪੰਜਾਬ ਨਾਲੋਂ 70 ਪੈਸੇ ਪ੍ਰਤੀ ਲੀਟਰ ਡੀਜ਼ਲ ਸਸਤਾ ਹੋ ਗਿਆ ਹੈ। ਸੂਬਾ ਸਰਕਾਰ ਵੱਲੋਂ ਇਹ ਫੈਸਲਾ ਮਾਲੀ ਘਾਟਾ ਦੂਰ ਕਰਨ ਲਈ ਲਿਆ ਗਿਆ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਕਿਸਾਨਾਂ ਤੇ ਟਰਾਂਸਪੋਰਟਰਾਂ ਲਈ ਇਹ ਵੱਡਾ ਝਟਕਾ ਹੈ।
ਪੰਜਾਬ ਵਿਚ ਡੀਜ਼ਲ ‘ਤੇ ਵੈਟ 9æ75 ਫੀਸਦੀ ਕਰ ਦਿੱਤਾ ਗਿਆ ਹੈ ਤੇ ਸਰਕਾਰ ਨੇ 10 ਫੀਸਦੀ ਸਰਚਾਰਜ ਲਾਇਆ ਹੋਇਆ ਹੈ। ਇਸੇ ਤਰ੍ਹਾਂ ਇਨਫਰਾਸਟਰਕਚਰ ਫੰਡ ਵੀ ਉਗਰਾਹਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਸੂਬੇ ਵਿਚ ਡੀਜ਼ਲ ਦੀ ਕੀਮਤ ਜ਼ਿਆਦਾ ਹੈ। ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਡੀਜ਼ਲ ਤੇਲ ‘ਤੇ ਟੈਕਸ ਵਧਾਉਣ ਦਾ ਮੁੱਦਾ ਵਿਚਾਰਿਆ ਜਾ ਰਿਹਾ ਸੀ ਪਰ ਰਾਜਸੀ ਕਾਰਨਾ ਤੇ ਲੋਕ ਸਭਾ ਚੋਣਾਂ ਕਾਰਟ ਵੈਟ ਵਧਾਉਣ ਦਾ ਮੁੱਦਾ ਲਗਾਤਾਰ ਟਾਲਿਆ ਜਾ ਰਿਹਾ ਸੀ। ਕਰ ਤੇ ਆਬਕਾਰੀ ਵਿਭਾਗ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅਧੀਨ ਹੈ। ਮੰਤਰੀ ਮੰਡਲ ਨੇ ਉਪ ਮੁੱਖ ਮੰਤਰੀ ਨੂੰ ਟੈਕਸ ਤਰਕਸੰਗਤ ਕਰਨ ਦਾ ਅਧਿਕਾਰ ਦੇ ਦਿੱਤਾ ਸੀ। ਇਸ ਤਰ੍ਹਾਂ ਨਾਲ ਸਰਕਾਰ ਨੇ ਚੁੱਪ ਚਪੀਤੇ ਹੀ ਕਿਸਾਨਾਂ ਉੱਤੇ ਕਰੋੜਾਂ ਰੁਪਏ ਦਾ ਬੋਝ ਲੱਦ ਦਿੱਤਾ ਹੈ।
ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਜੇæਪੀæ ਖੰਨਾ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਦੱਸਿਆ ਕਿ ਹਰਿਆਣਾ ਵਿਚ ਡੀਜ਼ਲ ਉਤੇ ਪੰਜ ਤੇ ਪੰਜਾਬ ਵਿਚ 10 ਫ਼ੀਸਦੀ ਸਰਚਾਰਜ ਸੀ। ਹੁਣ ਇਕ ਫ਼ੀਸਦੀ ਵੈਟ ਵਧਣ ਨਾਲ ਪੰਜਾਬ ਨਾਲੋਂ ਹਰਿਆਣਾ ਦੇ ਡੀਜ਼ਲ ਦੇ ਮੁੱਲ ਵਿਚ 12 ਪੈਸੇ ਦਾ ਫ਼ਰਕ ਆ ਗਿਆ ਹੈ।
ਇਸ ਤੋਂ ਪਹਿਲਾਂ ਹੀ ਪੈਟਰੋਲ ਦਾ ਪੰਜਾਬ ਦੇ ਮੁਕਾਬਲੇ ਹਰਿਆਣਾ ਵਿਚ ਅੱਠ ਰੁਪਏ ਫ਼ਰਕ ਹੈ ਤੇ ਪੰਜਾਬ ਦੀ ਸਰਹੱਦ ‘ਤੇ ਸਥਿਤ ਲੋਕ ਹਰਿਆਣਾ ਵਿਚ ਜਾ ਕੇ ਤੇਲ ਪੁਆਉਂਦੇ ਸਨ ਪਰ ਹੁਣ ਡੀਜ਼ਲ ਦਾ 12 ਪੈਸੇ ਦਾ ਫ਼ਰਕ ਹੋਣ ਕਰਕੇ ਲੋਕ ਹਰਿਆਣਾ ਵਿਚ ਜਾ ਕੇ ਪੈਟਰੋਲ ਵਾਂਗ ਡੀਜ਼ਲ ਪੁਆਉਣਗੇ। ਡੀਜ਼ਲ ਮਹਿੰਗਾ ਹੋਣ ਦਾ ਅਸਰ ਖੇਤੀ ਤੇ ਸਨਅਤੀ ਖੇਤਰ ‘ਤੇ ਪਵੇਗਾ ਪਰ ਨਾਲ ਹੀ ਡੀਲਰਾਂ ਨੂੰ ਇਸ ਦਾ ਨੁਕਸਾਨ ਉਠਾਉਣਾ ਪਏਗਾ ਕਿ ਦੂਜੇ ਰਾਜਾਂ ਵਿਚ ਜਾਣ ਵਾਲੀਆਂ ਗੱਡੀਆਂ ਪੰਜਾਬ ਦੀ ਥਾਂ ਦੂਸਰੇ ਰਾਜਾਂ ਦੇ ਪੰਪਾਂ ਤੋਂ ਹੁਣ ਡੀਜ਼ਲ ਪੁਆਉਣਗੀਆਂ।
____________________________________________________________
ਵੈਟ ਵਧਾ ਕੇ ਸਰਕਾਰ ਨੇ ਕਿਸਾਨ ਦੋਖੀ ਹੋਣ ਦਾ ਸਬੂਤ ਦਿੱਤਾ: ਭੱਠਲ
ਸੰਗਰੂਰ: ਪੰਜਾਬ ਦੀ ਸੀਨੀਅਰ ਕਾਂਗਰਸੀ ਆਗੂ ਤੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਡੀਜ਼ਲ ‘ਤੇ ਵੈਟ ਵਧਾ ਕੇ ਕਿਸਾਨ ਦੋਖੀ ਹੋਣ ਦਾ ਸਬੂਤ ਦਿੱਤਾ ਹੈ ਜੋ ਸੂਬੇ ਦੇ ਲੋਕਾਂ ਤੇ ਖ਼ਾਸ ਕਰਕੇ ਕਿਸਾਨ ਵਰਗ ਨਾਲ ਸਰਾਸਰ ਧੋਖਾ ਹੈ। ਪੰਜਾਬ ਸਰਕਾਰ ਵੱਲੋਂ ਚੁੱਪ-ਚੁਪੀਤੇ ਡੀਜ਼ਲ ‘ਤੇ ਵੈਟ ਵਧਾਉਣ ਨਾਲ ਲੋਕਾਂ ‘ਤੇ 110 ਕਰੋੜ ਰੁਪਏ ਸਾਲਾਨਾ ਵਾਧੂ ਬੋਝ ਪਵੇਗਾ ਜਦਕਿ ਸਭ ਤੋਂ ਵਧੇਰੇ ਪੰਜਾਹ ਫ਼ੀਸਦੀ ਬੋਝ ਕਿਸਾਨਾਂ ‘ਤੇ ਪਵੇਗਾ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਡੀਜ਼ਲ ‘ਤੇ ਵੈਟ ਵਿਚ ਕੀਤੇ ਗਏ ਇਕ ਪ੍ਰਤੀਸ਼ਤ ਦੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਮ ਲੋਕਾਂ, ਉਦਯੋਗਾਂ ਤੇ ਖਾਸ ਕਰਕੇ ਕਿਸਾਨਾਂ ਨੂੰ ਕਾਲੀ ਦੀਵਾਲੀ ਦਾ ਤੋਹਫਾ ਦਿੱਤਾ ਹੈ। ਪੰਜਾਬ ਵਿਚ ਡੀਜ਼ਲ ‘ਤੇ ਵੈਟ ਦੇਸ਼ ਵਿਚ ਹੋਰਨਾਂ ਰਾਜਾਂ ਨਾਲੋਂ ਸਭ ਤੋਂ ਜ਼ਿਆਦਾ ਹੈ। ਵੈਟ ਗੁਆਂਢੀ ਰਾਜ ਹਰਿਆਣਾ ਤੋਂ ਵੀ ਜ਼ਿਆਦਾ ਹੈ।
Leave a Reply