ਚੰਡੀਗੜ੍ਹ: ਪੰਜਾਬ ਦੇ ਵਿਧਾਇਕਾਂ ਨੇ ਐਤਕੀਂ ਬਜਟ ਸੈਸ਼ਨ ਦੌਰਾਨ ਬੋਲਣ ਵਿਚ ਵੀ ਰੱਜ ਕੇ ਸਰਫਾ ਵਰਤਿਆ। ਕਈ ਵਿਧਾਇਕਾਂ ਨੇ ਤਾਂ ਸੁਆਲਾਂ ਵਾਲਾ ਖਾਤਾ ਹੀ ਨਹੀਂ ਖੋਲ੍ਹਿਆ। ਉਨ੍ਹਾਂ ਇਸ ਸੈਸ਼ਨ ਵਿਚ ਲੋਕਾਂ ਦੇ ਮੁੱਦੇ ਲਿਖਤੀ ਰੂਪ ਵਿਚ ਉਠਾਉਣ ਦੀ ਖੇਚਲ ਹੀ ਨਹੀਂ ਕੀਤੀ। ਸੈਸ਼ਨ ਇਸ ਵਾਰ 15 ਜੁਲਾਈ ਤੋਂ 22 ਜੁਲਾਈ ਤੱਕ ਚੱਲਿਆ ਸੀ। ਸੈਸ਼ਨ ਦੌਰਾਨ ਸਿਰਫ਼ 49 ਵਿਧਾਇਕਾਂ ਨੇ ਹੀ ਲਿਖਤੀ ਸੁਆਲ ਪੁੱਛੇ ਸਨ ਜਦੋਂ ਕਿ ਤਕਰੀਬਨ 33 ਵਿਧਾਇਕਾਂ ਨੇ ਕੋਈ ਸਟਾਰਡ ਜਾਂ ਅਣਸਟਾਰਡ ਸੁਆਲ ਪੁੱਛਿਆ ਹੀ ਨਹੀਂ। ਖਾਤਾ ਨਾ ਖੋਲ੍ਹਣ ਵਾਲੇ ਵਿਧਾਇਕਾਂ ਵਿਚ ਸਭਨਾਂ ਸਿਆਸੀ ਧਿਰਾਂ ਦੇ ਪ੍ਰਤੀਨਿਧ ਸ਼ਾਮਲ ਹਨ।
ਵਿਧਾਨ ਸਭਾ ਸਕੱਤਰੇਤ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਸੂਚਨਾ ਮੁਤਾਬਕ ਬਜਟ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਤੇ ਹਰਦਿਆਲ ਸਿੰਘ ਕੰਬੋਜ ਨੇ ਤਾਂ ਅਸੈਂਬਲੀ ਵਿਚ ਪੈਰ ਹੀ ਨਹੀਂ ਪਾਇਆ। ਉਹ ਪੂਰਾ ਸਮਾਂ ਗੈਰਹਾਜ਼ਰ ਰਹੇ। ਵਿਧਾਇਕਾਂ ਵੱਲੋਂ ਇਸ ਸੈਸ਼ਨ ਵਿਚ ਕੁਲ 319 ਸੁਆਲ ਪੁੱਛੇ ਗਏ ਸਨ ਜਿਨ੍ਹਾਂ ਵਿਚੋਂ 102 ਸਟਾਰਡ ਸੁਆਲ ਸਨ ਜਿਨ੍ਹਾਂ ਦਾ ਜੁਆਬ ਸੈਸ਼ਨ ਵਿਚ ਹੀ ਜ਼ੁਬਾਨੀ ਦਿੱਤਾ ਗਿਆ ਜਦੋਂ ਕਿ 71 ਸੁਆਲ ਅਣਸਟਾਰਡ ਸਨ ਜਿਨ੍ਹਾਂ ਦਾ ਜੁਆਬ ਲਿਖਤੀ ਰੂਪ ਵਿਚ ਦਿੱਤਾ ਗਿਆ। ਇਸੇ ਤਰ੍ਹਾਂ 146 ਸੀæਯੂæ (ਕਨਵਰਟਡ ਅਣਸਟਾਰਡ) ਸੁਆਲ ਸਨ ਜਿਨ੍ਹਾਂ ਦਾ ਜੁਆਬ ਸੈਸ਼ਨ ਖਤਮ ਹੋਣ ਮਗਰੋਂ ਲਿਖਤੀ ਰੂਪ ਵਿਚ ਵਿਧਾਇਕਾਂ ਨੂੰ ਭੇਜਿਆ ਗਿਆ।
ਜਿਨ੍ਹਾਂ ਵਿਧਾਇਕਾਂ ਨੇ ਇਸ ਸੈਸ਼ਨ ਦੌਰਾਨ ਖਾਤਾ ਨਹੀਂ ਖੋਲ੍ਹਿਆ, ਉਨ੍ਹਾਂ ਵਿਚ ਮਾਨਸਾ ਤੋਂ ਪ੍ਰੇਮ ਮਿੱਤਲ, ਬਰਨਾਲਾ ਤੋਂ ਸਿਰਫ ਢਿੱਲੋਂ, ਮਹਿਲਾ ਕਲਾਂ ਤੋਂ ਹਰਚੰਦ ਕੌਰ, ਮੋਗਾ ਤੋਂ ਜੋਗਿੰਦਰ ਜੈਨ, ਨਿਹਾਲ ਸਿੰਘ ਵਾਲਾ ਤੋਂ ਰਾਜਵਿੰਦਰ ਕੌਰ, ਬਾਘਾ ਪੁਰਾਣਾ ਤੋਂ ਮਹੇਸ਼ਇੰਦਰ ਸਿੰਘ, ਧੂਰੀ ਤੋਂ ਅਰਵਿੰਦ ਖੰਨਾ, ਜ਼ੀਰਾ ਤੋਂ ਹਰੀ ਸਿੰਘ ਜੀਰਾ, ਲੁਧਿਆਣਾ ਜ਼ਿਲ੍ਹੇ ਤੋਂ ਮਨਪ੍ਰੀਤ ਸਿੰਘ ਇਯਾਲੀ, ਅਮਰੀਕ ਸਿੰਘ ਸਮਰਾਲਾ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਹੁਸ਼ਿਆਰਪੁਰ ਤੋਂ ਸੁਰਜੀਤ ਕੌਰ ਸ਼ਾਹੀ, ਬਟਾਲਾ ਤੋਂ ਅਸ਼ਵਨੀ ਸੇਖੜੀ, ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਆਦਿ ਸ਼ਾਮਲ ਹਨ।
ਇਵੇਂ ਹੀ ਪਠਾਨਕੋਟ ਦੇ ਭੋਆ ਹਲਕੇ ਤੋਂ ਸੀਮਾ ਕੁਮਾਰੀ, ਪਠਾਨਕੋਟ ਤੋਂ ਅਸ਼ਵਨੀ ਕੁਮਾਰ ਸ਼ਰਮਾ, ਸੁਜਾਨਪੁਰ ਤੋਂ ਦਿਨੇਸ਼ ਸਿੰਘ ਬੱਬੂ, ਜਲੰਧਰ ਛਾਉਣੀ ਤੋਂ ਪਰਗਟ ਸਿੰਘ, ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ, ਫਗਵਾੜਾ ਤੋਂ ਸੋਮ ਪ੍ਰਕਾਸ਼, ਅੰਮ੍ਰਿਤਸਰ ਕੇਂਦਰੀ ਤੋਂ ਓæਪੀæ ਸੋਨੀ, ਜੰਡਿਆਲਾ ਤੋਂ ਬਲਜੀਤ ਸਿੰਘ, ਰਾਜਾਸਾਸੀਂ ਤੋਂ ਸੁਖਬਿੰਦਰ ਸਿੰਘ ਸਰਕਾਰੀਆ ਤੇ ਡਾæ ਰਾਜ ਕੁਮਾਰ ਆਦਿ ਵੀ ਲਿਖਤੀ ਸੁਆਲ ਨਾ ਪੁੱਛਣ ਵਾਲਿਆਂ ਵਿਚ ਸ਼ਾਮਲ ਰਹੇ। ਮਾਨਸਾ ਤੋਂ ਅਕਾਲੀ ਵਿਧਾਇਕ ਪ੍ਰੇਮ ਮਿੱਤਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸੈਸ਼ਨ ਵਿਚ ਮਾਨਸਾ ਦੀ ਸਨਅਤ ਦਾ ਮਸਲਾ ਤਾਂ ਉਠਾਇਆ ਸੀ ਪਰ ਸੁਆਲ ਐਤਕੀ ਕੋਈ ਨਹੀਂ ਲਗਾਇਆ।
ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਉਹ ਬਜਟ ਸੈਸ਼ਨ ਤੋਂ ਪਹਿਲਾ ਵਿਦੇਸ਼ ਗਿਆ ਹੋਇਆ ਸੀ ਜਿਸ ਕਰਕੇ ਉਹ ਐਤਕੀਂ ਸੁਆਲ ਨਹੀਂ ਲਗਾ ਸਕਿਆ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਹਰ ਸੈਸ਼ਨ ਵਿਚ ਉਨ੍ਹਾਂ ਦੇ ਲਗਾਤਾਰ ਸੁਆਲ ਲੱਗਦੇ ਰਹੇ ਹਨ। ਇਵੇਂ ਹੀ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਉਨ੍ਹਾਂ ਦੋਵਾਂ ਵਿਧਾਇਕ ਭਰਾਵਾਂ ਨੇ ਐਤਕੀਂ ਸੈਸ਼ਨ ਲਈ ਅੱਠ ਸੁਆਲ ਭੇਜੇ ਸਨ ਪਰ ਸੈਸ਼ਨ ਵਿਚ ਲੱਗੇ ਨਹੀਂ ਹਨ। ਉਨ੍ਹਾਂ ਨੇ ਆਪਣੀ ਤਰਫੋਂ ਡਿਊਟੀ ਨਿਭਾ ਦਿੱਤੀ ਸੀ। ਮਿਲੇ ਵੇਰਵਿਆਂ ਅਨੁਸਾਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਕੁਲਜੀਤ ਸਿੰਘ ਨਾਗਰਾ, ਦਰਸ਼ਨ ਸਿੰਘ ਕੋਟਫੱਤਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਮਨਜੀਤ ਸਿੰਘ ਮੀਆਂਵਿੰਡ ਨੇ ਸੈਸ਼ਨ ਵਿਚ ਦੋ-ਦੋ ਹੀ ਲਿਖਤੀ ਸੁਆਲ ਪੁੱਛੇ।
_______________________________________________
ਸੁਆਲ ਪੁੱਛਣ ਪੱਖੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਮੋਹਰੀ
ਸ਼ੈਸਨ ਵਿਚ ਸਭ ਤੋਂ ਜ਼ਿਆਦਾ ਸੁਆਲ ਪੁੱਛਣ ਪੱਖੋਂ ਮੁਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਮੋਹਰੀ ਰਹੇ। ਇਨ੍ਹਾਂ ਨੇ 17 ਸੁਆਲ ਪੁੱਛੇ। ਦੂਜੇ ਨੰਬਰ ‘ਤੇ ਮੁਕੇਰੀਆਂ ਦੇ ਵਿਧਾਇਕ ਰਜਨੀਸ਼ ਕੁਮਾਰ ਰਹੇ ਹਨ ਜਿਨ੍ਹਾਂ 16 ਸੁਆਲ ਪੁੱਛੇ। ਹਰਦਿਆਲ ਸਿੰਘ ਕੰਬੋਜ ਪੂਰਾ ਸਮਾਂ ਸੈਸ਼ਨ ਵਿਚੋਂ ਗੈਰਹਾਜ਼ਰ ਰਹੇ ਪਰ ਉਨ੍ਹਾਂ ਲਿਖਤੀ ਰੂਪ ਵਿਚ 12 ਸੁਆਲ ਪੁੱਛੇ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਤੇ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕੋਈ ਸੁਆਲ ਨਹੀਂ ਪੁੱਛਿਆ ਹੈ। ਲੁਧਿਆਣਾ ਸ਼ਹਿਰ ਵਿਚੋਂ ਅਜ਼ਾਦ ਚੋਣ ਜਿੱਤਣ ਵਾਲੇ ਬੈਂਸ ਭਰਾਵਾਂ ਨੇ ਵੀ ਇਸ ਸੈਸ਼ਨ ਵਿਚ ਕੋਈ ਲਿਖਤੀ ਸੁਆਲ ਨਹੀਂ ਪੁੱਛਿਆ ਹੈ। ਮਹਿਲਾ ਵਿਧਾਇਕਾਂ ਚੋਂ ਸਭ ਤੋਂ ਜ਼ਿਆਦਾ ਇਸ ਸੈਸ਼ਨ ਵਿਚ ਸੁਆਲ ਸ਼ੁਤਰਾਣਾ ਹਲਕੇ ਤੋਂ ਵਿਧਾਇਕਾ ਵਨਿੰਦਰ ਕੌਰ ਲੂੰਬਾ ਨੇ ਪੁੱਛੇ ਹਨ ਉਨ੍ਹਾਂ ਨੇ ਸੱਤ ਸੁਆਲ ਪੁੱਛੇ। ਪੰਜਾਬ ਵਿਧਾਨ ਸਭਾ ਵੱਲੋਂ ਪਿਛਲੇ ਸਮੇਂ ਵਿਚ ਸਰਵੋਤਮ ਵਿਧਾਨਕਾਰ ਐਲਾਨੇ ਹਰਦੇਵ ਅਰਸ਼ੀ (ਕਮਿਊਨਿਸਟ ਆਗੂ) ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਹੁਣ ਚੁਣੇ ਜਾਂਦੇ ਵਿਧਾਇਕਾਂ ਦੀ ਲੋਕ ਮੁੱਦਿਆਂ ਦੀ ਸਿਆਸਤ ਨਹੀਂ ਹੈ ਬਲਕਿ ਉਨ੍ਹਾਂ ਲਈ ਸਿਆਸਤ ਇਕ ਵਪਾਰ ਹੈ ਜਿਸ ਕਰਕੇ ਉਨ੍ਹਾਂ ਦੀ ਵਿਧਾਨ ਸਭਾ ਵਿਚ ਕੋਈ ਸੁਆਲ ਪੁੱਛਣ ਦੀ ਰੁਚੀ ਹੀ ਨਹੀਂ ਹੁੰਦੀ ਹੈ।
Leave a Reply