ਕਰਨਾਲ: ਹਰਿਆਣਾ ਦੀ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨੀ ਤੌਰ ‘ਤੇ ਗਠਨ ਹੋਣ ਤੋਂ ਪਹਿਲਾਂ ਹੀ ਵੱਖਰੀ ਕਮੇਟੀ ਦੀ ਮੰਗ ਕਰ ਰਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਵਿਚ ਤ੍ਰੇੜ ਪੈ ਗਈ ਹੈ। ਹਰਿਆਣਾ ਸਰਕਾਰ ਵੱਲੋਂ ਬਣਾਈ ਗਈ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੇ ਐਡਹਾਕ ਕਮੇਟੀ ਦੀ ਯੂਥ ਇਕਾਈ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਅਰੋੜਾ 15 ਅਕਤੂਬਰ ਨੂੰ ਹੋ ਰਹੀਆਂ ਹਰਿਆਣਾ ਵਿਧਾਨ ਸਭਾ ਦੀ ਚੋਣਾਂ ਦੌਰਾਨ ਸਮਰਥਨ ਦੇਣ ਦੇ ਮੁੱਦੇ ‘ਤੇ ਇਕ ਦੂਜੇ ਖਿਲਾਫ਼ ਸਾਹਮਣੇ ਆ ਗਏ ਹਨ। ਝੀਂਡਾ ਨੇ ਜਿਥੇ ਇਨ੍ਹਾਂ ਚੋਣਾ ਦੌਰਾਨ ਕਾਂਗਰਸ ਪਾਰਟੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ ਉਥੇ ਅਰੋੜਾ ਨੇ ਭਾਜਪਾ ਨੂੰ ਸਮਰਥਣ ਦੇਣ ਦਾ ਐਲਾਨ ਕਰਕੇ ਇਸ ਤਰ੍ਹਾਂ ਨਾਲ ਝੀਂਡਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਰੋੜਾ ਨੇ ਝੀਂਡਾ ‘ਤੇ ਕਾਂਗਰਸ ਪਾਰਟੀ ਦਾ ਏਜੰਟ ਹੋਣ ਦਾ ਦੋਸ਼ ਲਾਇਆ ਹੈ ਜਦਕਿ ਝੀਂਡਾ ਨੇ ਅਰੋੜਾ ਤੇ ਭਾਜਪਾ ਅੱਗੇ ਵਿਕਣ ਦਾ ਦੋਸ਼ ਲਗ਼ਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਦੀ ਹੁੱਡਾ ਸਰਕਾਰ ਨੇ ਆਪਣਾ ਦੂਜਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਵਿਚ ਵੱਖਰੀ ਕਮੇਟੀ ਦਾ ਬਿੱਲ ਪਾਸ ਕਰਵਾ ਦਿੱਤਾ ਸੀ ਜਿਸ ਤੋਂ ਬਾਅਦ ਵੱਖਰੀ ਕਮੇਟੀ ਸਮਰਥਕਾਂ ਨੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆ ‘ਤੇ ਕਬਜ਼ਾ ਕਰਨ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਕੁਰੂਕਸ਼ੇਤਰ ਵਿਖੇ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਲਈ ਧਰਨਾ ਦੇ ਰਹੇ ਵੱਖਰੀ ਕਮੇਟੀ ਸਮਰਥਕਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿਚ ਚਲਾ ਗਿਆ ਜੋ ਅਜੇ ਤੱਕ ਵਿਚਾਰ ਅਧੀਨ ਹੀ ਹੈ।
ਵੱਖਰੀ ਕਮੇਟੀ ਦੇ ਪ੍ਰਧਾਨ ਝੀਂਡਾ ਤੇ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਪਰ ਇਸ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਸਮਰਥਣ ਦੇ ਮੁੱਦੇ ‘ਤੇ ਯੂਥ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਅਰੋੜਾ ਨੇ ਬੀਤੇ ਦਿਨੀਂ ਜਲਮਾਨਾ ਵਿਚ ਸਮਰਥਨ ਦੇ ਮੁੱਦੇ ‘ਤੇ ਆਪਣੇ ਸਮਰਥਕਾਂ ਨਾਲ ਬੈਠਕ ਕੀਤੀ ਜਿਸ ਤੋਂ ਬਾਅਦ ਇਹ ਮਾਮਲਾ ਤੂਲ ਹੀ ਫੜਦਾ ਗਿਆ। ਅਰੋੜਾ ਨੇ ਇਹ ਵਿਚਾਰ ਪ੍ਰਗਟਾਏ ਕਿ ਹੁੱਡਾ ਸਰਕਾਰ ਨੇ ਗੁਰਦੁਆਰਿਆਂ ਦਾ ਪ੍ਰਬੰਧ ਦਿਵਾਉਣ ਦੀ ਬਜਾਏ ਸਿੱਖਾਂ ‘ਤੇ ਡਾਂਗਾਂ ਚਲਾਈਆਂ ਪਰ ਝੀਂਡਾ ਤੇ ਨਲਵੀ ਨੇ ਸਰਕਾਰ ਖਿਲਾਫ ਇਕ ਵੀ ਸ਼ਬਦ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਝੀਂਡਾ ਆਪਣੇ ਨਿੱਜੀ ਹਿਤਾਂ ਕਾਰਨ ਹੀ ਸਿੱਖ ਭਾਈਚਾਰੇ ਨੂੰ ਗੁੰਮਰਾਹ ਕਰ ਰਿਹਾ ਹੈ। ਝੀਂਡਾ ਦਾ ਮਕਸਦ ਸਿਰਫ਼ ਆਪਣੀ ਕਾਰ ‘ਤੇ ਬੱਤੀ ਲਗਵਾਉਣਾ ਤੇ ਸੁਰੱਖਿਆ ਲੈਣਾ ਹੀ ਹੈ।ਉਨ੍ਹਾਂ ਨੇ ਕਿਹਾ ਕਿ ਨਲਵੀ ਹਰਿਆਣਾ ਵਿਚੋਂ ਆਪਣਾ ਘਰ ਵੇਚ ਕੇ ਪੰਜਾਬ ਚਲੇ ਗਏ ਹਨ ਇਸ ਲਈ ਉਨ੍ਹਾਂ ਦਾ ਹਰਿਆਣਾ ਦੇ ਸਿੱਖਾਂ ਦੇ ਮਾਮਲਿਆ ਨਾਲ ਭਵਿੱਖ ਵਿਚ ਕੋਈ ਦਖਲ ਨਹੀ ਹੈ। ਉੱਧਰ ਜਦ ਅਰੋੜਾ ਵੱਲੋਂ ਲਾਏ ਦੋਸ਼ਾਂ ਬਾਰੇ ਝੀਂਡਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਰੋੜਾ ਭਾਜਪਾ ਅੱਗੇ ਵਿਕ ਗਏ ਹਨ। ਭਾਜਪਾ ਨੇ ਕਦੇ ਵੀ ਹਰਿਆਣਾ ਦੀ ਵੱਖਰੀ ਕਮੇਟੀ ਦੀ ਹਮਾਇਤ ਨਹੀਂ ਜਿਸ ਕਾਰਨ ਭਾਜਪਾ ਨੂੰ ਸਮਰਥਨ ਦਿੱਤੇ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ।
Leave a Reply