ਹਰਿੰਦਰ ਸਿੰਘ ਮਹਿਬੂਬ ਬਾਰੇ ਉਠ ਰਹੇ ਸਵਾਲ

‘ਪੰਜਾਬ ਟਾਈਮਜ਼’ ਨੇ ਸਵਰਗੀ ਹਰਿੰਦਰ ਸਿੰਘ ਮਹਿਬੂਬ ਅਤੇ ਉਸ ਦੀਆਂ ਲਿਖਤਾਂ ਸਬੰਧੀ ਉਠ ਰਹੇ ਸਵਾਲਾਂ ਨਾਲ ਵਰਤਮਾਨ ਪੰਜਾਬ ਦਾ ਅਤੀਤ ਦੇ ਪੰਜਾਬ ਨਾਲੋਂ ਇੱਕ ਵੱਡਾ ਫਰਕ ਦਿਖਾਇਆ ਹੈ; ਜਿਹੜਾ ਇਲਹਾਮ ਦੇ ਸਬੰਧ ਵਿਚ ਹੈ। ਅਤੀਤ ਵਿਚਲਾ ਪੰਜਾਬ ਆਪਣੀ ਭਰਪੂਰਤਾ ਸਦਕਾ ਵੇਦਾਂ, ਸਮ੍ਰਿਤੀਆਂ, ਸ਼ਾਸਤਰਾਂ ਅਤੇ ਦੁਨੀਆਂ ਭਰ ਦੇ ਮਹਾਨ ਗ੍ਰੰਥਾਂ ਦੇ ਜ਼ਖੀਰੇ (ਖਜ਼ਾਨੇ) ਨੂੰ ਸਾਂਭਦਿਆਂ ਹੀ, ਸੰਸਾਰ ਭਰ ਵਿਚ ਹਰ ਥਾਂ ਆਪਣੀ ਨਿਵੇਕਲੀ ਪਹਿਚਾਣ ਕਰਵਾਉਂਦਾ ਰਿਹਾ। ਇਸੇ ਧਰਤੀ ਤੋਂ ਹੀ ਪੈਗ਼ੰਬਰਾਂ ਦੇ ਸਿਰਤਾਜ ਗੁਰੂ ਨਾਨਕ ਸਾਹਿਬ ਨੇ ਜਿਥੇ ਅਸੰਖਾਂ ਸੂਰਜਾਂ, ਅਕਾਸ਼ਾਂ, ਪਤਾਲਾਂ, ਅਨੰਤ ਮੰਡਲਾਂ, ਅਨੇਕ ਧਰਤੀਆਂ ਅਤੇ ਬ੍ਰਹਿਮੰਡਾਂ ਦੀ ਪਹਿਚਾਣ ਮਨੁੱਖਤਾ ਨੂੰ ਕਰਵਾਈ ਉਥੇ ‘ਕੀਤਾ ਪਸਾਓ ਏਕੋ ਕਵਾਓ॥’ ਦੀ ਇਲਾਹੀਂ ਬਖਸ਼ਿਸ਼ ਨਾਲ ਵੀ ਨਿਵਾਜਿਆ। ਕੋਈ ਸ਼ੱਕ ਨਹੀਂ, ਪਰਮ ਸ਼ਕਤੀ ਦੀ ਬਖਸ਼ਿਸ਼ ਨੂੰ ਵੀ ਯੋਗਤਾ ਨਾਲ ਹੀ ਹਾਸਿਲ ਕੀਤਾ ਜਾਣਾ ਸੀ ਅਤੇ ਜੋ ਅਤੀਤ ਦੇ ਪੰਜਾਬ ਵਿਚ ਭਲੀਭਾਂਤ ਦਿਖਾਈ ਦਿੰਦਾ ਹੈ ਜਿੱਥੇ ਰਿਸ਼ੀਆਂ, ਮੁਨੀਆਂ, ਫਕੀਰਾਂ, ਸੰਤਾਂ ਅਤੇ ਪੈਗੰਬਰਾਂ ਦੀ ਅਦੁੱਤੀ ਦੇਣ ਸਦਕਾ, ਵੇਦਾਂ, ਸ਼ਾਸਤਰਾਂ, ਸਮ੍ਰਿਤੀਆਂ ਅਤੇ ਮਹਾਨ ਗ੍ਰੰਥਾਂ ਦਾ ਆਗਮਨ ਹੋਇਆ, ਜਿੱਥੋਂ ਦੇ ਲੋਕਾਂ ਨੇ ਵੀ ਲਿਖਣ ਦੇ ਸਾਧਨਾਂ ਦੀ ਕਮੀ ਹੋਣ ਕਰਕੇ ‘ਰਿਗਵੇਦ’ ਨੂੰ ਛੇ ਸਦੀਆਂ ਤੱਕ ਜ਼ੁਬਾਨੀ ਯਾਦ ਰੱਖਿਆ।
ਪਰ ਵਰਤਮਾਨ ਪੰਜਾਬ ਵਿਚ ਰਿਗਵੇਦ ਜਿਹੀਆਂ ਲਿਖਤਾਂ ਜਾਂ ਇਹਦੀਆਂ ਕੁੱਝ ਕੁ ਸਤਰਾਂ ਨੂੰ ਯਾਦ ਰੱਖਣਾ ਤਾਂ ਇਕ ਪਾਸੇ ਰਿਹਾ, ਸਗੋਂ ਜੇ ਕਿਤੇ ਹਰਿੰਦਰ ਸਿੰਘ ਮਹਿਬੂਬ ਜਿਹੇ ਮਹਾਨ ਸ਼ਾਇਰ ਅਤੇ ਵਿਦਵਾਨ ਲੇਖਕ ਨੇ ਰਿਗਵੇਦ ਦੇ ਅੰਤਰੀਵ ਤਾਲ ਦੀਆਂ ਗੁੱਝੀਆਂ ਰਮਝਾਂ ਨੂੰ ਆਪਣੇ ਲੇਖ ‘ਰਿਗਵੇਦ ਦੀਆਂ ਆਵਾਜ਼ਾਂ’ ਰਾਹੀਂ ਪੇਸ਼ ਵੀ ਕੀਤਾ ਤਾਂ ਉਸ ਨੂੰ ਸਮਝਣ ਦੀ ਥਾਂ, ਪੰਜਾਬੀ ਯੂਨੀਵਰਸਿਟੀ ਵਿਚ ਬੈਠੇ ਹੋਏ ਵਿਦਵਾਨ ਵੀ ਇਹੋ ਕਹਿ ਦੇਣਗੇ ਕਿ ਮੈਨੂੰ ਤਾਂ ਮਹਿਬੂਬ ਦਾ ਇਹ ਲੇਖ ਹੁਣ ਤੱਕ ਸਮਝ ਹੀ ਨਹੀਂ ਲੱਗਿਆ; ਤਾਂ ਯੂਨੀਵਰਸਿਟੀਆਂ ਕਿਹੜੇ ਗਿਆਨ ਦੇ ਚਾਨਣ ਨਾਲ ਆਉਣ ਵਾਲੀਆਂ ਪੀੜੀਆਂ ਦੀ ਝੋਲੀ ਭਰਨਗੀਆਂ? ਜੇ ਪੰਜਾਬ ਦੇ ਹੱਥੋਂ ਇੰਜ ਹੀ ਵਿਰਾਸਤ ਦਾ ਲੜ ਛੁਡਵਾਉਣਾ ਹੋਇਆ ਤਾਂ ਸਤਿਕਾਰਯੋਗ ਪ੍ਰੋæ ਹਰਪਾਲ ਸਿੰਘ ਪੰਨੂ ਜਿਹੇ ਵਿਦਵਾਨ ਵੀ ਨਿੱਜੀ ਸਵਾਲਾਂ ਵਿਚ ਉਲਝ ਕੇ ਅਜਿਹੀਆਂ ਲਿਖਤਾਂ ਨੂੰ ਸਮਝਣ ਤੋਂ ਇਨਕਾਰੀ ਹੀ ਹੋਣਗੇ। ਮੈਨੂੰ ਵੀ ਹਰਿੰਦਰ ਸਿੰਘ ਮਹਿਬੂਬ ਰਚਿਤ ‘ਸਹਿਜੇ ਰਚਿਓ ਖਾਲਸਾ’ ਪੁਸਤਕ ਉਤੇ ਪੰਜਾਬੀ ਯੂਨੀਵਰਸਿਟੀ ਤੋਂ ਪੀæ ਐਚ ਡੀæ ਸ਼ੁਰੂ ਕਰਨ ਉਪਰੰਤ ਹੀ ਸਮਝ ਆਉਣ ਲੱਗੀ ਕਿ ਮੌਜੂਦਾ ਪੰਜਾਬ ਕਿਸ ਹੱਦ ਤੱਕ ਗਿਰਾਵਟ ਵੱਲ ਜਾ ਰਿਹਾ ਹੈ ਅਤੇ ਕਿਉਂ ਜਾ ਰਿਹਾ ਹੈ? ਅਤੀਤ ਦਾ ਪੰਜਾਬ ਦੁਨੀਆਂ ਭਰ ਵਿਚ ਖਿੱਚ ਦਾ ਕੇਂਦਰ ਕਿਉਂ ਰਿਹਾ ਹੈ?
ਫਲਸਰੂਪ, ਮੌਜੂਦਾ ਪੰਜਾਬ ਦੇ ਆਧਾਰ ਰੂਪ ਵਿਦਵਾਨ, ਪ੍ਰੋਫੈਸਰ ਅਤੇ ਯੂਨੀਵਰਸਿਟੀਆਂ ਭਵਿੱਖ ਦੀਆਂ ਕਿਹੋ ਜਿਹੀਆਂ ਨੀਹਾਂ ਨੂੰ ਉਸਾਰਨਗੇ; ਜਿਨ੍ਹਾਂ ਨੂੰ ਮੇਰੀ ਅਤੇ ਮੇਰੇ ਸਾਥੀ ਵਿਦਿਆਰਥੀਆਂ ਦੀ ਤਕਦੀਰ ਦਾ ਫ਼ਿਕਰ ਵੀ ਜਰੂਰ ਹੈ। ਮੌਜੂਦਾ ਸਮੇਂ ਪੰਜਾਬ ਦੇ ਸਾਰੇ ਪੱਖਾਂ ਉਤੇ ਅਸਰਦਾਰ ਯੂਨੀਵਰਸਿਟੀਆਂ ਦੇ ਅਜਿਹੇ ਰੰਗਾਂ ਕਰਕੇ ਹੀ, ਪੰਜਾਬੀ ਭਾਸ਼ਾ ਨੂੰ ਵੀ ਦੋਹਰੀ ਰੰਗਤ ਵਿਚ ਰੰਗਿਆ ਜਾ ਰਿਹਾ ਹੈ-ਚੜ੍ਹਦੇ ਪੰਜਾਬ ਦੀ ਪੰਜਾਬੀ ਅਤੇ ਲਹਿੰਦੇ ਪੰਜਾਬੀ ਦੀ ਵੱਖਰੀ ਪੰਜਾਬੀ ਜਾਂ ਸੰਸਕ੍ਰਿਤੀ ਰੰਗਤ ਵਾਲੀ ਪੰਜਾਬੀ ਅਤੇ ਉਰਦੂ ਰੰਗਤ ਵਾਲੀ ਪੰਜਾਬੀ, ਜਦਕਿ ਹਰਿੰਦਰ ਮਹਿਬੂਬ ਦੀ ‘ਸਹਿਜੇ ਰਚਿਓ ਖਾਲਸਾ’ ਅਤੇ ਉਨ੍ਹਾਂ ਦੀਆਂ ਹੋਰਨਾਂ ਲਿਖਤਾਂ ਦੀ ਅਸਲ ਪੰਜਾਬੀ ਨਾਲੋਂ ਵਿਹਾਜ਼ ਜਾਣ ਦਾ ਉਦਮ ਵੀ ਤਾਂ ਕਿਸੇ ਹੋਰ ਦਾ ਨਹੀਂ।
ਉਚੇ ਆਦਾਰਿਆਂ ਵਿਚ ਬੈਠੇ ਇਨ੍ਹਾਂ ਵਿਦਵਾਨਾਂ ਦਾ ਤਾਂ ਕੋਈ ਨੁਕਸਾਨ ਨਹੀਂ ਹੋਣਾ ਹੁੰਦਾ ਪਰ ਮੇਰੇ ਜਿਹੇ ਵਿਦਿਆਰਥੀ ਇਸ ਦਾ ਸ਼ਿਕਾਰ ਜਰੂਰ ਹੁੰਦੇ ਹੋਣਗੇ ਅਤੇ ਅਜਿਹਾ ਖ਼ਮਿਆਜ਼ਾ ਵੀ ਭੁਗਤਦੇ ਹੋਣਗੇ। ਜੇ ਕਿਤੇ ਇਹੋ ਜਿਹੀ ਸੰਕੀਰਣ ਸੋਚ ਤੋਂ ਉਪਰ ਉਠ ਕੇ ਵਿਦਿਆਰਥੀਆਂ ਨੂੰ ਉਚੇ ਸਾਹਿਤ ਨਾਲ ਜੁੜਨ ਦਿੱਤਾ ਜਾਵੇ ਤਾਂ ਹੀ ਉਚੀ ਸੋਚ ਅਤੇ ਉਚੇ ਖਿਆਲ ਪੈਦਾ ਹੋਣਗੇ, ਤਦ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਿਪਟਿਆ ਵੀ ਜਾ ਸਕੇਗਾ। ਅਤੀਤ ਅਤੇ ਵਰਤਮਾਨ ਦੇ ਪੰਜਾਬ ਅੰਦਰ ਦ੍ਰਿਸ਼ਟਮਾਨ ਹੋ ਰਹੇ ਅਜਿਹੇ ਖਲਾਅ ਨੂੰ ਭਰਿਆ ਜਾ ਸਕਦਾ ਹੈ। ਪੰਜਾਬ ਨੂੰ ਚੁਣੌਤੀਆਂ ਦੇ ਰਹੀਆਂ ਭਵਿੱਖ ਦੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਇਕ ਕਾਰਨ ਅਤੀਤ ਅਤੇ ਵਰਤਮਾਨ ਦੇ ਪੰਜਾਬ ਦਾ ਇਹ ਖਲਾਅ ਵੀ ਹੈ। ਫੇਰ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਤਾਂ ਨਾਂ ਵੀ ਪੰਜਾਬੀ ਭਾਸ਼ਾ ਉਤੇ ਹੀ ਹੈ ਅਤੇ ਇਸੇ ਭਾਸ਼ਾ ਵਿਚ ਹੀ ਜਿਵਂੇ ਮਹਾਨ ਗੁਰੂ ਗ੍ਰੰਥ ਸਾਹਿਬ ਆਦਿ ਪਵਿੱਤਰ ਸਹਿਤ ਰਚਿਆ ਗਿਆ ਹੈ। ਫੇਰ ਕਿਉਂ ਪੰਜਾਬੀ ਭਾਸ਼ਾ ਦੇ ਪਵਿੱਤਰ ਸਾਹਿਤ ਨੂੰ ਅਣਗੌਲਿਆਂ ਕਰਨਾ ਹੋਇਆ, ਸਗੋਂ ਵਿਦਿਆਰਥੀਆਂ ਨੂੰ ਇਸ ਪਾਸੇ ਵੱਲ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਸੋ ਲੋੜ ਤਾਂ ਇਹੋ ਜਿਹੇ ਖਲਾਅ ਨੂੰ ਭਰਨ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਨਿਰਾਸ਼ ਹੋ ਕੇ ਉਚੇ ਸਾਹਿਤ ਤੋਂ ਮੂੰਹ ਨਾ ਮੋੜਨਾ ਪਵੇ। ਮੈਨੂੰ ਵੀ ਕਿਤੇ ਨਾ ਕਿਤੇ ਮਹਿਬੂਬ ਰਚਿਤ ‘ਸਹਿਜੇ ਰਚਿਓ ਖਾਲਸਾ’ ਤੋਂ ਅਜਿਹੇ ਉਚੇ ਸਾਹਿਤ ਜਿਹੀ ਪ੍ਰੇਰਨਾ ਹੀ ਮਿਲੀ। ਮੈਂ ਹਰਿੰਦਰ ਮਹਿਬੂਬ ਦੀਆਂ ਪੁਸਤਕਾਂ ਤੋਂ ਪ੍ਰੇਰਿਤ ਹੋ ਕੇ ਕੁਝ ਕਵਿਤਾਵਾਂ ਵੀ ਲਿਖੀਆਂ ਹਨ।
ਭਵਿੱਖ ਦੌਰਾਨ ਸੰਭਾਵਨਾਵਾਂ ਹਨ ਕਿ ਇਕ ਨਾ ਇਕ ਦਿਨ ਵਿਦਿਆਰਥੀਆਂ ਦੇ ਹੱਥਾਂ ਵਿਚ ਉਚਾ ਸਾਹਿਤ ਜਰੂਰ ਆਵੇਗਾ ਅਤੇ ਪੰਜਾਬ ਵਿਚ ਪੈਦਾ ਹੋ ਰਿਹਾ ਖਲਾਅ ਵੀ ਭਰਿਆ ਜਾਵੇਗਾ। ‘ਸਹਿਜੇ ਰਚਿਓ ਖਾਲਸਾ’ ਵਿਚ ਵਰਣਿਤ ਵਿਸ਼ਵ ਧਰਮਾਂ ਦੇ ਨਾਲ ਵਿਸ਼ਵ ਸਮਾਜ, ਵਿਸ਼ਵ ਲੋਕ ਸਾਹਿਤ, ਵਿਸ਼ਵ ਸੱਭਿਅਤਾ ਅਤੇ ਵਿਸ਼ਵ ਚੇਤਨਾ ਆਦਿ ਨੂੰ ਵੀ ਪਹਿਚਾਣਿਆ ਜਾ ਸਕੇਗਾ। ਫਿਲਹਾਲ ਵਿਦਵਾਨਾਂ ਦੇ ਅਜਿਹੇ ਝਗੜੇ ਤੋਂ ਨਿਰਾਸ਼ ਹੀ ਹੋਈ ਹਾਂ।
-ਬੇਅੰਤ ਕੌਰ, ਲੈਕਚਰਾਰ
ਗੁਰੂ ਹਰਿਕ੍ਰਿਸ਼ਨ ਗਰਲਜ਼ ਕਾਲਜ,
ਫੱਲੇਵਾਲ ਖੁਰਦ, ਸੰਗਰੂਰ (ਪੰਜਾਬ)।
ਫੋਨ:91-99887-94880

Be the first to comment

Leave a Reply

Your email address will not be published.