ਉਹ ਅੰਬਰੀਂ ਲਾਉਂਦਾ ਟਾਕੀਆਂæææ
ਪੰਜਾਬੀ ਕਹਾਣੀ ਦੇ ਆਹਲਾ ਰਚਨਾਕਾਰ ਵਰਿਆਮ ਸਿੰਘ ਸੰਧੂ ਵੱਲੋਂ ਮਰਹੂਮ ਸ਼ਾਇਰ, ਸੰਪਾਦਕ ਅਤੇ ਸਾਬਕਾ ਇਨਕਲਾਬੀ ਹਰਭਜਨ ਹਲਵਾਰਵੀ ਬਾਰੇ ਲਿਖਿਆ ਰੇਖਾ ਚਿੱਤਰ ‘ਮੇਰਾ ਯਾਰ ਹਲਵਾਰਵੀ’ ਕਈ ਪੱਖਾਂ ਤੋਂ ਅਹਿਮ ਹੈ। ਇਕ ਤਾਂ ਇਹ 1960ਵਿਆਂ ਦੇ ਅਖੀਰ ਵਿਚ ਉਠੀ ਯੁੱਗ-ਪਲਟਾਊ ਲਹਿਰ (ਨਕਸਲੀ ਅੰਦੋਲਨ) ਉਤੇ ਹਲਕੀ ਜਿਹੀ ਝਾਤੀ ਮਾਰਦਾ ਹੈ, ਦੂਜੇ ਵਰਿਆਮ ਸਿੰਘ ਸੰਧੂ ਦੇ ਖੁਦ ਦੇ ਕਹਾਣੀ ਸਫਰ ਬਾਰੇ ਨਿੱਗਰ ਚਰਚਾ ਵੀ ਇਸ ਵਿਚ ਦਰਜ ਹੋਈ ਹੈ, ਹਲਵਾਰਵੀ ਬਾਰੇ ਵੇਰਵੇ ਤਾਂ ਇਸ ਵਿਚ ਹੈਨ ਹੀ। ਇਸ ਲੇਖ ਦਾ ਇਕ ਦਿਲਚਸਪ ਨੁਕਤਾ ਇਹ ਵੀ ਹੈ ਕਿ ਇਕ ਦੋਸਤ ਆਪਣੇ ਨੇੜਲੇ ਸਾਥੀ ਨੂੰ ਕਿਨ੍ਹਾਂ ਝੀਤਾਂ ਵਿਚੋਂ ਦੇਖਣ-ਵਾਚਣ ਦਾ ਯਤਨ ਕਰ ਰਿਹਾ ਹੈ। ਇਹ ਝੀਤਾਂ ਉਨ੍ਹਾਂ ਸ਼ਖਸਾਂ ਲਈ ਬਹੁਤ ਅਹਿਮ ਹਨ ਜਿਨ੍ਹਾਂ ਨੇ ਵਰਿਆਮ ਅਤੇ ਹਲਵਾਰਵੀ ਦਾ ਸਾਥ ਮਾਣਿਆ ਹੈ। ਵਰਿਆਮ ਦੀ ਇਸ ਲਿਖਤ ਵਿਚ ਬਹੁਤ ਸਾਰੀਆਂ ਗੱਲਾਂ ਅਣਕਹੀਆਂ ਹਨ ਅਤੇ ਜਾਣੂ ਸੱਜਣ ਇਨ੍ਹਾਂ ਅਣਕਹੀਆਂ ਗੱਲਾਂ ਦੀਆਂ ਝੀਤਾਂ ਵਿਚੋਂ ਝਾਕ ਕੇ ਹਰਭਜਨ ਅਤੇ ਵਰਿਆਮ- ਦੋਹਾਂ ਦੇ ਮਨਾਂ ਅੰਦਰ ਝਾਕ ਸਕਣਗੇ। ਅਸੀਂ ਇਹ ਲੰਮਾ ਲੇਖ ਹਰਭਜਨ ਹਲਵਾਰਵੀ ਦੀ 9 ਅਕਤੂਬਰ ਨੂੰ ਬਰਸੀ ਮੌਕੇ ਲੜੀਵਾਰ ਛਾਪ ਰਹੇ ਹਾਂ। -ਸੰਪਾਦਕ
ਵਰਿਆਮ ਸਿੰਘ ਸੰਧੂ
ਫੋਨ: 647-918-5212
ਹਰਭਜਨ ਹਲਵਾਰਵੀ ਮੇਰੇ ਉਨ੍ਹਾਂ ਰੂਹ ਵਾਲੇ ਯਾਰਾਂ ਵਿਚੋਂ ਸੀ ਜਿਨ੍ਹਾਂ ਦੀ ਗਿਣਤੀ ਪਹਿਲੀ ਉਂਗਲ ਦੇ ਪੋਟਿਆਂ ਤੱਕ ਮੁੱਕ ਜਾਂਦੀ ਹੈ। ਸੰਵੇਦਨਸ਼ੀਲ ਜੁਝਾਰੂ ਸ਼ਾਇਰ, ਨਕਸਲੀ ਆਗੂ ਤੇ ਫਿਰ ਪੱਤਰਕਾਰ ਵਜੋਂ ਬਹੁਰੰਗੇ ਤੇ ਵੱਡੇ ਰੁਤਬਿਆਂ ਵਾਲੇ ਲੋਕਾਂ ਨਾਲ ਉਹਦੇ ਸਬੰਧ ਰਹੇ। ਉਹ ਅਨੇਕਾਂ ਦੇ ਕਦੀ ਨੇੜੇ ਤੇ ਕਦੀ ਦੂਰ ਵੀ ਹੋਇਆ ਹੋਏਗਾ, ਪਰ ਮੇਰੇ ਲਈ ਹਲਵਾਰਵੀ ਸਦਾ ਮੇਰਾ ਆਪਣਾ ਰਿਹਾ। ਮੇਰੇ ਦਿਲ ਦੇ ਐਨ ਕਰੀਬ। ਮੇਰੀ ਰੂਹ ਦਾ ਹਾਣੀ।
ਦਿਲ ਦੀ ਇਹ ਨੇੜਤਾ ਪਹਿਲੀ ਮਿਲਣੀ ਸਮੇਂ ਈ ਹੋ ਗਈ ਸੀ। ਅਗਸਤ 1970 ਵਿਚ ਲੋਕ ਨਾਥ ਦੀ ਵਿਚੋਲਗੀ ਨਾਲ ਹਲਵਾਰਵੀ ਤੇ ਅਮਰਜੀਤ ਚੰਦਨ ਮੈਨੂੰ ਹਾਲ ਬਾਜ਼ਾਰ (ਅੰਮ੍ਰਿਤਸਰ) ਦੇ ਬਾਹਰ ਚਾਹ ਦੇ ਖੋਖੇ ‘ਤੇ ਮਿਲੇ ਸਨ। ਮੈਂ ਉਨ੍ਹਾਂ ਦੋਵਾਂ ਦੇ ਅੰਡਰਗਰਾਊਂਡ ਹੋਣ, ਸਾਹਿਤਕ ਅਤੇ ਸਿਆਸੀ ਪਿੜ ਵਿਚ ਸਰਗਰਮ ਹੋਣ ਬਾਰੇ ਪਹਿਲਾਂ ਤੋਂ ਹੀ ਜਾਣਦਾ ਸਾਂ। ਉਨ੍ਹੀਂ ਦਿਨੀਂ ਤੱਤੇ ਖੂਨ ਵਾਲੇ ਨੌਜਵਾਨ ਤੇ ਲੇਖਕ-ਬੁੱਧੀਮਾਨ ਰਾਜਸੀ ਤਬਦੀਲੀ ਦੀ ਤੀਬਰ ਤਾਂਘ ਕਾਰਨ ਨਕਸਲੀ ਅੰਦੋਲਨ ਵੱਲ ਖਿੱਚੇ ਗਏ ਸਨ।
ਹਲਵਾਰਵੀ ਉਸ ਸਮੇਂ ਪਾਰਟੀ ਦੇ ਪਰਚੇ ‘ਲੋਕ ਯੁੱਧ’ ਦਾ ਸੰਪਾਦਕ ਸੀ ਤੇ ਸੂਬਾ ਕਮੇਟੀ ਦਾ ਮੈਂਬਰ। ਅਮਰਜੀਤ ਚੰਦਨ ਉਸ ਨਾਲ ਮਿਲ ਕੇ ‘ਕਣ’ ਵਾਲੇ ਕਵੀਆਂ ਤੇ ਲੇਖਕਾਂ ਨੂੰ ਲੱਭਣ ਅਤੇ ਆਪਣੇ ਨਾਲ ਜੋੜਨ ਲਈ ਤਤਪਰ ਸੀ। ਇਨ੍ਹਾਂ ਦੀ ਪ੍ਰੇਰਨਾ ਨਾਲ ਹੀ ਮਾਸਿਕ ਪੱਤਰ ‘ਹੇਮ ਜਯੋਤੀ’ ਦਾ ਸੰਪਾਦਕ ਸੁਰੇਂਦਰ ਵੀ ‘ਲਾਲ’ ਹੋ ਗਿਆ ਸੀ। ‘ਹੇਮ ਜਯੋਤੀ’ ਦੇ ਲੇਖਕਾਂ ਕੋਲੋਂ ਉਹ ‘ਲਾਲਗੀ’ ਵਰਗੀਆਂ ਲਿਖਤਾਂ ਦੀ ਮੰਗ ਕਰ ਕੇ ‘ਵਕਤ ਦੇ ਸ਼ੇਰ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਲਈ ਵੰਗਾਰ ਰਿਹਾ ਸੀ।Ḕ ਉਹ ਪਾਸ਼ ਤੇ ਦਰਸ਼ਨ ਖਟਕੜ ਦੀਆਂ ਕਵਿਤਾਵਾਂ ਛਾਪਦਾ। ਮੇਰੀਆਂ ਕਹਾਣੀਆਂ ‘ਕਾਲੀ ਧੁੱਪ’, ‘ਦੁਖਾਂਤ ਦਾ ਸਫਰ’, ‘ਜੇਬ ਕਤਰੇ’ ਤੇ ‘ਲੋਹੇ ਦੇ ਹੱਥ’, ‘ਹੇਮ ਜਯੋਤੀ’ ਵਿਚ ਛਪ ਚੁੱਕੀਆਂ ਸਨ। ਇਨ੍ਹਾਂ ਕਹਾਣੀਆਂ ਵਿਚੋਂ ਸਥਾਪਤ ਨਜ਼ਾਮ ਪ੍ਰਤੀ ਮੇਰਾ ਰੋਹ ਪ੍ਰਤੱਖ ਨਜ਼ਰ ਆਉਂਦਾ ਸੀ। ਮੇਰੇ ਅੰਦਰਲੇ ਤਪੇ ਹੋਏ ਲੋਹੇ ਨੂੰ ਆਪਣੇ ਅਨੁਸਾਰ ਢਾਲਣ ਲਈ ਹੀ ਇਹ ਦੋਵੇਂ ਸ਼ਾਇਰ ਮੈਨੂੰ ਮਿਲੇ ਸਨ।
ਅਮਰਜੀਤ ਚੰਦਨ ਨੂੰ ਤਾਂ ਮੈਂ ਪਹਿਲਾਂ ਵੀ ਇਕ-ਦੋ ਵਾਰ ਮਿਲ ਚੁੱਕਾ ਸਾਂ, ਪਰ ਹਲਵਾਰਵੀ ਨੂੰ ਪਹਿਲੀ ਵਾਰ ਮਿਲਿਆ ਸਾਂ। ਅੰਗਰੇਜ਼ੀ ਦੇ ‘ਯੂ’ ਵਰਗਾ ਸਫ਼ਾਚੱਟ ਚਿਹਰਾ, ਸਿਰ ‘ਤੇ ਛੋਟਾ ਜਿਹਾ ਗੰਜ, ਪਿੱਛੇ ਨੂੰ ਵਾਹੇ ਹੋਏ ਨਿੱਕੇ ਨਿੱਕੇ ਵਾਲ, ਅੱਖਾਂ ਵਿਚ ਘੁਲੀ ਹੋਈ ਅਪਣੱਤ ਤੇ ਟਹਿਕਦਾ ਕਪਾਹੀ ਹਾਸਾ ਹੱਸਦੇ ਦੰਦਾਂ ਵਿਚਲੀ ਸਾਹਮਣੀ ਵਿਰਲ। ਸਰਕਾਰ ਲਈ ‘ਇਨਾਮ-ਯਾਫ਼ਤਾ ਖ਼ਤਰਨਾਕ ਭਗੌੜਾ’ ਪਹਿਲੀ ਨਜ਼ਰੇ ਨਾ ਤਾਂ ਮੈਨੂੰ ਓਪਰਾ ਲੱਗਾ ਤੇ ਨਾ ਹੀ ‘ਵਿਸ਼ੇਸ਼ਤਾ’ ਦਾ ਭਾਰ ਚੁੱਕੀ ਫਿਰਦਾ ਕੋਈ ਗਹਿਰ-ਗੰਭੀਰ ਸਿਆਸੀ ਬੰਦਾ। ਉਹ ਤਾਂ ਬੜਾ ਹੀ ਤਰਲ ਬੰਦਾ ਲੱਗਾ। ਅਗਲੇ ਦੀ ਰੂਹ ਤੇ ਚੇਤਿਆਂ ਵਿਚ ਘੁਲ ਜਾਣ ਵਾਲਾ। ਬਿਲਕੁਲ ਹੀ ਆਪਣਾ।
ਉਹ ਗਾਹੇ-ਬ-ਗਾਹੇ ਮੇਰੇ ਪਿੰਡ ਆਉਣ ਲੱਗਾ। ਉਨ੍ਹਾਂ ਦਿਨਾਂ ਵਿਚ ਉਹਦਾ ਗੁਪਤ ਨਾਂ ਮਾਸਟਰ ਮਨੋਹਰ ਲਾਲ ਸੀ ਪਰ ਮੇਰੀ ਮਾਂ ਨੇ ਸ਼ਾਇਦ ਪਹਿਲੀ ਵਾਰ ਮਨੋਹਰ ਦੀ ਥਾਂ ਮੋਹਨ ਸਮਝ ਲਿਆ। ਉਹਨੇ ਉਹਨੂੰ ਮੋਹਨ ਦੇ ਨਾਂ ਨਾਲ ਹੀ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਫਿਰ ਜਿੰਨਾ ਚਿਰ ਮੇਰੇ ਮਾਂ-ਪਿਉ ਜਿਉਂਦੇ ਰਹੇ, ਉਹ ਉਨ੍ਹਾਂ ਲਈ ਉਨ੍ਹਾਂ ਦਾ ਲਾਡਲਾ ਮੋਹਨ ਹੀ ਰਿਹਾ।
ਜਦੋਂ ਆਉਂਦਾ ਤਾਂ ਕਈ-ਕਈ ਦਿਨ ਸਾਡੇ ਘਰ ਠਹਿਰਦਾ। ਉਹ ਘਰ ਦੇ ਜੀਆਂ ਵਾਂਗ ਹੀ ਵਿਚਰਦਾ। ਘਰ-ਪਰਿਵਾਰ ਦੇ ਨਿੱਕੇ-ਮੋਟੇ ਕੰਮਾਂ ਦੇ ਮਸਲਿਆਂ ਬਾਰੇ ਸੁਣਦਾ ਤੇ ਆਪਣੀ ਰਾਇ ਵੀ ਦਿੰਦਾ। ਬਿਲਕੁਲ ਇੰਜ ਜਿਵੇਂ ਇਹ ਉਹਦੇ ਆਪਣੇ ਘਰ ਦਾ ਮਸਲਾ ਹੁੰਦਾ ਹੈ। ਕਿਸੇ ਦਾ ਸਿਰ-ਪੀੜ, ਬੁਖ਼ਾਰ ਜਾਂ ਗਲਾ ਖਰਾਬ ਹੁੰਦਾ ਤਾਂ ਕਿਸੇ ਚਾਲੂ ਡਾਕਟਰ ਦੀ ਚਾਲੂ ਦਵਾਈ ਲੈਣ ਦੀ ਥਾਂ ਖਾਸ ਤਰ੍ਹਾਂ ਦੇ ਕੈਪਸੂਲ ਜਾਂ ਗੋਲੀਆਂ ਲਿਆਉਣ ਲਈ ਆਖਦਾ ਹੀ ਨਾ, ਸਗੋਂ ਮੇਰੇ ਨਾਲ ਬਜ਼ਾਰ ਨੂੰ ਤੁਰ ਪੈਂਦਾ। ਮੈਂ ਪੱਠੇ ਕੁਤਰਨ ਲੱਗਾ ਤੇ ਬੀਬੀ ਰੁੱਗ ਲਾਉਣ ਲੱਗੀ ਤਾਂ ਬੀਬੀ ਨੂੰ ਗਲਵੱਕੜੀ ਵਿਚ ਲੈ ਕੇ ਮੰਜੇ ‘ਤੇ ਬਿਠਾ ਦਿੱਤਾ ਤੇ ਹੱਸਦਿਆਂ ਕਹਿੰਦਾ, “ਪੁੱਤਾਂ ਦੇ ਹੁੰਦਿਆਂ ਭਲਾ ਮਾਂਵਾਂ ਕਿਉਂ ਕੰਮ ਕਰਨ।” ਜੇ ਮੈਂ ਕਿਤੇ ਉਸ ਜਾਂ ਦੋਸਤਾਂ ਨਾਲ ਗੱਪਾਂ ਮਾਰ ਰਿਹਾ ਹੁੰਦਾ ਤੇ ਉਹ ਬੀਬੀ ਨੂੰ ਕੋਈ ਕੱਟਾ-ਵੱਛਾ ਕਿੱਲੇ ਤੋਂ ਖੋਲ੍ਹ ਕੇ ਧੁੱਪੇ-ਛਾਂਵੇਂ ਕਰਦਿਆਂ ਵੇਖਦਾ ਤਾਂ ਮੈਨੂੰ ਵੱਡੇ ਭਰਾਵਾਂ ਵਾਂਗ ਤਾੜਦਾ, “ਤੂੰ ਜਗੀਰਦਾਰਾਂ ਦੇ ਕਾਕੇ ਵਾਂਗ ਬੈਠਾਂ। ਤੈਨੂੰ ਬੀਬੀ ਕੰਮ ਕਰਦੀ ਨਹੀਂ ਦੀਂਹਦੀ? ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਹੋਈ ਐ?æææਬੀਬੀ ਤੂੰ ਰਹਿਣ ਦੇ। ਆਉਂਦੈ ਇਹ ਵੱਡਾ ਸਰਦਾਰ। ਇਹਦੇ ਹੱਥ ਨਹੀਂ ਘਸ ਚੱਲੇ।” ਬੀਬੀ ਵੀ ਹੱਸਦੀ ਤੇ ਮੈਂ ਵੀ ਸ਼ਰਮਿੰਦਿਆਂ ਵਾਂਗ ਹੱਸਦਿਆਂ ਬੀਬੀ ਤੋਂ ਹੱਥਲਾ ਕੰਮ ਫੜ ਲੈਂਦਾ। ਆਪਣੀ ਮਾਂ ਤੋਂ ਦੂਰ ਹੋਇਆ ਉਹ ਮੇਰੀ ਮਾਂ ਵਿਚੋਂ ਆਪਣੀ ਮਾਂ ਲੱਭਦਾ। ਮੇਰੇ ਸਕੂਲ ਵਿਚ ਅੱਠ-ਦਸ ਸਾਲ ਦੀ ਗੋਲ-ਮਟੋਲ ਚਿਹਰੇ ਵਾਲੀ ਕੁੜੀ ਨੂੰ ਉਹ ਬੜੇ ਪਿਆਰ ਨਾਲ ਬੁਲਾਉਂਦਾ ਤੇ ਲਾਡ ਕਰਦਾ। ਮੈਂ ਉਸ ਕੁੜੀ ਬਾਰੇ ਉਹਦੇ ਮੋਹ-ਪ੍ਰਗਟਾਵੇ ਬਾਰੇ ਪੁੱਛਿਆ ਤਾਂ ਕਹਿੰਦਾ, “ਮੇਰੀ ਛੋਟੀ ਭੈਣ ਬਿਲਕੁਲ ਇਹਦੇ ਵਰਗੀ ਤੇ ਇਹਦੇ ਜਿੱਡੀ ਹੈæææ।” ਅੰਡਰਗਰਾਊਂਡ ਵਿਚਰਨ ਕਰ ਕੇ ਉਹ ਮਾਂ-ਪਿਉ ਤੇ ਭੈਣ-ਭਰਾਵਾਂ ਤੋਂ ਵਿਛੁੰਨਿਆ ਗਿਆ ਸੀ। ਹੁਣ ਉਹ ਦੂਜਿਆਂ ਦੇ ਚਿਹਰਿਆਂ ਵਿਚੋਂ ਘਰ ਦੇ ਜੀਆਂ ਦੇ ਚਿਹਰੇ ਤਲਾਸ਼ਦਾ ਰਹਿੰਦਾ ਸੀ।
—
ਉਹ ਸੁਹਜ ਸਲੀਕੇ ਨਾਲ ਜੀਣ ਵਾਲਾ ਇਨਸਾਨ ਸੀ। ਘਰ ਵਿਚ ਹਰ ਚੀਜ਼ ਠੀਕ ਢੰਗ ਨਾਲ ਟਿਕਾਣੇ ਪਈ ਵੇਖਣ ਦਾ ਤਲਬਗਾਰ। ਮੇਰੇ ਘਰ ਵਿਚ ਪਿਆ ਕਿਤਾਬਾਂ ਤੇ ਕੱਪੜਿਆਂ ਦਾ ਖਿਲਾਰਾ ਵੇਖ ਕੇ ਉਹ ਖਿਝਦਾ ਨਾ, ਸਗੋਂ ਆਪ ਹੀ ਮੇਰੀਆਂ ਚੀਜ਼ਾਂ ਥਾਂ ਸਿਰ ਕਰ ਕੇ ਰੱਖਣ ਲੱਗਦਾ। ਉਸ ਦੇ ਕੱਪੜੇ, ਕਿਤਾਬਾਂ ਤੇ ਅਖਬਾਰਾਂ ਸਦਾ ਹੀ ਆਪਣੇ ਟਿਕਾਣੇ ਸਿਰ ਪਏ ਹੁੰਦੇ। ਚੰਡੀਗੜ੍ਹ ਵਿਚ ਉਹਦੇ ਘਰ ਅਖਬਾਰਾਂ ਦਾ ਥੱਬਾ ਆਉਂਦਾ। ਅਖਬਾਰ ਪੜ੍ਹਨ ਤੋਂ ਬਾਅਦ ਉਹ ਸਭ ਨੂੰ ਇੰਜ ਸਵਾਰ ਕੇ ਰੱਖਦਾ, ਜਿਵੇਂ ਹੁਣੇ ਹੀ ਪ੍ਰੈਸ ਵਿਚੋਂ ਤਹਿ ਵੱਜ ਕੇ ਆਈ ਹੋਵੇ।
ਸਾਡਾ ਸੁਰ ਸਿੰਘ ਵਾਲਾ ਘਰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਪਿਛਲਾ ਅੱਧਾ ਘਰ ਰਿਹਾਇਸ਼ ਵਾਲਾ ਸੀ ਤੇ ਅਗਲਾ ਅੱਧਾ ਮਾਲ-ਡੰਗਰ ਦੀ ਹਵੇਲੀ। ਦੋਵਾਂ ਹਿੱਸਿਆਂ ਵਿਚ ਦਰਵਾਜ਼ਾ ਰੱਖ ਕੇ ਪੱਕੀ ਕੰਧ ਵੱਜੀ ਹੋਈ ਸੀ। ਰਿਹਾਇਸ਼ ਵਾਲੇ ਹਿੱਸੇ ਦੀ ਵਿਚਕਾਰਲੇ ਦਰਵਾਜ਼ੇ ਨੇੜਲੀ ਨੁੱਕਰ ਵਿਚ ਬਣੇ ਗੁਸਲਖਾਨੇ ਵਿਚੋਂ ਨਲਕੇ ਦਾ ਪਾਣੀ ਕੱਚੀ ਨਾਲੀ ਰਾਹੀਂ ਹਵੇਲੀ ਵਿਚੋਂ ਦੀ ਬਾਹਰ ਨੂੰ ਨਿਕਲਦਾ। ਨਾਲੀ ਕੱਚੀ ਹੋਣ ਕਰ ਕੇ ਚਿੱਕੜ ਜ਼ਿਆਦਾ ਹੁੰਦਾ। ਇਕ ਦਿਨ ਮੈਨੂੰ ਕਹਿੰਦਾ, “ਘਰ ਵਿਚ ਇੱਟਾਂ ਵੀ ਨੇ ਤੇ ਸੀਮਿੰਟ ਵੀ। ਇਹ ਨਾਲੀ ਪੱਕੀ ਕਰਨੀ ਐਂæææ।” ਮੈਂ ਕਿਹਾ, “ਮਿਸਤਰੀ ਤੋਂ ਕਰਵਾ ਲੈਂਦੇ ਆਂ। ਤੇਰੇ ਅਗਲੀ ਵਾਰ ਆਉਣ ਤੱਕ ਪੱਕੀ ਹੋ ਜਾਊ।” ਪਰ ਉਹਨੂੰ ਮੇਰੀ ‘ਚੁਸਤੀ’ ਤੇ ‘ਛੋਹਲੀਆਂ’ ਦਾ ਪਤਾ ਸੀ। ਕਹਿੰਦਾ, “ਕਿਸੇ ਮਿਸਤਰੀ ਦੀ ਲੋੜ ਨਹੀਂ। ਤੂੰ ਕਹੀ ਫੜ ਤੇ ਨਾਲੀ ਲਈ ਥਾਂ ਪੁੱਟ। ਇੱਟਾਂ ਮੈਂ ਲਾਉਨਾਂ। ਇੱਕ-ਇੱਕ ਇੱਟ ਹੇਠਾਂ ਤੇ ਦੋ ਪਾਸੇ ਨੂੰ; ਸੀਮਿੰਟ ਲਾ ਕੇ ਲਾਈ ਜਾਣੀਆਂæææ ਮਿਸਤਰੀ ਦੀ ਕੀ ਲੋੜ।” ਤੇ ਅਸੀਂ ਦੋ ਦਿਨ ਵਿਚ ਨਾਲੀ ਪੱਕੀ ਕਰ ਦਿੱਤੀ। ਇਹ ਸਾਰੀਆਂ ਗੱਲਾਂ ਜਿੱਥੇ ਉਹਦੇ ਸੁਭਾਅ ਦੇ ਵਿਸ਼ੇਸ਼ ਪੱਖਾਂ ‘ਤੇ ਰੌਸ਼ਨੀ ਪਾਉਂਦੀਆਂ, ਉਥੇ ਇਹ ਵੀ ਪਤਾ ਲੱਗਦਾ ਹੈ ਕਿ ਮੇਰਾ ਘਰ ਤੇ ਮੇਰੇ ਮਾਪੇ ਉਸ ਲਈ ਕਿੰਨੇ ਆਪਣੇ ਸਨ ਤੇ ਮੇਰੇ ਉਤੇ ਉਸ ਦਾ ਕਿਹੋ ਜਿਹਾ ਅਧਿਕਾਰ ਸੀ।
ਮੇਰਾ ਆਪਣੇ ਪਿਤਾ ਨਾਲ, ਉਹਦੇ ਵੱਧ ਸ਼ਰਾਬ ਪੀਣ ਕਰ ਕੇ ਕਦੀ-ਕਦੀ ਮਨ-ਮੁਟਾਵ ਹੋ ਜਾਂਦਾ। ਮੇਰਾ ਪਿਤਾ ਸਾਹਿਤ ਦਾ ਬੜਾ ਸਿਆਣਾ ਪਾਠਕ ਤੇ ਸੰਵੇਦਨਸ਼ੀਲ ਵਿਅਕਤੀ ਸੀ। ਅਸਲ ਵਿਚ ਸਾਹਿਤ ਪੜ੍ਹਨ ਦੀ ਚੇਟਕ ਮੈਨੂੰ ਲੱਗੀ ਹੀ ਉਸ ਕੋਲੋਂ ਸੀ। ਉਨ੍ਹੀਂ ਦਿਨੀਂ ਭਾਵੇਂ ਉਹ ਨਸ਼ੇ ਦੀ ਗ੍ਰਿਫ਼ਤ ਵਿਚ ਰਹਿਣ ਲੱਗਾ ਸੀ, ਤਦ ਵੀ ਉਸ ਨੂੰ ਹਲਵਾਰਵੀ ਦੀ ਸ਼ਖਸੀਅਤ ਅਤੇ ਉਸ ਤੇ ਉਹਦੇ ਸਾਥੀਆਂ ਵੱਲੋਂ ਵਿੱਢੀ ਲਹਿਰ ਨਾਲ ਅੰਦਰੂਨੀ ਹਮਦਰਦੀ ਸੀ। ਚੁੱਪ-ਚੁੱਪ ਰਹਿਣ ਵਿਚਰਨ ਵਾਲਾ ਅੰਤਰਮੁਖੀ ਬੰਦਾ ਸੀ। ਹਲਵਾਰਵੀ ਉਹਦੇ ਅੰਦਰ ਨੂੰ ਸਮਝਦਾ ਸੀ। ਉਹ ‘ਚਾਚੇ’ ਨੂੰ (ਅਸੀਂ ਆਪਣੇ ਪਿਉ ਨੂੰ ‘ਚਾਚਾ’ ਆਖਦੇ ਸਾਂ) ਪਿਆਰ ਕਰਦਾ। ਉਹਦੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ ਰਹਿੰਦਾ। ਇਕ ਦਿਨ ਮੈਂ ਤੇ ਮੇਰਾ ਪਿਉ ਆਪਸ ਵਿਚ ਝਗੜ ਪਏ। ਤਿੱਖੀ ਝੜਪ ਤੋਂ ਬਾਅਦ ਉਹ ਗੁੱਸੇ ਨਾਲ ਭਰਿਆ, “ਕੋਈ ਨਹੀਂ, ਮੈਂ ਤੈਨੂੰ ਪਤਾ ਦੱਸੂੰਗਾ”, ਆਖਦਾ ਘਰੋਂ ਬਾਹਰ ਚਲਾ ਗਿਆ। ਹਲਵਾਰਵੀ ਪਰੇ ਬੈਠਕ ਵਿਚ ਬੈਠਾ ਸੀ।
ਮੈਂ ਆਪਣੇ ਪਿਤਾ ਦੇ ਗੁੱਸੇ ਭਰੇ ਬੋਲਾਂ ਦੇ ਪਤਾ ਨਹੀਂ ਕਿਉਂ ਅਜੀਬ ਅਰਥ ਲੈ ਲਏ। ਹਲਵਾਰਵੀ ਨੂੰ ਕਿਹਾ ਕਿ ਆਪਾਂ ਬਾਹਰ ਫਿਰ ਤੁਰ ਆਈਏ। ਬਾਹਰ ਨੂੰ ਜਾਂਦਿਆਂ ਉਹਨੇ ਮੈਨੂੰ ਮੇਰੀ ਅਜੀਬ ਚੁੱਪ ਦਾ ਕਾਰਨ ਪੁੱਛਿਆ ਤਾਂ ਮੈਂ ਸਾਰੀ ਗੱਲ ਸੁਣਾ ਕੇ ਖਦਸ਼ਾ ਜ਼ਾਹਿਰ ਕੀਤਾ, “ਜਿਵੇਂ ਚਾਚਾ ਗੁੱਸੇ ਨਾਲ ਗਿਐ, ਕਿਤੇ ਪੁਲਿਸ ਨਾ ਲੈ ਆਵੇ।” ਅਸਲ ਵਿਚ ਹਲਵਾਰਵੀ ਪੁਲਿਸ ਲਈ ਲੋੜੀਂਦਾ ਹੋਣ ਕਰ ਕੇ ਮੈਨੂੰ ਹਰ ਵੇਲੇ ਇਹ ਧੁੜਕੂ ਲੱਗਾ ਰਹਿੰਦਾ ਸੀ ਕਿ ਉਹ ਕਿਤੇ ਮੇਰੇ ਕੋਲੋਂ ਫੜਿਆ ਨਾ ਜਾਵੇ। ਮੇਰੇ ਅਵਚੇਤਨ ਵਿਚ ਬੈਠੇ ਭੈਅ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ਮੇਰੇ ‘ਤੇ ਗੁੱਸਾ ਕੱਢਣ ਲਈ ਚਾਚਾ ਕਿਤੇ ਹਲਵਾਰਵੀ ਨੂੰ ਈ ਨਾ ਫੜਾ ਦਿੰਦਾ ਹੋਵੇ! ਮੇਰੀ ਗੱਲ ਸੁਣ ਕੇ ਹਲਵਾਰਵੀ ਖਿੜਖਿੜਾ ਕੇ ਹੱਸਿਆ, “ਐਵੇਂ ਬੱਚਿਆਂ ਵਾਲੀਆਂ ਗੱਲਾਂ ਨਾ ਕਰæææ। ਚਾਚੇ ਨੂੰ ਤੂੰ ਏਨਾ ਕੁ ਈ ਜਾਣਦੈਂ? ਚੱਲ ਘਰ ਨੂੰ ਚੱਲੀਏ। ਮੈਂ ਸੋਚਿਆ ਪਤਾ ਨਹੀਂ ਕੀ ਗੱਲ ਹੋ ਗਈ?”
ਉਹਨੇ ਮੈਨੂੰ ਘਰ ਨੂੰ ਵਾਪਸ ਤੋਰ ਲਿਆ, ਪਰ ਮੇਰੀ ਖੁਤਖੁਤੀ ਦੂਰ ਨਹੀਂ ਹੋਈ। ਮੈਂ ਉਸ ਨੂੰ ਜ਼ੋਰ ਦੇ ਕੇ ਮਨਾ ਹੀ ਲਿਆ ਕਿ ਉਹ ਘਰੋਂ ਬਾਹਰ ਦੂਰ ਜਿਹੇ ਇਹਤਿਆਤ ਵਜੋਂ ਇਕ ਥਾਂ ‘ਤੇ ਖਲੋਤਾ ਰਹੇ ਤੇ ਮੈਂ ਓਨੇ ਚਿਰ ਵਿਚ ਘਰ ਦੀ ‘ਸੁੱਖ-ਸਾਂਦ’ ਪਤਾ ਕਰ ਆਵਾਂ। ਸਭ ਕੁਝ ਠੀਕ-ਠਾਕ ਹੋਇਆ ਤਾਂ ਮੈਂ ਉਹਨੂੰ ਆ ਕੇ ਲੈ ਜਾਵਾਂਗਾ। ਉਹ ਪੈਰ ਮਲਦਾ ਮੇਰੇ ਦੱਸੇ ਥਾਂ ‘ਤੇ ਖਲੋ ਗਿਆ। ਮੈਂ ਕਾਹਲੀ-ਕਾਹਲੀ ਘਰ ਨੂੰ ਵਧਿਆ, ਪਰ ਹਕੀਕਤ ਇਹ ਸੀ ਕਿ ਹਲਵਾਰਵੀ ਦਬਵੇਂ ਪੈਰੀਂਂ ਮੇਰੇ ਪਿੱਛੇ-ਪਿੱਛੇ ਹੀ ਆ ਰਿਹਾ ਸੀ।
ਚਾਚਾ ਮੇਰੇ ਅੱਗੇ-ਅੱਗੇ ਹੀ ਘਰ ਮੁੜਿਆ ਸੀ। ਬੀਬੀ ਉਸ ਨਾਲ ਝਗੜ ਰਹੀ ਸੀ। ਬਾਹਰ ਨੂੰ ਜਾਣ ਤੋਂ ਪਹਿਲਾਂ ਮੈਂ ਬੀਬੀ ਨਾਲ ਆਪਣਾ ਖਦਸ਼ਾ ਸਾਂਝਾ ਕਰ ਗਿਆ ਸਾਂ।
“ਚੰਗੀ ਕਰਤੂਤ ਕਰਨ ਗਿਆ ਸੈਂ?” ਬੀਬੀ ਦੇ ਤਿੱਖੇ ਬੋਲ ਸਨ।
“ਕਿਉਂ ਕੀ ਹੋ ਗਿਆ?” ਚਾਚਾ ਹੈਰਾਨ ਪਰੇਸ਼ਾਨ ਸੀ। ਜਦੋਂ ਬੀਬੀ ਨੇ ਉਹਦੇ ਪੁਲਿਸ ਵੱਲ ਜਾਣ ਬਾਰੇ ਆਖਿਆ ਤਾਂ ਚਾਚਾ ਪੱਥਰ ਹੋ ਗਿਆ। ਹੱਕਾ-ਬੱਕਾ ਹੋਇਆ ਉਹ ਕੁਝ ਵੀ ਬੋਲ ਨਾ ਸਕਿਆ।
“ਬੋਲ ਕੁਝ। ਹੁਣ ਮੂੰਹੋਂ ਫੁੱਟ ਵੀ।”
ਚਾਚੇ ਨੇ ਧਾਹ ਮਾਰਨ ਵਾਂਗ ਆਖਿਆ, “ਮੈਂ ਤਾਂ ਘੁੱਟ ਪੀਣ ਚਲਾ ਗਿਆ ਸਾਂ, ਗਮ ਗਲਤ ਕਰਨ। ਤੇਰਾ ਮੁੰਡਾ ਲੜਦਾ ਸੀæææ ਤੂੰ ਮੈਨੂੰ ਏਨਾ ਈ ਗਰਕ ਗਿਆ ਸਮਝ ਲਿਆ। ਉਹ ਮੇਰਾ ਪੁੱਤ ‘ਭਗਤ ਸਿੰਘ’ ਤੇ ਮੈਂ ਉਹਨੂੰ ਫੜਾਉਣ ਲੱਗਾਂ? ਲੱਖ ਲਾਹਨਤ ਮੇਰੇ ‘ਤੇæææ ਜੋ ਤੁਸਾਂ ਮੇਰੇ ਬਾਰੇ ਇੰਜ ਸੋਚਿਆ ਤੇ ਦੁਰ-ਲਾਹਨਤ ਤੁਹਾਡੇ ਮਾਂ-ਪੁੱਤਾਂ ਦੇ।”
ਚਾਚੇ ਦੀਆਂ ਅੱਖਾਂ ਵਿਚ ਪਾਣੀ ਸੀ। ਹਲਵਾਰਵੀ ਜਿਹੜਾ ਮੇਰੇ ਪਿੱਛੇ ਖਲੋਤਾ ਸਭ ਗੱਲਾਂ ਸੁਣ ਰਿਹਾ ਸੀ, ਤੁਰੰਤ ਅੱਗੇ ਵਧਿਆ ਤੇ ਚਾਚੇ ਨੂੰ ਘੁੱਟ ਕੇ ਜੱਫੀ ਪਾ ਲਈ। ਹਲਵਾਰਵੀ ਦੇ ਗਲ ਲੱਗਦਿਆਂ ਹੀ ਚਾਚਾ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਹਲਵਾਰਵੀ ਨੇ ਬੜੇ ਪਿਆਰ ਨਾਲ ਹੌਸਲਾ ਦੇ ਕੇ ਉਸ ਨੂੰ ਮੰਜੇ ‘ਤੇ ਬਿਠਾਇਆ।
“ਇਨ੍ਹਾਂ ਮੇਰੇ ਬਾਰੇ ਇਹ ਸੋਚ ਕਿਵੇਂ ਲਿਆ? ਮੇਰਾ ਪੁੱਤ ਹਲਵਾਰਵੀæææ ਮੇਰਾ ਮੋਹਨæææ ਮੇਰਾ ਭਗਤ ਸੁੰਹæææ ਮੈਂ ਵੱਢਿਆ ਜਾਵਾਂ ਪੋਟਾ-ਪੋਟਾæææ ਕਿਸੇ ਨੂੰ ਤੇਰੇ ਬਾਰੇ ਕੁਝ ਨਾ ਦੱਸਾਂ। ਤੇ ਇਹ ਮਾਂ-ਪੁੱਤ ਆਂਹਦੇ ਨੇ ਮੈਂ ਪੁਲਿਸ ਲੈਣ ਗਿਆਂæææ?”
ਦੋਵੇਂ ਇਕ-ਦੂਜੇ ਨੂੰ ਘੁੱਟ ਰਹੇ ਸਨ। ਚਾਚਾ ਰੋਈ ਜਾ ਰਿਹਾ ਸੀ, “ਇਨ੍ਹਾਂ ਮੇਰੇ ਬਾਰੇ ਇੰਜ ਕਿਉਂ ਸੋਚਿਆ? ਮੇਰੇ ਇਸ ਸਿਆਣੇ ਪੁੱਤ ਨੇæææ ਜਿਹਨੂੰ ਮੈਂ ਜੰਮਿਐਂæææ ਜਿਹਦੇ ‘ਚ ਮੇਰਾ ਖੂਨ ਐæææ ਜਿਹੜਾ ਤੇਰਾ ਯਾਰ ਏ। ਇਸ ਖੂਨ ਨੂੰ ਇਹ ਸਮਝ ਨਾ ਆਈ ਕਿ ਇਹਦਾ ਪਿਉ ਇਹੋ ਜਿਹੀ ਗੱਦਾਰੀ ਕਿਵੇਂ ਕਰ ਲਏਗਾ!”
“ਚਾਚਾ! ਇਹ ਜੋ ਮਰਜ਼ੀ ਸਮਝੀ ਜਾਣ। ਮੈਂ ਤਾਂ ਇਨ੍ਹਾਂ ਦੀਆਂ ਗੱਲਾਂ ‘ਤੇ ਇਕ ਪਲ ਵੀ ਇਤਬਾਰ ਨਹੀਂ ਕੀਤਾ। ਪੁੱਛ ਲੈ ਇਹਨੂੰ। ਮੈਨੂੰ ਪਤਾ ਸੀ ਮੇਰਾ ਚਾਚਾæææ ਮੇਰਾ ਪਿਉæææ ਕਿਸ ਹਸਤੀ ਦਾ ਮਾਲਕ ਐ। ਮੇਰੇ ਮਨ ਵਿਚ ਤਾਂ ਇਹੋ ਜਿਹਾ ਖਿਆਲ ਪਲ-ਛਿਣ ਲਈ ਵੀ ਨਹੀਂ ਆਇਆ। ਮੈਂ ਤਾਂ ਖੁਦ ਇਹਦੇ ਅਜਿਹਾ ਸੋਚਣ ‘ਤੇ ਇਹਦੀ ਮੂਰਖਤਾ ‘ਤੇ ਹੱਸਿਆ ਸਾਂ ਤੇ ਇਹਨੂੰ ਝਿੜਕਿਆ ਸੀ।”
ਚਾਚਾ ਲੇਟ ਗਿਆ ਤੇ ਛੋਟੇ ਬੱਚਿਆਂ ਵਾਂਗ ਹਲਵਾਰਵੀ ਨੂੰ ਆਪਣੀ ਹਿੱਕ ‘ਤੇ ਲਿਟਾ ਲਿਆ।
“ਇਹਨੂੰ ਮੈਂ ਏਤਰਾਂ ਖਿਡਾਉਂਦਾ ਰਿਹਾਂ, ਹਿੱਕ ‘ਤੇ ਪਾ ਕੇ। ਇਹ ਮੇਰਾ ਪੁੱਤæææ ਤੂੰ ਮੇਰਾ ਪੁੱਤæææ ਮੇਰਾ ਮੋਹਨæææ ਮੇਰਾ ਹਲਵਾਰਵੀæææ ਮੇਰਾ ਭਗਤ ਸੁੰਹ।” ਚਾਚਾ ਫਿਰ ਫਿੱਸ ਪਿਆ।
ਹਲਵਾਰਵੀ ਅੱਧੀ ਰਾਤ ਤੱਕ ਉਹਦੀ ਹਿੱਕ ਨਾਲ ਘੁੱਟਿਆ ਉਹਨੂੰ ਪਿਆਰ ਕਰਦਾ ਰਿਹਾ। ਮੈਂ ਤੇ ਮੇਰੀ ਮਾਂ ਨਮੋਸ਼ੀ ਵਿਚ ਗ਼ਰਕੇ ਚੁੱਪ-ਚਾਪ ਸੋਚ ਰਹੇ ਸਾਂ ਕਿ ਸਾਡੇ ਨਾਲੋਂæææ ਮੇਰੇ ਨਾਲੋਂ ਚਾਚੇ ਦਾ ‘ਮੋਹਨ’ ਰਿਸ਼ਤਿਆਂ ਦੇ ਗੁਹਜ ਨੂੰ ਕਿਵੇਂ ਵੱਧ ਬਰੀਕੀ ਤੇ ਸੰਵੇਦਨਸ਼ੀਲਤਾ ਨਾਲ ਸਮਝਣ ਵਾਲਾ ਹੈ। ਇਕ ਪੁੱਤ ਆਪਣੇ ਪਿਉ ਬਾਰੇ ਇਸ ਤਰ੍ਹਾਂ ਸੋਚਣ ਦੀ ਭੁੱਲ ਕਰ ਸਕਦਾ ਹੈ ਪਰ ਜਿਸ ਉਪਰ ਪਿਉ ਦੇ (ਭਾਵੇਂ ਇਹ ਮੇਰੀ ਕੂੜ-ਕਲਪਨਾ ਹੀ ਸੀ) ‘ਉਸ ਵੱਲੋਂ ਕੀਤੇ ਜਾਣ ਵਾਲੇ ਕੰਮ ਦਾ ਸਭ ਤੋਂ ਵੱਧ ਅਸਰ ਪੈਣਾ ਸੀ’æææ ਉਹਨੇ ਇਕ ਪਲ ਲਈ ਵੀ ਸਾਡੀ ਗੱਲ ਨੂੰ ਸੱਚ ਨਹੀਂ ਸੀ ਸਮਝਿਆ। ਮਨੁੱਖੀ ਮਨ ਦੀ ਧੁਰ ਅੰਦਰ ਤਕ ਥਾਹ ਪਾ ਸਕਣ ਦੀ ਸਮਰੱਥਾ ਨੇ ਮੈਨੂੰ ਉਸ ਦਾ ਹੋਰ ਵੀ ਕਾਇਲ ਕਰ ਦਿੱਤਾ।
ਮੈਂ ਉਨ੍ਹੀਂ ਦਿਨੀਂ ਨੇੜਲੇ ਪਿੰਡ ਪੂਹਲਾ ਭਾਈ ਤਾਰੂ ਸਿੰਘ ਵਿਚ ਪ੍ਰਾਇਮਰੀ ਸਕੂਲ ਵਿਚ ਪੜ੍ਹਾਉਂਦਾ ਸਾਂ। ਮੇਰੇ ਸਾਈਕਲ ‘ਤੇ ਬੈਠ ਅਸੀਂ ਪੂਹਲਿਆਂ ਨੂੰ ਤੁਰ ਜਾਂਦੇ। ਸਾਰਾ ਦਿਨ ਜੱਗ-ਜਹਾਨ ਦੀਆਂ ਗੱਲਾਂ ਮਾਰਦੇ। ਪੱਕੀ ਸੜਕ ਤੋਂ ਉਤਰ ਕੇ ਪਹਿਲਾਂ ਨਵਾਬ ਕਪੂਰ ਸਿੰਘ ਦਾ ਪਿੰਡ ਸਿੰਘਪੁਰਾ ਆਉਂਦਾ। ਉਸ ਤੋਂ ਅੱਧਾ ਕੁ ਕਿਲੋਮੀਟਰ ਅੱਗੇ ਸੀ ਪੂਹਲਾ। ਸਿੰਘਪੁਰੇ ਵਿਚੋਂ ਲੰਘਦਿਆਂ ਸਾਨੂੰ ਉਥੋਂ ਦੇ ਪ੍ਰਾਇਮਰੀ ਸਕੂਲ ਕੋਲੋਂ ਲੰਘਣਾ ਪੈਂਦਾ।
ਇੱਕ ਵਾਰ ਮੈਂ ਤੇ ਹਲਵਾਰਵੀ ਮੇਰੇ ਸਕੂਲ ਨੂੰ ਜਾ ਰਹੇ ਸਾਂ ਕਿ ਸਿੰਘਪੁਰੇ ਦੇ ਸਕੂਲ ਕੋਲੋਂ ਲੰਘਦਿਆਂ ਸਕੂਲ ਦੀ ਘਾਟੀ ਤੋਂ ਉਤਰ ਕੇ ਸਕੂਲ ਦੇ ਮੁੰਡਿਆਂ ਨੇ ਸਾਨੂੰ ਰੋਕ ਲਿਆ।
“ਭਾ ਜੀ! ਭੈਣ ਜੀ ਸੱਦਦੇ ਨੇ।”
ਏਨੇ ਚਿਰ ਵਿਚ ਸਕੂਲ ਦੀ ਢਲਾਣ ਉਤਰ ਕੇ ਭੈਣ ਜੀ ਆ ਗਈ। ਇਹ ਪਹਿਲਾਂ ਮੇਰੇ ਨਾਲ ਹੀ ਪੜ੍ਹਾਉਂਦੀ ਸੀ। ਮੇਰੇ ਕੋਲੋਂ ‘ਹੇਮ ਜਯੋਤੀ’, ‘ਪ੍ਰੀਤ ਲੜੀ’ ਤੇ ‘ਆਰਸੀ’ ਵਗ਼ੈਰਾ ਲੈ ਕੇ ਪੜ੍ਹਨ ਵਾਲੀ ਇਹ ਬੀਬੀ ਮੇਰੇ ਵਿਚਾਰਾਂ ਤੋਂ, ਉਨ੍ਹੀਂ ਦਿਨੀਂ ਲੜੇ ਜਾ ਰਹੇ ਸੰਘਰਸ਼ ਤੋਂ, ਹੋ ਰਹੇ ਸੱਚੇ-ਝੂਠੇ ਮੁਕਾਬਲਿਆਂ ਤੋਂ ਜਾਣੂ ਸੀ। ਹੁਣ ਤਿੰਨ-ਚਾਰ ਮਹੀਨੇ ਤੋਂ ਬਦਲੀ ਕਰਵਾ ਕੇ ਇਸ ਸਕੂਲ ਵਿਚ ਆ ਗਈ ਸੀ। ਜਦੋਂ ਉਹ ਮੇਰੇ ਸਕੂਲ ਪੜ੍ਹਾਉਂਦੀ ਸੀ, ਉਦੋਂ ਹਲਵਾਰਵੀ ਉਹਨੂੰ ਮਿਲ ਚੁੱਕਾ ਸੀ।
ਮੈਨੂੰ ਕਹਿੰਦੀ, “ਭਾ ਜੀ ਗੱਲ ਸੁਣਿਓਂ।”
ਹਲਵਾਰਵੀ ਵੱਲ ਪਿੱਠ ਦਾ ਮਾੜਾ ਜਿਹਾ ਉਹਲਾ ਕਰ ਕੇ ਉਸ ਨੇ ਪੰਜਾਹ ਰੁਪਏ ਦਾ ਨੋਟ ਮੇਰੇ ਹੱਥ ਵਿਚ ਥਮ੍ਹਾ ਦਿੱਤਾ।
ਜਦੋਂ ਉਹ ਮੇਰੇ ਨਾਲ ਪੜ੍ਹਾਉਂਦੀ ਸੀ ਤਾਂ ਸਾਡੇ ਵਿਚ ਸਾਰੀ ਦਿਹਾੜੀ ਵਿਚ ‘ਸਤਿ ਸ੍ਰੀ ਅਕਾਲ’ ਤੋਂ ਇਲਾਵਾ ਇਕ ਦੋ ਵਾਰ ਹੀ ਗੁਫ਼ਤਗੂ ਹੁੰਦੀ। ਉਹ ਵੀ ਕਿਸੇ ਸਕੂਲੀ ਸਿਲਸਿਲੇ ਵਿਚ ਜਿਹੜੀ ਦੋ ਚਾਰ ਵਾਕਾਂ ਤੋਂ ਕਦੀ ਅੱਗੇ ਨਹੀਂ ਸੀ ਵਧੀ। ਸਾਡੇ ਵਿਚ ਦੁਵੱਲੇ ਅਦਬ-ਸਤਿਕਾਰ ਵਾਲਾ ਰਿਸ਼ਤਾ ਸੀ।
ਹਲਵਾਰਵੀ ਵੱਲ ਪੰਜਾਹ ਦਾ ਨੋਟ ਵਧਾਉਂਦਿਆਂ ਮੈਂ ਦੱਸਿਆ, “ਜਦੋਂ ਬੀਬੀ ਮੇਰੇ ਸਕੂਲੇ ਪੜ੍ਹਾਉਂਦੀ ਸੀ ਤਾਂ ਹਰ ਮਹੀਨੇ ਪਾਰਟੀ ਲਈ ਥੋੜ੍ਹਾ ਬਹੁਤਾ ਫੰਡ ਦਿੰਦੀ ਸੀ। ਅੱਜ ਵੀ ਆਹ ਪੰਜਾਹ ਰੁਪਏ ਉਹਨੇ ਆਪ ਆਵਾਜ਼ ਮਾਰ ਕੇ ਦਿੱਤੇ ਨੇ।”
ਹਲਵਾਰਵੀ ਇਹ ਗੱਲ ਜਾਣਦਾ ਤਾਂ ਪਹਿਲਾਂ ਹੀ ਸੀ ਪਰ ਜਦੋਂ ਮੈਂ ਭੈਣ ਜੀ ਵੱਲੋਂ ਆਵਾਜ਼ ਮਾਰ ਕੇ ਪਾਰਟੀ ਫੰਡ ਦੇਣ ਵਾਲੀ ਗੱਲ ਨੂੰ ਥੋੜ੍ਹਾ ਲਿਸ਼ਕਾ ਕੇ ਇਸ ਕਿਰਿਆ ਨੂੰ ਆਪਣੇ ਵਿਚਾਰਾਂ ਤੇ ਪਾਰਟੀ ਦੀ ਵਧ ਰਹੀ ਹਰਮਨ-ਪਿਆਰਤਾ ਦਾ ਸੂਚਕ ਬਣਾ ਕੇ ਪੇਸ਼ ਕੀਤਾ ਤਾਂ ਉਹ ਖਿੜਖਿੜਾ ਕੇ ਹੱਸ ਪਿਆ।
“ਭਲੇਮਾਣਸਾ! ਕਿਹੜੀ ਪਾਰਟੀ ਤੇ ਕਿਹੜੇ ਵਿਚਾਰ! ਉਹ ਪੈਸੇ ਕਿਸੇ ਪਾਰਟੀ ਜਾਂ ਵਿਚਾਰਧਾਰਾ ਨੂੰ ਨਹੀਂ ਦਿੰਦੀ, ਤੈਨੂੰ ਦਿੰਦੀ ਐ।”
ਜਿਹੜੀ ਗੱਲ ਮੈਂ ਮੰਨਣ ਜਾਂ ਆਖਣ ਤੋਂ ਝਿਜਕਦਾ ਸਾਂ, ਹਲਵਾਰਵੀ ਨੇ ਬੁੱਝ ਲਈ ਸੀ। ਇਹ ਨਹੀਂ ਕਿ ਇਹ ਅਸਲੋਂ ਹਕੀਕਤ ਹੀ ਹੋਵੇ। ਉਂਜ ਅੰਦਰੋਂ ਮੇਰਾ ਮਨ ਵੀ ਇਹੋ ਸਮਝਦਾ ਸੀ ਪਰ ਸਾਡੇ ਵਿਚਲੇ ਸਤਿਕਾਰ ਦੇ ਰਿਸ਼ਤੇ ਨੂੰ ਮੁੱਖ ਰੱਖਦਿਆਂ ਮੈਂ ਇਸ ਨੂੰ ਹੋਠਾਂ ਤੇ ਲਿਆਉਣ ਦਾ ਜੇਰਾ ਨਹੀਂ ਸਾਂ ਕਰ ਸਕਦਾ।
ਇਸ ਤੋਂ ਪਿੱਛੋਂ ਅਸੀਂ ਖੁੱਲ੍ਹ ਗਏ। ਸਾਡਾ ਰਿਸ਼ਤਾ ਨਿਰੋਲ ਵਿਚਾਰਧਾਰਾ ਜਾਂ ਸਾਹਿਤ ਤੱਕ ਸੀਮਤ ਨਾ ਰਿਹਾ, ਸਗੋਂ ਇਹ ਦਿਲ ਦਾ ਰਿਸ਼ਤਾ ਬਣ ਗਿਆ। ਅਸੀਂ ਆਪਣੀਆਂ ਮਾਸੂਮ ਹਸਰਤਾਂ ਤੇ ਚਾਹਤਾਂ ਵੀ ਇੱਕ ਦੂਜੇ ਨਾਲ ਸਾਂਝੀਆਂ ਕਰਨ ਲੱਗੇ। ਕਿਸੇ ਨਾਲ ਵੀ ਨਾ ਕੀਤੀਆਂ ਜਾ ਸਕਣ ਵਾਲੀਆਂ ਗੱਲਾਂ ਆਪਸ ਵਿਚ ਕਰਨ ਲੱਗੇ। ਉਹ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਅਧੂਰੀਆਂ ਪ੍ਰੀਤਾਂ ਤੇ ਚਾਹਤਾਂ ਦੇ ਵੇਰਵੇ ਘੰਟਿਆਂ ਬੱਧੀ ਮੇਰੇ ਨਾਲ ਸਾਂਝੇ ਕਰਦਾ ਰਹਿੰਦਾ।
ਸਾਢੇ ਤਿੰਨ ਦਹਾਕੇ ਦੇ ਕਰੀਬ ਸਾਡੀ ਸਾਂਝ ਬ-ਦਸਤੂਰ ਬਣੀ ਰਹੀ। ਅਸੀਂ ਇਕ ਦੂਜੇ ਨੂੰ ਪੋਟਾ-ਪੋਟਾ ਉਸਰਦਿਆਂ ਵੇਖਿਆ। ਖ਼ੁਸ਼ੀਆਂ ਮਾਣਦਿਆਂ ਤੇ ਦੁੱਖ ਸਹਿੰਦਿਆਂ ਵੀ; ਚੜ੍ਹਦੀ ਕਲਾ ਵਿਚ ਤੇ ਅੱਤ ਦੇ ਉਦਾਸ ਪਲਾਂ ਵਿਚ ਵੀ। ਇਕ ਦੂਜੇ ਦੀ ਸ਼ਖ਼ਸੀਅਤ ਅਤੇ ਸੁਭਾਅ ਦੇ ਅਨੇਕ ਰੰਗ ਵੇਖੇ। ਦੋਵੇਂ ਅੱਤ ਦੇ ਨਰਮ ਵੀ ਤੇ ਜਦੋਂ ਗੁੱਸਾ ਹੋਵੇ ਤਾਂ ਪੂਰੇ ਗਰਮ। ਦੋਵਾਂ ਵਿਚ ਲਚਕ ਵੀ ਬੜੀ ਸੀ ਤੇ ਕਲੱਕੜਪੁਣਾ ਵੀ। ਕਈ ਵਾਰ ਸਾਡੀ ਈਗੋ ਦਾ ਭੇੜ ਵੀ ਹੋ ਜਾਂਦਾ। ਅੰਦਰਲੇ ਵੱਟ-ਵਿਰੋਧ ਨੂੰ ਅਸੀਂ ਜ਼ਾਹਿਰ ਨਾ ਕਰਦੇ। ਇੱਕ ਵਾਰ ਅਸੀਂ ਕੁਝ ‘ਘੁੱਟੇ-ਵੱਟੇ’ ਸਾਂ। ਮੇਰੀ ਧੀ ਪੰਜਵੀਂ ਦੇ ਇਮਤਿਹਾਨ ਵਿਚੋਂ ਬਲਾਕ ਵਿਚੋਂ ਪਹਿਲੇ ਨੰਬਰ ‘ਤੇ ਆਈ। ਉਦੋਂ ‘ਪੰਜਾਬੀ ਟ੍ਰਿਬਿਊਨ’ ਵਿਚ ਵੀ ਹੋਰ ਅਖ਼ਬਾਰਾਂ ਵਾਂਗ ਬੱਚਿਆਂ ਦੀਆਂ ਛੋਟੀਆਂ ਮੋਟੀਆਂ ਪ੍ਰਾਪਤੀਆਂ ਦਾ ਵੇਰਵਾ ਛਪ ਜਾਂਦਾ ਸੀ। ਮੇਰੀ ਪਤਨੀ ਕਹਿੰਦੀ ਕਿ ਮੈਂ ਰੂਪ ਦੀ ਫੋਟੋ ਭੇਜ ਕੇ ਹਲਵਾਰਵੀ ਨੂੰ ਅਖ਼ਬਾਰ ਵਿਚ ਛਾਪਣ ਲਈ ਆਖਾਂ। ਮੇਰਾ ਮਨ ਨਹੀਂ ਸੀ ਮੰਨਦਾ ਉਹਨੂੰ ਚਿੱਠੀ ਲਿਖਣ ਨੂੰ। ਮੈਂ ਰੂਪ ਨੂੰ ਕਿਹਾ ਕਿ ਉਹ ਲਿਫ਼ਾਫ਼ੇ ਵਿਚ ਫੋਟੋ ਤੇ ਵੇਰਵਾ ਦੇ ਕੇ ਆਪਣੇ ਵੱਲੋਂ ਹੀ ਦੋ ਸਤਰਾਂ ਲਿਖ ਦੇਵੇ। ਰੂਪ ਨੇ ਇੰਜ ਹੀ ਕੀਤਾ। ਚਿੱਠੀ ਮਿਲਦਿਆਂ ਫੋਟੋ ਤੇ ਵੇਰਵਾ ਤਾਂ ਅਖ਼ਬਾਰ ਵਿਚ ਛਪ ਹੀ ਗਿਆ, ਨਾਲ ਹੀ ਰੂਪ ਦੇ ਨਾਂ ਹਲਵਾਰਵੀ ਦੀ ਮੋੜਵੀਂ ਚਿੱਠੀ ਆਈ। ਉਸ ਨੇ ਰੂਪ ਦੀ ਸਫਲਤਾ ‘ਤੇ ਉਹਨੂੰ ਵਧਾਈ ਦਿੱਤੀ ਤੇ ਨਾਲ ਇਹ ਵੀ ਲਿਖਿਆ, “ਮੈਨੂੰ ਪਤੈ, ਤੇਰਾ ਪਿਉ ਬੜਾ ਆਕੜ ਖਾਂ ਏ। ਮੈਨੂੰ ਦੋ ਅੱਖਰ ਲਿਖਦਿਆਂ ਉਹਦੇ ਹੱਥ ਘਸਦੇ ਨੇ। ਗੁੱਸਾ ਤਾਂ ਮੈਨੂੰ ਵੀ ਆਉਂਦੈ, ਪਰ ਫਿਰ ਸੋਚਦਾਂ ਸਾਡੇ ਪਿਆਰ ਦੇ ਸਾਹਮਣੇ ਇਹ ‘ਆਕੜ’ ਕੀ ਅਰਥ ਰੱਖਦੀ ਏ। ਇਹੋ ਸੋਚ ਕੇ ਮੈਂ ਵੀ ਆਕੜ ਛੱਡ ਦਿੰਦਾਂ।”
ਇੰਜ ਥੋੜ੍ਹੇ ਚਿਰ ਦੀ ਨਰਾਜ਼ਗੀ ਪਿੱਛੋਂ ਸਾਡਾ ਰਿਸ਼ਤਾ ਮੁੜ ਲੀਹ ‘ਤੇ ਆ ਜਾਂਦਾ। ਉਂਜ ਜਿਹੜੀ ਗੱਲ ਇਕ ਵਾਰ ਉਹਨੂੰ ਠੀਕ ਨਾ ਲੱਗਦੀ, ਜਾਂ ਕਿਸੇ ਬੰਦੇ ਬਾਰੇ ਉਹ ਕੋਈ ਨਿਰਣਾ ਕਰ ਲੈਂਦਾ ਤਾਂ ਫਿਰ ਉਸ ਨੂੰ ਉਹਦੇ ਪੈਂਤੜੇ ਤੋਂ ਵਾਪਸ ਮੋੜਨਾ ਸੌਖਾ ਨਹੀਂ ਸੀ ਹੁੰਦਾ। ਇਕ ਵਾਰ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਚੋਂ ਲੰਘ ਰਹੇ ਸਾਂ। ਸਾਹਮਣਿਓਂ ਉਸ ਦਾ ਪੁਰਾਣਾ ਪਾਰਟੀ ਸਾਥੀ ਆ ਰਿਹਾ ਸੀ। ਉਸ ਨਾਲ ਕਦੀ ਉਸ ਦੀ ਬੜੀ ਨਜ਼ਦੀਕੀ ਸਾਂਝ ਰਹੀ ਸੀ, ਪਰ ਫੇਰ ਵਿਚਾਰਧਾਰਕ ਵਖਰੇਵਾਂ ਆ ਗਿਆ। ਜਦੋਂ ਉਹ ਸੱਜਣ ਕੋਲ ਆਇਆ ਤਾਂ ਹਲਵਾਰਵੀ ਨੂੰ ਪੁਰਾਣੇ ਤਿਹੁ ਮੁਤਾਬਕ ਮਿਲਣ ਲਈ ਅਹੁਲਿਆ। ਮੈਂ ਸੋਚਿਆ, ਹਲਵਾਰਵੀ ਵੀ ਉਹਨੂੰ ਅੱਗੇ ਵਧ ਕੇ ਗਲ ਨਾਲ ਲਾ ਲਵੇਗਾ, ਪਰ ਹੋਇਆ ਕੀ? ਹਲਵਾਰਵੀ ਨੇ ਸੇਧ ‘ਚ ਮਿਲਣ ਲਈ ਖਲੋਤੇ ਪੁਰਾਣੇ ਮਿੱਤਰ ਤੋਂ ਸੱਜੇ ਪਾਸੇ ਹੋ ਕੇ ਹੱਥ ਖੜ੍ਹਾ ਕੀਤਾ ਤੇ ਚੁੱਪ-ਚਾਪ ਕੋਲੋਂ ਦੀ ਗੁਜ਼ਰ ਗਿਆ। ਉਹ ਬੰਦਾ ਉਥੇ ਖਲੋਤਾ ਵੇਖਦਾ ਰਹਿ ਗਿਆ। ਅੱਗੇ ਆ ਕੇ ਮੈਂ ਹਲਵਾਰਵੀ ਨੂੰ ਕਿਹਾ ਕਿ ਸ਼ਿਸ਼ਟਾਚਾਰ ਵਜੋਂ ਉਸ ਨਾਲ ਹੱਥ ਮਿਲਾ ਲੈਂਦਾ, ਤਾਂ ਕੀ ਪਹਾੜ ਡਿੱਗ ਪੈਣਾ ਲੱਗਾ ਸੀ। ਕਹਿਣ ਲੱਗਾ, “ਏਹੋ ਜਿਹੇ ਬੰਦੇ ਨਾਲ ਕੋਈ ਸ਼ਿਸ਼ਟਾਚਾਰ ਨਿਭਾਉਣ ਦੀ ਲੋੜ ਨਹੀਂ।”
ਉਹ ਅਸਲੋਂ ਹੀ ਕਲੱਕੜ ਨਹੀਂ ਸੀ। ਨਵੀਂ ਗੱਲ ਨੂੰ ਧਿਆਨ ਨਾਲ ਸੋਚਣਾ-ਸਮਝਣਾ ਤੇ ਉਸ ਵਿਚੋਂ ਠੀਕ ਲੱਗਦੇ ਨੂੰ ਸਵੀਕਾਰ ਵੀ ਕਰਨਾ। ਪੂਰਵ ਨਿਰਧਾਰਤ ਸੋਚ ਜਾਂ ਸਿਧਾਂਤ ਨਾਲ ਅੰਨ੍ਹੇ-ਵਾਹ ਅਟਕੇ-ਲਟਕੇ ਰਹਿਣ ਵਿਚ ਵੀ ਉਹਦਾ ਵਿਸ਼ਵਾਸ ਨਹੀਂ ਸੀ। ਇਹ ਹਲਵਾਰਵੀ ਹੀ ਸੀ ਜਿਸ ਨਾਲ ਮੈਂ ਨਕਸਲੀ ਲਹਿਰ ਦੌਰਾਨ ਇਸ ਲਹਿਰ ਦੀ ਸਫਲਤਾ ਦੀਆਂ ਮੱਧਮ ਸੰਭਾਵਨਾਵਾਂ ਬਾਰੇ ਆਪਣੇ ਸ਼ੰਕੇ ਝਕਦਿਆਂ-ਝਕਦਿਆਂ ਜ਼ਾਹਿਰ ਕੀਤੇ, ਤਾਂ ਉਸ ਨੇ ਬੜੇ ਸਹਿਜ ਭਾ ਮੰਨ ਲਿਆ, “ਤੇਰੀਆਂ ਗੱਲਾਂ ਠੀਕ ਨੇ। ਲੋਕ ਲਹਿਰ ਉਸਾਰੇ ਬਿਨਾਂ ਅਜਿਹੀਆਂ ਭੂਮੀਗਤ ਲਹਿਰਾਂ ਦਾ ਸਫਲ ਹੋਣਾ ਸੰਭਵ ਨਹੀਂ।”
ਰਾਜਨੀਤੀ ਦੀਆਂ ਅੰਦਰਲੀਆਂ ਪੇਚੀਦਗੀਆਂ ਜਾਂ ਗੁੰਝਲਾਂ ਤੋਂ ਅਨਜਾਣ ਮੇਰੇ ਜਿਹੇ ਬੰਦੇ ਦੀ ਗੱਲ ਨੂੰ ਸਹਿਜ-ਸੁਭਾਅ ਮੰਨ ਜਾਣ ਵਾਲੇ ਉਸ ਆਗੂ ਦੇ ਵਿਹਾਰ ਨੇ ਮੈਨੂੰ ਕੱਟੜ ਰਾਜਸੀ ਸੋਚ ਨਾਲ ਜੁੜੇ ਰਹਿਣ ਦੀ ਥਾਂ ਸੁਤੰਤਰ ਰੂਪ ਵਿਚ ਸੋਚਣ ਤੇ ਨਿਰਣੇ ਕਰਨ ਦੇ ਰਾਹ ਤੋਰ ਦਿੱਤਾ। ਮੈਂ ਸਰਗਰਮ ਸਿਆਸਤ ਤੋਂ ਵਿੱਥ ‘ਤੇ ਵਿਚਰਨ ਦਾ ਮਨ ਹੀ ਨਾ ਬਣਾ ਲਿਆ, ਸਗੋਂ ‘ਸਾਹਿਤ ਰਾਹੀਂ ਸਿਆਸਤ ਨੂੰ ਪ੍ਰਚਾਰਨ’ ਦੇ ਕੱਟੜ ਸਿਧਾਂਤ ਤੋਂ ਪਾਸਾ ਵੱਟ ਕੇ ਮਨ ਦੀ ਗੱਲ ਕਹਿਣ ਦਾ ਹੌਸਲਾ ਵੀ ਕਰ ਲਿਆ।
ਮੇਰੀ ਕਹਾਣੀ ‘ਅਸਲੀ ਤੇ ਵੱਡੀ ਹੀਰ’ ਛਪੀ ਤਾਂ ਪਾਰਟੀ ਦੇ ਸਾਹਿਤਕ ਸਿਆਣਿਆਂ ਦੀ ਮੀਟਿੰਗ ਵਿਚ ਇਸ ‘ਤੇ ਭਰਪੂਰ ਚਰਚਾ ਛਿੜੀ। ਬਹੁਤਿਆਂ ਨੇ ਕਿਹਾ ਕਿ ਕਹਾਣੀ ਵਿਚ ਉਭਾਰਿਆ ਤਿੱਖਾ ਵਿਅੰਗ ਬਹੁਤ ਹੀ ਕਮਾਲ ਹੈ; ਸੱਚਮੁਚ ਇਸ ਵਿਚ ਭਾਰਤੀ ਕਮਿਊਨਿਸਟ ਲਹਿਰ ਦਾ ਉਹੋ ਕਿਰਦਾਰ ਪੇਸ਼ ਹੋਇਆ ਹੈ ਜਿਹੜਾ ਇਸ ਗੱਲ ਦਾ ਸੂਚਕ ਹੈ ਕਿ ਅਸੀਂ ਕਮਿਊਨਿਸਟ ਨਾ ਤਾਂ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੀਵੰਤ ਨਾਤਾ ਜੋੜ ਸਕੇ ਹਾਂ ਤੇ ਨਾ ਹੀ ਇਨਕਲਾਬੀ ਹਰਾਵਲ ਦਸਤੇ ਨੂੰ ਆਪਣੇ ਨੇੜੇ ਕਰ ਸਕੇ ਹਾਂ; ਦੁਸ਼ਮਣ ਨਾਲ ਲੜਨ ਦੀ ਥਾਂ ਅਸੀਂ ਆਪਣਿਆਂ ਨਾਲ ਲੜਦੇ ਰਹੇ ਪਰæææ। ਕਮਿਊਨਿਸਟਾਂ ਦੀ ਫੁੱਟ ਬਾਰੇ ਜਿਹੜਾ ਲਿਖਿਆ ਏ ਕਿ ਸਾਡੇ ਕਮਿਊਨਿਸਟ ‘ਰੂਸ ਪੱਖੀ ਜਾਂ ਚੀਨ ਪੱਖੀ’ ਬਣਨ ਜਾਂ ਦੱਸਣ ‘ਤੇ ਤਾਂ ਸਾਰਾ ਜ਼ੋਰ ਲਾ ਦਿੰਦੇ ਨੇ ਪਰ ‘ਲੋਕ ਪੱਖੀ’ ਕਿਉਂ ਨਹੀਂ ਬਣ ਸਕੇ; ਇਹ ਗੱਲ ਹੈ ਤਾਂ ਬਿਲਕੁਲ ਠੀਕæææ ਪਰ ਇਸ ਵਿਚ ‘ਚੀਨ ਪੱਖੀ’ ਨਹੀਂ ਸੀ ਲਿਖਣਾ ਚਾਹੀਦਾ।
ਇਸ ਸਮੇਂ ਹਲਵਾਰਵੀ ਹੀ ਸੀ ਜਿਸ ਨੇ ਕਹਾਣੀ ਦੇ ਹੱਕ ਵਿਚ ਸਭ ਤੋਂ ਪਹਿਲਾਂ ਸਟੈਂਡ ਲਿਆ ਤੇ ਆਖਿਆ, “ਕੋਈ ਵੀ ਸੱਚਾ ਸਾਹਿਤਕਾਰ ਕੇਵਲ ਪਾਰਟੀਆਂ ਦੇ ਵਕਤੀ ਸਟੈਂਡ ਨੂੰ ਮੁੱਖ ਰੱਖ ਕੇ ਨਹੀਂ ਲਿਖ ਸਕਦਾ। ਉਸ ਨੇ ਪਾਰਟੀਆਂ ਦੇ ਵਕਤੀ ਸਟੈਂਡ ਤੋਂ ਪਾਰ ਜਾ ਕੇ ਜ਼ਿੰਦਗੀ ਦੇ ਸੱਚ ਨੂੰ ਵੇਖਣਾ, ਸਮਝਣਾ ਤੇ ਪੇਸ਼ ਕਰਨਾ ਹੁੰਦਾ ਹੈ। ਇਹ ਚੰਗੀ ਗੱਲ ਹੈ ਕਿ ਵਰਿਆਮ ਕੇਵਲ ਇਕ ਪਾਰਟੀ ਦੇ ਸਟੈਂਡ ਦਾ ਬੁਲਾਰਾ ਨਹੀਂ ਬਣਿਆ। ਉਸ ਨੇ ਤਾਂ ਹਕੀਕਤ ਨੂੰ ਬਿਆਨ ਕੀਤਾ ਹੈ ਤੇ ਅਜਿਹਾ ਕਰਦਿਆਂ ਜੇ ਉਹਦਾ ਆਪਣਾ ਆਪ, ਉਹਦਾ ਸਿਧਾਂਤ ਜਾਂ ਉਹਦੀ ਪਾਰਟੀ ਦਾ ਨਿਸਚਾ ਵੀ ਮਾਰ ਹੇਠ ਆਉਂਦਾ ਹੈ ਤਾਂ ਉਹ ਆਉਣ ਦੇਣਾ ਚਾਹੀਦਾ ਹੈ। ਇੰਜ ਕਰ ਕੇ ਵਰਿਆਮ ਨੇ ਸਾਹਿਤ ਅਤੇ ਸਾਹਿਤਕਾਰ ਦੇ ਰੋਲ ਨੂੰ ਠੀਕ ਪ੍ਰਸੰਗ ਵਿਚ ਸਮਝਿਆ ਤੇ ਪੇਸ਼ ਕੀਤਾ ਹੈ। ਸਾਨੂੰ ਅਤੇ ਪਾਰਟੀਆਂ ਨਾਲ ਜੁੜੇ ਲੋਕਾਂ ਨੂੰ ਵੀ, ਲੇਖਕ ਨੂੰ ਆਪਣੇ ਵਿਚਾਰਾਂ ਦਾ ਧੁਤੂ ਨਹੀਂ ਸਮਝਣਾ ਚਾਹੀਦਾ। ਸਾਨੂੰ ਆਪ ਨੂੰ ਵੀ ਚਾਹੀਦਾ ਹੈ ਕਿ ਕੇਵਲ ‘ਮਿੱਠਾ ਮਿੱਠਾ ਗੜੱਪੂੰ ਤੇ ਕੌੜਾ ਕੌੜਾ ਥੂਹ ਨਾ ਕਰੀਏ’।”
ਇਸ ਮੀਟੰਗ ਤੋਂ ਬਾਅਦ ਮੇਰਾ ਹੌਸਲਾ ਹੋਰ ਵੀ ਵਧ ਗਿਆ। ਉਸ ਪਿੱਛੋਂ ਮੈਂ ਆਪਣੇ ਨੇੜੇ ਦੀ ਜ਼ਿੰਦਗੀ ਨੂੰ ਵਧੇਰੇ ਸ਼ਿੱਦਤ ਨਾਲ ਪੇਸ਼ ਕਰਨ ਦੇ ਸਮਰੱਥ ਹੋਇਆ। ਅਗਲੇ ਦੌਰ ਦੀ ਕਹਾਣੀ ਵਿਚ ਜ਼ਿੰਦਗੀ ਤੇ ਮਸਲਿਆਂ ਨੂੰ ਵਿੱਥ ਤੋਂ ਵੇਖ ਕੇ, ਬਿਨਾਂ ਕਿਸੇ ਬਾਹਰੀ ਦਬਾਓ ਜਾਂ ਨਿਰਦੇਸ਼ ਦੇ, ਆਪਣੀ ਸਮਝ ਅਨੁਸਾਰ ਪੇਸ਼ ਕਰ ਸਕਿਆ ਤਾਂ ਮੇਰੀ ਇਸ ਪ੍ਰਾਪਤੀ ਪਿੱਛੇ ਹਲਵਾਰਵੀ ਦਾ ਬਹੁਤ ਵੱਡਾ ਹੱਥ ਸੀ।
(ਚਲਦਾ)
Leave a Reply