-ਜਤਿੰਦਰ ਪਨੂੰ
ਸਾਡੇ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੋ ਬਿਆਨ ਪਏ ਹਨ, ਪਰ ਦੋਵਾਂ ਵਿਚਾਲੇ ਵੀਹ ਸਾਲ ਦੇ ਵਕਤ ਦਾ ਪਾੜਾ ਹੈ। ਪਹਿਲਾ ਬਿਆਨ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਦੇ ਵਿਹਾਰ ਬਾਰੇ ਉਦੋਂ ਦਿੱਤਾ ਗਿਆ ਸੀ, ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਦਾ ਰਾਜ ਸੀ, ਤੇ ਦੂਸਰਾ ਇਸ ਹਫਤੇ ਆਇਆ ਹੈ। ਉਦੋਂ ਵਾਲੇ ਬਿਆਨ ਵਿਚ ਬਾਦਲ ਸਾਹਿਬ ਨੇ ਕਾਂਗਰਸੀ ਆਗੂਆਂ ਤੇ ਪੁਲਿਸ ਵਾਲਿਆਂ ਦੀ ਮਿਲੀਭੁਗਤ ਉਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ‘ਸਰਕਾਰਾਂ ਨੂੰ ਜਦੋਂ ਲੋਕਾਂ ਦੀ ਪ੍ਰਵਾਹ ਨਾ ਰਹੇ ਤੇ ਉਹ ਪੁਲਿਸ ਆਸਰੇ ਦਿਨ ਕੱਟ ਰਹੀਆਂ ਹੋਣ, ਉਦੋਂ ਇਹੋ ਹੁੰਦਾ ਹੈ, ਜੋ ਪੰਜਾਬ ਵਿਚ ਕਾਂਗਰਸੀ ਆਗੂ ਅਤੇ ਪੁਲਿਸ ਵਾਲੇ ਮਿਲ ਕੇ ਕਰ ਰਹੇ ਹਨ।’ ਦੂਸਰਾ ਬਿਆਨ ਇਸ ਹਫਤੇ ਉਨ੍ਹਾਂ ਨੇ ਦਿੱਤਾ ਹੈ, ਜਿਸ ਵਿਚ ਇਹ ਕਿਹਾ ਹੈ ਕਿ ਅਕਾਲੀ ਦਲ ਨਾਲ ਸਬੰਧਤ ਲੋਕਾਂ ਨੂੰ ਪੁਲਿਸ ਨਾਲ ਜੋੜ ਕੇ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ। ਇਹ ਬਿਆਨ ਉਸ ਘਟਨਾ ਤੋਂ ਪਿੱਛੋਂ ਦਿੱਤਾ ਗਿਆ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਪੁਲਿਸ ਦੇ ਕੁਝ ਅਫਸਰਾਂ ਨੇ ਇੱਕ ਪਿੰਡ ਦੀ ਸਰਪੰਚ ਬੀਬੀ ਦੇ ਅਕਾਲੀ ਆਗੂ ਪਤੀ ਨੂੰ ਖੁਸ਼ ਕਰਨ ਵਾਸਤੇ ਉਸ ਪਿੰਡ ਦੇ ਦੋ ਨੌਜਵਾਨਾਂ ਨੂੰ ਘੇਰਾ ਪਾ ਕੇ ਮਾਰ ਦਿੱਤਾ ਤੇ ਫਿਰ ਪੁਲਿਸ ਮੁਕਾਬਲੇ ਦੀ ਝੂਠੀ ਕਹਾਣੀ ਘੜ ਲਈ ਸੀ।
ਜਿਸ ਪੁਰਾਣੇ ਬਿਆਨ ਦਾ ਅਸੀਂ ਜ਼ਿਕਰ ਕੀਤਾ ਹੈ, ਉਸ ਨੂੰ ਪੜ੍ਹ ਕੇ ਕਈ ਪਾਠਕ ਸਮਝ ਰਹੇ ਹੋਣਗੇ ਕਿ ਉਹ ਉਸ ਦੌਰ ਦੀ ਗੱਲ ਹੈ, ਜਦੋਂ ਬਾਦਲ ਸਾਹਿਬ ਸਰਕਾਰ ਤੇ ਪੁਲਿਸ ਦੇ ਬਹੁਤ ਖਿਲਾਫ ਹੁੰਦੇ ਸਨ। ਇਹ ਸਮਝ ਵੀ ਠੀਕ ਨਹੀਂ। ਬਾਦਲ ਸਾਹਿਬ ਉਦੋਂ ਦੀ ਕਾਂਗਰਸ ਸਰਕਾਰ ਦੇ ਖਿਲਾਫ ਸਨ, ਕਿਉਂਕਿ ਉਹ ਬੇਅੰਤ ਸਿੰਘ ਦੀ ਥਾਂ ਆਉਣ ਦੇ ਮਹੂਰਤ ਦੀ ਉਡੀਕ ਵਿਚ ਸਨ, ਪਰ ਪੁਲਿਸ ਦੇ ਉਕਾ ਖਿਲਾਫ ਨਹੀਂ ਸਨ, ਸਗੋਂ ਉਦੋਂ ਦੇ ਪੁਲਿਸ ਮੁਖੀ ਕੇ ਪੀ ਐਸ ਗਿੱਲ ਨੂੰ ਉਸ ਦੇ ਪਿਤਾ ਦੀ ਕੋਠੀ ਵਿਚ ਸੱਦ ਕੇ ਮਿਲ ਲਿਆ ਕਰਦੇ ਸਨ। ਗਿੱਲ ਦੇ ਪਿਤਾ ਨਾਲ ਬਾਦਲ ਦੀ ਸਾਂਝ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਅਤੇ ਇਹ ਕਹਾਣੀ ਗਿੱਲ ਨੇ ਆਪਣੀ ਜੀਵਨੀ ਵਿਚ ਲਿਖੀ ਹੈ। ਜਿਨ੍ਹਾਂ ਪੁਲਿਸ ਅਫਸਰਾਂ ਦੇ ਨਾਂ ਗਿਣਾ ਕੇ ਉਦੋਂ ਬਾਦਲ ਸਾਹਿਬ ਨੁਕਤਾਚੀਨੀ ਕਰਦੇ ਸਨ, ਆਪਣਾ ਰਾਜ ਆਏ ਤੋਂ ਉਨ੍ਹਾਂ ਹੀ ਪੁਲਿਸ ਅਫਸਰਾਂ ਨੂੰ ਉਨ੍ਹਾਂ ਦੇ ਚਹੇਤਿਆਂ ਵਿਚ ਗਿਣਿਆ ਜਾਣ ਲੱਗ ਪਿਆ, ਤੇ ਏਦਾਂ ਦੇ ਕੁਝ ਅਫਸਰ ਅੱਜ ਵੀ ਉਨ੍ਹਾਂ ਦੀ ਟੀਮ ਵਿਚ ਸ਼ਾਮਲ ਹਨ। ਇਸ ਕਰ ਕੇ ਅਸੀਂ ਪੁਲਿਸ ਬਾਰੇ ਉਨ੍ਹਾਂ ਦੇ ਉਦੋਂ ਦੇ ਬਿਆਨ ਨੂੰ ਵਜ਼ਨ ਦੇਣ ਦੀ ਥਾਂ ਉਦੋਂ ਵਾਲੇ ਬਿਆਨ ਦੇ ਸਿਰਫ ਇਸ ਹਿੱਸੇ ਨੂੰ ਵੱਧ ਵਜ਼ਨ ਦੇ ਸਕਦੇ ਹਾਂ ਕਿ ‘ਸਰਕਾਰਾਂ ਨੂੰ ਜਦੋਂ ਲੋਕਾਂ ਦੀ ਪ੍ਰਵਾਹ ਨਾ ਰਹੇ ਤੇ ਉਹ ਪੁਲਿਸ ਆਸਰੇ ਦਿਨ ਕੱਟ ਰਹੀਆਂ ਹੋਣ, ਉਦੋਂ ਇਹੋ ਕੁਝ ਹੁੰਦਾ ਹੈ।Ḕ ਹੁਣ ਬਾਦਲ ਸਾਹਿਬ ਨੂੰ ਇਹ ਜਾਪਦਾ ਹੈ ਕਿ ‘ਅਕਾਲੀ ਦਲ ਨਾਲ ਸਬੰਧਤ ਲੋਕਾਂ ਨੂੰ ਪੁਲਿਸ ਨਾਲ ਜੋੜ ਕੇ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ।’
ਮਾਮਲਾ ਜਿੰਨਾ ਕੁ ਅਖਬਾਰਾਂ ਵਿਚ ਆਇਆ ਹੈ, ਉਸ ਮੁਤਾਬਕ ਪਿੰਡ ਵਿਚ ਉਨ੍ਹਾਂ ਦੋ ਨੌਜਵਾਨਾਂ ਨੇ ਇੱਕ ਨਵੀਂ ਉਠੀ ਰਾਜਸੀ ਧਿਰ ਲਈ ਪਾਰਲੀਮੈਂਟ ਚੋਣਾਂ ਵੇਲੇ ਝੰਡਾ ਚੁੱਕਿਆ ਸੀ ਤੇ ਪਿੰਡ ਦੀ ਸਰਪੰਚ ਦਾ ਅਕਾਲੀ ਪਤੀ ਉਨ੍ਹਾਂ ਨੂੰ ਇਸ ਤੋਂ ਵਰਜਦਾ ਰਿਹਾ ਸੀ। ਜਿੰਨੀਆਂ ਵੋਟਾਂ ਅਕਾਲੀ ਦਲ ਨੂੰ ਉਸ ਪਿੰਡ ਤੋਂ ਪਈਆਂ, ਇੱਕ ਅਖਬਾਰ ਦੀ ਰਿਪੋਰਟ ਮੁਤਾਬਕ ਨਵੀਂ ਰਾਜਸੀ ਪਾਰਟੀ ਨੂੰ ਉਸ ਤੋਂ ਪੰਜ ਗੁਣੀਆਂ ਪੈ ਗਈਆਂ ਤੇ ਅਕਾਲੀ ਆਗੂ ਨੂੰ ਇਹ ਗਿਣਤੀ ਹਜ਼ਮ ਨਹੀਂ ਸੀ ਹੋਈ। ਫਿਰ ਸਥਾਨਕ ਥਾਣਾ ਮੁਖੀ ਦੀ ਮਿਲੀਭੁਗਤ ਨਾਲ ਉਨ੍ਹਾਂ ਦੋਵਾਂ ਦਾ ਨਾਂ ਕਿਸੇ ਕੇਸ ਵਿਚ ਪਵਾ ਦਿੱਤਾ ਗਿਆ। ਪਿੰਡ ਦੇ ਲੋਕਾਂ ਮੁਤਾਬਕ ਸੋਚ ਇਹ ਸੀ ਕਿ ਉਨ੍ਹਾਂ ਦੀ ਪੁਲਿਸ ਤੋਂ ‘ਖਾਤਰ’ ਕਰਾਉਣੀ ਹੈ। ਉਹ ਇਸ ਤੋਂ ਡਰਦੇ ਲੁਕ ਗਏ ਜਾਂ ਅਪਰਾਧੀ ਹੋਣ ਕਰ ਕੇ ਲੁਕੇ ਫਿਰਦੇ ਸਨ, ਇਸ ਦੀ ਪੁਣ-ਛਾਣ ਦੀ ਨੌਬਤ ਨਹੀਂ ਆਉਣ ਦਿੱਤੀ ਗਈ ਤੇ ਘੇਰਾ ਪਾ ਕੇ ਮਾਰ ਦਿੱਤੇ ਗਏ। ਗੱਲ ਵਧਦੀ ਵੇਖ ਕੇ ਸਰਕਾਰ ਨੇ ਥਾਣਾ ਮੁਖੀ ਨੂੰ ਪਹਿਲਾਂ ਸਸਪੈਂਡ ਕਰਨ ਤੇ ਫਿਰ ਨੌਕਰੀ ਤੋਂ ਕੱਢਣ ਦਾ ਐਲਾਨ ਕੀਤਾ ਤੇ ਜ਼ਿਲਾ ਪੁਲਿਸ ਮੁਖੀ ਵੀ ਸਸਪੈਂਡ ਕਰ ਦਿੱਤਾ। ਜੇ ਉਨ੍ਹਾਂ ਨੇ ਕੁਝ ਗਲਤ ਨਹੀਂ ਸੀ ਕੀਤਾ ਤਾਂ ਇਸ ਕਾਰਵਾਈ ਦੀ ਅਤੇ ਇਸ ਵਿਚ ਸਰਪੰਚ ਦੇ ਪਤੀ ਨੂੰ ਪੁਲਿਸ ਨਾਲ ਗ੍ਰਿਫਤਾਰ ਕਰਨ ਦੀ ਕੀ ਜ਼ਰੂਰਤ ਸੀ? ਸਾਫ ਹੈ ਕਿ ਅਸਲ ਕਹਾਣੀ ਤੋਂ ਮੁੱਖ ਮੰਤਰੀ ਸਾਹਿਬ ਨੂੰ ਓਹਲਾ ਨਹੀਂ। ਜਦੋਂ ਸੱਚੀ ਗੱਲ ਪਤਾ ਹੈ ਤਾਂ ‘ਅਕਾਲੀ ਦਲ ਨਾਲ ਸਬੰਧਤ ਲੋਕਾਂ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ’ ਵਾਲੇ ਬਿਆਨ ਦੇਣ ਦੀ ਕੀ ਲੋੜ ਸੀ?
ਹਕੀਕਤ ਇਹ ਹੈ ਕਿ ਪੁਲਿਸ ਸਾਰੀ ਮਾੜੀ ਨਹੀਂ, ਪਰ ਇਸ ਵਿਚ ਬਹੁਤ ਸਾਰੇ ਮਾੜੇ ਅਨਸਰ ਹਨ, ਜਿਨ੍ਹਾਂ ਬਾਰੇ ਕਿਸੇ ਨੂੰ ਭੁਲੇਖਾ ਵੀ ਨਹੀਂ। ਉਹ ਜਿਸ ਜਗ੍ਹਾ ਵੀ ਲਾਏ ਜਾਂਦੇ ਹਨ, ਉਥੋਂ ਦੇ ਮਾੜੇ ਅਨਸਰਾਂ ਨੂੰ ਇਸ ਦੀ ਸੂਚਨਾ ਅਗੇਤੀ ਮਿਲ ਜਾਂਦੀ ਹੈ ਤੇ ਫਿਰ ਪੁੱਠੇ ਕੰਮ ਸ਼ੁਰੂ ਹੋ ਜਾਂਦੇ ਹਨ। ਪਾਰਲੀਮੈਂਟ ਚੋਣਾਂ ਵਿਚ ਇਹੋ ਜਿਹੇ ਕੰਮਾਂ ਦੀ ਜਿੰਨੀ ਚਰਚਾ ਹੋਈ ਸੀ, ਉਸ ਦਾ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ ਤੇ ਚੋਣਾਂ ਦੌਰਾਨ ਲੋਕਾਂ ਦਾ ਰੌਂਅ ਵੇਖਣ ਪਿੱਛੋਂ ਉਨ੍ਹਾਂ ਨੇ ਇਸ ਮਾਮਲੇ ਵਿਚ ਕੁਝ ਸੁਧਾਰ ਦੀਆਂ ਗੱਲਾਂ ਵੀ ਕੀਤੀਆਂ ਸਨ। ਹੁਣ ਇਹ ਜਾਪਦਾ ਹੈ ਕਿ ਉਹ ਗੱਲਾਂ ਸਿਰਫ ਡੰਗ ਟਪਾਉਣ ਲਈ ਸਨ। ਪੁਲਿਸ ਅਤੇ ਅਕਾਲੀ ਆਗੂਆਂ ਦਾ ਗੱਠਜੋੜ ਉਵੇਂ ਦਾ ਉਵੇਂ ਹੈ।
ਇੱਕ ਅਖਬਾਰ ਨੇ ਪਿਛਲੇ ਸਤੰਬਰ ਮਹੀਨੇ ਇਹੋ ਜਿਹੇ ਕੇਸਾਂ ਦੀ ਹੈਰਾਨ ਕਰਨ ਵਾਲੀ ਗਿਣਤੀ ਦੱਸੀ ਸੀ, ਜਿਹੜੇ ਅਦਾਲਤਾਂ ਵਿਚ ਜਾ ਕੇ ਰੱਦ ਹੋ ਗਏ ਸਨ। ਜੇ ਕੇਸ ਰੱਦ ਹੋ ਜਾਂਦੇ ਹਨ ਤਾਂ ਏਦਾਂ ਦੇ ਰੱਦੀ ਕੇਸ ਬਣਾਉਣ ਵਾਲੇ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸਭ ਤੋਂ ਵੱਧ ਰੱਦ ਕੇਸਾਂ ਵਾਲੇ ਚਾਰ ਪੁਲਿਸ ਅਫਸਰ ਟੰਗ ਦਿੱਤੇ ਜਾਣ ਤਾਂ ਬਾਕੀਆਂ ਨੂੰ ਕੰਨ ਹੋ ਜਾਣ, ਪਰ ਕਿਸੇ ਦੇ ਵਿਰੁਧ ਵੀ ਕਾਰਵਾਈ ਤੋਂ ਪਰਹੇਜ਼ ਇਸ ਲਈ ਕੀਤਾ ਜਾਂਦਾ ਹੈ ਕਿ ਕੇਸ ਪੁਲਿਸ ਵਾਲੇ ਨਹੀਂ ਬਣਾਉਂਦੇ, ਉਨ੍ਹਾਂ ਤੋਂ ਬਣਵਾਏ ਜਾਂਦੇ ਹਨ। ਜ਼ਿਲ੍ਹਿਆਂ ਵਿਚ ਇਹ ਚਰਚਾ ਆਮ ਹੈ ਕਿ ਜਿਹੜੇ ਰਾਜਸੀ ਵਿਰੋਧੀ ਨੂੰ ਥੱਲੇ ਲਾਉਣਾ ਹੋਵੇ, ਉਸ ਦੇ ਵਿਰੁਧ ਚਾਰ ਕੇਸ ਬਣਵਾ ਦਿਓ ਤਾਂ ਇੱਕੋ ਰਾਤ ਥਾਣੇ ਵਿਚ ਕੱਟਣ ਪਿੱਛੋਂ ਅਗਲੇ ਦਿਨ ਸਿੱਧਾ ਹੋ ਜਾਵੇਗਾ। ਲੋਕਾਂ ਵਿਚ ਇਹੋ ਜਿਹੀ ਚਰਚਾ ਐਵੇਂ ਨਹੀਂ ਚੱਲਦੀ ਹੁੰਦੀ, ਇਸ ਦੇ ਪਿੱਛੇ ਕੁਝ ਕਾਰਨ ਹੁੰਦੇ ਹਨ ਅਤੇ ਉਹ ਕਾਰਨ ਮੁੱਖ ਮੰਤਰੀ ਸਾਹਿਬ ਨੂੰ ਜਾਂਚਣੇ ਚਾਹੀਦੇ ਹਨ।
ਲੁਧਿਆਣੇ ਵਾਲੇ ਬਹੁ-ਚਰਚਿਤ ਤਾਜ਼ਾ ਪੁਲਿਸ ਮੁਕਾਬਲੇ ਦੀ ਕਹਾਣੀ ਅਸੀਂ ਹੋਰ ਨਹੀਂ ਪਾਉਣਾ ਚਾਹੁੰਦੇ, ਇਸ ਦੀ ਥਾਂ ਇਹ ਗੱਲ ਵੇਖਣਾ ਚਾਹੁੰਦੇ ਹਾਂ ਕਿ ਪੁਲਿਸ ਦਾ ਬਾਕੀ ਮਾਮਲਿਆਂ ਵਿਚ ਕੀ ਹਾਲ ਹੈ?
ਪੰਜਾਬ ਦੀ ਪੁਲਿਸ ਦਾ ਇੱਕ ਇੰਸਪੈਕਟਰ ਜਨਰਲ ਰੈਂਕ ਦਾ ਅਫਸਰ ਗੌਤਮ ਚੀਮਾ ਇਸ ਵਕਤ ਆਪਣੀ ਹੀ ਪੁਲਿਸ ਦੇ ਹੱਥ ਆਉਣ ਤੋਂ ਬਚਣ ਲਈ ਲੁਕਦਾ ਫਿਰਦਾ ਹੈ। ਉਸ ਦੇ ਖਿਲਾਫ ਜਿਹੜੀ ਬੀਬੀ ਨੇ ਕੇਸ ਕੀਤਾ ਹੈ, ਉਸ ਬਾਰੇ ਉਹ ਕਹਿ ਰਿਹਾ ਸੁਣੀਂਦਾ ਹੈ ਕਿ ਬੀਬੀ ਤੇ ਉਸ ਦਾ ਪਤੀ ਸਾਊ ਰਿਕਾਰਡ ਵਾਲੇ ਨਹੀਂ। ਜੇ ਸਾਊ ਨਹੀਂ ਤਾਂ ਇਹੋ ਜਿਹੇ ਲੋਕਾਂ ਨਾਲ ਉਸ ਏਡੇ ਵੱਡੇ ਪੁਲਿਸ ਅਫਸਰ ਦੀ ਸਾਂਝ ਕਿਸ ਗੱਲ ਵਾਸਤੇ ਸੀ? ਪਿਛਲੀ ਬਾਦਲ ਸਰਕਾਰ ਦੌਰਾਨ ਜਦੋਂ ਉਹ ਬੰਦਾ ਇੱਕ ਚੀਫ ਪਾਰਲੀਮੈਂਟਰੀ ਸੈਕਟਰੀ ਨਾਲ ਭ੍ਰਿਸ਼ਟਾਚਾਰ ਦੇ ਕੇਸ ਵਿਚ ਫੜਿਆ ਗਿਆ ਤਾਂ ਲੋਕਾਂ ਨੂੰ ਉਸ ਦੀ ਔਕਾਤ ਪਤਾ ਲੱਗੀ ਸੀ, ਪਹਿਲਾਂ ਲੋਕ ਜਾਣਦੇ ਵੀ ਨਹੀਂ ਸਨ ਕਿ ਇਹ ਕੌਣ ਹੈ ਅਤੇ ਕਰਦਾ ਕੀ ਹੈ? ਫਿਰ ਪਤਾ ਲੱਗਾ ਕਿ ਨੇਪਾਲੀ ਮੂਲ ਦੇ ਤਰੁਣ ਬਹਾਦਰ ਥਾਪਾ ਦਾ ਪੁੱਤਰ ਦਵਿੰਦਰ ਥਾਪਾ ਆਪਣਾ ਨਾਂ ਬਦਲ ਕੇ ਦਵਿੰਦਰ ਸਿੰਘ ਗਿੱਲ ਬਣ ਕੇ ਅਫਸਰਾਂ ਅਤੇ ਮੰਤਰੀਆਂ ਦੀ ਦਲਾਲੀ ਦਾ ਕੰਮ ਕਰਦਾ ਹੈ। ਉਦੋਂ ਇਸ ਗੱਲ ਦਾ ਰੌਲਾ ਪਿਆ ਸੀ ਕਿ ਉਹ ਬੰਦਾ ਕਾਲੀ ਕਮਾਈ ਨੂੰ ਚਿੱਟੀ ਕਰਨ ਦੇ ਕੰਮ ਵਿਚ ਬਹੁਤ ਸਾਰੇ ਲੋਕਾਂ ਦਾ ਕਾਰਿੰਦਾ ਹੈ। ਹੁਣ ਗੌਤਮ ਚੀਮਾ ਬਾਰੇ ਇਹੋ ਰੌਲਾ ਪਿਆ ਹੈ, ਕੱਲ੍ਹ ਨੂੰ ਉਸ ਨਾਲ ਜੋੜ ਕੇ ਕਿਸੇ ਹੋਰ ਦਾ ਪੈ ਜਾਵੇਗਾ। ਪੰਜਾਬ ਪੁਲਿਸ ਦੇ ਜਿਹੜੇ ਪਿਛਲੇ ਮੁਖੀ ਨੇ ਇੱਕ ਵਾਰੀ ਅਕਾਲੀ ਟਿਕਟ ਉਤੇ ਚੋਣ ਲੜੀ ਅਤੇ ਹਾਰੀ ਸੀ, ਉਸ ਬਾਰੇ ਵੀ ਇਹ ਰੌਲਾ ਪੈ ਚੁੱਕਾ ਹੈ ਕਿ ਚੰਡੀਗੜ੍ਹ ਨੇੜਲੇ ਇੱਕ ਪਿੰਡ ਵਿਚ ਬਹੁਤ ਸਾਰੀ ਜ਼ਮੀਨ ਉਤੇ ਨਾਜਾਇਜ਼ ਕਬਜ਼ਾ ਕਰੀ ਬੈਠਾ ਸੀ। ਸਿਵਲ ਤੇ ਪੁਲਿਸ ਦੋਵਾਂ ਦੇ ਕਈ ਅਫਸਰਾਂ ਵੱਲੋਂ ਇਹੋ ਜਿਹੇ ਕਬਜ਼ੇ ਕੀਤੇ ਗਏ ਜਾਂ ਕੀਤੇ ਜਾ ਰਹੇ ਸੁਣੀਂਦੇ ਹਨ। ਕੀ ਬਾਦਲ ਸਾਹਿਬ ਨੂੰ ਇਸ ਦਾ ਪਤਾ ਨਹੀਂ, ਤੇ ਜੇ ਪਤਾ ਹੈ ਤਾਂ ਫਿਰ ਉਹ ਇਸ ਵਿਹਾਰ ਨੂੰ ਰੋਕਣ ਲਈ ਕੁਝ ਕਰਦੇ ਕਿਉਂ ਨਹੀਂ?
ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਅੱਜ-ਕੱਲ੍ਹ ਥਾਂ-ਥਾਂ ਲੋਕ ਅਕਾਲੀ ਲੀਡਰਾਂ ਦੇ ਸਿੱਧੇ ਵਿਰੋਧ ਦਾ ਰਾਹ ਫੜਨ ਲੱਗ ਪਏ ਹਨ। ਮੋਹਾਲੀ ਵਿਚ ਇੱਕ ਖਿਝੇ ਹੋਏ ਬੰਦੇ ਨੇ ਇੱਕ ਮੰਤਰੀ ਦੀ ਕਾਰ ਹੇਠ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਜ਼ਖਮੀ ਹੋ ਕੇ ਹਸਪਤਾਲ ਜਾ ਪਿਆ ਹੈ। ਉਸੇ ਸ਼ਹਿਰ ਵਿਚ ਇੱਕ ਦਿਨ ਕੁਝ ਟੀਚਰਾਂ ਨੇ ਰੋਸ ਕਰਨ ਦਾ ਪ੍ਰੋਗਰਾਮ ਬਣਾਇਆ ਤਾਂ ਪੁਲਿਸ ਨੇ ਰੋਸ ਕਰਦੀਆਂ ਲੇਡੀ ਟੀਚਰਾਂ ਨੂੰ ਉਥੋਂ ਫੜ ਕੇ ਨਵਾਂ ਸ਼ਹਿਰ ਨੇੜੇ ਪਿੰਡਾਂ ਵਿਚ ਲਿਜਾ ਸੁੱਟਿਆ। ਇਨ੍ਹਾਂ ਵਿਚ ਇੱਕ ਕੁੜੀ ਬਾਦਲ ਸਾਹਿਬ ਦੇ ਆਪਣੇ ਪਿੰਡ ਦੀ ਸੀ। ਹੈਰਾਨੀ ਵਾਲੀ ਖਬਰ ਇਹ ਹੈ ਕਿ ਜਦੋਂ ਇਨ੍ਹਾਂ ਕੁੜੀਆਂ ਨੂੰ ਫੜਿਆ ਗਿਆ, ਇੱਕ ਡੀ ਐਸ ਪੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਅਸੀਂ ਇਹ ਕੁੜੀਆਂ ਪਾਕਿਸਤਾਨ ਵਿਚ ਭੇਜ ਦਿਆਂਗੇ। ਏਡੀ ਬਦ-ਜ਼ਬਾਨੀ ਕਰਨ ਵਾਲੇ ਅਫਸਰ ਬਾਰੇ ਪੰਜਾਬ ਦੇ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਨੇ ਕੋਈ ਨੋਟਿਸ ਲੈਣ ਦੀ ਲੋੜ ਹੀ ਨਹੀਂ ਸਮਝੀ। ਇਸ ਪਿੱਛੇ ਕਾਰਨ ਕਿਤੇ ਇਹ ਤਾਂ ਨਹੀਂ ਕਿ ਲੋਕ ਹੁਣ ਪੁਲਿਸ ਦੀ ਕੁੱਟ ਦੀ ਪਰਵਾਹ ਕੀਤੇ ਬਿਨਾਂ ਜਿਵੇਂ ਥਾਂ-ਥਾਂ ਹਾਕਮ ਧਿਰ ਦੇ ਆਗੂਆਂ ਤੇ ਮੰਤਰੀਆਂ ਦੇ ਵਿਰੋਧ ਵਿਚ ਬੋਲਣ ਲੱਗ ਪਏ ਹਨ, ਉਸ ਵਿਚ ਪੁਲਿਸ ਦੀ ਪਿੱਠ ਠੋਕਣਾ ਵੱਧ ਜ਼ਰੂਰੀ ਹੋ ਗਿਆ ਹੈ ਤੇ ਉਸ ਦੇ ਵਿਚਲੇ ਮਾੜੇ ਅਨਸਰਾਂ ਦੇ ਇਹ ਕਾਰੇ ਅਣਡਿੱਠ ਕਰਨੇ ਮੁੱਖ ਮੰਤਰੀ ਦੀ ਮਜਬੂਰੀ ਬਣਦੇ ਜਾ ਰਹੇ ਹਨ? ਪੰਜਾਬ ਦੇ ਲੋਕਾਂ ਵਿਚ ਜੇ ਇਹ ਧਾਰਨਾ ਪੈਦਾ ਹੁੰਦੀ ਹੈ ਤਾਂ ਕਿਸ ਦੇ ਖਿਲਾਫ ਜਾਵੇਗੀ, ਇਹ ਦੱਸਣ ਦੀ ਲੋੜ ਨਹੀਂ।
ਪੁਲਿਸ ਤਾਂ ਪੁਲਿਸ ਹੈ, ਇਹ ਹਰ ਰਾਜ ਦੇ ਹਾਕਮਾਂ ਦੀ ਸੇਵਾ ਲਈ ਹਾਜ਼ਰ ਹੈ। ਇਸ ਅੰਦਰਲੇ ਮਾੜੇ ਅਨਸਰ ਹਰ ਹਾਕਮ ਦੀ ਕਮਜ਼ੋਰੀ ਦਾ ਲਾਭ ਲੈ ਕੇ ਚਾਰ ਕੰਮ ਉਨ੍ਹਾਂ ਦੇ ਕਹੇ ਕਰਨ ਪਿੱਛੋਂ ਅੱਠ ਆਪਣੇ ਕਰੀ ਜਾਂਦੇ ਹਨ। ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸਮਾਂ ਹੁਣ ਮਸਾਂ ਸਵਾ ਦੋ ਸਾਲ ਦਾ ਬਾਕੀ ਹੈ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਵੇਲੇ ਕੇਂਦਰ ਵਿਚ ਸਰਕਾਰ ਉਹ ਨਹੀਂ ਹੋਣੀ, ਜਿਸ ਦਾ ਕਾਂਗਰਸੀ ਪ੍ਰਧਾਨ ਮੰਤਰੀ ਨਿੱਜੀ ਕਾਰਨਾਂ ਕਰ ਕੇ ਬਾਦਲਾਂ ਦੇ ਨਾਲ ਵਿਗਾੜ ਪੈਣ ਤੋਂ ਡਰਦਾ ਸੀ। ਹੁਣ ਉਥੇ ਨਰਿੰਦਰ ਮੋਦੀ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਹੜਾ ਕਈ ਵਰ੍ਹੇ ਪੁਰਾਣੀਆਂ ਕਿੜਾਂ ਵੀ ਭੁੱਲਣ ਦਾ ਆਦੀ ਨਹੀਂ। ਇਹ ਗੱਲ ਸ਼ਾਇਦ ਬਾਦਲ ਸਾਹਿਬ ਭੁਲਾਈ ਬੈਠੇ ਹਨ। ਬਾਕੀ ਰਹਿੰਦੇ ਦੋ ਸਾਲਾਂ ਵਿਚੋਂ ਆਖਰੀ ਸਾਲ ਤਾਂ ਸਰਕਾਰ ਹੁੰਦੀ ਹੋਈ ਵੀ ਅਣਹੋਈ ਹੋ ਜਾਂਦੀ ਹੈ, ਇਹੋ ਵਕਤ ਹੈ ਕਿ ਇਸ ਵਿਗਾੜ ਨੂੰ ਸੰਭਾਲ ਲਿਆ ਜਾਵੇ, ਪਰ ਅਜੇ ਇਹ ਲੱਗਦਾ ਨਹੀਂ ਕਿ ਬਾਦਲ ਸਾਹਿਬ ਨੂੰ ਇਸ ਦੀ ਕੋਈ ਚਿੰਤਾ ਵੀ ਹੈ।
Leave a Reply