ਬਲਜੀਤ ਬਾਸੀ
ਇਸਤਰੀ ਨੂੰ ਸਮਾਜ ਵਿਚ ਦੂਜੇ ਦਰਜੇ ਦਾ ਰੁਤਬਾ ਨਸੀਬ ਰਿਹਾ ਹੈ, ਭਾਰਤ ਵਿਚ ਕਈ ਸਥਿਤੀਆਂ ਵਿਚ ਸ਼ੂਦਰ ਸਮਾਨ। ਇਸ ਦੀ ਜਾਤ ਨੂੰ ਛੁਟਿਆਉਂਦੀਆਂ ਅਨੇਕਾਂ ਕਹਾਵਤਾਂ, ਕਥਾਵਾਂ, ਉਕਤੀਆਂ ਦਾ ਕੋਈ ਅੰਤ ਨਹੀਂ। ਔਰਤ ਮਰਦ ਦੇ ਪੈਰਾਂ ਦੀ ਜੁੱਤੀ ਹੈ, ਇਸ ਦੀ ਗੁੱਤ ਪਿੱਛੇ ਮੱਤ ਹੁੰਦੀ ਹੈ ਜੋ ਕਿ ਪੀਲੂ ਅਨੁਸਾਰ “ਖੁਰੀ” ਹੁੰਦੀ ਹੈ। “ਤੀਵੀਂ ਰੱਖ ਨੀਵੀਂ” ਦਾ ਸੰਦੇਸ਼ਾ ਆਮ ਹੀ ਹੈ। ਕੰਨਿਆ ਦਾ ਜੰਮਣਾ ਨਮੋਸ਼ੀ ਦਾ ਕਾਰਨ ਹੈ, ਹੁਣ ਤਾਂ ਇਸ ਨੂੰ ਜੰਮਣ ਤੋਂ ਵੀ ਰੋਕਣ ਦੇ ਪ੍ਰਬੰਧ ਕਰ ਲਏ ਜਾਂਦੇ ਹਨ। ਇਸਤਰੀ ਨੂੰ ਚਲਿੱਤਰ ਕਰਨ ਵਾਲੀ, ਮਰਦਾਂ ਨੂੰ ਨੇਕ ਕੰਮਾਂ ਤੋਂ ਭਟਕਾਉਣ ਵਾਲੀ ਅਤੇ ਅਨੇਕਾਂ ਪੁਆੜਿਆਂ ਦੀ ਜੜ੍ਹ ਮੰਨਿਆ ਜਾਂਦਾ ਰਿਹਾ ਹੈ। ਕਿੱਸਾਕਾਰਾਂ ਨੇ ਇਸਤਰੀ ਜਾਤੀ ਨੂੰ ਰੱਜ ਕੇ ਭੰਡਿਆ ਹੈ। ਜੰਗਨਾਮਾ ਦੇ ਕਰਤਾ ਸ਼ਾਹ ਮੁਹੰਮਦ ਨੇ “ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ, ਲੰਕਾ ਵਿਚ ਤਾਂ ਰਾਵਣ ਕੁਹਾਇ ਦਿੱਤਾ, ਕੌਰਵਾਂ ਪਾਡਵਾਂ ਨਾਲ ਕੀ ਭਲਾ ਕੀਤਾ, ਠਾਰਾਂ ਕੂਹਣੀਆਂ ਕਟਕ ਮੁਕਾਇ ਦਿੱਤਾ।” ਕਹਿ ਕੇ ਗੱਲ ਸਿਰੇ ਹੀ ਲਾ ਦਿੱਤੀ ਹੈ। ਇਸਤਰੀ ਲਈ ਰੰਨ ਸ਼ਬਦ ਹੀ ਨਿਖੇਧੀਸੂਚਕ ਹੈ। ਤੁਲਸੀ ਦਾਸ ਜਿਹੇ ਕਵੀ ਅਜਿਹਾ ਲਿਖ ਗਏ ਹਨ, “ਢੋਲ, ਗੰਵਾਰ, ਸ਼ੂਦਰ, ਪਸ਼ੂ ਨਾਰੀ; ਤੀਨੋਂ ਤਾੜਨ ਕੇ ਅਧਿਕਾਰੀ।” 1988 ਵਿਚ ਇਕ ਹਿੰਦੀ ਫਿਲਮ ਬਣੀ ਸੀ, “ਔਰਤ ਤੇਰੀ ਯਹੀ ਕਹਾਨੀ” ਜਿਸ ਦੇ ਮੁਖ ਗੀਤ ਦੇ ਬੋਲ ਸਨ, “ਔਰਤ ਤੇਰੀ ਯਹੀ ਕਹਾਨੀ, ਸੇਵਾ ਤਿਆਗ ਖਿਮਾ ਕੁਰਬਾਨੀ, ਸਦੀਓਂ ਸੇ ਹੈ ਤੇਰੀ ਨਿਸ਼ਾਨੀ।” ਸਾਹਿਰ ਦਾ ਗੀਤ “ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ” ਔਰਤ ਦੀ ਵੇਦਨਾ ਨੂੰ ਬੜੇ ਮਾਰਮਿਕ ਢੰਗ ਨਾਲ ਪੇਸ਼ ਕਰਦਾ ਹੈ। ਇਸਤਰੀ ਨਾਲ ਸਬੰਧਤ ਸ਼ਬਦਾਂ ਦੀ ਇਕ ਖਾਸੀਅਤ ਹੈ ਕਿ ਮਰਦ ਜਾਤ ਅਕਸਰ ਇਸਤਰੀ ਨੂੰ ਕਾਮ ਦੀ ਵਸਤੂ ਸਮਝਦੇ ਹੋਏ ਇਨ੍ਹਾਂ ਦੇ ਉਚਾਰਨ ਵਿਚੋਂ ਇਕ ਕਾਮੁਕ ਸੁਆਦ ਵੀ ਲੈਂਦੇ ਹਨ। ਮਿਸਾਲ ਵਜੋਂ “ਉਹ ਤੀਵੀਂ ਕੱਢ ਲਿਆਇਆ।” ਇਸਤਰੀ ਨੂੰ ਐਵੇਂ ਨਹੀਂ ਅਬਲਾ ਕਿਹਾ ਗਿਆ। ਸ਼ੇਕਸਪੀਅਰ ਜਿਹੇ ਲਿਖ ਗਏ ਹਨ, “ਕਮਜ਼ੋਰੀ ਤੇਰਾ ਨਾਂ ਔਰਤ ਹੈ।” ਪੰਜਾਬੀ ਵਿਚ ਇਸਤਰੀ ਨੂੰ ਤੀਵੀਂ ਮਾਨੀ ਕਿਹਾ ਜਾਂਦਾ ਹੈ। ਅੰਮ੍ਰਿਤਾ ਪ੍ਰੀਤਮ ਨੇ ਇਸ ਨੂੰ ਜਨਮ ਜਲੀ ਕਿਹਾ।
ਕਿਸੇ ਵੀ ਧਰਮ ਨੇ ਔਰਤ ਨੂੰ ਮਰਦ ਦੇ ਬਰਾਬਰ ਦੀ ਹੈਸੀਅਤ ਤਾਂ ਕੀ ਦੇਣੀ ਸੀ, ਇਸ ਨੂੰ ਥੱਲੇ ਹੀ ਥੱਲੇ ਲਾਇਆ ਹੈ। ਭਾਰਤ ਵਿਚ ਇਸਲਾਮ ਦੇ ਪ੍ਰਵੇਸ਼ ਤੋਂ ਪਹਿਲਾਂ ਔਰਤ ਦੀ ਦੁਰਦਸ਼ਾ ਘਟ ਨਹੀਂ ਸੀ ਪਰ ਇਸਲਾਮੀ ਰਹਿਤ ਨੇ ਇਸ ਉਤੇ ਹੋਰ ਪਰਤਾਂ ਚਾੜ੍ਹ ਦਿੱਤੀਆਂ। ਕਿਹਾ ਜਾਂਦਾ ਹੈ ਕਿ ਪਰਦੇ ਦੀ ਰਸਮ ਇਸਲਾਮ ਦੀ ਆਮਦ ਨਾਲ ਹੋਈ। ਇਸਲਾਮ ਅਨੁਸਾਰ ਔਰਤ ਮਰਦ ਦੇ ਗੁਪਤ ਅੰਗ ਢਕੇ ਹੋਣੇ ਚਾਹੀਦੇ ਹਨ। ਪਰ ਔਰਤ ਦੇ ਸਬੰਧ ਵਿਚ ਇਕ ਤਰ੍ਹਾਂ ਨਾਲ ਉਸ ਦਾ ਸਾਰਾ ਸਰੀਰ ਹੀ ਗੁਪਤ ਅੰਗ ਹੈ। ਔਰਤ ਦੇ ਸਰੀਰ ਨੂੰ ਬਿਨਾ ਕੰਧਾਂ ਦੇ ਘਰ ਬਿਆਨਿਆ ਗਿਆ ਹੈ ਜੋ ਕਿਸੇ ਹਮਲੇ ਤੋਂ ਮਹਿਫੂਜ਼ ਨਹੀਂ। ਇਸੇ ਕਾਰਨ ਔਰਤਾਂ ਵਿਚ ਬੁਰਕਾ ਪਾਉਣ, ਪਰਦਾ ਜਾਂ ਹਿਜਾਬ ਕਰਨ ਅਤੇ ਇਸ ਦੀ ਸ਼ਖਸੀ ਆਜ਼ਾਦੀ ਨੂੰ ਸੁੰਗੇੜਨ ਦੀਆਂ ਰਵਾਇਤਾਂ ਹਨ। ਔਰਤ ਸ਼ਬਦ ਦੀ ਵਿਉਤਪਤੀ ਵਿਚ ਹੀ ਅਸੀਂ ਅਜਿਹੇ ਅੰਸ਼ ਦੇਖਾਂਗੇ। ਭਾਵੇਂ ਇਸਤਰੀ ਲਈ ਪੰਜਾਬੀ ਵਿਚ ਵਧੇਰੇ ਪ੍ਰਚਲਤ ਸ਼ਬਦ ਤੀਵੀਂ ਹੀ ਹੈ ਪਰ ਪ੍ਰਸੰਗ ਅਨੁਸਾਰ ਹੋਰ ਸ਼ਬਦ ਵੀ ਕਾਫੀ ਵਰਤ ਲਏ ਜਾਂਦੇ ਹਨ ਜਿਵੇਂ ਇਸਤਰੀ, ਤ੍ਰੀਮਤ, ਬੁੜੀ, ਮਹਿਲਾ, ਨਾਰੀ, ਰੰਨ, ਜ਼ਨਾਨੀ, ਔਰਤ ਆਦਿ। ਆਮ ਤੌਰ ‘ਤੇ ਕਈ ਭਾਸ਼ਾਵਾਂ ਵਿਚ ਇਸਤਰੀ ਲਈ ਵਰਤੇ ਜਾਂਦੇ ਅਨੇਕਾਂ ਸ਼ਬਦ ਪਤਨੀਸੂਚਕ ਵੀ ਹੁੰਦੇ ਹਨ। ਔਰਤ ਸ਼ਬਦ ਭਾਵੇਂ ਬਹੁਤਾ ਸ਼ਹਿਰੀ ਜਾਂ ਪੜ੍ਹੇ ਲਿਖੇ ਲੋਕ ਹੀ ਵਰਤਦੇ ਹਨ ਪਰ ਪਿੰਡਾਂ ਵਿਚ ਵੀ ਕਾਫੀ ਪ੍ਰਚਲਤ ਹੋ ਗਿਆ ਹੈ।
ਔਰਤ ਸ਼ਬਦ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਫਾਰਸੀ ਵਲੋਂ ਆਇਆ। ਉਰਦੂ ਵਿਚ ਇਸਤਰੀ ਲਈ ਇਹ ਆਮ ਹੀ ਲਫਜ਼ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਭਗਤ ਕਬੀਰ ਅਤੇ ਗੁਰੂ ਅਰਜਨ ਦੇਵ ਵਲੋਂ ਵਰਤਿਆ ਮਿਲਦਾ ਹੈ। ਕਬੀਰ ਸਾਹਿਬ ਨੇ ਇਹ ਸ਼ਬਦ ਦੋ ਵਾਰੀ ਵਰਤਿਆ ਹੈ। ਉਨ੍ਹਾਂ ਦੀ ਪ੍ਰਸਿੱਧ ਤੁਕ ਹੈ, “ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤ ਕਾ ਕਿਆ ਕਰੀਐ।” ਅਰਥਾਤ ਸੁੰਨਤ ਕਰਨ ਨਾਲ ਜੇ ਕੋਈ ਸੱਚਾ ਮੁਸਲਮਾਨ ਬਣ ਜਾਂਦਾ ਹੈ ਤਾਂ ਔਰਤ ਦਾ ਕੀ ਕੀਤਾ ਜਾਵੇ? ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, “ਕਾਇਆ ਕਿਰਦਾਰ ਅਉਰਤ ਯਕੀਨਾ॥” ਮਤਲਬ ਮਨੁਖ ਨੂੰ ਆਪਣੀ ਦੇਹ ਹੀ ਵਫਾਦਾਰ ਪਤਨੀ ਰੂਪੀ ਬਣਾ ਲੈਣੀ ਚਾਹੀਦੀ ਹੈ।
ਮੇਰੇ ਪਿੰਡ ਵਿਚ ਇਕ ਅਨਪੜ੍ਹ ਔਰਤ ਦਾ ਪਤੀ ਬੜਾ ਪੜ੍ਹਿਆ ਲਿਖਿਆ ਸੀ। ਉਹ ਜਦ ਆਪਣੀ ਘਰਵਾਲੀ ਤੋਂ ਖਿਝਿਆ ਹੁੰਦਾ ਤਾਂ ਉਸ ਨੂੰ ਕੁਝ ਇਸ ਤਰ੍ਹਾਂ ਕੋਸਦਾ ਹੁੰਦਾ ਸੀ, “ਔਰਤ ਹੈ ਸਾਲੀ, ਗੱਲ ਮੰਨੇਗੀ ਹੀ ਨਹੀਂ।” ਉਧਰੋਂ ਔਰਤ ਵੀ ਅੱਗੋਂ ਭਬੂਕਾ ਹੋਈ ਫੱਟ ਉਤਰ ਦਿੰਦੀ, “ਨਾ ਮੈਂ ਨਹੀਂ ਤੇਰੀ ਔਰਤ ਊਰਤ।” ਉਸ ਨੂੰ ਸ਼ਾਇਦ ਲਗਦਾ ਸੀ ਕਿ ਔਰਤ ਸ਼ਬਦ ਵਿਚ ਕੋਈ ਘਟੀਆਪਣ ਦੀ ਪਾਹ ਚੜ੍ਹੀ ਹੋਈ ਹੈ। ਉਸ ਦਾ ਇਹ ਤੌਖਲਾ ਕਾਫੀ ਹੱਦ ਤੱਕ ਵਾਜਿਬ ਹੈ। ਔਰਤ ਸ਼ਬਦ ਦੇ ਪਿਛੋਕੜ ਵਿਚ ਬਹੁਤ ਤ੍ਰਿਸਕਾਰਮਈ ਅਤੇ ਚੋਭਵੇਂ ਭਾਵ ਬੈਠੇ ਹੋਏ ਹਨ। ਔਰਤ ਸ਼ਬਦ ਅਸਲ ਵਿਚ ਅਰਬੀ ਸ੍ਰੋਤ ਦਾ ਹੈ ਪਰ ਇਸ ਜ਼ਬਾਨ ਵਿਚ ਨਾ ਇਸ ਦਾ ਇਹ ਰੂਪ ਹੈ ਤੇ ਨਾ ਹੀ ਇਸਤਰੀ ਵਾਲੇ ਅਰਥ। ਅਰਬੀ ਵਿਚ ਇਕ ਸ਼ਬਦ ਹੈ “ਔਰਾਹ” ਜਿਸ ਤੋਂ ਫਾਰਸੀ ਵਿਚ ਆ ਕੇ ਇਸ ਸ਼ਬਦ ਨੇ “ਔਰਤ” ਦਾ ਰੂਪ ਧਾਰਨ ਕੀਤਾ ਤੇ ਇਸਤਰੀ ਦਾ ਅਰਥਾਵਾਂ ਬਣਿਆ। ਇਸਲਾਮੀ ਧਰਮ ਅਨੁਸਾਰ ਔਰਾਹ ਇਕ ਮਹੱਤਵਪੂਰਨ ਸੰਕਲਪ ਹੈ ਜਿਸ ਦੀ ਚਰਚਾ ਕਰਨੀ ਬਣਦੀ ਹੈ। ਔਰਾਹ ਸ਼ਬਦ ਦਾ ਧਾਤੂ ਹੈ ḔਅਵਰḔ (ਐਨ-ਵਾ-ਰੇ) ਜਿਸ ਦਾ ਅਰਥ ਹੈ, ਕਾਣਾ ਹੋਣਾ ਜਾਂ ਕਰਨਾ, ਨੁਕਸਾਨ ਪਹੁੰਚਾਉਣਾ ਜਿਸ ਤੋਂ ਇਸ ਵਿਚ ਨੁਕਸ, ਤਰੁਟੀ, ਅਧੂਰਾਪਣ, ਕਲੰਕ, ਦਾਗ, ਕਮਜ਼ੋਰੀ, ਨੰਗੇਜ ਆਦਿ ਦੇ ਭਾਵ ਵਿਕਸਿਤ ਹੋਏ। ਫਾਰਸੀ ਵਿਚ ਇਸ ਤੋਂ ਬਣੇ ਔਰਤ ਸ਼ਬਦ ਵਿਚ ਨੰਗੇਜ ਜਾਂ ਸ਼ਰਮ ਅਤੇ ਨੌਜਵਾਨ ਔਰਤ, ਮੁਟਿਆਰ ਦੇ ਭਾਵ ਆ ਗਏ। ਨੰਗਾਪਣ ਅਤੇ ਸ਼ਰਮ ਦੇ ਭਾਵ ਜੁੜਵੇਂ ਹਨ, ਧਿਆਨ ਦਿਓ ਜਦ ਬੱਚਾ ਪੂਰਾ ਨੰਗਾ ਹੋ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾ “ਸ਼ੇਮ ਸ਼ੇਮ ਹੋ ਗਈ”, ਅਰਥਾਤ ਅਸੀਂ ਬੱਚੇ ਨੂੰ ਇਕ ਤਰ੍ਹਾਂ ਨਾਲ ਇਹ ਸਿਖਾਉਂਦੇ ਹਾਂ ਕਿ ਅਲਫ ਨੰਗਾ ਹੋਣਾ ਸ਼ਰਮਨਾਕ ਗੱਲ ਹੈ। ਔਰਤ ਦਾ ਇਹ ਗੁਣ ਸਮਝਿਆ ਜਾਂਦਾ ਹੈ ਕਿ ਉਹ ਲੱਜਾ ਤੋਂ ਸੁਚੇਤ ਰਹੇ ਤੇ ਢਕੀ ਰਹੇ। ਸਾਡੇ ਸਮਾਜ ਵਿਚ ਆਦਰਸ਼ਕ ਇਸਤਰੀ ਲੱਜਾ ਦੀ ਮੂਰਤ ਹੈ, ਲੱਜਿਆਵਤੀ ਹੈ। ਅੰਗੇਰਜ਼ੀ ਸ਼ਬਦ ਪੁਦeਨਦੁਮ ਦਾ ਅਰਥ ਜ਼ਨਾਨਾ ਗੁਪਤ ਅੰਗ, ਭਗ ਹੈ ਤੇ ਇਸ ਨਾਲ ਸਬੰਧਤ ਸ਼ਬਦ ਪੁਦeਨਚੇ ਦਾ ਅਰਥ ਲੱਜਾ, ਸ਼ਰਮ ਹੈ। ਇਹ ਸ਼ਬਦ ਲਾਤੀਨੀ ਅਸਲੇ ਦਾ ਹੈ ਜਿਸ ਵਿਚ ਇਸ ਦੇ ਮੁਢਲੇ ਅਰਥ ਹਨ “ਸ਼ਰਮ ਵਾਲੀ ਗੱਲ ਜਾਂ ਜਿਸ ਤੋਂ ਸ਼ਰਮ ਆਵੇ।” ਸੰਸਕ੍ਰਿਤ ਵਲੋਂ ਆਏ ਸ਼ਬਦ ਕਲੱਤਰ ਦਾ ਅਰਥ ਪਤਨੀ ਦੇ ਨਾਲ ਨਾਲ “ਜ਼ਨਾਨਾ ਗੁਪਤ ਅੰਗ” ਵੀ ਹੈ।
ਕੁਰਾਨ ਵਿਚ ਆਏ ਔਰਾਹ ਸ਼ਬਦ ਤੋਂ ਨੰਗੇਪਣ ਅਤੇ ਅਸੁਰੱਖਿਅਤ ਜਾਂ ਕਮਜ਼ੋਰ ਦੇ ਭਾਵ ਹਨ। ਹਦੀਸ਼ ਅਨੁਸਾਰ ਇਸ ਤੋਂ ਭਾਵ ਸਰੀਰ ਦੇ ਉਹ ਅੰਗ ਹਨ ਜੋ ਕੱਜੇ ਜਾਣੇ ਚਾਹੀਦੇ ਹਨ। ਅਸੀਂ ਇਸ ਨੂੰ ਨੰਗ ਵੀ ਕਹਿ ਸਕਦੇ ਹਾਂ। ਕੱਜਣਯੋਗ ਅੰਗ ਜਾਂ ਸਰੀਰ ਦਾ ਹਿੱਸਾ ਔਰਤ ਤੇ ਮਰਦ ਲਈ ਵਖੋ ਵੱਖ ਹਨ। ਮੁਕਾਮੀ ਰਵਾਇਤਾਂ ਕਾਰਨ ਵੀ ਫਰਕ ਹੋ ਸਕਦਾ ਹੈ। ਮੋਟੇ ਤੌਰ ‘ਤੇ ਮਰਦਾਂ ਲਈ ਧੁੰਨੀ ਤੋਂ ਗੋਡਿਆਂ ਤੱਕ ਦੇ ਸਰੀਰ ਨੂੰ ਢਕਣਾ ਯੋਗ ਹੈ ਜਦ ਕਿ ਔਰਤ ਲਈ ਮੂੰਹ ਤੋਂ ਬਿਨਾ ਬਾਕੀ ਸਾਰਾ ਸਰੀਰ ਹੀ ਕੱਜਣਾ ਸ਼ੋਭਨੀਕ ਹੈ। ਨਕਾਬ ਪਹਿਨਣ ਵਾਲੀਆਂ ਮੁਸਲਮਾਨ ਔਰਤਾਂ ਦੀਆਂ ਤਾਂ ਅੱਖਾਂ ਹੀ ਦਿਸਦੀਆਂ ਹੁੰਦੀਆਂ ਹਨ। ਇਸ ਲਈ ਕਈਆਂ ਅਨੁਸਾਰ ਔਰਾਹ ਸ਼ਬਦ ਦੇ ਕਾਣਾਪਨ ਵਾਲੇ ਅਰਥ ਇਥੋਂ ਵਿਕਸਤ ਹੋਏ ਮੰਨੇ ਜਾਂਦੇ ਹਨ, ਪਰ ਸੱਚਾਈ ਇਸ ਤੋਂ ਉਲਟ ਜਾਪਦੀ ਹੈ। ਭਾਵੇਂ ਇਸਲਾਮਕ ਹਦਾਇਤਾਂ ਅਨੁਸਾਰ ਔਰਾਹ ਸ਼ਬਦ ਮਰਦਾਂ ਤੇ ਔਰਤਾਂ- ਦੋਵਾਂ ਦੇ ਨੰਗੇਪਣ ਵੱਲ ਸੰਕੇਤ ਕਰਦਾ ਹੈ ਪਰ ਇਸ ਵਿਚ ਵਧੇਰੇ ਜ਼ੋਰ ਔਰਤਾਂ ‘ਤੇ ਹੀ ਹੈ। ਕੁਝ ਹਦਾਇਤਾਂ ਦਾ ਜ਼ਿਕਰ ਕਰਦੇ ਹਾਂ। ਨਮਾਜ਼ ਵਕਤ ਚਿਹਰੇ ਤੇ ਹੱਥਾਂ ਤੋਂ ਬਿਨਾਂ ਔਰਤਾਂ ਦਾ ਸਾਰਾ ਜਿਸਮ ਕੱਜਿਆ ਹੋਣਾ ਚਾਹੀਦਾ ਹੈ। ਮੱਥਾ ਅਤੇ ਠੋਡੀ ਵੀ ਢਕੀ ਹੋਣੀ ਚਾਹੀਦੀ ਹੈ। ਗੁਸਲ ਆਦਿ ਤੋਂ ਬਿਨਾਂ ਮਰਦ ਔਰਤਾਂ ਲਈ ਹਮੇਸ਼ਾ ਆਪਣਾ ਨੰਗ ਢਕ ਕੇ ਰੱਖਣ ਦੀ ਹਦਾਇਤ ਹੈ। ਔਰਤ ਨੂੰ ਉਸ ਬੱਚੇ ਅੱਗੇ ਵੀ ਔਰਾਹ ਨਿਭਾਉਣਾ ਚਾਹੀਦਾ ਹੈ ਜੋ ਖੁਦ ਔਰਾਹ ਬਾਰੇ ਸੁਚੇਤ ਹੈ। ਕੁਝ ਇਸਲਾਮੀ ਵਿਦਵਾਨਾਂ ਅਨੁਸਾਰ ਔਰਤ ਦੀ ਆਵਾਜ਼ ਵੀ ਔਰਾਹ ਦੇ ਘੇਰੇ ਵਿਚ ਆਉਂਦੀ ਹੈ। ਔਰਤ ਲਈ ਮਧੁਰ, ਮੰਦ ਅਤੇ ਮਰਦ-ਭਰਮਾਵੀਂ ਆਵਾਜ਼ ਵਿਚ ਬੋਲਣ ਤੋਂ ਮਨਾਹੀ ਹੈ।
ਚਲਦੇ-ਚਲਦੇ ਮੈਂ ਇਕ ਸੁਝਾਅ ਦੇਣਾ ਚਾਹੁੰਦਾ ਹਾਂ। ਮਾਰੂ ਸੋਲਹੇ ਵਿਚ ਗੁਰੂ ਅਰਜਨ ਦੇਵ ਔਰਤ ਦਾ ਬਹੁਵਚਨ ḔਅਉਰਾਤḔ ਸ਼ਬਦ ਵਰਤਦੇ ਹਨ, “ਦਸ ਅਉਰਾਤ ਰਖਹੁ ਬਦ ਰਾਹੀ।” ਇਥੇ ਇਸ ਦਾ ਅਰਥ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਮਨੁਖ ਦੀਆਂ ਦਸ ਇੰਦਰੀਆਂ ਹੀ ਔਰਤਾਂ ਦੇ ਨਿਆਈ ਹਨ ਅਰਥਾਤ ਜਿਨ੍ਹਾਂ ਨਾਲ ਪਦਾਰਥਕ ਜਗਤ ਦੇ ਵਿਸ਼ੇ ਵਸਤੂ ਭੋਗੇ ਜਾਂਦੇ ਹਨ ਅਤੇ ਮਨੁਖ ਨੂੰ ਇਨ੍ਹਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਪਦ ਵਿਚ ਸਾਰੇ ਇਸਲਾਮੀ ਪ੍ਰਸੰਗ ਹਨ। ਸੋ ਕਿਉਂ ਨਾ ਇਸ ਦਾ ਅਰਥ ਔਰਾਹ ਜਿਹਾ ਕੀਤਾ ਜਾਵੇ ਅਰਥਾਤ ਢਕਣਯੋਗ ਅੰਗ, ਭਗ, ਕਮਜ਼ੋਰੀਆਂ, ਖਰਾਬੀਆਂ ਭਾਵੇਂ ਸੰਕੇਤ ਫਿਰ ਵੀ ਦਸ ਇੰਦਰੀਆਂ ਵੱਲ ਹੀ ਹੋਵੇ ਜੋ ਮਨੁਖ ਨੂੰ ਕਮਜ਼ੋਰੀਆਂ ਵੱਲ ਖਿਚਦੀਆਂ ਹਨ।
ਔਰਾਹ ਹਦਾਇਤਾਂ ਵਿਚ ਬਹੁਤਾ ਜ਼ੋਰ ਔਰਤ ਦੇ ਨੰਗੇਜ ਬਾਰੇ ਹੋਣ ਕਾਰਨ ਇਹ ਸ਼ਬਦ ਫਾਰਸੀ ਵਿਚ ਔਰਤ ਦੇ ਰੂਪ ਵਿਚ ਆ ਕੇ ਇਸਤਰੀ ਦਾ ਹੀ ਅਰਥਾਵਾਂ ਬਣ ਗਿਆ। ਔਰਤ ਸ਼ਬਦ ਦੇ ਭਾਵ ਇਥੇ ਹੀ ਸਪੱਸ਼ਟ ਹੁੰਦੇ ਹਨ ਅਰਥਾਤ ਉਹ ਜੋ ਆਪਣਾ ਸਾਰਾ ਸਰੀਰ ਢਕੀ ਰੱਖੇ। ਅਰਬੀ ਤੋਂ ਭੇਸ ਬਦਲ ਕੇ ਫਾਰਸੀ ਵਿਚ ਆਇਆ ਇਹ ਸ਼ਬਦ ਅੱਗੋਂ ਉਰਦੂ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਦਾਖਿਲ ਹੋਇਆ। ਇਸ ਚਰਚਾ ਤੋਂ ਇਹ ਸਿੱਟਾ ਨਹੀਂ ਕੱਢਿਆ ਜਾਣਾ ਚਾਹੀਦਾ ਕਿਉਂਕਿ ਔਰਤ ਸ਼ਬਦ ਪਿਛੇ ਨੰਗੇਜ, ਅਪੂਰਨਤਾ, ਨੁਕਸ, ਸ਼ਰਮ ਆਦਿ ਦੇ ਭਾਵ ਹਨ ਇਸ ਲਈ ਇਸ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੁਝ ਹਲਕਿਆਂ ਵਲੋਂ ਅਜਿਹਾ ਪ੍ਰਚਾਰ ਕੀਤਾ ਜਾਂਦਾ ਹੈ ਪਰ ਅਸੀਂ ਸਮਝਦੇ ਹਾਂ ਕਿ ਸ਼ਬਦਾਂ ਨੂੰ ਇਨ੍ਹਾਂ ਦੇ ਵਰਤਮਾਨ ਅਰਥਾਂ ਵਿਚ ਹੀ ਲਿਆ ਜਾਣਾ ਚਾਹੀਦਾ ਹੈ ਜਿਸ ਅਨੁਸਾਰ ਔਰਤ ਸ਼ਬਦ ਓਨਾ ਹੀ ਸਨਮਾਨਸੂਚਕ ਹੈ ਜਿੰਨਾ ਇਸਤਰੀ, ਨਾਰੀ ਜਾਂ ਫਾਰਸੀ ਸਰੋਤ ਵਾਲੇ ਜ਼ਨਾਨੀ, ਖਾਨਮ ਆਦਿ। ਪਤਨੀ ਲਈ ਅੰਗਰੇਜ਼ੀ ਸ਼ਬਦ ੱਿe ਦੀ ਕੁਝ ਵਿਦਵਾਨਾਂ ਅਨੁਸਾਰ ਕੀਤੀ ਜਾਂਦੀ ਨਿਰੁਕਤੀ ਅਨੁਸਾਰ ਵੀ ਇਸ ਪਿਛੇ ਕੋਈ ਸੁਖਾਵੇਂ ਭਾਵ ਨਹੀਂ। ਇਹ ਸ਼ਬਦ ਪ੍ਰਾਕ-ਜਰਮੈਨਿਕ ਮੂਲ ਦਾ ਹੈ। ਇਕ ਤਜਵੀਜ਼ ਅਨੁਸਾਰ ਇਹ ਸ਼ਬਦ ਭਾਰੋਪੀ ਮੂਲ ḔੱeਪਿḔ ਤੋਂ ਵਿਕਸਿਤ ਹੋਇਆ ਹੈ ਜਿਸ ਦਾ ਅਰਥ ਹੁੰਦਾ ਹੈ- ਵਲਣਾ, ਮੋੜਨਾ, ਲਪੇਟਣਾ। ਇਥੇ ਲੁਕਿਆ ਸੰਕੇਤ “ਲਪੇਟਿਆ, ਪਰਦਾਨਸ਼ੀਨ ਜਾਂ ਕੱਜਿਆ ਵਿਅਕਤੀ” ਵੱਲ ਹੈ। ਇਕ ਹੋਰ ਸੁਝਾਅ ਅਨੁਸਾਰ ਇਸ ਦਾ ਮੂਲ ਹੈ ḔਗਹੱਬਿਹḔ ਜਿਸ ਦਾ ਅਰਥ ਸ਼ਰਮ-ਸੰਗ ਵੀ ਹੈ ਤੇ ਗੁਪਤ ਅੰਗ ਵੀ। ਸ਼ਰਮ-ਭਗ-ਇਸਤਰੀ ਦਾ ਸੰਯੋਗ ਕਈ ਭਾਸ਼ਾਵਾਂ ਦੇ ਕਈ ਸ਼ਬਦਾਂ ਵਿਚ ਮਿਲਦਾ ਹੈ।
Leave a Reply