ਦਾਸਤਾਂ ਦੋ ਸ਼ਹੀਦਾਂ ਦੀ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅਣਖ ਤੇ ਸਵੈਮਾਣ ਦੀ ਬਹਾਲੀ ਲਈ ਲਹੂ ਭਿੱਜਿਆ ਇਤਿਹਾਸ ਰਚਣ ਵਾਲੇ ਸ਼ਹੀਦ ਸੂਰਮਿਆਂ ਦੀ ਗਾਥਾ ਲਿਖਣ ਲੱਗਿਆਂ ਕਲਮ ਨੂੰ ਵੀ ਦੰਦਲਾਂ ਪੈਂਦੀਆਂ ਹਨ। ਦਿਲ ਕਰਦਾ ਹੈ ਕਿ ਸ਼ਹਾਦਤਾਂ ਦੀ ਇਬਾਰਤ ਲਿਖਣ ਲਈ ਰਵਾਇਤੀ ਸ਼ਬਦਾਂ ਨੂੰ ਲਾਂਭੇ ਕਰ ਕੇ ਸ਼ਹੀਦੀ ਮਾਰਗ ਦੀ ਪਾਵਨ ਧੂੜ ਵਿਚੋਂ ਸੁੱਚੇ ਮੋਤੀਆਂ ਜਿਹੇ ਅਣਛੋਹੇ ਸ਼ਬਦ ਲਿਆ ਕੇ ਸਿਰਲੱਥ ਯੋਧਿਆਂ ਦੀ ਦਾਸਤਾਂ ਲਿਖੀ ਜਾਵੇ। ਸ਼ਹੀਦੀ ਦਾ ਸੰਕਲਪ ਬੇਸ਼ੱਕ ਇਸਲਾਮੀ ਪਰੰਪਰਾ ਦੀ ਗੋਦ ਵਿਚੋਂ ਆਇਆ ਹੈ, ਪਰ ਸਿੱਖ ਧਰਮ ਨੇ ਸ਼ਹਾਦਤਾਂ ਦਾ ਅਦੁੱਤੀ ਇਤਿਹਾਸ ਸਿਰਜ ਕੇ ਮਨੁੱਖੀ ਤਵਾਰੀਖ ਵਿਚ ਸਰਬੋਤਮ ਸਥਾਨ ਬਣਾਇਆ ਹੋਇਆ ਹੈ। ਸਿੱਖ ਤਵਾਰੀਖ ਦੇ ਜਾਂਬਾਜ਼ ਨਾਇਕਾਂ ਨੇ ਇਹ ਸਾਬਤ ਕਰ ਕੇ ਦਿਖਾਇਆ ਕਿ ਪੱਤਝੜਾਂ ਭਾਵੇਂ ਜਿੰਨੀਆਂ ਮਰਜ਼ੀ ਜ਼ਾਲਮ ਹੋਣ, ਪਰ ਬਗਾਵਤ ਦੇ ਬੀਜ ਉਗ ਹੀ ਪੈਂਦੇ ਨੇ। ਸ਼ਹੀਦ ਇਹ ਅਗਮ-ਨਿਗਮ ਦੀ ਗੱਲ ਜਾਣਦਾ ਹੁੰਦਾ ਹੈ ਕਿ ਪੜਝੜ ਦੇ ਹਰ ਉਦਾਸ ਬੁੱਲੇ ਵਿਚ ਬਹਾਰ ਦਾ ਸੁਨੇਹਾ ਵੀ ਲੁਕਿਆ ਹੁੰਦਾ ਹੈ। ਕਹਿੰਦੇ ਨੇ, ਜਾਨ ਦੀ ਬਾਜ਼ੀ ਲਾਉਣ ਲੱਗਿਆਂ ਸ਼ਹੀਦ ਨੂੰ ਵਿਉਂਤਾਂ ਲੱਭਣ ਜਾਂ ਜਿਉਣ ਲਈ ਆਸਰੇ ਭਾਲਣ ਦੀ ਕੋਈ ਲੋੜ ਨਹੀਂ ਹੁੰਦੀ। ਉਹ ਮਿਸ਼ਨ ਪ੍ਰਤੀ ਨੱਕ ਦੀ ਸੇਧ ਤੁਰਿਆ ਜਾਂਦਾ ਹੈ।
ਹਥਲੇ ਲੇਖ ਵਿਚ 20ਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਗੌਰਵਮਈ ਸਥਾਨ ਹਾਸਲ ਕਰਨ ਵਾਲੇ ਦੋ ਕੇਸਰੀ ਫੁੱਲਾਂ ਜਿੰਦਾ-ਸੁੱਖਾ (ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ) ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਂ ਬਿਆਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਬਰਸੀ 9 ਅਕਤਬੂਰ ਨੂੰ ਮਨਾਈ ਜਾਂਦੀ ਹੈ। ਇਨ੍ਹਾਂ ਦੋਹਾਂ ਸੂਰਬੀਰਾਂ ਨੇ ਪੰਥ ਦੀ ਅਣਖ ਤੇ ਗੈਰਤ ਨੂੰ ਕਾਇਮ ਰੱਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਬੇ-ਹੁਰਮਤੀ ਦਾ ਬਦਲਾ ਲਿਆ। ਪੰਜਾਬ ਤੋਂ ਸੈਂਕੜੇ ਮੀਲ ਦੂਰ ਜਾ ਕੇ ਪੂਨਾ (ਮਹਾਰਾਸ਼ਟਰ) ਵਿਖੇ ਜਨਰਲ ਵੈਦਿਆ ਦੀ ਜਾ ਖਬਰ ਲਈ। ਇਸੇ ਤਰ੍ਹਾਂ ਨਵੰਬਰ ਚੁਰਾਸੀ ਵਾਲੇ ਦਿੱਲੀ ਕਤਲੇਆਮ ਦੇ ਕੁਝ ਦੋਸ਼ੀਆਂ ਨੂੰ ਸੋਧ ਕੇ ਦਿੱਲੀ ਦਾ ਤਖ਼ਤ ਹਿਲਾ ਕੇ ਰੱਖ ਦਿੱਤਾ ਸੀ। ਬੱਸ ਫਿਰ ਦਿੱਲੀ ਦੇ ਮਾਲਕਾਂ ਨੂੰ ਉਨਾ ਚਿਰ ਚੈਨ ਦੀ ਨੀਂਦ ਨਹੀਂ ਆਈ, ਜਿੰਨਾ ਚਿਰ ਭਾਈ ਜਿੰਦੇ ਤੇ ਭਾਈ ਸੁੱਖੇ ਦੇ ਗਲ਼ ਵਿਚ ਫਾਂਸੀ ਦਾ ਫੰਧਾ ਨਹੀਂ ਪੈ ਗਿਆ।
ਸ਼ਹਾਦਤਾਂ ਦੀ ਕੇਸਰੀ ਬਗੀਚੀ ਦੇ ਸੁਨਹਿਰੀ ਫੁੱਲਾਂ ਦੀ ਚਮਕ ਨੂੰ ਕੁਝ ਬਿਪਰਵਾਦੀ ਜਾਂ ਖੱਸੀ ਕਲਮਾਂ, ਬੇਰੁਜ਼ਗਾਰੀ ਅਤੇ ਅਨਪੜ੍ਹਤਾ ਨਾਲ ਨੱਥੀ ਕਰ ਕਰ ਕੇ ਛੁਟਿਆਉਂਦੀਆਂ ਨੇ, ਪਰ ਭਾਈ ਜਿੰਦੇ-ਸੁੱਖੇ ਦੀ ਕਹਾਣੀ ਇਹੋ ਜਿਹਾ ਕੂੜ ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚੁਪੇੜ ਹੈ। ਫਰਵਰੀ 1961 ਵਿਚ ਪਿੰਡ ਗਦਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜਨਮੇ ਭਾਈ ਹਰਜਿੰਦਰ ਸਿੰਘ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡੋਂ ਹੀ ਕੀਤੀ। ਗਹਿਰੀ ਮੰਡੀ ਤੋਂ ਮੈਟ੍ਰਿਕ ਅਤੇ ਬਾਰ੍ਹਵੀਂ ਜੰਡਿਆਲਾ ਗੁਰੂ ਤੋਂ ਕਰਨ ਉਪਰੰਤ ਉਦੋਂ ਉਹ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵਿਚ ਬੀæਏæ (ਦੂਜਾ ਸਾਲ) ਕਰ ਰਹੇ ਸਨ ਜਦੋਂ ਜੂਨ ਚੁਰਾਸੀ ਵਾਲਾ ਘੱਲੂਘਾਰਾ ਵਾਪਰ ਗਿਆ। ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਭਾਰਤੀ ਫੌਜ ਨੇ ਗੋਲੀਆਂ/ਟੈਂਕਾਂ ਨਾਲ ਭੁੰਨ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਨ ਦੇ ਨਾਲ-ਨਾਲ ਚਾਲੀ ਦੇ ਲਗਭਗ ਹੋਰ ਗੁਰਧਾਮਾਂ ਵਿਚ ਕਤਲੇਆਮ ਮਚਾਇਆ ਅਤੇ ਬੇ-ਹੁਰਮਤੀ ਕੀਤੀ। ਪਿੰਡਾਂ ਵਿਚ ਵੀ ਸਿੱਖ ਗੱਭਰੂਆਂ ਨੂੰ ਜ਼ੁਲਮ ਦਾ ਨਿਸ਼ਾਨਾ ਬਣਾਇਆ ਗਿਆ। ਤਿੰਨ ਤੋਂ ਦਸ ਜੂਨ (1984) ਦੌਰਾਨ ਵੱਖ-ਵੱਖ ਪਿੰਡਾਂ/ਥਾਂਵਾਂ ਤੋਂ ਸਿੰਘਾਂ ਦੇ ਜਥੇ ਗਰੁਪਾਂ ਦੀ ਸ਼ਕਲ ਵਿਚ ਸ੍ਰੀ ਦਰਬਾਰ ਸਾਹਿਬ ਵੱਲ ਚਾਲੇ ਪਾਉਂਦੇ, ਪਰ ਚੱਪੇ-ਚੱਪੇ ਉਤੇ ਤਾਇਨਾਤ ਫੌਜੀ ਜਵਾਨ, ਇਨ੍ਹਾਂ ਜਥਿਆਂ ਉਪਰ ਅੰਨ੍ਹੇਵਾਹ ਫਾਇਰਿੰਗ ਕਰ ਕੇ ਅਜਿਹੇ ਯਤਨਾਂ ਨੂੰ ਨਕਾਰਾ ਕਰ ਦਿੰਦੇ।
ਅਜਿਹੇ ਭੀਹਾਵਲੇ ਮਾਹੌਲ ਵਿਚ ਕਾਲਜ ਪੜ੍ਹਦੇ ਭਾਈ ਜਿੰਦੇ ਦੇ ਖੂਨ ਨੇ ਉਬਾਲਾ ਖਾਧਾ। ਪੜ੍ਹਾਈ ਵਿਚੇ ਛੱਡ ਕੇ ਇਹ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਜਥਿਆਂ ਵਿਚ ਸ਼ਾਮਲ ਹੁੰਦਾ, ਪਰ ਥਾਂ-ਥਾਂ ਲੱਗੇ ਫੌਜੀ ਨਾਕੇ ਇਨ੍ਹਾਂ ਦੀ ਪੇਸ਼ ਨਾ ਜਾਣ ਦਿੰਦੇ। ਦੁਖੀ ਹਿਰਦਿਆਂ ਨਾਲ ਬੇ-ਵੱਸ ਹੋਏ ਕਚੀਚੀਆਂ ਵੱਟਦੇ ਘਰੀਂ ਆਣ ਪਰਤਦੇ। ‘ਜਬੈ ਬਾਣ ਲਾਗਯੋ, ਤਬੈ ਰੋਸ ਜਾਗਿਓ’ ਅਨੁਸਾਰ ਭਾਈ ਜਿੰਦਾ ਘਰ ਨਹੀਂ ਰੁਕਿਆ। ਉਹ ਆਪਣੇ ਨਾਨਕੇ ਪਿੰਡ ਚੱਕ ਬਾਈ ਐਚæਸੀæ ਸ੍ਰੀਨਗਰ ਚਲਾ ਗਿਆ। ਇਥੇ ਹੀ ਇਸ ਦਾ ਮਿਲਾਪ ਭਾਈ ਸੁਖਦੇਵ ਸਿੰਘ ਸੁੱਖਾ ਨਾਲ ਹੋਇਆ ਜੋ ਉਸ ਦੇ ਮਸੇਰ ਭਰਾ ਬਲਵਿੰਦਰ ਸਿੰਘ ਦਾ ਦੋਸਤ ਸੀ। ਉਥੇ ਹੀ ਦੋਹਾਂ ਨੇ ਸਿੱਖਾਂ ਦੀ ਹੋਈ ਬੇਪਤੀ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਮਨ ਹੀ ਮਨ ਦੋਹਾਂ ਗੱਭਰੂਆਂ ਨੇ ਚਮਕੌਰ ਦੀ ਗੜ੍ਹੀ ਵਿਚ ਬਿਰਾਜਮਾਨ ਕਲਗੀਆਂ ਵਾਲੇ ਪਾਤਸ਼ਾਹ ਨਾਲ ਕੁਝ ਅਜਿਹੀ ਪ੍ਰਤਿਗਿਆ ਕੀਤੀ:
ਏਸ ਕੱਚੀ ਚਮਕੌਰ ਦੀ ਗੜ੍ਹੀ ਮੋਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
ਝੋਰਾ ਕਰੀਂ ਨਾ ਕਿਲ੍ਹੇ ਅਨੰਦਗੜ੍ਹ ਦਾ,
ਕੁੱਲੀ-ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ
ਕਿਵੇਂ ਤਰਨਗੇ ‘ਜੁਝਾਰ ਅਜੀਤ’ ਤੇਰੇ
ਸਰਸਾ ਨਦੀ ਦੇ ਰੋੜ੍ਹ ਵਿਚ ਮਾਰ ਟੁੱਭੀ
ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ!
ਪੰਥ ਦੀ ਆਨ ਤੇ ਸ਼ਾਨ ਨੂੰ ਮਲੀਆਮੇਟ ਕਰਨ ਲਈ ਚੜ੍ਹੀ ਆ ਰਹੀ ਬਿਪਰਵਾਦ ਦੀ ‘ਸਰਸਾ’ ਨੂੰ ਠੱਲ੍ਹ ਪਾਉਣ ਲਈ ਭਾਈ ਜਿੰਦੇ ਦਾ ਸਾਥੀ ਬਣਿਆ ਭਾਈ ਸੁੱਖਾ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ (ਚੱਕ ਨੰਬਰ ਗਿਆਰਾਂ) ਵਿਚ ਪੈਦਾ ਹੋਇਆ। ਜੂਨ ਚੁਰਾਸੀ ਦੇ ਘੱਲੂਘਾਰੇ ਵੇਲੇ ਇਹ ਐਮæਏæ ਇੰਗਲਿੰਸ਼ (ਦੂਜਾ ਸਾਲ) ਦਾ ਵਿਦਿਆਰਥੀ ਸੀ। ਦੋਹਾਂ ਦਾ ਮਿਲਾਪ ‘ਸੋਨੇ ਉਤੇ ਸੁਹਾਗੇ’ ਵਾਲੀ ਗੱਲ ਹੋ ਨਿੱਬੜਿਆ। ਪੂਰੀ ਯੋਜਨਾਬੰਦੀ ਕਰ ਕੇ ਇਨ੍ਹਾਂ ਨੇ ਦਿੱਲੀ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾ ਲਿਆ। ਕਿਤੇ ‘ਨਿਸ਼ਾਨੇ’ ਉਤੇ ਮਾਰ ਕਰਨ ਲਈ ਸਕੀਮਾਂ ਬਣਾਉਂਦਿਆਂ ਭਾਈ ਜਿੰਦਾ ਪੁਲਿਸ ਦੇ ਕਾਬੂ ਆ ਗਿਆ, ਪਰ ਸਤਿਗੁਰੂ ਨੇ ਸ਼ਾਇਦ ਇਸ ਤੋਂ ਹਾਲੇ ਹੋਰ ਵੱਡਮੁੱਲੀ ਸੇਵਾ ਲੈਣੀ ਸੀ। ਉਹ ਕਿਸੇ ਜੁਗਤ ਨਾਲ ਜੇਲ੍ਹ ਵਿਚੋਂ ਫ਼ਰਾਰ ਹੋਣ ‘ਚ ਕਾਮਯਾਬ ਹੋ ਗਿਆ।
ਇਸ ਘਟਨਾ ਉਪਰੰਤ ਦੋਹਾਂ ਨੇ ਮਿਲ ਕੇ ਜੂਲ ਚੁਰਾਸੀ ਦੇ ਘੱਲੂਘਾਰੇ ਮੌਕੇ ਫੌਜ ਦੇ ਕਮਾਂਡਰ-ਇਨ-ਚੀਫ਼ ਰਹੇ ਜਨਰਲ ਵੈਦਿਆ ਨੂੰ ਆਪਣਾ ਟਾਰਗੈਟ ਮਿੱਥ ਲਿਆ। ਇਥੇ ਇਹ ਯਾਦ ਕਰਾਇਆ ਜਾਂਦਾ ਹੈ ਕਿ ਇਸ ਫੌਜੀ ਜਰਨੈਲ ਨਾਲ ਸੁੱਖੇ-ਜਿੰਦੇ ਦੀ ਕੋਈ ਜ਼ਾਤੀ ਦੁਸ਼ਮਣੀ ਜਾਂ ਕੋਈ ਰੰਜ਼ਿਸ਼ ਨਹੀਂ ਸੀ। ਇਨ੍ਹਾਂ ਨੌਜਵਾਨਾਂ ਨੇ ਸਿਰਫ਼ ਖਾਲਸਾ ਪੰਥ ਦੀਆਂ ਚੱਲੀਆਂ ਆ ਰਹੀਆਂ ਪੁਰਾਤਨ ਪਰੰਪਰਾਵਾਂ ਦਾ ਪਾਲਣ ਕਰਦਿਆਂ ਜਨਰਲ ਵੈਦਿਆ ਨੂੰ ਨਿਸ਼ਾਨਾ ਬਣਾਇਆ ਜੋ ਉਸ ਮੌਕੇ ਸੇਵਾ ਮੁਕਤੀ ਉਪਰੰਤ ਪੂਨੇ ਰਹਿ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਸੁੱਖਾ-ਜਿੰਦਾ ਉਹਦੇ ‘ਤੇ ਹਮਲਾਵਰ ਹੋਏ, ਉਸ ਸਮੇਂ ਉਸ ਦੇ ਅੰਗ ਰੱਖਿਅਕ ਵੀ ਨਾਲ ਸਨ ਅਤੇ ਉਸ ਨੇ ਖੁਦ ਵੀ ‘ਲੋਡਡ ਰਿਵਾਲਵਰ’ ਪਾਇਆ ਹੋਇਆ ਸੀ, ਤਦ ਵੀ ਭਾਈ ਸੁੱਖਾ-ਜਿੰਦਾ ਆਪਣੇ ਮਿਸ਼ਨ ਵਿਚ ਕਾਮਯਾਬ ਰਹੇ।
ਅਦਾਲਤੀ ਕਾਰਵਾਈ ਚਲਦਿਆਂ ਆਖਰ ਇੱਕੀ ਅਕਤੂਬਰ 1989 ਨੂੰ ਪੂਨਾ ਹਾਈਕੋਰਟ ਦੇ ਜੱਜ ਮਿਸਟਰ ਵੀæਐਲ਼ ਰੂਈਕਰ ਨੇ ਇਨ੍ਹਾਂ ਦੋਹਾਂ ਸੂਰਮਿਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਫੈਸਲਾ ਸੁਣਾਉਣ ਵੇਲੇ ਜੱਜ ਦੀ ਆਵਾਜ਼ ਥਿੜ੍ਹਕ ਰਹੀ ਸੀ, ਪਰ ਅਦਾਲਤੀ ਅਮਲੇ ਮੁਤਾਬਕ ਦੋਵੇਂ ਸਿੰਘ ਮੁਸਕਰਾ ਕੇ ਜੱਜ ਨੂੰ ਕਹਿਣ ਲੱਗੇ-
“æææ ਇਸ ਖੁਸ਼ੀ ਮੌਕੇ ਅਸੀਂ ਤੁਹਾਨੂੰ ਪਾਰਟੀ ਦੇਣਾ ਚਾਹੁੰਦੇ ਹਾਂ।”
ਜੱਜ ਦੇ ਕਮਰੇ ਅਤੇ ਜੇਲ੍ਹ ਵਿਚ ਜਾ ਕੇ, ਸੱਚ-ਮੁੱਚ ਦੋਹਾਂ ਗੱਭਰੂਆਂ ਨੇ ਸਭ ਦਾ ਮੂੰਹ ਮਿੱਠਾ ਕਰਵਾਇਆ। ਜੇਲ੍ਹ ਦੇ ਹੋਰ ਕੈਦੀ ਫਾਂਸੀ ਸੁਣ ਕੇ ਦੁਖੀ ਤੇ ਗਮਗੀਨ ਹੋ ਗਏ, ਪਰ ਇਹ ਦੋਵੇਂ ਮੌਤ ਨੂੰ ਮਖੌਲ ਕਰ ਰਹੇ ਸਨ। ਕਿਹਾ ਜਾਂਦਾ ਹੈ ਕਿ ਜੱਜ ਰੂਈਕਰ ਨੇ ਪਹਿਲੀ ਵਾਰ ਕਿਸੇ ਕੈਦੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਇਸ ਜੱਜ ਨੇ ਬਾਅਦ ਵਿਚ ਪ੍ਰਾਈਵੇਟ ਤੌਰ ‘ਤੇ ਇਹ ਸ਼ਬਦ ਕਹੇ ਹਨ-
“æææ ਮੈਂ ਇਨ੍ਹਾਂ ਨੌਜਵਾਨਾਂ ਨੂੰ ਫਾਂਸੀ ਨਹੀਂ ਸੀ ਦੇਣਾ ਚਾਹੁੰਦਾæææ ਪਰ ਮੈਂ ਮਜਬੂਰ ਸਾਂ। ਸੁੱਖਾ ਤੇ ਜਿੰਦਾ ਦੋਵੇਂ ਚੰਗੇ ਇਨਸਾਨ ਹਨ। ਮੈਂ ਇਨ੍ਹਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ। ਮੈਂ ਅੱਜ ਤੱਕ ਅਜਿਹੇ ਬੰਦੇ ਨਹੀਂ ਦੇਖੇ। ਮੈਂ ਇਨ੍ਹਾਂ ਦੋਹਾਂ ਦੀਆਂ ਫੋਟੋਆਂ ਆਪਣੇ ਘਰ ਜ਼ਰੂਰ ਲਗਾਵਾਂਗਾ।”
ਫਾਂਸੀ ਤੋਂ ਕੁਝ ਦਿਨ ਪਹਿਲਾਂ ਭਾਈ ਜਿੰਦੇ ਅਤੇ ਭਾਈ ਸੁੱਖੇ ਨੇ ਆਪਣੇ ਘਰਦਿਆਂ ਨੂੰ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਉਹ 9 ਅਕਤੂਬਰ (ਫਾਂਸੀ ਦੇਣ ਲਈ ਮੁਕੱਰਰ ਮਿਤੀ) ਦੀ ਸਵੇਰ ਹੋਣ ਤੱਕ, ਰਾਤ 10 ਤੋਂ 12 ਵਜੇ ਤੱਕ ਆਰਾਮ ਕਰਨਗੇ। ਬਾਰਾਂ ਵਜੇ ਇਸ਼ਨਾਨ ਸੋਧ ਕੇ ਤਿੰਨ ਵਜੇ ਤੱਕ ਪਾਠ ਕਰਨਗੇ। ਇਸ ਤੋਂ ਬਾਅਦ ਅੰਮ੍ਰਿਤ ਵੇਲੇ ਦਹੀਂ ਤੇ ਇਕ-ਇਕ ਸੇਬ ਛਕਣਗੇ। ਫਿਰ ਅੰਤਿਮ ਅਰਦਾਸ ਅਤੇ ਕੀਰਤਨ ਸੋਹਿਲੇ ਦਾ ਪਾਠ ਕਰ ਕੇ ਸਾਹਿਬ ਕਲਗੀਆਂ ਵਾਲੇ ਦੀ ਗੋਦ ਵਿਚ ਚਲੇ ਜਾਣਗੇ।
ਅੰਤ 9 ਅਕਤੂਬਰ 1992 ਦਾ ਚੰਦਰਾ ਸੂਰਜ ਚੜ੍ਹਨ ਤੋਂ ਪਹਿਲਾਂ ਤੜਕੇ ਚਾਰ ਵਜੇ ਫਾਂਸੀ ਦੇ ਤਖ਼ਤੇ ਉਤੇ ਚੜ੍ਹ ਕੇ ਦੋਵੇਂ ਸੂਰਮੇ ਸ਼ਹਾਦਤ ਦਾ ਜਾਮ ਪੀ ਗਏ। ਫਾਂਸੀ ਵਾਲੇ ਅਹਾਤੇ ਤੋਂ ਬਾਅਦ ਵਿਚ ਮਿਲੀਆਂ ਸੂਚਨਾਵਾਂ ਅਨੁਸਾਰ, ਕਹਿੰਦੇ ਫਾਂਸੀ ਦਾ ਰੱਸਾ ਗਲ ਵਿਚ ਪਾਉਣ ਵੇਲੇ ਦੋਹਾਂ ਦੇ ਚਿਹਰਿਆਂ ਉਪਰ ਅਨੋਖਾ ਹੀ ਜਲਾਲ ਸੀ। ਦੋਹਾਂ ਨੂੰ ਇਕੱਠਿਆਂ ਨੂੰ ਫਾਂਸੀ ਦਿੱਤੀ ਗਈ। ਮ੍ਰਿਤਕ ਸਰੀਰਾਂ ਦਾ ਅੰਤਿਮ ਸੰਸਕਾਰ ਸੁਵਖਤੇ 6 ਵਜ ਕੇ 20 ਮਿੰਟ ਉਤੇ ਮੁੱਲਾਂ ਦਰਿਆ ਦੇ ਕੰਢੇ ਉਪਰ ਕਰ ਦਿੱਤਾ ਗਿਆ। ਦੋਹਾਂ ਦੇ ਪਿਤਾ ਚਿਤਾ ਨੂੰ ਅਗਨੀ ਦਿਖਾਉਣ ਲਈ ਪਹੁੰਚੇ ਹੋਏ ਸਨ। ਸਿੱਖ ਰਹੁ-ਰੀਤ ਅਨੁਸਾਰ ਸੋਹਿਲੇ ਦਾ ਪਾਠ ਅਤੇ ਅਰਦਾਸ ਕਰਨ ਵਾਸਤੇ ਗ੍ਰੰਥੀ ਜੀ ਆਏ ਹੋਏ ਸਨ। ਸਮੇਂ ਦੀ ਸਰਕਾਰ ਇੰਨੀ ਭੈਅ-ਭੀਤ ਹੋਈ ਪਈ ਸੀ ਕਿ ਫਾਂਸੀ ਦੇਣ ਸਮੇਂ ਪੰਜ ਡਿਪਟੀ ਪੁਲਿਸ ਕਮਿਸ਼ਨਰ, 10 ਸਹਾਇਕ ਪੁਲਿਸ ਕਮਿਸ਼ਨਰ, 15 ਇੰਸਪੈਕਟਰ, 154 ਸਬ ਇੰਸਪੈਕਟਰ ਅਤੇ 1274 ਹਥਿਆਰਬੰਦ ਸਿਪਾਹੀ ਤਾਇਨਾਤ ਕੀਤੇ ਗਏ ਸਨ। (ਪੁਲਿਸ ਕਮਿਸ਼ਨਰ ਬੀæਐਸ਼ ਮੋਹੀਤੋ ਦਾ ਬਿਆਨ ‘ਟਾਈਮਜ਼ ਆਫ਼ ਇੰਡੀਆ’)। ਜਿਹੜੇ ਸਿਕੰਦਰ ਵਾਂਗ ਜਿੱਤਾਂ ਜਿੱਤਣ ਦੀਆਂ ਉਮੰਗਾਂ ਨਾਲ ਭਰੇ ਹੁੰਦੇ ਨੇ, ਉਨ੍ਹਾਂ ਲਈ ਹਾਰ ਜਾਂ ਮੌਤ ਦਾ ਕੋਈ ਅਰਥ ਨਹੀਂ ਹੁੰਦਾ। ਡਿੱਕੇ-ਡੋਲੇ ਖਾਣ ਵਾਲੇ ਬੰਦੇ ਨੂੰ ਹਰ ਕੋਈ ਠਿੱਬੀ ਮਾਰ ਸਕਦਾ ਹੈ, ਪਰ ਸ਼ਹੀਦ ਉਠਣ ਲਈ ਡਿਗਦੇ ਹਨ, ਟੱਕਰ ਲੈਣ ਲਈ ਪਿੱਛੇ ਹਟਦੇ ਹਨ ਅਤੇ ਜਾਗਣ ਲਈ ਸੌਂਦੇ ਹਨ। ਇਸਾਈ ਮੱਤ ਦਾ ਮੰਨਣਾ ਹੈ ਕਿ ਸ਼ਹੀਦ ਦਾ ਲਹੂ ਆਜ਼ਾਦੀ ਦੇ ਬੂਟੇ ਦਾ ਬੀਜ ਹੁੰਦਾ ਹੈ। ਇਸਲਾਮੀ ਸਭਿਅਤਾ ਵਿਚ ਵਿਦਵਾਨ ਦੀ ਕਲਮ ਦੀ ਸਿਆਹੀ, ਸ਼ਹੀਦਾਂ ਦੇ ਖੂਨ ਜਿੰਨੀ ਪਵਿੱਤਰ ਮੰਨੀ ਜਾਂਦੀ ਹੈ। ਸ਼ਹੀਦਾਂ ਦੀਆਂ ਬਰਸੀਆਂ, ਵੈਣ ਪਾਉਣ ਲਈ ਨਹੀਂ, ਸਗੋਂ ਪਿਛੇ ਰਹਿੰਦੇ ਵਾਰਸਾਂ ਵੱਲੋਂ ਸ਼ਹਾਦਤਾਂ ਦੀ ਲੋਏ-ਲੋਏ ਅਗਲਾ ਸਫ਼ਰ ਕਰਨ ਦੀ ਪ੍ਰੇਰਨਾ ਲੈਣ ਵਾਸਤੇ ਮਨਾਈਆਂ ਜਾਂਦੀਆਂ ਹਨ।
ਵਿਰਾਸਤ ਤੋਂ ਮੂੰਹ ਮੋੜ ਲੈਣ ਵਾਲਿਆਂ ਦੀ ਦੁਰਦਸ਼ਾ ਦਰਸਾਉਂਦਾ ਬੜਾ ਪਿਆਰਾ ਨੀਤੀਵਾਕ ਹੈ- ‘ਜੇ ਤੁਸੀਂ ਅਤੀਤ ਵੱਲ ਪਿਸਤੌਲ ਦੀ ਗੋਲੀ ਚਲਾਉਗੇ, ਤਾਂ ਭਵਿੱਖ ਤੁਹਾਨੂੰ ਤੋਪਾਂ ਨਾਲ ਤਬਾਹ ਕਰ ਸੁੱਟੇਗਾ।’
ਜਿਸ ਖਿੱਤੇ ਵਿਚ ਵਸਦੀ ਕੌਮ ਦੇ ਦੋ ਨਾਇਕਾਂ ਦੀ ਉਕਤ ਦਾਸਤਾਂ ਬਿਆਨ ਕੀਤੀ ਗਈ ਹੈ, ਉਸ ਖਿੱਤੇ ਵਿਚਲੀ ਅਜੋਕੀ ਪੀੜ੍ਹੀ ਅਤੀਤ ਵੱਲ ਪਿਸਤੌਲ ਨਹੀਂ, ਤੋਪਾਂ ਬੀੜੀ ਬੈਠੀ ਹੈ।
ਬੇਪੱਤ ਹੋ ਜੋ ਤੁਰਨਗੇ, ਮੁੱਲ ਨਾ ਪਾਵੇ ਕੋ।
ਪੱਤ ਗਵਾ ਕੇ ਜੀਣ ਜੋ, ਮਰਨ ਜਹੰਨਮ ਢੋਅ।
ਸ਼ਾਹਾਂ ਦੇ ਵੱਡ ਕਹਿਰ ਵੀ, ਜਿੰਦ ਜੇ ਦੇਵਣ ਲੂਹ,
ਭੁੱਲੇਗਾ ਨਾ ਖਾਲਸਾ ਅੰਮ੍ਰਿਤ ਦੀ ਖੁਸ਼ਬੂ।
(ਮਹਿਬੂਬ)

Be the first to comment

Leave a Reply

Your email address will not be published.