ਬਾਹਮਣਾਂ ਦਾ ਸੱਤ ਦੇਵ

‘ਬਾਹਮਣਾਂ ਦਾ ਸੱਤ ਦੇਵ’ ਵਿਚ ਪੱਤਰਕਾਰ ਦਲਬੀਰ ਸਿੰਘ ਨੇ ਪਿੰਡ ਦੇ ਇਕ ਟੱਬਰ ਨਾਲ ਸਬੰਧਤ ਗੱਲਾਂ ਛੋਹੀਆਂ ਹਨ। ਇਸ ਲੇਖ ਵਿਚ ਠਾਠਾਂ ਮਾਰਦਾ ਪੁਰਾਣਾ ਪਿੰਡ ਅੱਖਾਂ ਅੱਗੇ ਘੁੰਮਣ ਲਗਦਾ ਹੈ। ਮਰਹੂਮ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਇਹ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਕੋਈ ਸਵੈ-ਜੀਵਨੀ ਨਹੀਂ; ਇਹ ਉਹਦੇ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਹੀ ਗੱਲਾਂ ਹਨ। ਇਹ ਅਸਲ ਵਿਚ ਨੰਗਲ ਸ਼ਾਮਾ ਦੀਆਂ ਗੱਲਾਂ ਵੀ ਨਹੀਂ, ਇਹ ਤਾਂ ਸਗੋਂ ਸਮੁੱਚੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ ਅਤੇ ਸੂਖਮ ਬਾਤਾਂ ਹਨ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। -ਸੰਪਾਦਕ

ਦਲਬੀਰ ਸਿੰਘ
ਜ਼ਰੂਰੀ ਨਹੀਂ ਕਿ ਇਕੱਲੇ ਸੱਤ ਦੇਵ ਸ਼ਰਮਾ ਦੀ ਹੀ ਕਹਾਣੀ ਦੱਸੀ ਜਾਵੇ, ਕਿਉਂਕਿ ਬਾਹਮਣਾਂ ਦੇ ਪਰਿਵਾਰਾਂ ਵਿਚ ਸਿਰਫ ਇਹੋ ਹੀ ‘ਨਿਵੇਕਲੀ ਚੀਜ਼’ ਨਹੀਂ ਸੀ। ਇਨ੍ਹਾਂ ਨਿਵੇਕਲੀਆਂ ਸ਼ਖ਼ਸੀਅਤਾਂ ਵਿਚ ਇਸ ਦਾ ਬਜ਼ੁਰਗ ਮਲਾਵਾ ਵੀ ਸ਼ੁਮਾਰ ਸੀ। ਮਲਾਵੇ ਦੇ ਟੱਬਰ ਦਾ ਪੁਰਾਣਾ ਘਰ ਪਹਿਲਾਂ ਪਿੰਡ ਦੇ ਐਨ ਵਿਚਕਾਰ ਹੁੰਦਾ ਸੀ। ਮਗਰੋਂ ਸੱਤ ਦੇਵ ਤੇ ਰਮੇਸ਼ ਚੰਦ (ਮੇਸ਼ੀ) ਦੇ ਬਜ਼ੁਰਗਾਂ ਨੇ ਬਾਬਿਆਂ ਦੀ ਕੰਧ ਦੇ ਬਿਲਕੁਲ ਨਾਲ ਨਵੇਂ ਘਰ ਉਸਾਰ ਲਏ ਸਨ। ਸੱਤ ਦੇਵ ਦਾ ਘਰ ਤਾਂ ਉਥੇ ਹੀ ਸੀ ਜਿਥੋਂ ਕੰਧ ਸ਼ੁਰੂ ਹੁੰਦੀ ਸੀ, ਮੇਸ਼ੀ ਹੁਰਾਂ ਦਾ ਘਰ ਉਸ ਦੇ ਸਾਹਮਣੇ ਸੀ।
ਜਿਸ ਬਜ਼ੁਰਗ ਮਲਾਵੇ ਦਾ ਮੈਂ ਜ਼ਿਕਰ ਕੀਤਾ ਹੈ, ਉਸ ਨੂੰ ਛੋਟੀ ਉਮਰੇ ਹੀ ਦੇਖਿਆ ਸੀ। ਉਸ ਵੇਲੇ ਉਸ ਦੀ ਉਮਰ ਸੱਤਰਾਂ ਤੋਂ ਪਾਰ ਸੀ। ਉਹ ਇਕੋ ਇਕ ਪੰਡਤ ਸੀ ਜਿਹੜਾ ਦਿਨ ਤਿਉਹਾਰ ਉਤੇ ਹੀ ਨਹੀਂ, ਆਮ ਤੌਰ ਉਤੇ ਵੀ ਲਾਂਗੜ ਵਾਲੀ ਧੋਤੀ ਪਹਿਨਦਾ ਸੀ, ਤੇ ਜਿਸ ਨੂੰ ਵਿਆਹ ਸ਼ਾਦੀ ਜਾਂ ਮਰਨੇ ਪਰਨੇ ਉਤੇ ਬੋਲੇ ਜਾਂਦੇ ਸੰਸਕ੍ਰਿਤ ਦੇ ਸਲੋਕ ਆਉਂਦੇ ਸਨ। ਉਸ ਤੋਂ ਬਾਅਦ ਕਿਸੇ ਵੀ ਬਾਹਮਣ ਨੇ ਇਹ ਪਿਤਾ ਪੁਰਖੀ ਕਿੱਤਾ ਨਹੀਂ ਅਪਨਾਇਆ। ਇਸੇ ਲਈ ਜਦੋਂ ਤੱਕ ਹਾਲੇ ਪਿੰਡ ਦੇ ਲੋਕਾਂ ਨੇ ਸਰਾਧਾਂ ਦੇ ਮੌਕੇ ਪੰਡਤਾਂ ਦੀ ਥਾਂ ਭਾਈਆਂ ਨੂੰ ‘ਬਿਠਾਉਣਾ’ ਅਰਥਾਤ ਭੋਜਨ ਕਰਵਾਉਣਾ ਨਹੀਂ ਸੀ ਸ਼ੁਰੂ ਕਰ ਦਿੱਤਾ, ਭੋਜਨ ਖਾਣ ਦਾ ਬਹੁਤਾ ਕੰਮ ਮਲਾਵੇ ਨੂੰ ਹੀ ਕਰਨਾ ਪੈਂਦਾ ਸੀ।
ਇਸ ਮਲਾਵੇ ਬਾਰੇ ਪਿੰਡ ਦੇ ਉਸ ਦੇ ਹਾਣੀ ਕਹਾਣੀ ਸੁਣਾਉਂਦੇ ਹੁੰਦੇ ਸਨ। ਮਲਾਵੇ ਦੀ ਜਵਾਨੀ ਵੇਲੇ ਦੀ ਗੱਲ ਹੈ। ਉਹਦੇ ਘਰ ਖੂਹੀ ਹੁੰਦੀ ਸੀ। ਆਮ ਤੌਰ ਉਤੇ ਉਨ੍ਹੀਂ ਦਿਨੀਂ ਬਾਹਮਣਾਂ, ਤਰਖਾਣਾਂ, ਲੁਹਾਰਾਂ ਦੇ ਘਰੀਂ ਵੀ ਲਵੇਰੇ ਹੁੰਦੇ ਸਨ। ਜਿਨ੍ਹਾਂ ਦੇ ਨਹੀਂ ਸਨ ਹੁੰਦੇ, ਉਨ੍ਹਾਂ ਨੂੰ ਪਿੰਡ ਦੇ ਲੋਕ ਲੱਸੀ ਦੇ ਦਿਆ ਕਰਦੇ ਸਨ। ਲੱਸੀ ਮੰਗਣੀ ਵੈਸੇ ਵੀ ਉਨ੍ਹੀਂ ਦਿਨੀਂ ਕੋਈ ਮਾੜੀ ਗੱਲ ਨਹੀਂ ਸੀ ਸਮਝੀ ਜਾਂਦੀ।
ਅੱਜ ਕੱਲ੍ਹ ਚੰਡੀਗੜ੍ਹ ਵਰਗੇ ਸ਼ਹਿਰ ਤਾਂ ਕੀ, ਮੇਰੇ ਪਿੰਡ ਵਿਚ ਵੀ ਖੱਟੀ ਲੱਸੀ ਕਿਤੇ ਲੱਭਿਆ ਨਹੀਂ ਲੱਭਦੀ। ਕਈ ਸਾਲਾਂ ਤੱਕ ਸਾਡੇ ਘਰ ਜਿਹੜਾ ਦੋਧੀ ਦੁੱਧ ਪਾਉਣ ਆਉਂਦਾ ਰਿਹਾ, ਉਸ ਪਾਸੋਂ ਮਹੀਨੀਂ-ਦੋਂਹ ਮਹੀਨੀਂ ਮੈਂ ਡੋਲੂ ਮੰਗਵਾ ਲੈਂਦਾ ਹਾਂ ਤੇ ਬੋਤਲਾਂ ਵਿਚ ਭਰ ਕੇ ਫਰਿੱਜ਼ ਵਿਚ ਰੱਖ ਲੈਂਦਾ ਹਾਂ। ਫਿਰ ਤੁਪਕਾ-ਤੁਪਕਾ ਕਰਕੇ ਪੀਂਦਾ ਸਾਂ। ਅੱਧਾ ਗਲਾਸ ਲੱਸੀ ਤੇ ਅੱਧਾ ਗਲਾਸ ਪਾਣੀ ਪਾ ਲੈਂਦਾ। ਇਸ ਨੂੰ ਲੱਸੀ ਵਧਾਉਣਾ ਕਹਿੰਦੇ ਹਨ। ਕਿਸੇ ਵੇਲੇ, ਜਦੋਂ ਹਾਲੇ ਮੈਂ ਪਿੰਡ ਹੀ ਰਹਿੰਦਾ ਸਾਂ ਅਤੇ ਘਰ ਵਿਚ ਲਵੇਰਾ ਹੁੰਦਾ ਸੀ, ਮੈਂ ਅਕਸਰ ਗਾੜ੍ਹੀ ਲੱਸੀ ਹੀ ਪੀਂਦਾ ਸਾਂ, ਪਰ ਹੁਣ ਵਧਾ ਕੇ ਪੀਂਦਾ ਹਾਂ।
ਮਲਾਵਾ ਵੀ ਕਹਿੰਦੇ, ਗਾੜ੍ਹੀ ਲੱਸੀ ਪੀਣ ਦਾ ਸ਼ੌਕੀਨ ਸੀ। ਇਕ ਦਿਨ ਲੱਸੀ ਥੋੜ੍ਹੀ ਸੀ ਅਤੇ ਮਲਾਵੇ ਦੀ ਮਾਂ ਨੇ ਲੱਸੀ ਵਧਾ ਕੇ ਪੀਣ ਲਈ ਕਹਿ ਦਿੱਤਾ। ਉਹਨੇ ਲੱਸੀ ਵਾਲੀ ਚਾਟੀ ਘਰ ਵਾਲੇ ਖੂਹ ਦੀ ਮੌਣ ਉਤੇ ਰੱਖ ਲਈ ਤੇ ਖੂਹ ਵਿਚੋਂ ਬਾਲਟੀਆਂ ਭਰ-ਭਰ ਉਸ ਵਿਚ ਉਲੱਦਣ ਲੱਗਾ। ਬਾਲਟੀਆਂ ਕੱਢੀ ਜਾਏ ਅਤੇ ਚਾਟੀ ਵਿਚ ਪਾਈ ਜਾਵੇ। ਲੱਸੀ ਪਤਲੀ ਹੋ ਕੇ ਨਾਲੀਆਂ ਵਿਚ ਵਹਿ ਤੁਰੀ। ਮਾਂ ਨੇ ਬਥੇਰੀਆਂ ਮਿੰਨਤਾਂ ਕੀਤੀਆਂ ਪਰ ਮਲਾਵਾ ਮੰਨਣ ਵਿਚ ਨਾ ਆਵੇ। ਇਸ ਤਰ੍ਹਾਂ ਦੀ ਕਹਾਣੀ ਸੁਣਨ ਕਾਰਨ ਅਸੀਂ ਨਿੱਕੇ ਨਿਆਣੇ ਉਸ ਦੇ ਗੁੱਸੇ ਭਰੇ ਸੁਭਾਅ ਕਾਰਨ ਅਕਸਰ ਉਸ ਤੋਂ ਡਰਦੇ ਰਹਿੰਦੇ ਸਾਂ।
ਸੱਤ ਦੇਵ ਸ਼ਰਮਾ ਭਾਵੇਂ ਮਲਾਵੇ-ਕਿਆਂ ਵਿਚੋਂ ਹੀ ਸੀ, ਪਰ ਉਸ ਦਾ ਸੁਭਾਅ ਬਿਲਕੁਲ ਵੱਖਰਾ ਸੀ। ਦੂਜੇ, ਉਹ ਭਾਵੇਂ ਸਾਡਾ ਹਾਣੀ ਨਹੀਂ ਸੀ, ਫਿਰ ਵੀ ਇੰਨਾ ਵੱਡਾ ਵੀ ਨਹੀਂ ਸੀ ਕਿ ਉਸ ਪਾਸੋਂ ਭੈਅ ਆਵੇ। ਉਹ ਮਸਾਂ ਸੱਤ-ਅੱਠ ਸਾਲ ਹੀ ਵੱਡਾ ਸੀ। ਫਿਰ ਵੀ ਉਹ ਪਿੰਡ ਦੇ ਸਾਡੇ ਸਾਰੇ ਹਾਣੀ ਮੁੰਡਿਆਂ ਲਈ ਦਿਲਚਸਪੀ ਦਾ ਕੇਂਦਰ ਸੀ। ਕਾਰਨ ਇਹ ਸੀ ਕਿ ਜਦੋਂ ਹਾਲੇ ਅਸੀਂ ਸੱਤਵੀਂ-ਅੱਠਵੀਂ ਵਿਚ ਪੜ੍ਹਦੇ ਸਾਂ, ਉਦੋਂ ਉਹ ਕੈਮਿਸਟਰੀ ਦੀ ਐਮæਐਸ਼ਸੀæ ਕਰਨ ਲੱਗ ਪਿਆ ਸੀ।
ਪਹਿਲੀ ਗੱਲ ਤਾਂ ਇਹੀ ਸੀ ਕਿ ਹਾਲੇ ਤਕ ਸਾਡੇ ਪਿੰਡ ਵਿਚੋਂ ਹੋਰ ਕਿਸੇ ਨੇ ਐਮæਐਸ਼ਸੀæ ਤਾਂ ਕੀ, ਐਮæਏæ ਵੀ ਨਹੀਂ ਸੀ ਕੀਤੀ। ਕੁਝ ਲੋਕਾਂ ਨੇ ਬੀæਏæ ਜ਼ਰੂਰੀ ਕੀਤੀ ਸੀ। ਨੰਬਰਦਾਰਾਂ ਦੇ ਗੁਰਦਿਆਲ ਸਿੰਘ ਲਾਲੀ ਨੇ ਆਰਕੀਟੈਕਚਰ ਦੀ ਇੰਜੀਨੀਅਰਿੰਗ ਡਿਗਰੀ ਤਾਂ ਕੀਤੀ ਸੀ, ਪਰ ਸਾਡੀ ਨਜ਼ਰ ਵਿਚ ਇਹ ਐਮæਏæ ਜਾਂ ਐਮæਐਸ਼ਸੀæ ਵਰਗੀ ਡਿਗਰੀ ਨਹੀਂ ਸੀ।
ਉਸੇ ਸੱਤ ਦੇਵ ਸ਼ਰਮਾ ਦੇ ਪਰਿਵਾਰ ਵਿਚ ਰਮੇਸ਼ ਚੰਦਰ ਸ਼ਰਮਾ ਉਰਫ ਮੇਸ਼ੀ ਸਾਥੋਂ ਕੁਝ ਕੁ ਵਰ੍ਹੇ ਹੀ ਵੱਡਾ ਸੀ। ਬਹੁਤ ਸ਼ਰਾਰਤੀ ਅਤੇ ਗਲਾਧੜੀ, ਪਰ ਦਸਵੀਂ ਮਸਾਂ ਪਾਰ ਕਰ ਸਕਿਆ। ਖਬਰੇ ਦਸਵੀਂ ਵੀ ਪਾਸ ਨਹੀਂ ਸੀ ਕੀਤੀ। ਉਹ ਉਨ੍ਹੀਂ ਦਿਨੀਂ ਬਿਜਲੀ ਬੋਰਡ ਵਿਚ ਕੱਚਾ ਮੁਲਾਜ਼ਮ ਭਰਤੀ ਹੋ ਗਿਆ ਸੀ। ਬਾਬਿਆਂ ਦੀ ਕੰਧ ਉਤੇ ਜੁੜਦੇ ਪਿੰਡ ਦੇ ਨੌਜਵਾਨਾਂ ਦੀ ਸੱਥ ਵਿਚ ਉਹ ਸਭ ਤੋਂ ‘ਚਾਲੂ ਚੀਜ਼’ ਸੀ। ਕਬੱਡੀ ਦਾ ਵੀ ਚੰਗਾ ਖਿਡਾਰੀ ਸੀ ਤੇ ਅਕਸਰ ਉਸ ਬਿਨਾਂ ਸਾਡੇ ਪਿੰਡ ਦੀ ਕਬੱਡੀ ਦੀ ਟੀਮ ਪੂਰੀ ਨਹੀਂ ਸੀ ਹੁੰਦੀ। ਗੱਲਾਂ ਵਿਚੋਂ ਗੱਲ ਕੱਢ ਕੇ ਲਤੀਫੇਬਾਜ਼ੀ ਕਰਨਾ ਉਸ ਦੇ ਸੁਭਾਅ ਦਾ ਹਿੱਸਾ ਸੀ।
ਜਦੋਂ ਅਸੀਂ ਮੁੰਡੇ ਢਾਣੀਆਂ ਵਿਚ ਖੜ੍ਹੇ ਗੱਪਾਂ ਮਾਰ ਰਹੇ ਹੁੰਦੇ, ਤਾਂ ਨਾਲ ਦੇ ਮਕਾਨ ਵਿਚੋਂ ਸੱਤ ਦੇਵ ਨਿਕਲ ਕੇ, ਕਿਸੇ ਨਾਲ ਗੱਲ ਕਰਨੀ ਤਾਂ ਦੂਰ, ਨਜ਼ਰ ਵੀ ਮਿਲਾਏ ਬਿਨਾਂ, ਬਾਬਿਆਂ ਦੀ ਕੰਧ ਦੇ ਨਾਲ-ਨਾਲ ਜਾ ਕੇ ਖੱਬੇ ਪਾਸੇ ਖੇਤਾਂ ਵਲ ਮੁੜ ਜਾਂਦਾ। ਫਿਰ ਉਹ ਬਾਬਿਆਂ ਦੇ ਖੂਹ ਉਤੋਂ ਦੀ ਹੋ ਕੇ ਬਾਬਿਆਂ ਦੀ ਵੱਟ ਪਾਰ ਕਰ ਕੇ ਪਿੰਡੋਂ ਕਰੀਬ ਅੱਧਾ ਕਿਲੋਮੀਟਰ ਦੂਰ ਖਾਲੀ ਪਏ ਖੇਤਾਂ ਵਿਚ ਚਲਿਆ ਜਾਂਦਾ। ਉਹਨੇ ਆਪਣਾ ਸੱਜਾ ਹੱਥ ਸਦਾ ਹੀ ਉਪਰ ਚੁੱਕ ਕੇ ਆਪਣੀ ਗਰਦਨ ਦੇ ਪਿਛਲੇ ਪਾਸੇ ਰੱਖਿਆ ਹੁੰਦਾ। ਬਾਹਰ ਖੇਤਾਂ ਵਿਚ ਜਾ ਕੇ ਉਹ ਉਸੇ ਤਰ੍ਹਾਂ ਹੀ ਖੱਬਾ ਹੱਥ ਗਰਦਨ ਦੇ ਪਿਛਲੇ ਪਾਸੇ ਰੱਖ ਲੈਂਦਾ। ਇਸੇ ਅਦਾ ਵਿਚ ਹੀ ਅਸੀਂ ਉਸ ਨੂੰ ਅਕਸਰ ਦੇਖਿਆ ਸੀ। ਕਈ ਵਾਰੀ ਉਤਸੁਕਤਾ ਵੱਸ ਅਸੀਂ, ਸਣੇ ਬਾਹਮਣਾਂ ਦੇ ਮੇਸ਼ੀ ਦੇ, ਚੋਰੀ-ਚੋਰੀ ਇਹ ਦੇਖਣ ਜਾਂਦੇ ਕਿ ਉਹ ਕਿਸੇ ਵੇਲੇ ਬੋਲਦਾ ਵੀ ਹੈ! ਉਸ ਨੂੰ ਕਦੇ ਕਿਸੇ ਨਾਲ ਗੱਲ ਕਰਦੇ ਨਹੀਂ ਸੀ ਸੁਣਿਆ। ਖੇਤਾਂ ਵਿਚ ਅੱਧਾ ਪੌਣਾ ਘੰਟਾ ਉਹ ਆਪਣੇ ਆਪ ਨਾਲ ਹੀ ਗੱਲਾਂ ਕਰਦਾ। ਉਹ ਵੀ ਅਸੀਂ ਅੰਦਾਜ਼ਾ ਹੀ ਲਾਇਆ ਸੀ, ਕਿਉਂਕਿ ਉਸ ਦੀ ਆਵਾਜ਼ ਅਸੀਂ ਕਦੇ ਨਹੀਂ ਸੀ ਸੁਣੀ।
ਉਸ ਦੀ ਇਕ ਹੋਰ ਨਿਵੇਕਲੀ ਆਦਤ ਦਾ ਜ਼ਿਕਰ ਕਰਨ ਦੀ ਲੋੜ ਹੈ। ਉਹਦੇ ਘਰ ਵਿਚ ਨਿੰਮ ਦਾ ਦਰਖਤ ਸੀ। ਨਿੰਮ ਬਹੁਤ ਭਾਰੀ ਨਹੀਂ ਸੀ, ਕਿਉਂਕਿ ਬਹੁਤੀ ਪੁਰਾਣੀ ਨਹੀਂ ਸੀ। ਧਰਤੀ ਤੋਂ ਕਰੀਬ ਦਸ ਕੁ ਫੁੱਟ ਉਚਾਈ ਉਤੇ ਇਸ ਵਿਚੋਂ ਤਿੰਨ ਟਾਹਣੇ ਨਿਕਲਦੇ ਸਨ। ਇਸ ਥਾਂ ਉਤੇ ਉਸ ਨੇ ਇਕ ਕੁਰਸੀ ਟਿਕਾਈ ਹੁੰਦੀ ਸੀ। ਗਰਮੀਆਂ ਦੇ ਦਿਨੀਂ ਸ਼ਾਮ ਪੈਣ ਉਤੇ ਉਹ ਇਸ ਕੁਰਸੀ ਉਤੇ ਬੈਠ ਕੇ ਪੜ੍ਹਦਾ ਹੁੰਦਾ ਸੀ। ਅਸੀਂ ਬਾਬਿਆਂ ਦੀ ਕੰਧ ਉਤੇ ਬੈਠੇ ਕਿੰਨਾ ਵੀ ਰੌਲਾ ਕਿਉਂ ਨਾ ਪਾਈਏ, ਉਸ ਨੇ ਕਦੇ ਅੱਖ ਚੁਕ ਕੇ ਉਧਰ ਨਹੀਂ ਸੀ ਦੇਖਿਆ। ਜਿਵੇਂ ਅਕਸਰ ਹੁੰਦਾ ਹੈ, ਅਸੀਂ ਕੁਝ ਦੇਰ ਬਾਅਦ ਉਸ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਸੀ। ਫਿਰ ਵੀ ਇਹ ਜ਼ਰੂਰ ਸੋਚਦੇ ਰਹਿੰਦੇ ਸਾਂ ਕਿ ਇਹ ਕਿਸ ਤਰ੍ਹਾਂ ਦਾ ਨੌਜਵਾਨ ਹੈ ਜਿਹੜਾ ਬਿਲਕੁਲ ਨਹੀਂ ਬੋਲਦਾ।
ਐਮæਐਸ਼ਸੀæ ਕਰਨ ਤੋਂ ਬਾਅਦ ਸੱਤ ਦੇਵ ਸ਼ਰਮਾ ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਲੈਕਚਰਰ ਦੀ ਨੌਕਰੀ ਮਿਲ ਗਈ। ਫਿਰ ਕੁਝ ਸਾਲਾਂ ਮਗਰੋਂ ਉਸ ਦਾ ਵਿਆਹ ਵੀ ਹੋ ਗਿਆ। ਜਿਨ੍ਹੀਂ ਦਿਨੀਂ ਉਸ ਦਾ ਵਿਆਹ ਹੋਇਆ, ਉਨ੍ਹੀਂ ਦਿਨੀਂ ਸਾਡੀ ਕੰਧ ਉਤਲੀ ਮੰਡਲੀ ਵਿਚ ਚਰਚਾ ਦਾ ਵਿਸ਼ਾ ਇਹ ਹੁੰਦਾ ਸੀ ਕਿ ਸੱਤ ਦੇਵ ਨੂੰ ਵਿਆਹ ਦੇ ਅਸਲੀ ਮਤਲਬ ਦਾ ਵੀ ਪਤਾ ਹੈ ਕਿ ਨਹੀਂ। ਇਸ ਮਾਮਲੇ ਵਿਚ ਉਸ ਨੂੰ ਪਿੰਡ ਦੇ ਤਾਂ ਕਿਸੇ ਦੋਸਤ ਨੇ ਕੋਈ ਸਲਾਹ ਦਿੱਤੀ ਨਹੀਂ ਸੀ।
ਖੈਰ! ਸਾਲ ਦੇ ਅੰਦਰ-ਅੰਦਰ ਸੱਤ ਦੇਵ ਦੇ ਘਰ ਨਿੱਕਾ ਨਿਆਣਾ ਵੀ ਹੋ ਗਿਆ। ਇਹੀ ਨਹੀਂ, ਭਾਵੇਂ ਉਹ ਪਿੰਡ ਵਿਚ ਕਿਸੇ ਨਾਲ ਗੱਲ ਨਹੀਂ ਸੀ ਕਰਦਾ, ਪਰ ਲਾਇਲਪੁਰ ਖਾਲਸਾ ਕਾਲਜ ਵਿਚ ਉਹ ਸਫਲ ਅਧਿਆਪਕ ਸਾਬਤ ਹੋਇਆ। ਸੰਨ 1971 ਵਿਚ ਜਦੋਂ ਮੈਂ ਉਸੇ ਕਾਲਜ ਵਿਚ ਪੰਜਾਬੀ ਦੀ ਐਮæਏæ ਕਰਨ ਲਈ ਦਾਖਲ ਹੋਇਆ, ਤਾਂ ਸੱਤ ਦੇਵ ਸ਼ਰਮਾ ਉਸ ਵੇਲੇ ਕੈਮਿਸਟਰੀ ਵਿਭਾਗ ਦਾ ਮੁਖੀ ਬਣ ਚੁਕਾ ਸੀ। ਇਹ ਉਸ ਦੀ ਲਿਆਕਤ ਅਤੇ ਮਿਹਨਤ ਦਾ ਫਲ ਸੀ।
ਬਾਹਮਣਾਂ ਵਿਚੋਂ ਹੀ ਐਮæਏæ ਕਰਨ ਵਾਲਾ ਦੂਜਾ ਬੰਦਾ ਸੱਤ ਦੇਵ ਸ਼ਰਮਾ ਦੇ ਹੀ ਪਰਿਵਾਰ ਦਾ ਕੇਵਲ ਸ਼ਰਮਾ ਸੀ। ਉਹ ਮੈਥੋਂ ਦੋ ਸਾਲ ਅੱਗੇ ਪੜ੍ਹਦਾ ਹੁੰਦਾ ਸੀ। ਜਦੋਂ ਮੈਂ ਹਾਇਰ ਸੈਕੰਡਰੀ ਦੇ ਪਰਚੇ ਦੇ ਕੇ ਵਿਹਲਾ ਸਾਂ ਤਾਂ ਕੇਵਲ ਨੇ ਹੀ ਮੈਨੂੰ ਗੜ੍ਹੇ ਦੇ ਗੰਨਾ ਫਾਰਮ ਵਿਚ ਦਿਹਾੜੀਦਾਰ ਦੀ ਨੌਕਰੀ ਦਿਵਾਈ ਸੀ। ਇਸ ਨੂੰ ‘ਡੇਲੀ ਪੇਡ ਲੇਬਰ’ ਕਹਿੰਦੇ ਸਨ। ਅਸੀਂ ਪਿੰਡ ਆ ਕੇ ਕਹਿੰਦੇ ਸਾਂ ਕਿ ਅਸੀਂ ਉਤੇ ‘ਡੀæਪੀæਐਲ਼ ਸਾਹਿਬ’ ਲੱਗੇ ਹੋਏ ਹਾਂ। ਕੇਵਲ ਨੂੰ ਅਕਸਰ ਗੰਨਾ ਫਾਰਮ ਵਿਚ ਕਾਲੇ ਰੰਗ ਦੀਆਂ ਤਖਤੀਆਂ ਉਤੇ ਸਫੈਦ ਰੰਗ ਨਾਲ ਗੰਨੇ ਦੀਆਂ ਕਿਸਮਾਂ ਦੇ ਨਾਂ ਲਿਖਣ ਦਾ ਕੰਮ ਦਿਤਾ ਜਾਂਦਾ ਸੀ। ਉਸ ਦੀ ਮਿਹਰਬਾਨੀ ਸਦਕਾ ਕੁਝ ਦਿਨ ਮੈਨੂੰ ਵੀ ਇਹੀ ਕੰਮ ਮਿਲ ਗਿਆ ਸੀ।
ਇਕ ਹੋਰ ਗੱਲ ਚੇਤੇ ਆ ਗਈæææ ਕਰੀਬ ਪੰਜਾਹ ਦਿਨ ਕੰਮ ਕਰਨ ਮਗਰੋਂ ਇਕ ਦਿਨ ਗੰਨਾ ਫਾਰਮ ਦੇ ਏæਐਸ਼ (ਅਸਿਸਟੈਂਟ ਐਗਰੀਕਲਚਰ ਇੰਸਪੈਕਟਰ) ਸਤਨਾਮ ਸਿੰਘ ਨੇ ਮੈਨੂੰ ਨਕੋਦਰ ਰੇਲਵੇ ਲਾਈਨ ਕੋਲ ਜਾ ਕੇ ਨੱਕੇ ਮੋੜਨ ਦਾ ਕੰਮ ਦਿੱਤਾ। ਇਸ ਥਾਂ ਉਤੇ ਅੱਜ ਕੱਲ੍ਹ ਮੋਤਾ ਸਿੰਘ ਨਗਰ ਵਸਿਆ ਹੋਇਆ ਹੈ। ਉਨ੍ਹਾਂ ਦਿਨਾਂ ਦੇ ਫੈਸ਼ਨ ਮੁਤਾਬਕ ਮੈਂ ਤੰਗ ਅਤੇ ਚਿੱਤੜ ਘੁਟਵੀਂ ਪਤਲੂਣ ਪਾਈ ਹੋਈ ਸੀ। ਕਹੀ ਚੁੱਕ ਕੇ ਹਾਲੇ ਕੁਝ ਕਦਮ ਹੀ ਤੁਰਿਆ ਸਾਂ ਕਿ ਸਤਨਾਮ ਸਿੰਘ ਨੇ ਆਵਾਜ਼ ਮਾਰ ਕੇ ਬੁਲਾ ਲਿਆ। ਉਸ ਨੇ ਗਾਲ੍ਹ ਕੱਢ ਕੇ ਇਹ ਕਹਿ ਕੇ ਕੰਮ ਤੋਂ ਫਾਰਗ ਕਰ ਦਿੱਤਾ ਕਿ ‘ਚਿੱਤੜ ਘੁੱਟਵੀਂ ਪੈਂਟ ਪਾ ਕੇ ਦਿਹਾੜੀ ਕਰਨ ਆ ਜਾਂਦੇ ਨੇ।’ ਮੈਂ ਕਹੀ ਉਥੇ ਰੱਖ ਕੇ ਇਹ ਪੁੱਛ ਕੇ ਵਾਪਸ ਆ ਗਿਆ ਕਿ ਪੈਸੇ ਕਿਸ ਦਿਨ ਲੈਣ ਆਵਾਂ? ਮਿੱਥੀ ਤਰੀਕ ਉਤੇ ਮੈਂ ਤਿੰਨ ਰੁਪਏ ਦਿਹਾੜੀ ਦੇ ਹਿਸਾਬ ਨਾਲ ਡੂਢ ਸੌ ਰੁਪਏ ਫੜੇ ਤੇ ਮਾਂ ਦੀ ਹਥੇਲੀ ਉਤੇ ਲਿਆ ਧਰੇ।
ਕਈ ਸਾਲਾਂ ਮਗਰੋਂ 1978 ਵਿਚ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਕੈਰੋਂ ਕਿਸਾਨ ਘਰ ਵਿਚ ਖੇਤੀਬਾੜੀ ਸਬ ਇੰਸਪੈਕਟਰਾਂ ਦਾ ਰਿਫਰੈਸ਼ਰ ਕੋਰਸ ਲੱਗਾ। ਮੈਂ ਉਨ੍ਹੀਂ ਦਿਨੀਂ ਉਥੇ ਖੇਤੀ ਪਸਾਰ ਵਿਭਾਗ ਦੀ ਪੱਤਰ ਸਿੱਖਿਆ ਯੂਨਿਟ ਵਿਚ ਕੰਮ ਕਰਦਾ ਸਾਂ। ਹੋਇਆ ਇਹ ਕਿ ਉਦਘਾਟਨ ਕਰਨ ਲਈ ਆਉਣ ਵਾਲੇ ਵਾਈਸ ਚਾਂਸਲਰ ਲੇਟ ਹੋ ਗਏ। ਖੇਤੀ ਪਸਾਰ ਵਿਭਾਗ ਵਾਲਿਆਂ ਮੈਨੂੰ ਇਹ ਕਹਿ ਕੇ ਸਟੇਜ ਉਤੇ ਚੜ੍ਹਾ ਦਿੱਤਾ ਕਿ ਉਨੀ ਦੇਰ ਤਕ ਮੈਂ ਇੱਧਰ-ਉਧਰ ਦੀਆਂ ਮਾਰ ਕੇ ਕਾਰਵਾਈ ਚੱਲਦੀ ਰੱਖਾਂ। ਇਹ ਕਾਰਵਾਈ ਕਰੀਬ ਇਕ ਘੰਟਾ ਮੈਨੂੰ ਚਲਾਉਣੀ ਪਈ। ਮਗਰੋਂ ਚਾਹ ਪੀਂਦੇ ਸਮੇਂ ਉਸੇ ਸਤਨਾਮ ਸਿੰਘ ਨੇ ਮੈਨੂੰ ‘ਸਰ’ ਕਹਿ ਕੇ ਕੋਈ ਗੱਲ ਪੁੱਛੀ। ਮੈਂ ਉਸ ਨੂੰ ਹਾਸੇ-ਹਾਸੇ ਵਿਚ 1966 ਵਾਲੀ ਗੱਲ ਸੁਣਾਈ। ਉਸ ਬੇਚਾਰੇ ਦੀ ਹਾਲਤ ਬਹੁਤ ਅਜੀਬ ਹੋ ਗਈ ਸੀ।
ਕੇਵਲ ਸ਼ਰਮਾ ਦਾ ਪਤਾ ਨਹੀਂ ਲੱਗਾ, ਕਿਥੇ ਹੈ। ਸੱਤ ਦੇਵ ਹਾਲੇ ਵੀ ਲਾਇਲਪੁਰ ਖਾਲਸਾ ਕਾਲਜ ਵਿਚ ਹੈ। ਮੇਸ਼ੀ ਕੀ ਕਰਦਾ ਹੋਵੇਗਾ? ਬਾਹਮਣਾਂ ਦੇ ਹੋਰ ਮੇਰੇ ਹਾਣੀ ਤੇ ਜਾਣੂੰ ਕਿਥੇ ਹਨ ਤੇ ਕੀ ਕਰਦੇ ਹਨ? ਇਹ ਮੈਂ ਨਹੀਂ ਜਾਣਦਾ। ਸਮੇਂ ਦੇ ਵਹਿਣ ਨੇ ਜਿਵੇਂ ਮੈਨੂੰ ਚੰਡੀਗੜ੍ਹ ਪਹੁੰਚਾ ਦਿੱਤਾ ਹੈ, ਉਵੇਂ ਉਨ੍ਹਾਂ ਨੂੰ ਵੀ ਰੁਜ਼ਗਾਰ ਖਾਤਰ ਕਿਤੇ ਨਾ ਕਿਤੇ ਪਹੁੰਚਾ ਦਿੱਤਾ ਹੋਵੇਗਾ। ਦੋਆਬੇ ਦੇ ਬੇਜ਼ਮੀਨੇ ਲੋਕਾਂ ਨੂੰ ਤਾਂ ਰੁਜ਼ਗਾਰ ਖਾਤਰ ਪਿੰਡ ਛੱਡਣ ਦਾ ਸੰਤਾਪ ਭੁਗਤਣਾ ਹੀ ਪੈਂਦਾ ਹੈ। ਜ਼ਮੀਨਾਂ ਵਾਲੇ ਵੀ, ਥੋੜ੍ਹੀਆਂ ਜ਼ਮੀਨਾਂ ਹੋਣ ਕਾਰਨ ਉਖੜ ਰਹੇ ਹਨ। ਹੁਣ ਤਾਂ ਜ਼ਮੀਨਾਂ ਹੀ ਨਹੀਂ ਰਹੀਆਂ, ਕਿਉਂਕਿ ਸ਼ਹਿਰ ਦਾ ਹਮਲਾ ਵਧ ਰਿਹਾ ਹੈ। ਇਸੇ ਲਈ ਤਾਂ ਪਿੰਡ ਦੇ ਘਰਾਂ ਵਿਚੋਂ ਬਹੁਤੇ ਘਰਾਂ ਵਿਚ ਓਪਰੇ ਬੰਦੇ ਆ ਕੇ ਵਸੇ ਹਨ। ਇਨ੍ਹਾਂ ਨੂੰ ਕੀ ਪਤਾ ਕਿ ਸੱਤ ਦੇਵ ਦੇ ਮਕਾਨ ਦੇ ਸਾਹਮਣੇ ਖੜ੍ਹ ਕੇ ਸੱਤ ਦੇਵ ਵਾਲੀ ਨਿੰਮ ਆਪਣੀ ਧੀ ਨੂੰ ਦਿਖਾ ਰਿਹਾ ਸ਼ਖ਼ਸ ਇਸੇ ਪਿੰਡ ਦੀ ਮਿੱਟੀ ਵਿਚੋਂ ਪੈਦਾ ਹੋਇਆ ਤੇ ਇਸ ਮਿੱਟੀ ਵਿਚ ਪਲਿਆ, ਪਰ ਪਰਦੇਸਾਂ ਦਾ ਸ਼ਰਾਪ ਲੈ ਕੇ ਇਸ ਧਰਤੀ ਉਤੇ ਆਇਆ ਸ਼ਖ਼ਸ ਹੈ।
(ਚਲਦਾ)

Be the first to comment

Leave a Reply

Your email address will not be published.