ਡਾæ ਗੁਰਨਾਮ ਕੌਰ, ਕੈਨੇਡਾ
ਗੁਰੂ ਰਾਮਦਾਸ ਸਾਹਿਬ ਨੇ ਹਰਿ ਦੇ ਭਗਤ ਅਤੇ ਹਰਿ ਦੇ ਨਿੰਦਕਾਂ ਵਿਚਲੇ ਫਰਕ ਬਾਰੇ ਦੱਸਿਆ ਹੈ ਕਿ ਪਰਮਾਤਮਾ ਦੇ ਭਗਤ ਹਰ ਰੋਜ਼ ਹਰਿ ਦੀ ਅਰਾਧਨਾ ਕਰਦੇ ਹਨ, ਉਸ ਨੂੰ ਸਿਮਰਦੇ ਹਨ, ਉਸ ਦੀ ਸਿਫ਼ਤਿ-ਸਾਲਾਹ ਕਰਦੇ ਹਨ। ਭਗਤ ਸਦਾ ਹੀ ਅਕਾਲ ਪੁਰਖ ਦਾ ਕੀਰਤਨ ਕਰਦੇ ਹਨ ਅਤੇ ਆਤਮਕ ਸੁੱਖ ਦੇਣ ਵਾਲਾ ਅਕਾਲ ਪੁਰਖ ਦਾ ਨਾਮ ਜਪਦੇ ਹਨ। ਜਿਹੜੇ ਹਰਿ ਦੇ ਭਗਤ ਹਨ ਉਨ੍ਹਾਂ ਦੀ ਭਗਤੀ ਦੇ ਗੁਣ ਕਾਰਨ ਅਕਾਲ ਪੁਰਖ ਉਨ੍ਹਾਂ ਨੂੰ ਨਾਮ ਦੀ ਵਡਿਆਈ ਦੀ ਬਖਸ਼ਿਸ਼ ਕਰਦਾ ਹੈ ਜਿਸ ਕਾਰਨ ਉਨ੍ਹਾਂ ਦਾ ਨਾਮ ਜਪਣ, ਭਗਤੀ ਕਰਨ ਦਾ ਗੁਣ ਦਿਨੋ ਦਿਨ ਹੋਰ ਦੂਣ-ਸਵਾਇਆ ਵਧਦਾ ਜਾਂਦਾ ਹੈ। ਅਕਾਲ ਪੁਰਖ ਆਪਣਾ ਵਿਰਦ ਪਾਲਦਾ ਹੈ ਅਤੇ ਆਪਣੇ ਭਗਤਾਂ ਦੇ ਹਿਰਦਿਆਂ ਨੂੰ ਟਿਕਾਉ, ਅਡੋਲਤਾ ਅਤੇ ਰੱਬ ਦੀ ਹਜ਼ੂਰੀ ਦੀ ਬਖਸ਼ਿਸ਼ ਕਰਦਾ ਹੈ ਜਿਸ ਕਰਕੇ ਉਨ੍ਹਾਂ ਦੀ ਮਾਇਆ ਦੀ ਭਟਕਣ ਮੁੱਕ ਜਾਂਦੀ ਹੈ,
ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ॥
ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ॥
ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ॥
ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ॥
ਹਰਿ ਦੀ ਨਿੰਦਿਆ ਕਰਨ ਵਾਲਿਆਂ ਦੀ ਗੱਲ ਕਰਦਿਆਂ ਗੁਰੂ ਜੀ ਫਰਮਾਉਂਦੇ ਹਨ ਕਿ ਨਿੰਦਕਾਂ ਪਾਸੋਂ ਉਨ੍ਹਾਂ ਦੇ ਕੀਤੇ ਨਿੰਦਿਆ ਵਰਗੇ ਮੰਦੇ ਕੰਮਾਂ ਕਾਰਨ ਅਕਾਲ ਪੁਰਖ ਹਿਸਾਬ ਮੰਗੇਗਾ ਅਤੇ ਕੀਤੇ ਕਰਮਾਂ ਅਨੁਸਾਰ ਬਹੁਤ ਸਜਾ ਵੀ ਮਿਲੇਗੀ। ਇਹ ਕੁਦਰਤਿ ਦਾ ਅਸੂਲ ਹੈ ਕਿ ਮਨੁੱਖ ਜਿਹੋ ਜਿਹਾ ਬੀ ਬੀਜਦਾ, ਉਸ ਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ। ਇਸ ਲਈ ਨਿੰਦਕ ਵੀ ਜਿਹੋ ਜਿਹੀ ਕਮਾਈ ਕਰਦੇ ਹਨ, ਜਿਸ ਕਿਸਮ ਦੇ ਕਰਮਾਂ-ਰੂਪੀ ਬੀ ਬੀਜਦੇ ਹਨ, ਉਹੋ ਜਿਹਾ ਹੀ ਫਲ ਪਾਉਂਦੇ ਹਨ। ਮਨੁੱਖ ਭਾਵੇਂ ਅੰਦਰ ਵੜ ਕੇ ਕੋਈ ਕਰਮ ਕਰੇ ਪਰ ਇੱਕ ਦਿਨ ਉਹ ਜ਼ਰੂਰ ਸਾਹਮਣੇ ਆ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਭਗਤ ਅਕਾਲ ਪੁਰਖ ਦੀ ਵਡਿਆਈ ਦੇਖ ਕੇ ਖੁਸ਼ ਹੁੰਦਾ ਹੈ,
ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ॥
ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ॥
ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ॥
ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ॥੨॥ (ਪੰਨਾ ੩੧੬)
ਅੱਗੇ ਪਉੜੀ ਮਹਲਾ ਪੰਜਵਾਂ ਦੀ ਹੈ ਜਿਸ ਵਿਚ ਰੱਬ ਦੇ ਭਗਤਾਂ ਅਤੇ ਦੂਸਰੇ ਪਾਪ ਕਰਨ ਵਾਲਿਆਂ ਵੱਲੋਂ ਕੀਤੇ ਜਾਣ ਵਾਲੇ ਅਲੱਗ ਅਲੱਗ ਕਿਸਮ ਦੇ ਕਰਮਾਂ ਅਤੇ ਉਨ੍ਹਾਂ ਦੇ ਫਲ ਦੀ ਗੱਲ ਕੀਤੀ ਹੈ। ਦੱਸਿਆ ਗਿਆ ਹੈ ਕਿ ਆਪਣੇ ਭਗਤਾਂ ਦੀ ਹਰ ਤਰ੍ਹਾਂ ਨਾਲ ਰੱਖਿਆ ਕਰਨ ਵਾਲਾ ਅਕਾਲ ਪੁਰਖ ਆਪ ਹੈ, ਇਸ ਲਈ ਪਾਪ ਚਿਤਵਨ ਵਾਲਾ ਉਨ੍ਹਾਂ ਦਾ ਕੀ ਵਿਗਾੜ ਸਕਦਾ ਹੈ। ਭਾਵ ਜਦੋਂ ਭਗਤਾਂ ਦੀ ਰੱਖਿਆ ਕਰਨ ਵਾਲਾ ਹਰਿ ਆਪ ਹੈ, ਫਿਰ ਪਾਪੀ ਕਿਸਮ ਦਾ ਮਨੁੱਖ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਅਹੰਕਾਰੀ ਮਨੁੱਖ ਮੂਰਖ ਹਨ ਅਤੇ ਅਹੰਕਾਰ ਕਰਦੇ ਹਨ, ਅਹੰਕਾਰ-ਰੂਪੀ ਜ਼ਹਿਰ ਖਾ ਕੇ ਮਰ ਜਾਂਦੇ ਹਨ। ਉਹ ਜਿਸ ਜ਼ਿੰਦਗੀ ਦਾ ਅਹੰਕਾਰ/ਮਾਣ ਕਰਦੇ ਹਨ, ਉਹ ਬੜੀ ਥੋੜ੍ਹੀ ਹੈ ਅਤੇ ਮੁੱਕ ਜਾਣੀ ਹੈ ਜਿਵੇਂ ਪੱਕੀ ਹੋਈ ਫਸਲ ਦੇ ਖੇਤ ਨੂੰ ਕੱਟ ਲਿਆ ਜਾਂਦਾ ਹੈ। ਮਨੁੱਖ ਜਿਸ ਤਰ੍ਹਾਂ ਦੇ ਕੰਮ ਕਰਦਾ ਹੈ, ਉਹ ਉਸੇ ਤਰ੍ਹਾਂ ਦਾ ਜਾਣਿਆ ਜਾਂਦਾ ਹੈ ਅਤੇ ਜੋ ਮਨੁੱਖ ਅਹੰਕਾਰ ਦੇ ਕੰਮ ਕਰਦੇ ਹਨ, ਰੱਬ ਦੀ ਦਰਗਾਹ ਵਿਚ ਅਹੰਕਾਰੀ ਕਰਕੇ ਹੀ ਜਾਣੇ ਜਾਂਦੇ ਹਨ। ਉੇਹ ਅਕਾਲ ਪੁਰਖ ਸਭ ਦਾ ਸੁਆਮੀ ਹੈ ਅਤੇ ਸਭ ਤੋਂ ਵੱਡਾ ਹੈ ਅਤੇ ਆਪਣੇ ਭਗਤਾਂ ਦੀ ਰਾਖੀ ਆਪ ਕਰਦਾ ਹੈ,
ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ॥
ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ॥
ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ॥
ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ॥
ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ॥੩੦॥ (ਪੰਨਾ ੩੧੬)
ਅਗੇ ਸਲੋਕ ਵਿਚ ਗੁਰੂ ਰਾਮਦਾਸ ਸਾਹਿਬ ਮਨ-ਮੱਤੀਏ ਮਨੁੱਖ ਦੀ ਗੱਲ ਕਰ ਰਹੇ ਹਨ ਕਿ ਅਜਿਹੇ ਮਨੁੱਖ ਲਾਲਚ, ਲੋਭ ਅਤੇ ਅਹੰਕਾਰ ਦੇ ਕਾਰਨ ਸਤਿਗੁਰੂ ਤੋਂ ਭੁੱਲੇ ਹੋਏ ਮਨੁੱਖ ਮੂਲ ਤੋਂ ਹੀ ਭੁੱਲੇ ਹੋਏ ਹਨ। ਅਜਿਹੇ ਮਨੁੱਖ ਦਿਨ-ਰਾਤ ਲਾਲਚ, ਲੋਭ ਅਤੇ ਅਹੰਕਾਰ ਸਬੰਧੀ ਝਗੜਾ ਕਰਦਿਆਂ ਹੀ ਸਾਰੀ ਉਮਰ ਗੁਜ਼ਾਰ ਦਿੰਦੇ ਹਨ ਅਤੇ ਗੁਰੂ ਦੇ ਦੱਸੇ ਸ਼ਬਦ ਦੀ ਵਿਚਾਰ ਨਹੀਂ ਕਰਦੇ। ਅਜਿਹੇ ਮਨੁੱਖਾਂ ਦੀ ਹੋਸ਼, ਬੁੱਧੀ, ਅਕਲ ਆਦਿ ਅਕਾਲ ਪੁਰਖ ਨੇ ਖੋਹ ਲਈ ਹੈ ਅਤੇ ਨਿਰਾ ਵਿਕਾਰ ਹੀ ਬੋਲਦੇ ਹਨ। ਉਨ੍ਹਾਂ ਨੂੰ ਕੋਈ ਵੀ ਦਾਤ ਪ੍ਰਾਪਤ ਹੋ ਜਾਵੇ, ਰੱਜਦੇ ਨਹੀਂ ਅਰਥਾਤ ਉਨ੍ਹਾਂ ਦਾ ਮਨ ਤ੍ਰਿਪਤਦਾ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਮਨ ਵਿਚ ਸੰਤੋਖ ਨਹੀਂ ਹੈ ਬਲਕਿ ਤ੍ਰਿਸ਼ਨਾ, ਅਗਿਆਨ ਅਤੇ ਹਨੇਰਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਅਜਿਹੇ ਮਨਮੁਖ ਮਨੁੱਖਾਂ ਨਾਲੋਂ ਸਬੰਧ ਟੁੱਟਿਆ ਹੋਇਆ ਹੀ ਚੰਗਾ ਹੈ, ਜਿਨ੍ਹਾਂ ਨੂੰ ਮਾਇਆ ਨਾਲ ਹੀ ਮੋਹ ਅਤੇ ਪਿਆਰ ਹੈ,
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ॥
ਝਗੜਾ ਕਰਦਿਆਂ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ॥
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ॥
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਹਾਰੁ॥
ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ॥੧॥ (ਪੰਨਾ ੩੧੬)
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਸਾਹਿਬ ਮਨਮੁਖਿ ਅਤੇ ਗੁਰਮੁਖਿ ਵਿਚਲਾ ਫਰਕ ਕਰਦਿਆਂ ਦੱਸਦੇ ਹਨ ਕਿ ਜਿਸ ਦੇ ਅੰਦਰ ਦੂਸਰਾ ਭਾਉ ਅਰਥਾਤ ਮਾਇਆ ਨਾਲ ਪ੍ਰੇਮ ਹੁੰਦਾ ਹੈ, ਉਸ ਦੇ ਮਨ ਵਿਚ ਗੁਰੂ ਵੱਲ ਮੂੰਹ ਕਰਕੇ ਤੁਰਨ ਅਰਥਾਤ ਗੁਰੂ ਦੇ ਦੱਸੇ ਰਸਤੇ ‘ਤੇ ਤੁਰਨ ਦਾ ਪ੍ਰੇਮ ਨਹੀਂ ਹੁੰਦਾ, ਉਹ ਗੁਰੂ ਦੇ ਸਨਮੁਖ ਨਹੀਂ ਰਹਿੰਦਾ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ਅਤੇ ਸੁਪਨੇ ਵਿਚ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ (ਕਿਉਂਕਿ ਮਨ ਵਿਚ ਤ੍ਰਿਸ਼ਨਾ ਲੱਗੀ ਰਹਿੰਦੀ ਹੈ)। ਉਹ ਝੂਠ ਦੀ ਕਮਾਈ ਕਰਦਾ ਹੈ, ਝੂਠ ਹੀ ਮੂੰਹ ਤੋਂ ਬੋਲਦਾ ਹੈ ਅਤੇ ਕੂੜ ਦੇ ਨਾਲ ਲੱਗ ਕੇ ਆਪ ਵੀ ਕੂੜ ਦਾ ਹੀ ਰੂਪ ਹੋ ਜਾਂਦਾ ਹੈ। ਮਾਇਆ ਦਾ ਮੋਹ ਦੁੱਖ ਦਾ ਕਾਰਨ ਹੈ ਇਸ ਲਈ ਅਜਿਹਾ ਮਨੁੱਖ ਦੁੱਖ ਵਿਚ ਹੀ ਮੁੱਕ ਜਾਂਦਾ ਹੈ ਅਤੇ ਦੁੱਖ ਦਾ ਹੀ ਰੋਣਾ ਰੋਂਦਾ ਰਹਿੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਭਾਵੇਂ ਹਰ ਮਨੁੱਖ ਰੱਬ ਨਾਲ ਪ੍ਰੇਮ ਦੀ ਤਾਂਘ ਕਰੇ ਪਰ ਮਾਇਆ ਅਤੇ ਪਰਮਾਤਮਾ- ਦੋਹਾਂ ਦਾ ਆਪਸ ਵਿਚ ਮੇਲ ਨਹੀਂ ਹੈ। ਜਿਨ੍ਹਾਂ ਦੇ ਪੱਲੇ ਵਿਚ ਪਿਛਲੇ ਕੀਤੇ ਹੋਏ ਚੰਗੇ ਕਰਮਾਂ ਦੇ ਕਾਰਨ ਪੁੰਨ ਅਰਥਾਤ ਚੰਗੇ ਸੰਸਕਾਰ ਪਏ ਹਨ, ਉਹ ਸਤਿਗੁਰ ਦਾ ਸ਼ਬਦ ਸੁਣਦੇ ਅਤੇ ਉਸ ਦੇ ਅਨੁਸਾਰੀ ਹੋ ਕੇ ਚੱਲਦੇ ਹਨ ਅਤੇ ਸੁੱਖ ਦੀ ਪ੍ਰਾਪਤੀ ਕਰਦੇ ਹਨ,
ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਹਾ ਗੁਰਮੁਖਿ ਪ੍ਰੀਤਿ ਨ ਹੋਇ॥
ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ॥
ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜਿ ਹੋਇ॥
ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ॥
ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ॥
ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ॥੨॥ (ਪੰਨਾ ੩੧੬)
ਅਗਲੀ ਪਉੜੀ ਵੀ ਮਹਲਾ ਪੰਜਵਾਂ ਦੀ ਹੈ ਪਰ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਇਹ ਪਉੜੀ ਚਉਥੀ ਪਾਤਸ਼ਾਹੀ ਦੀ ਕਰਕੇ ਪਿੱਛੇ ਆ ਚੁੱਕੀ ਹੈ (ਪਉੜੀ ੧੨)। ਗੁਰੂ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰਦੇ ਹਨ ਕਿ ਹੇ ਨਾਨਕ! ਰੱਬ ਦੇ ਭਗਤ ਅਤੇ ਮੁਨੀ ਜਨ ਆਪਣੀ ਵਿਚਾਰ ਦੱਸਦੇ ਹਨ ਅਤੇ ਚਾਰੇ ਵੇਦ ਆਦਿ ਪੁਰਾਤਨ ਧਾਰਮਿਕ ਪੁਸਤਕ ਵੀ ਇਹ ਆਖਦੇ ਹਨ ਕਿ ਰੱਬ ਦੇ ਭਗਤ ਜੋ ਬਚਨ ਆਪਣੇ ਮੁੱਖ ਤੋਂ ਉਚਾਰਦੇ ਹਨ, ਉਹ ਸਹੀ ਹੁੰਦੇ ਹਨ। ਪਰਮਾਤਮਾ ਦੀ ਭਗਤੀ ਕਰਨ ਵਾਲੇ ਸਾਰੇ ਸੰਸਾਰ ਵਿਚ ਪ੍ਰਤੱਖ ਪ੍ਰਸਿੱਧ ਹੁੰਦੇ ਹਨ ਅਤੇ ਉਨ੍ਹਾਂ ਦੀ ਵਡਿਆਈ ਸਾਰੀ ਲੋਕਾਈ ਸੁਣਦੀ ਹੈ। ਜਿਹੜੇ ਮੂਰਖ ਲੋਕ ਅਜਿਹੇ ਭਗਤ ਜਨਾਂ ਨਾਲ ਝਗੜਾ ਕਰਦੇ ਹਨ, ਵੈਰ ਕਮਾਉਂਦੇ ਹਨ, ਉਹ ਸੁਖ ਨਹੀਂ ਪਾਉਂਦੇ। ਉਹ ਭਗਤ ਜਨਾਂ ਦੇ ਗੁਣ ਪ੍ਰਾਪਤ ਕਰਨ ਲਈ ਤਰਸਦੇ ਹਨ ਪਰ ਉਹ ਗੁਣ ਪ੍ਰਾਪਤ ਕਰਨ ਦੀ ਥਾਂ ਆਪਣੇ ਅਹੰਕਾਰ ਵਿਚ ਸੜਦੇ ਰਹਿੰਦੇ ਹਨ। ਉਹ ਤਰਸ ਦੇ ਪਾਤਰ ਹਨ ਜਦਕਿ ਕੀਤੇ ਹੋਏ ਮੰਦੇ ਕਰਮ ਕਰਨ ਦੇ ਕਾਰਨ ਧੁਰ ਤੋਂ ਹੀ ਉਨ੍ਹਾਂ ਦੇ ਮਾੜੇ ਭਾਗ ਲਿਖੇ ਹਨ, ਉਨ੍ਹਾਂ ਨੂੰ ਮਾੜੇ ਸੰਸਕਾਰ ਮਿਲੇ ਹਨ। ਜੋ ਮਨੁੱਖ ਰੱਬ ਵੱਲੋਂ ਮੋਏ ਹੋਏ ਹਨ, ਉਹ ਹੋਰ ਕਿਸੇ ਦੇ ਵੀ ਨਹੀਂ ਹੋ ਸਕਦੇ। ਜਿਹੜੇ ਮਨੁੱਖ ਨਿਰਵੈਰਾਂ (ਜਿਨ੍ਹਾਂ ਦੇ ਮਨ ਵਿਚ ਕਿਸੇ ਲਈ ਵੈਰ ਨਹੀਂ ਹੁੰਦਾ) ਨਾਲ ਹੀ ਵੈਰ ਕਰਦੇ ਹਨ, ਉਹ ਰੱਬ ਦੇ ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ। ਭਾਵ ਧਰਮ ਦਾ ਇਹ ਨਿਆਉਂ ਹੈ ਕਿ ਨਿਰਵੈਰ ਪੁਰਸ਼ ਨਾਲ ਵੈਰ ਕਰਕੇ ਮਨੁੱਖ ਸੁਖ ਪ੍ਰਾਪਤ ਨਹੀਂ ਕਰ ਸਕਦਾ। ਜੋ ਮਨੁੱਖ ਰੱਬ ਦੇ ਭਗਤਾਂ ਵੱਲੋਂ ਫਿਟਕਾਰੇ ਹੋਏ ਹਨ, ਉਹ ਭਟਕਦੇ ਫਿਰਦੇ ਹਨ। ਇਹ ਕੁਦਰਤਿ ਦਾ ਨਿਯਮ ਹੈ ਕਿ ਜੋ ਦਰੱਖਤ ਮੁੱਢੋਂ ਹੀ ਕੱਟਿਆ ਜਾਵੇ ਤਾਂ ਉਸ ਦੇ ਟਾਹਣ ਸੁੱਕ ਜਾਂਦੇ ਹਨ,
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ॥
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ॥
ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ॥
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ॥
ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ॥
ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ॥
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ॥
ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ॥
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ॥
ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ॥੩੧॥ (ਪੰਨਾ ੩੧੬-੧੭)
ਅਗਲਾ ਸਲੋਕ ਪੰਚਮ ਪਾਤਿਸ਼ਾਹ ਦਾ ਹੈ ਜਿਸ ਵਿਚ ਉਹ ਕਹਿੰਦੇ ਹਨ ਕਿ ਉਹ ਅਕਾਲ ਪੁਰਖ ਜੋ ਸਭ ਸਰੀਰਾਂ ਨੂੰ ਬਣਾਉਣ ਅਤੇ ਢਾਹੁਣ ਦੇ ਸਮਰੱਥ ਹੈ, ਗੁਰੂ ਨੇ ਉਸ ਦਾ ਨਾਮ ਸਾਡੇ ਹਿਰਦੇ ਵਿਚ ਦ੍ਰਿੜ ਕਰਵਾ ਦਿੱਤਾ ਹੈ, ਇਸ ਲਈ ਹੁਣ ਸਾਡੇ ਸਾਰੇ ਦੁੱਖ ਦੂਰ ਹੋ ਗਏ ਹਨ। ਉਹ ਅੱਗੇ ਦੱਸਦੇ ਹਨ ਕਿ ਹੇ ਮਿੱਤਰ, ਭਾਈ ਜੇ ਤੂੰ ਵੀ ਉਸ ਅਕਾਲ ਪੁਰਖ ਦੇ ਨਾਮ ਨੂੰ ਧਿਆਵੇਂ, ਉਸ ਦਾ ਸਿਮਰਨ ਕਰੇਂ ਤਾਂ ਤੇਰੇ ਵੀ ਸਭ ਦੁੱਖ ਦੂਰ ਹੋ ਜਾਣ,
ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ॥
ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ॥੧॥(ਪੰਨਾ ੩੧੭)
ਅਗਲਾ ਸਲੋਕ ਵੀ ਗੁਰੂ ਅਰਜਨ ਦੇਵ ਜੀ ਦਾ ਹੈ ਜਿਸ ਵਿਚ ਉਹ ਦੱਸਦੇ ਹਨ ਕਿ ਜਿਸ ਤਰ੍ਹਾਂ ਭੁੱਖੇ ਮਨੁੱਖ ਲਈ ਆਦਰ ਭਾਵ ਸਤਿਕਾਰ ਜਾਂ ਨਿਰਾਦਰ ਅਰਥਾਤ ਬੇਇਜ਼ਤੀ ਦੇ ਮੰਦੇ ਬੋਲਾਂ ਦਾ ਕੋਈ ਅਰਥ ਨਹੀਂ ਹੁੰਦਾ ਕਿਉਂਕਿ ਭੁੱਖਾ ਹੋਣ ਕਰਕੇ ਉਸ ਦੀ ਲੋੜ ਰੋਟੀ ਹੁੰਦੀ ਹੈ ਅਤੇ ਉਹ ਬਿਨਾ ਕਿਸੇ ਪਰਵਾਹ ਦੇ ਰੋਟੀ ਦੀ ਮੰਗ ਕਰਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਹ ਅਕਾਲ ਪੁਰਖ ਦੇ ਨਾਮ ਦੀ ਦਾਤ ਮੰਗਦੇ ਹਨ ਅਤੇ ਉਹ ਮਿਹਰ ਕਰਕੇ ਆਪਣਾ ਮਿਲਾਪ ਬਖਸ਼ੇ,
ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ॥
ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ॥੨॥ (ਪੰਨਾ ੩੧੭)
ਗੁਰਮਤਿ ਦਰਸ਼ਨ ਵਿਚ ਵਿਚਾਰ ਨੂੰ, ਤਰਕ ਨੂੰ ਬਹੁਤ ਮਹੱਤਵ ਪੂਰਨ ਸਥਾਨ ਪ੍ਰਾਪਤ ਹੈ। ਜੋ ਵਿਸ਼ਵਾਸ ਮਨੁੱਖ ਨੇ ਸੋਚ ਸਮਝ ਕੇ ਗ੍ਰਹਿਣ ਕੀਤਾ ਹੁੰਦਾ ਹੈ, ਉਹ ਉਸ ਦੇ ਵਿਅਕਤਿਤਵ ਦਾ ਹਿੱਸਾ ਬਣ ਜਾਂਦਾ ਹੈ। ਇਥੇ ਵੀ ਗੁਰੂ ਸਾਹਿਬ ਇਸ ਤੱਥ ਦਾ ਤਰਕ ਸਿਰਜਦੇ ਹਨ ਕਿ ਮਨੁੱਖ ਜਿਸ ਕਿਸਮ ਦਾ ਕਰਮ ਕਰਦਾ ਹੈ, ਜਿਸ ਕਿਸਮ ਦਾ ਬੀ ਬੀਜਦਾ ਹੈ, ਉਸ ਦਾ ਫਲ, ਉਸ ਦੀ ਫਸਲ ਵੀ ਉਹੋ ਜਿਹੀ ਹੀ ਪ੍ਰਾਪਤ ਕਰਦਾ ਹੈ। ਗੁਰੂ ਸਾਹਿਬ ਉਦਾਹਰਣ ਦਿੰਦੇ ਹਨ ਕਿ ਜੇ ਕੋਈ ਮਨੁੱਖ ਗਰਮ ਲੋਹਾ ਚੱਬਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਪਸ਼ਟ ਹੈ ਕਿ ਉਹ ਉਸ ਦੇ ਸੰਘ ਵਿਚ ਜ਼ਰੂਰ ਚੁਭੇਗਾ (ਲੋਹਾ ਭੋਜਨ ਨਹੀਂ ਹੈ, ਖਾਣ ਲਈ ਨਹੀਂ ਬਣਿਆ ਇਸ ਲਈ ਇਸ ਦਾ ਉਲਟ ਨਤੀਜਾ ਤਾਂ ਆਵੇਗਾ ਹੀ)। ਇਸੇ ਤਰ੍ਹਾਂ ਮੰਦੇ ਕਰਮ ਕਰਨ ‘ਤੇ ਜਮਦੂਤ ਗਲ ਵਿਚ ਰੱਸਾ ਪਾ ਕੇ ਅੱਗੇ ਲਾ ਲੈਂਦਾ ਹੈ। ਕਹਿਣ ਤੋਂ ਭਾਵ ਹੈ ਕਿ ਮੰਦੇ ਕਰਮਾਂ ਕਾਰਨ ਨਿਰਾਦਰ ਤਾਂ ਸਹਿਣਾ ਹੀ ਪਵੇਗਾ। ਜਦੋਂ ਮਨੁੱਖ ਦੂਸਰਿਆਂ ਦੀ ਨਿੰਦਾ ਕਰਕੇ ਪਰਾਏ ਪਾਪ ਆਪਣੇ ਸਿਰ ‘ਤੇ ਲੈਂਦਾ ਹੈ ਤਾਂ ਉਸ ਦੀ ਕੋਈ ਵੀ ਆਸ ਪੂਰੀ ਨਹੀਂ ਹੁੰਦੀ ਅਤੇ ਉਹ ਆਪਣਾ ਇਹ ਲੋਕ ਅਤੇ ਪਰਲੋਕ ਦੋਵੇਂ ਗੁਆ ਬੈਠਦਾ ਹੈ। ਅਕ੍ਰਿਤਘਣ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਅਤੇ ਉਹ ਉਪਕਾਰ ਨਹੀਂ ਮੰਨਦਾ ਕਿ ਕਰਤਾਰ ਨੇ ਉਸ ਨੂੰ ਮਨੁੱਖਾ ਜਨਮ ਦਿੱਤਾ ਹੈ, ਇਸ ਲਈ ਰੱਬ ਨੂੰ ਯਾਦ ਨਾ ਰੱਖਣ ਕਰਕੇ ਉਹ ਜੂਨਾਂ ਵਿਚ ਭਟਕਦਾ ਰਹਿੰਦਾ ਹੈ। ਜਦੋਂ ਉਸ ਦੇ ਸਾਰੇ ਤਾਣ ਮੁੱਕ ਜਾਂਦੇ ਹਨ ਤਾਂ ਅਕਾਲ ਪੁਰਖ ਉਸ ਨੂੰ ਧਰਤੀ ਤੋਂ ਚੁੱਕ ਲੈਂਦਾ ਹੈ। ਜਦੋਂ ਇਸ ਤਰ੍ਹਾਂ ਦਾ ਅਕ੍ਰਿਤਘਣ ਬੰਦਾ ਝਗੜਿਆਂ ਨੂੰ ਮੁੱਕਣ ਨਹੀਂ ਦਿੰਦਾ ਤਾਂ ਕਰਤਾ ਪੁਰਖ ਉਸ ਨੂੰ ਉਠਾ ਲੈਂਦਾ ਹੈ। ਜੋ ਮਨੁੱਖ ਹਉਮੈ ਕਰਦੇ ਹਨ, ਅਹੰਕਾਰ ਕਰਦੇ ਹਨ ਉਹ ਅੰਤ ਵਿਚ ਜ਼ਮੀਨ ‘ਤੇ ਡਿਗਦੇ ਹਨ। ਕਹਿਣ ਤੋਂ ਭਾਵ ਹੈ ਕਿ ਚੰਗੇ ਕਰਮ ਕਰਕੇ ਮਨੁੱਖ ਇਸ ਸੰਸਾਰ ‘ਤੇ ਵੀ ਸ਼ੋਭਾ ਖੱਟਦਾ ਹੈ ਅਤੇ ਅਕਾਲ ਪੁਰਖ ਦੇ ਦਰਵਾਜ਼ੇ ‘ਤੇ ਵੀ ਉਸ ਨੂੰ ਸਤਿਕਾਰ ਮਿਲਦਾ ਹੈ। ਮੰਦੇ ਕਰਮ ਕਰਕੇ ਮਨੁੱਖ ਆਪਣੇ ਇਸ ਮਨੁੱਖਾ ਜਨਮ ਨੂੰ ਵੀ ਵਿਗਾੜਦਾ ਹੈ ਅਤੇ ਇਸ ਸੰਸਾਰ ‘ਤੇ ਨਿਰਾਦਰ ਖੱਟਦਾ ਹੈ ਤੇ ਅਗਲੇ ਸੰਸਾਰ ਵਿਚ ਵੀ ਨਿਰਾਦਰ ਸਹਿੰਦਾ ਹੈ,
ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ॥
ਚਬੇ ਤਤਾ ਲੋਹ ਸਾਹੁ ਵਿਚਿ ਸੰਘੈ ਪਲਤੇ॥
ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ॥
ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ॥
ਕੀਆ ਨ ਜਾਣੈ ਅਕਿਰਤਘਣੁ ਵਿਚਿ ਜੋਨੀ ਫਿਰਤੇ॥
ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰਤੇ॥
ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ॥
ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ॥੩੨॥ (ਪੰਨਾ ੩੧੭)
Leave a Reply