ਸੁਜੱਗ ਤੇ ਸਾਕਰਮਕ ਗੰਗਾ ਸਿੰਘ ਢਿੱਲੋਂ

ਪ੍ਰੋæ ਬਲਕਾਰ ਸਿੰਘ
ਆਪਣੇ ਸਮਕਾਲ ਨਾਲ ਲੀਹਾਂ ਪਾੜ ਕੇ ਤੁਰਨ ਵਾਲੀਆਂ ਸ਼ਖਸੀਅਤਾਂ ਆਪਣਾ ਥਾਂ ਆਪ ਬਣਾਉਂਦੀਆਂ ਹਨ ਅਤੇ ਸ਼ ਗੰਗਾ ਸਿੰਘ ਢਿੱਲੋਂ (1928-2014) ਇਹੋ ਜਿਹਾ ਹੀ ਸੀ। ਉਸ ਨੇ ਸਿੱਖ ਭਾਈਚਾਰੇ ਵਿਚ ਆਪਣੀ ਥਾਂ ਆਪਣੀ ਸੁਜੱਗਤਾ ਅਤੇ ਸਾਕਰਮਕਤਾ ਕਰਕੇ ਬਣਾਈ ਸੀ। ਨਿਰਾਪੁਰਾ ਸਿਆਸਤਦਾਨ ਉਹ ਕਦੇ ਵੀ ਨਹੀਂ ਸੀ ਅਤੇ ਇਸੇ ਕਰਕੇ ਉਸ ਦਾ ਕੋਈ ਸਿਆਸੀ ਰੋਲ-ਮਾਡਲ ਨਹੀਂ ਸੀ ਅਤੇ ਨਾ ਹੀ ਉਸ ਨੂੰ ਕਿਸੇ ਨੇ ਸਿਆਸੀ ਰੋਲ-ਮਾਡਲ ਮੰਨਿਆ ਸੀ। ਅਸਲ ਵਿਚ ਉਹ ਪੱਕਾ ਸਿੱਖ ਸੀ ਅਤੇ ਸਿੱਖੀ ਨਾਲ ਜੁੜੀ ਹੋਈ ਹਰ ਗੱਲ ਵਿਚ ਦਿਲਚਸਪੀ ਲੈਂਦਾ ਸੀ। ਉਸ ਦਾ ਨਾਮ ਸਿੱਖਾਂ ਅਤੇ ਸਿੱਖ-ਵਿਰੋਧੀਆਂ ਵਿਚ ਉਸ ਵੇਲੇ ਮਸ਼ਹੂਰ ਹੋ ਗਿਆ ਸੀ, ਜਦੋਂ ਉਸ ਨੇ 1981 ਵਿਚ ਚੰਡੀਗੜ੍ਹ ਵਿਖੇ ਚੀਫ ਖਾਲਸਾ ਦੀਵਾਨ ਵਲੋਂ ਕਰਵਾਈ ਗਈ ਸਿੱਖ ਐਜੂਕੇਸ਼ਨਲ ਕਾਨਫਰੰਸ ਵਿਚ ਪੂਰੇ ਜ਼ੋਰ-ਸ਼ੋਰ ਨਾਲ ਇਹ ਭਾਸ਼ਣ ਦਿੱਤਾ ਸੀ ਕਿ ਸਿੱਖ ਇਕ ਵੱਖਰੀ ਕੌਮ ਹਨ। ਇਹ ਕੋਈ ਨਵਾਂ ਵਿਸ਼ਾ ਨਹੀਂ ਸੀ ਕਿਉਂਕਿ ਸਿੱਖ ਸਾਹਿਤ ਵਿਚੋਂ ਇਸ ਦੇ ਸਮਰਥਨ ਵਾਸਤੇ ਹਵਾਲੇ ਆਮ ਮਿਲ ਜਾਂਦੇ ਹਨ ਅਤੇ ਸਿੱਖਾਂ ਨੇ ਵੱਖਰੀ ਕੌਮ ਵਜੋਂ ਆਪਣਾ ਸਿੱਕਾ ਇਤਿਹਾਸ ਕੋਲੋਂ ਵੀ ਮੰਨਵਾਇਆ ਹੋਇਆ ਹੈ। ‘ਖਾਲਿਸਤਾਨ’ ਅਤੇ ‘ਸਿੱਖ ਇਕ ਵਖਰੀ ਕੌਮ’ ਨੂੰ ਇਕ ਦੂਜੇ ਨਾਲ ਉਲਝਾ ਕੇ ਵੇਖਣ ਨਾਲ ਬਹੁਤ ਸਾਰੀਆਂ ਦੁਸ਼ਵਾਰੀਆਂ ਪੈਦਾ ਹੁੰਦੀਆਂ ਰਹੀਆਂ ਹਨ ਅਤੇ ਸ਼ ਢਿੱਲੋਂ ਇਸ ਰਲਗੱਡ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਸੀ। ਖਾਲਿਸਤਾਨੀ ਇਸ ਫਰਕ ਨੂੰ ਨਹੀਂ ਸਮਝਣਾ ਚਾਹੁੰਦੇ ਸਨ ਕਿਉਂਕਿ ਉਹ ਇਨ੍ਹਾਂ ਦੋਹਾਂ ਨੂੰ ਇਕੋ ਅਰਥ ਵਿਚ ਲੈਂਦੇ ਸਨ ਅਤੇ ਇਹੀ ਉਨ੍ਹਾਂ ਦੀ ਸਿਆਸਤ ਨੂੰ ਠੀਕ ਬੈਠਦਾ ਸੀ। ਪਰ ਜਦੋਂ ਮੌਕਾ ਮਿਲਦਾ ਸ਼ ਢਿੱਲੋਂ ਇਸ ਫਰਕ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਇਸੇ ਆਧਾਰ ‘ਤੇ ਕਹਿਣਾ ਚਾਹੁੰਦਾ ਹਾਂ ਕਿ ‘ਖਾਲਿਸਤਾਨ’ ਸ਼ਬਦ ਸ਼ ਢਿੱਲੋਂ ਨੇ ਉਸ ਤਰ੍ਹਾਂ 1981 ਵਾਲੇ ਭਾਸ਼ਣ ਵਿਚ ਵੀ ਨਹੀਂ ਵਰਤਿਆ ਸੀ, ਜਿਵੇਂ ਉਸ ਦੇ ਨਾਮ ਨਾਲ ਜੁੜ ਗਿਆ ਹੈ ਜਾਂ ਜੋੜ ਦਿੱਤਾ ਗਿਆ ਸੀ। ਖਾਲਿਸਤਾਨ ਦੇ ਨਾਮ ਤੇ ਕੌਮ ਵਿਚ ਵੰਡੀਆਂ ਪਾਉਣ ਦੇ ਉਹ ਬਿਲਕੁਲ ਹੱਕ ਵਿਚ ਨਹੀਂ ਸੀ। ਖਾਲਿਸਤਾਨੀਆਂ ਪ੍ਰਤੀ ਉਸ ਦਾ ਵਤੀਰਾ ਕੌਮੀ ਬਜ਼ੁਰਗ ਵਾਲਾ ਸੀ ਅਤੇ ਖਾਲਿਸਤਾਨੀਆਂ ਨੂੰ ਉਹ ਆਪਣੇ ਸਿੱਖ ਪਰਿਵਾਰ ਦਾ ਹਿੱਸਾ ਹੀ ਸਮਝਦਾ ਸੀ। ਉਸ ਨੂੰ ਪਤਾ ਸੀ ਕਿ ਜਿਹੋ ਜਿਹੇ ਖਾਲਿਸਤਾਨ ਦੀ ਸਿਆਸਤ ਕੀਤੀ ਜਾ ਰਹੀ ਹੈ, ਉਸ ਦੀਆਂ ਸੰਭਾਵਨਾਵਾਂ ਨਾਂਹ ਦੇ ਬਰਾਬਰ ਹਨ। ਇਸ ਵਾਸਤੇ ਦਿੱਤੀ ਜਾ ਰਹੀ ਕੀਮਤ, ਸਿੱਖਾਂ ਵਰਗੀ ਘਟ ਗਿਣਤੀ ਕੌਮ ਨੂੰ ਬਿਲਕੁਲ ਵਾਰਾ ਨਹੀਂ ਖਾਂਦੀ। ਮੌਕਾ ਮਿਲਣ ‘ਤੇ ਉਹ ਇਸ ਬਾਰੇ ਟਿਪਣੀਆਂ ਅੰਦਰ ਬਹਿ ਕੇ ਕਰਦਾ ਰਹਿੰਦਾ ਸੀ। ਖਾਲਿਸਤਾਨ ਬਾਰੇ ਉਚੀ ਬੋਲਣ ਵਾਲਿਆਂ ਨਾਲ ਉਸ ਨੂੰ ਹਮਦਰਦੀ ਵੀ ਸੀ ਅਤੇ ਇਤਰਾਜ਼ ਵੀ ਸਨ। ਇਸ ਦੀ ਕੀਮਤ ਉਸ ਨੂੰ ਇਕਲਿਆਂ ਚੱਲ ਕੇ ਲਗਾਤਾਰ ਦੇਣੀ ਪਈ ਸੀ।
ਉਸ ਨੂੰ ਮਿਲਦਿਆਂ ਮੇਰੇ ਲਈ ਇਹ ਗੱਲ ਪੱਕੀ ਹੁੰਦੀ ਗਈ ਸੀ ਕਿ ਉਹ ਪੰਥਕ ਰੰਗ ਵਿਚ ਰੰਗਿਆ ਹੋਇਆ ਗੁਰੂ ਦਾ ਲਾਡਲਾ ਸਿੱਖ ਸੀ। ਸਿੱਖ-ਸਿਆਸਤ ਦੇ ਪ੍ਰਾਪਤ ਪੱਕੇ ਰੰਗਾਂ ਵਿਚੋਂ ਉਸ ਨੂੰ ਕਿਸੇ ਇਕ ਰੰਗ ਨਾਲ ਨਹੀਂ ਬੰਨ੍ਹਿਆ ਜਾ ਸਕਦਾ ਸੀ। ਅਕਾਲੀ ਸਿਆਸਤ ਵਿਚੋਂ ਉਸ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਪਸੰਦ ਸੀ। ਪਰ ਦੁਖਾਂਤ ਇਹ ਸੀ ਕਿ ਜਥੇਦਾਰ ਟੌਹੜਾ ਨੇ ਉਸ ‘ਤੇ ਉਸ ਤਰ੍ਹਾਂ ਭਰੋਸਾ ਕਦੇ ਨਹੀਂ ਕੀਤਾ ਸੀ, ਜਿਵੇਂ ਉਹ ਜਥੇਦਾਰ ਟੌਹੜਾ ‘ਤੇ ਕਰਦਾ ਸੀ। ਇਸ ਦੇ ਬਾਵਜੂਦ ਉਹ ਕਿਸੇ ਸਿੱਖ ਸਿਆਸਤਦਾਨ ਨਾਲ ਟਕਰਾਉ ਵਿਚ ਨਹੀਂ ਆਉਂਦਾ ਸੀ। ਅਸਲ ਵਿਚ ਉਸ ਵਰਗੇ ਖਾਂਦੇ-ਪੀਂਦੇ ਸਿੱਖ ਘਰਾਂ ਦੇ ਪੜ੍ਹੇ-ਲਿਖੇ ਮੁੰਡੇ, ਸਿੱਖ-ਸਿਆਸਤ ਵੱਲ ਜਦੋਂ ਵੀ ਪਰਤਦੇ ਸਨ ਤਾਂ ਪੰਥਕ-ਨਾਬਰੀ ਵਾਲੀ ਸਿਆਸਤ ਹੀ ਕਰਦੇ ਸਨ। ਸ਼ ਢਿੱਲੋਂ ਦਾ ਸਿਆਸੀ ਸਫਰ, ਇਸੇ ਰੰਗ ਵਿਚ ਦੇਸ਼ ਦੀ ਵੰਡ (1947) ਵੇਲੇ ਸ਼ੁਰੂ ਹੋਇਆ ਸੀ। ਪਾਕਿਸਤਾਨ ਬਣਨਾ ਜਦੋਂ ਤੈਅ ਜਾਪਣ ਲੱਗ ਪਿਆ ਸੀ ਤਾਂ ਸਿੱਖ ਸਿਆਸਤਦਾਨਾਂ ਅੰਦਰ ਵੀ ‘ਸਿੱਖ ਸਟੇਟ’ ਦੀ ਸਿਆਸਤ ਅੰਗੜਾਈਆਂ ਲੈਣ ਲੱਗ ਪਈ ਸੀ। ਪ੍ਰੋæ ਗੁਰਬਚਨ ਸਿੰਘ ਤਾਲਿਬ ਅਤੇ ਗਿਆਨੀ ਲਾਲ ਸਿੰਘ ਨੇ ਸਿੱਖ-ਸਟੇਟ ਬਾਰੇ ਇਕ ਪੁਸਤਕ 1942 ਵਿਚ ਲਿਖੀ ਸੀ। ਅਸਲ ਵਿਚ ਸਿੱਖ-ਭਾਈਚਾਰੇ ਵਿਚ ‘ਸਿੱਖ-ਸਟੇਟ’ ਦੇ ਬੀਜ ਬੀਜਣ ਦੀ ਸਿਆਸਤ ਇਕ-ਪਰਤੀ ਨਹੀਂ ਸੀ। ਇਹ ਹਾਲਾਤ ਵਿਚੋਂ ਪੈਦਾ ਹੋਈ ਸਿਆਸਤ ਸੀ ਅਤੇ ਪਾਕਿਸਤਾਨ ਬਣਨ ਦੇ ਰਾਹ ਵਿਚ ਅੜਿੱਕਾ ਲਾਉਣ ਵਾਸਤੇ ਵੀ ਕੀਤੀ ਜਾ ਰਹੀ ਸੀ ਅਤੇ ਪੰਜਾਬ ਨੂੰ ਵੰਡੇ ਜਾਣ ਤੋਂ ਬਚਾਉਣ ਵਾਸਤੇ ਵੀ ਕੀਤੀ ਜਾ ਰਹੀ ਸੀ। ਇਸ ਵਿਚਾਰ ਉਤੇ ਕਿਸੇ ਸਿੱਖ ਸਿਆਸਤਦਾਨ ਨੇ ਉਸ ਤਰ੍ਹਾਂ ਪਹਿਰਾ ਨਹੀਂ ਦਿੱਤਾ ਸੀ, ਜਿਵੇਂ ਮੁਸਲਮਾਨਾਂ ਦਾ ਲੀਡਰ ਮੁਹੰਮਦ ਅਲੀ ਜਿਨਾਹ (ਕਾਇਦੇ ਆਜ਼ਮ) ਪਾਕਿਸਤਾਨ ਦੀ ਵਿਚਾਰਧਾਰਾ ‘ਤੇ ਪਹਿਰਾ ਦੇ ਰਿਹਾ ਸੀ। ਇਸ ਪ੍ਰਸੰਗ ਵਿਚ ਸਿੱਖ-ਸਿਆਸਤ ਦਾ ਵਕਤੀ ਤੇ ਜਜ਼ਬਾਤੀ ਰੰਗ ਉਸ ਵੇਲੇ ਸਾਹਮਣੇ ਆਇਆ, ਜਦੋਂ ਮਾਸਟਰ ਤਾਰਾ ਸਿੰਘ ਨੇ ਝੰਡਾ ਵੱਢ ਕੇ ਇਹ ਦੱਸ ਦਿੱਤਾ ਸੀ ਕਿ ਸਿੱਖ, ਪੰਜਾਬ ਦੀ ਵੰਡ ਨੂੰ ਇਕ ਹੱਦ ਤੋਂ ਅੱਗੇ ਸਹਿਣ ਨਹੀਂ ਕਰਨਗੇ। ਮੁੱਛ-ਫੁੱਟ ਗੱਭਰੂ ਗੰਗਾ ਸਿੰਘ ਢਿੱਲੋਂ ਇਸੇ ਸਿਆਸੀ ਉਭਾਰ ਦਾ ਹਿੱਸਾ ਹੋ ਕੇ ਜੇਲ੍ਹ ਗਿਆ ਸੀ। ਇਹ ਸਮਾਂ ਸਿਆਸੀ ਘੜਮੱਸ ਦਾ ਸੀ ਅਤੇ ਬਸਤੀ ਆਬਾਦੀ-ਸਿਆਸਤ, ਮਜ਼੍ਹਬੀ-ਸਿਆਸਤ ਅਤੇ ਆਜ਼ਾਦੀ ਦੀ ਸਿਆਸਤ ਆਪਣੇ-ਆਪਣੇ ਹਿਤਾਂ ਦੇ ਵਹਿਣ ਵਿਚ ਵਹਿ ਕੇ ਬੇਮੁਹਾਰੀ-ਸਿਆਸਤ ਦਾ ਸ਼ਿਕਾਰ ਹੋਈ ਪਈ ਸੀ। ਇਹੋ ਜਿਹੇ ਮਾਹੌਲ ਨਾਲ ਜਿਹੋ ਜਿਹੀਆਂ ਝਰੀਟਾਂ ਢਿੱਲੋਂ ਸਾਹਿਬ ਦੀ ਮਾਨਸਿਕਤਾ ਤੇ ਪੈ ਗਈਆਂ ਸਨ ਅਤੇ ਉਹੀ ਮੌਕਾ ਮਿਲਣ ਤੇ ਚਸਕਦੀਆਂ ਰਹੀਆਂ ਸਨ। ਇਸੇ ਕਰਕੇ ਉਹ ਖਾਲਿਸਤਾਨ ਦੇ ਵਿਰੋਧੀਆਂ ਨੂੰ ਵਧ ਖਾਲਿਸਤਾਨੀ ਅਤੇ ਹਮਾਇਤੀਆਂ ਨੂੰ ਘੱਟ ਖਾਲਿਸਤਾਨੀ ਲੱਗਣ ਲੱਗ ਪਏ ਸਨ।
ਸ਼ ਗੰਗਾ ਸਿੰਘ ਢਿੱਲੋਂ ਨੂੰ ਕੂਟਨੀਤਕ-ਸਿਆਸਤ ਦੀ ਬਹੁਤ ਸਮਝ ਸੀ, ਪਰ ਇਸ ਦੇ ਬਾਵਜੂਦ ਉਹ ਸਿਆਸਤਦਾਨ ਨਹੀਂ ਬਣ ਸਕਿਆ। ਮੌਕਾ ਮਿਲਣ ‘ਤੇ ਉਹ ਹਰ ਰੰਗ ਦੇ ਸਿੱਖ-ਸਿਆਸਤਦਾਨ ਨੂੰ ਦਿਆਨਤਦਾਰੀ ਨਾਲ ਰਾਇ ਦਿੰਦਾ। ਪਰ ਉਸ ਦੀ ਰਾਇ ਨੂੰ ਕਿਸੇ ਸਿੱਖ-ਸਿਆਸਤਦਾਨ ਨੇ ਨਾ ਵਰਤਿਆ। ਢਿੱਲੋਂ ਸਾਹਿਬ ਦੀ ‘ਸਿੱਖ ਇਕ ਸੁਤੰਤਰ-ਕੌਮ’ ਦੀ ਰੀਝ ਨੂੰ ‘ਖਾਲਿਸਤਾਨ’ ਦੇ ਅਰਥਾਂ ਵਿਚ ਕਿਉਂ ਵਰਤ ਲਿਆ ਗਿਆ, ਇਸ ਬਾਰੇ ਨਿੱਠ ਕੇ ਸੰਵਾਦ ਕਦੇ ਹੋਇਆ ਹੀ ਨਹੀਂ। ਜਿਹੜਾ ਲਫਜ਼ ਵਰਤਿਆ ਹੀ ਨਹੀਂ ਗਿਆ ਸੀ, ਉਸ ਨੂੰ ਲੈ ਕੇ ਉਸ ਦਾ ਭਾਰਤ ਵਿਚ ਦਾਖਲਾ ਬੰਦ ਕਰ ਦਿੱਤਾ ਗਿਆ ਸੀ। ਉਸ ਨੂੰ ਉਸ ਵੇਲੇ ਅਮਰੀਕਾ ਦੀ ਨਾਗਰਿਕਤਾ ਮਿਲ ਚੁੱਕੀ ਸੀ ਅਤੇ ਇਸ ਕਰਕੇ ਉਸ ਨੂੰ ਕੈਦ ਕਰਕੇ ਮੁਕੱਦਮਾ ਨਹੀਂ ਚਲਾਇਆ ਗਿਆ ਸੀ। ਉਹ ਮਰਜੀ ਨਾਲ ਜਿਵੇਂ ਬਹੁਤ ਪਹਿਲਾਂ 1960 ਵਿਚ ਅਮਰੀਕਾ ਵਿਖੇ ਹਿਜਰਤ ਕਰ ਗਿਆ ਸੀ, ਉਵੇਂ ਹੀ ਆਪਣੀ ਮਰਜ਼ੀ ਨਾਲ 1981 ਵਿਚ ਵੀ ਆਪਣੀ ਗੱਲ ਕਹਿਣ ਤੋਂ ਬਾਅਦ ਵਾਪਸ ਅਮਰੀਕਾ ਪਰਤ ਗਿਆ। ਪਰ ਭਾਰਤ ਸਰਕਾਰ ਦੇ ਫੈਸਲੇ ਨੇ ਉਸ ਅੰਦਰ ਭਾਰਤ ਪ੍ਰਤੀ ਕੁੜੱਤਣ ਭਰ ਦਿੱਤੀ। ਭਾਰਤ ਨਾ ਆ ਸਕਣ ਦਾ ਉਦਰੇਵਾਂ ਉਸ ਕੋਲੋਂ ਲੁਕਾਇਆਂ ਨਹੀਂ ਸੀ ਲੁਕਦਾ। ਭਾਰਤ ਆਉਣ ਦਾ ਜਦੋਂ ਵੀ ਕੋਈ ਮੌਕਾ ਬਣਦਾ, ਉਹ ਆਪ ਹੀ ਪਿਛਾਂਹ ਹਟ ਜਾਂਦਾ। ਸ਼ਰਤਾਂ ਨਾਲ ਭਾਰਤ-ਵਾਪਸੀ ਉਸ ਨੂੰ ਪਸੰਦ ਨਹੀਂ ਸੀ ਅਤੇ ਬਿਨਾਂ ਸ਼ਰਤ ਭਾਰਤ-ਵਾਪਸੀ ਸੰਭਵ ਨਾ ਹੋ ਸਕੀ। ਉਹ ਬਹਾਦਰ ਸ਼ਾਹ ਜ਼ਫਰ ਵਾਂਗ ਜਲਾਵਤਨ ਨਹੀਂ ਹੋਇਆ ਸੀ, ਪਰ ਆਪਣੀ ਜਨਮ-ਭੂਮੀ ਬਾਰੇ ਉਹ ਬਹਾਦਰ ਸ਼ਾਹ ਜ਼ਫਰ ਵਾਂਗ ਹੀ ਤਰਸਦਾ ਰਿਹਾ ਸੀ। ਇਸ ਤਰਸੇਵੇਂ ਨੂੰ ਉਸ ਨੇ ਪਾਕਿਸਤਾਨ ਵਿਚ ਵਾਰ-ਵਾਰ ਜਾ ਕੇ ਘਟਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਿਚ ਸਫਲ ਨਹੀਂ ਸੀ ਹੋ ਸਕਿਆ। ‘ਨਨਕਾਣਾ ਸਾਹਿਬ ਫਾਊਂਡੇਸ਼ਨ’ (1970) ਰਾਹੀਂ ਉਹ ਆਪਣੇ ਵਿਰਾਸਤੀ-ਉਦਰੇਵੇਂ ਨਾਲ ਜੂਝਦਾ ਰਿਹਾ ਸੀ। ਇਸੇ ਪਲੇਟਫਾਰਮ ਤੋਂ ਉਸ ਨੇ ਸਿੱਖਾਂ ਦੀ ਅਰਦਾਸ ਵਿਚਲੇ ਇਨ੍ਹਾਂ ਬੋਲਾਂ- ‘ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁਲ੍ਹੇ ਦਰਸ਼ਨ ਦੀਦਾਰ ਖਾਲਸਾ ਜੀ ਨੂੰ ਬਖਸ਼ੋ’ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਨੂੰ ਪਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਿਆਸੀ ਮਜਬੂਰੀਆਂ ਇਸ ਦੇ ਰਾਹ ਵਿਚ ਰੁਕਾਵਟ ਰਹਿਣਗੀਆਂ। ਉਸ ਨੇ ਪਾਕਿਸਤਾਨੀ ਸਰਕਾਰ ਨੂੰ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਥੋਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਪਾਕਿਸਤਾਨ ਵਿਚਲੇ ਸਿੱਖਾਂ ਨੂੰ ਸੌਂਪਣ ਵਾਸਤੇ ‘ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ’ ਬਣਾ ਦੇਣੀ ਚਾਹੀਦੀ ਹੈ। ਇਸ ਵਾਸਤੇ ਉਸ ਨੇ ਜ਼ਿਆਉਲ ਹੱਕ ਵਰਗੇ ਕੱਟੜ ਸਿਆਸਤਦਾਨ ਦੀ ਮਦਦ ਵੀ ਲਈ ਸੀ ਅਤੇ ਇਸ ਮੁਹਿੰਮ ਨੂੰ 1999 ਵਿਚ ਬੂਰ ਪੈ ਗਿਆ ਸੀ।
ਸ਼ ਗੰਗਾ ਸਿੰਘ ਢਿੱਲੋਂ ਨਾਲ ਮੇਰੀ ਪਹਿਲੀ ਮੁਲਾਕਾਤ ਸੁਰਜੀਤ ਸਿੰਘ ਥੇਹੜੀ ਨੇ ਕਰਵਾਈ ਅਤੇ ਉਸ ਤੋਂ ਬਾਅਦ ਮੇਰਾ ਸੰਪਰਕ ਉਸ ਨਾਲ ਲਗਾਤਾਰ ਬਣਿਆ ਰਿਹਾ। ਸਿੱਖ-ਸਿਆਸਤ ਵਿਚ ਉਹ ਲਗਾਤਾਰ ਦਿਲਚਸਪੀ ਲੈਂਦਾ ਰਿਹਾ ਅਤੇ ਪੰਜਾਬ ਦੀਆਂ ਸਿਆਸੀ ਗਤੀਵਿਧੀਆਂ ਨਾਲ ਮਾਨਸਿਕ ਤੌਰ ‘ਤੇ ਜੁੜਿਆ ਰਹਿੰਦਾ। ਪੜ੍ਹਨ-ਲਿਖਣ ਦਾ ਸ਼ੌਕੀਨ ਢਿੱਲੋਂ ਸੁਚੇਤ ਵੀ ਸੀ ਅਤੇ ਸਾਕਰਮਕ ਵੀ। ਪੱਛਮ ਵਿਚ ਸਿੱਖੀ ਬਾਰੇ ਹੋਣ ਵਾਲੇ ਸਾਰੇ ਹੀ ਸੈਮੀਨਰਾਂ ਵਿਚ ਹਿੱਸਾ ਲੈਣ ਲਈ ਉਹ ਉਚੇਚ ਨਾਲ ਪਹੁੰਚਦਾ। ਕਹਿਣ ਅਤੇ ਸੁਣਨ ਦੀ ਸ਼ਕਤੀ ਦਾ ਮਾਲਕ ਢਿੱਲੋਂ ਸਬੱਬ ਨਾਲ ਇਕੱਠੇ ਹੋਏ ਵਿਦਵਾਨਾਂ ਨਾਲ ਗੱਲਬਾਤ ਕਰਦਾ ਰਹਿੰਦਾ ਸੀ। ਲੁਕਾ ਕੇ ਗੱਲ ਕਰਨ ਦੀ ਉਸ ਨੂੰ ਆਦਤ ਨਹੀਂ ਸੀ। ਮੈਂ ਉਸ ਨੂੰ ਖਾਲਿਸਤਾਨੀਆਂ ਅਤੇ ਗੈਰ-ਖਾਲਿਸਤਾਨੀਆਂ ਵਿਚਕਾਰ ਪੁਲ ਵਾਂਗ ਭੂਮਿਕਾ ਨਿਭਾਉਂਦਿਆਂ ਵੇਖਿਆ ਹੈ। ਉਹੀ ਤਾਂ ਸੀ ਜਿਸ ਕੋਲ ਕਿਸੇ ਵੀ ਰੰਗ ਦਾ ਸਿੱਖ ਬਿਨਾ ਝਿਜਕ ਆਪਣੀ ਗੱਲ ਕਹਿ ਸਕਦਾ ਸੀ। ਅਕਾਲ ਚਲਾਣੇ ਉਪਰੰਤ ਉਸ ਨਾਲ ਸਬੰਧਤ ਛਪੀਆਂ ਖਬਰਾਂ ਵਿਚ ਜਿਵੇਂ ਉਸ ਨੂੰ ‘ਖਾਲਿਸਤਾਨੀ ਸਿਧਾਂਤਕਾਰ’ ਦੱਸਿਆ ਜਾ ਰਿਹਾ ਹੈ, ਉਸ ਦੀ ਪੰਥਕ ਛਬੀ ਨਾਲ ਨਿਆਂ ਨਹੀਂ ਹੈ। ਜਿਵੇਂ ਮੈਂ ਉਸ ਦੀ ਸ਼ਖਸੀਅਤ ਨੂੰ ਠੱਪਾਬੰਦੀ ਤੋਂ ਮੁਕਤ ਕਰਕੇ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਇਸ ਤਰ੍ਹਾਂ ਉਸ ਨੇ ਆਪ ਵੀ ਸ਼ਾਇਦ ਕਦੇ ਨਹੀਂ ਕੀਤਾ ਕਿਉਂਕਿ ਉਹ ਸਿੱਖ-ਕੌਮ ਦੇ ਨਾਨਤਵ ਨੂੰ ਨਾਲ ਲੈ ਕੇ ਤੁਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦਾ ਕਾਰਣ ਮੈਨੂੰ ਇਹ ਵੀ ਨਜ਼ਰ ਆਉਂਦਾ ਹੈ ਕਿ ਉਸ ਵਾਸਤੇ ਹਰ ਸਿੱਖ ਉਸ ਦਾ ਗੁਰਭਾਈ ਸੀ ਅਤੇ ਹਰ ਸਿੱਖ ਸਿਆਸਤਦਾਨ, ਸਿੱਖ-ਕੌਮ ਦਾ ਇਕ ਰੰਗ ਸੀ। ਆਪਣੀ ਧੁਨ ਦਾ ਉਹ ਪੱਕਾ ਸੀ ਅਤੇ ਕਿਸੇ ਹੋਰ ਨੂੰ ਧੁਨ ਦਾ ਪੱਕਾ ਹੋਣ ਤੋਂ ਉਹ ਕਿਵੇਂ ਰੋਕ ਸਕਦਾ ਸੀ। ਉਸ ਵਰਗੇ ਕੌਮੀ-ਬਜ਼ੁਰਗ ਵਾਸਤੇ ਸਿੱਖ ਪ੍ਰਸੰਗ ਵਿਚ ਮਧਮਾਰਗੀ ਹੋ ਜਾਣਾ ਕੁਦਰਤੀ ਸੀ। ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦਾ ਰਾਹ ਉਹ ਸਾਰੀ ਉਮਰ ਪੱਧਰਾ ਕਰਦਾ ਰਿਹਾ। ਉਸ ਦੀ ਇਹ ਪਹੁੰਚ ਉਸ ਦੇ ਨਾਲ ਦਫਨ ਹੋ ਗਈ ਲੱਗਦੀ ਹੈ ਕਿਉਂਕਿ ਉਸ ਦੀ ਇਸ ਪਹੁੰਚ ਵਿਚ ਸੰਵਾਦ, ਸੰਤੋਖ ਅਤੇ ਸਹਿਜ ਸ਼ਾਮਲ ਸਨ। ਇਹ ਗੁਣ ਸਿਆਸਤ ਦੇ ਬੋਲਬਾਲਿਆਂ ਦੀ ਭੇਟ ਚੜ੍ਹ ਗਏ ਹਨ। ਉਹ ਸਦਾ ਇਹ ਆਸ ਕਰਦਾ ਰਿਹਾ ਸੀ ਕਿ ਸਿੱਖ-ਕੌਮ ਦੇ ਵਾਰਸ ਪੰਥਕ ਸੁਰ ਵਿਚ ਪੰਥਕ-ਮਾਰਗ ਉਤੇ ਤੁਰਨ ਦੀ ਜਾਚ, ਜਿੰਨੀ ਛੇਤੀ ਸਿੱਖ ਲੈਣ, ਚੰਗਾ ਹੈ।
ਪੰਜਾਬ ਦੀਆਂ ਲੋਕ-ਕਥਾਵਾਂ ਵਿਚ ਪ੍ਰਚਲਿਤ ਇਹ ਭਾਵਨਾ ਕਿ ਬੰਦਾ ਮਰ ਕੇ ਤਾਰਾ ਬਣ ਜਾਂਦਾ ਹੈ, ਦੇ ਹਵਾਲੇ ਨਾਲ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਸ਼ ਗੰਗਾ ਸਿੰਘ ਢਿੱਲੋਂ ਪੰਥਕ-ਖਿੱਤੀ ਦਾ ਹਿੱਸਾ ਹੋ ਗਿਆ ਹੈ। ਇਸ ਮਾਮਲੇ ਵਿਚ ਮੈਂ ਅਕਾਲ ਚਲਾਣਾ ਕਰ ਗਏ ਉਨ੍ਹਾਂ ਸਾਰੇ ਚੇਤੰਨ ਸਿੱਖਾਂ ਨੂੰ ਸ਼ਾਮਲ ਮੰਨਦਾ ਹਾਂ, ਜਿਨ੍ਹਾਂ ਨੇ ਆਪਣੀਆਂ ਜੁੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਸਿੱਖ ਭਾਈਚਾਰੇ ਨੂੰ ਜਗਾਈ ਰਖਣ ਵਾਸਤੇ ਯਤਨ ਕੀਤੇ ਹਨ। ਗੰਗਾ ਸਿੰਘ ਅਮਰੀਕਾ ਵਿਚ 1960 ਵਿਚ ਗਿਆ ਅਤੇ 1975 ਵਿਚ ਉਸ ਨੇ ‘ਨਨਕਾਣਾ ਸਾਹਿਬ ਫਾਊਂਡੇਸ਼ਨ’ ਇਸ ਮੰਤਵ ਨਾਲ ਬਣਾ ਲਈ ਸੀ ਕਿ ਸਿੱਖ ਮੁੱਦਿਆਂ ਤੇ ਜੱਦੋਜਹਿਦ ਕਰਨ ਵਾਸਤੇ ਪਲ਼ੇਟਫਾਰਮ ਦੀ ਲੋੜ ਪੈਣੀ ਹੈ। ਇਸੇ ਪਲੇਟਫਾਰਮ ਤੋਂ ਉਸ ਨੇ ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰਿਆ ਨੂੰ ਸਿੱਖਾਂ ਦੇ ਪ੍ਰਬੰਧ ਹੇਠ ਲਿਆਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ (ਇਸ ਦਾ ਹਵਾਲਾ ਉਪਰ ਆ ਗਿਆ ਹੈ)।
ਸ਼ ਗੰਗਾ ਸਿੰਘ ਢਿੱਲੋਂ ਦੇ ਚਲਾਣੇ ਨਾਲ ਇਹ ਪ੍ਰਸ਼ਨ ਸਾਹਮਣੇ ਆ ਗਿਆ ਹੈ ਕਿ ਕੋਈ ਵੀ ਸਿੱਖ ਆਪਣੀ ਮੁਖ-ਧਾਰਾ ਨਾਲੋਂ ਵਿਛੜ ਕੇ ਨਹੀਂ ਵਿਚਰਨਾ ਚਾਹੁੰਦਾ। ਕਿਸੇ ਵੀ ਕਿਸਮ ਦੀ ਸਿਆਸਤ ਕਾਰਨ ਜਿਨ੍ਹਾਂ ਸਿੱਖਾਂ ਨੂੰ ਮੁਖ-ਧਾਰਾ ਨਾਲੋਂ ਵਿਛੜ ਕੇ ਤੁਰਨਾ ਪੈਂਦਾ ਰਿਹਾ ਹੈ ਜਾਂ ਪੈ ਰਿਹਾ ਹੈ, ਉਸ ਬਾਰੇ ਨਿੱਠ ਕੇ ਵਿਚਾਰ ਹੋਣੀ ਚਾਹੀਦੀ ਹੈ। ਇਹੀ ਗੱਲ ਕਹਿੰਦਾ-ਕਹਿੰਦਾ ਸ਼ ਢਿੱਲੋਂ ਤੁਰ ਗਿਆ ਹੈ ਅਤੇ ਇਸ ਗੱਲ ਦੇ ਹੱਲ ਦੀ ਉਡੀਕ ਵਿਚ ਬਹੁਤ ਸਾਰੇ ਸਿੱਖ ਬਦੇਸ਼ੀ ਧਰਤੀਆਂ ਦੇ ਬਿਰਖ ਹੋ ਗਏ ਹਨ। ਸਿਆਸਤ ਦੇ ਮਸਲੇ ਸਿਆਸਤ ਨਾਲ ਹੱਲ ਹੁੰਦੇ ਹੋਣਗੇ, ਪਰ ਸਿੱਖਾਂ ਦੇ ਮਸਲੇ ਸਿਆਸਤ ਨਾਲ ਹੱਲ ਹੁੰਦੇ ਨਜ਼ਰ ਨਹੀਂ ਆਉਂਦੇ। ਸਿੱਖ-ਮਸਲਿਆਂ ਦੇ ਹੱਲ ਵਾਸਤੇ ਸਿੱਖਾਂ ਦੇ ਵਿਰਾਸਤੀ-ਪ੍ਰਸੰਗ ਨੂੰ ਧਿਆਨ ਵਿਚ ਰਖਣਾ ਪਵੇਗਾ। ਸਿੱਖ, ਜੇ ਦੁਨੀਆਂ ਦੇ ਕਿਸੇ ਵੀ ਮਾਹੌਲ ਨਾਲ ਨਿਭ ਸਕਦੇ ਹਨ ਤਾਂ ਆਪਣੇ ਦੇਸ਼ ਦੇ ਮਾਹੌਲ ਨਾਲ ਕਿਉਂ ਨਹੀਂ ਨਿਭ ਸਕਦੇ? ਲੋੜ ਸਿਆਸਤੀ-ਵਿਚੋਲਗੀ ਤੋਂ ਉਪਰ ਉਠ ਕੇ ਵਿਚਰਨ ਦੀ ਹੈ। ਮੈਨੂੰ ਤਾਂ ਸ਼ ਗੰਗਾ ਸਿੰਘ ਢਿੱਲੋਂ ਦੀਆਂ ਇਹੋ ਜਿਹੀਆਂ ਗੱਲਾਂ ਚੰਗੀਆਂ ਲਗਦੀਆਂ ਹੁੰਦੀਆਂ ਸਨ। ਪੰਜ ਅਕਤੂਬਰ ਦੇ ਦਿਨ ਪੰਜ ਭੂਤਕ ਮਜਬੂਰੀਆਂ ਤੋਂ ਮੁਕਤ ਹੋ ਗਏ ਸਰਦਾਰ ਢਿੱਲੋਂ ਨੂੰ ਸਿਆਸੀ-ਠੱਪੇਬੰਦੀਆਂ ਤੋਂ ਮੁਕਤ ਕਰਕੇ ਹੀ ਅਲਵਿਦਾ ਕਹਿਣਾ ਚਾਹੀਦਾ ਹੈ। ਗੁਰਮਤਿ ਦੀ ਮਰਯਾਦਾ ਵਿਚ ਸੰਭਵ ਵੀ ਇਹੀ ਹੈ।

Be the first to comment

Leave a Reply

Your email address will not be published.