ਪਰਦੇਸਾਂ ਵਿਚ ਪੰਜਾਬੀ ਦਾ ਪਰਚਮ!

ਪੰਜਾਬੀ ਦਾ ਭਵਿੱਖ-7
ਗੁਰਬਚਨ ਸਿੰਘ ਭੁੱਲਰ
ਪੰਜਾਬੀ ਦੀ ਕਥਿਤ ਤੇਜ਼-ਕਦਮ ਤਰੱਕੀ ਅਤੇ ਅਮਰਤਾ ਦੀ ਇਕ ਹੋਰ ਦਲੀਲ ਬੜੇ ਮਾਣ ਨਾਲ ਇਹ ਦਿੱਤੀ ਜਾਂਦੀ ਹੈ ਕਿ “ਪੰਜਾਬੀ ਪਰਵਾਸੀਆਂ ਨੇ ਦੁਨੀਆਂ ਦੇ ਅਨਗਿਣਤ ਦੇਸਾਂ ਵਿਚ ਇਹਦੇ ਝੰਡੇ ਗੱਡ ਦਿੱਤੇ ਹਨ ਅਤੇ ਕਈ ਦੇਸਾਂ ਵਿਚ ਇਹਨੂੰ ਸਰਕਾਰੀ ਮਾਨਤਾ ਦੁਆ ਲਈ ਹੈ। ਇਉਂ ਪੰਜਾਬੀ ਤਾਂ ਹੁਣ ਕੌਮਾਂਤਰੀ ਭਾਸ਼ਾ ਬਣ ਕੇ ਖ਼ਤਰਿਆਂ-ਖ਼ੁਤਰਿਆਂ ਤੋਂ ਉਪਰ ਹੋ ਗਈ ਹੈ।” ਅਸਲੀਅਤ ਇਹ ਹੈ ਕਿ ਅਨੇਕ ਦੇਸ ਅਜਿਹੇ ਹਨ ਜਿਨ੍ਹਾਂ ਵਿਚ ਕਿਸੇ ਭਾਸ਼ਾ ਲਈ ਸਥਾਨ ਪ੍ਰਾਪਤ ਕਰਨਾ ਕੋਈ ਅਲੋਕਾਰ ਜਾਂ ਔਖਾ ਕੰਮ ਨਹੀਂ। ਸਗੋਂ ਭਾਰਤ ਦੇ ਮੁਕਾਬਲੇ ਬਹੁਤ ਸੌਖਾ ਹੈ ਕਿਉਂਕਿ ਉਥੇ ਭਾਸ਼ਾ ਨੂੰ ਭਾਸ਼ਾ ਵਜੋਂ ਦੇਖਿਆ ਜਾਂਦਾ ਹੈ, ਭਾਰਤ ਵਾਂਗ ਕਿਸੇ ਧਾਰਮਿਕ, ਭੂਗੋਲਕ ਜਾਂ ਰਾਜਨੀਤਕ ਤੁਅੱਸਬ ਨਾਲ ਨਹੀਂ। ਪਰ ਇਹ ਸਭ ਗੱਲਾਂ ਸੱਚ ਹੋਣ ਦੇ ਬਾਵਜੂਦ ਕਿਸੇ ਵੀ ਬੇਗਾਨੇ ਦੇਸ ਵਿਚ ਪੰਜਾਬੀ ਦਾ ਜੀਵਤ ਰਹਿਣਾ ਸੰਭਵ ਨਹੀਂ।
ਸਾਨੂੰ ਭਾਸ਼ਾ ਦੀ ਗਤੀ ਦੇ ਅਤੇ ਸਮਾਜ ਤੇ ਭਾਸ਼ਾ ਦੇ ਨਾਤੇ ਦੇ ਨੇਮਾਂ ਤੋਂ ਅਜਿਹੀ ਅਗਿਆਨਤਾ ਨਹੀਂ ਦਿਖਾਉਣੀ ਚਾਹੀਦੀ। ਪਰਦੇਸਾਂ ਵਿਚ ਪੰਜਾਬੀ ਨਾਲ ਕੇਵਲ ਉਹ ਲੋਕ ਜੁੜੇ ਹੋਏ ਹਨ ਜੋ ਉਮਰ ਦਾ ਪਹਿਲਾ ਹਿੱਸਾ ਇਧਰ (ਪੰਜਾਬ) ਬਿਤਾ ਕੇ ਗਏ ਹਨ। ਉਨ੍ਹਾਂ ਦੇ ਧੀਆਂ-ਪੁੱਤ ਉਨ੍ਹਾਂ ਨਾਲ ਵਾਹ ਕਾਰਨ ਪੰਜਾਬੀ ਸਮਝ ਤਾਂ ਲੈਂਦੇ ਹਨ, ਬੋਲਦੇ ਥਿੜਕ ਕੇ ਹਨ ਅਤੇ ਪੜ੍ਹਨ-ਲਿਖਣ ਦਾ ਤਾਂ ਸਵਾਲ ਹੀ ਨਹੀਂ। ਅੱਗੋਂ ਉਨ੍ਹਾਂ ਦੇ ਪੋਤੀਆਂ-ਪੋਤੇ ਤੇ ਦੋਹਤੀਆਂ-ਦੋਹਤੇ ਪੰਜਾਬੀ ਨਾਲੋਂ ਬਿਲਕੁਲ ਟੁੱਟ ਜਾਂਦੇ ਹਨ। ਇਹ ਕੋਈ ਅਣਹੋਣੀ ਨਹੀਂ, ਭਾਸ਼ਾ ਦਾ ਦਸਤੂਰ ਹੀ ਇਹ ਹੈ। ਅਮਰੀਕਾ ਵਿਚ ਚਾਰ ਕੁ ਮਹੀਨੇ ਠਹਿਰਨ ਸਮੇਂ ਇਹ ਵਰਤਾਰਾ ਮੈਂ ਲੇਖਕ-ਪਾਠਕ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਅੱਖਾਂ ਖੁੱਲ੍ਹੀਆਂ ਰੱਖ ਕੇ ਆਪ ਦੇਖਿਆ ਹੋਇਆ ਹੈ।
ਪਰਦੇਸਾਂ ਵਿਚ ਛਪਦੇ ਜਿਨ੍ਹਾਂ ਦਰਜਨਾਂ ਵੱਡੇ ਵੱਡੇ ਖ਼ੂਬਸੂਰਤ ਪੰਜਾਬੀ ਹਫ਼ਤਾਵਾਰਾਂ ਅਤੇ ਪੰਜਾਬੀ ਰੇਡੀਓ ਤੇ ਟੀæਵੀæ ਦੀ ਮਿਸਾਲ ਦਿੱਤੀ ਜਾਂਦੀ ਹੈ, ਉਹ ਸਿਰਫ਼ ਪਹਿਲੀ ਪੀੜ੍ਹੀ ਹੀ ਪੜ੍ਹਦੀ, ਸੁਣਦੀ ਤੇ ਦੇਖਦੀ ਹੈ। ਸਟੋਰਾਂ ਤੇ ਗੁਰਦੁਆਰਿਆਂ ਵਿਚ ਇਨ੍ਹਾਂ ਅਖ਼ਬਾਰਾਂ ਦਾ ਮੁਫ਼ਤ ਮਿਲਦੇ ਹੋਣਾ ਇਨ੍ਹਾਂ ਦੀ ਪਾਠਕ-ਗਿਣਤੀ ਵਿਚ ਵਾਧਾ ਕਰਦਾ ਹੈ। ਇਹਦੇ ਨਾਲ ਹੀ ਦੇਸ ਬਾਰੇ ਜਾਣਨ ਦੀ ਇੱਛਾ ਵੀ ਹੁੰਦੀ ਹੈ ਤੇ ਸਮਾਂ ਲੰਘਾਉਣ ਦੀ ਸਮੱਸਿਆ ਵੀ ਹੁੰਦੀ ਹੈ। ਜੇ ਇਹੋ ਜਿਹੇ ਪੰਜਾਬੀ ਮਾਈ-ਭਾਈ ਗੁੱਸਾ ਨਾ ਕਰਨ ਤਾਂ ਮੈਂ ਇਹ ਵੀ ਕਹਾਂਗਾ ਕਿ ਰੱਬ ਦਾ ਸ਼ੁਕਰ ਹੈ, ਅਮਰੀਕਾ-ਕੈਨੇਡਾ ਵਿਚ ਰੱਦੀ ਨਹੀਂ ਵਿਕਦੀ। ਨਹੀਂ ਤਾਂ ਅਜਿਹੇ ਪੰਜਾਬੀ ḔਪਾਠਕਾਂḔ ਦੀ ਵੀ ਕੋਈ ਘਾਟ ਨਹੀਂ ਕਿ ਕਿਸੇ ਇਕੋ ਨੇ ਹੀ ਉਹ ਸਾਰੇ ਚੁੱਕ ਕੇ ਲੈ ਜਾਇਆ ਕਰਨੇ ਸਨ।
ਪਰਦੇਸਾਂ ਵਿਚ ਛਪਦੇ ਮੇਰੇ ਲੇਖ ਪੜ੍ਹ ਕੇ ਬਹੁਤ ਸਾਰੇ ਮਿਹਰਬਾਨ ਪਾਠਕ ਫੋਨ ਕਰਦੇ ਹਨ। ਗੱਲਾਂ ਗੱਲਾਂ ਵਿਚ ਮੈਂ ਉਨ੍ਹਾਂ ਨੂੰ ਵਿਸ਼ੇਸ਼ ਕਰਕੇ ਪੁਛਦਾ ਹਾਂ ਕਿ ਤੁਹਾਡੇ ਘਰ-ਪਰਿਵਾਰ ਵਿਚ ਮੇਰੇ ਇਹ ਲੇਖ ਕੌਣ ਕੌਣ ਪੜ੍ਹਦਾ ਹੈ? ਸਭ ਦੇ ਜਵਾਬਾਂ ਵਿਚ ਸਾਂਝੀ ਗੱਲ ਇਹੋ ਹੁੰਦੀ ਹੈ ਕਿ ਇਧਰੋਂ ਗਏ ਪਤੀ-ਪਤਨੀ ਤੇ ਕੋਈ ਕੋਈ ਇਧਰੋਂ ਗਿਆ ਨੂੰਹ-ਪੁੱਤਰ ਹੀ ਪੜ੍ਹਦੇ ਹਨ। ਜੇ ਉਧਰ ਜੰਮੇ ਬੱਚਿਆਂ ਬਾਰੇ ਪੁੱਛੀਏ, ਜਵਾਬ ਮਿਲਦਾ ਹੈ, “ਵਾਹਿਗੁਰੂ ਵਾਹਿਗੁਰੂ ਕਰੋ ਜੀ! ਉਹ ਤਾਂ ਪੰਜਾਬੀ ਪੜ੍ਹਨੀ ਤਾਂ ਦੂਰ, ਇਸ ਵੱਲ ਝਾਕਦੇ ਵੀ ਨਹੀਂ!”
ਕਿਸੇ ਦੇਸ ਦੇ ਭਾਸ਼ਾਈ-ਸਭਿਆਚਾਰਕ ਸਮੁੰਦਰ ਵਿਚ ਬਾਹਰੋਂ ਜਾ ਕੇ ਪਈ ਪੰਜਾਬੀ ਦੀ ਛੋਟੀ ਜਿਹੀ ਨਦੀ ਤੋਂ ਸਦਾ ਵਾਸਤੇ ਆਪਣੀ ਵੱਖਰੀ ਪਛਾਣ ਬਣਾਈ ਰੱਖਣ ਦੀ ਆਸ ਕਰਨਾ ਕਿਧਰਲੀ ਸਿਆਣਪ ਹੈ! ਭਾਸ਼ਾ ਵਾਂਗ ਹੀ ਪੰਜਾਬੀ ਔਲਾਦਾਂ ਦਾਦੇ-ਦਾਦੀਆਂ ਨਾਲ ਮਿਲ ਕੇ ਦਿਵਾਲੀ, ਵਿਸਾਖੀ ਤੇ ਗੁਰਪੁਰਬ ਮਨਾਉਣ ਨਾਲੋਂ ਸਥਾਨਕ ਹਾਣੀਆਂ ਨਾਲ ਮਿਲ ਕੇ ਕ੍ਰਿਸਮਿਸ ਤੇ ਹੈਲੋਵੀਨ ਮਨਾਉਣ ਦਾ ਵਧੇਰੇ ਉਤਸ਼ਾਹ ਦਿਖਾਉਂਦੀਆਂ ਹਨ। ਸਥਾਨਕ ਲੋਕਾਂ ਨੂੰ ਵਿੰਗੇ-ਟੇਢੇ ਲਗਦੇ ਉਚਾਰਨ ਸੌਖੇ ਕਰਨ ਵਾਸਤੇ ਜਗਜੀਤ ਜੈਗ, ਹਰਭਜਨ ਹੈਰੀ ਤੇ ਸੁਖਮੰਦਰ ਸੈਮ ਹੋ ਜਾਂਦੇ ਹਨ। ਪੰਜਾਬੀਆਂ ਦੀ ਤੀਜੀ ਪੀੜ੍ਹੀ ਮਾਪਿਆਂ ਦੀ ਇੱਛਾ ਅਨੁਸਾਰ ਵਿਆਹ ਕਰਾਉਣ ਤੋਂ ਪੂਰੀ ਤਰ੍ਹਾਂ ਇਨਕਾਰੀ ਹੁੰਦਿਆਂ ਸਥਾਨਕ ਗੋਰੇ-ਕਾਲੇ ਮੁੰਡੇ-ਕੁੜੀਆਂ ਨਾਲ ਵਿਆਹ ਕਰ ਕੇ ਪੰਜਾਬੀਅਤ ਤੋਂ ਪੱਕੇ ਤੌਰ ਉਤੇ ਦੂਰ ਹੁੰਦੀ ਜਾਣ ਦੇ ਰਾਹ ਪੈ ਜਾਂਦੀ ਹੈ।
ਦਸੰਬਰ 2012 ਵਿਚ ਥਾਈਲੈਂਡ ਦਾ ਰੱਖਿਆ ਮੰਤਰੀ ਸੁਕੁਮਪੋਲ ਸੁਵਾਨਤਾਤ ਭਾਰਤ ਆਇਆ ਤਾਂ ਸਾਡੇ ਉਸ ਸਮੇਂ ਦੇ ਰੱਖਿਆ ਮੰਤਰੀ ਏæ ਕੇæ ਐਂਟਨੀ ਨੇ ਸਰਕਾਰੀ ਗੱਲਬਾਤ ਤੋਂ ਪਹਿਲਾਂ ਕੈਮਰਿਆਂ ਵਾਸਤੇ ਹੱਥ ਘੁੱਟ ਕੇ ਸਦਭਾਵੀ ਗੱਲਾਂ ਕਰਦਿਆਂ ਕਿਹਾ, “ਥਾਈਲੈਂਡ ਤੇ ਭਾਰਤ ਦੇ ਲੋਕਾਂ ਦਾ ਦੋਸਤੀ ਦਾ ਪੁਰਾਣਾ ਨਾਤਾ ਹੈ।” ਥਾਈ ਨਾਂ, ਨੁਹਾਰ ਅਤੇ ਦਿੱਖ ਵਾਲੇ ਮੰਤਰੀ ਨੇ ਹੱਸ ਕੇ ਉਤਰ ਦਿੱਤਾ, “ਮੇਰਾ ਭਾਰਤ ਨਾਲ ਇਸ ਤੋਂ ਵੀ ਸੰਘਣਾ ਨਾਤਾ ਹੈ; ਮੇਰਾ ਦਾਦਾ ਪੰਜਾਬੀ ਸਿੱਖ ਸੀ।”
ਸ਼ਹੀਦ ਗਹਿਲ ਸਿੰਘ ਛੱਜਲਵੱਡੀ ਦੇ ਤਾਏ ਦੇ ਪੁੱਤ ਭਰਾ ਦਲੀਪ ਸਿੰਘ ਸੌਂਦ ਨੇ ਸਭ ਰੋਕਾਂ-ਹੱਦਾਂ ਭੰਨ ਕੇ 1956 ਵਿਚ ਅਮਰੀਕੀ ਪਾਰਲੀਮੈਂਟ ਦਾ ਪਹਿਲਾ ਏਸ਼ੀਆਈ ਮੈਂਬਰ ਬਣਨ ਦਾ ਕ੍ਰਿਸ਼ਮਾ ਕਰਦਿਆਂ ਦੁਨੀਆਂ ਨੂੰ ਦੰਗ ਕਰ ਦਿੱਤਾ ਅਤੇ ਆਪਣੀ ਕਾਰਗ਼ੁਜ਼ਾਰੀ ਨਾਲ ਬਹੁਤ ਨਾਂ ਕਮਾਇਆ। 7 ਨਵੰਬਰ 2007 ਨੂੰ ਅਮਰੀਕੀ ਸੰਸਦ ਭਵਨ ਵਿਚ ਇਤਿਹਾਸ-ਸਿਰਜਕ ਮੈਂਬਰਾਂ ਦੀ ਲੜੀ ਵਿਚ ਲਾਏ ਗਏ ਉਹਦੇ ਚਿਤਰ ਤੋਂ ਪਰਦਾ ਸਿਖਰੀ ਅਮਰੀਕੀ ਹਸਤੀਆਂ ਦੀ ਹਾਜ਼ਰੀ ਵਿਚ ਉਹਦੀ ਛੇ ਸਾਲ ਦੀ ਪੜਪੋਤੀ ਨੇ ਹਟਾਇਆ। ਸੌਂਦ ਦੇ ਪੁੱਤਾਂ-ਧੀਆਂ ਦੇ ਪਰਿਵਾਰਾਂ ਦੇ ਦਰਜਨਾਂ ਜੀਅ ਹਾਜ਼ਰ ਸਨ। ਪੁੱਤਾਂ ਵਾਲੇ ਪਾਸੇ ਅਮਰੀਕੀ ਨਾਂਵਾਂ ਨਾਲ ਸੌਂਦ ਹੋਣ ਤੋਂ ਇਲਾਵਾ ਉਥੇ ਦੋਵਾਂ ਪਾਸਿਆਂ ਦੇ ਪਰਿਵਾਰਾਂ ਵਿਚ ਪੰਜਾਬੀ ਅਤੇ ਪੰਜਾਬੀਅਤ ਦਾ ਰੰਗ ਕਿਤੇ ਰਾਈ-ਮਾਤਰ ਵੀ ਨਹੀਂ ਸੀ।
ਇਕ ਦਿਲਚਸਪ ਵਾਰਤਾ ਹੋਰ ਸੁਣੋ। ਨਾਮਧਾਰੀ ਆਪਣੇ ਗੁਰੂਆਂ ਦੇ ਗੁਰਮੁਖੀ ਸਿੱਖਣ ਦੇ ਹੁਕਮਨਾਮਿਆਂ ਉਤੇ ਸੱਚੇ ਦਿਲੋਂ ਫੁੱਲ ਚੜ੍ਹਾਉਂਦੇ ਹਨ ਤਾਂ ਜੋ ਪੰਜਾਬੀ ਪੜ੍ਹ-ਲਿਖ ਸਕਣ। ਕੋਈ ਇਕ ਸਾਲ ਪਹਿਲਾਂ ਦੀ ਗੱਲ ਹੈ, 22 ਅਗਸਤ 2013 ਦੇ ਨਾਮਧਾਰੀ ਅਖ਼ਬਾਰ ਵਿਚ ਖ਼ਬਰ ਛਪੀ ਕਿ ਇੰਗਲੈਂਡ ਵਿਚ ਬਰਮਿੰਘਮ ਦੇ ਨਾਮਧਾਰੀ ਗੁਰਦੁਆਰੇ ਵਿਖੇ “ਸਤਿਗੁਰੂ ਜੀ ਨੂੰ ਬੇਨਤੀ ਕੀਤੀ ਗਈ ਕਿ ਬੱਚਿਆਂ ਦੀ ਇੱਛਾ ਹੈ ਕਿ ਆਪ ਅੰਗਰੇਜ਼ੀ ਵਿਚ ਕਿਰਪਾ ਕਰੋ” ਅਤੇ “ਉਨ੍ਹਾਂ ਵਾਸਤੇ ਇਸ ਤੋਂ ਵੱਡਾ ਕਮਾਲ ਦਾ ਕੰਮ ਹੋਰ ਕੀ ਹੋ ਸਕਦਾ ਸੀ ਕਿ ਸਤਿਗੁਰੂ ਜੀ ਉਨ੍ਹਾਂ ਦੀ ਅਰਜ਼ ਨੂੰ ਬੜਾ ਸੌਖਾ, ਉਨ੍ਹਾਂ ਦੇ ਨੇੜੇ ਦੀ ਭਾਸ਼ਾ ਅੰਗਰੇਜ਼ੀ ਵਿਚ ਸਮਝਾ ਰਹੇ ਸਨ।”
ਇਸ ਲਈ ਅਤੀਤ ਨੂੰ ਸਿਮਰਦਿਆਂ, ਅਨੁਵਾਦ ਉਤੇ ਟੇਕ ਰਖਦਿਆਂ ਜਾਂ ਪਰਦੇਸਾਂ ਵਿਚ ਉਚੇ ਝੂਲਦੇ ਪਰਚਮਾਂ ਦੀ ਕਲਪਨਾ ਕਰਦਿਆਂ ਪੰਜਾਬੀ ਦਾ ਉਜਲਾ ਭਵਿੱਖ ਚਿਤਵਣਾ ਮਨ ਨੂੰ ਝੂਠੀ ਤਸੱਲੀ ਦੇਣ ਵਾਲੀ ਗੱਲ ਹੈ। ਪੰਜਾਬੀ ਦਾ ਭਵਿੱਖ ਚਾਨਣਾ ਕਰਨ ਵਾਸਤੇ ਇਹਦਾ ਪਰਚਮ ਪੰਜਾਬ ਵਿਚ ਹੀ ਬੁਲੰਦ ਕਰਨਾ ਪਵੇਗਾ। ਇਸ ਉਦੇਸ਼ ਦੀ ਪ੍ਰਾਪਤੀ ਵਾਸਤੇ ਤਿੰਨ ਗੱਲਾਂ ਜ਼ਰੂਰੀ ਹਨ।
ਪਹਿਲੀ, ਪੰਜਾਬੀ ਭਾਈਚਾਰੇ ਲਈ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਸਮਝਣ ਵਾਲੇ ਲੇਖਕ, ਅਧਿਆਪਕ, ਵਿਦਵਾਨ ਇਨ੍ਹਾਂ ਸਮੱਸਿਆਵਾਂ ਦੇ ਹੱਲ ਵੱਲ ਜਜ਼ਬਾਤੀ ਪਹੁੰਚ ਦੀ ਥਾਂ ਭਾਸ਼ਾ-ਵਿਗਿਆਨਕ ਪਹੁੰਚ ਅਪਨਾਉਣ ਅਤੇ ਪੰਜਾਬੀ ਦੇ ਵਿਕਾਸ ਦੇ ਰਾਹ ਦੀਆਂ ਸਭ ਰੋਕਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਦੂਰ ਕਰਨ ਦੇ ਗੰਭੀਰ ਉਪਰਾਲੇ ਸ਼ੁਰੂ ਕਰਨ।
ਦੂਜੀ, ਪੰਜਾਬ ਵਿਚ ਪੰਜਾਬੀ ਨੂੰ ਕਾਗਜ਼ੀ ਦੀ ਥਾਂ ਸਹੀ ਅਰਥਾਂ ਵਿਚ ਰਾਜਭਾਸ਼ਾ ਦਾ ਸਥਾਨ ਮਿਲਣਾ ਚਾਹੀਦਾ ਹੈ। ਇਸ ਕਾਨੂੰਨ ਵਿਚ ਜੋ ਕਮਜ਼ੋਰੀਆਂ ਹਨ, ਉਹ ਸੋਧਾਂ ਕਰ ਕੇ ਤੁਰਤ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਖ਼ਾਤਰ ਸਮਾਜਕ-ਰਾਜਨੀਤਕ ਚੇਤਨਾ ਅਤੇ ਲਾਮਬੰਦੀ ਦੀ ਲੋੜ ਹੈ। ਸਾਡੇ ਬਹੁਤ ਸਾਰੇ ਪੜ੍ਹੇ-ਲਿਖੇ ਸਮਾਜਕ ਅਤੇ ਰਾਜਨੀਤਕ ਆਗੂ ਵੀ ਭਾਸ਼ਾ ਦੀ ਮਹੱਤਤਾ ਸਮਝਣ ਦੇ ਪੱਖੋਂ ਅਨਪੜ੍ਹ ਹੀ ਹਨ। ਰਾਜਭਾਸ਼ਾ ਕਾਨੂੰਨ ਦੀਆਂ ਤਰੁਟੀਆਂ ਦੂਰ ਕਰਵਾਉਣ ਲਈ ਸੋਧਾਂ ਤੋਂ ਪੰਜਾਬ ਸਰਕਾਰ ਦੇ ਲਗਾਤਾਰ ਇਨਕਾਰ ਕਾਰਨ ਪੰਜਾਬੀ ਲੇਖਕਾਂ ਅਤੇ ਹੋਰ ਹਿਤੈਸ਼ੀਆਂ ਨੂੰ ਵਾਰ ਵਾਰ ਚੰਡੀਗੜ੍ਹ ਵਿਚ ਧਰਨਿਆਂ ਤੇ ਅੰਦੋਲਨਾਂ ਦਾ ਰਾਹ ਫੜਨਾ ਪੈਂਦਾ ਹੈ। ਪਰ ਇਹ ਸਭ ਯਤਨ ਅਨਸੁਣਦੀ ਸਰਕਾਰ ਦੀ ਚੁੱਪ ਕਾਰਨ ਅਜੇ ਤੱਕ ਅਸਫਲ ਰਹਿੰਦੇ ਆਏ ਹਨ।
ਤੀਜੀ, ਪੰਜਾਬੀ ਦੇ ਵਿੱਦਿਅਕ-ਅਕਾਦਮਿਕ ਖੇਤਰ ਦੀ ਸੰਪੂਰਨ ਨਵਿਆਈ ਬੇਹੱਦ ਜ਼ਰੂਰੀ ਹੈ। ਪਹਿਲੇ ਕਦਮ ਵਜੋਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕੇਵਲ ਅਜਿਹੇ ਅਧਿਆਪਕ ਰੱਖੇ ਜਾਣ ਜਿਨ੍ਹਾਂ ਨੂੰ ਪੰਜਾਬੀ ਠੀਕ ਬੋਲਣੀ ਤੇ ਲਿਖਣੀ ਆਉਂਦੀ ਹੋਵੇ ਅਤੇ ਜਿਨ੍ਹਾਂ ਦੀ ਵਿਦਵਤਾ ਦਾ ਆਧਾਰ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਤੇ ਸਮਾਜ ਦੀ ਸਮਝ ਹੋਵੇ। ਹੋਰ ਭਾਸ਼ਾਵਾਂ ਤੋਂ ਪ੍ਰਾਪਤ ਹੁੰਦਾ ਗਿਆਨ ਉਨ੍ਹਾਂ ਦੇ ਇਸ ਆਧਾਰ ਨੂੰ ਅਮਰਵੇਲ ਵਾਂਗ ਸੋਕ-ਨਿਚੋੜ ਕੇ ਪੂਰੀ ਤਰ੍ਹਾਂ ਕਜਦਿਆਂ ਆਪ ਹੀ ਨਾ ਛਾ ਜਾਵੇ ਸਗੋਂ ਦੀਵੇ ਕੋਲ ਦੀਵਾ ਜਗਣ ਵਾਂਗ ਉਸ ਦੀ ਜੋਤ ਵਿਚ ਵਾਧਾ ਕਰੇ।
ਦੁਨੀਆਂ ਭਰ ਵਿਚ ਸੈਂਕੜੇ ਭਾਸ਼ਾਵਾਂ ਮਰੀਆਂ ਹਨ ਅਤੇ ਸੈਂਕੜੇ ਮਰ ਰਹੀਆਂ ਹਨ। ਸੰਸਾਰ ਦੀਆਂ ਭਾਸ਼ਾਵਾਂ ਦੀ ਸਹੀ ਗਿਣਤੀ ਪਤਾ ਕਰਨੀ ਤਾਂ ਸੰਭਵ ਨਹੀਂ, ਮੋਟੇ ਅੰਦਾਜ਼ੇ ਅਨੁਸਾਰ ਇਸ ਸਮੇਂ 6,000 ਭਾਸ਼ਾਵਾਂ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਅੱਧੀਆਂ ਕੇਵਲ ਚਾਰ ਦੇਸਾਂ, ਭਾਰਤ, ਇੰਡੋਨੇਸ਼ੀਆ, ਨਾਈਜੇਰੀਆ ਅਤੇ ਪਾਪੂਆ ਨਿਊ ਗਿਨੀ ਵਿਚ ਬੋਲੀਆਂ ਜਾਂਦੀਆਂ ਹਨ। ਸਾਡੇ ਦੇਸ ਵਿਚ ਭਾਸ਼ਾਵਾਂ ਦੀ ਹਾਲਤ ਪਤਲੀ ਪੈਂਦੇ ਜਾਣ ਦਾ ਮੂਲ ਕਾਰਨ ਭਾਸ਼ਾਈ ਵੰਨਸੁਵੰਨਤਾ ਨੂੰ ਕਦਰਜੋਗ ਸਮਾਜਕ-ਸਭਿਆਚਾਰਕ ਸਰਮਾਏ ਦੀ ਥਾਂ ਵਾਧੂ ਖਿਲਾਰਾ ਅਤੇ ਬੋਝ ਸਮਝੇ ਜਾਣਾ ਹੈ। ਭਾਸ਼ਾ ਦੇ ਸਿਆਣਿਆਂ ਦਾ ਅੰਦਾਜ਼ਾ ਅਤੇ ਫ਼ਿਕਰ ਹੈ ਕਿ ਇਨ੍ਹਾਂ ਵਿਚੋਂ 4,000 ਇਸ ਸਦੀ ਦੇ ਅੰਤ ਤੱਕ ਲੋਪ ਹੋ ਜਾਣਗੀਆਂ ਅਤੇ ਬਾਕੀ ਬਚੀਆਂ 2,000 ਵਿਚੋਂ ਵੀ ਕੁਝ ਸੈਂਕੜੇ ਹੀ ਆਪਣੀ ਪੂਰੀ ਆਭਾ ਕਾਇਮ ਰੱਖ ਸਕਣਗੀਆਂ।
ਜੇ ਪੰਜਾਬੀ ਭਾਈਚਾਰਾ ਪੰਜਾਬੀ ਦੀਆਂ ਅਕਾਦਮਿਕ ਅਤੇ ਰਾਜਨੀਤਕ ਸਮੱਸਿਆਵਾਂ ਦੇ ਹੱਲ ਵਾਸਤੇ ਇਕਮੁੱਠ ਅਤੇ ਜਾਗ੍ਰਿਤ ਨਾ ਹੋਇਆ ਤਾਂ ਯੂਨੈਸਕੋ ਨੇ ਪੰਜਾਹ ਸਾਲਾਂ ਵਿਚ ਪੰਜਾਬੀ ਦੇ ਖ਼ਾਤਮੇ ਦੀ ਭਵਿੱਖਵਾਣੀ ਤੋਂ ਭਾਵੇਂ ਇਨਕਾਰ ਕਰ ਦਿੱਤਾ ਹੋਵੇ ਪਰ ਖ਼ਤਰੇ ਦੀ ਲਕੀਰ ਲੰਘ ਚੁੱਕੀਆਂ 197 ਬੋਲੀਆਂ ਵਾਲੇ ਭਾਰਤ ਨੂੰ ਪਹਿਲਾ ਸਥਾਨ ਦੇਣ ਵਾਲੀ ਉਹਦੀ ਸੂਚੀ ਕਾਇਮ ਹੈ! ਪੰਜਾਬੀ ਦੀ ਅਜਿਹੀ ਹੋਣੀ ਦੀ ਸੰਭਾਵਨਾ ਤੋਂ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਪੰਜਾਹ ਸਾਲ ਨਾ ਸਹੀ, ਸੌ ਸਹੀ, ਦੋ ਸੌ ਸਹੀ, ਪਰ ਤਿਲ੍ਹਕਦੀ ਜਾਂਦੀ ਭਾਸ਼ਾ ਆਖ਼ਰ ਕਦੀ ਤਾਂ ਥੱਲੇ ਜਾ ਹੀ ਪਹੁੰਚੇਗੀ।
ਤੇ ਜਦੋਂ ਕੋਈ ਭਾਸ਼ਾ ਮਰਦੀ ਹੈ, ਨਾਲ ਹੀ ਉਸ ਭਾਈਚਾਰੇ ਦੀ ਸਦੀਆਂ ਦੌਰਾਨ ਸਿਰਜੀ ਗਈ ਸਭਿਆਚਾਰਕ ਵਿਰਾਸਤ, ਇਕੱਤਰ ਕੀਤੀ ਗਈ ਸੂਝ-ਸਿਆਣਪ, ਵਿਕਸਿਤ ਕੀਤੀ ਗਈ ਜੀਵਨ-ਜਾਚ ਅਤੇ ਨਤੀਜੇ ਵਜੋਂ ਨਿਵੇਕਲੀ-ਨਿਆਰੀ ਵੱਖਰੀ ਹੋਂਦ ਵੀ ਮਰ ਜਾਂਦੀ ਹੈ।
(ਸਮਾਪਤ)

Be the first to comment

Leave a Reply

Your email address will not be published.