ਮੁਹਾਲੀ ਵਿਚ 48 ਘੰਟਿਆਂ ਵਿਚ ਦਸ ਮੰਜ਼ਲਾ ਇਮਾਰਤ ਤਿਆਰ

ਚੰਡੀਗੜ੍ਹ: ਸਿਨਰਜੀ ਥ੍ਰਿਸਲਿੰਗਸਟਨ ਕੰਪਨੀ ਨੇ ਮੁਹਾਲੀ ਦੇ ਉਦਯੋਗਕ ਏਰੀਆ ਫੇਜ਼-1 ਵਿਚ 48 ਘੰਟਿਆਂ ਵਿਚ ਦੇਸ਼ ਦੀ ਆਪਣੀ ਕਿਸਮ ਦੀ ਪਹਿਲੀ ਤਕਰੀਬਨ 90 ਫੁੱਟ ਉੱਚੀ 10 ਮੰਜ਼ਲਾ ਇਮਾਰਤ ਖੜ੍ਹੀ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਜ਼ਿਕਰਯੋਗ ਹੈ ਕਿ 29 ਨਵੰਬਰ ਨੂੰ ਸ਼ਾਮੀ ਤਕਰੀਬਨ 4æ30 ਵਜੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ। ਇਸ ਦੇ ਨਾਲ ਹੀ ਇਹ ਰਿਕਾਰਡ ਲਿਮਕਾ ਬੁੱਕ ਵਿਚ ਦਰਜ ਹੋ ਗਿਆ ਹੈ।
ਸ਼ਹਿਰ ਦੇ ਉੱਘੇ ਸਨਅਤਕਾਰ ਤੇ ਇੰਜੀਨੀਅਰ ਹਰਪਾਲ ਸਿੰਘ ਦੀ ਸਿਨਰਜੀ ਕੰਪਨੀ ਦਾ ਨਾਂ ਲਿਮਕਾ ਬੁੱਕ ਵਿਚ ਦਰਜ ਹੋ ਗਿਆ ਹੈ। ਲਿਮਕਾ ਬੁੱਕ ਆਫ਼ ਰਿਕਾਰਡ ਦੀ ਐਡੀਟਰ ਵਿਜਯ ਘੋਸ਼ ਵੱਲੋਂ ਇੰਜ: ਹਰਪਾਲ ਸਿੰਘ ਨੂੰ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਹਰਪਾਲ ਸਿੰਘ ਨੇ ਦੱਸਿਆ ਕਿ ਇਮਾਰਤ ਦੇ ਨਿਰਮਾਣ ਲਈ 30 ਸੁਪਰਵਾਈਜ਼ਰ, 40 ਇੰਜੀਨੀਅਰਾਂ ਸਮੇਤ ਕਰੀਬ 220 ਕਾਰੀਗਰਾਂ ਨੇ ਦਿਨ ਰਾਤ ਕੰਮ ਕਰਕੇ ਉਨ੍ਹਾਂ ਦਾ ਸਪਨਾ ਪੂਰਾ ਕੀਤਾ ਹੈ।
ਨਿਰਮਾਣ ਕਾਰਜਾਂ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਕੀਤਾ ਗਿਆ ਹੈ ਤੇ ਇਸ ਬਾਰੇ ਕਾਰੀਗਰਾਂ ਨੂੰ ਵੀ ਕਈ ਗਰੁੱਪਾਂ ਵਿਚ ਵੰਡਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਯੋਜਨਾ ਤਕਰੀਬਨ ਸੱਤ ਮਹੀਨੇ ਪਹਿਲਾਂ ਉਲੀਕੀ ਗਈ ਸੀ। 29 ਨਵੰਬਰ ਨੂੰ ਸ਼ਾਮ 4æ30 ਵਜੇ ਉਦਘਾਟਨ ਤੋਂ ਬਾਅਦ ਸ਼ੁਰੂ ਹੋਈ ਇਸ ਇਮਾਰਤ ਦਾ ਗਰਾਊਂਡ ਫਲੋਰ ਪਹਿਲੇ 52 ਮਿੰਟਾਂ ਵਿਚ ਬਣਾ ਲਿਆ ਗਿਆ ਸੀ ਤੇ ਸਾਢੇ 7 ਵਜੇ ਪਹਿਲੀ ਮੰਜ਼ਲ ਬਣ ਕੇ ਤਿਆਰ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਮਾਰਤ ਵਿਚ ਸੋਲਰ ਪਰਦੇ ਲਾਏ ਗਏ ਹਨ ਤੇ ਜਿਵੇਂ ਹੀ ਸੂਰਜ ਛੁਪੇਗਾ ਤਾਂ ਪਰਦੇ ਆਪਣੇ ਆਪ ਗਿਰ ਜਾਣਗੇ। ਆਮ ਇਮਾਰਤਾਂ ਦੇ ਮੁਕਾਬਲੇ ਇਸ ਇਮਾਰਤ ਵਿਚ ਬਿਜਲੀ ਦੀ ਖਪਤ ਪੰਜ ਗੁਣਾ ਘੱਟ ਹੋਵੇਗੀ।
ਦੇਸ਼ ਵਿਚ ਬੁਨਿਆਦੀ ਢਾਂਚੇ ਲਈ ਚਿਰਾਂ ਤੋਂ ਉਡੀਕੀ ਜਾਣ ਵਾਲੀ ਇਹ ਪੂਰੀ ਤਰ੍ਹਾਂ ਨਵੀਂ ਤਕਨੀਕ ਹੈ। ਇਸ ਦੇ ਨਾਲ ਵਪਾਰਕ ਟਾਵਰ, ਆਲੀਸ਼ਾਨ ਹੋਟਲ, ਉੱਚੀਆਂ ਇਮਾਰਤਾਂ, ਹਸਪਤਾਲ, ਵਿਦਿਅਕ ਅਦਾਰੇ, ਯੂਨੀਵਰਸਿਟੀਆਂ ਤੇ ਦੁਕਾਨਾਂ ਦੀ ਤੇਜ਼ੀ ਨਾਲ ਉਸਾਰੀ ਕੀਤੀ ਜਾ ਸਕਦੀ ਹੈ।
ਕੰਪਨੀ ਦੇ ਜਨਰਲ ਮੈਨੇਜਰ ਅਵਿਨਾਸ਼ ਗੁਪਤਾ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਇਸ ਅਨੋਖੀ ਇਮਾਰਤ ਵਿਚ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਬੇਸਮੈਂਟ ਵੀ ਬਣਾ ਸਕਦਾ ਹੈ ਪਰ ਬੇਸਮੈਂਟ ਸੀਮਿੰਟ ਦੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਫਿਲਹਾਲ ਇਮਾਰਤ ਵਿਚ ਉਪਰ ਹੇਠਾਂ ਆਉਣ ਜਾਣ ਲਈ ਪੌੜੀਆਂ ਹੀ ਬਣਾਈਆਂ ਗਈਆਂ ਹਨ ਪਰ ਲਿਫਟ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਇਮਾਰਤ ਦੇ ਕਿਸੇ ਵੀ ਹਿੱਸੇ ਨੂੰ ਇਕ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ। ਜੇਕਰ ਕਿਸੇ ਕਾਰਨ ਦੀਵਾਰਾਂ ਵਿਚ ਕੋਈ ਨੁਕਸ ਪੈ ਜਾਵੇ ਤਾਂ ਬੜੇ ਸੌਖੇ ਤਰੀਕੇ ਨਾਲ ਪੂਰੀ ਜਾਂ ਲੋੜ ਅਨੁਸਾਰ ਕੰਧ ਨੂੰ ਬਦਲਿਆ ਜਾ ਸਕਦਾ ਹੈ।
ਕੰਪਨੀ ਦੇ ਸੀæਈæਓæ ਯਸ਼ਜੀਤ ਗੁਪਤਾ ਦਾ ਕਹਿਣਾ ਸੀ ਕਿ ਸੈਂਟਰ ਫਾਰ ਸਾਇੰਟਿਫਿਕ ਇੰਡਸਟਰੀਅਲ ਰਿਸਰਚ (ਸੀæਐਸ਼ ਆਈæ ਆਰæ) ਤੋਂ  ਕੰਪਨੀ ਦਾ ਸਟੀਲ ਸਟੱਰਕਚਰ ਅਪਰੂਵ ਕਰਵਾਇਆ ਗਿਆ ਹੈ ਜਿਸ ਨੂੰ ਦੇਖਣ ਲਈ ਬੰਗਲੌਰ ਤੋਂ ਵੀ ਸਾਇੰਟਿਸਟ ਪਹੁੰਚੇ ਸਨ।

Be the first to comment

Leave a Reply

Your email address will not be published.