ਸਿੱਖੀ ਬਾਰੇ ਵਿਚਾਰ-ਚਰਚਾ ਤਹਿਤ ‘ਪੰਜਾਬ ਟਾਈਮਜ਼’ ਦੇ ਪਾਠਕ ਹੁਣ ਤੱਕ ਪ੍ਰੋæ ਬਲਕਾਰ ਸਿੰਘ, ਬੀਬੀ ਰਾਜਬੀਰ ਕੌਰ ਢੀਂਡਸਾ, ਮਾਸਟਰ ਨਿਰਮਲ ਸਿੰਘ ਲਾਲੀ ਤੇ ਸ਼ ਸੰਪੂਰਨ ਸਿੰਘ ਦੀਆਂ ਲਿਖਤਾਂ ਪੜ੍ਹ ਚੁੱਕੇ ਹਨ। ਇਨ੍ਹਾਂ ਲਿਖਤਾਂ ਵਿਚ ਸਿੱਖੀ ਦੇ ਵੱਖ-ਵੱਖ ਪਹਿਲੂਆਂ ਅਤੇ ਇਨ੍ਹਾਂ ਬਾਰੇ ਸਾਡੀ ਪਹੁੰਚ ਦੇ ਕੁਝ ਅਹਿਮ ਪੱਖਾਂ ਤੋਂ ਵਿਚਾਰਾਂ ਹੋਈਆਂ। ਇਸ ਵਾਰ ਸਾਨੂੰ ਬੀਬੀ ਕਿਰਪਾਲ ਕੌਰ ਦਾ ਲੇਖ ਹਾਸਲ ਹੋਇਆ ਹੈ। ਇਸ ਲੇਖ ਵਿਚ ਉਨ੍ਹਾਂ ਉਹ ਗੱਲਾਂ ਸਾਡੇ ਸਾਹਮਣੇ ਲਿਆਂਦੀਆਂ ਹਨ ਜੋ ਇਕ ਆਮ ਸਿੱਖ ਸ਼ਰਧਾਲੂ ਅੱਜ ਕੱਲ੍ਹ ਸੋਚਦਾ ਹੈ ਅਤੇ ਮੌਕਾ ਮਿਲਣ ‘ਤੇ ਸਵਾਲ ਵੀ ਕਰਦਾ ਹੈ। ਇਸ ਲਿਖਤ ਵਿਚ ਉਨ੍ਹਾਂ ਨੇ ਕੁਝ ਅਜਿਹੇ ਫਿਕਰ ਸਾਂਝੇ ਕੀਤੇ ਹਨ ਜੋ ਨਵੇਂ ਤਾਂ ਭਾਵੇਂ ਨਹੀਂ ਹਨ, ਪਰ ਇਨ੍ਹਾਂ ਬਾਰੇ ਨਿੱਠ ਕੇ ਵਿਚਾਰ-ਚਰਚਾ ਦੀ ਲੋੜ ਅੱਜ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ। -ਸੰਪਾਦਕ
ਕਿਰਪਾਲ ਕੌਰ
ਫੋਨ: 815-356-9535
ਸਿੱਖੀ ਦਾ ਬੂਟਾ ਬਾਬੇ ਨਾਨਕ ਨੇ ਲਾਇਆ। ਉਨ੍ਹਾਂ ਦੀ ਪਹਿਲੀ ਸਿੱਖਿਆ ਸੀ- ੴਸਤਿਗੁਰ ਪ੍ਰਸਾਦਿ, ਭਾਵ ਸਾਰੀ ਕਾਇਨਾਤ ਦਾ ਕਰਤਾ ਇਕ ਹੈ। ਜਿੰਨਾ ਪਾਸਾਰਾ ਸਾਨੂੰ ਦਿਖਾਈ ਦਿੰਦਾ ਹੈ, ਇਸ ਦਾ ਕਰਤਾ ਕੇਵਲ ਇਕ ਹੀ ਸ਼ਕਤੀ ਹੈ। ਫਿਰ ਜਦ ਕਰਤਾ ਇਕ ਹੈ, ਉਸ ਦਾ ਕਰਮ ਵੀ ਸਾਰਾ ਇਕੋ ਜਿਹਾ ਹੈ। ਬੱਸ ਰੂਪ ਹੀ ਭਿੰਨ ਹਨ। ਸਭ ਦੇ ਅੰਦਰ ਉਹ ਇੱਕ ਹੈ। ਇਸੇ ਲਈ ਸਾਰੇ ਜੀਵ ਬਰਾਬਰ ਹਨ। ਕੋਈ ਮਨੁੱਖ ਉਚਾ-ਨੀਵਾਂ ਜਾਂ ਸੁੱਚਾ-ਜੂਠਾ ਨਹੀਂ। ਇਹ ਸਭ ਸਾਡੇ ਉਨ੍ਹਾਂ ਕਰਮਾਂ ਨਾਲ ਜੁੜਿਆ ਹੋਇਆ ਹੈ ਜੋ ਅਸੀਂ ਨਿੱਤ ਦਿਨ ਕਰਦੇ ਹਾਂ। ਠੱਗ ਅਤੇ ਸੱਜਣ ਅਲੱਗ ਨਹੀਂ ਬਣੇ, ਆਪਣੇ ਕਰਮਾਂ ਦੀ ਹੀ ਕਮਾਈ ਹੈ।
ਗੁਰੂ ਨਾਨਕ ਦਸ ਜਾਮਿਆਂ ਵਿਚ ਆਇਆ। ਹਰ ਵਾਰ ਏਕਤਾ, ਪਿਆਰ, ਸਾਂਝੀਵਾਲਤਾ ਤੇ ਪਿਆਰ ਦਾ ਸੁਨੇਹਾ ਦਿੱਤਾ। ਜੀਵਾਂ ਨਾਲ ਹੀ ਪਿਆਰ ਨਹੀਂ; ਹੋਰ ਜਿੰਨੇ ਜੰਗਲੀ ਜੀਵ ਹਨ; ਜਿੰਨੇ ਜੰਗਲ-ਪਹਾੜ ਜਾਂ ਕੁਦਰਤ ਦੀ ਕੋਈ ਦੇਣ ਹੈ; ਪਾਣੀ ਦੇ ਸ੍ਰੋਤ; ਸਭ ਨਾਲ ਪਿਆਰ ਤੇ ਸਾਂਝ। ਜੋ ਵੀ ਉਸ ਸਾਜਿਆ ਹੈ, ਹਰ ਇਕ ਵਸਤ ਦਾ ਆਪੋ-ਆਪਣਾ ਮਨੋਰਥ ਹੈ। ਇਸ ਲਈ ਲੋੜ ਅਨੁਸਾਰ ਉਨ੍ਹਾਂ ਦੀ ਦੇਖ-ਰੇਖ ਕਰਨੀ ਪਿਆਰ ਦਾ ਹੀ ਕੋਈ ਤਰੀਕਾ ਹੈ।
ਦਸਮੇ ਜਾਮੇ ਵਿਚ ਆ ਕੇ ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਲੋਕਾਂ ਨੂੰ ਜੋ ਗੁਰੂ ਨਾਨਕ ਦੀ ਸਿੱਖਿਆ ਸਮਝਣ ਲੱਗ ਪਏ ਸਨ, ਪੂਰੇ ਅਨੁਸ਼ਾਸਨ ਵਿਚ ਰਹਿ ਕੇ, ਹਰ ਸੰਕਟ ਵਿਚ ਸੇਵਾ-ਸੰਭਾਲ ਲਈ ਤਿਆਰ ਰਹਿਣ, ਹਰ ਦੁਖੀ ਲੋੜਵੰਦ ਦਾ ਸੇਵਾਦਾਰ ਬਣਨ ਅਤੇ ਜ਼ੁਲਮ ਕਰਨ ਵਾਲੇ ਨਾਲ ਸਿੱਧਾ ਟੱਕਰਨ ਲਈ ਅੰਮ੍ਰਿਤ ਛਕਾਇਆ। ਨਾਲ ਹੀ ਇਨ੍ਹਾਂ ਨੂੰ ਨਵਾਂ ਨਾਂ ਦਿੱਤਾ- ਖਾਲਸਾ; ਭਾਵ ਤੁਸੀਂ ਤਨ, ਮਨ ਤੇ ਕਰਮ ਤੋਂ ਖਾਲਸ ਹੋ, ਸ਼ੁਧ ਹੋ ਅਤੇ ਰਹੋਗੇ। ਅੰਮ੍ਰਿਤ ਤਿਆਰ ਕਰਦੇ ਸਮੇਂ ਬਾਣੀ ਉਚਾਰੀ ਅਤੇ ਕਿਹਾ- ਬਾਣੀ ਦਾ ਪਾਠ ਹਮੇਸ਼ਾ ਸ਼ੁੱਧ ਹਿਰਦੇ ਨਾਲ ਕਰਨਾ। ਕਿਰਤ ਕਰਨੀ। ਨਾਮ ਜਪਣਾ। ਸੱਤ, ਸੰਤੋਖ, ਦਯਾ, ਸ਼ੀਲ ਤੇ ਮਿੱਠੇ ਬੋਲ ਬੋਲਣੇ। ਲੋੜਵੰਦ ਦੀ ਸਹਾਇਤਾ ਕਰਨੀ। ਮੜ੍ਹੀ ਮਸਾਣ ਨਹੀਂ ਪੂਜਣੇ।
ਅੱਜ ਵੀ ਅਜਿਹਾ ਪੂਰਨ ਖਾਲਸਾ ਤਾਂ ਹੈ, ਪਰ ਥੋੜ੍ਹਾ। ਅਸੀਂ ਆਪਣੇ ਗੁਰੂ ਅਤੇ ਬਾਣੀ ਦਾ ਉਪਦੇਸ਼ ਭੁੱਲ ਚੁੱਕੇ ਹਾਂ। ਬਾਣੀ ਤੇ ਗੁਰੂ ਨੂੰ ਭੁੱਲਣ ਵਾਲਿਆਂ ਦਾ ਹਾਲ ਇਹ ਹੈ, ਜਿਵੇਂ ਕੋਈ ਤੈਰਨਾ ਨਾ ਜਾਣਨ ਵਾਲਾ ਪਾਣੀ ਦੀ ਧਾਰ, ਦਰਿਆ ਜਾਂ ਕਿਸੇ ਹੋਰ ਥਾਂ ਗਿਰ ਜਾਵੇ, ਫ਼ਿਰ ਉਹ ਐਵੇਂ ਆਸੇ-ਪਾਸੇ ਹੱਥ-ਪੈਰ ਮਾਰਦਾ ਹੈ, ਤਿਣਕੇ ਦਾ ਸਹਾਰਾ ਭਾਲਦਾ ਹੈ। ਅੱਜ ਅਸੀਂ ਅਖੌਤੀ ਬਾਬਿਆਂ, ਪਖੰਡੀਆਂ, ਦੁਰਾਚਾਰੀਆਂ ਜੋ ਗਲਾਂ ਵਿਚ ਮਾਲਾ ਪਾ ਕੇ ਅਤੇ ਟੋਪੀਆਂ ਨੂੰ ਮਣੀਆਂ-ਮਣਕੇ ਲਾ ਕੇ ਸਿੰਘਾਸਨਾਂ ਉਪਰ ਬੈਠੇ ਹਨ, ਦਾ ਸਹਾਰਾ ਭਾਲਦੇ ਹਾਂ। ਉਹ ਤਾਂ ਆਪ ਪਾਪਾਂ ਦੀ ਦਲ-ਦਲ ਵਿਚ ਡੁਬੇ ਹੋਏ ਹਨ, ਉਨ੍ਹਾਂ ਹੋਰ ਕਿਸੇ ਨੂੰ ਕੀ ਤਾਰਨਾ ਹੈ!
ਇਹੀ ਨਹੀਂ, ਅਸੀਂ ਜਯੋਤਸ਼ੀਆਂ ਮਗਰ ਤੁਰ ਪਏ। ਰੱਬ ਦੇ ਬਣਾਏ ਦਿਨ, ਵਾਰ, ਮਹੂਰਤ, ਘੜੀਆਂ ਚੰਗੀਆਂ-ਮੰਦੀਆਂ ਮੰਨਣ ਲੱਗ ਪਏ। ਅਸੀਂ ਬਾਬੇ ਨਾਨਕ ਦਾ ਰਾਹ ਭੁੱਲ ਗਏ, ਗੁਰੂਆਂ ਦੀ ਬਾਣੀ ਭੁੱਲ ਗਏ ਕਿ ਹਰ ਮਹੀਨਾ, ਦਿਨ, ਵਾਰ ਭਲਾ ਹੈ। ਅਸੀਂ ਆਪੇ ਬਣਾ ਲਿਆ ਕਿ ਕਿਸੇ ਦੇ ਮਰਨ ‘ਤੇ ਪਾਠ ਰਖਵਾਉਣਾ ਹੈ ਤਾਂ ਅਰੰਭ ਵੀ ਦੁਪਹਿਰ ਤੋਂ ਬਾਅਦ ਕਰਨਾ, ਭੋਗ ਵੀ ਦੁਪਹਿਰ ਤੋਂ ਬਾਅਦ ਪਾਉਣਾ ਹੈ। ਅਸੀਂ ਬਾਣੀ ਦੇ ਅਰਥ ਨਹੀਂ ਸਮਝ ਸਕੇ। ਬਾਣੀ ਨੂੰ ਪੰਡਿਤ ਦੀ ਪੱਤਰੀ ਬਣਾ ਲਿਆ। ਇਸ ਗ੍ਰਹਿ ਦਾ ਨਿਵਾਰਨ ਕਰਨਾ ਹੈ ਤਾਂ ਇੰਨੇ ਰੁਪਏ ਦਾ ਪਾਠ ਕਰਵਾ ਲਓ! ਪੰਡਿਤ ਵਾਂਗ ਅਸੀਂ ਵੀ ਪਾਠ ਧਰਾ ਦਿੱਤਾ, ਭੋਗ ‘ਤੇ ਜਾ ਕੇ ਚੜ੍ਹਾਵਾ ਚੜ੍ਹਾਇਆ, ਅਰਦਾਸ ਹੋ ਗਈ। ਅਖੰਡ ਪਾਠ ਕਰਵਾਉਣ ਵਿਚ ਅਮੀਰੀ ਦੀ ਸ਼ਾਨ ਬਣ ਗਈ; ਪੰਜ ਕਰਵਾ ਲਏ, ਗਿਆਰਾਂ ਕਰਵਾ ਲਏ। ਕਿੰਨੇ ਦੁੱਖ ਦੀ ਗੱਲ ਹੈ ਕਿ ਮਨ ਨੇ ਇਕ ਸ਼ਬਦ ਵੀ ਨਹੀਂ ਮਨ ਵਿਚ ਬਿਠਾਇਆ। ਸਮੇਂ ਦੀ ਘਾਟ ਹੈ, ਇਸ ਲਈ ਪੰਜ ਮਿੰਟ ਬੈਠ ਕੇ ਪਾਠ ਨਹੀਂ ਸੁਣਿਆ। ਇਹ ਪਾਠ ਕਰਨੇ/ਕਰਵਾਉਣੇ ਗੁਰੂ ਨਾਨਕ ਜਾਂ ਦਸਵੇਂ ਗੁਰੂ ਦੇ ਖਾਲਸੇ ਦੀ ਨਿਸ਼ਾਨੀ ਨਹੀਂ ਹੈ। ਗੁਰੂਆਂ ਨੇ ਤਾਂ ਕਿਹਾ ਸੀ, ਜਿੰਨਾ ਵੀ ਪਾਠ ਕਰਨਾ ਹੈ, ਉਸ ਨੂੰ ਮਨ ਵਿਚ ਵਸਾਉਣਾ ਹੈ ਤਾਂ ਕਿ ਮਨ ਦੀ ਸ਼ੁੱਧੀ ਹੋਵੇ। ਮਨ ਹੀ ਤਾਂ ਹੈ ਜਿਸ ਨੂੰ ਸ਼ੁੱਧ ਕਰਨਾ ਹੈ; ਮਨ ਜੋ ਹਰ ਵੇਲੇ ਪਦਾਰਥਾਂ ਦੀ ਚਿਤਵਨਾ ਕਰਦਾ ਹੈ, ਨੂੰ ਗੁਰੂ/ਬਾਣੀ ਨਾਲ ਜੋੜ ਕੇ ਪਾਠ ਕਰਨ ਦਾ ਹੀ ਕੋਈ ਮਤਲਬ ਬਣਦਾ ਹੈ।
ਪਦਾਰਥਵਾਦੀ ਯੁੱਗ ਵਿਚ ਅਸੀਂ ਪਦਾਰਥਾਂ ਦੇ ਹੀ ਮਗਰ ਭਟਕ ਰਹੇ ਹਾਂ। ਗੁਰੂਆਂ ਦੇ ਦੱਸੇ ਰਾਹ ਭੁੱਲ ਗਏ ਹਾਂ। ਪਦਾਰਥਾਂ ਦੀ ਖੋਜ ਵਿਚ ਦੇਸ਼ ਛੱਡ ਕੇ ਪਰਦੇਸਾਂ ਵਿਚ ਆਣ ਵਸੇ। ਖੁਸ਼ੀ ਦੀ ਗੱਲ ਹੈ ਕਿ ਸਿੱਖ ਜਿਥੇ ਵੀ ਗਏ, ਬਾਣੀ ਨਾਲ ਲੈ ਕੇ ਗਏ; ਪਰ ਨਾਲ ਹੀ ਦੁੱਖ ਦੀ ਗੱਲ ਹੈ ਕਿ ਬਾਣਾ ਆਪਣੇ ਦੇਸ਼ ਵਿਚ ਵੀ ਛੱਡ ਦਿੱਤਾ, ਤੇ ਪਰਦੇਸ ਵਿਚ ਵੀ। ਬਾਣੀ ਦੇ ਪ੍ਰਕਾਸ਼ ਲਈ ਅਸੀਂ ਗੁਰਦੁਆਰੇ ਉਸਾਰੇ, ਉਹ ਵੀ ਵਿਸ਼ਾਲ। ਕੋਈ ਗੁਰਦੁਆਰਾ ਦੇਖ ਲਓ, ਸੰਗਮਰਮਰ ਦੇ ਫਰਸ਼, ਗਲੀਚੇ, ਸੋਨੇ ਦੇ ਗੁੰਬਦ; ਕੋਈ ਅੰਤ ਹੀ ਨਹੀਂ ਹੈ। ਹੁਣ ਬਾਣੀ ਦੇ ਬੋਹਿਥ ਗੁਰੂ ਗ੍ਰੰਥ ਸਾਹਿਬ ਨੂੰ ਸੌਣ ਲਈ ਵੱਖਰੀ ਵਿਸ਼ਰਾਮਗਾਹ ਦੀ ਲੋੜ ਪੈ ਗਈ ਹੈ; ਜਿਵੇਂ ਮੰਦਰਾਂ ਵਿਚ ਦੁਪਹਿਰ ਨੂੰ ਵੀ ਦੇਵੀ ਦੇਵਤੇ ਆਰਾਮ ਕਰਦੇ ਹਨ, ਰਾਤ ਨੂੰ ਵੀ। ਅਜਿਹੀਆਂ ਗੱਲਾਂ ‘ਤੇ ਜਿੰਨਾ ਅਫ਼ਸੋਸ ਹੁੰਦਾ ਹੈ, ਉਨਾ ਆਪਣੀ ਮੂਰਖਤਾ ‘ਤੇ ਹਾਸਾ ਵੀ ਆਉਂਦਾ ਹੈ। ਗਰਮੀਆਂ ਨੂੰ ਕਮਰੇ ਦੇ ਕੂਲਰ ਜਾਂ ਏæਸੀæ ਰਾਤ ਭਰ ਚੱਲਦੇ ਹਨ ਤਾਂ ਕਿ ਬਾਬੇ ਦੀ ਬੀੜ ਨੂੰ ਗਰਮੀ ਨਾ ਲੱਗੇ। ਸਰਦੀਆਂ ਵਿਚ ਉਪਰ ਰਜਾਈ ਕੰਬਲ ਦਿੱਤੇ ਜਾਂਦੇ ਹਨ। ਮੈਨੂੰ ਕਿਸੇ ਨੇ ਕਿਹਾ, ਫਿਰ ਇਸ਼ਨਾਨ ਵੀ ਕਰਵਾ ਦਿਆ ਕਰੋæææ ਬੜੀ ਸ਼ਰਮ ਆਈ। ਇਸ ਅਡੰਬਰ ਨੂੰ ਰੋਕਣ ਲਈ ਗੁਰੂ ਨਾਨਕ ਨੇ ਫਿਰ-ਫਿਰ ਕੇ ਲੋਕਾਂ ਨੂੰ ਸਮਝਾਇਆ ਸੀ, ਪਰ ਅਸੀਂ ਫਿਰ ਅਡੰਬਰ ਕਰਨ ਲੱਗ ਪਏ। ਅੱਜ ਸਾਡਾ ਧਰਮ ਸਾਡੇ ਮਨ ਵਿਚ ਨਹੀਂ ਰਿਹਾ, ਅਸੀਂ ਧਰਮ ਨੂੰ ਗੁਰਦੁਆਰਿਆਂ ਦੀਆਂ ਇਮਾਰਤ ਅਤੇ ਇਨ੍ਹਾਂ ਉਤੇ ਸੋਨੇ ਦੇ ਕਲਸ ਚੜ੍ਹਾਉਣ ਵਿਚ ਘੋਲ ਦਿੱਤਾ। ਜਦ ਮੈਂ ਛੋਟੀ ਸੀ, ਪੰਜਾਬ ਵਿਚ ਹਰ ਪਿੰਡ ਗੁਰਦੁਆਰਾ ਨਹੀਂ ਸੀ ਹੁੰਦਾ। ਕਈ ਪਿੰਡਾਂ ਦਾ ਇਕ ਗੁਰਦੁਆਰਾ ਹੁੰਦਾ, ਉਹ ਵੀ ਕੁਝ ਕੱਚਾ, ਕੁਝ ਪੱਕਾ। ਗੁਰਪੁਰਬ ‘ਤੇ ਸੰਗਤਾਂ ਨੇ ਲੋਹਾਂ ਲਾ ਕੇ ਪ੍ਰਸ਼ਾਦੇ ਪਕਾਉਣੇ। ਬੀਬੀਆਂ ਨੇ ਸ਼ਬਦ ਪੜ੍ਹਦੀਆਂ ਨੇ ਪੁੱਠੇ ਹੱਥ ਦੇ ਪਤਲੇ ਫੁਲਕੇ ਪਕਾਉਣੇ। ਇਕ ਬੱਸ, ਮਹਾਂ ਦੀ ਦਾਲ ਹੋਣੀ ਜਾਂ ਫਿਰ ਘਰਾਂ ਤੋਂ ਲੱਸੀ ‘ਕੱਠੀ ਕਰ ਕੇ ਉਸ ਵਿਚ ਬੂੰਦੀ ਪਾ ਕੇ ਰਾਇਤਾ ਬਣਾ ਲੈਣਾ। ਪ੍ਰਸ਼ਾਦ ਸ਼ੁੱਧ ਦੇਸੀ ਘਿਓ ਦਾ।
ਹੁਣ ਗੱਲ ਇਹ ਕਿ ਅਸੀਂ ਰਾਹ ਕਿਥੇ ਭੁੱਲ ਗਏ ਹਾਂ? ਅਸੀਂ ਇਹ ਭੁੱਲ ਗਏ ਕਿ ਗੁਰੂ ਨਾਨਕ ਨੂੰ ਖੀਰ ਤੇ ਮਾਲ ਪੂੜੇ ਪਸੰਦ ਨਹੀਂ, ਉਨ੍ਹਾਂ ਨੂੰ ਤਾਂ ਮਿਹਨਤ ਦੀ ਕਮਾਈ ਦੀ ਕੋਧਰੇ ਦੀ ਰੋਟੀ ਚੰਗੀ ਲਗਦੀ ਹੈ। ਅੱਜ ਕਮਾਈ ਸੱਚੀ ਨਹੀਂ ਰਹੀ। ਸੱਚੀ ਕਮਾਈ ਵਿਚੋਂ ਕਿਲੋਆਂ ਦੇ ਹਿਸਾਬ ਸੋਨਾ ਨਹੀਂ ਚੜ੍ਹਾਇਆ ਜਾਂਦਾ। ਅੱਜ ਬੇਈਮਾਨੀ ਦੀ ਕਮਾਈ ਤੋਂ ਕੌਣ-ਕੌਣ ਬਚਿਆ ਹੈ ਭਲਾ?
ਖਾਲਸਾ ਜਿਸ ਨੂੰ ਗੁਰੂ ਸਾਹਿਬ ਨੇ ਖਾਲਸ ਕਿਹਾ, ਨੂੰ ਸੱਚੀ-ਸੁੱਚੀ ਕਮਾਈ ਲਈ ਕਿਹਾ ਗਿਆ ਸੀ। ਸੋਨੇ ਦੇ ਕਲਸ ਨਾਲ ਬੁਰਾਈਆਂ ਵੀ ਆ ਗਈਆਂ। ਗੁਰਦੁਆਰਿਆਂ ਵਿਚ ਚੜ੍ਹਾਵਾ ਬਹੁਤ ਚੜ੍ਹਨ ਲੱਗ ਪਿਆ। ਪ੍ਰਬੰਧਕਾਂ ਤੇ ਸੇਵਾਦਾਰਾਂ ਦੀ ਲਾਲਸਾ ਵਧਣ ਲੱਗ ਪਈ। ਪੰਜਾਬ ਤੋਂ ਲੈ ਕੇ ਅਮਰੀਕਾ, ਕੈਨੇਡਾ ਜਿਥੇ ਵੀ ਵੱਡੇ ਗੁਰਦੁਆਰੇ ਹਨ, ਉਥੇ ਨਿੱਤ ਲੜਾਈਆਂ ਹੁੰਦੀਆਂ ਹਨ। ਉਦੋਂ ਕਿਥੇ ਜਾਂਦੀ ਹੈ ਇਨ੍ਹਾਂ ਦੀ ਸੋਚ ਜਿਹੜੇ ਪੰਜਾਂ ਕੱਕਾਰਾਂ ਵਿਚ ਸਜੇ ਹੁੰਦੇ ਹਨ। ਉਨ੍ਹਾਂ ਨੂੰ ਖਿਆਲ ਹੀ ਨਹੀਂ ਆਉਂਦਾ ਕਿ ਸਿੱਖ ਹੋਣਾ ਤਾਂ ਸੱਚ, ਸੰਜਮ ਤੇ ਨਿਮਰਤਾ ਦੇ ਗੁਣਾਂ ਦੇ ਧਾਰਨੀ ਹੋਣਾ ਹੈ। ਉਸ ਵਕਤ ਸ਼ਾਇਦ ਉਨ੍ਹਾਂ ਦਾ ਇਕ ਹੀ ਵਿਚਾਰ ਹੁੰਦਾ ਹੈ ਕਿ ਇਹ ਗੁਰਦੁਆਰੇ ਦਾ ਧਨ ਖਾ ਰਹੇ ਹਨ, ਇਨ੍ਹਾਂ ਨੂੰ ਪਿਛੇ ਕਰ ਕੇ ਅਸੀਂ ਖੁਦ ਖਾਈਏ। ਇਸ ਦਾ ਨੁਕਸਾਨ ਸਾਡੀ ਨੌਜਵਾਨ ਪੀੜ੍ਹੀ ਨੂੰ ਹੁੰਦਾ ਹੈ। ਜਦ ਉਨ੍ਹਾਂ ਨਾਲ ਸਿੱਖੀ ਬਾਰੇ ਗੱਲ ਕਰੀਦੀ ਹੈ, ਉਹ ਕਹਿੰਦੇ ਹਨ, ਅਸੀਂ ਕਿਹੜਾ ਜਥੇਦਾਰ ਬਣਨਾ, ਬਾਬੇ ਨੂੰ ਮੱਥਾ ਟੇਕੀਦਾ ਹੈ; ਜਿੰਨਾ ਪਾਠ ਯਾਦ ਹੈ, ਉਹ ਵੀ ਕਰ ਲਈਦਾ ਹੈ। ਗੁਰਦੁਆਰਿਆਂ ਦੇ ਭਾਈ ਆਮ ਕਰ ਕੇ ਥੋੜ੍ਹਾ ਪੜ੍ਹੇ-ਲਿਖੇ ਹੁੰਦੇ ਹਨ। ਜੇ ਕੋਈ ਪੜ੍ਹਿਆ-ਲਿਖਿਆ ਹੈ ਵੀ, ਉਹ ਵੀ ਸਕੂਲਾਂ/ਕਾਲਜਾਂ ਦੀ ਜਮਾਤਾਂ ਹੀ ਪਾਸ ਹੈ, ਗੁਰਬਾਣੀ ਸਮਝਣ ਵਾਲਾ ਕੋਈ ਵਿਰਲਾ ਹੀ ਮਿਲਦਾ ਹੈ। ਫਿਰ ਇਨ੍ਹਾਂ ਨੂੰ ਤਨਖਾਹ ਬਹੁਤ ਥੋੜ੍ਹੀ ਮਿਲਦੀ ਹੈ। ਇਸ ਸੂਰਤ ਵਿਚ ਗੋਲਕ ਵਲ ਨਜ਼ਰ ਰੱਖਣੀ ਉਨ੍ਹਾਂ ਦੀ ਵੀ ਮਜਬੂਰੀ ਹੋ ਜਾਂਦੀ ਹੈ। ਬਹੁਤ ਕਮੀਆਂ ਹਨ ਸਾਡੇ ਅੰਦਰ। ਜਿੰਨੀਆਂ ਚਾਹੋ, ਉਜਾਗਰ ਕਰ ਲਓ, ਪਰ ਅਸੀਂ ਨਹੀਂ ਕਰਦੇ! ਗੁਰਬਾਣੀ ਕਹਿੰਦੀ ਹੈ- ਪਰਲੋ ਆ ਜਾਵੇ, ਭਾਵੇਂ ਕੁਝ ਹੋ ਜਾਵੇ, ਫਿਰ ਵੀ ਕੋਈ ਹਰਿਆ ਬੂਟਾ ਜ਼ਰੂਰ ਰਹਿ ਜਾਂਦਾ ਹੈ, ਪਰ ਸਾਡੇ ਅੱਗੇ ਤਾਂ ਅਜੇ ਲਹਿ-ਲਹਾਉਂਦੇ ਖੇਤ ਹਨ। ਨਿਰਾਸ਼ਾ ਵਾਲੀ ਗੱਲ ਨਹੀਂ, ਜੇ ਵਕਤ ਦੀ ਨਜ਼ਾਕਤ ਦੇਖ ਕੇ ਉਪਰਾਲੇ ਕਰ ਲਏ ਜਾਣ, ਤਾਂ!
ਹੁਣ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਕੋਈ ਇਸ ਤਰ੍ਹਾਂ ਦੀ ਸੰਸਥਾ ਖੋਲ੍ਹੀ ਜਾਵੇ ਜਿਥੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਸ਼ੁੱਧ ਪਾਠ ਕਰਨ ਅਤੇ ਬਾਣੀ ਦੇ ਅਰਥ ਕਰਨੇ ਸਿਖਾਏ ਜਾਣ। ਗ੍ਰੰਥੀ ਬਣਨ ਦੇ ਚਾਹਵਾਨ ਬੱਚਿਆਂ ਦੀ ਚੋਣ ਹਾਇਰ ਸੈਕੰਡਰੀ ਪਾਸ ਵਿਦਿਆਰਥੀਆਂ ਵਿਚੋਂ ਹੋਵੇ। ਇਹ ਕਲਾਸ ਘਟੋ-ਘੱਟ ਚਾਰ ਸਾਲ ਦੀ ਹੋਵੇ। ਚਾਰ ਸਾਲ ਤੋਂ ਪਿਛੋਂ ਉਨ੍ਹਾਂ ਨੂੰ ਵੱਖ-ਵੱਖ ਗੁਰਦੁਆਰਿਆਂ ਵਿਚ ਭੇਜਿਆ ਜਾਵੇ ਅਤੇ ਉਨ੍ਹਾਂ ਦੀ ਯੋਗਤਾ ਸਿੱਧ ਹੋਣ ‘ਤੇ ਨਿਯੁਕਤੀ ਹੋਵੇ। ਤਨਖਾਹ ਬਹੁਤ ਚੰਗੀ ਹੋਵੇ, ਕਿਸੇ ਵੀ ਸੂਰਤ ਵਿਚ ਕਿਸੇ ਪੀæਸੀæਐਸ਼ ਅਫਸਰ ਨਾਲੋਂ ਘੱਟ ਨਾ ਹੋਵੇ। ਜਿਨ੍ਹਾਂ ਗ੍ਰੰਥੀਆਂ ਜਾਂ ਕੀਰਤਨੀਆਂ ਨੇ ਵਿਦੇਸ਼ਾਂ ਵਿਚ ਆਉਣਾ ਹੈ, ਉਨ੍ਹਾਂ ਨੂੰ ਅੰਗਰੇਜ਼ੀ ਦਾ ਪੂਰਾ ਗਿਆਨ ਹੋਵੇ ਤਾਂ ਕਿ ਉਹ ਇਥੇ ਸਾਡੀ ਨਵੀਂ ਪੀੜ੍ਹੀ ਨੂੰ ਵੀ ਗੁਰਸਿੱਖੀ ਨਾਲ ਜੋੜ ਸਕਣ ਅਤੇ ਦੂਜੇ ਧਰਮਾਂ ਦੇ ਲੋਕਾਂ ਨਾਲ ਵੀ ਵਿਚਾਰ-ਵਟਾਂਦਰਾ ਹੋ ਸਕੇ। ਹਰ ਪ੍ਰਚਾਰਕ ਨੂੰ ਦੂਜੇ ਧਰਮਾਂ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਹਰ ਧਰਮ ਦੇ ਮੁਢਲੇ ਪ੍ਰਿੰਸੀਪਲ ਕੀ ਹਨ ਅਤੇ ਦੂਜੇ ਧਰਮਾਂ ਦੇ ਪੈਰੋਕਾਰਾਂ ਬਾਰੇ ਜਿੰਨਾ ਸਾਡਾ ਗਿਆਨ ਹੋਵੇਗਾ, ਸਾਡੇ ਪ੍ਰਚਾਰਕ ਉਨੇ ਹੀ ਆਤਮ-ਵਿਸ਼ਵਾਸ ਨਾਲ ਗੱਲ ਕਰ ਕੇ ਆਪਣੇ ਧਰਮ ਬਾਰੇ ਦੱਸ ਸਕਣਗੇ। ਸਾਡੇ ਜਿਨ੍ਹਾਂ ਬਜ਼ੁਰਗਾਂ ਨੇ ਆਪਣੀ ਸਾਰੀ ਉਮਰ ਬਾਣੀ ਸਮਝਣ ‘ਤੇ ਲਾ ਦਿੱਤੀ, ਉਨ੍ਹਾਂ ਨੂੰ ਅੱਗੇ ਲਿਆਓ। ਉਨ੍ਹਾਂ ਦੀ ਉਮਰ ਦੇ ਅਨੁਸਾਰ ਰਹਿਣ ਦੀਆਂ ਸਹੂਲਤਾਂ ਦਿੱਤੀਆਂ ਜਾਣ। ਯੂਨੀਵਰਸਿਟੀ ਦੇ ਪ੍ਰੋਫੈਸਰ ਜਿਨ੍ਹਾਂ ਨੇ ਗੁਰਬਾਣੀ ‘ਤੇ ਕੰਮ ਕੀਤਾ ਅਤੇ ਜਿਨ੍ਹਾਂ ਨੇ ਭਾਸ਼ਾ ‘ਤੇ ਕੰਮ ਕੀਤਾ, ਉਹ ਪ੍ਰੋਫੈਸਰ ਵੀ ਬੁਲਾਏ ਜਾਣ।
ਜਥੇਦਾਰਾਂ ਲਈ ਵੀ ਪੁਰਾਣੇ ਸੂਝਵਾਨ ਗ੍ਰੰਥੀਆਂ ਵਿਚੋਂ ਚੋਣ ਕਰ ਕੇ ਉਨ੍ਹਾਂ ਲਈ ਵੀ ਟਰੇਨਿੰਗ ਦੀ ਲੋੜ ਹੈ। ਉਨ੍ਹਾਂ ਨੂੰ ਸਮਾਜਕ ਤੇ ਰਾਜਨੀਤਕ ਕਾਨੂੰਨ ਦੀ ਸਮਝ ਹੋਵੇ। ਆਪਣਾ ਕਿਰਦਾਰ ਉਚਾ-ਸੁੱਚਾ ਹੋਵੇ ਤਾਂ ਕਿ ਕੋਈ ਵੀ ਫੈਸਲਾ ਕਰ ਕੇ ਆਪਣੇ ਸਵੈ-ਭਰੋਸੇ ਦੀ ਤਾਕਤ ਨਾਲ ਸੁਣਨ ਲੱਗੇ ਸੱਜੇ-ਖੱਬੇ ਨਾ ਦੇਖਣਾ ਪਵੇ। ਅਕਾਲ ਤਖਤ ਦੇ ਜਥੇਦਾਰ ਦਾ ਫੈਸਲਾ ਤਾਂ ਸੁਪਰੀਮ ਕੋਰਟ ਦੇ ਫੈਸਲੇ ਨਾਲੋਂ ਵੀ ਉਪਰ ਹੈ।
ਜਿਸ ਵੇਲੇ ਸਾਡੇ ਕੋਲ ਗਿਆਨ ਦੇਣ ਵਾਲੇ, ਸਾਨੂੰ ਗਿਆਨ ਤੇ ਗੁਰੂ ਨਾਲ ਜੋੜਨ ਵਾਲੇ ਵਿਦਿਆਵਾਨ ਤੇ ਆਤਮ ਸ਼ਕਤੀ ਵਾਲੇ ਸਾਡੇ ਆਸੇ-ਪਾਸੇ ਹੋਣਗੇ, ਉਨ੍ਹਾਂ ਦੇ ਪ੍ਰਚਾਰ ਦਾ ਅਸਰ ਸਾਡੇ ‘ਤੇ ਪਵੇਗਾ। ਸੋ, ਪਹਿਲਾਂ ਖੁਦ ਗੁੜ ਖਾਣਾ ਛੱਡ ਕੇ ਫਿਰ ਕਿਸੇ ਨੂੰ ਛੱਡਣ ਲਈ ਕਹਿਣਾ ਹੈ। ਇਸ ਸੱਚੇ ਰਾਹ ‘ਤੇ ਹੀ ਸਾਡੀ ਉਸਤਤ ਹੋਵੇਗੀ।
Leave a Reply