ਕਹਾਣੀ ‘ਸਿਮਟੀ ਧੁੱਪ ਪਸਰੇ ਪ੍ਰਛਾਵੇਂ’ ਦਾ ਪਾਠ ਜਿਉਂ-ਜਿਉਂ ਅਗਾਂਹ ਵਧਦਾ ਜਾਂਦਾ ਹੈ, ਪਾਠਕ ਧੜਕਦੀ ਜ਼ਿੰਦਗੀ ਦੀ ਤਲਾਸ਼ ਲਈ ਹੋਰ ਕਾਹਲਾ ਪਈ ਜਾਂਦਾ ਹੈ। ਕਹਾਣੀ ਵਿਚ ਦਿਲ ਨੂੰ ਤੜਫਾ ਦੇਣ ਵਾਲੀ ਘਟਨਾ ਵਾਪਰ ਚੁੱਕੀ ਹੈ। ਲੇਖਕ ਹੌਲੀ-ਹੌਲੀ ਉਸ ਘਟਨਾ ਤੋਂ ਪਰਦਾ ਉਠਾਉਂਦਾ ਹੈ ਅਤੇ ਇਸ ਘਟਨਾ ਨਾਲ ਵੱਖ-ਵੱਖ ਪ੍ਰਸੰਗ ਜੋੜਦਾ ਹੈ। ਇਹ ਪ੍ਰਸੰਗ ਬਹੁਤ ਜਾਣੇ-ਪਛਾਣੇ ਜਾਪਦੇ ਹਨ, ਇਸੇ ਕਰ ਕੇ ਪਾਠਕ ਸੁਤੇ-ਸਿੱਧ ਹੀ ਕਹਾਣੀ ਦੀ ਪਾਤਰ ਯਾਸਮੀਨ ਨਾਲ ਨਾਤਾ ਜੋੜ ਬੈਠਦਾ ਹੈ, ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਕਹਾਣੀ ਦਾ ਇਕ ਹੋਰ ਪਾਤਰ ਉਸ ਦੇ ਨੇੜੇ ਚਲਾ ਜਾਂਦਾ ਹੈ। æææਤੇ ਆਖਰਕਾਰ ਕਹਾਣੀ ਦੀ ਸਹਿਜ ਤੋਰ ਵਾਂਗ ਦਰਦ ਵੀ ਹੌਲੀ-ਹੌਲੀ ਸਫਰ ਕਰਦਾ ਪਾਠਕ ਦੇ ਦਿਲ ਤੱਕ ਅੱਪੜ ਜਾਂਦਾ ਹੈ। ਖਬਰ ਨਹੀਂ ਕਿ ਇਹ ਦਰਦ ਯਾਸਮੀਨ ਵਰਗੀਆਂ ਕੁੜੀਆਂ ਦੇ ਹਿੱਸੇ ਹੋਰ ਕਿੰਨਾ ਚਿਰ ਆਈ ਜਾਣਾ ਹੈ। -ਸੰਪਾਦਕ
ਅਸਰਾਰ ਮਜ਼ੀਬਾ (ਜਮਸ਼ੇਦਪੁਰ)
ਅਨੁਵਾਦ: ਸੁਰਜੀਤ ਸਿੰਘ ਪੰਛੀ
ਫੋਨ: 661-827-8256
ਹੁਣੇ-ਹੁਣੇ ਹਸਪਤਾਲ ਤੋਂ ਮੁੜਿਆਂ ਹਾਂ, ਤੇ ਵਰਾਂਡੇ ਵਿਚ ਪਈ ਕੁਰਸੀ ਉਤੇ ਭਿਆਨਕ ਤੂਫ਼ਾਨ ਨਾਲ ਜੜ੍ਹੋਂ ਉਖੜੇ ਰੁੱਖ ਵਾਂਗ ਧੜੰਮ ਕਰ ਕੇ ਡਿੱਗ ਪਿਆ ਹਾਂ।
ਅੱਖਾਂ ਦੇ ਸਾਹਮਣੇ ਮਈ ਦੀ ਦੁਪਹਿਰ ਦੀ ਧੁੱਪ ਪਸਰੀ ਹੋਈ ਹੈ। ਇਸ ਚਮਕੀਲੀ ਧੁੱਪ ਵਿਚ ਰੁੱਖਾਂ ਦੇ ਸਿਮਟੇ, ਡਰੇ, ਸਹਿਮੇ ਤੇ ਉਦਾਸ ਪ੍ਰਛਾਵੇਂ ਦੇਖ ਕੇ ਅਨੋਖੀ ਜਿਹੀ ਬੇਚੈਨੀ ਦਿਲ ਵਿਚ ਵਸਦੀ ਜਾ ਰਹੀ ਹੈ। ਉਪਰ ਛਾਏ ਹੋਏ ਸਪਾਟ, ਅਥਾਹ ਨੀਲੇ ਆਕਾਸ਼ ਅਤੇ ਘਰ ਦੇ ਸਾਹਮਣਿਓਂ ਲੰਘਣ ਵਾਲੀ ਤਪਦੀ, ਕਾਲੀ ਸੁੰਨਸਾਨ ਸੜਕ ਦਾ ਸੰਨਾਟਾ ਹੌਲੀ-ਹੌਲੀ ਦਿਮਾਗ਼ ਤੇ ਦਿਲ ਦੀਆਂ ਕੰਧਾਂ ਉਤੇ ਉਤਰਨ ਲੱਗਦਾ ਹੈ, ਪਰ ਹੁਣ ਜੋ ਭਿਆਨਕ ਸੰਨਾਟਾ ਮੇਰੇ ਦਿਮਾਗ ਤੇ ਦਿਲ ਦੀਆਂ ਕੰਧਾਂ ‘ਤੇ ਛਾਇਆ ਹੋਇਆ ਹੈ, ਉਸ ਦਾ ਕਾਰਨ ਨਾ ਨੀਲਾ ਆਕਾਸ਼ ਹੈ ਅਤੇ ਨਾ ਹੀ ਇਹ ਲੁੱਕ ਵਾਲੀ ਪਿਘਲੀ ਹੋਈ ਸੁੰਨਸਾਨ ਸੜਕ।
ਮੇਰੀਆਂ ਨਜ਼ਰਾਂ ਦੇ ਸਾਹਮਣੇ ਹਸਪਤਾਲ ਦਾ ਵਾਰਡ ਛਾਇਆ ਹੋਇਆ ਹੈ। ਫਿਰ ਉਹ ਚਿਹਰਾ, ਕਿੰਨਾ ਭਿਆਨਕ ਦ੍ਰਿਸ਼ ਸੀ। ਮੈਂ ਇਹ ਸਭ ਕੁਝ ਕਿਵੇਂ ਦੇਖ ਲਿਆ ਅਤੇ ਜੇ ਦੇਖ ਵੀ ਲਿਆ ਤਾਂ ਸਾਹ ਕਿਵੇਂ ਲੈਂਦਾ ਰਿਹਾ। ਮੇਰੇ ਦਿਲ ਦੀ ਧੜਕਣ ਰੁਕ ਕਿਉਂ ਨਹੀਂ ਗਈ ਅਤੇ ਨਸਾਂ ਵਿਚ ਵਗਦਾ ਖੂਨ ਜੰਮ ਕਿਉਂ ਨਹੀਂ ਗਿਆ। ਕਿੰਨਾ ਭਿਆਨਕ ਅਹਿਸਾਸ ਹੈ ਕਿ ਮੈਂ ਸਭ ਕੁਝ ਚੁੱਪ ਦੀ ਚਾਦਰ ਲਪੇਟ ਕੇ ਅਤੇ ਰੁਕੇ ਹੋਏ ਅੰਦਾਜ਼ ਨਾਲ ਚੁੱਪ-ਚਾਪ ਦੇਖਦਾ ਰਹਿ ਗਿਆ। ਹੌਲੀ ਜਿਹੀ ਚੀਕ ਵੀ ਮੇਰੇ ਬੁੱਲ੍ਹਾਂ ਤੋਂ ਨਹੀਂ ਨਿਕਲ ਸਕੀ। ਇਹ ਕਿਸ ਤਰ੍ਹਾਂ ਦਾ ਦੁੱਖ ਛਾ ਗਿਆ ਸੀ ਮੇਰੇ ‘ਤੇ। ਕੀ ਹਰ ਆਦਮੀ ਆਪਣੀ ਜ਼ਿੰਦਗੀ ਨੂੰ ਮੌਤ ਦੀ ਗੋਦ ਵਿਚ ਦੇਖ ਕੇ ਅਜਿਹੇ ਹੀ ਦੁੱਖ ਨਾਲ ਸੰਘਰਸ਼ ਕਰਦਾ ਹੈ?
ਉਹ ਬੈਡ ‘ਤੇ ਅਹਿਲ ਸੀ। ਚਾਦਰ ਨਾਲ ਉਸ ਦਾ ਸਰੀਰ ਢਕਿਆ ਹੋਇਆ ਸੀ। ਕੇਵਲ ਚਿਹਰਾ ਹੀ ਨੰਗਾ ਸੀ, ਪਰ ਕੀ ਇਹ ਠੀਕ ਉਸੇ ਦਾ ਚਿਹਰਾ ਸੀ। ਕਿਤੇ ਕਿਸੇ ਦਾ ਚਿਹਰਾ ਅਜਿਹਾ ਵੀ ਹੋ ਸਕਦਾ ਹੈ, ਸੜਿਆ ਅਤੇ ਉਧੜਿਆ ਡਰਾਉਣਾ ਚਿਹਰਾ, ਥਾਂ-ਥਾਂ ‘ਤੇ ਮਟਮੈਲੀ ਚਰਬੀ ਦੀ ਤਹਿ ਝਾਕ ਰਹੀ ਸੀ। ਸਿਰ ਦੇ ਵਾਲ ਝੁਲਸੇ ਹੋਏ ਸਨ। ਛੋਟੇ ਵੱਡੇ ਛਾਲੇ ਬਹੁਤ ਭਿਆਨਕ ਲੱਗਦੇ ਸਨ ਅਤੇ ਉਸ ਦੀਆਂ ਅੱਖਾਂæææ ਨਹੀਂ, ਉਨ੍ਹਾਂ ਅੱਖਾਂ ਨੂੰ ਕੁਝ ਨਹੀਂ ਹੋਇਆ। ਲਾਟਾਂ ਦੀ ਜੀਭ ਉਨ੍ਹਾਂ ਤੱਕ ਨਹੀਂ ਪਹੁੰਚ ਸਕੀ। ਉਹ ਸਦਾ ਵਾਂਗ ਰੌਸ਼ਨ ਸਨ। ਉਸੇ ਤਰ੍ਹਾਂ ਚੁੱਪ ਅਤੇ ਸਥਿਰ। ਇਸ ਚੁੱਪ ਅਤੇ ਸ਼ਾਂਤੀ ਵਿਚ ਆਵਾਜ਼ਾਂ ਅਤੇ ਕਿੰਨੀਆਂ ਹੀ ਗੱਲਾਂ ਨੱਚ ਰਹੀਆਂ ਸਨ। ਅੱਜ ਲੋਕਾਂ ਦੀ ਇਸ ਭੀੜ ਵਿਚ ਅੱਖਾਂ ਦੀ ਬੋਲੀ ਸਮਝਣ ਵਾਲੇ ਸ਼ਾਇਦ ਉਹ ਇਕੱਲੇ ਹੀ ਸਨ, ਜਾਂ ਸ਼ਾਇਦ ਉਹ ਅੱਖਾਂ ਕੇਵਲ ਮੈਨੂੰ ਹੀ ਸੰਬੋਧਨ ਸਨ।
ਮੈਂ ਕਈ ਵਾਰ ਉਨ੍ਹਾਂ ਅੱਖਾਂ ਵਿਚ ਝਾਕਣ ਦਾ ਯਤਨ ਕੀਤਾ ਅਤੇ ਹਰ ਵਾਰ ਉਨ੍ਹਾਂ ਵਿਚੋਂ ਨਿਕਲਦੀ ਆਵਾਜ਼ ਦੇ ਪੱਥਰਾਂ ਨੇ ਮੈਨੂੰ ਜ਼ਖ਼ਮੀ ਕਰ ਦਿੱਤਾ, “ਬੱਚੇ ਕਾਸ਼! ਤੂੰ ਮੇਰੀ ਹੋਂਦ ਤੋਂ ਇੰਨਾ ਅਨਜਾਣ ਨਾ ਹੁੰਦਾ। ਤੈਨੂੰ ਵੀ ਮੇਰੇ ਨਾਲ ਇਹੀ ਸ਼ਿਕਾਇਤ ਹੋਵੇਗੀ, ਪਰ ਮੈਂ ਤਾਂ ਇਸਤਰੀ ਸੀ। ਸ਼ਰਮ ਦਾ ਬੁਰਕਾ ਪਾਇਆ ਹੋਇਆ, ਮੈਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਿਵੇਂ ਕਰਦੀ। ਫ਼ਿਰ ਵੀ ਸਦਾ ਤੇਰੀ ਹੋਂਦ ਬਾਰੇ ਸਜੱਗ ਰਹੀ।”
ਪਲ-ਪਲ ਇਹ ਆਵਾਜ਼ਾਂ ਤੇਜ਼ ਹੋਣ ਲੱਗੀਆਂ।
ਮੈਨੂੰ ਇਉਂ ਲੱਗਦਾ, ਜਿਵੇਂ ਮੇਰਾ ਦਿਮਾਗ਼ ਧਮਾਕੇ ਨਾਲ ਫਟ ਜਾਵੇਗਾ ਅਤੇ ਮੈਂ ਅਚਾਨਕ ਕਿਣਕਾ-ਕਿਣਕਾ ਹੋ ਕੇ ਹਵਾ ਵਿਚ ਧੂੜ ਦੇ ਕਿਣਕਿਆਂ ਵਾਂਗ ਬਿਖਰ ਜਾਵਾਂਗਾ। ਸਿਰ ਝਟਕ ਕੇ ਮੈਂ ਆਪਣੇ ਆਪ ਨੂੰ ਇਨ੍ਹਾਂ ਆਵਾਜ਼ਾਂ ਦੀ ਪਕੜ ਤੋਂ ਆਜ਼ਾਦ ਕਰਨ ਦਾ ਯਤਨ ਕਰਨ ਲੱਗਿਆ।
ਇਧਰ-ਉਧਰ ਨਜ਼ਰਾਂ ਘੁੰਮਾਉਂਦਾ ਹਾਂ, ਹਵਾ ਤੇਜ਼ ਵਗਣ ਲੱਗੀ ਹੈ। ਗਰਦ-ਗੁਬਾਰ ਦੇ ਵਾ-ਵਰੋਲੇ ਉਡ ਕੇ ਨਿਰਮਲ ਆਕਾਸ਼ ਨੂੰ ਢਕਣ ਲੱਗੇ ਹਨ। ਰੁੱਖਾਂ ਦੇ ਪ੍ਰਛਾਵੇਂ ਸਿਮਟ ਕੇ ਜਿਵੇਂ ਉਨ੍ਹਾਂ ਦੇ ਪਿਛੇ ਛੁਪਣ ਲੱਗੇ ਹਨ। ਸਾਹਮਣੇ ਪਿੱਪਲ ਦੇ ਸੁੱਕੇ ਪੱਤੇ ਵੱਡੀ ਮਾਤਰਾ ਵਿਚ ਝੜਦੇ ਹਨ ਅਤੇ ਹਵਾ ਉਨ੍ਹਾਂ ਨੂੰ ਬਹੁਤ ਦੂਰ ਤੱਕ ਘੜੀਸਦੀ ਲਈ ਜਾ ਰਹੀ ਹੈ। ਸੜਕ ‘ਤੇ ਪਸਰਿਆ ਸੰਨਾਟਾ ਲਗਾਤਾਰ ਬਣਿਆ ਹੋਇਆ ਹੈ।
ਦਿਮਾਗ਼ ਨੂੰ ਇਧਰ-ਉਧਰ ਦੀਆਂ ਗੱਲਾਂ ਵਿਚ ਉਲਝਾਅ ਦੇਣ ਦੀ ਸੁੱਧ ਤੇ ਅਹਿਸਾਸ ਅਚਾਨਕ ਮੈਨੂੰ ਗੁਨਾਹ ਵਿਚ ਉਲਝਾਉਂਦਾ ਲੱਗਦਾ ਹੈ। ਮੈਂ ਇਹ ਕੀ ਕਰ ਰਿਹਾ ਹਾਂ। ਮੈਂ ਯਤਨ ਕਰਨ ਲੱਗਿਆ ਹਾਂ, ਕਿ ਫਿਰ ਉਹੀ ਆਵਾਜ਼ ਉਭਰ ਕੇ ਪੱਥਰ ਵਾਂਗ ਮੇਰੇ ਦਿਮਾਗ਼ ‘ਤੇ ਵਰਸਣ ਲੱਗੀ। ਮੈਨੂੰ ਮੇਰੀ ਬੁਜ਼ਦਿਲੀ ਦਾ ਇਸ ਤਰ੍ਹਾਂ ਅਹਿਸਾਸ ਕਰਵਾਇਆ ਕਿ ਮੈਂ ਆਪਣੇ ਕੱਪੜੇ ਪਾੜ ਕੇ ਪਾਗਲ ਵਾਂਗ ਭੱਜਦਾ ਕਿਤੇ ਦੂਰ ਨਿਕਲ ਜਾਵਾਂ। ਮਾਰੇ ਸ਼ਰਮਿੰਦਗੀ ਦੇ ਸਿਰ ਪਟਕ-ਪਟਕ ਕੇ ਆਪਣੀ ਜਾਨ ਦੇ ਦੇਵਾਂ, ਪਰ ਆਵਾਜ਼ ਨਹੀਂ ਆਈ। ਨਜ਼ਰਾਂ ਵਿਚ ਇਕ ਚਿਹਰਾ ਉਭਰਦਾ ਹੈ। ਉਸ ਚਿਹਰੇ ਤੋਂ ਵੱਖ ਜਿਵੇਂ ਹਸਪਤਾਲ ਦੇ ਉਜਲੇ ਵਾਤਾਵਰਨ ਵਿਚ ਦੇਖ ਕੇ ਆਇਆ ਹਾਂ।
ਇਹ ਚਿਹਰਾ ਯਾਸਮੀਨ ਦਾ ਹੈ।
ਯਾਸਮੀਨ ਇਕ ਫੁੱਲ ਸੀ ਜਿਸ ਦੀ ਖੁਸ਼ਬੋ ਅੱਜ ਤੱਕ ਮੇਰੇ ਸਾਹਾਂ ਵਿਚ ਘੁਲੀ ਹੋਈ ਹੈ। ਪੰਖੜੀਆਂ ਵਾਂਗ ਕੂਲੀ, ਨਰਮ ਅਤੇ ਨਾਜ਼ੁਕ। ਹਵਾ ਦਾ ਮਾੜਾ ਜਿਹਾ ਬੁੱਲਾ ਛੂਹ ਜਾਵੇ, ਤਾਂ ਉਹ ਕੰਬ ਕੇ ਰਹਿ ਜਾਵੇ ਅਤੇ ਧੁੱਪ ਦੀ ਤਪਸ਼ ਜਿਸ ਨੂੰ ਕੁਮਲਾ ਦੇਵੇ। ਅੱਖਾਂ ਵਿਚ ਇੱਜ਼ਤ ਵਾਲੀ ਸੰਜੀਦਗੀ ਅਤੇ ਠਹਿਰਾਅ- ਜਿਹੜਾ ਵੀ ਦੇਖੇ, ਸ਼ਰਾਰਤ ਭੁੱਲ ਜਾਵੇ। ਜਾਂ ਯਾਸਮੀਨ ਉਗੜ-ਦੁਗੜੀਆਂ ਚੱਟਾਨਾਂ ਨਾਲ ਟਕਰਾਉਂਦੀ, ਨੱਚਦੀ-ਟੱਪਦੀ, ਮਸਤ ਅਤੇ ਪਾਗਲ ਰੌਲੇ ਨਾਲ ਸਫ਼ਰ ਕਰਨ ਵਾਲੇ ਝਰਨੇ ਵਰਗੀ ਨਹੀਂ ਸੀ। ਉਹ ਤਾਂ ਸੰਤੁਸ਼ਟ ਰਵਾਨੀ ਅਤੇ ਇੱਜ਼ਤਦਾਰ ਲੜਕੀ, ਤੇ ਗੰਭੀਰ ਨਖਰੇ ਨਾਲ ਮੈਦਾਨੀ ਖੇਤਰ ਵਿਚ ਵਹਿਣ ਵਾਲੀ ਗੰਗਾ ਵਰਗੀ ਸੀ।
ਹੌਲੀ-ਹੌਲੀ ਭੂਤ (ਕਾਲ) ਮੈਨੂੰ ਆਪਣੀ ਜਕੜ ਵਿਚ ਲੈ ਰਿਹਾ ਸੀ। ਭੂਤ ਆਮ ਕਰ ਕੇ ਅੱਖਾਂ ਵਿਚ ਪਹਿਲਾਂ ਰਾਤ ਬਣ ਕੇ ਆਉਂਦਾ ਹੈ। ਹਨੇਰਾ-ਹਨੇਰਾ ਅਤੇ ਬਿਨਾਂ ਦ੍ਰਿਸ਼, ਫਿਰ ਇਸ ਵਿਚ ਕਿਤੇ-ਕਿਤੇ ਟਟਹਿਣੇ ਦੇ ਚਮਕਣ ਦਾ ਭਰਮ ਹੁੰਦਾ ਹੈ। ਫਿਰ ਹਰ ਥਾਂ ਜੁਗਨੂੰਆਂ ਦੇ ਟੋਲਿਆਂ ਦੇ ਟੋਲੇ ਧਾਵਾ ਬੋਲ ਦਿੰਦੇ ਹਨ। ਸਵੇਰ ਦੀ ਨਰਮ ਤੇ ਸੱਜਰੀ ਅਤੇ ਬੱਚਿਆਂ ਦੀ ਮੁਸਕਾਨ ਮਾਸੂਮ ਧੁੱਪ ਚਾਰੇ ਪਾਸੇ ਪਸਰ ਜਾਂਦੀ ਹੈ। ਸਭ ਕੁਝ ਸਾਫ਼-ਸਾਫ਼ ਜਿਉਂਦਾ, ਧੜਕਦਾ, ਸਾਹ ਲੈਂਦਾ ਅਤੇ ਗੱਲਾਂ ਕਰਦਾ ਹੋਇਆ ਦਿਸਦਾ ਹੈ। ਆਦਮੀ ਤੇ ਜਾਨਵਰ, ਅਜਨਬੀ ਤੇ ਖਾਮੋਸ਼, ਸੜਕਾਂ, ਗਲੀਆਂ, ਚੁਰਾਹੇ ਅਤੇ ਪਾਨ ਦੀ ਦੁਕਾਨ, ਘਰ ਅਤੇ ਗਲੀ-ਗਲੀ ਵਿਚ ਦਿਨ-ਰਾਤ ਊਧਮ ਮਚਾਉਣ ਵਾਲੇ ਬੱਚੇ ਅਤੇ ਮੋੜ ਤੇ ਮੁਹੱਲੇ ਦੀ ਸਭ ਤੋਂ ਉਚੀ ਤੇ ਸੁੰਦਰ ਹਵੇਲੀ ਨੂੰ ਇਕੋ ਵੇਲੇ ਮੈਂ ਦੇਖ ਰਿਹਾ ਹਾਂ ਅਤੇ ਅਨੁਭਵ ਕਰ ਰਿਹਾ ਹਾਂ। ਇਸ ਤੋਂ ਵੀ ਬਹੁਤ ਪਹਿਲਾਂ ਜਦੋਂ ਉਹ ਸੁੰਦਰ ਹਵੇਲੀ ਨਹੀਂ ਸੀ, ਉਥੇ ਛੋਟਾ ਜਿਹਾ ਮੈਦਾਨ ਸੀ ਜਿਸ ਵਿਚ ਇਕ ਦਿਨ ਕਾਲੀ ਬਜਰੀ ਅਤੇ ਰੇਤੇ ਦੇ ਛੋਟੇ-ਛੋਟੇ ਟਿੱਬੇ ਬਣ ਗਏ, ਤੇ ਫਿਰ ਇਕ ਪਾਸੇ ਇੱਟਾਂ ਦੀਆਂ ਲਾਈਨਾਂ ਲੱਗਣ ਲੱਗੀਆਂ ਸਨ। ਮੈਂ ਆਪਣੇ ਮਿੱਤਰਾਂ ਨਾਲ ਉਸ ਦਿਨ ਹਨੇਰਾ ਹੋਣ ਤੱਕ ਰੇਤੇ ਉਤੇ ਮਸਤੀ ਕਰਦਾ ਰਿਹਾ ਸੀ। ਦਿਨ ਭਰ ਟਰੱਕ ਰੇਤਾ, ਬਜਰੀ, ਸੀਮਿੰਟ ਦੇ ਬੋਰੇ ਅਤੇ ਇੱਟਾਂ ਲਿਆ-ਲਿਆ ਕੇ ਮੈਦਾਨ ਵਿਚ ਇਕੱਠੇ ਕਰਦੇ ਰਹੇ ਸਨ। ਉਸ ਦਿਨ ਮੇਰੀ ਬੁਨੈਣ ਫਟ ਗਈ ਸੀ, ਤੇ ਬਾਪੂ ਨੇ ਕੱਸ-ਕੱਸ ਕੇ ਥੱਪੜ ਮਾਰੇ ਸਨ ਅਤੇ ਰਾਤ ਦਾ ਖਾਣਾ ਹਰਾਮ ਕਰ ਦਿੱਤਾ ਸੀ। ਇਹ ਸਭ ਕੁਝ ਮੈਂ ਦੇਖ ਰਿਹਾ ਹਾਂ ਅਤੇ ਅਨੁਭਵ ਕਰ ਰਿਹਾ ਹਾਂ।
ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਸੀ। ਮੋਢੇ ‘ਤੇ ਬਸਤੇ ਲਟਕਾਈ ਅਤੇ ਹੱਥ ਵਿਚ ਲੰਚ ਬਾਕਸ ਲਈ ਸਕੂਲ ਨੂੰ ਜਾਂਦਿਆਂ ਲੱਗਭਗ ਰੋਜ਼ ਹੀ ਉਥੇ ਰੁਕ ਜਾਂਦਾ ਸੀ। ਮਜ਼ਦੂਰ ਆਦਮੀਆਂ, ਇਸਤਰੀਆਂ ਅਤੇ ਰਾਜ ਮਿਸਤਰੀਆਂ ਨੂੰ ਤਪਦੀ ਧੁੱਪ ਵਿਚ ਕੰਮ ਕਰਦਿਆਂ ਦੇਖਦਾ ਰਹਿੰਦਾ। ਇਕ ਦਿਨ ਉਥੇ ਮੈਂ ਕਾਲੀ ਚਮਕਦੀ ਕਾਰ ਖੜ੍ਹੀ ਦੇਖੀ। ਚੀਨੀ ਦੀ ਗੁੱਡੀ ਵਰਗੀ ਕੁੜੀ ਚਿੱਟੀ ਫ਼ਰਾਕ ਅਤੇ ਗੁਲਾਬੀ ਸਕਾਰਫ਼ ਪਾਈ ਠੋਡੀ ਨੂੰ ਖਿੜਕੀ ‘ਤੇ ਟਿਕਾ ਕੇ ਕਾਰ ਵਿਚ ਬੈਠੀ ਸੀ। ਉਸ ਦੀਆਂ ਚਮਕੀਲੀਆਂ ਅੱਖਾਂ ਅਤੇ ਸੰਘਣੀਆਂ ਕਾਲੀਆਂ ਪਲਕਾਂ ਦਾ ਪ੍ਰਛਾਵਾਂ ਬੜਾ ਚੰਗਾ ਲੱਗਦਾ ਸੀ। ਕੋਲ ਖੜ੍ਹਾ ਆਦਮੀ ਮਜ਼ਦੂਰਾਂ ਨੂੰ ਹਦਾਇਤਾਂ ਦੇ ਰਿਹਾ ਸੀ। ਉਸ ਦਿਨ ਮੈਂ ਚਮਕੀਲੀਆਂ ਅੱਖਾਂ ਵਾਲੀ ਚੀਨੀ ਦੀ ਉਸ ਗੁੱਡੀ ਨੂੰ ਦੇਖਦਾ ਹੀ ਰਹਿ ਗਿਆ ਸੀ।
ਹਵੇਲੀ ਬਣ ਗਈ। ਨਾਂ ਰੱਖਿਆ ‘ਨਾਸਰ ਕਦਾ।’ ਚਮਕਦੀਆਂ ਅੱਖਾਂ ਵਾਲੀ ਕੁੜੀ ਦਾ ਪਰਿਵਾਰ ਹਵੇਲੀ ਵਿਚ ਵਸ ਗਿਆ। ਬਾਪੂ ਤੋਂ ਮੈਨੂੰ ਪਤਾ ਲੱਗਿਆ ਕਿ ਉਹ ਲੋਕ ਸਾਡੇ ਦੂਰ ਦੇ ਰਿਸ਼ਤੇਦਾਰ ਹਨ। ਇਕ ਦਿਨ ਮੈਂ ਬਾਪੂ ਨਾਲ ਉਸ ਹਵੇਲੀ ਵਿਚ ਗਿਆ। ਉਥੇ ਮੈਨੂੰ ਚੀਨੀ ਦੀ ਗੁੱਡੀ ਵਰਗੀ ਕੁੜੀ ਦੇ ਨਾਂ ਦਾ ਪਤਾ ਲੱਗਿਆ- ਯਾਸਮੀਨ। ਉਸ ਦਾ ਭਰਾ ਸੀ ਜ਼ਮੀਲ ਜਿਸ ਨਾਲ ਪਿਛੋਂ ਮੇਰੀ ਬੇਲੋੜੀ ਗੂੜ੍ਹੀ ਮਿੱਤਰਤਾ ਹੋ ਗਈ ਸੀ। ਉਸ ਦਿਨ ਬਾਪੂ ਯਾਸਮੀਨ ਦੇ ਪਿਤਾ ਨਾਲ ਗੱਲਾਂ ਹੀ ਕਰੀ ਗਏ ਸਨ। ਮੈਂ ਛੇਤੀ ਕਰ ਕੇ ਚੀਨੀ ਦੀਆਂ ਸਾਫ ਪਲੇਟਾਂ ਵਿਚ ਸਜੀਆਂ ਹੋਈਆਂ ਮਿਠਾਈਆਂ ਅਤੇ ਬਿਸਕੁਟਾਂ ‘ਤੇ ਹੱਥ ਸਾਫ਼ ਕਰੀ ਜਾ ਰਿਹਾ ਸੀ। ਜਦੋਂ ਪੂਰੀ ਤਰ੍ਹਾਂ ਜੀਅ ਭਰ ਗਿਆ, ਤਾਂ ਮੈਂ ਉਠ ਕੇ ਬਾਹਰ ਚਲਿਆ ਗਿਆ ਅਤੇ ਬਹੁਤ ਦੇਰ ਤੱਕ ਯਾਸਮੀਨ ਨਾਲ ਗੱਲਾਂ ਕਰਦਾ ਰਿਹਾ। ਉਸ ਤੋਂ ਪਿਛੋਂ ਇਕ ਦਿਨ ਯਾਸਮੀਨ, ਜ਼ਮੀਲ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸਾਡੇ ਘਰ ਆਏ। ਆਉਣਾ-ਜਾਣਾ ਇਸੇ ਤਰ੍ਹਾਂ ਚਲਦਾ ਰਿਹਾ। ਯਾਸਮੀਨ ਅਤੇ ਜ਼ਮੀਲ ਮੇਰੇ ਹੀ ਸਕੂਲ ਵਿਚ ਦਾਖ਼ਲ ਕਰਵਾ ਦਿੱਤੇ ਗਏ। ਯਾਸਮੀਨ ਮੈਥੋਂ ਦੋ ਜਮਾਤਾਂ ਪਿਛੇ ਸੀ ਤੇ ਜ਼ਮੀਲ ਮੇਰਾ ਹਮਜਮਾਤੀ ਬਣ ਗਿਆ। ਅਸੀਂ ਸਾਰੇ ਸਕੂਲ ਨੂੰ ਇਕੱਠੇ ਹੀ ਤੁਰਦੇ। ਮੈਂ ਅਤੇ ਜ਼ਮੀਲ ਸਕੂਲ ਜਾਂਦਿਆਂ ਭੱਜ-ਭੱਜ ਕੇ ਸੜਕ ‘ਤੇ ਲੱਗੇ ਬਿਜਲੀ ਦੇ ਖੰਭਿਆਂ ਨੂੰ ਸ਼ਰਤ ਲਾ ਕੇ ਛੂੰਹਦੇ, ਕਿ ਦੇਖੀਏ ਉਸ ਖੰਭੇ ਨੂੰ ਪਹਿਲਾਂ ਕੌਣ ਛੂੰਹਦਾ ਹੈ। ਯਾਸਮੀਨ ਆਦਤ ਕਰ ਕੇ ਚੁੱਪ ਅਤੇ ਸੁਸਤ ਤਬੀਅਤ ਵਾਲੀ ਸੀ। ਇਸ ਲਈ ਕਦੇ ਵੀ ਇਸ ਖੇਡ ਵਿਚ ਭਾਗ ਨਹੀਂ ਸੀ ਲੈਂਦੀ ਅਤੇ ਸਾਡੇ ਦੋਵਾਂ ਤੋਂ ਬਹੁਤ ਪਿਛੇ ਰਹਿ ਜਾਂਦੀ ਸੀ। ਸਾਨੂੰ ਰੁਕ-ਰੁਕ ਕੇ ਉਸ ਦੀ ਉਡੀਕ ਕਰਨੀ ਪੈਂਦੀ। ਇਸ ਖੇਡ ਵਿਚ ਜ਼ਮੀਲ ਸਦਾ ਜਿੱਤ ਜਾਂਦਾ ਸੀ, ਪਰ ਇਕ ਦਿਨ ਅਚਾਨਕ ਮੈਂ ਬਾਜ਼ੀ ਮਾਰ ਗਿਆ। ਬੱਸ, ਇਸੇ ਦਿਨ ਸਾਡੀ ਦੋਵਾਂ ਦੀ ਲੜਾਈ ਹੋ ਗਈ ਸੀ। ਉਹਨੇ ਧੱਕਾ ਦੇ ਦਿੱਤਾ ਅਤੇ ਮੈਂ ਸੜਕ ‘ਤੇ ਡਿੱਗ ਪਿਆ। ਮੇਰੇ ਉਠਣ ਤੋਂ ਪਹਿਲਾਂ ਹੀ ਉਹ ਛੇਤੀ ਕਰ ਕੇ ਭੱਜ ਗਿਆ। ਪਿਛੇ ਆਉਂਦੀ ਯਾਸਮੀਨ ਨੇ ਚੁੱਪ-ਚਾਪ ਸਹਾਰਾ ਦੇ ਕੇ ਮੈਨੂੰ ਉਠਾਇਆ ਅਤੇ ਫਿਰ ਅਸੀਂ ਚੁੱਪ-ਚਾਪ ਸਕੂਲ ਜਾ ਪਹੁੰਚੇ ਸੀ। ਉਸ ਦਿਨ ਮੈਂ ਜ਼ਮੀਲ ਨਾਲ ਗੱਲ ਨਹੀਂ ਕੀਤੀ, ਪਰ ਦੂਜੇ ਹੀ ਦਿਨ ਸਾਡਾ ਰਾਜ਼ੀਨਾਮਾ ਹੋ ਗਿਆ। ਅਸੀਂ ਦੋਵੇਂ ਹਰ ਰੋਜ਼ ਵਾਂਗ ਖੇਡਦੇ ਹੋਏ ਸਕੂਲ ਜਾਣ ਲੱਗ ਪਏ। ਜਿੱਤ ਦੀ ਤਰ੍ਹਾਂ ਯਾਸਮੀਨ ਸਾਡੇ ਪਿਛੇ ਰਹਿਣ ਲੱਗੀ। ਇਸ ਤਰ੍ਹਾਂ ਹੱਸਦੇ ਖੇਡਦੇ ਸਾਡੀ ਉਮਰ ਦਾ ਸੂਰਜ ਹਰ ਰੋਜ਼ ਚੜ੍ਹਦਾ ਰਿਹਾ। ਮੈਂ ਹੌਲੀ-ਹੌਲੀ ਉਸ ਹਵੇਲੀ ਦਾ ਇਕ ਬੰਦਾ ਬਣਦਾ ਚਲਿਆ ਗਿਆ। ਸਾਡੇ ਵਿਚਕਾਰ ਇਕ ਅਣ-ਦੇਖਿਆ ਅਤੇ ਅਣ-ਮਾਣਿਆ, ਪਰ ਬਹੁਤ ਹੀ ਤਕੜਾ ਰਿਸ਼ਤਾ ਬਣਦਾ ਗਿਆ।
ਸਾਡੀਆਂ ਉਮਰਾਂ ਦੀ ਗਿਣਤੀ ਦੱਸਣ ਵਾਲਾ ਸੂਰਜ ਪਤਾ ਨਹੀਂ ਕਿੰਨੀ ਵਾਰ ਚੜ੍ਹਿਆ ਅਤੇ ਕਿੰਨੀ ਵਾਰ ਛੁਪਿਆ। ਇਕ ਦਿਨ ਸਾਨੂੰ ਕਿਸੇ ਨੇ ਦੱਸਿਆ ਜਾਂ ਆਪਣੇ ਆਪ ਪਤਾ ਲੱਗ ਗਿਆ ਕਿ ਹੁਣ ਅਸੀਂ ਬੱਚੇ ਨਹੀਂ ਰਹੇ। ਹੁਣ ਅਸੀਂ ਜਵਾਨ ਹਾਂ, ਆਪਣੀ ਰਾਏ ਰੱਖਦੇ ਹਾਂ ਅਤੇ ਬਹੁਤ ਕੁਝ ਸੋਚ ਸਕਦੇ ਹਾਂ, ਬਹੁਤ ਕੁਝ ਕਰ ਸਕਦੇ ਹਾਂ। ਹੁਣ ਸਾਡੇ ਹੋਣ ਅਤੇ ਹੱਸਣ ਦਾ ਅਰਥ ਸੀ ਅਤੇ ਖੁਸ਼ੀ ਪ੍ਰਗਟ ਕਰਨ ਲਈ ਹੁਣ ਸਾਡੇ ਕੋਲ ਸਲੀਕਾ ਸੀ।
ਅਚਾਨਕ ਮੇਰੇ ਖੱਬੇ ਕੰਨ ਦੇ ਪਰਦੇ ‘ਤੇ ਕੁਝ ਸਰ-ਸਰ ਹੁੰਦੀ ਲੱਗੀ। ਮੈਂ ਸਰ-ਸਰਾਉਂਦੀ ਸ਼ੈਅ ਨੂੰ ਤੇਜ਼ੀ ਨਾਲ ਚੁਟਕੀ ਵਿਚ ਫੜ ਲਿਆ। ਫਿਰ ਮੇਰੇ ਖਿਆਲਾਂ ਦੀ ਲੜੀ ਟੁੱਟ ਗਈ। ਸਾਹਮਣੇ ਨਜ਼ਰ ਗਈ। ਸੂਰਜ ਪੱਛਮ ਵੱਲ ਝੁਕਣ ਲੱਗਿਆ ਹੈ। ਧੁੱਪ ਹੌਲੀ-ਹੌਲੀ ਸਿਰ ਝੁਕਾਉਣ ਲੱਗੀ ਹੈ ਅਤੇ ਰੁੱਖਾਂ ਦੇ ਪ੍ਰਛਾਵੇਂ ਲੰਮੇ ਹੋਣ ਲੱਗੇ ਹਨ। ਜਦੋਂ ਸੂਰਜ ਡੁੱਬ ਗਿਆ, ਤਾਂ ਇਹੀ ਪ੍ਰਛਾਵੇਂ ਕਾਲੇ ਤੂਫ਼ਾਨ ਬਣ ਕੇ ਸਾਰੀ ਕਾਇਨਾਤ ਨੂੰ ਘੇਰ ਲੈਣਗੇ ਜਿਸ ਨੂੰ ਲੋਕ ਰਾਤ ਦਾ ਨਾਂ ਦੇਣਗੇ। ਅਚਾਨਕ ਚੁਟਕੀ ਵਿਚ ਫੜੀ ਹੋਈ ਸ਼ੈਅ ਦਾ ਖਿਆਲ ਆਉਂਦਾ ਹੈ ਅਤੇ ਮੈਂ ਹਥੇਲੀ ਖੋਲ੍ਹ ਕੇ ਚੁਟਕੀ ਖੋਲ੍ਹ ਦਿੰਦਾ ਹਾਂ। ਕੀੜੀ ਤੇਜ਼ ਚਾਲ ਨਾਲ ਰੀਂਗਦੀ ਹੋਈ ਮੇਰੇ ਗੁੱਟ ਦੇ ਸੰਘਣੇ ਬਾਲਾਂ ਵਿਚ ਉਲਝ ਜਾਂਦੀ ਹੈ। ਮੈਂ ਫਿਰ ਕੀੜੀ ਨੂੰ ਫੜ ਲੈਂਦਾ ਹਾਂ। ਚਾਹੁੰਦਾ ਹਾਂ, ਮਸਲ ਦਿਆਂ। ਫਿਰ ਪਤਾ ਨਹੀਂ ਕਿਸ ਭਾਵਨਾ ਅਧੀਨ ਉਸ ਨੂੰ ਬੇਹੱਦ ਸ਼ਰਧਾ ਤੇ ਸਤਿਕਾਰ ਨਾਲ ਫ਼ਰਸ਼ ਉਤੇ ਛੱਡ ਦਿੰਦਾ ਹਾਂ ਅਤੇ ਉਹ ਤੇਜ਼ੀ ਨਾਲ ਰੀਂਗਦੀ ਮੇਰੀਆਂ ਨਜ਼ਰਾਂ ਤੋਂ ਲੋਪ ਹੋ ਜਾਂਦੀ ਹੈ।
ਯਾਦ ਆਉਂਦਾ ਹੈ ਕਿ ਨੌਕਰੀ ਲਈ ਮੈਂ ਲਗਾਤਾਰ ਇਕ ਮਹੀਨੇ ਤੱਕ ਨੱਠ-ਭੱਜ ਕਰਦਾ ਰਿਹਾ ਤੇ ਇਸ ਵਿਚਕਾਰ ‘ਨਾਸਰ ਕਦਾ’ ਜਮ੍ਹਾਂ ਈ ਨ੍ਹੀਂ ਜਾ ਸਕਿਆ। ਸੁਣਨ ਵਿਚ ਆਇਆ ਸੀ ਕਿ ਜ਼ਮੀਲ ਸਾਉਦੀ ਅਰਬ ਚਲਿਆ ਗਿਆ ਹੈ। ਮੈਨੂੰ ਇਸ ਦਾ ਅਤਿਅੰਤ ਦੁੱਖ ਹੋਇਆ ਕਿ ਜਾਣ ਤੋਂ ਪਹਿਲਾਂ ਉਹ ਮੈਨੂੰ ਮਿਲ ਕੇ ਵੀ ਨਹੀਂ ਗਿਆ। ਮੇਰੀ ਨੱਠ-ਭੱਜ ਦਾ ਸਿਲਾ ਵੀ ਮੈਨੂੰ ਮਿਲ ਗਿਆ। ਮੈਂ ਬੈਂਕ ਵਿਚ ਅਕਾਊਂਟੈਂਟ ਦੇ ਕੰਮ ‘ਤੇ ਲੱਗ ਗਿਆ। ਉਸ ਦਿਨ ਆਪਣੀ ਖੁਸ਼ੀ ਵਿਚ ਸਾਰਿਆਂ ਨੂੰ ਰਲਾਉਣ ਲਈ ਮੈਂ ‘ਨਾਸਰ ਕਦਾ’ ਗਿਆ ਸੀ। ਉਥੇ ਉਮੀਦ ਦੇ ਵਿਰੁਧ ਖਾਸੀ ਚਹਿਲ-ਪਹਿਲ ਨਜ਼ਰ ਆਈ। ਘਾਹ ‘ਤੇ ਕੁਰਸੀਆਂ ਉਤੇ ਯਾਸਮੀਨ ਦੇ ਪਿਤਾ ਨਾਲ ਕੁਝ ਅਜਨਬੀ ਲੋਕ ਬੈਠੇ ਹੱਸਦੇ ਮੁਸਕਰਾਉਂਦੇ ਹੋਏ ਗੱਲਾਂ ਕਰ ਰਹੇ ਸਨ। ਕੁਝ ਅਜਨਬੀ ਬੱਚੇ ਵੀ ਚਮਕਦੇ ਦਮਕਦੇ ਕੱਪੜਿਆਂ ਵਿਚ ਦਿਖਾਈ ਦੇ ਰਹੇ ਸਨ। ਮੇਰੀ ਸਮਝ ਵਿਚ ਕੁਝ ਨਹੀਂ ਆ ਸਕਿਆ। ਯਾਸਮੀਨ ਦੇ ਪਿਤਾ ਨੇ ਮੈਨੂੰ ਦੇਖ ਕੇ ਹੱਥ ਦੇ ਇਸ਼ਾਰੇ ਨਾਲ ਬੁਲਾਇਆ। ਮੈਂ ਖਾਲੀ ਕੁਰਸੀ ‘ਤੇ ਬੈਠ ਗਿਆ। ਫਿਰ ਮੈਂ ਨੌਕਰੀ ਮਿਲਣ ਬਾਰੇ ਦੱਸਿਆ, ਮਠਿਆਈ ਦਾ ਡੱਬਾ ਦਿੱਤਾ। ਗੱਲਾਂ ਦੀ ਲੜੀ ਸ਼ੁਰੂ ਹੋਈ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਲੋਕ ਯਾਸਮੀਨ ਨੂੰ ਦੇਖਣ ਆਏ ਹਨ ਅਤੇ ਗੱਲਬਾਤ ਲਗਭਗ ਮੁੱਕ ਚੁੱਕੀ ਹੈ।
ਇਸ ਸੁਣ ਕੇ ਪਤਾ ਨਹੀਂ, ਮੈਨੂੰ ਕਿਵੇਂ ਅਨੁਭਵ ਹੋਇਆ ਸੀ, ਪਰ ਜਦੋਂ ਸਾਰੇ ਲੋਕ ਚਲੇ ਗਏ ਸੀ ਅਤੇ ਮੈਂ ਇਕੱਲ ਵਿਚ ਯਾਸਮੀਨ ਨੂੰ ਮਿਲਿਆ ਸੀ, ਤਾਂ ਉਸ ਦੀਆਂ ਸਥਿਰ ਅੱਖਾਂ ਮੈਨੂੰ ਪਤਾ ਨਹੀਂ ਕੀ ਕਹਿ ਰਹੀਆਂ ਸਨ। ਗੁਜ਼ਰੇ ਹੋਏ ਇੰਨੇ ਸਾਲਾਂ ਵਿਚ ਅੱਜ ਪਹਿਲੀ ਵਾਰ ਮੈਂ ਧਿਆਨ ਨਾਲ ਯਾਸਮੀਨ ਵੱਲ ਦੇਖਿਆ ਤੇ ਪਹਿਲੀ ਵਾਰ ਮੈਨੂੰ ਲੱਗਿਆ ਕਿ ਕੋਈ ਗੱਲ ਹੈ ਸਾਡੇ ਦੋਵਾਂ ਵਿਚਕਾਰ। ਕੁਝ ਅਜਿਹਾ ਜ਼ਰੂਰ ਹੈ ਜੋ ਇੰਨੇ ਸਾਲਾਂ ਤੋਂ ਪਿਛੋਂ ਵੀ ਉਭਰ ਕੇ ਸਾਹਮਣੇ ਨਹੀਂ ਆ ਸਕਿਆ। ਕੁਝ ਅਜਿਹੇ ਸ਼ਬਦ ਜੋ ਲੰਘੇ ਦਿਨ ਤੋਂ ਲੈ ਕੇ ਅੱਜ ਤੱਕ ਪ੍ਰਗਟਾਅ ਦਾ ਰਾਹ ਢੂੰਡਦੇ ਰਹੇ ਅਤੇ ਹੁਣ ਤੱਕ ਅਣਕਹੇ ਹਨ। ਕੋਈ ਚੀਜ਼ ਸੀ ਜੋ ਲਗਾਤਾਰ ਮੇਰੇ ਅੰਦਰ ਅਤੇ ਸ਼ਾਇਦ ਉਸ ਦੇ ਅੰਦਰ ਵੀ ਸਰ-ਸਰਾਉਂਦੀ ਰਹੀ, ਉਸ ਕੀੜੀ ਵਾਂਗ ਜੋ ਹੁਣ ਮੇਰੇ ਕੰਨ ਦੀ ਜਲੋ ‘ਤੇ ਸਰ-ਸਰਾ ਰਹੀ ਸੀ, ਤੇ ਅਸੀਂ ਦੋਵਾਂ ਨੇ ਇਸ ਨੂੰ ਚੁਟਕੀਆਂ ਵਿਚ ਦਬਾਇਆ ਵੀ ਅਤੇ ਉਸ ਨੂੰ ਆਪਣੀਆਂ-ਆਪਣੀਆਂ ਹਥੇਲੀਆਂ ‘ਤੇ ਰੱਖ ਕੇ ਦੇਖਿਆ ਵੀ, ਪਰ ਇਕ ਭਾਵਨਾ ਜੋ ਸ਼ਰਧਾ ਅਤੇ ਸਤਿਕਾਰ ਦੀ ਹੈ, ਉਹ ਸਾਡੇ ਦੋਵਾਂ ਵਿਚਕਾਰ ਕੰਧ ਵਾਂਗ ਖੜ੍ਹੀ ਰਹੀ। ਇਸ ਤਰ੍ਹਾਂ ਅਸੀਂ ਦੋਵੇਂ ਇਕ-ਦੂਜੇ ਦੇ ਇੰਨਾ ਨੇੜੇ ਸੀ ਕਿ ਇਕ-ਦੂਜੇ ਨੂੰ ਆਸਾਨੀ ਨਾਲ ਸਹਿਜਤਾ ਅਤੇ ਆਪਣੇ-ਪਣ ਨਾਲ ਛੋਹ ਲਿਆ ਕਰਦੇ ਸੀ, ਪਰ ਇੰਨੇ ਹੀ ਦੂਰ ਵੀ ਰਹੇ ਕਿ ਜਿੰਨਾ ਪੰਧ ਇਸ ਸਦੀ ਅਤੇ ਲੰਘੀ ਸਦੀ ਦੇ ਵਿਚਕਾਰ ਹੈ। ਤੇਜ਼ੀ ਨਾਲ ਰੀਂਗਦੀ ਕੀੜੀ ਵਾਂਗ ਯਾਸਮੀਨ ਮੇਰੀਆਂ ਅੱਖਾਂ ਤੋਂ ਬਸ ਲੋਪ ਹੋਣ ਹੀ ਵਾਲੀ ਸੀ ਅਤੇ ਮੈਂ ਉਸ ਦੀਆਂ ਅੱਖਾਂ ਤੋਂ। ਇਕ ਸੰਨਾਟਾ ਜਿਹਾ ਮੇਰੇ ਅੰਦਰ ਪਸਰਦਾ ਚਲਿਆ ਗਿਆ। ਮੈਂ ਚੁੱਪ ਸੀ ਕਿ ਅਚਾਨਕ ਯਾਸਮੀਨ ਦੀ ਆਵਾਜ਼ ਉਭਰੀ ਸੀ, “ਮੈਂæææ ਮੈਂ ਵਿਆਹ ਕਰਨਾ ਨਹੀਂ ਚਾਹੁੰਦੀ।”
“ਕਿਉਂ?” ਘਬਰਾਹਟ ਵਿਚ ਮੈਂ ਪੁੱਛ ਲਿਆ ਸੀ।
ਫਿਰ ਯਾਸਮੀਨ ਵੱਲ ਨਜ਼ਰਾਂ ਚੁੱਕੀਆਂ ਤਾਂ ਮੈਂ ਝਟਪਟ ਸ਼ਰਮਿੰਦਗੀ ਅਤੇ ਪਛਤਾਵੇ ਨਾਲ ਖੱਡ ਵਿਚ ਉਤਰਦਾ ਗਿਆ। ਉਸ ਦੀਆਂ ਅੱਖਾਂ ਵਿਚ ਭਰੀ ਹੋਈ ਦੁਖੀ ਮੁਸਕਾਨ ਮੈਨੂੰ ਕਹਿ ਗਈ ਸੀ, “ਹਾਂ ਸ਼ਾਇਦ ਇਹੀ ਕਿ ਕਾਸ਼ ਤੂੰ ਐਨਾ ਤਾਂ ਸਮਝਦਾ ਹੁੰਦਾ।” ਪਤਾ ਨਹੀਂ ਕੀ ਗੱਲ ਸੀ ਕਿ ਮੈਂ ਚੁੱਪ ਕਰ ਕੇ ਆਪਣੀਆਂ ਨਜ਼ਰਾਂ ਝੁਕਾ ਲਈਆਂ। ਬਹੁਤ ਦੇਰ ਤੱਕ ਅਸੀਂ ਦੋਵੇਂ ਚੁੱਪ ਰਹੇ। ਫਿਰ ਯਾਸਮੀਨ ਦੀ ਬਹੁਤ ਠਰੰਮੇ ਵਾਲੀ, ਨਪੀ-ਤੁਲੀ ਗੰਭੀਰ ਅਤੇ ਫੈਸਲਾਕੁਨ ਆਵਾਜ਼ ਆਈ, “ਵਿਆਹ ਤਾਂ ਕਰਨਾ ਹੀ ਪੈਣਾ। ਕਦੇ ਨਾ ਕਦੇ। ਨਹੀਂ, ਮੈਂ ਵਿਆਹ ਕਰਾਂਗੀ।” ਤੇ ਇਸ ਤੋਂ ਪਿਛੋਂ ਉਹ ਬਹੁਤ ਥੱਕੇ ਕਦਮਾਂ ਨਾਲ ਤੁਰ ਕੇ ਕਮਰੇ ਵਿਚੋਂ ਨਿਕਲ ਗਈ ਸੀ।
ਯਾਸਮੀਨ ਦਾ ਵਿਆਹ ਹੋਇਆ ਅਤੇ ਉਹ ਨਜ਼ਰਾਂ ਤੋਂ ਲੋਪ ਹੋ ਗਈ। ਜ਼ਮੀਲ ਵਿਆਹ ਸਮੇਂ ਨਹੀਂ ਸੀ ਆ ਸਕਿਆ, ਪਰ ਉਸ ਨੇ ਉਥੋਂ ਸਾਰੀਆਂ ਇੰਪੋਰਟਿਡ ਵਸਤਾਂ ਭੇਜੀਆਂ ਸਨ। ਸਮਾਂ ਬਤੀਤ ਹੁੰਦਾ ਗਿਆæææ ਮੈਂ ਕਦੇ-ਕਦੇ ਯਾਸਮੀਨ ਨੂੰ ਮਿਲਣ ਚਲਿਆ ਜਾਂਦਾ ਸੀ। ਯਾਸਮੀਨ ਜਿੰਨੀ ਗੰਭੀਰ ਸੀ, ਉਸ ਦਾ ਪਤੀ ਓਨਾ ਹੀ ਹਸੰਦੜਾ ਅਤੇ ਤੇਜ਼-ਤਰਾਰ ਤਬੀਅਤ ਦਾ ਮਾਲਕ ਸੀ। ਮਿਲਣ ‘ਤੇ ਉਹ ਮੇਰੇ ਕੋਲ ਯਾਸਮੀਨ ਦੀਆਂ ਸ਼ਿਕਾਇਤਾ ਕਰਦਾ, “ਯਾਰ, ਤੁਹਾਡੀ ਯਾਸਮੀਨ ਵਿਚ ਤਾਂ ਤੀਵੀਆਂ ਵਾਲੀ ਗੱਲ ਹੀ ਨਹੀਂ ਹੈ। ਇਸ ਨੂੰ ਤਾਂ ਫ਼ਿਲਾਸਫ਼ਰ ਹੋਣਾ ਚਾਹੀਦਾ ਸੀ।”
ਅਰੰਭ ਵਿਚ ਤਾਂ ਉਹ ਅਜਿਹੀਆਂ ਗੱਲਾਂ ਹਾਸੇ-ਠੱਠੇ ਵਿਚ ਕਰਦਾ ਸੀ। ਪਰ ਫ਼ਿਰ ਹੌਲੀ-ਹੌਲੀ ਮੈਨੂੰ ਅਹਿਸਾਸ ਹੋਣ ਲੱਗਿਆ ਕਿ ਹੁਣ ਉਸ ਦੇ ਢੰਗ ਵਿਚ ਸ਼ਿਕਾਇਤ ਜਿਹੀ ਹੋਣ ਲੱਗ ਗਈ ਸੀ। ਯਾਸਮੀਨ ਭਾਵੇਂ ਪਹਿਲਾਂ ਤੋਂ ਹੀ ਬਹੁਤ ਘੱਟ ਗੱਲਾਂ ਕਰਨ ਵਾਲੀ, ਬਹੁਤ ਗੰਭੀਰ ਅਤੇ ਬਹੁਤ ਸਾਦਾ ਜਿਹੀ ਕੁੜੀ ਸੀ, ਪਰ ਵਿਆਹ ਤੋਂ ਪਿਛੋਂ ਤਾਂ ਸਭ ਗੱਲਾਂ ਆਪਣੀ ਸਿਖਰ ‘ਤੇ ਪਹੁੰਚ ਚੁੱਕੀਆਂ ਸਨ ਅਤੇ ਇਨ੍ਹਾਂ ਵਿਚ ਇਕ ਤਰ੍ਹਾਂ ਸੋਕਾ ਆਉਂਦਾ ਜਾਂਦਾ ਸੀ।
ਇਸ ਸਮੇਂ ਦੇ ਵਿਚਕਾਰ ਮੈਂ ਕਈ ਮਹੀਨੇ ਯਾਸਮੀਨ ਦੇ ਨਹੀਂ ਜਾ ਸਕਿਆ। ਮੈਨੂੰ ਇਸ ਦੇ ਸ਼ਹਿਰ ਦੇ ਬਾਰੇ ਬੜੀਆਂ ਹੈਰਾਨ ਕਰਨ ਵਾਲੀਆਂ ਅਤੇ ਗ਼ਲਤ ਕਿਸਮ ਦੀਆਂ ਖਬਰਾਂ ਮਿਲਣ ਲੱਗੀਆਂ। ਕੋਈ ਕਹਿੰਦਾ, ਉਸ ਦਾ ਪਤੀ ਸ਼ਰਾਬ ਪੀਣ ਲੱਗ ਪਿਆ ਹੈ। ਕਿਸੇ ਤੋਂ ਪਤਾ ਲੱਗਦਾ, ਉਹ ਭੈੜੀਆਂ ਇਸਤਰੀਆਂ ਦੇ ਚੱਕਰਾਂ ਵਿਚ ਪੈ ਗਿਆ ਹੈ ਅਤੇ ਖੁੱਲ੍ਹੇ ਤੌਰ ‘ਤੇ ਉਨ੍ਹਾਂ ਨਾਲ ਘੁੰਮਦਾ ਫ਼ਿਰਦਾ ਹੈ। ਮੈਨੂੰ ਅਜਿਹੀਆਂ ਗੱਲਾਂ ‘ਤੇ ਭੋਰਾ ਵੀ ਵਿਸ਼ਵਾਸ ਨਹੀਂ ਸੀ ਹੋਣਾ, ਜੇ ਮੈਂ ਇਕ ਦਿਨ ਖੁਦ ਆਪਣੀਆਂ ਅੱਖਾਂ ਨਾਲ ਉਹਨੂੰ ਕਿਸੇ ਇਸਤਰੀ ਨਾਲ ਰਿਕਸ਼ੇ ਵਿਚ ਜਾਂਦਿਆਂ ਨਾ ਦੇਖ ਲਿਆ ਹੁੰਦਾ।
ਇਸ ਮਾਮਲੇ ਵਿਚ ਮੈਂ ਯਾਸਮੀਨ ਨਾਲ ਗੱਲ ਕਰਨਾ ਠੀਕ ਸਮਝਿਆ। ਇਸ ਸਮੇਂ ਉਹ ‘ਨਾਸਰ ਕਦਾ’ ਵਿਚ ਹੀ ਸੀ। ਉਸ ਦੀ ਸੁੰਦਰਤਾ ਪੱਤਝੜ ਦੇ ਪੱਤੇ ਵਾਂਗ ਪੀਲੀ ਹੋ ਗਈ ਸੀ। ਸਿਹਤ ਵੀ ਚੰਗੀ ਨਹੀਂ ਸੀ। ਅੱਖਾਂ ਦੁਆਲੇ ਕਾਲੇ ਘੇਰੇ ਪੈ ਗਏ ਸਨ, ਪਰ ਅੱਖਾਂ ਹੁਣ ਤੱਕ ਚਮਕੀਲੀਆਂ ਸਨ। ਇਕੱਲ ਵਿਚ ਮੈਂ ਉਹਨੂੰ ਸਮਝਾਉਣ ਦਾ ਯਤਨ ਕੀਤਾ ਕਿ ਤੂੰ ਆਪਣੇ ਵਰਤਾਰੇ ਵਿਚ ਫ਼ਰਕ ਕਿਉਂ ਨਹੀਂ ਪਾਉਂਦੀ? ਜੇ ਇਹੀ ਹਾਲ ਰਿਹਾ ਤਾਂ ਤੁਹਾਡੀ ਗ੍ਰਹਿਸਥੀ ਨਸ਼ਟ ਹੋ ਜਾਵੇਗੀ।
“ਉਹ ਆਦਮੀ ਮੈਨੂੰ ਪਤਨੀ ਨਹੀਂ, ਵੇਸਵਾ ਵਾਂਗ ਵਰਤਣਾ ਚਾਹੁੰਦਾ ਹੈ।” ਯਾਸਮੀਨ ਦੇ ਬੋਲਾਂ ਵਿਚ ਕੋਈ ਅਜਿਹੀ ਗੱਲ ਸੀ ਜਿਸ ਨੂੰ ਅਨੁਭਵ ਕਰ ਕੇ ਵੱਸੋਂ ਬਾਹਰ ਹੋਇਆ ਮੇਰਾ ਦਿਲ ਚਾਹ ਰਿਹਾ ਸੀ ਕਿ ਮੈਂ ਭੁੱਬਾਂ ਮਾਰ ਕੇ ਰੋਵਾਂ। ਇਸ ਇਕ ਵਾਕ ਨੇ ਮੇਰੇ ਸਾਹਮਣੇ ਉਸ ਦੇ ਪਤੀ ਦੇ ਵਰਤ-ਵਰਤਾਰੇ ਬਾਰੇ ਕੁਝ ਇਸ ਤਰ੍ਹਾਂ ਰੱਖ ਦਿੱਤਾ ਸੀ ਕਿ ਸਭ ਕੁਝ ਸਾਫ਼-ਸਾਫ਼ ਦੇਖ ਸਕਦਾ ਸੀ, ਸਮਝ ਸਕਦਾ ਸੀ ਅਤੇ ਅਨੁਭਵ ਕਰ ਸਕਦਾ ਸੀ। ਇਸ ਇਕ ਵਾਕ ਪਿਛੋਂ ਮੇਰੇ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ; ਅਜਿਹਾ ਕੁਝ ਜਿਸ ਨੂੰ ਕਹਿ ਕੇ ਯਾਸਮੀਨ ਦੇ ਧੁਖਦੇ ਦਿਲ ‘ਤੇ ਠੰਢਕ ਦੀ ਵਾਛੜ ਕਰ ਸਕਾਂ। ਮੈਨੂੰ ਅਹਿਸਾਸ ਹੋਇਆ ਕਿ ਮੇਰੀ ਡਰਪੋਕ ਚੁੱਪ ਨੇ ਅੱਜ ਮੈਨੂੰ ਅਜਿਹਾ ਮੁਜਰਮ, ਅਜਿਹਾ ਗੁਨਾਹਗਾਰ ਬਣਾ ਦਿੱਤਾ ਹੈ ਕਿ ਹੁਣ ਆਪਣੀ ਜਾਨ ਦੇ ਕੇ ਵੀ ਮੈਂ ਘਾਟਾ ਪੂਰਾ ਨਹੀਂ ਕਰ ਸਕਦਾ।
“ਤੂੰ ਵਿਆਹ ਕਦੋਂ ਕਰ ਰਿਹਾ ਏਂ?” ਅਚਾਨਕ ਇਸ ਗੱਲ ਤੋਂ ਹਟ ਕੇ ਯਾਸਮੀਨ ਦਾ ਇਹ ਸਵਾਲ ਮੈਨੂੰ ਅਜਿਹੇ ਕਰਜ਼ੇ ਦੀ ਅਦਾਇਗੀ ਲੱਗੀ ਸੀ ਜੋ ਠੀਕ ਸਹੀ ਸਮੇਂ ਚੁਕਾਇਆ ਗਿਆ ਹੋਵੇ। ਉਤਰ ਵਿਚ ਮੇਰੀਆਂ ਅੱਖਾਂ ਭਿੱਜ ਗਈਆਂ ਸਨ ਅਤੇ ਬੁੱਲ੍ਹ ਸੀਤੇ ਗਏ ਸਨ।
ਯਾਸਮੀਨ ਨਾਲ ਮੇਰਾ ਆਖ਼ਰੀ ਮੇਲ ਹਫ਼ਤਾ ਪਹਿਲਾਂ ਹੋਇਆ ਸੀ। ਕਿਸੇ ਸੋਚ ਵਿਚ ਡੁੱਬਿਆਂ ‘ਬੁੱਕ ਇਸਪੋਰੀਅਮ’ ਦੀਆਂ ਪੌੜੀਆਂ ਚੜ੍ਹ ਰਿਹਾ ਸੀ, ਕਿ ਕਿਸੇ ਨਾਲ ਟਕਰਾ ਗਿਆ। ਤ੍ਰਭਕ ਕੇ ਦੇਖਿਆ, ਸਾਹਮਣੇ ਯਾਸਮੀਨ ਖੜ੍ਹੀ ਸੀ। ਉਸ ਦੇ ਹੱਥੋਂ ਪੁਸਤਕ ਛੁੱਟ ਕੇ ਡਿੱਗ ਪਈ ਸੀ ਜਿਸ ਨੂੰ ਝੁਕ ਕੇ ਮੈਂ ਚੁੱਕਿਆ, ਪਲਟ ਕੇ ਦੇਖਿਆ। ਸਿਰਲੇਖ ਸੀ- ‘ਸਫ਼ਲ ਵਿਆਹੁਤਾ ਜ਼ਿੰਦਗੀ ਦੇ ਰਾਜ਼।’ ਮੇਰੇ ਬੁੱਲ੍ਹਾਂ ‘ਤੇ ਥੋੜ੍ਹੀ ਜਿਹੀ ਮੁਸਕਾਨ ਆਈ ਕਿ ਯਾਸਮੀਨ ਹੁਣ ਪੂਰੀ ਲਗਨ ਨਾਲ ਘਰ-ਬਾਰ ਸੰਵਾਰਨ ਵਿਚ ਲੱਗ ਗਈ ਸੀ। ਯਾਸਮੀਨ ਵੀ ਮੁਸਕਰਾ ਰਹੀ ਸੀ, ਤੇ ਸ਼ਾਇਦ ਖੁਸ਼ ਵੀ ਸੀ। ਉਸ ਦਿਨ ਕਾਫ਼ੀ ਹਾਊਸ ਵਿਚ ਬੈਠ ਕੇ ਅਸੀਂ ਬਹੁਤ ਦੇਰ ਤੱਕ ਗੱਲਾਂ ਕਰਦੇ ਰਹੇ। ਪਤਾ ਲੱਗਿਆ ਕਿ ਅਜੇ ਤੱਕ ਪਤੀ ਵਿਚ ਕੋਈ ਬਦਲਾਓ ਨਹੀਂ ਆਇਆ ਹੈ।
“ਪਰ ਮੈਂ ਹੌਲੀ-ਹੌਲੀ ਉਨ੍ਹਾਂ ਨੂੰ ਠੀਕ ਕਰ ਲਵਾਂਗੀ।” ਯਾਸਮੀਨ ਦੇ ਬੋਲਾਂ ਵਿਚ ਭਰੋਸਾ ਝਲਕ ਰਿਹਾ ਸੀ।
“ਖੁਦਾ ਨੇ ਚਾਹਿਆ ਤਾਂ ਤੈਨੂੰ ਜ਼ਰੂਰ ਸਫ਼ਲਤਾ ਮਿਲੇਗੀ।” ਮੈਂ ਸਾਫ਼ ਦਿਲ ਤੋਂ ਕਿਹਾ ਸੀ।
ਉਸ ਦਿਨ ਉਸ ਦੀਆਂ ਗੱਲਾਂ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਉਹ ਮਾਂ ਬਣਨ ਵਾਲੀ ਹੈ ਅਤੇ ਮੈਨੂੰ ਉਸ ਦੀ ਇਸ ਤਬਦੀਲੀ ‘ਤੇ ਜੋ ਹੈਰਾਨੀ ਹੋ ਰਹੀ ਸੀ, ਉਹ ਇਕਦਮ ਮੁੱਕ ਗਈ ਕਿ ਇਸਤਰੀ ਜਦੋਂ ਮਾਂ ਦਾ ਰੂਪ ਧਾਰਦੀ ਹੈ ਤਾਂ ਉਹ ਅਜਿਹੀ ਹਸਤੀ ਬਣ ਜਾਂਦੀ ਹੈ ਜਿਸ ਦੇ ਅੰਦਰ ਪਿਆਰ ਹੁੰਦਾ ਹੈ ਅਤੇ ਖੁੱਲ੍ਹਦਿਲੀ ਅਤੇ ਉਸ ਤੋਂ ਬਿਨਾਂ ਉਸ ਦੇ ਅੰਦਰ ਕੋਈ ਵੀ ਭਾਵਨਾ ਨਹੀਂ ਹੁੰਦੀ।
ਅੱਜ ਸਵੇਰੇ-ਸਵੇਰੇ ਯਾਸਮੀਨ ਦੇ ਪਿਤਾ ਆਏ ਸੀ। ਮਦਹੋਸ਼, ਪ੍ਰੇਸ਼ਾਨ ਅਤੇ ਹੰਝੂ ਕੇਰਦੇ ਹੋਏ, “ਯਾਸਮੀਨ ਨੇ ਮਿੱਟੀ ਦਾ ਤੇਲ ਪਾ ਕੇ ਆਤਮ-ਹੱਤਿਆ ਕਰ ਲਈ।”
ਇਕ ਬੰਬ ਸੀ ਜੋ ਮੇਰੇ ਦਿਮਾਗ਼ ‘ਤੇ ਡਿੱਗਿਆ ਅਤੇ ਸਾਰੇ ਸਰੀਰ ਨੂੰ ਹਿਲਾ ਕੇ ਰੱਖ ਦਿੱਤਾ।
“ਯਾਸਮੀਨ ਆਤਮ-ਹੱਤਿਆ ਨਹੀਂ ਕਰ ਸਕਦੀ।” ਮੈਂ ਪੂਰੇ ਭਰੋਸੇ ਨਾਲ ਕਿਹਾ ਸੀ। ਮੈਂ ਜਿਹੜਾ ਹਫ਼ਤਾ ਪਹਿਲਾਂ ਹੀ ਯਾਸਮੀਨ ਨੂੰ ਮਿਲਿਆ ਸੀ ਅਤੇ ਉਹਦੇ ਨਾਲ ਗੱਲਾਂ ਕੀਤੀਆਂ ਸਨ। ਉਸ ਨੇ ਭਵਿੱਖ ਦੇ ਜਿਹੜੇ ਸੁਪਨੇ ਦੇਖੇ ਸੀ, ਉਹ ਸੁਣੇ ਸਨ। ਮੈਂ ਕਿਵੇਂ ਵਿਸ਼ਵਾਸ ਕਰ ਲੈਂਦਾ ਕਿ ਯਾਸਮੀਨ ਨੇ ਆਤਮ-ਹੱਤਿਆ ਕੀਤੀ ਹੈ। ਹਰ ਰੋਜ਼ ਅਖਬਾਰਾਂ ਵਿਚ ਛਪਣ ਵਾਲੀਆਂ ਸੁਰਖੀਆਂ ਮੇਰੀਆਂ ਅੱਖਾਂ ਸਾਹਮਣੇ ਚੱਕਰ ਵਿਚ ਨੱਚਣ ਲੱਗੀਆਂ ਅਤੇ ਮੈਂ ਯਾਸਮੀਨ ਦੇ ਪਿਤਾ ਨਾਲ ਹਸਪਤਾਲ ਜਾ ਪਹੁੰਚਿਆ ਸੀ।
ਡੂੰਘਾ ਸਾਹ ਲੈ ਕੇ ਸੋਚਦਾ ਹਾਂ, “ਯਾਸਮੀਨ ਨੇ ਜਿਵੇਂ ਚੁੱਪ ਜ਼ਿੰਦਗੀ ਬਤੀਤ ਕੀਤੀ, ਉਸੇ ਤਰ੍ਹਾਂ ਚੁੱਪ ਖਬਰ ਵੀ ਬਣ ਕੇ ਰਹਿ ਗਈ, ਉਨ੍ਹਾਂ ਬੇਅੰਤ ਖਬਰਾਂ ਵਾਂਗ ਜਿਨ੍ਹਾਂ ਦੀਆਂ ਸੁਰਖੀਆਂ ਅਖਬਾਰਾਂ ਦੀ ਜ਼ੀਨਤ ਨਹੀਂ ਬਣਦੀਆਂ।”
ਇਕ ਕਰਾਹ ਦੇ ਨਾਲ ਮੈਂ ਕੁਰਸੀਆਂ ਤੋਂ ਉਠਿਆ ਹਾਂ। ਪਸਰੀ ਹੋਈ ਚੁੱਪ ਹੁਣ ਸਿਮਟ ਕੇ ਸੂਰਜ ਦੀ ਕੁੱਖ ਵਿਚ ਸਮਾ ਚੁੱਕੀ ਹੈ ਅਤੇ ਸੂਰਜ ਹੌਲੀ-ਹੌਲੀ ਛੁਪਦਾ ਜਾ ਰਿਹਾ ਹੈ। ਹਨੇਰੇ ਦੇ ਪ੍ਰਛਾਵੇਂ ਚਾਰੇ ਪਾਸੇ ਪਸਰਨ ਲੱਗੇ ਹਨ। ਸਾਹਮਣੇ ਸੜਕ ਦੇ ਦੋਵੇਂ ਪਾਸੇ ਲੱਗੇ ਲੈਂਪ ਪੋਲ ਚਮਕਣ ਲੱਗੇ ਸਨ ਅਤੇ ਜ਼ਿੰਦਗੀ ਹਾਸੇ ਬਿਖੇਰਦੀ ਹੋਈ ਜਵਾਨ ਹੋ ਰਹੀ ਸੀ, ਪਰ ਹਵਾ ਦੇ ਤੇਜ਼ ਬੁੱਲਿਆਂ ਵਿਚ ਪਿੱਪਲ ਦੇ ਸੁੱਕੇ ਪੱਤਿਆਂ ਦਾ ਝੜਨਾ ਅਜੇ ਤੱਕ ਚੱਲ ਰਿਹਾ ਹੈ।
Leave a Reply