ਆਸਾ ਸਿੰਘ ਮਸਤਾਨਾ ਨਾਲ ਮੇਰੀਆਂ ਯਾਦਾਂ ਦੀ ਸਤਰੰਗੀ ਪੀਂਘ

ਐਸ਼ ਅਸ਼ੋਕ ਭੌਰਾ
ਜਿਸ ਦਾ ਵੀ ਜੀਵਨ ਬਿਰਤਾਂਤ ਸੰਗੀਤਕ ਰਿਹਾ ਹੋਵੇ, ਉਹ ਢਹਿੰਦੀ ਕਲਾ ਵੱਲ ਸੋਚ ਕਦੇ ਨਹੀਂ ਘੁਮਾ ਸਕਦਾ, ਕਿਉਂਕਿ ਸੁਰਾਂ ਦੀ ਜ਼ਿੰਦਗੀ ਹੈ ਹੀ ਐਸੀ ਕਿ ਹਰ ਪਲ ਆਸ ਬਣੀ ਰਹਿੰਦੀ ਹੈ ਕਿ ਕੋਈ ਨਵਾਂ ਕ੍ਰਿਸ਼ਮਾ ਹੁਣੇ ਹੀ ਹੋ ਜਾਵੇਗਾ, ਤੇ ਆਸ ਵਾਲਾ ਇਨਸਾਨ ਮੂੰਹੋਂ ਕਦੇ ਵੀ ‘ਹਾਏ ਮਰ ਗਏ’ ਨਹੀਂ ਕਹਿੰਦਾ। ਕੁਝ ਗੱਲਾਂ ਵੱਲ ਅਸੀਂ ਕਈ ਵਾਰ ਗੰਭੀਰ ਚਿੱਤ ਨਹੀਂ ਹੁੰਦੇ, ਤੇ ਕਈ ਨਾਂ ਤਾਂ ਸਾਡੇ ਚੇਤੇ ਵਿਚ ਹੁੰਦੇ ਹਨ ਪਰ ਉਹ ਸੰਕੇਤ ਕੀ ਦਿੰਦੇ ਹਨ, ਇਹ ਸੋਚਿਆ ਹੀ ਨਹੀਂ ਹੋਣਾ।
ਉਸ ਵਕਤ ਮੈਂ ਉਮਰ ਵਿਚ ਵੀਹਾਂ ਤੋਂ ਵੀ ਘੱਟ ਸਾਂ ਜਦੋਂ ਆਸਾ ਸਿੰਘ ਮਸਤਾਨਾ ਨੂੰ ਮੈਂ ਦਿੱਲੀ ਵਿਚ ਉਹਦੀ ਗ੍ਰੀਨ ਪਾਰਕ ਵਾਲੀ ਰਿਹਾਇਸ਼ ‘ਤੇ ਮਿਲਿਆ। ਉਹਨੂੰ ਪਹਿਲਾ ਸਵਾਲ ਜਿਹੜਾ ਕੀਤਾ ਸੀ, ਉਹ ਇਹ ਸੀ, “ਤੁਸੀਂ ਆਸਾ ਸਿੰਘ ਤਾਂ ਸੀ, ਨਾਲ ਮਸਤਾਨਾ ਕਿਉਂ ਜੋੜ ਲਿਆ?” ਉਹਦਾ ਜਵਾਬ ਦੇਖੋ, “ਨਾਂ ਨਾਲ ਲੱਗਾ ਤਖੱਲੁਸ ਜੇ ਤੁਹਾਡੇ ਅੰਦਰ ਕੋਈ ਕਲਾ ਹੈ, ਤਾਂ ਦੁਨੀਆਂ ਦੀ ਭੀੜ ਵਿਚੋਂ ਤੁਹਾਨੂੰ ਅਲਹਿਦਾ ਕਰ ਦੇਵੇਗਾ, ਤੇ ਊਂ ਵੀ ਆਸ ਨਾਲ ਜਿਉਣ ਵਾਲੇ ਬੰਦੇ ਮਸਤਾਨੇ ਹੀ ਹੁੰਦੇ ਹਨ।” ਉਹਦੀ ਗਾਉਣ ਵਰਗੀ ਅਦਾ ਵਾਲੀ ਇਹ ਆਵਾਜ਼ ਮੇਰੇ ਦਿਲ ਅੰਦਰ ਧੜਕਣ ਵਾਂਗ ਹੁਣ ਤੱਕ ਉਵੇਂ ਹੀ ਵੱਜ ਰਹੀ ਹੈ।
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ, ਮੁਟਿਆਰੇ ਜਾਣਾ ਦੂਰ ਪਿਆ, ਕਾਲੀ ਤੇਰੀ ਗੁੱਤ ‘ਤੇ ਪਰਾਂਦਾ ਤੇਰਾ ਲਾਲ ਨੀ, ਡੋਲੀ ਚੜ੍ਹਦਿਆਂ ਮਾਰੀਆਂ ਚੀਕਾਂ, ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇæææ ਅਜਿਹੇ ਗੀਤ ਹਨ ਜਿਹੜੇ ਉਮਰਾਂ ਜਿਉਣ ਲਈ ਨਹੀਂ, ਯੁੱਗਾਂ ਤੱਕ ਜਿਉਣ ਦਾ ਮਾਹੌਲ ਸਿਰਜਦੇ ਹਨ। ਇਹ ਗੀਤ ਕਦੇ ਨਹੀਂ ਮਰਨਗੇ, ਤੇ ਫਿਰ ਇਹ ਵੀ ਕਹਿਣਾ ਪਵੇਗਾ ਕਿ ਆਸਾ ਸਿੰਘ ਮਸਤਾਨਾ ਕਦੇ ਵੀ ਸਾਡੇ ਚੇਤਿਆਂ ਵਿਚੋਂ ਨਹੀਂ ਜਾਵੇਗਾ। ਤੂੰ ਭੂਆ ਕੋਲ ਪੜ੍ਹਦੀ ਸੀ, ਮੈਂ ਨਾਨਕੀਂ ਰਹਿੰਦਾ ਸੀ, ਅਠਾਈ ਇੰਚ ਲੱਕ, ਤੈਨੂੰ ਮਿਲਣ ਆਉਂਦੀ ਭਿੱਜ ਗਈæææ ਗਾਉਣ ਵਾਲਿਆਂ ਨੂੰ ਕਿਥੇ ਪਤਾ ਕਿ ਅਮਰ ਹੋਣ ਲਈ ਵਿਰਾਸਤੀ ਕਦਰਾਂ-ਕੀਮਤਾਂ ਨੂੰ ਜਿਉਂਦਿਆਂ ਕਿਵੇਂ ਰੱਖਣਾ ਹੁੰਦਾ ਹੈ ਤੇ ਪੈਸਿਆਂ ਦੀ ਖਾਤਰ ਮਾਂ ਬੋਲੀ ਦੇ ਸਿਰ ਤੋਂ ਚੁੰਨੀ ਨਹੀਂ ਉਤਾਰਦੀ ਹੁੰਦੀ।
ਮਸਤਾਨੇ ਨਾਲ ਮੇਰੀ ਆਖਰੀ ਮੁਲਾਕਾਤ 1997 ਦੇ ਨਵੰਬਰ ਮਹੀਨੇ ਦੇ ਅੱਧ ਕੁ ਵਿਚ ਹੋਈ ਹੋਵੇਗੀ। ਉਹ ਉਦੋਂ ਢਿੱਲਾ-ਮੱਠਾ ਤਾਂ ਸੀ, ਪਰ ਬਹੁਤਾ ਨਹੀਂ। ਉਹਦੇ ਸੌਣ ਵਾਲੇ ਕਮਰੇ ਵਿਚ ਹੀ ਚਾਹ ਦਾ ਕੱਪ ਪੀਤਾ, ਤਾਂ ਉਹ ਭਾਵੁਕ ਹੋ ਗਿਆ, “ਹੁਣ ਚਲੇ ਹੀ ਜਾਣਾ ਚਾਹੀਦੈ, ਪਰਸੋਂ ਸੁਰਿੰਦਰ ਵੀ ਆਈ ਸੀæææ ਮੈਂ ਉਹਨੂੰ ਵੀ ਆਖਿਆ, ਗਾਇਕ ਹੁਣ ਸਿਰਫ ਪੈਸੇ ਦੇ ਪੁੱਤ ਬਣ ਗਏ ਆæææ ਜੋ ਉਹ ਗਾ ਰਹੇ ਆ, ਸਾਡੀ ਬਰਦਾਸ਼ਤ ਤੋਂ ਬਾਹਰ ਹੈ। ਮੈਂ ਨਵਿਆਂ ਵਿਚੋਂ ਹੁਣ ਸਿਰਫ ਕੁਲਦੀਪ ਮਾਣਕ ਨੂੰ ਹੀ ਸੁਣ ਲੈਨਾਂæææ ਗੀਤ ਸਮਾਜ ਨੂੰ ਰਾਹ ਦਿੰਦੇ ਆ, ਗਾਉਣ ਵਾਲਿਆਂ ਨੂੰ ਜ਼ਿੰਮੇਵਾਰੀ ਸਮਝਦਿਆਂ ਹੋਸ਼-ਹਵਾਸ਼ ਕਾਇਮ ਰੱਖਣੇ ਚਾਹੀਦੇ ਹਨ।” æææਪਰ ਮਸਤਾਨਾ ਚਲੇ ਗਿਆ, ਹੁਣ ਹੁੰਦਾ ਤਾਂ ਪਤਾ ਲੱਗਣਾ ਸੀ ਕਿ ਹੋਸ਼-ਹਵਾਸ਼ ਨੂੰ ਤਾਂ ਛੱਡੋ, ਹੁਣ ਤਾਂ ਇਹ ਬਿਨਾਂ ਜ਼ਮੀਰ ਤੋਂ ਹੀ ਗਾ ਰਹੇ ਹਨ।
ਫਰਵਰੀ 1986 ਵਿਚ ਮੈਂ ਉਹਨੂੰ ਮਿਲਣ ਗਿਆ ਤਾਂ ਉਹ ਮੈਨੂੰ ਰਿਜ਼ਰਵ ਬੈਂਕ ਦੀ ਵੱਡੀ ਬਿਲਡਿੰਗ ਵਿਚ ਘੁਮਾ ਕੇ ਲਿਆਇਆ। ਉਹ ਥਾਂ ਅਤੇ ਕੁਰਸੀ ਵੀ ਵਿਖਾਈ ਜਿਥੇ ਬਹਿ ਕੇ ਉਸ ਨੇ ਸੇਵਾ ਮੁਕਤ ਹੋਣ ਤੱਕ ਕੰਮ ਕੀਤਾ। ਫਿਰ ਉਹ ਮੇਰੇ ਨਾਲ ਐਚæਐਮæਵੀæ ਦੇ ਦਫਤਰ ਗਿਆ, ਜ਼ਹੀਰ ਨੂੰ ਮਿਲਾਇਆ। ਉਨ੍ਹਾਂ ਦਿਨਾਂ ਵਿਚ ਕੰਪਨੀ ਦਾ ਮਾਰਕਾ ਨਵੇਂ ਰੰਗ ਦਾ ਹੋਣ ਨੂੰ ਫਿਰਦਾ ਸੀ। ਰਾਮ ਪ੍ਰਕਾਸ਼ ਗੋਇਨਕਾ ਨੇ ਕੰਪਨੀ ਲੈ ਲਈ ਸੀ, ਬਿਰਲਾ ਗਰੁਪ ਸੰਗੀਤਕ ਖੇਤਰ ਵਿਚ ਪ੍ਰਵੇਸ਼ ਹੋ ਗਿਆ ਸੀ। ਮਸਤਾਨੇ ਦੇ ਘਰੇ ਉਦੋਂ ਵੀ ‘ਅਜੀਤ’ ਅਖ਼ਬਾਰ ਆਉਂਦੀ ਹੁੰਦੀ ਸੀ। ਕਹਿਣ ਲੱਗਾ, “ਅਸ਼ੋਕ, ਗਾਇਕਾਂ ਬਾਰੇ ਤਾਂ ਤੂੰ ਲਿਖਦੈਂ, ਸੰਗੀਤਕ ਹਲਕਿਆਂ ਬਾਰੇ ਵੀ ਲਿਖ।” ਫਿਰ ਮੈਂ ਕੁਝ ਦੇਰ ‘ਅਜੀਤ’ ਦੇ ‘ਜਨ-ਜੀਵਨ’ ਅੰਕ ਵਿਚ ‘ਦਿੱਲੀ ਡਾਇਰੀ’ ਦੇ ਨਾਂ ਹੇਠ ਲਿਖਦਾ ਰਿਹਾ। ਫਿਰ ‘ਅਜੀਤ’ ਨੇ ਉਥੇ ਬਲਵਿੰਦਰ ਸੋਢੀ ਆਪਣਾ ਪੱਕਾ ਪ੍ਰਤੀਨਿਧ ਰੱਖ ਲਿਆ ਸੀ, ਪਰ ਜਿਸ ਗੱਲ ਦਾ ਮੈਂ ਮਾਣ ਕਰਦਾ ਰਹਾਂਗਾ, ਉਹ ਇਹ ਸੀ ਕਿ ਦਿੱਲੀ ਦੇ ਸਾਹਿਤਕ ਹਲਕਿਆਂ ਤੇ ਸੰਗੀਤਕ ਖੇਤਰ ਵਿਚ ਨਿਰੋਲ ਪੇਂਡੂ ਹੋਣ ਦੇ ਬਾਵਜੂਦ ਮੇਰੇ ਪੈਰ ਟਿਕ ਗਏ ਸਨ। ਐਚæਐਮæਵੀæ ਦੇ ਜਿਸ ਅੱਖੜ ਮੈਨੇਜਰ ਜ਼ਹੀਰ ਅਹਿਮਦ ਨਾਲ ਗਾਇਕ ਹੱਥ ਮਿਲਾਉਣ ਵਿਚ ਮਾਣ ਸਮਝਦੇ ਸਨ, ਉਹਦੇ ਨਾਲ ਮੈਂ ਬੈਠ ਕੇ ਚਾਹ ਪੀਣ ਜੋਗਾ ਹੋ ਗਿਆ ਸਾਂ। ਸੁਰਿੰਦਰ ਕੌਰ ਦੇ ਘਰੇ ਆਉਣਾ-ਜਾਣਾ ਬਣ ਗਿਆ ਸੀ। ਚਰਨਜੀਤ ਆਹੂਜਾ ਭਰਾਵਾਂ ਵਾਂਗ ਮਿਲਣ ਲੱਗਾ ਸੀ, ਕੇਸਰ ਸਿੰਘ ਨਰੂਲਾ ਵੀ। ਕੇਸਰ ਸਿੰਘ ਨੇ ਤਾਂ ਮੋਹਣੀ ਨਰੂਲਾ ਨਾਲ ਸੱਤ ਸੌ ਚੁਰੰਜਾ, ਝੀਲ ਕੁਰੰਜਾ ਵਾਲੇ ਘਰ ਵਿਚ ਬੈਠਿਆਂ ਦੱਸਿਆ ਸੀ ਕਿ ‘ਮੇਰੀ ਬੇਟੀ ਜਸਪਿੰਦਰ ਵੀ ਗਾਉਣ ਲੱਗ ਪਈ ਹੈ’, ਤੇ ਜਸਪਿੰਦਰ ਬਾਰੇ ਸਭ ਤੋਂ ਪਹਿਲੀਆਂ ਸਤਰਾਂ ‘ਅਜੀਤ’ ਵਿਚ ਲਿਖਣ ਦਾ ਮਾਣ ਵੀ ਮੇਰੇ ਖਾਤੇ ਵਿਚ ਰਹੇਗਾ। ਤਬਲਾਵਾਦਕ ਯੂਸਫ ਨਾਲ ਵੀ ਮੈਂ ਘੁਲ-ਮਿਲ ਗਿਆ ਸਾਂ ਤੇ ਸੰਗੀਤਕਾਰ ਪੰਨਾ ਲਾਲ ਤੇ ਮੋਟੇ ਸੋਹਣ ਲਾਲ ਨਾਲ ਵੀ, ਤੇ ਇਹ ਸਾਰੀ ਵਲਗਣ ਆਸਾ ਸਿੰਘ ਮਸਤਾਨਾ ਕਰ ਕੇ ਹੀ ਵੱਜੀ ਸੀ।
ਸਾਲ 1988 ਵਿਚ ਮੈਂ ਪੱਕੇ ਪੈਰੀਂ ਹੋ ਗਿਆ, ਜਦੋਂ ‘ਅਜੀਤ’ ਵਿਚ ‘ਸੁਰ ਸੱਜਣਾਂ ਦੀ’ ਕਾਲਮ ਲਗਤਾਰ ਛਪਣ ਲੱਗ ਪਿਆ। ਇਹਦੇ ਵਿਚ ਮੈਂ ਗਾਇਕਾਂ ਦੀਆਂ ਪਤਨੀਆਂ ਨਾਲ ਉਨ੍ਹਾਂ ਦੇ ਮੂੰਹੋਂ ਇਨ੍ਹਾਂ ਬਾਰੇ ਕਿੰਨਾ ਕੁਝ ਕਹਾ ਜਾਂਦਾ ਸੀ। ਆਸਾ ਸਿੰਘ ਮਸਤਾਨਾ ਦੀ ਪਤਨੀ ਸੁਸ਼ੀਲਾ ਚੰਗੀ ਬਹੁਤ ਸੀ। ਮੈਂ ਨਹੀਂ, ਜਿਹੜਾ ਵੀ ਉਹਦੇ ਘਰ ਜਾਂਦਾ ਸੀ, ਉਹ ਉਸ ਨੂੰ ਮਾਂ ਵਾਂਗ ਹੀ ਪੂਜਦਾ ਸੀ। ਜਦੋਂ ਉਹਦੇ ਨਾਲ ਗੱਲਾਂ ਕਰਨ ਲੱਗਾ ਤਾਂ ਪਹਿਲਾਂ ਤਾਂ ਉਹ ਝਿਜਕੇ, ਪਰ ਮਲਕ ਦੇਣੀ ਮਸਤਾਨਾ ਪਾਨ ਖਾਂਦਾ-ਖਾਂਦਾ ਵਿਚੋਂ ਖਿਸਕ ਗਿਆ।
ਸੁਸ਼ੀਲਾ ਕੀ ਆਖਦੀ ਸੀ ਉਸ ਦਿਨæææ ਨਿਚੋੜ ਦੇਖੋæææ “ਸਾਲ 1950 ਵਿਚ ਸਾਡਾ ਵਿਆਹ ਹੋਇਆ। ਵਿਆਹ ਤੋਂ ਵੀ ਵੱਡੀ ਖਾਸ ਗੱਲ ਇਹ ਸੀ ਕਿ ਇਹ ਗਾਉਣ ਵਿਚ ਪੂਰੇ ਮਸ਼ਹੂਰ ਹੋ ਚੁੱਕੇ ਸਨ। ਇਹ ਉਦੋਂ ਪਾਕਿਸਤਾਨ ਵਿਚੋਂ ਉਜੜ ਕੇ ਆਏ ਸਾਂ। ਮੈਂ ਹਿੰਦੂਆਂ ਦੀ ਧੀ ਹਾਂ ਤੇ ਮੇਰਾ ਪਿਛੋਕੜ ਅੰਮ੍ਰਿਤਸਰ ਨਾਲ ਜੁੜਦਾ ਹੈ। ਮੇਰੇ ਪਿਤਾ ਗਰੂ ਰਾਮ ਦਾਸ ਖਾਲਸਾ ਹਾਈ ਸਕੂਲ ਵਿਚ ਮੁੱਖ ਅਧਿਆਪਕ ਸਨ। ਘਰ ਵਿਚ ਧਾਰਮਿਕ ਮਾਹੌਲ ਸੀ। ਮੈਂ ਗੁਰਬਾਣੀ ਪੜ੍ਹਦੀ ਸਾਂ। ਸਵੇਰੇ ਸ਼ਾਮ ਗੁਰਦੁਆਰੇ ਜਾਂਦੀ ਸਾਂ, ਐਤਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ। ਹਿੰਦੂ ਮਾਹੌਲ ਵਿਚ ਪੈਦਾ ਹੋ ਕੇ ਵੀ ਮੇਰੀ ਦਿੱਲੀ ਇੱਛਾ ਸੀ ਕਿ ਮੇਰਾ ਵਿਆਹ ਸਿੰਘ ਨਾਲ ਹੋਵੇæææ।” ਤੇ ਉਹ ਉਚੀ ਦੇਣੀ ਹੱਸ ਕੇ ਕਹਿਣ ਲੱਗੀ, “ਵੇਖੋ ਨਾæææ ਹੋ ਗਿਆ ਫਿਰ। æææਸਿੱਖ ਤੇ ਉਹ ਵੀ ਸਿਰੇ ਦਾ ਗਾਇਕ, ਤੇ ਅੱਗੇ ਗੱਲ ਹੋਰ ਵੀ ਚੰਗੀ ਇਹ ਹੋਈ ਕਿ ਮੇਰਾ ਬੇਟਾ ਪਰਮਜੀਤ ਤੇ ਬੇਟੀ ਰਮਨਦੀਪ ਗਾਉਣ ਵਾਲੇ ਵੀ ਨਾ ਬਣ ਸਕੇ ਹੋਣ, ਬਾਪੂ ਕਰ ਕੇ ਸਿੱਖ ਬਣ ਗਏ ਹਨ।”
ਇਹ ਲੰਮੀ ਮੁਲਾਕਾਤ ਤਾਂ ਚਲੋ ‘ਅਜੀਤ’ ਵਿਚ ਛਪ ਗਈ, ਪਰ ਇਹਦੇ ਨਾਲ ਜਿਹੜੀ ਸੁਸ਼ੀਲਾ ਦੀ ਫੋਟੋ ਛਾਪੀ, ਉਹ ਮਸਤਾਨਾ ਆਪਣੇ ਬੈਡਰੂਮ ਵਿਚ ਲੱਗੇ ਫਰੇਮ ਵਿਚੋਂ ਕੱਢ ਕੇ ਲਿਆਇਆ, ਤਾਂ ਕਹਿਣ ਲੱਗਾ, “ਇਹ ਸਾਡੀ ਜ਼ਿੰਦਗੀ ਦੇ ਜੋਬਨ ਦੀ ਫੋਟੋ ਹੈ, ਵਾਅਦਾ ਕਰ ਕਿ ਵਾਪਿਸ ਦਿਆਂਗਾ।” æææ ਤੇ ਮੈਂ ਵਾਅਦਾ ਕਰ ਲਿਆ।
ਆਸਾ ਸਿੰਘ ਮਸਤਾਨਾ ਪੀਣ ਦਾ ਬੜਾ ਸ਼ੌਕੀਨ ਸੀ। ਲੈਰੀ ਉਮਰ ਕਰ ਕੇ ਮੈਂ ਤਾਂ ਉਦੋਂ ਨਹੀਂ ਸੀ ਪੀਂਦਾ, ਪਰ ਉਹਨੂੰ ਪੀਂਦਿਆਂ ਬੜੀ ਵਾਰ ਦੇਖਿਆ ਸੀ। ਪੀਣ ਵਾਲਿਆਂ ਦੀਆਂ ਪਤਨੀਆਂ ਜਿਵੇਂ ਖਿਝ ਕੇ ਨਿਹੋਰੇਬਾਜ਼ ਵਿਖਾਵਾ ਕਰਦੀਆਂ ਹੀ ਹਨ ਗੁੱਸੇ ਹੋਣ ਦਾ, ਇਵੇਂ ਸੁਸ਼ੀਲਾ ਵੀ ਕਰਦੀ ਸੀ।
ਇਕ ਵਾਰ ਮੈਂ ਦੇਰ ਰਾਤ ਉਹਦੇ ਘਰ ਗਿਆ। ਉਹਨੇ ਪੀਤੀ ਹੋਈ ਸੀ, ਪਰ ਹੋਰ ਪੀਣ ਨੂੰ ਉਹਦਾ ਦਿਲ ਕਰਦਾ ਸੀ। ਇਤਫਾਕਨ ਘਰ ਵਿਚ ਕੋਟਾ ਖਤਮ ਹੋ ਗਿਆ ਸੀ। ਉਹ ਮੇਰੇ ਕੰਨ ਵਿਚ ਕਹਿਣ ਲੱਗਾ, “ਆਹ ਫੜ ਸੌ ਦਾ ਨੋਟ, ਹੇਠੋਂ ਬੋਤਲ ਲਿਆ। ਪਿਛਲੀ ਗਲੀ ਵਿਚ ਜਾਈਂ, ਸਾਹਮਣੇ ਠੇਕਾ ਦਿਸ ਪਵੇਗਾ, ਪਰ ਲਿਆਵੀਂ ‘ਰੈਡ ਨਾਈਟ’, ਤੇ ਇਕ ਅੱਜ ਝੂਠ ਬੋਲੀਂ ਕਿ ਤੂੰ ਹੁਣ ਪੀਣ ਲੱਗ ਪਿਆ ਏਂ। ਤੇਰੇ ਕਰ ਕੇ ਮੈਨੂੰ ਸੁਸ਼ੀਲਾ ਪੀਣ ਦੇਵੇਗੀ।” æææਤੇ ਫਿਰ ਉਹ ਮੇਰੇ ਵਾਲਾ ਪੈਗ ਵੀ ਅੱਖ ਬਚਾ ਕੇ ਚੁੱਕੀ ਗਿਆ। ਉਹਨੂੰ ਜਾਣਨ ਵਾਲੇ ਜਾਣਦੇ ਹਨ ਕਿ ਉਹ ਸਿਰੇ ਦਾ ਪਿਆਕੜ ਸੀ।
ਅਗਲੇ ਦਿਨ ਜਦੋਂ ਮੈਂ ਜਾਣ ਲੱਗਾ ਤਾਂ ਉਹ ਹੇਠਾਂ ਤੱਕ ਮੇਰੇ ਨਾਲ ਆਇਆ। ਕੱਥੇ ਵਾਲੇ ਪਾਨ ਨਾਲ ਉਹਨੇ ਮੂੰਹ ਭਰਿਆ ਹੋਇਆ ਸੀ। ਮੈਨੂੰ ਵਿਦਾ ਹੋਣ ਵੇਲੇ ਕੁਝ ਕਹਿਣ ਤੋਂ ਪਹਿਲਾਂ ਜਦੋਂ ਉਹਨੇ ਮੂੰਹ ਵਿਚੋਂ ਲਾਲ ਰੰਗ ਦੀ ਪਿਚਕਾਰੀ ਮਾਰੀ ਤਾਂ ਮੇਰਾ ਮਨ ਖਰਾਬ ਹੋ ਗਿਆ। ਕਿਹਾ ਤਾਂ ਮੈਂ ਸਹਿਜ ਸੁਭਾਅ ਸੀ, “ਇਹ ਪਾਨ ਬਿਨਾਂ ਸਰਦਾ ਨ੍ਹੀਂ, ਸਾਰੇ ਦੰਦ ਖਰਾਬ ਹੋ ਰਹੇ ਆ। ਲੋਕੀ ਤੁਹਾਡੇ ਗਾਉਣ ਵੇਲੇ ਨੱਕ ਵੀ ਵੱਟਦੇ ਹੋਣੇ ਆਂ?”æææ ਉਹ ਲੋਹਾ-ਲਾਖਾ ਹੋ ਗਿਆ। ਆਖਣ ਲੱਗਾ, “ਤੇਰੇ ਵਰਗੇ ਹੋਰ ਵੀਹ ਮੇਰੇ ਘਰ ਆਉਂਦੇ ਨੇ। ਤੂੰ ਕੱਲ੍ਹ ਦਾ ਛੋਕਰਾ ਮੈਨੂੰ ਮੱਤਾਂ ਦੇਣ ਲੱਗ ਪਿਐਂ। ਮਸਤਾਨੇ ਨੇ ਮਸਤੀ ਨਾਲ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀਵੀ ਐ। ਆਪਣੀ ਸਿਆਣਪ ਕੋਲ ਰੱਖ।” ਉਹ ਪਿੱਠ ਘੁਮਾ ਕੇ ਅੰਦਰ ਚਲੇ ਗਿਆ। ਤੇ ਮੈਨੂੰ ਦੁੱਖ ਸੀ ਕਿ ਹੁਣ ਸਾਡੀ ਟੁੱਟ ਗਈ ਹੈ ਤੇ ਰਾਜੀਵ-ਲੌਂਗੋਵਾਲ ਸਮਝੌਤੇ ਵਾਂਗ ਹੁਣ ਕੋਈ ਵੀ ਮੱਦ ਅਮਲ ਵਿਚ ਨਹੀਂ ਆਵੇਗੀ।
ਫਿਰ ਮੈਂ 1992 ਤੱਕ ਅਨੇਕਾਂ ਵਾਰ ਦਿੱਲੀ ਗਿਆ, ਪਰ ਮਸਤਾਨੇ ਦੇ ਘਰ ਤਾਂ ਕੀ, ਮੁੜ ਕੇ ਗ੍ਰੀਨ ਪਾਰਕ ਵੱਲ ਹੀ ਮੂੰਹ ਨਹੀਂ ਕੀਤਾ। ਅਚਾਨਕ ਸੁਰਿੰਦਰ ਕੌਰ ਐਚæਐਮæਵੀæ ਦੀਆਂ ਪੌੜੀਆ ਵਿਚ ਮਿਲ ਗਈ। ਉਹਨੇ ਬੜੇ ਠਰੰਮੇ ਨਾਲ ਕਿਹਾ, ਜਿਵੇਂ ਕਦੇ ਕੋਈ ਗੱਲ ਹੀ ਨਾ ਹੋਈ ਹੋਵੇ। ਕਹਿਣ ਲੱਗੀ, “ਅਸ਼ੋਕ, ਮਸਤਾਨਾ ਜੀ ਕਹਿੰਦੇ ਸਨ, ਹੁਣ ਉਹ ਮੁੰਡਾ ਕਦੇ ਆਇਆ ਹੀ ਨਹੀਂ। ਸਾਡੀ ਫੋਟੋ ਮੋੜਨ ਵੀ ਨਹੀਂ ਆਇਆ। ਲਾਰਾ ਜਿਹਾ ਲਾ ਦਿੰਦੇ, ਆਂਹਦਾ ਸੀæææ ਚਿੱਠੀ ਵੀ ਪਾਈ ਸੀ। ਉਹਦਾ ਜੁਆਬ ਨ੍ਹੀਂ ਦਿੱਤਾ। ਘਰੇ ਆਏ ਨੂੰ ਤਾਂ ਮੈਂ ਸੋਚਿਆ ਚਲੋ ਕੀ ਪੁੱਛਣਾæææ।” ਉਹ ਕਿੰਨਾ ਕੁਝ ਕਹਿ ਗਈ, ਪਰ ਮੈਨੂੰ ਇੱਦਾਂ ਲਗਦਾ ਸੀ ਕਿ ਪਾਨ ਦਾ ਗੁੱਸਾ ਤਾਂ ਹੈ ਹੀ ਨਹੀਂ, ਗਿਲਾ ਫੋਟੋ ਦਾ ਹੈ।
ਸ਼ੌਂਕੀ ਮੇਲੇ ‘ਤੇ ਮਸਤਾਨੇ ਨੂੰ ਬੁਲਾਉਣ ਤੇ ਸਨਮਾਨ ਕਰਨ ਦੀ ਮੇਰੀ ਰੀਝ ਪੂਰੀ ਤਾਂ ਨਹੀਂ ਹੋ ਸਕੀ, ਕਿਉਂਕਿ ਕਰੀਬ ਅੱਠ-ਨੌਂ ਸਾਲ ਮਿਲਦਿਆਂ ਰਹਿਣ ਦੇ ਬਾਵਜੂਦ ਮੈਂ ਉਹਦੇ ਸੁਭਾਅ ਨੂੰ ਜਾਣ ਨਹੀਂ ਸਾਂ ਸਕਿਆ।
ਮਸਤਾਨੇ ਦੀ ਇਹ ਸਰੀਰਕ ਦਿੱਖ ਤਾਂ ਕਰੀਬ ਸਾਰੇ ਜਾਣਦੇ ਹਨ ਕਿ ਉਮਰ ਦੇ ਆਖਰੀ ਵੀਹ ਵਰ੍ਹਿਆਂ ਵਿਚ ਜਾਂ ਤਾਂ Aਹ ਲੰਬਾ ਕੁੜਤਾ ਤੇ ਤੰਗ ਪਜਾਮੀ ਪਹਿਨਦਾ ਸੀ, ਤੇ ਜਾਂ ਫਿਰ ਮੋਢਿਆਂ ਤੋਂ ਉਪਰ ਦੀ ਪੈਂਟ ਨੂੰ ਅੱਗਿਓਂ-ਪਿਛਿਓਂ ਖਿੱਚ ਪਾਉਣ ਵਾਲੀ ਬੱਧਰੀਆਂ ਵਾਲੀ ਵੱਡੇ ਘੇਰੇ ਵਾਲੀ ਪੈਂਟ; ਕਿਉਂਕਿ ਸਰੀਰ ਮੁਤਾਬਿਕ ਢਿੱਡ ਵਧੇਰੇ ਵੱਡਾ ਹੋ ਗਿਆ ਸੀ, ਤੇ ਪੈਂਟ ਕਿਤੇ ਵੀ ਟਿਕਦੀ ਨਹੀਂ ਸੀ।
ਸੁਰਿੰਦਰ ਕੌਰ ਨਾਲ ਮੈਂ ਉਹਦੇ ਘਰ ਗਿਆ, ਡਰਾਇੰਗ ਰੂਮ ਵਿਚ ਬੈਠ ਗਏ। ਉਹ ਨਹਾ ਰਿਹਾ ਸੀ। ਕੁਝ ਦਿਨ ਪਹਿਲਾਂ ਕੁਝ ਹੀ ਲੋਕਾਂ ਨੂੰ ਪਤਾ ਸੀ ਕਿ ਇਕ ਘਟਨਾ ਹੋ ਕੇ ਹਟੀ ਹੈ ਇਕ ਮਹਾਂਵਿਦਿਆਲੇ ਦੇ ਵੱਡੇ ਹਾਲ ਵਿਚ। ਘਟਨਾ ਇਹ ਸੀ ਕਿ ਪਾੜ੍ਹਿਆਂ ਤੇ ਪੜ੍ਹਾਕਣਾਂ ਅੱਗੇ ਸਟੇਜ ‘ਤੇ ਹੀਰ ਗਾਉਣ ਵੇਲੇ ਜਦੋਂ ਹੇਕ ਲਾ ਕੇ ਸਾਹ ਛੱਡਿਆ ਤਾਂ ਵੱਡਾ ਢਿੱਡ ਹੋਰ ਫੁੱਲਣ ਨਾਲ ਪੈਂਟ ਨੂੰ ਲੱਗੀਆਂ ਦੋਵੇਂ ਬੱਧਰਾਂ ਖੁੱਲ੍ਹ ਗਈਆਂ, ਤੇ ਪੈਂਟ ਹੇਠਾਂ ਜਾ ਪਈ। ਵਿਦਿਆਰਥੀਆਂ ਨੇ ਹੀਰ ਲਈ ਤਾਲੀਆਂ ਘੱਟ, ਫੁੱਲਾਂ ਵਾਲੇ ਕਛਹਿਰੇ ਲਈ ਵੱਧ ਮਾਰੀਆਂ ਸਨ। ਜਦੋਂ ਉਹ ਆ ਕੇ ਬੈਠਾ ਤਾਂ ਉਹਨੇ ਹਾਲੇ ਚਾਹ ਦਾ ਘੁੱਟ ਹੀ ਭਰਿਆ ਸੀ, ਮੈਂ ਪੁੱਛ ਬੈਠਾ, “ਉੱਦਣ ਕੀ ਹੋਇਆ ਸੀ?” ਉਹ ਲੋਹਾ-ਲਾਖਾ ਤਾਂ ਕੀ, ਪੂਰਾ ਲਾਲ ਹੋ ਗਿਆ। ਚਾਹ ਦਾ ਕੱਪ ਹੇਠਾਂ ਰੱਖ ਕੇ ਬੋਲਿਆ, “ਮਸਤਾਨੇ ਦੀ ਜ਼ਿੰਦਗੀ ਵਿਚ ਬੜਾ ਕੁ ਵਾਪਰਿਆ, ਸਾਰਾ ਚੰਗੇ ਦਾ ਚੰਗਾ; ਪਰ ਤੁਹਾਨੂੰ ਉਹੋ ਕੁਝ ਹੀ ਦੀਂਹਦਾ। ਭਲਵਾਨ ਜ੍ਹਾਂਗੀਏ ਬੰਨ੍ਹ ਕੇ ਘੁਲਦੇ ਆ, ਉਹ ਜ਼ੋਰ ਦਾ ਪ੍ਰਦਰਸ਼ਨ ਕਰਦੇ ਨੇ, ਤੇ ਮੈਂ ਗਾਉਣ ਦਾ। ਅਸ਼ੋਕ ਤੂੰ ਚੁਭਵੀਆਂ ਗੱਲਾਂ ਨਾ ਕਰਿਆ ਕਰ।” ਸੁਰਿੰਦਰ ਕੌਰ ਨੇ ਗੱਲ ਟਾਲੀ ਵੀ, ਪਰ ਉਹ ਗੁੱਸੇ ਤੋਂ ਹਲਕਾ ਨਾ ਹੋਇਆ।
ਫਿਰ ਮੈਂ ਛੇ ਸਾਲ ਚੁੱਪ ਹੋ ਗਿਆ। ਇਕ ਤਰ੍ਹਾਂ ਨਾਲ ਸਾਡੀ ਪੂਰੀ ਦੀ ਪੂਰੀ ਜਿਵੇਂ ਟੁੱਟ ਗਈ ਹੋਵੇ।
ਉਹਦੀ ਫੋਟੋ ਦਾ ਖਿਆਲ ਮੈਨੂੰ ਬੜੀ ਵਾਰ ਆਇਆ। ਚਿੱਠੀ ਵਿਚ ਉਹਦਾ ਦਰਦ ਤੇ ਤਰਲਾ ਤਾਂ ਸੀ, ਪਰ ਆਸ ਵੀ; ਪਰ ਜ਼ਿੰਦਗੀ ਭਰ ਮੈਨੂੰ ਦੁੱਖ ਰਹੇਗਾ ਕਿ ਮੈਂ ਉਹਦੇ ਨਾਲ ਫੋਟੋ ਵਾਪਸ ਕਰਨ ਦਾ ਵਾਅਦਾ ਵਫਾ ਨਾ ਕਰ ਸਕਿਆ। ਕਾਰਨ ਕੀ ਸੀ, ਉਹ ਵੀ ਮੈਂ ਖੋਲ੍ਹ ਦੇਣਾ ਚਾਹੁੰਨਾ। ਅਸਲ ਵਿਚ ਉਦੋਂ ਨਾ ਹੀ ‘ਈ-ਮੇਲ’ ਹੁੰਦੀ ਸੀ ਤੇ ਨਾ ਅਖਬਾਰੀ ਦੁਨੀਆਂ ਵਿਚ ਕੋਈ ਹੋਰ ਵਿਗਿਆਨਕ ਢੰਗ। ਫੋਟੋਆਂ ਅਸਲੀ ਹੀ ਭੇਜਣੀਆਂ ਪੈਂਦੀਆਂ ਸਨ। ਛਾਪਣ ਤੋਂ ਬਾਅਦ ਫੋਟੋ ਅਖਬਾਰ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣ ਜਾਂਦੀ ਸੀ। ਦੁੱਖ ਇਹ ਵੀ ਸੀ ਕਿ ‘ਅਜੀਤ’ ਦੇ ਮੈਗਜ਼ੀਨ ਐਡੀਟਰ ਪਰਮਜੀਤ ਵਿਰਕ ਨੇ ਇਸ ਦਸਤਾਵੇਜ਼ੀ ਫੋਟੋ ਨੂੰ ਵਿਚਾਲਿਓਂ ਕੱਟ ਕੇ ਦੋ ਹਿੱਸਿਆਂ ਵਿਚ ਵੰਡ ਦਿੱਤਾ ਸੀ। ਤੇ ਇਹ ਫੋਟੋ ਮੈਨੂੰ ਫਿਰ ਮਿਲ ਨਾ ਸਕੀ। ਹੋਰ ਵੀ ਅਨੇਕਾਂ ਫੋਟੋਆਂ ਜੋ ਹੁਣ ਇਤਿਹਾਸਕ ਬਣ ਗਈਆਂ ਹਨ, ‘ਅਜੀਤ’ ਦੀ ਲਾਇਬ੍ਰੇਰੀ ਵਿਚ ਹੀ ਹੋਣਗੀਆਂ। ਕੁਲਦੀਪ ਮਾਣਕ ਦੀ ਮੌਤ ਤੋਂ ਬਾਅਦ ਜਿਹੜੀਆਂ ਵਿਆਹ ਦੀਆਂ ਫੋਟੋਆਂ ਛਾਪੀਆਂ ਗਈਆਂ ਸਨ, ਉਹ ਵੀ ਕਿਸੇ ਵੇਲੇ ਮੇਰੇ ਹੱਥੋਂ ਹੀ ਗਈਆਂ ਸਨ।
ਪੰਜਾਬੀ ਗਾਇਕੀ ਨੂੰ ਸਹੀ ਅਰਥਾਂ ਵਿਚ ਲੰਮੀਆਂ ਉਮਰਾਂ ਦੇਣ ਵਾਲੇ ਆਸਾ ਸਿੰਘ ਮਸਤਾਨਾ ਨੂੰ ਪਦਮਸ੍ਰੀ ਅਵਾਰਡ ਭਾਰਤ ਸਰਕਾਰ ਨੇ 1985 ਵਿਚ ਦਿੱਤਾ, ਤੇ ਇਸ ਤੋਂ ਅਗਲੇ ਵਰ੍ਹੇ ਹੀ ਤਤਕਾਲੀਨ ਰਾਸ਼ਟਰਪਤੀ ਆਰæ ਵੈਂਕਟਰਮਨ ਨੇ ਸੰਗੀਤ ਨਾਟਕ ਅਕਾਦਮੀ ਅਵਾਰਡ ਵੀ। ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨਾਲ ਉਹਨੇ ਰੱਜ ਕੇ ਗਾਇਆ। 1960ਵਿਆਂ ਤੋਂ ਬਾਅਦ ਅਕਾਸ਼ਵਾਣੀ ਦੇ ਸਾਰੇ ਪ੍ਰੋਗਰਾਮਾਂ ਵਿਚ ਉਹਦੇ ਗੀਤ ਸਭ ਤੋਂ ਵੱਧ ਵੱਜਦੇ ਰਹੇ। ਵਾਰਸ ਤੋਂ ਬਾਅਦ ਉਹਦੇ ਨਾਲ ਇਹ ਅਲੰਕਾਰ ਵੀ ਜੁੜ ਗਿਆ ਸੀæææ ਜਦੋਂ ਸੁਣਨ ਵਾਲੇ ਆਖਦੇ ਸਨ- “ਮਸਤਾਨੇ ਦੀ ਹੀਰ ਸੁਣਨੀ ਆ।”
‘ਮੇਲੇ ਨੂੰ ਚੱਲ ਮੇਰੇ ਨਾਲ ਕੁੜੇ’ ਗੀਤ ਵਿਚ ‘ਓ ਹੋ’ ਕਹਿਣ ਦਾ ਅੰਦਾਜ਼ ਸਿਰਫ ਉਹਦਾ ਹੀ ਸੀ। ‘ਨਿੱਕੀ ਜਿੰਨੀ ਗੱਲ ਦਾ ਖਲਾਰ ਪੈ ਗਿਆ’ ਤੇ ਸੁਰਿੰਦਰ ਕੌਰ ਨਾਲ ‘ਪੰਡਿਤ ਜੀ ਕੀ ਏ ਲਾਲ ਮੇਰਾ’ ਉਹਦੇ ਅਮਰ ਗੀਤ ਹਨ ਤੇ ਰਹਿਣਗੇ ਵੀ; ਕਿਉਂਕਿ ਜਦੋਂ ਵੀ ਕੁਝ ਲੱਭੇਗਾ ਤਾਂ ਸਿਆਣਿਆਂ ਦੇ ਕਹਿਣ ਵਾਂਗ, ਪੁਰਾਣੀਆਂ ਥਾਂਵਾਂ ਵਿਚੋਂ ਹੀ ਲੱਭੇਗਾ।
1927 ਵਿਚ 22 ਅਗਸਤ ਨੂੰ ਜਨਮਿਆ ਆਸਾ ਸਿੰਘ ਮਸਤਾਨਾ 23 ਅਗਸਤ 1999 ਨੂੰ ਸਾਥੋਂ ਵਿਛੜ ਗਿਆ। ਉਹਦੀ ਗੱਲ ਮੁਕਾਉਣ ਨੂੰ ਜੀਅ ਤਾਂ ਨਹੀਂ ਕਰਦਾ, ਪਰ ਇਕ ਚੀਸ ਜ਼ਿੰਦਗੀ ਵਿਚ ਦਰਦ ਬਣ ਕੇ ਰਹੇਗੀ। ਉਹ ਮੇਰੇ ਨਾਲ ਭਾਵੇਂ ਕਈ ਵਾਰ ਰੁੱਸਿਆ, ਅਨੇਕਾਂ ਵਾਰ ਹੱਸਿਆ, ਪਰ ਆਖਰੀ ਮੁਲਾਕਾਤ ਵਿਚ ਉਹਨੇ ਇਕ ਸਤਰ ਬੋਲੀ ਸੀ, “ਅਸ਼ੋਕ ਫੋਟੋ ਫਿਰ ਲਿਆਇਆ ਨ੍ਹੀਂ।”
ਮੈਨੂੰ ਲਗਦੈæææ ਜਾਨ ਨਿਕਲਣ ਵੇਲੇ ਵੀ ਉਹ ਮੈਨੂੰ ਫਟਕਾਰ ਪਾ ਕੇ ਗਿਆ ਹੋਵੇਗਾ।
_________________________
ਸੋਨਾ ਕੁੱਟੇ ਲੁਹਾਰ
ਊਂ ਘਰ ਦਾ ਬਾਗ ਆਬਾਦ ਹੈ ਫਿਰ ਵੀ ਮਾਂ ਉਦਾਸ।
ਕੌਣ ਬੁਝਾਰਤਾਂ ਬੁੱਝ ਲਏ ਗੱਲ ਹੈ ਕਿਹੜੀ ਖਾਸ।
ਮੂੰਹ ‘ਤੇ ਝਗੜਨ ਲਾਲੀਆਂ ਕੋਠੇ ਜਿੱਡਾ ਪੁੱਤ।
ਮੌਸਮ ਬੜਾ ਖਰਾਬ ਹੈ ਨਹੀਂ ਸੁਹਾਵਣੀ ਰੁੱਤ।
ਹਾਕਮ ਜ਼ਹਿਰਾਂ ਵੇਚਦੇ ਚਮਚੇ, ਦੱਲੇ, ਚੋਰ।
ਵਰਦੀ ਹੇਠਾਂ ਜੁਰਮ ਦਾ ਪੈਂਦਾ ਪੂਰਾ ਸ਼ੋਰ।
ਮਾਰ ਦੁਹੱਥੜਾਂ ਪਿੱਟਦੀ ਦੋ ਪੁੱਤਾਂ ਦੀ ਮਾਂ।
ਚਿੜੀ ਘੜੀਸੀ ਜਾ ਰਿਹੈ ਹਲਕਿਆ ਕਾਲਾ ਕਾਂ।
ਓਸੇ ਫ਼ਿਰ ਇਤਿਹਾਸ ਦਾ ਮੁੜ ਤੋੜਿਆ ਲੱਕ।
ਝੂਠੇ ਹੋਏ ਮੁਕਾਬਲੇ ਸੱਚ ਦਾ ਵੱਢਿਆ ਨੱਕ।
ਕੁੱਖਾਂ ਵਿਲਕਣ ਲੱਗੀਆਂ ਮਮਤਾ ਜੋੜੇ ਹੱਥ।
ਲੇਲੇ ਤੋਂ ਨ੍ਹੀਂ ਪੈਣੀ ‘ਭੌਰੇ’ ਬਘਿਆੜਾਂ ਦੇ ਨੱਥ।
ਘੁੱਟ ਕੇ ਲੱਗ ਜਾ ਹਿੱਕ ਨਾਲ ਨਾ ਜਾਵੀਂ ਪੁੱਤ ਬਾਹਰ।
ਸੋਨਾ ਕੁੱਟਣ ਲੱਗਿਆ ਘਣ ਦੇ ਨਾਲ ਲੁਹਾਰ।
-ਐਸ਼ ਅਸ਼ੋਕ ਭੌਰਾ

Be the first to comment

Leave a Reply

Your email address will not be published.