ਪ੍ਰਿੰæ ਸਰਵਣ ਸਿੰਘ
ਦੱਖਣੀ ਕੋਰੀਆ ਦੇ ਸ਼ਹਿਰ ਇੰਚਿਓਨ ਵਿਚ 19 ਸਤੰਬਰ ਤੋਂ ਸ਼ਰੂ ਹੋਈਆਂ ਏਸ਼ਿਆਈ ਖੇਡਾਂ 4 ਅਕਤੂਬਰ ਨੂੰ ਸਮਾਪਤ ਹੋ ਗਈਆਂ ਹਨ। ਆਕਾਰ ਪੱਖੋਂ ਏਸ਼ਿਆਈ ਖੇਡਾਂ ਓਲੰਪਿਕ ਖੇਡਾਂ ਤੋਂ ਬਾਅਦ ਸਭ ਤੋਂ ਵੱਡੀਆਂ ਖੇਡਾਂ ਕਹੀਆਂ ਜਾਂਦੀਆਂ ਹਨ। ਦੁਨੀਆਂ ਦੀ ਦੋ ਤਿਹਾਈ ਆਬਾਦੀ ਏਸ਼ੀਆ ‘ਚ ਵਸਦੀ ਹੈ। ਇੰਚਿਓਨ ਵਿਚ 45 ਮੁਲਕਾਂ ਦੇ 9501 ਚੋਣਵੇਂ ਖਿਡਾਰੀਆਂ ਤੇ ਖੇਡ ਅਧਿਕਾਰੀਆਂ ਨੇ ਭਾਗ ਲਿਆ। ਸਾਰਾ ਖੇਡ ਸਟਾਫ 14000 ਤਕ ਚਲਾ ਗਿਆ। ਓਲੰਪਿਕ ਖੇਡਾਂ ਦੇ ਸਪੋਰਟਸ ਪ੍ਰੋਗਰਾਮ ਵਾਲੀਆਂ 28 ਖੇਡਾਂ ਸਮੇਤ ਕੁਲ 36 ਖੇਡਾਂ ਦੇ ਮੁਕਾਬਲੇ ਹੋਏ ਜਿਨ੍ਹਾਂ ਲਈ 439 ਤਮਗਿਆਂ ਦੇ ਸੈਟ ਦਾਅ ਉਤੇ ਸਨ। ਇਨ੍ਹਾਂ ਖੇਡਾਂ ਵਿਚ 14 ਵਰਲਡ ਰਿਕਾਰਡ ਤੇ 28 ਏਸ਼ਿਆਈ ਰਿਕਾਰਡ ਨਵੇਂ ਕਾਇਮ ਹੋਏ ਹਨ। ਜਾਪਾਨ ਦੇ ਤੈਰਾਕ ਕੋਸੁਕੀ ਹਗੀਨੋ ਨੂੰ ਇਨ੍ਹਾਂ ਖੇਡਾਂ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਹੈ। ਉਸ ਨੇ 4 ਸੋਨੇ, 1 ਚਾਂਦੀ ਤੇ 2 ਤਾਂਬੇ ਦੇ ਤਮਗੇ ਜਿੱਤੇ ਹਨ।
ਕੁਲ 439 ਸੋਨ ਤਮਗਿਆਂ ‘ਚੋਂ ਚੀਨ ਨੇ 151, ਕੋਰੀਆ 79, ਜਾਪਾਨ 47, ਕਜ਼ਾਕਸਤਾਨ 28, ਇਰਾਨ 21, ਥਾਈਲੈਂਡ 12, ਉਤਰੀ ਕੋਰੀਆ 11 ਤੇ ਭਾਰਤ ਨੇ 11 ਜਿੱਤੇ। ਭਾਰਤ 11 ਗੋਲਡ ਮੈਡਲ ਜਿੱਤ ਕੇ ਅੱਠਵੇਂ ਸਥਾਨ ‘ਤੇ ਆਇਆ ਹੈ। ਭਾਰਤ ਦੇ ਹਿੱਸੇ 2 ਗੋਲਡ ਮੈਡਲ ਕਬੱਡੀ, 2 ਅਥਲੈਟਿਕਸ ਅਤੇ ਹਾਕੀ, ਟੈਨਿਸ, ਸੁਕੈਸ਼, ਕੁਸ਼ਤੀ, ਮੁੱਕੇਬਾਜ਼ੀ, ਸ਼ੂਟਿੰਗ ਅਤੇ ਤੀਰਅੰਦਾਜ਼ੀ ਵਿਚੋਂ ਇਕ ਇਕ ਆਏ ਹਨ। 2010 ਵਿਚ ਗੁਆਂਗਜ਼ੂ ਦੀਆਂ 16ਵੀਆਂ ਏਸ਼ਿਆਈ ਖੇਡਾਂ ‘ਚੋਂ 14 ਗੋਲਡ ਮੈਡਲ ਜਿੱਤ ਕੇ ਭਾਰਤ ਦਾ ਸਥਾਨ ਛੇਵਾਂ ਸੀ। ਭਾਰਤ ਅੱਗੇ ਵਧਣ ਦੀ ਥਾਂ ਤਿੰਨ ਕਦਮ ਪਿੱਛੇ ਜਾ ਪਿਆ ਹੈ। ਭਾਰਤ ਦੇ ਇਕ ਸ਼ਹਿਰ ਤੋਂ ਵੀ ਛੋਟਾ ਹਾਂਗਕਾਂਗ 6 ਸੋਨੇ, 12 ਚਾਂਦੀ ਤੇ 24 ਤਾਂਬੇ ਦੇ ਤਮਗਿਆਂ ਨਾਲ 42 ਤਮਗੇ ਜਿੱਤ ਗਿਆ ਹੈ। ਤਸੱਲੀ ਵਾਲੀ ਗੱਲ ਇਹੋ ਹੈ ਕਿ ਸ਼ਰੀਕ ਪਾਕਿਸਤਾਨ ਇਕ ਗੋਲਡ, ਇਕ ਸਿਲਵਰ ਤੇ 3 ਬਰਾਂਜ ਮੈਡਲ ਹੀ ਜਿੱਤ ਸਕਿਆ ਹੈ!
ਇਸ ਪ੍ਰਸੰਗ ਵਿਚ ਪਿਛਲੀਆਂ ਸੋਲਾਂ ਏਸ਼ਿਆਈ ਖੇਡਾਂ ਵਿਚ ਭਾਰਤ ਦੀ ਕਾਰਗੁਜ਼ਾਰੀ ‘ਤੇ ਨਜ਼ਰ ਮਾਰਨੀ ਵਾਜਬ ਹੋਵੇਗੀ। ਭਾਰਤ ਏਸ਼ਿਆਈ ਖੇਡਾਂ ਦਾ ਮੋਢੀ ਹੈ। ਪਹਿਲੀਆਂ ਏਸ਼ਿਆਈ ਖੇਡਾਂ 1951 ਵਿਚ ਦਿੱਲੀ ਵਿਖੇ ਹੋਈਆਂ ਸਨ। ਉਨ੍ਹਾਂ ਵਿਚ 11 ਮੁਲਕਾਂ ਦੇ 489 ਖਿਡਾਰੀਆਂ ਨੇ 6 ਖੇਡਾਂ ਦੇ 57 ਈਵੈਂਟਾਂ ਵਿਚ ਭਾਗ ਲਿਆ ਸੀ। ਜਾਪਾਨ ਨੇ 24 ਸੋਨੇ, 21 ਚਾਂਦੀ, 15 ਕਾਂਸੀ, ਕੁਲ 60 ਤਮਗੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਭਾਰਤ 15 ਸੋਨੇ, 16 ਚਾਂਦੀ, 21 ਕਾਂਸੀ, ਕੁਲ 52 ਤਮਗਿਆਂ ਨਾਲ ਦੂਜੇ ਸਥਾਨ ‘ਤੇ ਸੀ। ਉਦੋਂ ਜਾਪਾਨ ਤੇ ਭਾਰਤ ਦੀ ਕਾਰਗੁਜ਼ਾਰੀ ਵਿਚ ਥੋੜ੍ਹਾ ਜਿਹਾ ਹੀ ਫਰਕ ਸੀ ਜੋ ਸਮੇਂ ਨਾਲ ਵਧਦਾ ਗਿਆ। ਬਾਅਦ ਵਿਚ ਤਾਂ ਹੋਰ ਵੀ ਕਈ ਮੁਲਕ ਭਾਰਤ ਤੋਂ ਅੱਗੇ ਨਿਕਲਦੇ ਰਹੇ ਤੇ ਇਕ ਸਮਾਂ ਐਸਾ ਵੀ ਆਇਆ ਜਦੋਂ ਭਾਰਤ ਕੇਵਲ ਇਕ ਗੋਲਡ ਮੈਡਲ ਹੀ ਜਿੱਤ ਸਕਿਆ।
1951 ਤੋਂ 2014 ਤਕ 63 ਸਾਲ ਦਾ ਸਮਾਂ ਭਾਰਤ ਦੀ Ḕਆਜ਼ਾਦੀḔ ਦਾ ਹੈ ਜਿਸ ਦੌਰਾਨ ਭਾਰਤ ਦੀ ਆਬਾਦੀ ਤਿਗਣੀ ਤੋਂ ਵਧ ਗਈ ਹੈ ਪਰ ਮੈਡਲ ਘਟ ਗਏ ਹਨ। ਏਸ਼ਿਆਈ ਖੇਡਾਂ ਵਿਚ ਦੂਜੇ ਸਥਾਨ ਤੋਂ ਤਿਲ੍ਹਕਦਾ ਭਾਰਤ ਬੀਜਿੰਗ ਦੀਆਂ 11ਵੀਆਂ ਏਸ਼ਿਆਈ ਖੇਡਾਂ ‘ਚ ਬਾਰ੍ਹਵੇਂ ਸਥਾਨ ‘ਤੇ ਚਲਾ ਗਿਆ ਸੀ। ਹੁਣ ਅੱਠਵੇਂ ਸਥਾਨ ਉਤੇ ਹੈ। ਗੱਲ ਸੋਚਣ ਦੀ ਹੈ ਕਿ ਕਸਰ ਕਿੱਥੇ ਹੈ?
1954 ਵਿਚ ਮਨੀਲਾ ਦੀਆਂ ਏਸ਼ਿਆਈ ਖੇਡਾਂ ‘ਚ 19 ਮੁਲਕਾਂ ਦੇ 970 ਖਿਡਾਰੀਆਂ ਨੇ 8 ਸਪੋਰਟਸ ਦੇ 76 ਈਵੈਂਟਾਂ ਵਿਚ ਭਾਗ ਲਿਆ ਸੀ। ਉਥੇ ਜਾਪਾਨ ਤਾਂ 38+36+24 ਕੁਲ 98 ਤਮਗੇ ਜਿੱਤ ਗਿਆ ਪਰ ਭਾਰਤ 4+4+5=13 ਤਮਗੇ ਹੀ ਜਿੱਤ ਸਕਿਆ। ਸੋਨੇ ਦੇ ਚਾਰੇ ਤਮਗੇ ਪੰਜਾਬੀ/ਸਿੱਖ ਅਥਲੀਟ ਪ੍ਰਦੁੱਮਣ ਸਿੰਘ, ਸੋਹਣ ਸਿੰਘ ਤੇ ਸਰਵਣ ਸਿੰਘ ਦੇ ਸਨ। ਉਥੇ ਪਾਕਿਸਤਾਨ ਨੇ 4+5+0=9 ਤਮਗੇ ਜਿੱਤੇ ਸਨ। 1958 ਵਿਚ ਟੋਕੀਓ ਤੋਂ ਜਾਪਾਨ ਨੇ 67+42+30=139 ਮੈਡਲ ਜਿੱਤੇ। ਭਾਰਤ 5+4+4=13 ਮੈਡਲ ਹੀ ਜਿੱਤ ਸਕਿਆ। ਉਥੇ ਦੋ ਗੋਲਡ ਮੈਡਲ ਮਿਲਖਾ ਸਿੰਘ ਦੇ ਸਨ ਤੇ ਇਕ ਇਕ ਪ੍ਰਦੁੱਮਣ ਸਿੰਘ, ਬਲਕਾਰ ਸਿੰਘ ਤੇ ਅਜੀਤ ਸਿੰਘ ਦਾ ਸੀ। ਉਦੋਂ ਭਾਰਤ ਦੇ ਵਧੇਰੇ ਮੈਡਲ ਪੰਜਾਬੀ ਖਿਡਾਰੀਆਂ ਰਾਹੀਂ ਹੀ ਜਿੱਤੇ ਜਾਂਦੇ ਸਨ ਪਰ ਬਾਅਦ ਵਿਚ ਪੰਜਾਬੀਆਂ ਦੀ ਵੀ ਪਹਿਲਾਂ ਵਾਲੀ ਚੜ੍ਹਤ ਨਹੀਂ ਰਹੀ।
ਏਸ਼ਿਆਈ ਖੇਡਾਂ ਦੇ ਮੈਡਲ ਜਿੱਤਣ ਵਿਚ ਭਾਰਤ ਦਾ ਸਥਾਨ 1951 ਵਿਚ ਦੂਜੇ ਤੋਂ 54 ਵਿਚ ਪੰਜਵਾਂ ਤੇ 58 ਵਿਚ ਸੱਤਵਾਂ ਹੁੰਦਾ ਹੋਇਆ 1962 ਦੀਆਂ ਖੇਡਾਂ ਵਿਚ ਫਿਰ ਦੂਜਾ ਹੋ ਗਿਆ ਸੀ। ਪਰ ਉਸ ਤੋਂ ਬਾਅਦ 1966 ਵਿਚ ਪੰਜਵਾਂ, 70 ਵਿਚ ਫਿਰ ਪੰਜਵਾਂ, 74 ਵਿਚ ਸੱਤਵਾਂ ਤੇ 78 ਵਿਚ ਛੇਵਾਂ ਰਿਹਾ। 1982 ਵਿਚ ਦਿੱਲੀ ਦੀਆਂ ਦੂਜੀਆਂ ਏਸ਼ਿਆਈ ਖੇਡਾਂ ‘ਚ ਪੰਜਵਾਂ, 86 ਵਿਚ ਫਿਰ ਪੰਜਵਾਂ ਤੇ 90 ‘ਚ ਬਾਰ੍ਹਵਾਂ ਰਹਿ ਗਿਆ। ਬੀਜਿੰਗ ਦੀਆਂ ਖੇਡਾਂ ਵਿਚ ਚੀਨ ਨੇ 183+107+51=341 ਮੈਡਲ ਜਿੱਤੇ ਸਨ। ਦੱਖਣੀ ਕੋਰੀਆ 54+54+73 ਕੁਲ 181 ਮੈਡਲ ਜਿੱਤ ਗਿਆ ਸੀ ਪਰ ਭਾਰਤ 1+8+14=23 ਮੈਡਲ ਹੀ ਜਿੱਤ ਸਕਿਆ ਸੀ। ਭਾਰਤ ਨੂੰ ਇਕੋ ਇਕ ਗੋਲਡ ਮੈਡਲ ਕੇਵਲ ਕਬੱਡੀ ਦਾ ਮਿਲਿਆ ਸੀ ਜੋ ਪਹਿਲੀ ਵਾਰ ਏਸ਼ਿਆਈ ਖੇਡਾਂ ‘ਚ ਸ਼ਾਮਲ ਕੀਤੀ ਗਈ ਸੀ।
1994 ਦੀਆਂ ਖੇਡਾਂ ‘ਚ ਭਾਰਤ ਅੱਠਵੇਂ, 98 ‘ਚ ਨੌਵੇਂ, 2002 ‘ਚ ਸੱਤਵੇਂ, 06 ‘ਚ ਅੱਠਵੇਂ ਤੇ 2010 ‘ਚ ਛੇਵੇਂ ਥਾਂ ਰਿਹਾ। ਚੀਨ, ਦੱਖਣੀ ਕੋਰੀਆ, ਜਾਪਾਨ, ਇਰਾਨ ਤੇ ਕਜ਼ਾਖ਼ਸਤਾਨ ਉਸ ਤੋਂ ਮੂਹਰੇ ਰਹੇ। 1951 ਤੋਂ 78 ਤਕ ਦੀਆਂ ਏਸ਼ਿਆਈ ਖੇਡਾਂ ‘ਚ ਜਾਪਾਨ ਪਹਿਲੇ ਸਥਾਨ ‘ਤੇ ਰਿਹਾ ਸੀ। 1982 ਤੋਂ 2014 ਤਕ ਚੀਨ ਪਹਿਲੇ ਸਥਾਨ ਉਤੇ ਚਲਿਆ ਆ ਰਿਹੈ। ਇਹ ਵਰਣਨਯੋਗ ਹੈ ਕਿ ਚੀਨ 1974 ਤੋਂ ਏਸ਼ਿਆਈ ਖੇਡਾਂ ‘ਚ ਭਾਗ ਲੈਣ ਲੱਗਾ ਹੈ। ਪਹਿਲਾਂ ਉਹ ਕੌਮਾਂਤਰੀ ਖੇਡਾਂ ਵਿਚ ਭਾਗ ਨਹੀਂ ਸੀ ਲੈਂਦਾ। ਹੁਣ ਚੀਨ ਵਿਸ਼ਵ ਦੀ ਸਰਵੋਤਮ ਖੇਡ ਸ਼ਕਤੀ ਹੈ। ਚੀਨ ਕਿਥੋਂ ਕਿਥੇ ਪਹੁੰਚਿਆ ਤੇ ਭਾਰਤ ਕਿਥੋਂ ਕਿਥੇ? ਗੱਲ ਸੋਚਣ-ਵਿਚਾਰਨ ਦੀ ਹੈ। ਕਿਸੇ ਸਮੇਂ ਨਸ਼ਿਆਂ ‘ਚ ਗ੍ਰਸਤ ਚੀਨ ਜੇ ਖੇਡਾਂ ‘ਚ ਅੱਗੇ ਵਧ ਸਕਦੈ ਤਾਂ ਜੋਧਿਆਂ ਬਲਕਾਰਾਂ ਦੀ ਪਰੰਪਰਾ ਵਾਲਾ ਭਾਰਤ ਕਿਉਂ ਨਹੀਂ?
ਜਿਥੋਂ ਤਕ ਖਿਡਾਰੀਆਂ ਦੇ ਏਸ਼ਿਆਈ ਖੇਡਾਂ ਵਿਚ ਭਾਗ ਲੈਣ ਦੀ ਗੱਲ ਹੈ ਭਾਰਤ ਭਰਵੇਂ ਦਲਾਂ ਨਾਲ ਭਾਗ ਲੈਂਦਾ ਰਿਹਾ ਹੈ। ਇੰਚਿਓਨ ਵਿਚ ਵੀ ਭਾਰਤ ਦੇ 515 ਖਿਡਾਰੀ/ਅਧਿਕਾਰੀ ਗਏ ਸਨ। ਚੀਨ ਦਾ ਦਲ 894, ਕੋਰੀਆ ਦਾ 833, ਜਾਪਾਨ ਦਾ 718 ਤੇ ਥਾਈਲੈਂਡ ਦਾ 518 ਜਣਿਆਂ ਦਾ ਸੀ। ਬਾਕੀ ਦਲ ਭਾਰਤ ਤੋਂ ਛੋਟੇ ਸਨ। ਇੰਚਿਓਨ ਵਿਚ ਭਾਰਤ ਨੇ ਜੋ ਵੱਡੀ ਜਿੱਤ ਜਿੱਤੀ ਉਹ ਹਾਕੀ ਦੀ ਹੈ। ਇਸ ਨਾਲ ਭਾਰਤ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਗਿਆ ਹੈ। 1928 ਦੀਆਂ ਓਲੰਪਿਕ ਖੇਡਾਂ ਤੋਂ ਲੈ ਕੇ ਭਾਰਤ ਨੇ ਓਲੰਪਿਕ ਖੇਡਾਂ ਵਿਚੋਂ 8 ਸੋਨੇ, 1 ਚਾਂਦੀ ਤੇ 2 ਤਾਂਬੇ ਦੇ ਤਮਗੇ ਜਿੱਤੇ ਹਨ। ਹੁਣ ਤਾਂ ਕੁਆਲੀਫਾਈ ਕਰਨਾ ਵੀ ਵੱਡੀ ਗੱਲ ਸਮਝੀ ਜਾ ਰਹੀ ਹੈ!
ਭਾਰਤ ਨੇ ਏਸ਼ਿਆਈ ਖੇਡਾਂ ‘ਚੋਂ ਹਾਕੀ ਦੇ ਕੇਵਲ ਤਿੰਨ ਵਾਰ ਗੋਲਡ ਮੈਡਲ ਜਿੱਤੇ ਹਨ। 1966, 1998 ਤੇ 2014 ਵਿਚ। ਪਾਕਿਸਤਾਨ ਦੀ ਹਾਕੀ ਟੀਮ ਏਸ਼ਿਆਈ ਖੇਡਾਂ ‘ਚੋਂ ਅੱਠ ਵਾਰ ਤੇ ਕੋਰੀਆ ਦੀ ਟੀਮ ਚਾਰ ਵਾਰ ਗੋਲਡ ਮੈਡਲ ਜਿੱਤੀ ਹੈ। ਵੇਖਣਾ ਹੁਣ ਇਹ ਹੋਵੇਗਾ ਕਿ ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ ਤੇ ਵਰਲਡ ਹਾਕੀ ਕੱਪ ਵਿਚ ਕਿਹੋ ਜਿਹਾ ਕਮਾਲ ਵਿਖਾਉਂਦੀ ਹੈ? ਇਹ ਵੀ ਕਿ 2016 ਦੀਆਂ ਓਲੰਪਿਕ ਖੇਡਾਂ ਤੇ 2018 ਦੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਦੇ ਮੈਡਲਾਂ ਦਾ ਗਰਾਫ ਉਪਰ ਨੂੰ ਜਾਂਦਾ ਹੈ ਜਾਂ ਥੱਲੇ ਨੂੰ ਆਉਂਦਾ ਹੈ? ਜਿਨ੍ਹਾਂ ਨੇ ਮੈਡਲ ਜਿੱਤੇ ਹਨ ਉਨ੍ਹਾਂ ਨੂੰ ਉਚਿਤ ਇਨਾਮਾਂ ਸਨਮਾਨਾਂ ਨਾਲ ਸਨਮਾਨਿਆ ਜਾਣਾ ਚਾਹੀਦੈ। ਉਹ 450 ਕਰੋੜ ਲੋਕਾਂ ‘ਚੋਂ ਜ਼ੋਰ/ਜੁਗਤ ਦੇ ਖੇਡ ਮੁਕਾਬਲਿਆਂ ਵਿਚ ਜਿੱਤ-ਮੰਚ ‘ਤੇ ਚੜ੍ਹੇ ਹਨ ਤੇ ਤਿਰੰਗਾ ਲਹਿਰਾਇਆ ਹੈ। ਭਾਰਤ ਦੇ ਖੇਡ ਅਧਿਕਾਰੀਆਂ ਤੇ ਸਰਕਾਰੀਆਂ ਨੂੰ ਸਲਾਮੀ ਵਾਲੀਆਂ ਚੌਧਰਾਂ ਤੇ ਬੋਲਣ ਚੱਲਣ ਦੇ ਫੋਕੇ ਬਿਆਨਾਂ ਦੀ ਥਾਂ ਆਪਣੀ ਪੀੜ੍ਹੀ ਹੇਠ ਸੋਟਾ ਜ਼ਰੂਰ ਫੇਰ ਲੈਣਾ ਚਾਹੀਦੈ।
ਕਿਤੇ ਇਹ ਨਾ ਹੋਵੇ ਕਿ 1962 ਵਿਚ ਜਕਾਰਤਾ ਦੀਆਂ ਚੌਥੀਆਂ ਏਸ਼ਿਆਈ ਖੇਡਾਂ ਵਿਚ ਦੂਜਾ ਸਥਾਨ ਲੈਣ ਵਾਲਾ ਭਾਰਤ 2018 ਵਿਚ ਹੋਣ ਵਾਲੀਆਂ ਜਕਾਰਤਾ ਦੀਆਂ 18ਵੀਆਂ ਖੇਡਾਂ ਵਿਚ ਦਸਵੇਂ ਥਾਂ ਜਾ ਪਵੇ!
Leave a Reply