ਗੁਰਦੁਆਰਿਆਂ ਵਿਚ ਬਜ਼ੁਰਗਾਂ ਦੇ ਬੈਠਣ ਲਈ ਸਹੂਲਤਾਂ

‘ਪੰਜਾਬ ਟਾਈਮਜ਼’ ਦੇ 27 ਸਤੰਬਰ ਦੇ ਅੰਕ ਵਿਚ ਖਬਰ ਪੜ੍ਹੀ- ‘ਲੋੜ ਮੁਤਾਬਕ ਬਦਲ ਰਹੀ ਹੈ ਮਰਿਆਦਾ।Ḕ ਅੱਜ ਦੇ ਸਮੇਂ ਦੀ ਲੋੜ ਅਨੁਸਾਰ ਕੁਝ ਗੁਰੂ ਘਰਾਂ ਦੇ ਪ੍ਰਬੰਧਕਾਂ ਵਲੋਂ ਜੋ ਗੁਰੂ ਘਰਾਂ ਦੇ ਅੰਦਰ ਸਾਹਮਣੇ ਵਾਲੀਆਂ ਕੰਧਾਂ ਨਾਲ ਬੈਂਚ ਜਾਂ ਸਟੂਲ ਰੱਖ ਕੇ ਬੁੱਢੇ ਅਤੇ ਬਿਮਾਰ ਬਜ਼ੁਰਗਾਂ ਦੇ ਬੈਠਣ ਲਈ ਸਹੂਲਤਾਂ ਦਿੱਤੀਆਂ ਗਈਆਂ ਹਨ, ਉਹ ਅਤਿ ਸਲਾਹੁਣਯੋਗ ਹੈ। ਇਸ ਕਾਰਜ ਲਈ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ। ਇੰਜ ਲਗਦਾ ਹੈ ਕਿ ਇਹ ਪ੍ਰਬੰਧਕ ਅਛੋਪਲੇ ਜਿਹੇ ਹੀ ਬਹੁਤ ਵੱਡਾ ਪਰਉਪਕਾਰ ਕਰ ਗਏ ਹਨ ਜਿਸ ਦੀ ਸਾਰੀ ਦੁਨੀਆਂ ਵਿਚ ਵਸਦੀਆਂ ਸਿੱਖ ਸੰਗਤਾਂ ਵੱਲੋਂ ਰੱਜ ਕੇ ਪ੍ਰਸ਼ੰਸਾ ਹੋਣੀ ਚਾਹੀਦੀ ਹੈ, ਤੇ ਹਰ ਮਾਈ-ਭਾਈ ਨੂੰ ਇਸ ਕਾਰਜ ਲਈ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕਰਨੀ ਬਣਦੀ ਹੈ ਤਾਂ ਕਿ ਦੂਜੇ ਗੁਰੂ ਘਰਾਂ ਵਿਚ ਵੀ ਬਜ਼ੁਰਗਾਂ ਨੂੰ ਇਹ ਸਹੂਲਤਾਂ ਮਿਲ ਸਕਣ। ਸਾਡੀ ਰਾਇ ਹੈ ਕਿ ਇਹ ਸੇਵਾਵਾਂ ਸ਼ੁਰੂ ਕਰਨ ਨਾਲ ਰਹਿਤ ਮਰਿਆਦਾ ਨੂੰ ਜ਼ਰਾ ਜਿੰਨਾ ਵੀ ਨੁਕਸਾਨ ਨਹੀਂ ਹੋਵੇਗਾ, ਬਲਕਿ ਸਾਨੂੰ ਬਜ਼ੁਰਗਾਂ ਦੀਆਂ ਅਸੀਸਾਂ ਤੇ ਖੁਸ਼ੀਆਂ ਪ੍ਰਾਪਤ ਕਰਨ ਦਾ ਸੁਨਹਿਰੀ ਅਵਸਰ ਮਿਲੇਗਾ; ਜਿਵੇਂ ਕੈਲੀਫੋਰਨੀਆ ਦੇ ਕਈ ਗੁਰੂ ਘਰਾਂ ਵਿਚ ਭਾਵੇਂ ਛੋਟੇ ਪੈਮਾਨੇ ‘ਤੇ ਹੀ ਸਹੀ, ਇਹ ਸੇਵਾ ਸ਼ੁਰੂ ਹੋ ਚੁੱਕੀ ਹੈ ਅਤੇ ਜਿਨ੍ਹਾਂ ਬਜ਼ੁਰਗਾਂ ਨੂੰ ਇਹ ਸਹੂਲਤ ਮਿਲ ਰਹੀ ਹੈ, ਉਹ ਪ੍ਰਸੰਨਤਾ ਉਨ੍ਹਾਂ ਦੇ ਚਿਹਰਿਆਂ ਤੋਂ ਵੇਖੀ ਜਾ ਸਕਦੀ ਹੈ।
ਕੱਟੜਤਾ ਬੜਾ ਅਜੀਬ ਸ਼ਬਦ ਹੈ ਜਿਸ ਨੂੰ ਸੁਣਦੇ ਸਾਰ ਹੀ ਇਨਸਾਨ ਤ੍ਰਬਕ ਉਠਦਾ ਹੈ। ਕੱਟੜਤਾ ਨੇ ਕਦੀ ਕਿਸੇ ਧਰਮ ਜਾਂ ਸਮਾਜ ਦਾ ਵਿਸਥਾਰ ਜਾਂ ਭਲਾ ਨਹੀਂ ਕੀਤਾ, ਬਲਕਿ ਨਜ਼ਦੀਕੀਆਂ ਨੂੰ ਦੂਰੀਆਂ ਵਿਚ ਹੀ ਤਬਦੀਲ ਕੀਤਾ ਹੈ। ਇਸ ਲਈ ਇਨਸਾਨ ਜਾਂ ਇਨਸਾਨੀਅਤ ਨੂੰ ਧਿਆਨ ਵਿਚ ਰੱਖ ਕੇ ਅਤੇ ਕੱਟੜਤਾ ਤਿਆਗ ਕੇ ਮਰਿਆਦਾ ਵਿਚ ਤਬਦੀਲੀ ਸ਼ਲਾਘਾਯੋਗ ਹੈ। ਕਿੰਨਾ ਚੰਗਾ ਹੋਵੇ ਜੇ ਦੇਸ਼-ਵਿਦੇਸ਼ ਦੇ ਸਾਰੇ ਗੁਰੂ ਘਰਾਂ ਵਿਚ ਬਜ਼ੁਰਗਾਂ ਲਈ ਇਹ ਸੇਵਾਵਾਂ ਮੁਹੱਈਆ ਕਰ ਦਿੱਤੀਆਂ ਜਾਣ ਅਤੇ ਸਾਹਮਣੀਆਂ ਦੀਵਾਰਾਂ ਨਾਲ ਪੱਕੇ ਤੌਰ ‘ਤੇ ਗੱਦੇਦਾਰ ਬੈਂਚ ਜਾਂ ਕੁਰਸੀਆਂ ਦੀਆਂ ਦੋ-ਦੋ ਜਾਂ ਜ਼ਰੂਰਤ ਅਨੁਸਾਰ ਲਾਈਨਾਂ ਬਣਾ ਦਿੱਤੀਆਂ ਜਾਣ। ਅੱਜ ਸਮਾਂ ਆਪਣੀ ਰਫਤਾਰ ਤੋਂ ਕਿਤੇ ਵੱਧ ਤੇਜ਼ ਦੌੜ ਰਿਹਾ ਹੈ ਅਤੇ ਇਨਸਾਨ ਸਮੇਂ ਤੋਂ ਵੀ ਅਗਾਂਹ ਵਧ ਕੇ ਪ੍ਰਾਪਤੀਆਂ ਕਰ ਰਿਹਾ ਹੈ। ਸਮੇਂ ਨਾਲ ਪਹਿਲੀਆਂ ਰਵਾਇਤਾਂ ਵਿਚ ਤਬਦੀਲੀਆਂ ਆਉਣੀਆਂ ਜ਼ਰੂਰੀ ਵੀ ਹਨ। ਸਮੇਂ ਦੀ ਮੰਗ ਵੀ ਇਹੀ ਹੈ। ਜੋ ਰਸਮਾਂ ਅਤੇ ਰਿਵਾਜ਼ ਅਸੀਂ ਬਚਪਨ ਵਿਚ ਦੇਖਦੇ ਸੀ, ਅੱਜ ਉਨ੍ਹਾਂ ਦੀ ਥਾਂ ਨਵੀਆਂ ਰਹੁ-ਰੀਤਾਂ ਨੇ ਲੈ ਲਈ ਹੈ। ਉਂਜ ਵੀ ਤਬਦੀਲੀ ਤਾਂ ਕੁਦਰਤ ਦਾ ਨਿਯਮ ਹੈ। ਰੁੱਤਾਂ ਬਦਲਦੀਆਂ ਹਨ, ਮੌਸਮ ਬਦਲਦੇ ਹਨ, ਬਲਕਿ ਸੰਸਾਰ ਦੀ ਹਰ ਚੀਜ਼ ਬਦਲਦੀ ਹੈ। ਪਰਮਾਤਮਾ ਤੋਂ ਬਿਨਾਂ ਕੋਈ ਵੀ ਸ਼ੈਅ ਅਟੱਲ ਨਹੀਂ। ਧਰਮ ਤਾਂ ਧਰਮ ਹੁੰਦਾ ਹੈ। ਕਿਸੇ ਦਾ ਕੋਈ ਧਰਮ ਹੈ ਤੇ ਕਿਸੇ ਦਾ ਕੋਈ। ਸਾਰੇ ਹੀ ਧਰਮ ਅਤਿ ਸਤਿਕਾਰਤ ਹਨ, ਪਰ ਸਿੱਖ ਧਰਮ ਸੰਸਾਰ ਵਿਚ ਅਨੋਖਾ ਅਤੇ ਨਿਆਰਾ ਧਰਮ ਹੈ। ਇਹ ਸਮੁੱਚੀ ਮਾਨਵਤਾ ਨੂੰ ਪਿਆਰ ਕਰਦਾ ਹੈ, ਇਨਸਾਨੀਅਤ ਦਾ ਮੁੱਦਈ ਹੈ ਅਤੇ ਸਰਬ ਸਾਂਝਾ ਹੈ। ਇਸ ਵਿਚ ਸਰਬੱਤ ਦੇ ਭਲੇ ਦਾ ਸੁਨੇਹਾ ਹੈ।
ਜਲੰਧਰ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਅੰਦਰ ਦਾ ਨਜ਼ਾਰਾ ਵੇਖਿਆਂ ਹੀ ਬਣਦਾ ਹੈ। ਪ੍ਰਬੰਧਕਾਂ ਵੱਲੋਂ ਗੁਰੂ ਘਰ ਦੀ ਆਲੀਸ਼ਾਨ ਬਿਲਡਿੰਗ ਦੇ ਅੰਦਰ ਬਜ਼ੁਰਗਾਂ ਦੇ ਬੈਠਣ ਲਈ ਜੋ ਨਵੀਂ ਤਕਨੀਕ ਵਰਤੀ ਗਈ ਹੈ, ਉਸ ਨੂੰ ਵੇਖਦਿਆਂ ਆਪ ਮੁਹਾਰੇ ਹੀ ਮੂੰਹ ਵਿਚੋਂ ‘ਵਾਹ’ ਨਿਕਲਦਾ ਹੈ। ਇਸ ਤਕਨੀਕ ਅਤੇ ਸਹੂਲਤ ਵਾਲਾ ਸ਼ਾਇਦ ਇਹ ਪਹਿਲਾ ਗੁਰੂ ਘਰ ਹੋਵੇਗਾ। ਇਸ ਵਿਚ ਸ਼ਬਦ ਗੁਰੂ ਦੇ ਪ੍ਰਕਾਸ਼ ਅਸਥਾਨ ਦੀ ਉਚਤਾ ਅਤੇ ਮਹਾਨਤਾ ਨੂੰ ਮੁਖ ਰੱਖ ਕੇ ਇਹ ਸਹੂਲਤ ਦਿੱਤੀ ਗਈ ਹੈ। ਇਨ੍ਹਾਂ ਸਾਰੀਆਂ ਸਹੂਲਤਾਂ ਅਤੇ ਸੇਵਾਵਾਂ ਦਾ ਸਿਹਰਾ ਬੇਦਾਗ ਅਤੇ ਬੇਧੜਕ ਪੂਰਨ ਗੁਰਸਿੱਖ ਤੇ ਅੰਦਰੋਂ-ਬਾਹਰੋਂ ਇਕ ਹੋ ਕੇ ਗੁਰੂ ਨਾਲ ਜੁੜੇ ਮੁਖ ਸੇਵਾਦਾਰ ਸ਼ ਜਗਜੀਤ ਸਿੰਘ ਗਾਬਾ ਅਤੇ ਉਨ੍ਹਾਂ ਦੀ ਸਮੁੱਚੀ ਪ੍ਰਬੰਧਕੀ ਟੀਮ ਦੇ ਸਿਰ ਬੱਝਦਾ ਹੈ। ਅਸੀਂ ਐਤਕੀਂ ਜੁਲਾਈ ਵਿਚ ਇੰਡੀਆ ਗਏ ਹੋਏ ਸੀ ਅਤੇ ਇਸ ਗੁਰੂ ਘਰ ਵਿਖੇ ਹੋ ਰਹੇ ਵੱਡੇ ਸਮਾਗਮ ਜਿਸ ਵਿਚ ਸਾਰੇ ਤਖਤ ਸਾਹਿਬਾਨ ਦੇ ਜਥੇਦਾਰ ਵੀ ਪਹੁੰਚੇ ਹੋਏ ਸਨ, ਵਿਚ ਹਾਜ਼ਰੀ ਲੁਆਉਣ ਦਾ ਸਾਨੂੰ ਵੀ ਸੱਦਾ ਪੱਤਰ ਸੀ। ਸਮਾਗਮ ਦੀ ਸਮਾਪਤੀ ਉਪਰੰਤ ਸਾਰੇ ਗੁਰੂ ਦਰਬਾਰ ਵਿਚ ਵਿਚਰ ਕੇ ਜਦ ਇਨ੍ਹਾਂ ਸਹੂਲਤਾਂ ਵਾਲੇ ਥਾਂ ‘ਤੇ ਪਹੁੰਚੇ ਤਾਂ ਇਸ ਸ਼ੁਭ ਕਾਰਜ ਲਈ ਸਾਰੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਇਥੇ ਪਰਦੇਸਾਂ ਵਿਚ ਵੱਸਦੇ ਬਜ਼ੁਰਗਾਂ ਲਈ ਤਾਂ ਇਹ ਬੈਂਚਾਂ ਜਾਂ ਕੁਰਸੀਆਂ ਦੀਆਂ ਸੇਵਾਵਾਂ ਬਹੁਤ ਲਾਹੇਵੰਦ ਸਾਬਤ ਹੋਣਗੀਆਂ। ਕਮ-ਸੇ-ਕਮ ਸਨਿਚਰਵਾਰ ਅਤੇ ਐਤਵਾਰ ਦੇ ਸਮਾਗਮਾਂ ਵਿਚ ਉਨ੍ਹਾਂ ਦਾ ਘਰੋਂ ਬਾਹਰ ਨਿਕਲ ਕੇ ਗੁਰੂ ਨਾਲ ਜੁੜ ਬੈਠਣ ਦਾ ਚਾਅ ਵੀ ਪੂਰਾ ਹੋ ਸਕੇਗਾ। ਸਾਡਾ ਵਿਚਾਰ ਹੈ ਕਿ ਹੁਣ ਸਾਡੇ ਧਰਮ ਦੇ ਸਿਰਮੌਰ ਧਾਰਮਿਕ ਅਤੇ ਸਮਾਜਕ ਲੀਡਰਾਂ ਨੂੰ ਵੀ ਇਸ ਦੀ ਪ੍ਰਵਾਨਗੀ ਦੇ ਕੇ ਆਪਣੀ ਦਰਿਆ ਦਿਲੀ ਦਿਖਾਉਣੀ ਚਾਹੀਦੀ ਹੈ। ਇਸ ਦੇ ਖਿਲਾਫ ਕੋਈ ਫਰਮਾਨ ਜਾਂ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਬਲਕਿ ਸਮੇਂ ਦੀ ਮੰਗ ਨੂੰ ਅਪਨਾ ਕੇ ਪਹਿਲ ਕਰ ਰਹੇ ਪ੍ਰਬੰਧਕਾਂ ਦੀ ਹੌਸਲਾ-ਅਫਜ਼ਾਈ ਕਰਨੀ ਬਣਦੀ ਹੈ।
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-678-3536

Be the first to comment

Leave a Reply

Your email address will not be published.