ਤਕਰੀਬਨ ਚੱਪਾ ਸਦੀ ਤੋਂ ਕਸ਼ਮੀਰ ਹਿੰਸਾ ਦੇ ਦੌਰ ਵਿਚੋਂ ਲੰਘ ਰਿਹਾ ਹੈ। ਸੁਰੱਖਿਆ ਦਸਤਿਆਂ ਨੇ ਉਥੇ ਜਿੰਨੀ ਤਬਾਹੀ ਮਚਾਈ ਹੈ, ਕਸ਼ਮੀਰੀਆਂ ਦਾ ਮਨੋਬਲ ਤੋੜਨ ਲਈ ਜਿਸ ਤਰ੍ਹਾਂ ਦੇ ਵਹਿਸ਼ੀ ਕਾਰੇ ਉਨ੍ਹਾਂ ਦੀਆਂ ਤ੍ਰੀਮਤਾਂ ਨਾਲ ਕੀਤੇ ਹਨ, ਉਨ੍ਹਾਂ ਬਾਰੇ ਪੜ੍ਹ-ਸੁਣ ਕੇ ਹਰ ਸੰਵੇਦਨਸ਼ੀਲ ਬੰਦੇ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ। ਫਿਲਮਸਾਜ਼ ਵਿਸ਼ਾਲ ਭਾਰਦਵਾਜ ਦੀ ਗਾਇਕ ਪਤਨੀ ਰੇਖਾ ਭਾਰਦਵਾਜ ਨੇ ਜਦੋਂ ਕਸ਼ਮੀਰੀ ਪੱਤਰਕਾਰ ਬਸ਼ਾਰਤ ਪੀਰ ਵੱਲੋਂ ਲਿਖੀ ਯਾਦਾਂ ਦੀ ਕਿਤਾਬ Ḕਕਰਫਿਊ ਨਾਈਟḔ ਪੜ੍ਹੀ ਤਾਂ ਬੁਰੀ ਤੱਕ ਹਿੱਲ ਗਈ। ਕਿਤਾਬ ਵਿਚ ਦਰਜ ਗੱਲਾਂ ਉਸ ਦੀ ਸੋਚ ਦੇ ਘੇਰੇ ਵਿਚੋਂ ਬਾਹਰ ਸਨ। ਕਸ਼ਮੀਰੀ ਕਿੰਨੀ ਔਖ ਵਿਚੋਂ ਲੰਘ ਰਹੇ ਸਨ, ਇਸ ਬਾਰੇ ਤਾਂ ਉਸ ਰੂਪ ਵਿਚ ਬਹੁਤੀ ਚਰਚਾ ਕਦੀ ਹੋਈ ਹੀ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਵਿਸ਼ਾਲ ਭਾਦਵਾਜ ਆਪਣੀ ਨਵੀਂ ਫਿਲਮ ਉਤੇ ਕੰਮ ਕਰ ਰਿਹਾ ਸੀ। ਇਹ ਫਿਲਮ ਉਹ ਸ਼ੇਕਸਪੀਅਰ ਦੇ ਨਾਟਕ ḔਹੈਮਲਟḔ ਨੂੰ ਆਧਾਰ ਬਣਾ ਕੇ ਲਿਖ ਰਿਹਾ ਸੀ। ਇਸ ਤੋਂ ਪਹਿਲਾਂ ਉਹ ਸ਼ੇਕਪੀਅਰ ਦੇ ਦੋ ਨਾਟਕਾਂ ḔਓਥੈਲੋḔ ਅਤੇ ḔਮੈਕਬੈਥḔ ਦੇ ਆਧਾਰ ਉਤੇ ḔਓਮਕਾਰਾḔ ਅਤੇ ḔਮਕਬੂਲḔ ਫਿਲਮਾਂ ਬਣਾ ਚੁੱਕਾ ਸੀ। ਜਦੋਂ ਉਸ ਨੇ ਰੇਖਾ ਭਾਰਦਵਾਜ ਤੋਂ ਕਸ਼ਮੀਰੀਆਂ ਦੇ ਦਰਦ ਦੀ ਦਾਸਤਾਨ ਸੁਣੀ ਤਾਂ ਉਸ ਨੇ ḔਹੈਮਲਟḔ ਦਾ ਕਥਾਨਕ ਕਸ਼ਮੀਰ ਵਿਚ ਸ਼ਿਫਟ ਕਰ ਲਿਆ ਅਤੇ ਹੁਣ ḔਹੈਦਰḔ ਨਾਂ ਦੀ ਫਿਲਮ ਸਭ ਦੇ ਸਾਹਮਣੇ ਹੈ। ਫਿਲਮ ਵਿਚ ਸ਼ਾਹਿਦ ਕਪੂਰ, ਤੱਬੂ, ਸ਼ਰਧਾ ਕਪੂਰ, ਕੇæਕੇæ ਮੈਨਨ, ਇਰਫਾਨ ਖਾਨ ਤੇ ਹੋਰ ਕਲਾਕਾਰਾਂ ਨੇ ਆਪੋ-ਆਪਣੀ ਅਦਾਕਾਰੀ ਨਾਲ ਜਾਨ ਪਾ ਦਿੱਤੀ ਹੈ।
ਵਿਸ਼ਾਲ ਭਾਰਦਵਾਜ ਨੇ ḔਹੈਮਲਟḔ ਦੇ ਬਹਾਨੇ ਉਸ ਕਸ਼ਮੀਰ ਦੇ ਘਾਣ ਦੀ ਗੱਲ ਛੇੜੀ ਹੈ ਜਿਥੇ ਪੈਰ-ਪੈਰ ਉਤੇ ਮੌਤ ਉਨ੍ਹਾਂ ਨੂੰ ਨਿਗਲ ਰਹੀ ਹੈ। ਫਿਲਮ ਵਿਚਲਾ ਇਹ ਬਿਰਤਾਂਤ ਹਿਲਾ ਦੇਣ ਵਾਲਾ ਹੈ। ਇਹ ਬਿਰਤਾਂਤ ਸਾਲ 1995 ਦੁਆਲੇ ਉਸਾਰਿਆ ਗਿਆ ਹੈ। ਸੰਸਾਰ ਪ੍ਰਸਿੱਧ ਅਦਾਕਾਰ ਐਂਥਨੀ ਕੁਇਨ ਦੀ ਫਿਲਮ Ḕਦਿ ਲਾਇਨ ਆਫ ਡੈਜ਼ਰਟḔ (ਉਮਰ ਮੁਖਤਾਰ) ਤੋਂ ਬਾਅਦ ḔਹੈਦਰḔ ਪਹਿਲੀ ਫਿਲਮ ਹੈ ਜਿਸ ਨੂੰ ਕਸ਼ਮੀਰੀ ਆਪਣੇ ਦਿਲ ਦੇ ਨੇੜੇ ਸਮਝ ਰਹੇ ਹਨ। ਜਦੋਂ Ḕਦਿ ਲਾਇਨ ਆਫ ਡੈਜ਼ਰਟḔ ਸ੍ਰੀਨਗਰ ਦੇ ਰੀਗਲ ਸਿਨੇਮਾ ਵਿਚ ਲੱਗੀ ਸੀ, ਤਾਂ ਕਸ਼ਮੀਰੀ ਡਾਰਾਂ ਬਣਾ ਕੇ ਇਹ ਫਿਲਮ ਦੇਖਣ ਪੁੱਜੇ ਸਨ। ਹੁਣ ḔਹੈਦਰḔ ਨੂੰ ਕਸ਼ਮੀਰੀਆਂ ਨੇ ਇਸੇ ਤਰ੍ਹਾਂ ਦਾ ਹੁੰਗਾਰਾ ਭਰਿਆ ਹੈ। ਪਹਿਲਾਂ ਤਾਂ ਕਸ਼ਮੀਰ ਬਾਰੇ ਬਣੀਆਂ ਫਿਲਮਾਂ ਵਿਚ ਫੌਜੀਆਂ ਦੇ ਸਿਹਰੇ ਹੀ ਪੜ੍ਹੇ ਹੁੰਦੇ ਸਨ, ਜਾਂ ਫਿਰ ਕਸ਼ਮੀਰੀ ਕੁੜੀਆਂ ਦੇ ਸੁਹੱਪਣ ਦੀ ਚਰਚਾ ਕੀਤੀ ਹੁੰਦੀ ਸੀ।
ਫਿਲਮ ḔਹੈਦਰḔ ਨੂੰ ਸਭ ਨੇ ਭਰਵਾਂ ਹੁੰਗਾਰਾ ਭਰਿਆ ਹੈ ਅਤੇ ਬਤੌਰ ਫਿਲਮ ਸਭ ਨੇ ਵਿਸ਼ਾਲ ਭਾਰਦਵਾਜ ਵੱਲੋਂ ਕੀਤੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ। ਕਸ਼ਮੀਰ ਦਾ ਮਸਲਾ ਕਿਉਂਕਿ ਨਿਰੋਲ ਸਿਆਸੀ ਹੈ, ਇਸ ਲਈ ਕੁਝ ਲੋਕਾਂ ਨੇ ਇਸ ਫਿਲਮ ਨੂੰ ਇਸ ਨਜ਼ਰੀਏ ਤੋਂ ਦੇਖਣ ਦਾ ਯਤਨ ਵੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਦਾ ਮਸਲਾ ਕਾਨੂੰਨ ਤੇ ਵਿਵਸਥਾ ਦਾ ਮਸਲਾ ਨਹੀਂ ਹੈ, ਇਹ ਮਸਲਾ ਤਾਂ ਕਸ਼ਮੀਰ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਹੈ। ਕਸ਼ਮੀਰੀਆਂ ਉਤੇ ਜਿੰਨਾ ਤਸ਼ੱਦਦ ਫੌਜ ਨੇ ਢਾਹਿਆ ਹੈ, ਕੀ ਕਿਸੇ ਮੁਲਕ ਦੀ ਫੌਜ ਆਪਣੇ ਲੋਕਾਂ ਨਾਲ ਅਜਿਹਾ ਵਰਤਾਓ ਕਰ ਸਕਦੀ ਹੈ? ਬਹੁਤ ਸਾਰੀਆਂ ਉਘੀਆਂ ਹਸਤੀਆਂ ਨੇ ਵੀ ḔਹੈਦਰḔ ਦੀ ਪ੍ਰਸ਼ੰਸਾ ਕੀਤੀ ਹੈ। Ḕਸਿਟੀ ਲਾਈਟਸḔ ਵਰਗੀ ਸ਼ਕਤੀਸ਼ਾਲੀ ਫਿਲਮ ਬਣਾਉਣ ਵਾਲੇ ਫਿਲਮਸਾਜ਼ ਹੰਸਲ ਮਹਿਤਾ ਮੁਤਾਬਕ ਫਿਲਮ ਅਤੇ ਇਸ ਫ਼ਿਲਮ ਦੇ ਅਦਾਕਾਰਾਂ ਨੇ ਦੰਗ ਕਰ ਕੇ ਰੱਖ ਦਿੱਤਾ ਹੈ। ਫਿਲਮਸਾਜ਼ ਮੀਰਾ ਨਾਇਰ ਨੇ ਫਿਲਮ ਵਿਚ ਤੱਬੂ ਅਤੇ ਇਮਰਾਨ ਖ਼ਾਨ ਦੇ ਰੋਲ ਦੀ ਪ੍ਰਸ਼ੰਸਾ ਕੀਤੀ ਹੈ। ਅਦਾਕਾਰਾ ਹੁਮਾ ਕੁਰੈਸ਼ੀ ਨੇ ḔਹੈਦਰḔ ਨੂੰ ਚੇਤਿਆਂ ਵਿਚ ਵੱਸਣ ਵਾਲੀ ਫਿਲਮ ਦੱਸਿਆ ਹੈ। ਦੀਪਾ ਮਹਿਤਾ ਨੇ ਵੀ ਫਿਲਮ ਦੀ ਤਰੀਫ ਕੀਤੀ ਹੈ। ਹੈਦਰ ਦਾ ਰੋਲ ਨਿਭਾਉਣ ਵਾਲੇ ਸ਼ਾਹਿਦ ਕਪੂਰ ਦੇ ਪਿਤਾ ਪੰਕਜ ਕਪੂਰ ਜੋ ਖੁਦ ਮਿਸਾਲੀ ਅਦਾਕਾਰ ਹਨ, ਨੇ ਫਿਲਮ ਦੇ ਡਾਇਰੈਕਟਰ ਵਿਸ਼ਾਲ ਭਾਰਦਵਾਜ ਦਾ ਧੰਨਵਾਦ ਕੀਤਾ ਹੈ ਕਿ ਉਸ ਨੇ ਸ਼ਾਹਿਦ ਕਪੂਰ ਨੂੰ ḔਹੈਦਰḔ ਦਾ ਕਿਰਦਾਰ ਨਿਭਾਉਣ ਲਈ ਚੁਣਿਆ। ਪੰਕਜ ਕਪੂਰ ਖੁਦ ਵਿਸ਼ਾਲ ਦੀ ਫਿਲਮ ḔਮਕਬੂਲḔ ਵਿਚ ਅਦਾਕਾਰੀ ਦੇ ਜੌਹਰ ਦਿਖਾ ਚੁੱਕਾ ਹੈ।
ਦੂਜੇ ਬੰਨੇ ਕੁਝ ਰਿਵਿਊਕਾਰਾਂ ਨੇ ਪੱਤਰਕਾਰ ਬਸ਼ਾਰਤ ਪੀਰ ਨੂੰ ਆਈæਐਸ਼ਆਈæ ਦਾ ਏਜੰਟ ਤੱਕ ਗਰਦਾਨ ਦਿੱਤਾ ਹੈ। ਇਨ੍ਹਾਂ ਲੋਕਾਂ ਨੇ ਉਸ ਦੀ ਕਿਤਾਬ Ḕਕਰਫਿਊ ਨਾਈਟḔ ਉਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਵੀ ਲਾਏ ਹਨ। ਇਨ੍ਹਾਂ ਦੀ ਨਜ਼ਰ ਵਿਚ ਇਸ ਕਿਤਾਬ ਅਤੇ ਇਸ ਕਿਤਾਬ ਦੇ ਆਧਾਰ ਉਤੇ ਲਿਖੀ ਗਈ ਕਹਾਣੀ ਵਾਲੀ ਫਿਲਮ ḔਹੈਦਰḔ ਦਾ ਬਾਈਕਾਟ ਹੀ ਹੋਣਾ ਚਾਹੀਦਾ ਹੈ। ਕੁਝ ਵੀ ਹੋਵੇ, ਇਕ ਗੱਲ ਸਾਫ ਹੈ ਕਿ ਵਿਸ਼ਾਲ ਨੇ ḔਹੈਦਰḔ ਬਣਾ ਕੇ ਕਸ਼ਮੀਰ ਦਾ ਦਰਦ ਬਿਆਨ ਕੀਤਾ ਹੈ।
-ਗੁਰਬਖਸ਼ ਸਿੰਘ ਸੋਢੀ
Leave a Reply