ਵਾਸ਼ਿੰਗਟਨ (ਪੰਜਾਬ ਟਾਈਮਜ਼ ਬਿਊਰੋ): ਅਮਰੀਕੀ ਦੌਰੇ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੰਸਾਰ ਭਰ ਵਿਚ ਛਾ ਗਏ। ਉਨ੍ਹਾਂ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਹਿੰਦੀ ਵਿਚ ਸੰਬੋਧਨ ਕਰ ਕੇ ਸਭ ਦਾ ਧਿਆਨ ਖਿੱਚਿਆ। ਅਮਰੀਕੀ ਮੀਡੀਆ ਨੇ ਤਾਂ ਉਨ੍ਹਾਂ ਨੂੰ ‘ਰਾਕ ਸਟਾਰ’ ਤੱਕ ਦਾ ਖ਼ਿਤਾਬ ਦੇ ਦਿੱਤਾ ਅਤੇ ਮੈਡੀਸਨ ਸਕੁਏਅਰ ਗਾਰਡਨ ਵਿਚਲੇ ਉਨ੍ਹਾਂ ਦੇ ਸਮਾਗਮ ਦੀ ਭਰਵੀਂ ਕਵਰੇਜ ਕੀਤੀ। ਭਾਰਤੀ ਮੀਡੀਆ ਨੇ ਵੀ ਮੋਦੀ ਦੀ ਅਮਰੀਕੀ ਫੇਰੀ ਨੂੰ ਸਫਲ ਕਰਾਰ ਦਿੱਤਾ ਹੈ। ਇਸੇ ਦੌਰਾਨ ਕਈ ਟੀæਵੀæ ਚੈਨਲਾਂ ਨੇ ਨਿਊਯਾਰਕ ਵਿਚ ਉਨ੍ਹਾਂ ਵਿਰੁੱਧ ਹੋਏ ਰੋਸ ਪ੍ਰਦਰਸ਼ਨ ਵੀ ਦਿਖਾਏ।
ਸ੍ਰੀ ਆਪਣੀ ਇਸ ਫੇਰੀ ਦੌਰਾਨ ਅਮਰੀਕਾ ਵਿਚ ਰਹਿੰਦੇ ਭਾਰਤੀਆਂ ਨੂੰ ਖੁੱਲ੍ਹ ਕੇ ਮਿਲੇ। ਉਨ੍ਹਾਂ ਪਰਵਾਸੀ ਸਿੱਖਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਅਤੇ ਪਰਵਾਸੀ ਭਾਰਤੀਆਂ ਤੇ ਅਮਰੀਕੀ ਕਾਰੋਬਾਰੀਆਂ ਨੂੰ ਭਾਰਤ ਵਿਚ ਨਿਵੇਸ਼ ਲਈ ਪ੍ਰੇਰਿਆ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਮੰਚ ‘ਤੇ ਵੀ ਅਤੇ ਫਿਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੀਟਿੰਗ ਦੌਰਾਨ ਵੀ ਅਤਿਵਾਦ ਦਾ ਮੁੱਦਾ ਉਭਾਰਿਆ। ਮਗਰੋਂ ਵ੍ਹਾਈਟ ਹਾਊਸ ਵਿਚ ਗੱਲਬਾਤ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਮੀਡੀਆ ਲਈ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਦੋਵੇਂ ਦੇਸ਼ ਇਕ-ਦੂਜੇ ਦੇ ਹਿੱਤਾਂ ਦੀ ਕਦਰ ਕਰਨਗੇ ਅਤੇ ਸਾਂਝੇ ਹਿੱਤਾਂ ਉਪਰ ਡਟ ਕੇ ਪਹਿਰਾ ਦੇਣਗੇ। ਗੱਲਬਾਤ ਦੌਰਾਨ ਆਰਥਿਕ ਸਹਿਯੋਗ, ਵਪਾਰ ਤੇ ਨਿਵੇਸ਼ ਵਰਗੇ ਮੁੱਦੇ ਵਿਚਾਰੇ ਗਏ। ਦੋਵਾਂ ਦੇਸ਼ਾਂ ਨੇ ਸੁਰੱਖਿਆ ਦੇ ਖੇਤਰ ਵਿਚ ਸਹਿਯੋਗ 10 ਸਾਲਾਂ ਲਈ ਵਧਾਉਣ ਦੇ ਸਮਝੌਤੇ ‘ਤੇ ਵੀ ਸਹੀ ਪਾਈ ਜਦੋਂਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਕੰਪਨੀਆਂ ਨੂੰ ਭਾਰਤ ਵਿਚ ਫੌਜੀ ਸਾਜ਼ੋ-ਸਾਮਾਨ ਤਿਆਰ ਕਰਨ ਦੀਆਂ ਇਕਾਈਆਂ ਸਥਾਪਤ ਕਰਨ ਦਾ ਸੱਦਾ ਦਿੱਤਾ।
ਸ੍ਰੀ ਓਬਾਮਾ ਨੇ ਸ੍ਰੀ ਮੋਦੀ ਨੂੰ ਭਰੋਸਾ ਦਿਵਾਇਆ ਕਿ ਸੰਯੁਕਤ ਰਾਸ਼ਟਰ ਵਿਚ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਵਜੋਂ ਭਾਰਤ ਦੇ ਦਾਅਵੇ ਦਾ ਅਮਰੀਕਾ ਸਮਰਥਨ ਕਰਦਾ ਹੈ। ਓਬਾਮਾ ਨੇ ਭਾਰਤ ਦੇ ਮਿਜ਼ਾਇਲ ਟੈਕਨਾਲੋਜੀ ਕੰਟਰੋਲ ਸ਼ਾਸਨ (ਐਮæਟੀæਸੀæਆਰæ) ਦੀਆਂ ਸ਼ਰਤਾਂ ਨੂੰ ਪੂਰਾ ਕਰਨ ਕਰਕੇ ਇਸ ਨੂੰ ਨਿਊਕਲੀਅਰ ਸਪਲਾਇਰ ਗਰੁੱਪ (ਐਨæਐਸ਼ਜੀæ) ਵਿਚ ਸ਼ਾਮਲ ਕਰਨ ਦਾ ਵੀ ਸਮਰਥਨ ਕੀਤਾ।ਦੋਹਾਂ ਆਗੂਆਂ ਵਿਚਾਲੇ ਵ੍ਹਾਈਟ ਹਾਊਸ ਵਿਚ ਬੈਠਕ ਹੋਈ ਜਿਸ ਵਿਚ ਦੋਵਾਂ ਦੇਸ਼ਾਂ ਨੇ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ, ਸਿਵਲ ਪਰਮਾਣੂ ਸਮਝੌਤੇ ਨੂੰ ਲਾਗੂ ਕਰਨ ਵਿਚ ਆ ਰਹੀਆਂ ਮੁਸ਼ਕਿਲਾਂ ਦੂਰ ਕਰਨ ਤੇ ਅਤਿਵਾਦ ਨਾਲ ਲੜਨ ਲਈ ਆਪਸੀ ਸਹਿਯੋਗ ਵਧਾਉਣ ਦੀ ਪ੍ਰਤੀਬੱਧਤਾ ਪ੍ਰਗਟਾਈ।
ਦੋਹਾਂ ਆਗੂਆਂ ਨੇ ਅਤਿਵਾਦ ਲਈ ਸੁਰੱਖਿਅਤ ਪਨਾਹਗਾਹ ਤੇ ਅਤਿਵਾਦੀ ਸੰਗਠਨਾਂ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ, ਡੀ ਕੰਪਨੀ, ਅਲ-ਕਾਇਦਾ ਤੇ ਹੱਕਾਨੀ ਨੈਟਵਰਕ ਨੂੰ ਖਤਮ ਕਰਨ ਲਈ ਸਾਂਝੀਆਂ ਤੇ ਸੰਗਠਿਤ ਕੋਸ਼ਿਸ਼ਾਂ ਕਰਨ ਲਈ ਸਮਝੌਤਾ ਕੀਤਾ ਹੈ।
ਇਨਾਂ ਅਤਿਵਾਦੀ ਸੰਗਠਨਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਵਾਲਿਆਂ ਖਿਲਾਫ ਠੋਸ ਕਦਮ ਚੁੱਕਣ ਲਈ ਸਹਿਮਤੀ ਬਣੀ। ਮੀਟਿੰਗ ਤੋਂ ਬਾਅਦ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਭਾਰਤ-ਅਮਰੀਕਾ ਵਿਚਾਲੇ ਸਮਝੌਤੇ ਤੋਂ ਭਾਵ ਇਹ ਨਹੀਂ ਕਿ ਭਾਰਤ ਤੇ ਅਮਰੀਕਾ ਇਨ੍ਹਾਂ ਅਤਿਵਾਦੀ ਸੰਗਠਨਾਂ ਖਿਲਾਫ ਕੋਈ ਕਾਰਵਾਈ ਸ਼ੁਰੂ ਕਰ ਰਹੇ ਹਨ, ਬਲਕਿ ਭਾਰਤ ਸੰਯੁਕਤ ਰਾਸ਼ਟਰ ਵੱਲੋਂ ਦਿੱਤੇ ਗਏ ਕੰਮ ਨੂੰ ਅੰਜਾਮ ਦੇਵੇਗਾ।
ਸਿੱਖਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ
ਨਿਊ ਯਾਰਕ: ਅਮਰੀਕੀ ਸਿੱਖਾਂ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੰਜਾਬ ਤੇ ਸਿੱਖਾਂ ਨਾਲ ਸਬੰਧਤ ਕਈ ਮਸਲੇ ਪ੍ਰਧਾਨ ਮੰਤਰੀ ਕੋਲ ਰੱਖੇ। ਮੋਦੀ ਨੂੰ ਸਿੱਖਾਂ ਖ਼ਾਸਕਰ 1980 ਦੇ ਦਹਾਕੇ ਵਿਚ ਸਿਆਸੀ ਸ਼ਰਨ ਲਈ ਬਿਨੈ ਕਰਨ ਵਾਲੇ ਲੋਕਾਂ, ਸਾਹਮਣੇ ਵੀਜ਼ਾ ਜਾਂ ਪਾਸਪੋਰਟ ਦੇ ਨਵੀਨੀਕਰਨ ਲਈ ਬਿਨੈ ਕਰਨ ਸਮੇਂ ਆਉਣ ਵਾਲੇ ਅੜਿੱਕੇ ਦੂਰ ਕਰਨ ਦੀ ਅਪੀਲ ਕੀਤੀ ਗਈ। ਇਸ 29 ਮੈਂਬਰੀ ਵਫ਼ਦ ਨੇ ਪ੍ਰਧਾਨ ਮੰਤਰੀ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਭਾਰਤੀ ਸਫ਼ਾਰਤਖ਼ਾਨੇ ਦੇ ਵੀਜ਼ਾ ਦੇਣ ਤੋਂ ਇਨਕਾਰ ਕਰਨ ਜਾਂ ਪਾਸਪੋਰਟ ਦਾ ਨਵੀਨੀਕਰਨ ਨਾ ਕਰਨ ਤੋਂ ਐਨæਆਰæਆਈæ ਸਿੱਖ ਖ਼ੁਦ ਨੂੰ ਅਲੱਗ-ਥਲੱਗ ਮਹਿਸੂਸ ਕਰਦਾ ਹੈ ਤੇ ਲੋਕ ਆਪਣੇ ਪਰਿਵਾਰ ਨੂੰ ਮਿਲਣ ਤੇ ਭਾਰਤ ਵਿਚ ਆਪਣੀ ਜਾਇਦਾਦ ਦੀ ਸੰਭਾਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ, ਕਿਉਂਕਿ ਉਨ੍ਹਾਂ ਨੇ ਪੰਜਾਬ ਵਿਚ ਉਥਲ-ਪੁਥਲ ਵਾਲੇ ਸਮੇਂ ਵਿਚ ਅਮਰੀਕਾ ਵਿਖੇ ਸਿਆਸੀ ਸ਼ਰਨ ਲਈ ਬਿਨੈ ਕੀਤਾ ਸੀ। ਇਕ ਘੰਟੇ ਦੀ ਬੈਠਕ ਵਿਚ ਸਿੱਖਾਂ ਦੇ ਕਈ ਦੂਜੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ। ਮੰਗ ਪੱਤਰ ਵਿਚ ਕਿਹਾ ਗਿਆ ਕਿ ਤਿੰਨ ਦਹਾਕੇ ਪਹਿਲਾਂ ਸਿਆਸੀ ਸ਼ਰਨ ਲਈ ਬਿਨੈ ਕਰਨ ਲਈ ਹੁਣ ਵੀ ਐਨæਆਰæਆਈæ ਸਿੱਖਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਸਿੱਖਾਂ ਨੇ 1984 ਦੇ ਸਿੱਖ ਕਤਲੇਆਮ ਅਤੇ ਗੁਜਰਾਤ ਦੇ ਸਿੱਖ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ਭਾਰਤ ਲਈ ਸਿੱਖਾਂ ਵੱਲੋਂ ਦਿੱਤੀ ਕੁਰਬਾਨੀ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਸਿੱਖਾਂ ਦੀਆਂ ਚਿੰਤਾਵਾਂ ਬਾਬਤ ਕਿਹਾ ਕਿ ਸਰਕਾਰ ਇਨ੍ਹਾਂ ‘ਤੇ ਗ਼ੌਰ ਕਰੇਗੀ ਤੇ ਕੋਈ ਹੱਲ ਕੱਢਿਆ ਜਾਵੇਗਾ।
______________________________________
ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਰੋਸ ਮੁਜ਼ਾਹਰਾ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਦਿੱਤੇ ਰਾਤਰੀ ਭੋਜ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵ੍ਹਾਈਟ ਹਾਊਸ ਪੁੱਜੇ ਤਾਂ ਉਨ੍ਹਾਂ ਵਿਰੁੱਧ ਰੋਸ ਪ੍ਰਦਰਸ਼ਨ ਹੋਇਆ। ਅਮਰੀਕੀ ਰਾਸ਼ਟਰਪਤੀ ਦੇ ਘਰ ਕੋਲ ਸਿੱਖ ਅਤੇ ਕਸ਼ਮੀਰੀ ਸੰਗਠਨਾਂ ਨਾਲ ਜੁੜੇ ਲੋਕਾਂ ਨੇ ਮੋਦੀ ਵਿਰੁੱਧ ਨਾਅਰੇ ਲਾਏ। ਇਸ ਮੌਕੇ ਮੋਦੀ ਦੇ ਹਮਾਇਤੀ ਵੀ ਕਾਫ਼ੀ ਗਿਣਤੀ ਵਿਚ ਹਾਜ਼ਰ ਸਨ। ਦੋਵੇਂ ਧਿਰਾਂ ਆਹਮੋ-ਸਾਹਮਣੇ ਵੀ ਆ ਗਈਆਂ ਸਨ, ਪਰ ਪੁਲਿਸ ਨੇ ਦੋਹਾਂ ਵਿਚਕਾਰ ਪੈ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਇਸ ਤੋਂ ਪਹਿਲਾਂ ਮੈਡੀਸਨ ਸੁਕੇਅਰ ਗਾਰਡਨ ਕੋਲ ਵੀ ਮੋਦੀ ਦਾ ਜ਼ਬਰਦਸਤ ਵਿਰੋਧ ਹੋਇਆ ਅਤੇ ਪੋਸਟਰਾਂ ਵਿਚ ਉਨ੍ਹਾਂ ਨੂੰ ਕਾਤਲ ਦੱਸਿਆ ਗਿਆ ਸੀ। ਮੋਦੀ ਜਦੋਂ ਵ੍ਹਾਈਟ ਹਾਊਸ ਪੁੱਜਣ ਵਾਲੇ ਸਨ ਤਾਂ ਕਸ਼ਮੀਰੀ ਅਤੇ ਸਿੱਖ ਉਨ੍ਹਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਗੁਜਰਾਤ ਦੰਗਿਆਂ ਕਾਰਨ ਮੋਦੀ ਦਾ ਵਿਰੋਧ ਕਰ ਰਹੇ ਇਨ੍ਹਾਂ ਲੋਕਾਂ ਨੇ ਹੱਥਾਂ ਵਿਚ ਪੋਸਟਰ ਫਵੇ ਹੋਏ ਸਨ। ਉਹ ਮੋਦੀ ਵਿਰੋਧੀ ਨਾਅਰੇ ਵੀ ਲਾ ਰਹੇ ਸਨ।
Leave a Reply