ਰੋਹ ਵਿਚ ਆਏ ਲੋਕਾਂ ਨੇ ਸੁਖਬੀਰ ਬਾਦਲ ਦਾ ਰਾਹ ਡੱਕਿਆ

ਲੰਬੀ: ਪਿੰਡ ਬਾਦਲ ਦੇ ਲੋਕਾਂ ਦੇ ਤਿੱਖੇ ਵਿਰੋਧ ਕਰ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਦੇ ਵੀæਆਈæਪੀæ ਛੱਪੜ ਨੂੰ ਪਾਰਕ ਵਿਚ ਬਦਲਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਨਾ ਰੱਖਿਆ ਜਾ ਸਕਿਆ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਛੱਪੜ ਦੇ ਨਵੀਨੀਕਰਨ ਪਾਰਕ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਜਾਣਾ ਸੀ। ਬਠਿੰਡਾ ਰੋਡ ‘ਤੇ ਸਥਿਤ ਛੱਪੜ ਦੇ ਬਾਹਰਲੇ ਪਾਸੇ ਬਾਕਾਇਦਾ ਉਪ ਮੁੱਖ ਮੰਤਰੀ ਵੱਲੋਂ ਟੈਂਟ ਵਗੈਰਾ ਲਗਾ ਕੇ ਪੂਰੀ ਤਿਆਰੀ ਕੀਤੀ ਹੋਈ ਸੀ। ਇਹ ਛੱਪੜ ਮੀਂਹਾਂ ਸਮੇਂ ਪਿੰਡ ਬਾਦਲ ਵਿਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਵੱਡਾ ਜ਼ਰੀਆ ਹੈ। ਜਿਥੋਂ ਮੋਟਰਾਂ ਰਾਹੀਂ ਪਾਣੀ ਅਗਾਂਹ ਸੇਮ ਨਾਲੇ ਵਿਚ ਛੱਡ ਦਿੱਤਾ ਜਾਂਦਾ ਹੈ।
ਪਿੰਡ ਬਾਦਲ ਮੁੱਖ ਸੜਕ ‘ਤੇ ਪੈਂਦੇ ਇਸ ਛੱਪੜ ਨੂੰ ਪਿੰਡ ਦੀ ‘ਵੀæਆਈæਪੀæ ਲੁੱਕ’ ਵਿਚ ਅੜਿੱਕਾ ਮੰਨਦਿਆਂ ਇਸ ‘ਤੇ ਲੱਖਾਂ ਰੁਪਏ ਖਰਚ ਕੇ ਕੰਧਾਂ ਉਸਾਰ ਕੇ ਕਿਲ੍ਹਾਨੁਮਾ ਬਣਾ ਦਿੱਤਾ ਗਿਆ ਸੀ। ਪਹਿਲਾਂ ਤੋਂ ਵੱਡੇ ਲੋਕਾਂ ਦੇ ਕਬਜ਼ਿਆਂ ਦੀ ਮਾਰ ਝੱਲ ਰਹੇ ਇਸ ਛੱਪੜ ‘ਤੇ 24 ਲੱਖ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਪਾਰਕ ਦਾ ਨੀਂਹ-ਪੱਥਰ ਰੱਖੇ ਜਾਣ ਦੀ ਤਿਆਰੀਆਂ ਵੇਖ ਕੇ ਪਿੰਡ ਦੇ ਆਮ ਲੋਕ ਇਕੱਠੇ ਹੋਏ ਤੇ ਨੀਂਹ-ਪੱਥਰ ਸਮਾਗਮ ਲਈ ਲਾਏ ਟੈਂਟ ਮੂਹਰੇ ਬੈਠ ਕੇ ਰੋਸ ਪ੍ਰਗਟਾਉਣ ਲੱਗੇ। ਲੋਕਾਂ ਨੇ ਕਿਹਾ ਕਿ ਇਸ ਛੱਪੜ ਦਾ ਰਕਬਾ ਤਕਰੀਬਨ ਪੰਜ ਏਕੜ ਸੀ ਜੋ ਕੁਝ ਲੋਕਾਂ ਵੱਲੋਂ ਕਬਜ਼ਾ ਕੀਤੇ ਜਾਣ ਕਰ ਕੇ ਹੁਣ ਸਿਰਫ਼ ਦੋ ਏਕੜ ਤੱਕ ਸੀਮਤ ਹੋ ਕੇ ਰਹਿ ਗਿਆ।
ਪਿੰਡ ਵਾਸੀਆਂ ਨੇ ਆਖਿਆ ਕਿ ਇਕ ਪਾਸੇ ਤਾਂ ਚੌਰਾਹਿਆਂ ‘ਤੇ ਸਵੱਛ ਭਾਰਤ ਮੁਹਿੰਮ ਦੇ ਹੋਰਡਿੰਗ ਲਗਾ ਕੇ ਸਾਫ਼-ਸਫ਼ਾਈ ਲਈ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਹੈ, ਦੂਜੇ ਪਾਸੇ ਛੱਪੜ ਦੀ ਥਾਂ ਵਿਚ ਪਾਰਕ ਬਣਾ ਕੇ ਪਿੰਡ ਦੇ ਲੋਕਾਂ ਨੂੰ ਜਿਉਂਦੇ ਜੀਅ ਨਰਕ ਵਿਚ ਧੱਕਿਆ ਜਾ ਰਿਹਾ ਹੈ। ਸਰਕਾਰ ਵੱਲੋਂ ਕਰੋੜਾਂ ਫੂਕ ਕੇ ਬਣਾਇਆ ਸੀਵਰੇਜ ਸਿਸਟਮ ਮੁੱਢਲੇ ਪੜਾਅ ‘ਤੇ ਫੇਲ੍ਹ ਹੋ ਚੁੱਕਿਆ ਹੈ। ਪਾਣੀ ਨਿਕਾਸੀ ਲਈ ਇਸ ਛੱਪੜ ‘ਤੇ ਹੀ ਵੱਡੀ ਟੇਕ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਉਹ ਛੱਪੜ ਵਾਲੀ ਜਗ੍ਹਾ ‘ਤੇ ਕਿਸੇ ਕੀਮਤ ਪਾਰਕ ਨਹੀਂ ਬਣਨ ਦੇਣਗੇ। ਨੀਂਹ ਪੱਥਰ ਰੱਖਣ ਲਈ ਉਪ ਮੁੱਖ ਮੰਤਰੀ ਦੇ ਪਿੰਡ ਪੁੱਜਣ ‘ਤੇ ਪਿੰਡ ਵਾਸੀਆਂ ਦੇ ਇਕ ਵਫ਼ਦ ਨੂੰ ਉਨ੍ਹਾਂ ਨਾਲ ਮਿਲਵਾਇਆ ਗਿਆ। ਪਿੰਡ ਵਾਸੀਆਂ ਨੇ ਪਾਰਕ ਬਣਨ ‘ਤੇ ਪਾਣੀ ਨਿਕਾਸੀ ਦੀ ਸਮੱਸਿਆ ਸੁਖਬੀਰ ਸਿੰਘ ਬਾਦਲ ਕੋਲ ਬਿਆਨੀ। ਸੂਤਰਾਂ ਅਨੁਸਾਰ ਸ਼ ਬਾਦਲ ਨੇ ਪਿੰਡ ਵਾਸੀਆਂ ਨੂੰ ਪਾਰਕ ਨਾ ਬਣਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਉਪ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੇ ਮੌਕੇ ‘ਤੇ ਪੁੱਜ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਨੀਂਹ ਪੱਥਰ ਸਮਾਗਮ ਦੇ ਟੈਂਟ ਨੂੰ ਮੂਹਰੇ ਪਰਦਾ ਲਗਾ ਕੇ ਬੰਦ ਕਰ ਦਿੱਤਾ ਗਿਆ। ਇਸੇ ਦੌਰਾਨ ਪੰਚਾਇਤੀ ਰਾਜ ਵਿਭਾਗ ਸਮੇਤ ਹੋਰ ਸਰਕਾਰੀ ਕਰਮਚਾਰੀ ਟੈਂਟ ਦੇ ਆਲੇ-ਦੁਆਲੇ ਘੁੰਮਦੇ ਰਹੇ। ਇਸ ਬਾਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਜਸਕਿਰਨ ਸਿੰਘ ਨੇ ਆਖਿਆ ਕਿ ਇਹ ਕਾਫ਼ੀ ਪੁਰਾਣਾ ਪ੍ਰੋਜੈਕਟ ਹੈ ਪਰ ਲੋਕਾਂ ਦਾ ਵਿਰੋਧ ਸਾਹਮਣੇ ਆਇਆ ਹੈ ਤੇ ਇਸ ਨੂੰ ਲੋਕਾਂ ਨਾਲ ਬੈਠ ਕੇ ਇਸ ਦਾ ਢੁੱਕਵਾ ਹੱਲ ਕਰ ਲਿਆ ਜਾਵੇਗਾ।

Be the first to comment

Leave a Reply

Your email address will not be published.