ਬਾਤਾਂ ਕਮਲਿਆਂ ਦੇ ਟੱਬਰ ਦੀਆਂ

ਅਮੋਲਕ ਪਿਆਰੇ ਗੁਰੂ ਫਤਿਹ।
‘ਪੰਜਾਬੀ ਟ੍ਰਿਬਿਊਨ ਵਿਚ ਸੰਘਰਸ਼ ਦੇ ਵਰ੍ਹੇ’ ਪੜ੍ਹਨ ਬਾਅਦ ਮੈਨੂੰ ਲੱਗਿਆ ਹੈ ਕਿ ਇਸ ਦਾ ਸਿਰਲੇਖ ‘ਕਮਲਿਆਂ ਦਾ ਟੱਬਰ’ ਹੋਣਾ ਚਾਹੀਦਾ ਸੀ। ਅਸਲ ਵਿਚ ਮੇਰੀ ਇਹ ਰਾਏ ਤੇਰੇ ਲਿਖੇ ਅਤੇ ਪੰਜਾਬ ਟਾਈਮਜ਼ ਵਿਚ ਛਪ ਚੁਕੇ ਲੇਖ ‘ਕਮਲਿਆਂ ਦੇ ਟੱਬਰ’ ਨੂੰ ਯਾਦ ਕਰਕੇ ਹੀ ਬਣੀ ਹੈ। ਇਸ ਲੇਖ ਤੋਂ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਸਮਾਜਿਕ ਪਹਿਰੇਦਾਰੀ ਦੇ ਦਾਅਵੇਦਾਰ ਮੀਡੀਆ ਵਿਚ ਵੀ ਨੈਤਿਕ-ਨਿਘਾਰ ਉਸੇ ਤਰ੍ਹਾਂ ਵਿਆਪਕ ਰੂਪ ਵਿਚ ਵਾਪਰ ਰਿਹਾ ਹੈ, ਜਿਵੇਂ ਬਾਕੀ ਖੇਤਰਾਂ ਵਿਚ। ਇਸ ਨਾਲ ਸਮਾਜਿਕ ਨਿਘਾਰ ਵਲ ਉਂਗਲੀ ਤਾਂ ਉਠਦੀ ਹੈ, ਪਰ ਇਸ ਦਾ ਪ੍ਰਸੰਗਕ-ਉਸਾਰ ਸਾਹਮਣੇ ਨਹੀਂ ਆਉਂਦਾ। ਤੇਰਾ ਹਮਦਰਦ ਹੋਣ ਨਾਤੇ ਮੈਨੂੰ ਤੇਰੇ ਨਾਲ ਹੋਈਆਂ ਵਧੀਕੀਆਂ ਦੇ ਦਰਦ ਨੇ ਵਿਚਲਿਤ ਕੀਤਾ ਹੈ। ਲਿਖਣ ਨਾਲ ਜੇ ਤੇਰਾ ਕੈਥਾਰਸਿਸ ਹੋ ਗਿਆ ਹੋਵੇ ਤਾਂ ਠੀਕ ਹੈ ਪਰ ਮੈਨੂੰ ਅਜਿਹਾ ਨਹੀਂ ਲਗਦਾ? ਤੇਰੇ ਵਰਗੀਆਂ ਸੰਵੇਦਨਸ਼ੀਲ ਰੂਹਾਂ ਕੈਥਾਰਸਿਸ ਦੀਆਂ ਮੁਥਾਜ ਨਹੀਂ ਹੁੰਦੀਆਂ। ਢਕੀ ਰਿਝਣ ਦਾ ਵੀ ਭਰਮ ਹੀ ਹੁੰਦਾ ਹੈ। ਜੋ ਵਾਪਰਿਆ, ਉਸ ਦਾ ਦੁੱਖ ਜਾਂ ਖੁਸ਼ੀ ਹੋਵੇ ਵੀ ਤਾਂ ਵੀ ਇਸ ਨੂੰ ਪਛਤਾਵਾ ਜਾਂ ਗਲਤੀ ਦਾ ਅਹਿਸਾਸ ਤਾਂ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਵੇਰਵਿਆਂ ਦਾ ਮਹਿਜ਼ ਵਿਖਿਆਨ, ਬਿਰਤਾਂਤ ਨਹੀਂ ਹੋ ਜਾਂਦਾ, ਫਿਰ ਵੀ ਜਿਸ ਸਾਹਸ ਅਤੇ ਬੇਬਾਕੀ ਨਾਲ ਤੂੰ ਲਿਖਿਆ ਹੈ, ਇਹ ਪੱਤਰਕਾਰੀ ਦੀ ਦ੍ਰਿਸ਼ਟੀ ਤੋਂ ਮੈਨੂੰ ਚੰਗਾ ਲਗਿਆ ਹੈ। ਪੱਤਰਕਾਰੀ, ਜੇ ਸਾਹਿਤਕਾਰੀ ਹੋਣ ਦਾ ਭਰਮ ਪਾਲੇਗੀ ਤਾਂ ਸਾਹਿਤਕਾਰੀ ਦੀ ਸਿਆਸਤ ਤੋਂ ਅਗੇ ਨਹੀਂ ਜਾ ਸਕੇਗੀ।
ਮੇਰਾ ਅਨੁਭਵ ਵੀ ਹੈ ਅਤੇ ਵਿਸ਼ਵਾਸ਼ ਵੀ ਕਿ ਬੰਦਾ ਤਾਂ ਬੰਦਾ ਹੀ ਹੈ ਅਤੇ ਡਿੱਗਣ, ਉਠਣ ਤੇ ਡਿੱਗਣ ਦੇ ਤਾਣੇ-ਬਾਣੇ ਵਿਚ ਉਲਝਿਆ ਰਹਿੰਦਾ ਹੈ। ਜੇ ਬੰਦੇ ਨੂੰ ਮਿਲੇ ਹੋਏ ਅਵਸਰ ਨੂੰ ਵਰਤਣ ਦੀ ਜਾਚ ਆ ਜਾਵੇ ਤਾਂ ‘ਭਈ ਪ੍ਰਾਪਤ ਮਾਨੁਖ ਦੇਹੁਰੀਆæææ’ ਦੀ ਭਾਵਨਾ ਵਿਚ ਸਫਲਤਾ ਦੀ ਆਸ ਵਲ ਤੁਰਿਆ ਰਹਿੰਦਾ ਹੈ। ਜੇ ਮਿਲੇ ਹੋਏ ਅਵਸਰ ਨੂੰ ਵਰਤਣ ਵਾਸਤੇ ਬੰਦਾ ਮੁਹਾਰਤ ਦਾ ਭਰਮ ਪਾਲਣ ਵਾਲਿਆਂ ਦੇ ਢਹੇ ਚੜ੍ਹ ਜਾਵੇ ਤਾਂ ਜੋ ਕੁਝ ਵਾਪਰਦਾ ਹੈ, ਉਸ ਦੀ ਇਕ ਪਰਤ ਬਾਰੇ ਤੂੰ ਲਿਖ ਹੀ ਦਿੱਤਾ ਹੈ। ਕਿਸੇ ਵੀ ਬੰਦੇ ਦੀ ਪਛਾਣ, ਉਸ ਦੇ ਸਮਕਾਲ ਦੇ ਹਵਾਲੇ ਨਾਲ ਹੀ ਸਥਾਪਤ ਕੀਤੀ ਜਾ ਸਕਦੀ ਹੈ। ਤੇਰਾ ਪੰਜਾਬ-ਸਮਕਾਲ ਅਤੇ ਬਦੇਸ਼ੀ-ਸਮਕਾਲ ਇਹ ਦੱਸਦੇ ਹਨ ਕਿ ਇਕਲਿਆਂ ਤੂੰ ਕੁਝ ਵੀ ਕਰ ਸਕਦਾ ਹੈਂ ਅਤੇ ਰਲ ਕੇ ਜੋ ਵੀ ਕਰੇਂਗਾ, ਉਸ ਦੀ ਸਫਲਤਾ ਤੇ ਤੇਰਾ ਕੋਈ ਅਧਿਕਾਰ ਨਹੀਂ ਹੋਵੇਗਾ। ਇਹ ਜੋਤਿਸ਼ ਨਹੀਂ ਹੈ। ਤੇਰੇ ਪੰਜਾਬ-ਸਮਕਾਲ ਦਾ ਉਹ ਵਰਗ, ਜਿਸ ਦਾ ਤੂੰ ਹਿੱਸਾ ਸੀ, ਤੱਥਮੂਲਕ ਸੋਚ ਅਤੇ ਜੜ੍ਹਹੀਣ ਸੁਪਨਿਆਂ ਵਿਚ ਹੜ੍ਹ ਰਿਹਾ ਸੀ। ਇਹ ਮੰਗਦਾ ਸਭ ਕੁਝ ਸੀ ਪਰ ਦੇਂਦਾ ਕੁਝ ਵੀ ਨਹੀਂ ਸੀ। ਇਸ ਦੇ ਧੱਕੇ ਹੋਏ ਜੋ ਤੇਰੇ ਵਾਂਗ ਹਿਜਰਤ ਕਰ ਗਏ, ਉਨ੍ਹਾਂ ਨੇ ਜੋ ਵੀ ਕੀਤਾ, ਉਹ ਉਨ੍ਹਾਂ ਦਾ ਆਪਣਾ ਹੋ ਗਿਆ। ਤੇਰਾ ਦੋਹਰਾ ਸਭਿਆਚਾਰਕ ਅਨੁਭਵ ਲਿਖਤ ਰੂਪ ਵਿਚ ਸਾਹਮਣੇ ਆ ਜਾਣਾ ਚਾਹੀਦਾ ਹੈ। ਲਿਖ ਸਕਣ ਦੀ ਸਮਰਥਾ ਦਾ ਪ੍ਰਗਟਾਵਾ ਹੋ ਗਿਆ ਹੈ। ਲੋੜ ਇਸ ਨੂੰ ‘ਕਮਲਿਆਂ ਦੇ ਟੱਬਰ’ ਵਜੋਂ ਉਸਾਰਨ ਦੀ ਹੈ। ਇਹ ਇਕ ਸਭਿਆਚਾਰ ਤੋਂ ਦੂਜੇ ਸਭਿਅਚਾਰ ਤੱਕ ਦਾ ਸਫਰ ਵੀ ਹੈ ਅਤੇ ਅੰਨ੍ਹੀ ਸੁਰੰਗ ਦਾ ਅਗਲਾ ਸਿਰਾ ਲਭ ਲੈਣ ਦੀ ਸੁਖਾਵੀਂ ਪ੍ਰਾਪਤੀ ਵੀ ਹੈ। ਤੇਰੀ ਲਿਖਤ ਵਿਚੋਂ ਜਸਪ੍ਰੀਤ ਦਾ ਨਿੱਕਾ ਜਿਹਾ ਹਵਾਲਾ ਸਾਰਿਆਂ ਨਾਲੋਂ ਚੰਗਾ ਲੱਗਾ। ਲਿਖਣਾ ਬੰਦ ਨਾ ਕਰੀਂ ਵਰਨਾ ਮੈਨੂੰ ਲਗੇਗਾ ਕਿ ਤੂੰ ਵੀ ਬਹੁਤ ਸਾਰੇ ਲੋਕਾਂ ਵਾਂਗ ਸੁਪਨਿਆਂ ਨੂੰ ਆਪਣੇ ਅੰਦਰ ਦਫਨ ਕਰਨ ਵਾਲੀਆਂ ਮਜਬੂਰੀਆਂ ਹੰਢਾਉਣ ਵਾਲੇ ਰਾਹ ਪੈ ਗਿਆਂ ਹੈਂ? ਜਸਪ੍ਰੀਤ ਵਾਸਤੇ ਇਕ ਲੰਬੀ ਚਿੱਠੀ ਮੇਰੇ ਅੰਦਰ ਅੰਗੜਾਈਆਂ ਲੈਂਦੀ ਹੈ, ਪਰ ਲਗਦਾ ਹੈ ਇਸ ਨੇ ਦਫਨ ਹੀ ਹੋ ਜਾਣਾ ਹੈ। ਸਾਰਿਆਂ ਨੂੰ ਫਤਿਹ।
ਬਲਕਾਰ ਸਿੰਘ (ਪ੍ਰੋæ)
ਪਟਿਆਲਾ

Be the first to comment

Leave a Reply

Your email address will not be published.