ਜਲੰਧਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਬੀਰ ਸਿੰਘ ਬੜਾਪਿੰਡ ਨੂੰ ਅਦਾਲਤ ਨੇ ਬਰੀ ਕਰ ਦਿੱਤਾ। ਬੜਾਪਿੰਡ ‘ਤੇ ਜਲੰਧਰ ਦਿਹਾਤੀ ਪੁਲਿਸ ਨੇ ਸਾਲ 2012 ਵਿਚ ਸੂਬੇ ਵਿਚ ਅਤਿਵਾਦੀ ਗਤੀਵਿਧੀਆਂ ਨੂੰ ਸ਼ਹਿ ਦੇਣ ਦੇ ਦੋਸ਼ ਲਾਏ ਸਨ। ਪੁਲਿਸ ਕੁਲਬੀਰ ਸਿੰਘ ‘ਤੇ ਲਾਏ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਵਿਚ ਨਾਕਾਮ ਰਹੀ ਅਤੇ ਜ਼ਿਲ੍ਹਾ ਸੈਸ਼ਨ ਜੱਜ ਮਨਦੀਪ ਸਿੰਘ ਢਿੱਲੋਂ ਦੀ ਅਦਾਲਤ ਨੇ ਡੇਢ ਸਾਲ ਟਰਾਇਲ ਚੱਲਣ ਤੋਂ ਬਾਅਦ ਉਸ ਨੂੰ ਬਰੀ ਕਰ ਦਿੱਤਾ। ਨਵਾਂਸ਼ਹਿਰ ਦੀ ਪੁਲਿਸ ਨੇ 20 ਸਤੰਬਰ 2012 ਨੂੰ ਭਾਜਪਾ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਕੁਲਬੀਰ ਸਿੰਘ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੂੰ ਡਰ ਸੀ ਕਿ ਭਾਰਤ ਬੰਦ ਦੇ ਦੌਰਾਨ ਬੜਾਪਿੰਡ ਕੋਈ ਭੜਕਾਊ ਕਾਰਵਾਈ ਕਰ ਸਕਦਾ ਹੈ। ਉਸ ਤੋਂ ਅਗਲੇ ਦਿਨ ਜਲੰਧਰ ਦਿਹਾਤੀ ਪੁਲਿਸ ਨੇ ਬੜਾਪਿੰਡ ਦੇ ਘਰੋਂ ਇੱਕ ਪਿਸਤੌਲ, 6 ਕਾਰਤੂਸ, ਬੁਲਿਟ ਪਰੂਫ ਜੈਕਟਾਂ, ਰਾਤ ਨੂੰ ਦੇਖਣ ਵਾਲੀਆਂ ਦੂਰਬੀਨਾਂ ਅਤੇ ਖਾਲਿਸਤਾਨ ਪੱਖੀ ਰਸਾਲੇ, ਕਲੰਡਰ ਅਤੇ ਹੋਰ ਸਮੱਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।
ਪੁਲਿਸ ਨੇ ਕੁਲਬੀਰ ਸਿੰਘ ਬੜਾਪਿੰਡ ‘ਤੇ ਆਈæਪੀæਸੀæ ਦੀ ਧਾਰਾ 121, 120 ਬੀ, 3, 4, 5 ਅਤੇ ਅਸਲਾ ਐਕਟ 25 ਦੇ ਤਹਿਤ ਕੇਸ ਦਰਜ ਕੀਤੇ ਸਨ। ਇਸ ਤੋਂ ਬਾਅਦ ਪੁਲਿਸ ਨੇ ਉਸ ਦਾ ਨਾਂ ਉਸ ਵੇਲੇ ਦੇ 4 ਮਹੀਨੇ ਪੁਰਾਣੇ ਇੱਕ ਮਾਮਲੇ ਨਾਲ ਵੀ ਜੋੜਿਆ ਗਿਆ ਸੀ, ਜਿਸ ਵਿਚ ਨਵਾਂਸ਼ਹਿਰ ਪੁਲਿਸ ਨੇ 2æ7 ਕਿਲੋਂ ਆਰæਡੀæਐਕਸ਼ ਬਰਾਮਦ ਕੀਤਾ ਸੀ। ਆਪਣੇ ‘ਤੇ ਲੱਗੇ ਦੋਸ਼ਾਂ ਖ਼ਿਲਾਫ਼ ਬੜਾਪਿੰਡ ਨੇ ਡੇਢ ਸਾਲ ਪਹਿਲਾਂ ਹਾਈਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ ਸੀ ਜੋ ਅਜੇ ਵੀ ਵਿਚਾਰ ਅਧੀਨ ਹੈ। ਬਰੀ ਹੋਣ ਤੋਂ ਬਾਅਦ ਕੁਲਬੀਰ ਸਿੰਘ ਬੜਾਪਿੰਡ ਨੇ ਆਖਿਆ ਕਿ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਏਜੰਸੀਆਂ ਵੱਲੋਂ ਉਸ ਨੂੰ ਝੂਠੇ ਦੋਸ਼ ਲਾ ਕੇ ਫਸਾਇਆ ਜਾ ਰਿਹਾ ਸੀ ਪਰ ਅਦਾਲਤ ਨੇ ਸਭ ਸਾਫ਼ ਕਰ ਦਿੱਤਾ। ਉਸ ਨੇ ਆਖਿਆ ਕਿ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋ ਕੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਚੋਣ ਜਿੱਤੀ ਹੈ ਜਿਸ ਕਾਰਨ ਉਹ ਸੱਤਾਧਾਰੀ ਅਕਾਲੀ ਦਲ ਦੀ ਅੱਖ ਵਿਚ ਰੜਕ ਰਹੇ ਹਨ। ਇਸੇ ਲਈ ਸਰਕਾਰ ਨੇ ਉਸ ਨੂੰ ਸਿਆਸੀ ਤੌਰ ‘ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ 2006 ਵਿਚ ਅਮਰੀਕਾ ਪੁਲਿਸ ਨੇ ਬੜਾਪਿੰਡ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਸੀ। ਉਸ ਸਮੇਂ ਬੜਪਿੰਡ ਪੰਜਾਬ ਪੁਲਿਸ ਨੂੰ 30 ਮਾਮਲਿਆਂ ਵਿਚ ਲੋੜੀਂਦਾ ਸੀ ਜਿਸ ਵਿਚ ਸਭ ਤੋਂ ਚਰਚਿਤ ਮਾਮਲਾ ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇæਪੀ ਦੇ ਪਿਤਾ ਦਰਸ਼ਨ ਸਿੰਘ ਦੀ ਹੱਤਿਆ ਦਾ ਸੀ। ਇਸ ਤੋਂ ਇਲਾਵਾ ਬੜਾਪਿੰਡ ‘ਤੇ ਧਾਰਾ 302, 307, ਅਸਲਾ ਐਕਟ ਅਤੇ ਟਾਡਾ ਦੇ ਅਧੀਨ 1991 ਤੋਂ 1993 ਦੇ ਦੌਰਾਨ ਕਈ ਮਾਮਲੇ ਦਰਜ ਸਨ ਪਰ ਬਾਅਦ ਵਿਚ ਕੁਲਬੀਰ ਸਿੰਘ ਬੜਾਪਿੰਡ ਇਨ੍ਹਾਂ ਸਾਰੇ ਮਾਮਲਿਆਂ ਵਿਚੋਂ ਬਰੀ ਹੋ ਗਿਆ ਸੀ।
Leave a Reply