ਕੱਟੜ ਹਿੰਦੂ ਜਥੇਬੰਦੀ ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਜਿਹੜੀ ਨੌਂ ਦਹਾਕੇ ਪਹਿਲਾਂ ਹੋਂਦ ਵਿਚ ਆਈ ਸੀ ਅਤੇ ਜਿਸ ਦਾ ਹੈਡਕੁਆਰਟਰ ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਵਿਚ ਹੈ, ਆਖਰਕਾਰ ਅਮਰੀਕਾ ਪਹੁੰਚ ਗਈ ਹੈ। ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿਚ ਮੈਡੀਸਨ ਸਕੁਏਅਰ ਗਾਰਡਨ ਵਿਖੇ ਆਰæਐਸ਼ਐਸ਼ ਦੇ ਸਾਬਕਾ ਪ੍ਰਚਾਰਕ ਅਤੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੋ ਭਾਸ਼ਨ ਦਿੱਤਾ ਅਤੇ ਇਸ ਭਾਸ਼ਨ ਦੀ ਜਿਸ ਢੰਗ ਨਾਲ ਵਿਆਖਿਆ ਕੀਤੀ ਗਈ, ਉਹ ਧਿਆਨ ਮੰਗਦੀ ਹੈ। ਆਪਣੇ ਭਾਸ਼ਨ ਵਿਚ ਪ੍ਰਧਾਨ ਮੰਤਰੀ ਨੇ ਦਿੱਲੀ-ਦੱਖਣ ਦੀਆਂ ਹੋਰ ਗੱਲਾਂ ਦੇ ਨਾਲ-ਨਾਲ ਸਿੱਖਾਂ ਦੀ ਬੜੀ ਪ੍ਰਸ਼ੰਸਾ ਕੀਤੀ। ਸਿੱਖਾਂ ਪ੍ਰਤੀ ਆਰæਐਸ਼ਐਸ਼ ਜਾਂ ਨਰੇਂਦਰ ਮੋਦੀ ਦੀ ਜੋ ਪਹੁੰਚ ਹੈ, ਉਹ ਹੁਣ ਕਿਸੇ ਤੋਂ ਲੁਕੀ ਹੋਈ ਨਹੀਂ। ਆਰæਐਸ਼ਐਸ਼ ਲਗਾਤਾਰ ਅਤੇ ਬੇਝਿਜਕ ਸਿੱਖਾਂ ਤੇ ਸਿੱਖੀ ਬਾਰੇ ਆਪਣੇ ਵਿਚਾਰ ਗਾਹੇ-ਬਗਾਹੇ ਪ੍ਰਗਟ ਕਰਦੀ ਰਹਿੰਦੀ ਹੈ। ਇਸ ਚਰਚਾ ਦੌਰਾਨ ਇਸ ਦਾ ਸਭ ਤੋਂ ਪਹਿਲਾ ਨੁਕਤਾ ਇਹੀ ਸਿੱਧ ਕਰਨ ਦਾ ਹੁੰਦਾ ਹੈ ਕਿ ਸਿੱਖ ਵੀ ਹਿੰਦੂ ਸਮਾਜ ਦਾ ਹੀ ਹਿੱਸਾ ਹਨ। ਇਤਿਹਾਸਕ ਤੌਰ ਵਿਚ ਇਸ ਵਿਚ ਕੋਈ ਸ਼ੱਕ ਵੀ ਨਹੀਂ ਹੈ, ਪਰ ਆਰæਐਸ਼ਐਸ਼ ਜਿਸ ਢੰਗ ਨਾਲ ਇਸ ਤਾਣੇ-ਬਾਣੇ ਦੀ ਵਿਆਖਿਆ ਕਰਦਾ ਹੈ, ਉਸ ਨਾਲ ਹਰ ਸੰਜੀਦਾ ਨੂੰ ਇਤਰਾਜ਼ ਜ਼ਰੂਰ ਹੈ। ਹੁਣ ਮੋਦੀ ਵੱਲੋਂ ਸਿੱਖਾਂ ਦੀ ਪ੍ਰਸ਼ੰਸਾ ਦੀ ਲੜੀ ਸਿੱਧੀ-ਸਿੱਧੀ ਭਾਰਤ ਦੀਆਂ ਘੱਟ-ਗਿਣਤੀ ਨਾਲ ਜੁੜੀ ਹੋਈ ਹੈ। ਅੱਜ ਕੱਲ੍ਹ ਭਾਰਤ ਦੀ ਇਕ ਹੋਰ ਘੱਟ-ਗਿਣਤੀ, ਮੁਸਲਮਾਨ ਭਾਈਚਾਰਾ ਆਰæਐਸ਼ਐਸ਼ ਦੀ ਮਾਰ ਹੇਠ ਹੈ। ਇਸੇ ਕਰ ਕੇ ਜਦੋਂ ਮੋਦੀ ਸਿੱਖਾਂ ਦੀ ਉਚੇਚੀ ਚਰਚਾ ਕਰਦਾ ਹੈ ਤਾਂ ਉਸ ਦਾ ਇਕ ਮਕਸਦ ਸਿੱਖਾਂ ਨੂੰ ਚੰਗੀ ਘੱਟ-ਗਿਣਤੀ ਵਜੋਂ ਪੇਸ਼ ਕਰਨ ਦਾ ਹੈ ਤਾਂ ਕਿ ਮੁਸਲਮਾਨਾਂ ਨੂੰ ਹੋਰ ਬਦਨਾਮ ਕੀਤਾ ਜਾ ਸਕੇ। ਜਿਸ ਤਰ੍ਹਾਂ ਕਾਂਗਰਸ, ਖਾਸ ਕਰ ਕੇ ਇੰਦਰਾ ਗਾਂਧੀ ਦੇ ਰਾਜਕਾਲ ਦੌਰਾਨ ਸਾਰੇ ਸਿੱਖਾਂ ਨੂੰ ਦਹਿਸ਼ਤਪਸੰਦ ਬਣਾ ਕੇ ਪੇਸ਼ ਕੀਤਾ ਗਿਆ ਸੀ, ਹੁਣ ਉਹੀ ਕੁਝ ਮੁਸਲਮਾਨਾਂ ਨਾਲ ਕੀਤਾ ਜਾ ਰਿਹਾ ਹੈ। ਸਿਤਮਜ਼ਰੀਫੀ ਇਹ ਹੈ ਕਿ ਇਹ ਸਾਰਾ ਕੁਝ ਸਿੱਖਾਂ ਨੂੰ ‘ਭਰੋਸੇ’ ਵਿਚ ਲੈ ਕੇ ਕੀਤਾ ਜਾ ਰਿਹਾ ਹੈ ਅਤੇ ਇਹ ਭਰੋਸਾ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਿਵਾ ਰਹੇ ਹਨ। ਅਕਾਲੀ ਭਾਜਪਾ ਗਠਜੋੜ ਨੂੰ ਸ਼ ਬਾਦਲ ਸਦਾ ਹੀ ਹਿੰਦੂ-ਸਿੱਖ ਏਕਤਾ ਦਾ ਨਾਂ ਦਿੰਦੇ ਆਏ ਹਨ, ਪਰ ਜਦੋਂ ਤੋਂ ਕੇਂਦਰ ਵਿਚ ਭਾਜਪਾ ਨੇ ਸੱਤਾ ਸੰਭਾਲੀ ਹੈ ਅਤੇ ਆਰæਐਸ਼ਐਸ਼ ਨੇ ਦੇਸ਼ ਭਰ ਵਿਚ ਆਪਣੀਆ ਸਰਗਰਮੀਆਂ ਵਧਾਈਆਂ ਹਨ, ਇਸ ਏਕਤਾ ਵਿਚ ਤ੍ਰੇੜਾਂ ਦੀਆਂ ਕਨਸੋਆਂ ਪੈ ਰਹੀਆਂ ਹਨ। ਬਾਦਲਾਂ ਦੀ ਹਾਲਤ ਹੁਣ ‘ਸੱਪ ਦੇ ਮੂੰਹ ਕੋਹੜ ਕਿਰਲੀ’ ਵਾਲੀ ਬਣ ਗਈ ਹੈ। ਭਾਜਪਾ ਸੂਬੇ ਵਿਚ ਆਪਣੇ ਹਥਿਆਰ ਹਰ ਰੋਜ਼ ਤਿੱਖੇ ਕਰ ਰਹੀ ਹੈ ਅਤੇ ਬੇਵੱਸ ਹੋਏ ਬਾਦਲ ਇਨ੍ਹਾਂ ਹਾਲਾਤ ਨੂੰ ਦੇਖ ਰਹੇ ਹਨ। ਸਿਆਸੀ ਮਾਹਿਰ ਪਹਿਲਾਂ ਹੀ ਭਵਿੱਖਵਾਣੀ ਕਰ ਚੁੱਕੇ ਹਨ ਕਿ ਅਜਿਹੇ ਹਾਲਾਤ ਨਾਲ ਨਜਿੱਠਣ ਵਾਲਾ ਕਣ ਸੁਖਬੀਰ ਸਿੰਘ ਬਾਦਲ ਵਿਚ ਉਕਾ ਹੀ ਨਹੀਂ ਹੈ।
ਖੈਰ! ਭਾਜਪਾ ਅਤੇ ਆਰæਐਸ਼ਐਸ਼ ਨੇ ਪੰਜਾਬ ਵਿਚ ਆਪਣੀ ਜੋ ਸਿਆਸਤ ਕਰਨੀ ਸੀ, ਉਹ ਕੀਤੀ ਜਾ ਚੁੱਕੀ ਹੈ। ਕੇਂਦਰ ਵਿਚ ਸਰਕਾਰ ਦੀ ਕਾਇਮੀ ਤੋਂ ਬਾਅਦ ਤਾਂ ਬੱਸ ਇਸ ਵਿਚ ਤੇਜ਼ੀ ਹੀ ਆਈ ਹੈ। ਅਸਲ ਵਿਚ ਪੰਜਾਬ ਹੋਰ ਪਾਰਟੀਆਂ ਵਾਂਗ ਆਰæਐਸ਼ਐਸ਼ ਦੇ ਵੀ ਏਜੰਡੇ ਉਤੇ ਹੈ। ਇਸੇ ਕਰ ਕੇ ਹੀ ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਸੂਬੇ ਦੇ ਨਿੱਤ ਚੱਕਰ ਕੱਢ ਰਹੇ ਹਨ। ਹੁਣੇ-ਹੁਣੇ ਦੋਰਾਹਾ ਵਿਚ ਇਸ ਜਥੇਬੰਦੀ ਦਾ ਜਿਹੜਾ ਪੰਜ ਰੋਜ਼ਾ ਕੈਂਪ ਲਾਇਆ ਗਿਆ ਸੀ, ਉਸ ਵਿਚ ਦੇਸ਼ ਪੱਧਰ ਦੇ ਆਰæਐਸ਼ਐਸ਼ ਆਗੂ ਸ਼ਾਮਲ ਹੋਏ ਸਨ। ਆਰæਐਸ਼ਐਸ਼ ਦੇ ਲੁਧਿਆਣਾ ਦਫਤਰ ਵਿਚ ਜਿੱਥੇ ਸਦਾ ਉਲੂ ਬੋਲਦੇ ਹੁੰਦੇ ਸਨ, ਹੁਣ ਇਕਦਮ ਸਰਗਰਮੀ ਫੜ ਗਿਆ ਹੈ। ਇਸ ਵੇਲੇ ਆਰæਐਸ਼ਐਸ਼ ਨਾਲ ਜੁੜੀਆਂ 36 ਜਥੇਬੰਦੀਆਂ ਅਤੇ ਸੰਸਥਾਵਾਂ ਪੰਜਾਬ ਭਰ ਵਿਚ ਸਰਗਰਮ ਹਨ। ਇਨ੍ਹਾਂ ਜਥੇਬੰਦੀਆਂ ਅਤੇ ਸੰਸਥਾਵਾਂ ਦੀ ਅਗਵਾਈ ਹੇਠ ਸੂਬੇ ਵਿਚ ਤਕਰੀਬਨ 1000 ਸੰਸਕਾਰ ਕੇਂਦਰ ਚੱਲ ਰਹੇ ਹਨ। ਇਨ੍ਹਾਂ ਸੰਸਕਾਰ ਕੇਂਦਰਾਂ ਵਿਚੋਂ ਇਕ ਚੌਥਾਈ ਹਿੱਸਾ ਤਾਂ ਸਿਲਾਈ ਕੇਂਦਰਾਂ ਦਾ ਹੀ ਹੈ। ਇਉਂ ਲੋਕ ਸੇਵਾ ਦੇ ਪਰਦੇ ਹੇਠ ਆਰæਐਸ਼ਐਸ਼ ਬੇਹਿਸਾਬੀਆਂ ਸਰਗਰਮੀਆਂ ਕਰ ਰਹੀ ਹੈ। ਇਨ੍ਹਾਂ ਸਰਗਰਮੀਆਂ ਦਾ ਖੁਲਾਸਾ ਇਸ ਦੇ ਦੋ ਮਹੀਨੇਵਾਰ ਪਰਚਿਆਂ ‘ਪੰਥਕ ਸੰਦੇਸ਼’ (ਹਿੰਦੀ) ਅਤੇ ‘ਯੁੱਗ ਬੋਧ’ ਤੋਂ ਵੀ ਹੋ ਜਾਂਦਾ ਹੈ। ‘ਸੇਵਾ ਭਾਰਤੀ’ ਤਾਂ ਚਿਰਾਂ ਤੋਂ ਛਾਪਿਆ ਜਾ ਰਿਹਾ ਹੈ। ਆਰæਐਸ਼ਐਸ਼ ਦੇ ਵਾਲੰਟੀਅਰਾਂ ਦਾ ਦਾਅਵਾ ਹੈ ਕਿ ਪੰਜਾਬ ਵਿਚ ਲੋਕ, ਜਥੇਬੰਦੀ ਨਾਲ ਹੁਣ ਖੁਦ ਸੰਪਰਕ ਬਣਾ ਰਹੇ ਹਨ। ਆਉਣ ਵਾਲੇ ਸਮੇਂ ਵਿਚ ਆਰæਐਸ਼ਐਸ਼ ਦਾ ਪ੍ਰਚਾਰ ਕਿਸ ਪਾਸੇ ਮੋੜ ਕੱਟਦਾ ਹੈ, ਇਸ ਬਾਰੇ ਬਹੁਤਾ ਕੁਝ ਤਾਂ ਸਪਸ਼ਟ ਹੀ ਹੈ। ਦੇਸ਼ ਵਿਚ ਜਿੰਨੀ ਖੁੱਲ੍ਹੀ ਛੁੱਟੀ ਆਰæਐਸ਼ਐਸ਼ ਨੂੰ ਮਿਲੀ ਹੈ ਅਤੇ ਜਿੰਨਾ ਪੈਸਾ ਤੇ ਬਾਹੂਬਲ ਇਸ ਕੋਲ ਆਇਆ ਹੈ, ਹੋਰ ਕਿਸੇ ਜਥੇਬੰਦੀ ਨੇ ਕਦੀ ਕਿਆਸ ਵੀ ਨਹੀਂ ਕੀਤਾ ਹੋਵੇਗਾ। ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ਆਰæਐਸ਼ਐਸ਼ ਦੇ ਲੀਡਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰ ਕੇ ਦੱਸ ਦਿੱਤਾ ਸੀ ਕਿ ਭਵਿੱਖ ਵਿਚ ਆਰæਐਸ਼ਐਸ਼ ਦੀ ਕੀ ਭੂਮਿਕਾ ਹੋਵੇਗੀ। ਦੇਸ਼ ਦੀਆਂ ਸਾਰੀਆਂ ਅਹਿਮ ਸੰਸਥਾਵਾਂ ਵਿਚ ਇਨ੍ਹਾਂ ਲੀਡਰਾਂ ਦੀਆਂ ਨਿਯੁਕਤੀਆਂ ਹੋ ਰਹੀਆਂ ਹਨ। ਉਂਜ ਵੀ ਆਰæਐਸ਼ਐਸ਼ ਅਤੇ ਭਾਜਪਾ ਪੰਜ ਸਾਲ ਨਹੀਂ, ਸਗੋਂ ਦਸ ਸਾਲ ਸਰਕਾਰ ਚਲਾਉਣ ਦੇ ਹਿਸਾਬ ਨਾਲ ਯੋਜਨਾਬੰਦੀ ਕਰ ਰਹੀ ਹੈ। ਇਹ ਗੱਲ ਵੀ ਹੁਣ ਸਭ ਨੂੰ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਇਹ ਯੋਜਨਾਬੰਦੀ ਬੜੇ ਅਸਰਦਾਰ ਢੰਗ ਨਾਲ ਕੀਤੀ ਜਾ ਰਹੀ ਹੈ। ਮੋਦੀ ਦਾ ਅਮਰੀਕਾ ਦੌਰਾ ਇਸ ਦੀ ਸਭ ਤੋਂ ਉਤਮ ਮਿਸਾਲ ਹੈ। ਹੁਣ ਦੇਖਣਾ ਇਹ ਹੈ ਕਿ ਆਰæਐਸ਼ਐਸ਼ ਦੀ ਇਸ ਯੋਜਨਾਬੰਦੀ ਨੂੰ ਸੰਨ੍ਹ ਕੌਣ ਅਤੇ ਕਿਸ ਰੂਪ ਵਿਚ ਲਾਉਂਦਾ ਹੈ। ਬਿਨਾਂ ਸ਼ੱਕ, ਇਹ ਸੰਨ੍ਹ ਇਕੱਲੇ-ਇਕਹਿਰਿਆਂ ਨਹੀਂ ਲਾਈ ਜਾ ਸਕੇਗੀ। ਇਸ ਸੰਨ੍ਹ ਲਈ ਦੇਸ਼ ਵਿਚ ਕਿਹੜੀਆਂ ਸਫਬੰਦੀਆਂ ਸਾਹਮਣੇ ਆਉਂਦੀਆਂ ਹਨ, ਤੇ ਕੌਣ-ਕੌਣ ਕੀ-ਕੀ ਭੂਮਿਕਾ ਨਿਭਾਉਂਦਾ ਹੈ, ਇਸ ਬਾਰੇ ਆਉਣ ਵਾਲਾ ਸਮਾਂ ਹੀ ਕੋਈ ਸੂਹ ਦੇ ਸਕਦਾ ਹੈ।
Leave a Reply