ਲੁਧਿਆਣਾ: ਜਮਾਲਪੁਰ ਵਿਚ ਮਾਛੀਵਾੜਾ ਪੁਲਿਸ ਨੇ ਇਕ ਮਹਿਲਾ ਅਕਾਲੀ ਸਰਪੰਚ ਦੇ ਪਤੀ ਦੇ ਕਹਿਣ ‘ਤੇ ਦੋ ਸਕੇ ਭਰਾਵਾਂ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ ਤੇ ਬਾਅਦ ਵਿਚ ਇਸ ਕਾਰਵਾਈ ਨੂੰ ਪੁਲਿਸ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਪੋਸਟਮਾਰਟਮ ਦੀ ਰਿਪੋਰਟ ਨੇ ਪੁਲਿਸ ਦੀ ਪੋਲ ਖੋਲ ਦਿੱਤੀ। ਵਾਰਦਾਤ ਸਮੇਂ ਉਕਤ ਅਕਾਲੀ ਆਗੂ ਵੀ ਮੌਜੂਦ ਸੀ। ਇਸ ਵਾਰਦਾਤ ਨੂੰ ਅੰਜਾਮ ਪਿੰਡ ਤੱਖਰਾਂ ਦੀ ਅਕਾਲੀ ਸਰਪੰਚ ਰਾਜਵਿੰਦਰ ਕੌਰ ਦੇ ਪਤੀ ਗੁਰਜੀਤ ਸਿੰਘ, ਥਾਣਾ ਮਾਛੀਵਾੜਾ ਦੇ ਐਸ਼ਐਚæਓæ ਦੇ ਰੀਡਰ ਯਾਦਵਿੰਦਰ ਸਿੰਘ ਤੇ ਪੰਜਾਬ ਹੋਮਗਾਰਡ ਦੇ ਦੋ ਜਵਾਨਾਂ ਨੇ ਦਿੱਤਾ। ਲੁਧਿਆਣਾ ਤੇ ਖੰਨਾ ਪੁਲਿਸ ਨੇ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਲਈ ਕਹਾਣੀ ਘੜੀ। ਮ੍ਰਿਤਕਾਂ ਦੇ ਪੋਸਟਮਾਰਟਮ ਦੀ ਰਿਪੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨੌਜਵਾਨਾਂ ਜਤਿੰਦਰ ਸਿੰਘ (25) ਤੇ ਹਰਿੰਦਰ ਸਿੰਘ (23) ਦਾ ਕਤਲ ਇਰਾਦੇ ਤਹਿਤ ਕੀਤਾ ਗਿਆ ਸੀ। ਉਨ੍ਹਾਂ ਦੇ ਸਿਰ ‘ਤੇ ਵੱਜੀਆਂ ਗੋਲੀਆਂ ਗਵਾਹੀ ਭਰਦੀਆਂ ਹਨ ਕਿ ਪੁਲਿਸ ਦੇ ਨਾਲ ਆਏ ਮਹਿਲਾ ਸਰਪੰਚ ਦੇ ਪਤੀ ਨੇ ਜਾਣਬੁੱਝ ਕੇ ਨੌਜਵਾਨਾਂ ਦਾ ਕਤਲ ਕਰਵਾਇਆ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਕ ਨੌਜਵਾਨ ਦੇ ਤਿੰਨ ਗੋਲੀਆਂ ਲੱਗੀਆਂ, ਜਦੋਂਕਿ ਦੂਜੇ ਦੇ ਦੋ ਗੋਲੀਆਂ ਲੱਗੀਆਂ ਸਨ। ਇਕ ਨੌਜਵਾਨ ਦੇ ਸਿਰ ‘ਤੇ ਗੋਲੀ ਨੇੜਿਓਂ ਮਾਰੀ ਗਈ, ਜਦੋਂਕਿ ਦੂਜੇ ਵੱਲ ਖੱਬੇ ਪਾਸਿਓਂ ਗੋਲੀ ਚਲਾਈ ਗਈ। ਇਕ ਗੋਲੀ ਉਸਦੇ ਸਿਰ ‘ਤੇ ਮਾਰੀ ਗਈ, ਜੋ ਅੰਦਰ ਰਹਿ ਗਈ ਤੇ ਦੂਜੀ ਉਸਦੇ ਸੀਨੇ ਵਿਚ ਮਾਰੀ ਗਈ ਤੇ ਤੀਜੀ ਉਸਦੀ ਬਾਂਹ ‘ਤੇ ਮਾਰੀ ਗਈ। ਦੋਹਾਂ ਭਰਾਵਾਂ ਦੇ ਲੱਗੀਆਂ ਗੋਲੀਆਂ ਸਾਫ ਦੱਸ ਰਹੀਆਂ ਹਨ ਕਿ ਪੁਲਿਸ ਜਿਸਨੂੰ ਮੁਕਾਬਲਾ ਦੱਸ ਰਹੀ ਹੈ, ਉਹ ਅਸਲ ਵਿਚ ਪੁਲਿਸ ਤੇ ਮਹਿਲਾ ਸਰਪੰਚ ਦੇ ਪਤੀ ਵੱਲੋਂ ਕੀਤਾ ਕਤਲ ਹੈ।
ਪੁਲਿਸ ਨੇ ਪਹਿਲਾਂ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਤੇ ਬਾਅਦ ਵਿਚ ਕਾਂਸਟੇਬਲ ਯਾਦਵਿੰਦਰ ਸਿੰਘ, ਹੋਮਗਾਰਡ ਬਲਦੇਵ ਤੇ ਅਜੀਤ ਸਿੰਘ ਦੇ ਨਾਲ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਧਰ ਇਸ ਕੇਸ ਵਿਚ ਮਾਛੀਵਾੜਾ ਪੁਲਿਸ ਨੂੰ ਲੋੜੀਂਦੇ ਰਾਜਵੀਰ ਦੇ ਮਾਮੇ ਦੇ ਲੜਕੇ ਇੰਦਰਪਾਲ ਸਿੰਘ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸਾਰੇ ਨੌਜਵਾਨਾਂ ਖ਼ਿਲਾਫ਼ ਝੂਠਾ ਕੇਸ ਕੀਤਾ ਹੈ। ਪੁਲਿਸ ਨੇ ਅਜਿਹਾ ਸਿਆਸੀ ਦਬਾਅ ਹੇਠ ਕੀਤਾ ਹੈ। ਪੁਲਿਸ ਨੇ ਜਤਿੰਦਰ ਤੇ ਹਰਿੰਦਰ ਦਾ ਕਤਲ ਕਰਨ ਮਗਰੋਂ ਰਾਜਵੀਰ ਤੇ ਉਸ ਦੇ ਸਾਥੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਕਿਤੇ ਲੈ ਗਏ। ਪੁਲਿਸ ਨੇ ਰਾਜਵੀਰ ਦੇ ਪਰਿਵਾਰ ਨੂੰ ਇਹ ਵੀ ਨਹੀਂ ਦੱਸਿਆ ਕਿ ਉਹ ਕਿਸ ਥਾਣੇ ਵਿਚ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਮਾਛੀਵਾੜਾ ਪੁਲਿਸ ਰਾਜਵੀਰ ਨਾਲ ਵੀ ਅਜਿਹਾ ਕਰ ਸਕਦੀ ਹੈ, ਜੋ ਦੋ ਭਰਾਵਾਂ ਨਾਲ ਕੀਤਾ।
_______________________________
ਪੁਰਾਣੀ ਰੰਜ਼ਿਸ਼ ਦਾ ਲਿਆ ਬਦਲਾ
ਪੁਲਿਸ ਮੁਕਾਬਲੇ ਵਿਚ ਮਾਰੇ ਗਏ ਨੌਜਵਾਨ ਗ਼ਰੀਬ ਪਰਿਵਾਰ ਨਾਲ ਸਬੰਧਤ ਸਨ ਜਿਨ੍ਹਾਂ ਦੇ ਮਾਪਿਆਂ ਨੂੰ ਇਸ ਘਟਨਾ ਬਾਰੇ ਕੋਈ ਸੂਚਨਾ ਨਹੀਂ ਸੀ। ਮ੍ਰਿਤਕ ਨੌਜਵਾਨਾਂ ਦੇ ਪਿਤਾ ਸੱਤਪਾਲ ਸਿੰਘ ਦਾ ਕਹਿਣਾ ਹੈ ਕਿ ਇਕ ਮਹੀਨੇ ਤੋਂ ਉਨ੍ਹਾਂ ਦਾ ਆਪਣੇ ਲੜਕਿਆਂ ਨਾਲ ਕੋਈ ਸੰਪਰਕ ਨਹੀਂ ਹੋਇਆ। ਵਿਰੋਧੀ ਧਿਰ ਨੇ ਜਾਣਬੁੱਝ ਕੇ ਹਰਿੰਦਰ ਸਿੰਘ ਨੂੰ ਇਕ ਝਗੜੇ ਦੇ ਮਾਮਲੇ ਵਿਚ ਉਲਝਾ ਦਿੱਤਾ ਸੀ ਜੋ ਲੜਾਈ ਦੌਰਾਨ ਉਥੇ ਮੌਜੂਦ ਨਹੀਂ ਸੀ ਜਿਸ ਕਾਰਨ ਉਹ ਫ਼ਰਾਰ ਹੋ ਗਿਆ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੇ ਪੁੱਤਰਾਂ ਦੀ ਪਿੰਡ ਖੋਖਰਾਂ ਦੇ ਅਕਾਲੀ ਆਗੂ ਨਾਲ ਪੁਰਾਣੀ ਰੰਜ਼ਿਸ਼ ਸੀ। ਇਸ ਕਾਰਨ ਅਕਾਲੀ ਆਗੂ ਨੇ ਪੁਲਿਸ ਨਾਲ ਮਿਲ ਕੇ ਉਨ੍ਹਾਂ ਦੇ ਪੁੱਤਰਾਂ ਦੀ ਹੱਤਿਆ ਕਰ ਦਿੱਤੀ।
____________________________
ਐਸ਼ਐਸ਼ਪੀæ ਮੁਅੱਤਲ, ਪੰਜ ਮੁਲਾਜ਼ਮ ਬਰਤਰਫ
ਮਾਛੀਵਾੜਾ: ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕਰਨ ‘ਤੇ ਇਲਾਕਾ ਵਾਸੀਆਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਚੰਡੀਗੜ੍ਹ-ਲੁਧਿਆਣਾ ਹਾਈਵੇਅ ‘ਤੇ ਰੱਖ ਕੇ ਜਾਮ ਲਾਇਆ ਜਿਸ ਤੋਂ ਬਾਅਦ ਸਰਕਾਰ ਵੱਲੋਂ ਖੰਨਾ ਦੇ ਐਸ਼ਐਸ਼ਪੀæ ਹਰਸ਼ ਬਾਂਸਲ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮਾਛੀਵਾੜਾ ਥਾਣੇ ਦੇ ਐਸ਼ਐਚæਓæ ਮਨਜਿੰਦਰ ਸਿੰਘ, ਐਸ਼ਐਚæਓæ ਦੇ ਰੀਡਰ ਹੈੱਡ ਕਾਂਸਟੇਬਲ ਯਾਦਵਿੰਦਰ ਸਿੰਘ, ਹੋਮਗਾਰਡ ਦੇ ਜਵਾਨ ਬਲਦੇਵ ਤੇ ਅਜੀਤ ਸਿੰਘ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉੱਚ ਪੱਧਰੀ ਜਾਂਚ ਦਾ ਭਰੋਸਾ ਦਿਵਾਇਆ ਸੀ। ਧਰਨਾਕਾਰੀਆਂ ਨੇ ਕਿਹਾ ਕਿ ਜਮਾਲਪੁਰ ਵਿਚ ਪੁਲਿਸ ਮੁਕਾਬਲਾ ਨਹੀਂ ਹੋਇਆ, ਬਲਕਿ ਨੌਜਵਾਨਾਂ ਦਾ ਅਕਾਲੀ ਆਗੂ ਤੇ ਪੁਲਿਸ ਵੱਲੋਂ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨਾਂ ਨੂੰ ਪੁਲਿਸ ਤੇ ਗੁਰਜੀਤ ਸਿੰਘ ਨੇ ਗੋਲੀਆਂ ਮਾਰੀਆਂ ਤਾਂ ਉਨ੍ਹਾਂ ਨਾਲ ਬੋਹਾਪੁਰ ਦੇ ਦੋ ਨੌਜਵਾਨ ਪੀਟਰ ਤੇ ਜੋਰਜੀਆ ਵੀ ਸਨ। ਉਹ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ, ਕਿਉਂਕਿ ਇਹ ਦੋਵੇਂ ਨੌਜਵਾਨ ਵੀ ਪੁਲਿਸ ਦੇ ਨਾਲ ਸਨ। ਉਨ੍ਹਾਂ ਮਾਮਲੇ ਦੀ ਜੁਡੀਸ਼ੀਲ ਜਾਂਚ ਤੋਂ ਇਲਾਵਾ ਸੀæਬੀæਆਈæ ਜਾਂਚ ਦੀ ਮੰਗ ਕੀਤੀ।
Leave a Reply