ਲੁਧਿਆਣਾ: ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਵਿਚੋਂ ਕਿਸੇ ‘ਤੇ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਵੱਲੋਂ ਵੱਖ-ਵੱਖ ਸ਼ਹਿਰਾਂ ਵਿਚ ਸੌ ਫੀਸਦੀ ਵਾਟਰ ਸਪਲਾਈ, ਸੀਵਰੇਜ ਤੇ ਟਰੀਟਮੈਂਟ ਪਲਾਂਟਾਂ ਲਈ 31 ਨੀਂਹ ਪੱਥਰ ਰੱਖੇ ਸਨ। ਹੁਣ ਜਦੋਂ ਸੂਬੇ ਵਿਚ ਮਿਉਂਸਪਲ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਇਹ ਨੀਂਹ ਪੱਥਰ ਕੌੜੀਆਂ ਯਾਦਾਂ ਦਿਵਾ ਰਹੇ ਹਨ ਤੇ ਇਨ੍ਹਾਂ 31 ਪ੍ਰੋਜੈਕਟਾਂ ਵਿਚੋਂ ਕਿਸੇ ਇਕ ਉੱਤੇ ਵੀ ਕੰਮ ਸ਼ੁਰੂ ਨਹੀਂ ਹੋਇਆ। ਜਦੋਂ ਮੁੱਖ ਮੰਤਰੀ ਤੇ ਉਨ੍ਹਾਂ ਦਾ ਪੁੱਤਰ ਉਪ ਮੁੱਖ ਮੰਤਰੀ ਸ਼ਹਿਰਾਂ ਵਿਚ ਜਾਂਦੇ ਸਨ ਤੇ ਇਨ੍ਹਾਂ ਪ੍ਰੋਜੈਕਟਾਂ ਜਿਨ੍ਹਾਂ ਉੱਤੇ ਉਨ੍ਹਾਂ ਦੇ ਨਾਂ ਉਕਰੇ ਹਨ, ਦਾ ਲਾਹਾ ਲੈਣ ਦਾ ਯਤਨ ਕਰਦੇ ਸਨ ਪਰ ਇਸ ਦੇ ਨਾਲ ਹੀ ਇਨ੍ਹਾਂ ਦੇ ਸਿਰੇ ਨਾ ਚੜ੍ਹਨ ਲਈ ਦੋਸ਼ ਕੇਂਦਰ ਸਿਰ ਮੜ੍ਹ ਦਿੰਦੇ ਹਨ ਕਿ ਕੇਂਦਰ ਨੇ ਇਨ੍ਹਾਂ ਲਈ ਗਰਾਂਟ ਨਹੀਂ ਭੇਜੀ। ਭਾਵੇਂ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਦੀ ਯੋਜਨਾ ਜਵਾਹਰ ਲਾਲ ਅਰਬਨ ਰੀਨੀਵੇਬਲ ਮਿਸ਼ਨ (ਜੇæਐਨæਯੂæਆਰæਐਸ਼) ਤਹਿਤ ਸ਼ੁਰੂ ਕੀਤੇ ਸਨ ਤੇ ਅਕਾਲੀ ਇਨ੍ਹਾਂ ਬਦਲੇ ਵੋਟਾਂ ਚਾਹੁੰਦੇ ਹਨ। ਉਹ ਨੀਂਹ ਪੱਥਰਾਂ ਉੱਤੇ ਵੀ ਇਨ੍ਹਾਂ ਯੋਜਨਾਵਾਂ ਲਈ ਕੇਂਦਰ ਸਰਕਾਰ ਦਾ ਜ਼ਿਕਰ ਕਰਨਾ ਭੁੱਲ ਗਏ।
ਇਸ ਮਾਮਲੇ ਬਾਰੇ ਸਥਾਨਕ ਸਰਕਾਰਾਂ ਵਿਭਾਗ ਦੇ ਚੀਫ਼ ਇੰਜੀਨੀਅਰ ਵੀæਕੇæ ਗਰਗ ਦਾ ਕਹਿਣਾ ਹੈ ਹੈ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਪ੍ਰੋਜੈਕਟਾਂ ਲਈ ਰਕਮ ਨਹੀਂ ਭੇਜੀ ਤੇ ਇਨ੍ਹਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਗਰਾਂਟ ਆਉਣ ਦੀ ਆਸ ਵਿਚ ਹੀ ਰੱਖੇ ਗਏ ਸਨ। ਕੇਂਦਰ ਵਿਚ ਸਰਕਾਰ ਬਦਲਣ ਦਾ ਵੀ ਅਸਰ ਪਿਆ ਕਿਉਂਕਿ ਨੀਤੀ ਬਦਲੀ ਜਾ ਸਕਦੀ ਹੈ। ਭਾਵੇਂ ਕਿ 1221 ਕਰੋੜ ਰੁਪਏ ਦੇ ਨੀਂਹ ਪੱਥਰ ਰੱਖੇ ਗਏ ਹਨ ਪਰ ਨਾਭਾ, ਬੁਢਲਾਡਾ, ਮਜੀਠਾ, ਮੌੜ ਮੰਡੀ ਕਿਤੇ ਵੀ ਕੰਮ ਸ਼ੁਰੂ ਨਹੀਂ ਹਇਆ। ਬਾਦਲ ਆਪਣੇ ਘਰੇਲੂ ਲੋਕ ਸਭਾ ਹਲਕਾ ਬਠਿੰਡਾ ਵਿਚ ਵੀ ਕਿਸੇ ਵਿਕਾਸ ਕਾਰਜ ਦੀ ਸ਼ੁਰੂਆਤ ਨਹੀਂ ਕਰਵਾ ਸਕੇ।
ਅੱਜ ਜਦੋਂ ਸ਼ਹਿਰ ਵਾਸੀ, ਸੀਵਰੇਜ, ਪਾਣੀ ਬਿਜਲੀ ਦੀ ਮਾੜੀ ਸਪਲਾਈ ਤੋਂ ਦੁਖੀ ਹਨ ਤਾਂ ਰਸੂਲੜੇ (ਖੰਨਾ-ਮਾਲੇਰਕੋਟਲਾ ਰੋਡ) ਪਿੰਡ ਵਰਗੇ ਹੋਰਨਾਂ ਕਈ ਪਿੰਡਾਂ ਦੇ ਲੋਕ ਸਿੱਧੇ ਤੌਰ ਉੱਤੇ ਪ੍ਰਭਾਵਿਤ ਹੋ ਰਹੇ ਹਨ। ਪਿੰਡਾਂ ਵਿਚ ਸ਼ਹਿਰਾਂ ਦਾ ਸੀਵਰੇਜ ਵਾਲਾ ਗੰਦਾ ਪਾਣੀ ਉਪਜਾਊ ਜ਼ਮੀਨਾਂ ਨੂੰ ਤਬਾਹ ਕਰ ਰਿਹਾ ਹੈ। ਲੋਕ ਸਾਹ ਲੈਣ ਤੋਂ ਵੀ ਔਖੇ ਹਨ ਤੇ ਪਾਣੀ ਦਾ ਪ੍ਰਦੂਸ਼ਣ ਫੈਲ ਰਿਹਾ ਹੈ।
_______________
ਅਧੂਰੇ ਪਏ ਪ੍ਰੋਜੈਕਟਾਂ ਦਾ ਵੇਰਵਾ
ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਰੱਖਿਆ ਸੀ ਉਨ੍ਹਾਂ ਵਿਚ ਅਬੋਹਰ ਵਿਖੇ ਸੀਵਰੇਜ, ਸੜਕਾਂ ਦੀ ਉਸਾਰੀ, ਨਵੇਂ ਸੀਵਰੇਜ ਕੁਨੈਕਸ਼ਨ ਅਨੁਮਾਨਤ ਲਾਗਤ 70æ83 ਕਰੋੜ ਰੁਪਏ, ਸਰਹਿੰਦ ਵਿਖੇ ਯੋਜਨਾ 53æ81 ਕਰੋੜ, ਬਰਨਾਲਾ ਵਿਖੇ 103æ89 ਕਰੋੜ, ਬਸੀ ਪਠਾਣਾ 26æ53 ਕਰੋੜ, ਸਨੌਰ 21æ63 ਕਰੋੜ, ਸੰਗਰੂਰ 78æ33 ਕਰੋੜ, ਜੈਤੋ 34æ15 ਕਰੋੜ, ਮਜੀਠਾ 16æ76 ਕਰੋੜ (ਸਾਰੀਆਂ ਸੀਵਰੇਜ ਯੋਜਨਾਵਾਂ), ਮੌੜ ਵਾਟਰ ਸਪਲਾਈ 4æ02 ਕਰੋੜ, ਮੌੜ ਵਿਖੇ ਸੀਵਰੇਜ ਤੇ ਟਰੀਟਮੈਂਟ ਪਲਾਂਟ 15æ64 ਕਰੋੜ, ਰਾਮਪੁਰਾ ਫੂਲ ਸੀਵਰੇਜ ਤੇ ਟਰੀਟਮੈਂਟ ਪਲਾਂਟ 12æ49 ਕਰੋੜ, ਸੰਗਤ ਵਿਖੇ ਵਾਟਰ ਸਪਲਾਈ 58æ72 ਕਰੋੜ, ਸੀਵਰੇਜ ਯੋਜਨਾ ਰਾਮਾਂ ਮੰਡੀ 8æ53 ਕਰੋੜ, ਵਾਟਰ ਸਪਲਾਈ ਰਾਮਾਂ ਮੰਡੀ 2æ32 ਕਰੋੜ ਰੁਪਏ, ਸੀਵਰੇਜ ਸਕੀਮ ਤੇ ਸੀਵਰੇਜ ਟਰੀਮੈਂਟ ਪਲਾਂਟ ਨਾਭਾ ਦਾ 65æ21 ਕਰੋੜ, ਫਰੀਦਕੋਟ ਦਾ 74æ55 ਕਰੋੜ, ਕੋਟਕਪੂਰਾ ਦਾ 90æ43 ਕਰੋੜ, ਫਗਵਾੜਾ ਦਾ 138æ84 ਕਰੋੜ, ਮਾਨਸਾ ਦਾ 24æ62 ਕਰੋੜ, ਬੁਢਲਾਡਾ ਦਾ 21æ16 ਕਰੋੜ, ਬਰੇਟਾ ਦਾ 10æ58 ਕਰੋੜ, ਖੰਨਾ ਦਾ 105æ14 ਕਰੋੜ, ਗੁਰੂ ਹਰਸਹਾਏ ਦਾ 29æ93 ਕਰੋੜ, ਨਾਭਾ ਦਾ 65æ21 ਕਰੋੜ ਰੁਪਏ ਦਾ ਸੀਵਰੇਜ ਸਕੀਮ ਤੇ ਸੀਵਰੇਜ ਟਰੀਟਮੈਂਟ ਪਲਾਂਟ ਸ਼ਾਮਲ ਹਨ। ਇਸੇ ਤਰ੍ਹਾਂ ਜਲ ਸਪਲਾਈ ਮਾਨਸਾ ਦਾ 9æ61 ਕਰੋੜ, ਬੁਢਲਾਡਾ 7æ70 ਕਰੋੜ, ਬਰੇਟਾ ਦੀ 5æ12 ਕਰੋੜ ਤੇ ਖੰਨਾ ਦੀ 25æ85 ਕਰੋੜ ਜਲ ਸਪਲਾਈ ਯੋਜਨਾ ਦੇ ਨੀਂਹ ਪੱਥਰ ਮੂੰਹ ਚਿੜਾ ਰਹੇ ਹਨ।
_____________________________________________
ਸਰਕਾਰ ਨੂੰ ਠਿੱਠ ਕਰਨ ਲਈ ਕਾਂਗਰਸ ਨੇ ਵਿੱਢੀ ਮੁਹਿੰਮ
ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਪਹਿਲਾਂ ਹੀ ਸਮੂਹ ਕਾਂਗਰਸੀ ਵਿਧਾਇਕਾਂ ਨੂੰ ਆਪੋ-ਆਪਣੇ ਹਲਕਿਆਂ ਵਿਚ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਧੜਾਧੜ ਰੱਖੇ ਨੀਂਹ ਪੱਥਰਾਂ ਦੇ ਵੇਰਵੇ ਇਕੱਠੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸ੍ਰੀ ਜਾਖੜ ਵਿਧਾਇਕ ਦਲ ਦੇ ਬਲਬੂਤੇ ਨਿਗਮ ਚੋਣਾਂ ਤੋਂ ਪਹਿਲਾਂ ਅਜਿਹੇ ਸਾਰੇ ਵੇਰਵੇ ਇਕੱਠੇ ਕਰ ਕੇ ਸਰਕਾਰ ਵੱਲੋਂ ਕੀਤੇ ਝੂਠੇ ਲਾਰਿਆਂ ਦਾ ਚਿੱਠਾ ਖੋਲ੍ਹਣ ਦੀ ਮੁਹਿੰਮ ਛੇੜਨ ਦੀ ਤਿਆਰੀ ਵਿਚ ਹਨ।
Leave a Reply