ਪੰਜਾਬ ਕਾਂਗਰਸ ਵਿਚ ਮੁੜ ਹਾਵੀ ਹੋਈ ਧੜੇਬੰਦੀ

ਚੰਡੀਗੜ੍ਹ: ਪੰਜਾਬ ਦੇ ਕਾਂਗਰਸੀਆਂ ਵਿਚ ਧੜੇਬੰਦੀ ਮੁੜ ਹਾਵੀ ਹੋਣ ਲੱਗੀ ਹੈ। ਖਾਸਕਰ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਵਿਰੋਧੀ ਧੜਾ ਹਾਈਕਮਾਨ ਕੋਲ ਬਾਜਵਾ ਦੀ ਸ਼ਿਕਾਇਤ ਲਾਉਣ ਲਈ ਕਾਹਲਾ ਪਿਆ ਹੋਇਆ ਪਰ ਗੁਆਂਢੀ ਸੂਬਾ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਇਹ ਮਾਮਲਾ ਅੱਗੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਕਾਂਗਰਸੀ ਵਿਧਾਇਕਾਂ ਨੇ ਗਿਲਾ ਕੀਤਾ ਹੈ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੂੰ ਕਈ ਮਾਮਲਿਆਂ ਵਿਚ ਭਰੋਸੇ ਵਿਚ ਨਹੀਂ ਲੈਂਦੇ ਤੇ ਆਪਣੀ ਮਰਜ਼ੀ ਨਾਲ ਹੀ ਕਈ ਲੋਕਾਂ ਨੂੰ ਸਕੱਤਰ ਨਿਯੁਕਤ ਕਰੀ ਜਾਂਦੇ ਹਨ।
ਜਾਣਕਾਰ ਹਲਕਿਆਂ ਮੁਤਾਬਕ ਪਿੱਛੇ ਜਿਹੇ ਕਾਂਗਰਸ ਵਿਧਾਇਕ ਦਲ ਦੀ ਜੋ ਮੀਟਿੰਗ ਰਾਜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈ, ਉਸ ਵਿਚ ਕਾਫ਼ੀ ਗਿਣਤੀ ਵਿਚ ਮੌਜੂਦ ਵਿਧਾਇਕਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਸ਼ ਬਾਜਵਾ ਦੀ ਤਾਨਾਸ਼ਾਹੀ ਵਿਰੁੱਧ ਕਾਂਗਰਸ ਹਾਈਕਮਾਨ ਨੂੰ ਮਿਲ ਕੇ ਸਾਰਾ ਮਾਮਲਾ ਉਸ ਦੇ ਧਿਆਨ ਵਿਚ ਲਿਆਂਦਾ ਜਾਵੇ ਪਰ ਸ੍ਰੀ ਜਾਖੜ ਨੇ ਉਨ੍ਹਾਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਹੁਣ ਜਦੋਂਕਿ ਕਈ ਸੂਬਿਆਂ ਵਿਸ਼ੇਸ਼ ਤੌਰ ‘ਤੇ ਗੁਆਂਢੀ ਰਾਜ ਹਰਿਆਣਾ ਵਿਚ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਹਨ, ਇਸ ਲਈ ਇਸ ਮੌਕੇ ਸ਼ ਬਾਜਵਾ ਵਿਰੁੱਧ ਸ਼ਿਕਾਇਤ ਕਰਨਾ ਉਚਿਤ ਨਹੀਂ ਹੋਵੇਗਾ।
ਕਈ ਕਾਂਗਰਸੀ ਵਿਧਾਇਕਾਂ ਨੇ ਨਿੱਜੀ ਗੱਲਬਾਤ ਵਿਚ ਕਿਹਾ ਕਿ 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਹਾਈ ਕਮਾਨ ਨੂੰ ਮਿਲਿਆ ਜਾਵੇ ਤੇ ਪ੍ਰਦੇਸ਼ ਕਾਂਗਰਸ ਦੇ ਸਾਰੇ ਹਾਲਾਤ ਬਾਰੇ ਉਸ ਨੂੰ ਜਾਣਕਾਰੀ ਦਿੱਤੀ ਜਾਵੇ। ਯਾਦ ਰਹੇ ਕਿ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਨੂੰ ਸਾਹਮਣੇ ਰੱਖ ਕੇ ਪੰਜਾਬ ਦੇ ਕਈ ਕਾਂਗਰਸੀ ਨੇਤਾਵਾਂ ਦੀਆਂ ਡਿਊਟੀਆਂ ਲੱਗੀਆਂ ਹਨ ਕਿ ਉਹ ਹਰਿਆਣਾ ਜਾ ਕੇ ਕਾਂਗਰਸੀ ਉਮੀਦਵਾਰਾਂ ਲਈ ਕੰਮ ਕਰਨ। ਦਿਲਚਸਪ ਤੇ ਵਰਨਣਯੋਗ ਗੱਲ ਇਹ ਹੈ ਕਿ ਸ਼ ਬਾਜਵਾ ਵਿਰੁੱਧ ਬੋਲਣ ਵਾਲਿਆਂ ਵਿਚ ਮਾਝੇ ਦੇ ਕਈ ਕਾਂਗਰਸੀ ਸਭ ਤੋਂ ਅੱਗੇ ਸਨ।
ਇਸ ਮੌਕੇ ਸ੍ਰੀ ਜਾਖੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਬਣਾਇਆ ਹੈ ਤੇ ਉਹ ਆਪਣੇ ਸਮੂਹ ਵਿਧਾਇਕਾਂ ਦੀਆਂ ਭਾਵਨਾਵਾਂ ਹਾਈਕਮਾਨ ਕੋਲ ਪਹੁੰਚਾਉਣ ਲਈ ਪਾਬੰਦ ਹਨ। ਦਰਅਸਲ ਪਿਛਲੇ ਦਿਨਾਂ ਦੌਰਾਨ ਸ਼ ਬਾਜਵਾ ਵੱਲੋਂ ਪਾਰਟੀ ਵਿਚ ਤਕਰੀਬਨ ਪੰਜ ਦਰਜਨ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਪਾਰਟੀ ਦੇ 23 ਵੱਖ-ਵੱਖ ਸੈੱਲਾਂ ਦੇ ਇੰਚਾਰਜ ਨਿਯੁਕਤ ਕਰਨ ਤੋਂ ਇਲਾਵਾ ਪਾਰਟੀ ਦੇ 25 ਜ਼ਿਲ੍ਹਿਆਂ ਲਈ ਇੰਚਾਰਜ ਨਿਯੁਕਤ ਕੀਤੇ ਹਨ। ਉਨ੍ਹਾਂ ਦੋ ਆਫਿਸ ਕੋਆਰਡੀਨੇਟਰ ਵੀ ਨਾਮਜ਼ਦ ਕੀਤੇ ਹਨ। ਪਹਿਲਾਂ ਸ਼ ਬਾਜਵਾ ਕਿਸਾਨ ਤੇ ਖੇਤ ਮਜ਼ਦੂਰ ਸੈੱਲ ਸਮੇਤ ਹੋਰ ਸੈੱਲਾਂ ਦੇ ਚੇਅਰਮੈਨ ਆਦਿ ਨਿਯੁਕਤ ਕਰ ਚੁੱਕੇ ਹਨ। ਕੈਪਟਨ ਖੇਮੇ ਨਾਲ ਸਬੰਧਤ ਵਿਧਾਇਕ ਤੇ ਹੋਰ ਆਗੂ ਇਨ੍ਹਾਂ ਨਿਯੁਕਤੀਆਂ ਨੂੰ ਸ਼ ਬਾਜਵਾ ਵੱਲੋਂ ਉਨ੍ਹਾਂ ਖ਼ਿਲਾਫ਼ ਖੜ੍ਹੀ ਕੀਤੀ ਜਾ ਰਹੀ ਨਵੀਂ ਚੁਣੌਤੀ ਵਜੋਂ ਲੈ ਰਹੇ ਹਨ।
___________________________________
ਕੈਪਟਨ ਧੜੇ ਵੱਲੋਂ ਬਾਜਵਾ ਨੂੰ ਸਿੱਧੀ ਚੁਣੌਤੀ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਕੈਪਟਨ ਖੇਮੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਸਿੱਧੀ ਚੁਣੌਤੀ ਦੇ ਦਿੱਤੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਆਪਣੇ ਖੇਮੇ ਦੇ ਵਿਧਾਇਕਾਂ ਤੇ ਸਮਰਥਕਾਂ ਨਾਲ ਲੰਚ ਡਿਪਲੋਮੇਸੀ ਦੌਰਾਨ ਕਿਹਾ ਕਿ ਸ਼ ਬਾਜਵਾ ਨਾ ਤਾਂ ਉਨ੍ਹਾਂ ਦੇ ਦੋਸਤ ਹਨ ਤੇ ਨਾ ਹੀ ਉਨ੍ਹਾਂ ਦੇ ਸਮਰਥਕ। ਇਸ ਮੌਕੇ ਉਨ੍ਹਾਂ ਬੇਬਾਕੀ ਨਾਲ ਕਿਹਾ ਕਿ ਉਹ ਪਹਿਲਾਂ ਹੀ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਮੰਗ ਕਰ ਚੁੱਕੇ ਹਨ ਕਿ ਸ਼ ਬਾਜਵਾ ਨੂੰ ਚੱਲਦਾ ਕੀਤਾ ਜਾਵੇ। ਸ਼ ਬਾਜਵਾ ਪਾਰਟੀ ਦੇ ਸੰਵਿਧਾਨ ਦੀ ਉਲੰਘਣਾ ਕਰ ਕੇ ਬਲਾਕ ਪ੍ਰਧਾਨਾਂ ਦੀ ਅਦਲਾ-ਬਦਲੀ ਕਰ ਰਹੇ ਹਨ। ਕਈ ਵਿਧਾਇਕਾਂ ਨੇ ਉਨ੍ਹਾਂ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਵੱਲੋਂ ਪਟਿਆਲੇ ਤੋਂ ਨਵੀਂ ਚੁਣੀ ਵਿਧਾਇਕਾ ਪ੍ਰਨੀਤ ਕੌਰ ਵੱਲੋਂ ਵਿਧਾਨ ਸਭਾ ਵਿਚ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਇਥੇ ਇਕ ਪੰਜ ਤਾਰਾ ਹੋਟਲ ਵਿਖੇ ਸਮੂਹ ਕਾਂਗਰਸੀ ਵਿਧਾਇਕਾਂ ਲਈ ਰੱਖੇ ਲੰਚ ਵਿਚ ਸ਼ਾਮਲ ਹੋਣ ਲਈ ਆਏ ਸਨ।
________________________________
ਰੌਲੇ ਵਾਲੀ ਕੋਈ ਗੱਲ ਨਹੀਂ: ਬਾਜਵਾ
ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਕਾਂਗਰਸ ਵਿਧਾਇਕ ਦਲ ਦੀ ਹੋਈ ਮੀਟਿੰਗ ਦੌਰਾਨ ਕੁਝ ਵਿਧਾਇਕਾਂ ਵੱਲੋਂ ਉਨ੍ਹਾਂ ਵਿਰੁੱਧ ਉਠਾਈ ਆਵਾਜ਼ ਮਹਿਜ਼ ਛੋਟੇ-ਮੋਟੇ ਗਿਲੇ-ਸ਼ਿਕਵੇ ਹੀ ਹਨ ਤੇ ਇਸ ਵਿਚ ਰੌਲੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਨੇ ਇਤਰਾਜ਼ ਕੀਤਾ ਸੀ ਕਿ ਕਿਸਾਨ ਤੇ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਹਲਕੇ ਵਿਚ ਇਕ ਆਗੂ ਨੂੰ ਸੈੱਲ ਦੀ ਅਹੁਦੇਦਾਰੀ ਦਿੱਤੀ ਹੈ।
ਇਸ ਬਾਰੇ ਸ੍ਰੀ ਜ਼ੀਰਾ ਨੇ ਵਿਧਾਇਕ ਨੂੰ ਮਿਲ ਕੇ ਗੁੱਸਾ-ਗਿਲਾ ਦੂਰ ਕਰ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਵਿਧਾਇਕ ਦਲ ਪਾਰਟੀ ਤੋਂ ਵੱਖਰਾ ਨਹੀਂ ਹੈ, ਸਗੋਂ ਉਹ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਇਕ ਹਿੱਸਾ ਹੀ ਹੈ। ਸ੍ਰੀ ਜਾਖੜ ਨੇ ਉਨ੍ਹਾਂ ਵੱਲੋਂ ਅਚਨਚੇਤ 29 ਸਤੰਬਰ ਨੂੰ ਧਰਨਾ ਦੇਣ ਦੇ ਕੀਤੇ ਐਲਾਨ ਤੋਂ ਪਹਿਲਾਂ ਹੀ ਵਿਧਾਇਕ ਪ੍ਰਨੀਤ ਕੌਰ ਤੇ ਹੋਰ ਵਿਧਾਇਕਾਂ ਲਈ ਲੰਚ ਦਾ ਪ੍ਰੋਗਰਾਮ ਰੱਖਿਆ ਸੀ ਤੇ ਇਸ ਵਿਚ ਕੋਈ ਮੱਤਭੇਦ ਨਹੀਂ ਹੈ।

Be the first to comment

Leave a Reply

Your email address will not be published.