ਰਾਜਧਾਨੀ ਦੀ ਸਾਹਿਤਕ ਦੁਨੀਆਂ ਦਾ ਸਰਪ੍ਰਸਤ ਸੀ ਇੰਦਰ ਗੁਜਰਾਲ

ਗੁਲਜ਼ਾਰ ਸਿੰਘ ਸੰਧੂ
ਇੰਦਰ ਕੁਮਾਰ ਗੁਜਰਾਲ ਦੇ ਅਕਾਲ ਚਲਾਣੇ ਨਾਲ ਸਾਡੀ ਨਵੀਂ ਦਿੱਲੀ ਵਾਲੀ ਪੰਜਾਬੀ ਸਾਹਿਤ ਸਭਾ ਦੇ ਨਵੇਂ ਯੁਗ ਦਾ ਅੰਤ ਹੋ ਗਿਆ ਹੈ। 1943 ਵਿਚ ਗਿਆਨੀ ਹਰੀ ਸਿੰਘ ਤੇ ਕੁਲਦੀਪ ਸਿੰਘ ਦੀ ਸਥਾਪਤ ਕੀਤੀ ਪੰਜਾਬੀ ਸਾਹਿਤ ਸਭਾ ਨੇ ਗੁਜਰਾਲ ਜੀ ਦੀ ਸਰਪ੍ਰਸਤੀ ਹੇਠ ਭਾਪਾ ਪ੍ਰੀਤਮ ਸਿੰਘ ਤੇ ਕਰਤਾਰ ਸਿੰਘ ਦੁੱਗਲ ਦੇ ਉਦਮ ਨਾਲ ਨਵਾਂ ਜਨਮ ਲਿਆ ਸੀ। ਇਸ ਨੂੰ ਸਾਹਿਤਕ ਸੇਧ ਦੇਣ ਵਾਲਾ ਕਰਤਾਰ ਸਿੰਘ ਦੁੱਗਲ ਸੀ ਤੇ ਪ੍ਰਬੰਧਕੀ ਢਾਂਚੇ ਨੂੰ ਨਵਿਆਉਣ ਤੇ ਮਾਇਕ ਵਸੀਲੇ ਜੁਟਾਉਣ ਵਾਲਾ ਭਾਪਾ ਪ੍ਰੀਤਮ ਸਿੰਘ। ਸਭਾ ਦੇ ਕੰਮ ਕਾਜ ਲਈ ਉਸਾਰੇ ਗਏ ਆਲੀਸ਼ਾਨ ਪੰਜਾਬੀ ਭਵਨ ਦਾ 1990 ਵਿਚ ਨੀਂਹ ਪੱਥਰ ਰੱਖਣ ਵਾਲੇ ਵੀ ਸ੍ਰੀ ਗੁਜਰਾਲ ਸਨ। ਉਨ੍ਹਾਂ ਦੀ ਸਰਪ੍ਰਸਤੀ ਹੇਠ ਸਭਾ ਨੇ ਬਹੁਤ ਵਧੀਆ ਸਮਾਗਮ, ਮਹਿਫਲਾਂ ਤੇ ਸਾਹਿਤਕ ਮਿਲਣੀਆਂ ਕਰਨ ਤੋਂ ਬਿਨਾਂ ਦੋ ਸੌ ਤੋਂ ਵਧ ਦਿਹਾਤੀ ਲਾਇਬ੍ਰੇਰੀਆਂ ਤੇ ਇਕ ਦਰਜਨ ਫੈਲੋਸ਼ਿੱਪਾਂ ਪ੍ਰਦਾਨ ਕੀਤੀਆਂ ਤੇ ਸਾਹਿਤਕ ਰਸਾਲਾ ‘ਸਮਕਾਲੀ ਸਾਹਿਤ’ ਜਾਰੀ ਰਖਿਆ। ਹੁਣ ਇੱਕ ਇੱਕ ਕਰਕੇ ਸਾਰੇ ਹੀ ਤੁਰ ਗਏ ਹਨ ਜਿਨ੍ਹਾਂ ਦੇ ਵਿੱਢੇ ਕੰਮਾਂ ਨੂੰ ਅੱਗੇ ਲੈ ਜਾਣਾ ਸਾਡੇ ਮੋਢਿਆਂ ਉਤੇ ਆ ਪਿਆ ਹੈ।
ਭਾਰਤ ਦੇ ਹੁਣ ਤੱਕ ਦੇ ਪ੍ਰਧਾਨ ਮੰਤਰੀਆਂ ਵਿਚੋਂ ਇੰਦਰ ਕੁਮਾਰ ਗੁਜਰਾਲ ਇੱਕੋ ਇੱਕ ਹਸਤੀ ਸੀ ਜਿਸ ਨੂੰ ਮੈਂ ਨੇੜੇ ਤੋਂ ਦੇਖਿਆ ਤੇ ਜਾਣਿਆ ਹੈ। ਨਵਯੁੱਗ ਫਾਰਮ ਮਹਿਰੌਲੀ ਵਿਖੇ ਰਚਾਏ ਇੱਕ ਚੋਣਵੇਂ ਇੱਕਠ ਵਿਚ ਮੈਨੂੰ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼ ਐਂਡ ਆਰਟਿਸਟ ਵਲੋਂ ਸਥਾਪਤ ਇਆਪਾ ਐਵਾਰਡ ਦੇਣ ਵਾਲਾ ਵੀ ਉਹੀਓ ਸੀ। ਸਾਹਿਤ, ਕਲਾ, ਸਿਆਸਤ ਤੇ ਸਾਇੰਸ ਦੇ ਕਿਸੇ ਵੀ ਵਿਸ਼ੇ ਨੂੰ ਸਰਲ ਤੇ ਪ੍ਰਭਾਵੀ ਬਣਾ ਕੇ ਪੇਸ਼ ਕਰਨਾ ਉਸ ਦਾ ਖਾਸਾ ਸੀ। ਉਹ ਗਿਆਨਵਾਨ, ਬੁੱਧੀਮਾਨ ਤੇ ਸਾਊ ਸਿਆਸਤਦਾਨ ਸੀ ਜਿਸ ਨੇ ਸੂਚਨਾ ਤੇ ਪ੍ਰਸਾਰਨ ਜਾਂ ਵਿਦੇਸ਼ ਮੰਤਰਾਲੇ ਉਤੇ ਹੀ ਆਪਣੀ ਛਾਪ ਨਹੀਂ ਛੱਡੀ ਪਲਾਨਿੰਗ ਕਮਿਸ਼ਨ ਦੀ ਵਾਗਡੋਰ ਸੰਭਾਲਣ ਸਮੇਂ ਦੇਸ਼ ਦੀਆਂ ਯੋਜਨਾਵਾਂ ਨੂੰ ਨਵੀਆਂ ਸੇਧਾਂ ਦਿੱਤੀਆਂ। ਪਾਕਿਸਤਾਨ ਨਾਲ ਭਾਰਤ ਦੇ ਰਾਜਨੀਤਕ ਸਬੰਧ ਸੁਧਾਰਨ ਲਈ ਕੀਤੀ ਗਈ ਉਸ ਦੀ ਪਹਿਲਕਦਮੀ ਸਦਾ ਹੀ ਚੇਤੇ ਰਹੇਗੀ। ਪੰਜਾਬ ਆਪਣੇ ਇਸ ਸਪੂਤ ਵਲੋਂ ਪੰਜਾਬ ਦੇ ਕਾਲੇ ਦੌਰ ਵਿਚ ਚੁੱਕੇ ਗਏ ਕਰਜ਼ੇ ਦੀ ਮੁਆਫੀ ਵਿਚ ਪਾਏ ਯੋਗਦਾਨ ਲਈ ਸਦਾ ਰਿਣੀ ਰਹੇਗਾ। ਭਰਾ ਸਤੀਸ਼ ਗੁਜਰਾਲ ਵਲੋਂ ਕਲਾ ਕੌਸ਼ਲਤਾ ਅਤੇ ਪਤਨੀ ਸ਼ੀਲਾ ਗੁਜਰਾਲ ਵਲੋਂ ਕਾਵਿ ਖੇਤਰ ਵਿਚ ਪਾਏ ਯੋਗਦਾਨ ਦੇ ਪ੍ਰਚਾਰ ਤੇ ਪਾਸਾਰ ਦਾ ਸਿਹਰਾ ਵੀ ਉਸ ਦੇ ਸਿਰ ਬੱਝਦਾ ਹੈ।
ਜਿੱਥੇ ਪੰਜਾਬੀ ਸਾਹਿਤ ਸਭਾ ਉਸ ਦੀ ਮਿੱਠੀ ਤੇ ਮਿਲਾਪੜੀ ਸ਼ਖਸੀਅਤ ਤੋਂ ਪ੍ਰੇਰਨਾ ਲੈਂਦੀ ਰਹੀ ਹੈ ਭਾਰਤੀ ਰਾਜਨੀਤਕ ਕੂਟਨੀਤੀ ਉਸ ਦੀ ਸਦਾ ਰਿਣੀ ਰਹੇਗੀ। ਪੰਜਾਬ ਤਾਂ ਕੀ ਪੂਰੇ ਦੇਸ਼ ਵਿਚ ਲੰਮੀ ਉਮਰ ਭੋਗ ਕੇ ਪੂਰੇ ਸੱਤ ਦਹਾਕੇ ਭਾਰਤ ਦੀ ਸਿਆਸਤ ਵਿਚ ਸਰਗਰਮ ਰਹਿਣ ਵਾਲਾ ਉਹੀਓ ਸੀ ਜਿਸ ਦੀ ਛਾਪ ਸਾਰੇ ਖੇਤਰਾਂ ਉਤੇ ਭੁੱਲਣ ਵਾਲੀ ਨਹੀਂ। ਜਿੱਥੋਂ ਤੱਕ ਪੰਜਾਬ ਦੀ ਮੀਡੀਆ ਰਾਜਧਾਨੀ ਜਲੰਧਰ ਦਾ ਸਬੰਧ ਹੈ, ਸ੍ਰੀ ਗੁਜਰਾਲ ਨੇ ਸੂਚਨਾ ਤੇ ਸੰਚਾਰ ਮੰਤਰੀ ਹੁੰਦਿਆਂ ਦੂਰਦਰਸ਼ਨ ਕੇਂਦਰ ਦੀ ਸਥਾਪਨਾ ਕੀਤੀ ਤੇ ਪ੍ਰਧਾਨ ਮੰਤਰੀ ਬਣਨ ਸਮੇਂ ਸਾਇੰਸ ਤੇ ਚਿਕਿਤਸਾ ਸੰਸਥਾਵਾਂ ਅਤੇ ਓਵਰ ਬਰਿਜ਼ਾਂ ਦੀ ਉਸਾਰੀ ਲਈ ਕੇਂਦਰੀ ਬਜਟ ਵਿਚੋਂ ਖੁਲ੍ਹੇ ਗੱਫੇ ਦਿੱਤੇ। ਉਸ ਨੇ ਇਥੋਂ ਦੀਆਂ ਪ੍ਰਮੁੱਖ ਪੱਤਰਕਾਰੀ ਤੇ ਮੀਡੀਆਂ ਹਸਤੀਆਂ ਨੂੰ ਰੱਜਵਾਂ ਪਿਆਰ ਤੇ ਮਾਣ ਦਿੱਤਾ। ਮੈਨੂੰ ਵੀ ਇਹ ਪਿਆਰ ਜਲੰਧਰ ਦੇ ਰਸਤੇ ਹੀ ਮਿਲਦਾ ਆਇਆ ਹੈ।
ਸ੍ਰੀ ਗੁਜਰਾਲ ਨੂੰ ਰਹਿੰਦੀ ਦੁਨੀਆਂ ਤੱਕ ਰਾਜਨੀਤੀ, ਸਭਿਆਚਾਰ ਤੇ ਚਿੰਤਨ ਦੀ ਤ੍ਰਿਵੈਣੀ ਵਜੋਂ ਜਾਣਿਆਂ ਜਾਵੇਗਾ।
ਅਫਜ਼ਲ ਤੌਸੀਫ ਦਾ ਜੱਦੀ ਪਿੰਡ ਸਿੰਬਲੀ
ਲਾਹੌਰ ਦੀ ਵਸਨੀਕ ਉਰਦੂ ਅਤੇ ਪੰਜਾਬੀ ਦੀ ਅਦੀਬ ਅਫਜ਼ਲ ਤੌਸੀਫ ਦਾ ਜੱਦੀ ਪਿੰਡ ਹੁਸ਼ਿਆਰਪੁਰ ਜ਼ਿਲੇ ਦਾ ਪਿੰਡ ਸਿੰਬਲੀ ਹੈ। ਜਦੋਂ 2007 ਵਿਚ ਸਿੰਬਲੀ ਦੇ ਡੈਨਮਾਰਕ ਨਿਵਾਸੀ ਸਵਰਨ ਸਿੰਘ ਪਰਵਾਨਾ ਨੇ ਉਸ ਨੂੰ ਬਾਬਾ ਬੁਲ੍ਹੇ ਸ਼ਾਹ ਸਨਮਾਨ ਦੇਣ ਲਈ ਆਪਣੇ ਪਿੰਡ ਸੱਦਿਆ ਤਾਂ ਪਿੰਡ ਵਾਲਿਆਂ ਦਾ ਪਿਆਰ ਵੇਖ ਉਸ ਦਾ ਖੁਸ਼ੀ ਵਿਚ ਰੋਣ ਨਿਕਲ ਗਿਆ। ਦੇਸ਼ ਵੰਡ ਸਮੇਂ ਮਾਂ ਪਿਉ ਜਾਇਆਂ ਵਰਗੇ ਮੁਸਲਮਾਨ ਭਰਾਵਾਂ ਦੇ ਕਤਲਾਂ ਅਤੇ ਆਪਣੇ ਤੋਂ ਵੱਡੀਆਂ ਭੈਣਾਂ-ਭਰਜਾਈਆਂ ਵਲੋਂ ਪੱਤ ਬਚਾਉਣ ਲਈ ਪਿੰਡ ਦੇ ਖੂਹ ਵਿਚ ਮਾਰੀਆਂ ਛਾਲਾਂ ਦੇ ਪਿਛੋਕੜ ਕਾਰਨ। ਤੌਸੀਫ ਦਾ ਕਹਿਣਾ ਹੈ,
‘ਮੈਨੂੰ ਆਪਣੀ ਸੱਜਰੀ ਪੰਜਾਬ ਫੇਰੀ ਸਮੇਂ ਪਰਵਾਨਾ ਦੇ ਘਰ ਰਹਿਣ ਦਾ ਅਵਸਰ ਮਿਲਿਆ ਜਿੱਥੇ ਕਵਿਤਾ ਨੂੰ ਪਿਆਰ ਕਰਨ ਵਾਲਾ ਪਿਆਰਾ ਸਿੰਘ ਪੰਛੀ ਵੀ ਮਿਲਿਆ ਤੇ ਪਰਵਾਨਾ ਦਾ ਬੇਟਾ ਸੁੱਖੀ ਵੀ। ਅਣਵੰਡੇ ਪੰਜਾਬ ਦੇ ਪੰਜ ਲੰਬਰਦਾਰੀਆਂ ਵਾਲੇ ਇਸ ਪਿੰਡ ਨੂੰ ਇਸ ਦੇ ਬਣਦੇ ਹੱਕ ਵੀ ਨਹੀਂ ਮਿਲ ਰਹੇ। ਨਵਾਂਸ਼ਹਿਰ ਤੋਂ ਕਲਾਮ ਅਤੇ ਚੂਹੜਪੁਰ ਰਾਹੀਂ ਪਿੰਡ ਨੂੰ ਜਾਣ ਵਾਲੀ ਸੜਕ ਦੀ ਹਾਲਤ ਮਾੜੀ ਹੈ ਤੇ ਹੁਸ਼ਿਆਰਪੁਰ-ਚੰਡੀਗੜ੍ਹ ਮਾਰਗ ਨੂੰ ਮਿਲਾਉਣ ਵਾਲਾ ਨਿੱਕਾ ਜਿਹਾ ਟੋਟਾ ਵੀ ਖਸਤਾ ਹਾਲਤ ਵਿਚ ਹੈ। ਦੇਸ਼ ਵੰਡ ਸਮੇਂ ਲੋਅਰ ਮਿਡਲ ਦੀ ਪਦਵੀ ਪ੍ਰਾਪਤ ਕਰ ਚੁੱਕਾ ਪਿੰਡ ਦਾ ਸਕੂਲ ਅੱਧੀ ਸਦੀ ਦੇ ਲੰਮੇ ਸਮੇਂ ਵਿਚ ਕੇਵਲ ਦਸਵੀਂ ਤੱਕ ਦਾ ਹੋਇਆ ਹੈ। ਇਸ ਨੂੰ ਹਾਇਰ ਸੈਕੰਡਰੀ ਕਰਨ ਦੀ ਮੰਗ ਵੀ ਉਸੇ ਤਰ੍ਹਾਂ ਠੁਕਰਾ ਦਿੱਤੀ ਜਾਂਦੀ ਹੈ ਜਿਵੇਂ ਕੰਢੀ ਖੇਤਰ ਨਾਲ ਮਿਲਾਏ ਜਾਣ ਦੀ ਮੰਗ।’
ਅਫਜ਼ਲ ਤੌਸੀਫ ਤਾਂ ਆਪਣੀ ਫੇਰੀ ਸਮੇਂ ਪਿੰਡ ਦੀਆਂ ਹੱਟੀਆਂ, ਭੱਠੀਆਂ ਨੂੰ ਯਾਦ ਕਰਕੇ ਸਬਰ ਦਾ ਘੁੱਟ ਭਰ ਬੈਠੀ ਸੀ। ਤਿੰਨ ਦਹਾਕੇ ਡੈਨਮਾਰਕ ਦੀ ਹਵਾ ਖਾ ਕੇ ਪਰਤੇ ਪਰਵਾਨਾ ਤੇ ਸੁੱਖੀ ਦੀ ਲੋਚਾ ਦੇਖਣ ਵਾਲੀ ਹੈ। ਪਰਵਾਨਾ ਤੋਂ ਇਹ ਵੀ ਪਤਾ ਲੱਗਿਆ ਕਿ ਪਿਛਲੇ ਕੁਝ ਸਮੇਂ ਤੋਂ ਅਫਜ਼ਲ ਤੌਸੀਫ ਕਾਫੀ ਢਿੱਲੀ ਰਹਿੰਦੀ ਹੈ। ਪਿੰਡ ਵਾਲੇ ਚਾਹੁੰਦੇ ਹਨ ਕਿ ਪਿੰਡ ਦੀ ਵਿਦਿਆ ਪ੍ਰਣਾਲੀ ਤੇ ਸੜਕਾਂ ਦੀ ਮੁਰੰਮਤ ਦੀ ਚੰਗੀ ਖਬਰ ਦੇ ਕੇ ਅਫਜ਼ਲ ਨੂੰ ਹੌਸਲਾ ਦੇਣ ਪਰ ਸਰਕਾਰੀ ਅਧਿਕਾਰੀ ਕੋਈ ਪੱਲਾ ਨਹੀਂ ਫੜਾ ਰਹੇ। ਮੈਨੂੰ ਭੁਲੇ ਸਮਿਆਂ ਦੇ ਇਸ ਵੱਡੇ ਪਿੰਡ ਦੀ ਸੱਜਰੀ ਫੇਰੀ ਨੇ ਉਦਾਸ ਕੀਤਾ ਹੈ।
ਅੰਤਿਕਾ:
ਸੁਰਿੰਦਰਜੀਤ ਕੌਰ
ਚੁੱਪ ਰਹਿ ਕੇ ਬੋਲਣਾ ਸਿੱਖ ਜਾਏਂਗਾ
ਪਰਬਤਾਂ ਦੀ ਚੁੱਪ ਨੂੰ ਅਪਨਾ ਕੇ ਵੇਖ।
ਸਾਰੇ ਦੀਵੇ ਸਾਥ ਤੇਰਾ ਦੇਣਗੇ
ਚਾਨਣਾਂ ਦਾ ਗੀਤ ਕੋਈ ਗਾ ਕੇ ਵੇਖ।

Be the first to comment

Leave a Reply

Your email address will not be published.