ਚੰਡੀਗੜ੍ਹ: ਬੱਬਰ ਖਾਲਸਾ ਇੰਟਰਨੈਸ਼ਨਲ ਨੇ ਮੁੜ ਪੰਜਾਬ ਤੇ ਚੰਡੀਗੜ੍ਹ ਵਿਚ ਦਸਤਕ ਦੇਣ ਦਾ ਦਾਅਵਾ ਕੀਤਾ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ ਹੇਠ ਚੰਡੀਗੜ੍ਹ ਵਿਖੇ ਕਈ ਥਾਈਂ ਲੱਗੇ ਪੋਸਟਰਾਂ ਰਾਹੀਂ ਮੁੜ ਆਪਣਾ ਰਾਜ ਤੇ ਕਾਨੂੰਨ ਚਲਾਉਣ ਦੀ ਧਮਕੀ ਦਿੱਤੀ ਗਈ ਹੈ। ਪੋਸਟਰਾਂ ਤੋਂ ਇਲਾਵਾ ਬੱਬਰ ਖਾਲਸਾ ਦੇ ਹੀ ਲੈਟਰਹੈੱਡ ਉਪਰ ਸ਼ਹਿਰ ਦੇ ਦੋ ਜੁੱਤੀਆਂ ਦੇ ਪ੍ਰਮੁੱਖ ਵਪਾਰੀਆਂ ਨੂੰ ਵੀ ਧਮਕੀ ਭਰੇ ਪੱਤਰ ਭੇਜ ਕੇ ਸਿੱਖ ਕੌਮ ਦੇ ਹਿੱਤਾਂ ਲਈ 31-31 ਲੱਖ ਰੁਪਏ ਮੁਹੱਈਆ ਕਰਨ ਦੀ ਸਖ਼ਤ ਧਮਕੀ ਦਿੱਤੀ ਹੈ।
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ ਹੇਠ ਲੱਗੇ ਪੋਸਟਰਾਂ ਵਿਚ ਦਾਅਵਾ ਕੀਤਾ ਹੈ ਕਿ 21 ਸਤੰਬਰ ਤੋਂ ਸਿੱਖ ਰਾਜ ਨੇ ਪੰਜਾਬ ਤੇ ਚੰਡੀਗੜ੍ਹ ਵਿਚ ਦਸਤਕ ਦੇ ਦਿੱਤੀ ਹੈ। ਪੋਸਟਰਾਂ ਵਿਚ ਲਿਖਿਆ ਹੈ ਕਿ ਬਲਾਤਕਾਰ ਕਰਨ ਵਾਲੇ ਨੂੰ ਜਿਊਂਦਾ ਸਾੜਨ ਦਾ ਸਜ਼ਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਲੜਕੀ ਦੇ ਪਰਿਵਾਰ ਕੋਲੋਂ ਦਾਜ ਮੰਗਣ ਵਾਲਿਆਂ ਤੇ ਬਰਾਤ ਵਿਚ 101 ਵਿਅਕਤੀ ਲਿਜਾਣ ਵਾਲਿਆਂ ਨੂੰ ਪਰਿਵਾਰ ਸਮੇਤ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਪੋਸਟਰਾਂ ਵਿਚ ਲਿਖਿਆ ਹੈ ਕਿ ਅਜਿਹੇ ਗੁਨਾਹ ਕਰਨ ਵਾਲੇ ਦੋ-ਚਾਰ ਪਰਿਵਾਰਾਂ ਨੂੰ ਸਜ਼ਾ ਦੇਣ ਤੋਂ ਬਾਅਦ ਸਮਾਜ ਆਪਣੇ-ਆਪ ਹੀ ਸੁਧਰ ਜਾਵੇਗਾ। ਪੋਸਟਰਾਂ ਦੇ ਹੇਠਾਂ ਏਕੇ-47 ਤੇ ਤਲਵਾਰਾਂ ਦੇ ਚਿੱਤਰ ਬਣਾਏ ਗਏ ਹਨ।
ਸੈਕਟਰ-17 ਸਥਿਤ ਏਜੀ ਪੰਜਾਬ ਦੇ ਦਫਤਰ ਸਮੇਤ ਹੋਰ ਕਈ ਅਹਿਮ ਥਾਵਾਂ ‘ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪੋਸਟਰ ਲੱਗੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪੁੱਜੇ ਤੇ ਹੰਗਾਮੀ ਹਾਲਤ ਵਿਚ ਸਾਰੇ ਪੋਸਟਰ ਉਤਾਰਨ ਦੀ ਕਾਰਵਾਈ ਚਲਾਈ। ਇਨ੍ਹਾਂ ਪੋਸਟਰਾਂ ਨੂੰ ਜਾਰੀ ਕਰਨ ਵਾਲੇ ਦਾ ਨਾਂ ਪਲਵਿੰਦਰ ਸਿੰਘ ਹੀਰਾ ਲਿਖਿਆ ਹੈ।
ਪੋਸਟਰ ਵਿਚ ਅੰਕਿਤ ਕੀਤਾ ਹੈ ਕਿ ਇਸ ਪਰਵਾਨੇ ਨੂੰ ਮਜ਼ਾਕ ਸਮਝਣ ਦੀ ਗਲਤੀ ਨਾ ਕੀਤੀ ਜਾਵੇ। ਪੁਲਿਸ ਅਧਿਕਾਰੀਆਂ ਵੱਲੋਂ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਪੋਸਟਰ ਕਿਸ ਸਮੇਂ ਲਾਏ ਗਏ ਹਨ। ਇਸ ਬਾਰੇ ਰਾਤ ਨੂੰ ਇਥੇ ਤਾਇਨਾਤ ਚੌਕੀਦਾਰਾਂ ਆਦਿ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਿਲੇ ਪੋਸਟਰਾਂ ਉਪਰ ਵਿਸ਼ੇਸ਼ ਚਰਚਾ ਕਰਨ ਤੋਂ ਬਾਅਦ ਆਪਣੇ ਕਈ ਵਿੰਗਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਸੈਕਟਰ-17 ਥਾਣੇ ਦੇ ਐਸ਼ਐਚæਓæ ਦਿਲਸ਼ੇਰ ਸਿੰਘ ਚੰਦੇਲ ਨੇ ਦੱਸਿਆ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ ਹੇਠ ਪੋਸਟਰ ਲਾਉਣ ਵਾਲੇ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 505-1ਬੀ (ਲੋਕਾਂ ਵਿਚ ਭਗਦੜ ਤੇ ਅਸ਼ਾਂਤੀ ਪੈਦਾ ਕਰਨ ਦੇ ਦੋਸ਼) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਹੋਰ ਜਾਣਕਾਰੀ ਅਨੁਸਾਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲੈਟਰਹੈੱਡ ‘ਤੇ ਹੀ ਸ਼ਹਿਰ ਦੇ ਦੋ ਪ੍ਰਮੁੱਖ ਜੁੱਤਾ ਵਪਾਰੀਆਂ ਨੂੰ 31-31 ਲੱਖ ਰੁਪਏ ਦੇਣ ਦੇ ਧਮਕੀ ਪੱਤਰ ਮਿਲੇ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਸਿੱਖ ਕੌਮ ਦੇ ਹਿੱਤਾਂ ਲਈ ਰਾਸ਼ੀ ਮੁਹੱਈਆ ਕੀਤੀ ਜਾਵੇ।
ਇਹ ਪੱਤਰ ਵੀ ਪਲਵਿੰਦਰ ਸਿੰਘ ਦੇ ਨਾਂ ਹੇਠ ਜਾਰੀ ਹੋਏ ਹਨ। ਵਪਾਰੀਆਂ ਨੂੰ ਧਮਕੀ ਪੱਤਰ ਕੁਰੀਅਰ ਰਾਹੀਂ ਮਿਲੇ ਹਨ, ਜਿਸ ਵਿਚ ਕੋਡ 302ਏ ਲਿਖਿਆ ਹੈ। ਸੂਤਰਾਂ ਅਨੁਸਾਰ ਵਪਾਰੀਆਂ ਨੂੰ ਇਹ ਰਾਸ਼ੀ 22 ਤੇ 23 ਸਤੰਬਰ ਨੂੰ ਦੇਣ ਲਈ ਕਿਹਾ ਸੀ। ਚੰਡੀਗੜ੍ਹ ਪੁਲਿਸ ਗੁਪਤ ਢੰਗ ਨਾਲ ਇਨ੍ਹਾਂ ਵਪਾਰੀਆਂ ਦੇ ਸ਼ੋਅਰੂਮਾਂ ਦੇ ਇਰਦ-ਗਿਰਦ ਪਿਛਲੇ ਦਿਨਾਂ ਦੌਰਾਨ ਨਾਕੇ ਲਾ ਕੇ ਦੜੀ ਰਹੀ ਸੀ। ਇਨ੍ਹਾਂ ਸ਼ੋਅਰੂਮਾਂ ਦੇ ਸੀæਸੀæਟੀæਵੀæ ਕੈਮਰਿਆਂ ਦੀ ਰਿਕਾਰਡਿੰਗ ਨੂੰ ਵੀ ਪੁਲਿਸ ਖੰਗਾਲ ਰਹੀ ਹੈ।
Leave a Reply