-ਜਤਿੰਦਰ ਪਨੂੰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਅਮਰੀਕਾ ਦੌਰੇ ਲਈ ਭਾਰਤ ਤੋਂ ਗਿਆ ਅਤੇ ਜਰਮਨੀ ਵਿਚ ਇੱਕ ਰਾਤ ਲਈ ਰੁਕਿਆ ਹੋਇਆ ਸੀ, ਉਦੋਂ ਅਮਰੀਕਾ ਤੋਂ ਇੱਕ ਹਿੰਦੀ ਮੀਡੀਆ ਚੈਨਲ ਨੇ ਸਾਡੇ ਕੋਲੋਂ ਇਹ ਪੁੱਛ ਲਿਆ ਕਿ ਭਾਰਤੀ ਜਨਤਾ ਪਾਰਟੀ ਦਾ ਆਗੂ ਨਰਿੰਦਰ ਮੋਦੀ ਹੁਣ ਪ੍ਰਧਾਨ ਮੰਤਰੀ ਵਜੋਂ ਅਮਰੀਕਾ ਦਾ ਦੌਰਾ ਕਰਨ ਆ ਰਿਹਾ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ? ਸਾਡਾ ਜਵਾਬ ਸੀ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਵਜੋਂ ਨਹੀਂ, ਭਾਰਤੀ ਜਨਤਾ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਜਾ ਰਿਹਾ ਹੈ, ਇਸ ਲਈ ਰਾਜਨੀਤੀ ਦੇ ਪੱਖ ਤੋਂ ਕਿਸੇ ਦੇ ਕੋਈ ਮੱਤਭੇਦ ਵੀ ਹੋਣ, ਅਸੀਂ ਸਭ ਲੋਕ ਉਸ ਦੇ ਇਸ ਦੌਰੇ ਦੀ ਕਾਮਯਾਬੀ ਦੀ ਕਾਮਨਾ ਕਰਾਂਗੇ।
ਇਹ ਪਹਿਲਾ ਪੱਖ ਹੈ, ਜਿਸ ਵਿਚ ਸਾਡਾ ਸਭ ਦਾ ਫਰਜ਼ ਹੈ ਕਿ ਇਸ ਦੇਸ਼ ਦੇ ਇੱਕ ਸੌ ਪੰਝੀ ਕਰੋੜ ਲੋਕਾਂ ਦੇ ਪ੍ਰਤੀਨਿਧ ਵਜੋਂ ਉਸ ਦੀ ਕਾਮਯਾਬੀ ਦੀ ਕਾਮਨਾ ਕਰੀਏ, ਪਰ ਇਸ ਫਰਜ਼ ਦੇ ਨਾਲ ਸਾਡਾ ਇੱਕ ਨਾਗਰਿਕ ਵਜੋਂ ਹੱਕ ਵੀ ਹੈ ਕਿ ਅਸੀਂ ਉਸ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਚੀਰ-ਪਾੜ ਵੀ ਕਰਦੇ ਰਹੀਏ। ਸਿਰਫ ਕਦਮਾਂ ਦੀ ਨਹੀਂ, ਉਸ ਵੱਲੋਂ ਕੀਤੇ ਜਾਂਦੇ, ਜਾਂ ਸ਼ਾਇਦ ਪੜ੍ਹੇ ਜਾਂਦੇ, ਭਾਸ਼ਣਾਂ ਦੇ ਉਨ੍ਹਾਂ ਨੁਕਤਿਆਂ ਬਾਰੇ ਵੀ ਵਿਚਾਰ ਕਰੀਏ, ਜਿਨ੍ਹਾਂ ਨਾਲ ਇਸ ਦੇਸ਼ ਦੇ ਇੱਕ ਸੌ ਪੰਝੀ ਕਰੋੜ ਲੋਕਾਂ ਦੀ ਹੋਣੀ ਉਤੇ ਅਸਰ ਪੈ ਸਕਦਾ ਹੈ। ਅਸੀਂ ਭਾਸ਼ਣਾਂ ਨਾਲ ‘ਪੜ੍ਹੇ ਜਾਂਦੇ’ ਸ਼ਬਦ ਜੋੜਨ ਤੋਂ ਆਮ ਕਰ ਕੇ ਸੰਕੋਚ ਕਰਦੇ ਰਹੇ ਹਾਂ, ਜਦ ਕਿ ਭਾਜਪਾ ਆਗੂ ਖੁੱਲ੍ਹ ਕੇ ਕਹਿੰਦੇ ਹਨ ਕਿ ਸਾਡੇ ਕੋਲ ਲੀਡਰ ਹਨ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੋਵੇਂ ਰੀਡਰ ਹਨ, ਭਾਵ ਕਿ ਦਿੱਤੇ ਹੋਏ ਭਾਸ਼ਣ ਪੜ੍ਹਦੇ ਹਨ। ਅਸਲੀਅਤ ਇਹ ਹੈ ਕਿ ਕਈ ਭਾਜਪਾ ਆਗੂ ਵੀ ਹੋਰ ਲੋਕਾਂ ਦੇ ਲਿਖੇ ਭਾਸ਼ਣ ਪੜ੍ਹਦੇ ਹਨ। ਲਾਲ ਕ੍ਰਿਸ਼ਨ ਅਡਵਾਨੀ ਨੇ ਜਦੋਂ ਪਾਕਿਸਤਾਨ ਜਾ ਕੇ ਮੁਹੰਮਦ ਅਲੀ ਜਿਨਾਹ ਦੀ ਸਿਫਤ ਕਰ ਦਿੱਤੀ ਤੇ ਫਸ ਗਿਆ ਤਾਂ ਭੇਦ ਖੁੱਲ੍ਹਾ ਸੀ ਕਿ ਉਸ ਦਾ ਭਾਸ਼ਣ ਇੱਕ ਕਾਰਿੰਦੇ ਨੇ ਲਿਖਿਆ ਸੀ। ਬਿਹਾਰ ਵਿਚ ਨਰਿੰਦਰ ਮੋਦੀ ਨੇ ਸਿਕੰਦਰ ਬਾਦਸ਼ਾਹ ਨੂੰ ਬਿਹਾਰ ਦੇ ਲੋਕਾਂ ਵੱਲੋਂ ਕੁੱਟ ਕੇ ਭਜਾ ਦੇਣ ਦੀ ਗੱਲ ਕਹੀ ਅਤੇ ਪੁੱਠੀ ਪੈ ਗਈ ਤਾਂ ਪਤਾ ਲੱਗਾ ਕਿ ਉਹ ਭਾਸ਼ਣ ਵੀ ਇੱਕ ਕਿਰਾਏ ਦੀ ਕਲਮ ਤੋਂ ਲਿਖਾਇਆ ਗਿਆ ਸੀ। ਇਸ ਵਾਰੀ ਜਦੋਂ ਨਰਿੰਦਰ ਮੋਦੀ ਜਰਮਨੀ ਵਿਚ ਰਾਤ ਰੁਕਿਆ ਸੀ, ਭਾਰਤ ਵਿਚ ਇੱਕ ਟੀ ਵੀ ਚੈਨਲ ਨੇ ਇੱਕ ਪ੍ਰੋਗਰਾਮ ਅਟਲ ਬਿਹਾਰੀ ਵਾਜਪਾਈ ਬਾਰੇ ਪੇਸ਼ ਕਰਦੇ ਹੋਏ ਦੱਸਿਆ ਕਿ ਯੂ ਐਨ ਓ ਵਿਚ ਪਹਿਲੀ ਵਾਰੀ ਹਿੰਦੀ ਵਿਚ ਭਾਸ਼ਣ ਨਰਿੰਦਰ ਮੋਦੀ ਨੇ ਨਹੀਂ ਕਰਨਾ, ਸੈਂਤੀ ਸਾਲ ਪਹਿਲਾਂ ਇਹ ਕੰਮ ਵਾਜਪਾਈ ਸਾਹਿਬ ਨੇ ਕਰ ਦਿੱਤਾ ਸੀ। ਉਦੋਂ ਦਾ ਹਿੰਦੀ ਭਾਸ਼ਣ ਹੁੰਦਾ ਬੜਾ ਸੋਹਣਾ ਸੁਣਾ ਕੇ ਉਸ ਟੀ ਵੀ ਚੈਨਲ ਨੇ ਸ੍ਰੀਨਾਰਾਇਣ ਨਾਂ ਦਾ ਇੱਕ ਬੰਦਾ ਪੇਸ਼ ਕਰ ਦਿੱਤਾ ਕਿ ਵਾਜਪਾਈ ਦਾ ਉਹ ਭਾਸ਼ਣ ਉਦੋਂ ਇਸ ਨੇ ਲਿਖਿਆ ਸੀ, ਅਤੇ ਸ੍ਰੀਨਾਰਾਇਣ ਦੀ ਹੈਰਾਨ ਕਰਨ ਵਾਲੀ ਉਹ ਸਾਰੀ ਜ਼ਬਾਨੀ ਕਹਾਣੀ ਵੀ ਪੇਸ਼ ਕਰਵਾ ਦਿੱਤੀ।
ਮੇਰੇ ਵਰਗੇ ਬਹੁਤ ਸਾਰੇ ਲੋਕ ਇਹ ਭਰਮ ਪਾਲਦੇ ਰਹੇ ਹਨ ਕਿ ਰਾਜਸੀ ਪੱਖੋਂ ਜੋ ਮਰਜ਼ੀ ਨੁਕਸ ਕੱਢੇ ਜਾਣ, ਘੱਟੋ-ਘੱਟ ਵਾਜਪਾਈ ਦੀ ਭਾਸ਼ਣ-ਸ਼ੈਲੀ ਦੀ ਕਮਾਲ ਵਿਚ ਨੁਕਸ ਕੱਢਣਾ ਮੁਸ਼ਕਲ ਸੀ, ਕਿਉਂਕਿ ਉਹ ਲਫਜ਼ ਬਹੁਤ ਚੁਣ ਕੇ ਵਰਤਦਾ ਸੀ। ਉਹ ਤਾਂ ਖੁਦ ਨੂੰ ਕਵੀ ਵਜੋਂ ਵੀ ਪੇਸ਼ ਕਰ ਕੇ ਖੁਸ਼ ਹੁੰਦਾ ਸੀ। ਹੁਣ ਪਤਾ ਲੱਗਾ ਹੈ ਕਿ ਅਟਲ ਬਿਹਾਰੀ ਵਾਜਪਾਈ ਵੀ ਕਦੇ-ਕਦੇ ਭਾਸ਼ਣ ਕਰਨ ਵਾਲਾ ਲੀਡਰ ਨਾ ਹੋ ਕੇ ਭਾਸ਼ਣ ਪੜ੍ਹਨ ਵਾਲਾ ਰੀਡਰ ਬਣ ਜਾਂਦਾ ਸੀ। ਜੇ ਉਸ ਬਾਰੇ ਇਹ ਗੱਲ ਅੱਜ ਸਾਹਮਣੇ ਆਈ ਹੈ ਤਾਂ ਜਿਹੜੇ ਭਾਸ਼ਣ ਸਾਡਾ ਅੱਜ ਦਾ ਆਗੂ ਕਰ ਰਿਹਾ ਹੈ, ਕੱਲ੍ਹ ਨੂੰ ਉਨ੍ਹਾਂ ਬਾਰੇ ਵੀ ਕੋਈ ਕਹਾਣੀ ਬਾਹਰ ਆ ਸਕਦੀ ਹੈ। ਇਹ ਅੰਦਾਜ਼ੇ ਲਾਉਣ ਦਾ ਵੀ ਸਾਨੂੰ ਹੱਕ ਹੈ।
ਹਰ ਗੱਲ ਨਾਲ ਮੁੜ-ਮੁੜ ‘ਹੱਕ’ ਸ਼ਬਦ ਵਰਤਣ ਲਈ ਵੀ ਸਾਨੂੰ ਇੱਕ ਪੁਰਾਣੀ ਗੱਲ ਯਾਦ ਕਰਨੀ ਪੈਂਦੀ ਹੈ। ਡਾæ ਮਨਮੋਹਨ ਸਿੰਘ ਦੀ ਸਰਕਾਰ ਨੇ ਆਪਣੀ ਹੋਂਦ ਦੇ ਅਖੀਰਲੇ ਦਿਨਾਂ ਵਿਚ ਆਪਣੇ ਕੀਤੇ ਕੰਮਾਂ ਦੀ ਮਸ਼ਹੂਰੀ ਕੀਤੀ ਤਾਂ ਟੀ ਵੀ ਉਤੇ ਹਰ ਇਸ਼ਤਿਹਾਰੀ ਫਿਲਮ ਦੇ ਬਾਅਦ ਇਹ ਕਿਹਾ ਜਾਂਦਾ ਸੀ: Ḕਭਾਰਤ ਕੇ ਨਿਰਮਾਣ ਮੇਂ ਹੱਕ ਹੈ ਮੇਰਾ।Ḕ ਉਦੋਂ ਇੱਕ ਜਲਸੇ ਵਿਚ ਨਰਿੰਦਰ ਮੋਦੀ ਨੇ ਮਜ਼ਾਕ ਉਡਾਉਂਦੇ ਹੋਏ ਕਿਹਾ ਸੀ ਕਿ “ਸਰਕਾਰ ਕਹਿ ਰਹੀ ਹੈ ਕਿ ‘ਭਾਰਤ ਕੇ ਨਿਰਮਾਣ ਮੇਂ ਹੱਕ ਹੈ ਮੇਰਾ’, ਮੈਂ ਕਹਿਤਾ ਹੂੰ ਕਿ ਭਾਰਤ ਕੇ ਨਿਰਮਾਣ ਮੇਂ ਸ਼ੱਕ ਹੈ ਮੇਰਾ।” ਜਿਸ ਹੱਕ ਨੂੰ ਸ਼ੱਕ ਕਹਿਣ ਲਈ ਇੱਕ ਨਾਗਰਿਕ ਦੇ ਹੱਕ ਦੀ ਵਰਤੋਂ ਉਸ ਵੇਲੇ ਨਰਿੰਦਰ ਮੋਦੀ ਨੇ ਕੀਤੀ ਸੀ, ਅੱਜ ਜਦੋਂ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਚੁੱਕਾ ਹੈ, ਉਸੇ ਹੱਕ ਨਾਲ ਸ਼ੱਕ ਕਰਨ ਦਾ ਹੱਕ ਹੋਰ ਲੋਕ ਵੀ ਵਰਤ ਸਕਦੇ ਹਨ ਤੇ ਇਸ ਲਈ ਵਰਤ ਸਕਦੇ ਹਨ ਕਿ ਉਸ ਦੀ ਸਰਕਾਰ ਦੇ ਕਦਮ ਵੀ ਭਰੋਸਾ ਬੰਨ੍ਹਾਉਣ ਵਾਲੇ ਬਹੁਤੇ ਨਹੀਂ।
ਇਸ ਦੀ ਇੱਕ ਮਿਸਾਲ ਇਹ ਹੈ ਕਿ ਵਾਰਾਣਸੀ ਤੋਂ ਚੋਣ ਲੜਨ ਵੇਲੇ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਨਾ ਮੈਂ ਆਇਆ ਹਾਂ, ਨਾ ਕਿਸੇ ਨੇ ਮੈਨੂੰ ਇਥੇ ਭਿਜਵਾਇਆ ਹੈ, ਮੈਨੂੰ ਤਾਂ ਗੰਗਾ ਮਈਆ ਨੇ ਬੁਲਾਇਆ ਹੈ। ਉਸ ਨੇ ਕਿਹਾ ਸੀ ਕਿ ਉਸ ਦਾ ਮਿਸ਼ਨ ਹੈ ਕਿ ਗੰਗਾ ਦੀ ਸਫਾਈ ਕਰ ਕੇ ਵਿਖਾਉਣੀ ਹੈ। ਸਰਕਾਰ ਬਣੀ ਤੋਂ ਕੰਮ ਬੜੀ ਤੇਜ਼ੀ ਨਾਲ ਸ਼ੁਰੂ ਹੋ ਗਿਆ। ਜਦੋਂ ਸੁਪਰੀਮ ਕੋਰਟ ਵਿਚ ਇਸ ਦੀ ਯੋਜਨਾ ਪੇਸ਼ ਕੀਤੀ ਤਾਂ ਅੜਿੱਕਾ ਪੈ ਗਿਆ। ਹੁਣ ਸਰਕਾਰ ਕਹਿੰਦੀ ਹੈ ਕਿ ਇਸ ਕੰਮ ਵਿਚ ਅਠਾਰਾਂ ਕੁ ਸਾਲ ਲੱਗ ਜਾਣਗੇ। ਜਿਹੜੀ ਯੋਜਨਾ ਵਿਖਾਈ ਗਈ ਹੈ, ਉਸ ਤੋਂ ਸੁਪਰੀਮ ਕੋਰਟ ਸੰਤੁਸ਼ਟ ਨਹੀਂ ਹੋ ਸਕੀ। ਹੁਣ ਸਰਕਾਰ ਅੱਕੀਂ-ਪਲਾਹੀਂ ਹੱਥ ਮਾਰੀ ਜਾ ਰਹੀ ਹੈ। ਕਈ ਹੋਰ ਮੁੱਦਿਆਂ ਬਾਰੇ ਵੀ ਕਈ ਕਿੰਤੂ ਕੀਤੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਜਿਹੜਾ ਤਾਜ਼ਾ ਕਦਮ Ḕਮੇਕ ਇਨ ਇੰਡੀਆḔ ਵਾਲਾ ਚੁੱਕ ਕੇ ਦੁਨੀਆਂ ਭਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ, ਬਹੁਤ ਸਾਰੇ ਕਿੰਤੂ ਉਸ ਬਾਰੇ ਵੀ ਕੀਤੇ ਜਾਣ ਲੱਗ ਪਏ ਹਨ।
ਕੌਣ ਭਾਰਤੀ ਨਾਗਰਿਕ ਹੋਵੇਗਾ, ਜਿਸ ਨੂੰ ਇਸ ਗੱਲੋਂ ਖੁਸ਼ੀ ਨਾ ਹੋਵੇਗੀ ਕਿ ‘ਮੇਕ ਇਨ ਇੰਡੀਆ’ ਦੇ ਨਾਅਰੇ ਉਤੇ ਜਦੋਂ ਅਮਲ ਵਿਚ ਹੋਵੇਗਾ ਤਾਂ ਇਥੇ ਰੋਜ਼ਗਾਰ ਵਧੇਗਾ ਤੇ ਖੁਸ਼ਹਾਲੀ ਆਵੇਗੀ? ਸੁਫਨਾ ਬੜਾ ਵਧੀਆ ਹੈ, ਪਰ ਸੁਫਨੇ ਦਾ ਮੁੱਢ ਵਧੀਆ ਨਹੀਂ ਬੰਨ੍ਹਿਆ ਜਾ ਸਕਿਆ। ਇਹ ਮੁੱਢ ਬੰਨ੍ਹਣ ਲਈ ਪ੍ਰਧਾਨ ਮੰਤਰੀ ਨੇ ਭਾਰਤ ਦੇ ਹਰ ਵੱਡੇ ਸਨਅਤਕਾਰ ਤੇ ਯੋਜਨਾਕਾਰ ਨੂੰ ਵਿਗਿਆਨ ਭਵਨ ਵਿਚ ਆਉਣ ਦਾ ਸੱਦਾ ਦਿੱਤਾ ਤੇ ਉਹ ਲੋਕ ਆ ਕੇ ਇਸ ਯੋਜਨਾ ਦੀਆਂ ਸਿਫਤਾਂ ਕਰਨ ਲੱਗ ਪਏ। ਸਿਫਤਾਂ ਉਹ ਕਰਨਗੇ ਹੀ, ਕਿਉਂਕਿ ਉਨ੍ਹਾਂ ਨੂੰ ਨਵੇਂ ਪ੍ਰਾਜੈਕਟਾਂ ਲਈ ਅਗਲੇ ਦਿਨੀਂ ਜ਼ਮੀਨਾਂ ਅਕੁਆਇਰ ਕਰਨ ਵਿਚ ਵੀ ਸਰਕਾਰ ਮਦਦ ਕਰੇਗੀ, ਨਿਯਮਾਂ-ਕਾਨੂੰਨਾਂ ਦੇ ਪੱਖ ਤੋਂ ਛੋਟਾਂ ਦੇਣ ਦੇ ਮਾਮਲੇ ਵਿਚ ਵੀ ਸਰਕਾਰ ਖੁੱਲ੍ਹ-ਦਿਲੀ ਦਿਖਾਵੇਗੀ, ਪਰ ਉਹ ਲੋਕ ਖੁਦ ਕਿੰਨੇ ਭਰੋਸੇ ਦੇ ਰਿਕਾਰਡ ਵਾਲੇ ਹਨ, ਇਹ ਵੇਖਣ ਦੀ ਲੋੜ ਕਿਸੇ ਨੇ ਨਹੀਂ ਸਮਝੀ, ਜਾਂ ਸਮਝ ਕੇ ਅਣਗੌਲੀ ਕਰ ਦਿੱਤੀ ਹੈ। ਸਤਾਰਾਂ ਸਾਲ ਪਹਿਲਾਂ ਤੀਸਰੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਵਾਅਦਾ ਕੀਤਾ ਅਤੇ ਵਿਕਾਸ ਦਾ ਇੱਕ ਚੈਕ ਪਹਿਲੇ ਦਿਨ ਹੀ ਉਸ ਸਰਪੰਚ ਨੂੰ ਦੇ ਦਿੱਤਾ ਸੀ, ਜਿਸ ਦੇ ਵਿਰੁਧ ਗਰਾਂਟ ਦੇ ਗਬਨ ਦਾ ਕੇਸ ਚੱਲ ਰਿਹਾ ਸੀ। ‘ਮੇਕ ਇਨ ਇੰਡੀਆ’ ਦੀ ਮੁਹਿੰਮ ਵਿੱਢਣ ਲਈ ਜਿਹੜੇ ਸਰਮਾਏਦਾਰ ਪੰਝੀ ਸਤੰਬਰ ਦੇ ਦਿਨ ਦਿੱਲੀ ਦੇ ਵਿਗਿਆਨ ਭਵਨ ਵਿਚ ਸੱਦੇ ਗਏ ਸਨ, ਉਨ੍ਹਾਂ ਦਾ ਰਿਕਾਰਡ ਵੀ ਉਸ ਸਰਪੰਚ ਵਾਲਾ ਹੀ ਹੈ।
ਜਿਸ ਦਿਨ ‘ਮੇਕ ਇਨ ਇੰਡੀਆ’ ਦਾ ਮੁੱਢ ਬੰਨ੍ਹਿਆ ਗਿਆ, ਉਸ ਦੇ ਇੱਕ ਦਿਨ ਪਹਿਲਾਂ ਦੇਸ਼ ਦੀ ਸੁਪਰੀਮ ਕੋਰਟ ਨੇ ਪਿਛਲੇ ਇੱਕੀ ਸਾਲਾਂ ਵਿਚ ਹੋਈਆਂ ਕੋਲੇ ਦੇ ਬਲਾਕਾਂ ਦੀਆਂ ਸਾਰੀਆਂ ਅਲਾਟਮੈਂਟਾਂ ਰੱਦ ਕਰ ਦਿੱਤੀਆਂ ਸਨ ਅਤੇ ਇਹ ਇੱਕ ਸਿੱਧਾ ਠੱਪਾ ਸੀ ਕਿ ਸਾਰਾ ਕੰਮ ‘ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਜ਼’ ਮੁਤਾਬਕ ਹੋਇਆ ਸੀ। ਕੋਲੇ ਦੇ ਬਲਾਕਾਂ ਦੀਆਂ ਉਹ ਅਲਾਟਮੈਂਟਾਂ ਭਾਰਤ ਦੇ ਆਮ ਨਾਗਰਿਕਾਂ ਨੂੰ ਨਹੀਂ ਸਨ ਹੋਈਆਂ, ਬਹੁਤ ਵੱਡੇ ਸਰਮਾਏਦਾਰਾਂ ਨੂੰ ਕੀਤੀਆਂ ਗਈਆਂ ਸਨ। ਜਿਹੜੇ ਸਰਮਾਏਦਾਰਾਂ ਦੀਆਂ ਅਲਾਟਮੈਂਟਾਂ ਰੱਦ ਕਰ ਕੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਦਾਗੀ ਸਾਬਤ ਕਰ ਦਿੱਤਾ ਸੀ, ਉਨ੍ਹਾਂ ਵਿਚੋਂ ਬੱਤੀ ਸੇਠ ਉਸ ਦਿਨ ਪ੍ਰਧਾਨ ਮੰਤਰੀ ਦੇ ‘ਮੇਕ ਇਨ ਇੰਡੀਆ’ ਵਾਲੇ ਪ੍ਰੋਗਰਾਮ ਵਿਚ ਸੱਦੇ ਹੋਏ ਸਨ। ਕੋਲੇ ਵਰਗਾ ਇੱਕ ਸਕੈਂਡਲ ਟੈਲੀਕਾਮ ਦੇ ਟੂ ਜੀ ਸਪੈਕਟਰਮ ਦਾ ਸੀ। ‘ਮੇਕ ਇਨ ਇੰਡੀਆ’ ਪ੍ਰੋਗਰਾਮ ਲਈ ਸੱਦੇ ਗਏ ਲੋਕਾਂ ਵਿਚ ਨੌਂ ਜਣੇ ਉਹ ਸਨ, ਜਿਨ੍ਹਾਂ ਦਾ ਸਬੰਧ ਉਸ ਸਕੈਂਡਲ ਨਾਲ ਜੁੜਦਾ ਸੀ। ਘੱਟੋ-ਘੱਟ ਪੰਜ ਜਣੇ ਉਹ ਸਨ, ਜਿਨ੍ਹਾਂ ਉਤੇ ਸੁਪਰੀਮ ਕੋਰਟ ਵਿਚ ਇਹ ਦੋਸ਼ ਬੀਤੇ ਹਫਤੇ ਲੱਗ ਗਿਆ ਸੀ ਕਿ ਉਹ ਟੂ ਜੀ ਸਪੈਕਟਰਮ ਦੇ ਕੇਸ ਵਿਚੋਂ ਆਪਣੀ ਸੰਘੀ ਛੁਡਾਉਣ ਲਈ ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ ਬੀ ਆਈ ਦੇ ਡਾਇਰੈਕਟਰ ਨੂੰ ਚੋਰੀ-ਛੁਪੇ ਉਸ ਦੇ ਘਰ ਜਾ ਕੇ ਮਿਲਦੇ ਰਹੇ ਸਨ। ਇਹ ਲੋਕ ‘ਮੇਕ ਇਨ ਇੰਡੀਆ’ ਦਾ ਹਿੱਸਾ ਬਣ ਗਏ ਹਨ ਤਾਂ ਇਸ ਯੋਜਨਾ ਦੀ ਕਾਮਯਾਬੀ ਉਤੇ ਸ਼ੱਕ ਕਰਨ ਦਾ ਹੱਕ ਹੈ ਭਾਰਤ ਦੇ ਨਾਗਰਿਕਾਂ ਦਾ।
ਸਾਨੂੰ ਇੱਕ ਹੋਰ ਗੱਲ ਇਸ ਪ੍ਰੋਗਰਾਮ ਤੋਂ ਬਾਅਦ ਪਤਾ ਲੱਗੀ ਤੇ ਉਹ ਇਸ ਤੋਂ ਵੀ ਵੱਧ ਹੈਰਾਨ ਕਰਨ ਵਾਲੀ ਹੋ ਸਕਦੀ ਹੈ। ਪਿਛਲੀ ਸਰਕਾਰ ਵੇਲੇ ਇੱਕ ਹੈਲੀਕਾਪਟਰ ਸੌਦੇ ਦਾ ਰੌਲਾ ਪਿਆ ਸੀ। ਉਸ ਸੌਦੇ ਵਿਚੋਂ ਮਾਲ ਛਕਣ ਵਾਲਿਆਂ ਵਿਚ ਕਾਂਗਰਸ ਦੇ ਬੰਦਿਆਂ ਦਾ ਵੱਧ ਨਾਂ ਆਉਂਦਾ ਸੀ, ਮਾਮਲਾ ਇਟਲੀ ਨਾਲ ਜੁੜਦਾ ਹੋਣ ਕਰ ਕੇ ਖੁਦ ਸੋਨੀਆ ਗਾਂਧੀ ਬਾਰੇ ਵੀ ਇਸ਼ਾਰੇ ਕੀਤੇ ਗਏ ਸਨ। ਜਿਸ ਅੰਤਰ-ਰਾਸ਼ਟਰੀ ਕੰਪਨੀ ਨੇ ਇਹ ਘਾਲਾ-ਮਾਲਾ ਕੀਤਾ ਸੀ, ਤੇ ਬਾਅਦ ਵਿਚ ਇਹ ਸੌਦਾ ਇਸ ਭ੍ਰਿਸ਼ਟਾਚਾਰ ਦੇ ਦੋਸ਼ ਕਾਰਨ ਰੱਦ ਕਰਨਾ ਪੈ ਗਿਆ ਸੀ, ਉਸ ਵਿਦੇਸ਼ੀ ਕੰਪਨੀ ਦਾ ਨਾਂ ਫਿਨਮਕੈਨਿਕਾ ਹੈ। ਭਾਰਤ ਸਰਕਾਰ ਦੇ ਨਵੇਂ ਪ੍ਰੋਗਰਾਮ ‘ਮੇਕ ਇਨ ਇੰਡੀਆ’ ਲਈ ਵਿਦੇਸ਼ ਦੇ ਜਿਨ੍ਹਾਂ ਲੋਕਾਂ ਨੂੰ ਸੱਦੇ ਦਿੱਤੇ ਗਏ ਹਨ, ਉਨ੍ਹਾਂ ਵਿਚ ਇਹ ਬੱਦੂ ਕੀਤੀ ਹੋਈ ਕੰਪਨੀ ਫਿਨਮਕੈਨਿਕਾ ਵੀ ਹੈ। ਉਸ ਕੰਪਨੀ ਨੂੰ ਸੱਦਣ ਦੇ ਬਾਅਦ ਇਸ ਪ੍ਰੋਗਰਾਮ ਦੇ ਬਾਰੇ ਸ਼ੱਕ ਕਰਨ ਦਾ ਹੱਕ ਭਾਰਤ ਦੇ ਕਿਸੇ ਵੀ ਨਾਗਰਿਕ ਨੂੰ ਹੋ ਸਕਦਾ ਹੈ।
ਅਸੀਂ ਭਾਰਤ ਦੇ ਪ੍ਰਧਾਨ ਮੰਤਰੀ, ਲੋਕਾਂ ਵੱਲੋਂ ਚੁਣੇ ਹੋਏ ਪ੍ਰਧਾਨ ਮੰਤਰੀ, ਦੀ ਨੀਤ ਉਤੇ ਸ਼ੱਕ ਨਹੀਂ ਕਰਦੇ ਤੇ ਹੁਣ ਜਦੋਂ ਵੋਡਾਫੋਨ ਵਰਗੀ ਵਿਦੇਸ਼ੀ ਕੰਪਨੀ ਦਾ ਮੁਖੀ ਵੀ ਕਹਿੰਦਾ ਹੈ ਕਿ ਸਰਕਾਰ ਦੀ ਨੀਤ ਚੰਗੀ ਹੈ ਤਾਂ ਨੀਤ ਉਤੇ ਸ਼ੱਕ ਕਰਨ ਦਾ ਸਾਡੇ ਵਰਗੇ ਲੋਕਾਂ ਦਾ ਸ਼ਾਇਦ ਹੱਕ ਵੀ ਨਾ ਮੰਨਿਆ ਜਾਵੇ, ਪਰ ਕੁਝ ਗੱਲਾਂ ਸੋਚਣ ਵਾਲੀਆਂ ਹਨ। ਪਹਿਲੀ ਗੱਲ ਇਹ ਕਿ ਗੱਲ ਆਗੂ ਦੀ ਨਹੀਂ, ਭ੍ਰਿਸ਼ਟ ਹੋ ਚੁੱਕੇ ਪ੍ਰਬੰਧ ਦੀ ਹੈ, ਜਿਸ ਵਿਚ ਹਰ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਬੋਲਦੀ ਹੈ ਤੇ ਹਰ ਪਾਰਟੀ ਭ੍ਰਿਸ਼ਟ ਲੋਕਾਂ ਨੂੰ ਨਾਲ ਲਾਈ ਫਿਰਦੀ ਹੈ। ਦੋ ਮਹੀਨੇ ਪਹਿਲਾਂ ਪੰਜਾਬ ਸਰਕਾਰ ਦੀ ਇਕ ਕਾਰਪੋਰੇਸ਼ਨ ਬਾਰੇ ਖਬਰ ਆਈ ਸੀ ਕਿ ਉਸ ਨੇ ਇੱਕ ਏਦਾਂ ਦੀ ਕੰਪਨੀ ਤੋਂ ਤਿੰਨ-ਚਾਰ ਕਰੋੜ ਰੁਪਏ ਦਾ ਦੁੱਧ ਖਰੀਦ ਲਿਆ, ਜਿਸ ਦੇ ਕੋਲ ਨਾ ਪਸ਼ੂਆਂ ਦੀ ਡੇਅਰੀ ਹੈ, ਨਾ ਉਸ ਨੇ ਕਿਤੋਂ ਕੋਈ ਦੁੱਧ ਖਰੀਦਿਆ ਹੈ, ਨਾ ਉਸ ਕੋਲ ਦੁੱਧ ਢੋਣ ਵਾਲੇ ਟਰੱਕ ਹਨ, ਪਰ ਦੁੱਧ ਵੇਚਣ ਦਾ ਖਾਤਾ ਉਸ ਦਾ ਮਾਲਾ-ਮਾਲ ਹੈ। ਉਸ ਤੋਂ ਪਹਿਲਾਂ ਸਾਡੇ ਨਾਲ ਦੇ ਰਾਜ ਹਿਮਾਚਲ ਪ੍ਰਦੇਸ਼ ਦੇ ਇੱਕ ਮੁੱਖ ਮੰਤਰੀ ਬਾਰੇ ਖਬਰ ਆਈ ਸੀ ਕਿ ਉਸ ਨੇ ਕਰੋੜਾਂ ਰੁਪਏ ਦੇ ਸੇਬ ਦੂਸਰੇ ਰਾਜਾਂ ਨੂੰ ਸਪਲਾਈ ਕਰ ਦਿੱਤੇ, ਪਰ ਗੱਡੀਆਂ ਦੇ ਜਿਹੜੇ ਨੰਬਰ ਲਿਖੇ ਗਏ, ਉਹ ਸਕੂਟਰਾਂ ਜਾਂ ਕਾਰਾਂ ਨੂੰ ਮਿਲੇ ਹੋਏ ਹਨ। ਭਾਰਤ ਦਾ ਕੋਈ ਰਾਜ ਤੇ ਕੋਈ ਹੈਸੀਅਤ ਰੱਖਦੀ ਪਾਰਟੀ ਇਸ ਤਰ੍ਹਾਂ ਦੇ ਦਾਗਾਂ ਤੋਂ ਬਚੀ ਹੋਈ ਨਹੀਂ। ਭਾਰਤ ਦੇਸ਼ ਉਹ ਹੈ, ਜਿਥੇ ‘ਅਪਨੇ ਦੇਸ਼ ਮੇਂ ਕਪੜਾ ਬਨਤਾ, ਮੋਹਰ ਲੱਗੀ ਜਾਪਾਨ ਕੀ, ਜੈ ਬੋਲੋ ਬੇਈਮਾਨ ਕੀ’ ਦਾ ਗਾਣਾ ਬੀਤੇ ਚਾਲੀ ਸਾਲਾਂ ਤੋਂ ਚੱਲ ਰਿਹਾ ਹੈ। ਨਰਿੰਦਰ ਮੋਦੀ ਇਸ ਵੇਲੇ ਕਿਸੇ ਚੋਣ ਮੁਹਿੰਮ ਲਈ ਲੱਗਾ ਹੋਇਆ ਭਾਰਤੀ ਜਨਤਾ ਪਾਰਟੀ ਦਾ ਆਗੂ ਨਹੀਂ, ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਉਸ ਦੀ ਇਸ ਮੁਹਿੰਮ ਦੀ ਕਾਮਯਾਬੀ ਦੀ ਕਾਮਨਾ ਕਰਨ ਨੂੰ ਅਸੀਂ ਵੀ ਤਿਆਰ ਹਾਂ, ਪਰ ਜਿਹੜੇ ਲੋਕਾਂ ਨੂੰ ਨਾਲ ਲੈ ਕੇ ‘ਮੇਕ ਇਨ ਇੰਡੀਆ’ ਦਾ ਮੁੱਢ ਬੰਨ੍ਹਿਆ ਗਿਆ ਹੈ, ਉਨ੍ਹਾਂ ਵੱਲ ਵੇਖ ਕੇ ਇਸ ਮੁਹਿੰਮ ਬਾਰੇ ਸ਼ੱਕ ਕਰਨ ਦਾ ਕੁਝ ਨਾ ਕੁਝ ਹੱਕ ਤਾਂ ਹੋਵੇਗਾ ਹੀ ਭਾਰਤ ਦੇ ਲੋਕਾਂ ਨੂੰ।
Leave a Reply