ਡਾ. ਗੁਰਨਾਮ ਕੌਰ, ਕੈਨੇਡਾ
ਗੁਰੂ ਰਾਮਦਾਸ ਸਤਿਗੁਰੁ ਦੀ ਸੰਗਤਿ ਵਿਚ ਬੈਠਣ ਵਾਲੇ ਅਤੇ ਸਤਿਗੁਰੁ ਦੀ ਸੰਗਤਿ ਨਾ ਕਰ ਸਕਣ ਯੋਗ ਮਨੁੱਖਾਂ ਵਿਚ ਨਿਖੇੜਾ ਕਰਦਿਆਂ ਦੱਸਦੇ ਹਨ ਕਿ ਨਿਰਦਈ ਕਿਸਮ ਦੇ ਅਰਥਾਤ ਕਠੋਰ ਮਨ ਵਾਲੇ ਮਨੁੱਖ ਸਤਿਗੁਰ ਦੀ ਸੰਗਤਿ ਨਹੀਂ ਕਰਦੇ। ਸਤਿਗੁਰ ਦੀ ਸੰਗਤਿ ਵਿਚ ਸੱਚ ਦਾ ਵਰਤਾਰਾ ਹੁੰਦਾ ਹੈ, ਸੱਚ ਦੀ ਗੱਲ ਕੀਤੀ ਜਾਂਦੀ ਹੈ, ਇਸ ਲਈ ਉਥੇ ਕੂੜ ਦੇ ਵਾਪਾਰੀਆਂ ਦਾ ਮਨ ਨਹੀਂ ਲੱਗਦਾ, ਉਨ੍ਹਾਂ ਦਾ ਮਨ ਉਦਾਸ ਹੋ ਜਾਂਦਾ ਹੈ। ਉਹ ਸਤਿਗੁਰ ਦੀ ਸੰਗਤਿ ਵਿਚ ਆਪਣਾ ਸਮਾਂ ਵੱਲ-ਛਲ ਕਰਕੇ ਲੰਘਾਉਂਦੇ ਹਨ ਅਤੇ ਫਿਰ ਝੂਠੇ ਅਤੇ ਫਰੇਬੀ ਮਨੁੱਖਾਂ ਪਾਸ ਹੀ ਜਾ ਕੇ ਬੈਠ ਜਾਂਦੇ ਹਨ। ਕੋਈ ਵੀ ਆਪਣੇ ਮਨ ਵਿਚ ਇਸ ਗੱਲ ਦੀ ਵਿਚਾਰ ਅਤੇ ਫੈਸਲਾ ਕਰਕੇ ਦੇਖ ਲਵੇ, ਸੱਚੇ ਮਨੁੱਖ ਦੇ ਮਨ ‘ਤੇ ਝੂਠ ਦਾ ਕੋਈ ਅਸਰ ਨਹੀਂ ਹੁੰਦਾ, ਉਸ ਦੇ ਮਨ ਵਿਚ ਝੂਠ ਨੂੰ ਕੋਈ ਥਾਂ ਨਹੀਂ ਹੁੰਦੀ। ਝੂਠੇ ਝੂਠਿਆਂ ਵਿਚ ਜਾ ਕੇ ਬੈਠਦੇ ਹਨ ਅਤੇ ਸੱਚੇ ਸਿੱਖ ਸਤਿਗੁਰ ਦੀ ਸੰਗਤਿ ਕਰਦੇ ਹਨ (ਜਿਸ ਕਿਸਮ ਦੀ ਕਿਸੇ ਮਨੁੱਖ ਦੀ ਬਿਰਤੀ ਹੁੰਦੀ ਹੈ, ਉਹ ਉਸੇ ਕਿਸਮ ਦੀ ਸੰਗਤਿ ਕਰਦਾ ਹੈ),
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ॥
ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ॥
ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ॥
ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ॥
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥੨੬॥ (ਪੰਨਾ ੩੧੪)
ਅਗਲੇ ਸਲੋਕ ਵਿਚ ਗੁਰੂ ਅਰਜਨ ਦੇਵ ਦੱਸਦੇ ਹਨ ਕਿ ਨਿੰਦਕ ਕਿਸਮ ਦੇ ਮਨੁੱਖ ਪਹਿਲਾਂ ਹੀ ਆਪਣੇ ਬੁਰੇ ਕੰਮਾਂ ਕਰਕੇ ਚੰਗੇ ਪਾਸੇ ਤੋਂ ਅਰਥਾਤ ਨਾਮ ਵਾਲੇ ਪਾਸੇ ਤੋਂ ਮਰੇ ਹੁੰਦੇ ਹਨ ਅਤੇ ਜੋ ਕੁਝ ਬਾਕੀ ਬਚੇ ਵੀ ਹੁੰਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਕਰਕੇ ਨਾਮ ਵੱਲੋਂ ਮਾਰਨ ਦਾ ਆਹਰ ਅਕਾਲ ਪੁਰਖ ਆਪ ਹੀ ਕਰ ਦਿੰਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲੇ ਮਨੁੱਖਾਂ ਦਾ ਰਾਖਾ ਅਕਾਲ ਪੁਰਖ ਸਭ ਥਾਂਵਾਂ ‘ਤੇ ਇਹ ਪਰਗਟ ਖੇਲ ਕਰ ਰਿਹਾ ਹੈ,
ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ॥
ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ॥੧॥ (ਪੰਨਾ ੩੧੫)
ਅਗਲੇ ਸਲੋਕ ਵਿਚ ਵੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਜਿਹੜੇ ਮਨੁੱਖ ਪਹਿਲਾਂ ਹੀ ਅਕਾਲ ਪੁਰਖ ਵੱਲੋਂ ਖੁੰਝੇ ਹੋਏ ਹਨ ਉਹ ਫਿਰ ਹੋਰ ਕੋਈ ਆਸਰਾ ਕਿੱਥੋਂ ਲੈ ਸਕਦੇ ਹਨ? ਗੁਰੂ ਸਾਹਿਬ ਕਹਿੰਦੇ ਹਨ ਕਿ ਅਜਿਹੇ ਮਨੁੱਖ ਅਕਾਲ ਪੁਰਖ ਵੱਲੋਂ ਆਪ ਹੀ ਮਾਰੇ ਹੋਏ ਹਨ ਜੋ ਸਭ ਕੁਝ ਕਰ ਸਕਣ ਦੇ ਸਮਰੱਥ ਹੈ, ਜੋ ਸਾਰੀ ਦੁਨੀਆਂ ਦਾ ਰਚਣਹਾਰਾ ਅਤੇ ਆਸਰਾ ਹੈ,
ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ॥
ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ॥੨॥ (ਪੰਨਾ ੩੧੫)
ਅਗਲੀ ਪਉੜੀ ਵਿਚ ਗੁਰੂ ਰਾਮਦਾਸ ਸਾਹਿਬ ਉਨ੍ਹਾਂ ਲੋਕਾਂ ਦੀ ਗੱਲ ਕਰਦੇ ਹਨ ਜੋ ਲੁਕ ਛਿਪ ਕੇ ਬੁਰੇ ਕੰਮ ਕਰਦੇ ਹਨ, ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹਨ ਅਤੇ ਸੋਚਦੇ ਹਨ ਕਿ ਸਾਨੂੰ ਕੋਈ ਵੀ ਦੇਖ ਨਹੀਂ ਰਿਹਾ। ਪਰ ਉਹ ਅਕਾਲ ਪੁਰਖ, ਦੁਨੀਆਂ ਦਾ ਮਾਲਕ ਸਭ ਕੁਝ ਜਾਣਦਾ ਹੈ, ਉਸ ਕੋਲੋਂ ਮਨੁੱਖ ਦਾ ਕੋਈ ਵੀ ਕਾਰਜ ਲੁਕਿਆ ਹੋਇਆ ਨਹੀਂ ਰਹਿ ਸਕਦਾ, ਉਸ ਦੀਆਂ ਨਜ਼ਰਾਂ ਤੋਂ ਕੁਝ ਵੀ ਛੁਪ ਨਹੀਂ ਸਕਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਮਨੁੱਖ ਆਪਣੇ ਬੁਰੇ ਕੰਮਾਂ ਨੂੰ ਅੰਜ਼ਾਮ ਦੇਣ ਲਈ ਰਾਤ ਦੇ ਹਨੇਰੇ ਵਿਚ ਫਾਹੇ ਲੈ ਕੇ ਦੂਸਰਿਆਂ ਨੂੰ ਲੁੱਟਣ ਲਈ ਤੁਰਦੇ ਹਨ ਪਰ ਉਹ ਅਕਾਲ ਪੁਰਖ ਸਭ ਕੁਝ ਜਾਣਦਾ ਹੈ। ਅੰਦਰਲੇ ਥਾਂਵਾਂ ਵਿਚ ਛੁਪ ਕੇ ਪਰਾਈਆਂ ਇਸਤਰੀਆਂ ਨੂੰ ਬੁਰੀ ਨਜ਼ਰ ਨਾਲ ਤੱਕਦੇ ਹਨ, ਔਖੇ ਥਾਂਵਾਂ ‘ਤੇ ਸੰਨ੍ਹ ਲਾਉਂਦੇ ਹਨ, ਪਾੜ ਲਾਉਂਦੇ ਹਨ ਅਤੇ ਸ਼ਰਾਬ ਨੂੰ ਮਿੱਠਾ ਕਰਕੇ ਇਸ ਨੂੰ ਪੀਣ ਦਾ ਅਨੰਦ ਮਾਣਦੇ ਹਨ। ਪਰ ਅਖ਼ੀਰ ਵਿਚ ਉਨ੍ਹਾਂ ਨੂੰ ਆਪਣੇ ਕੀਤੇ ਹੋਏ ਇਨ੍ਹਾਂ ਕੰਮਾਂ ਕਰਕੇ ਪਛਤਾਉਣਾ ਪੈਂਦਾ ਹੈ ਕਿਉਂਕਿ ਹਰ ਮਨੁੱਖ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਤਾਂ ਭੁਗਤਣਾ ਹੀ ਪੈਂਦਾ ਹੈ। ਅੰਤਮ ਫ਼ੈਸਲੇ ਵੇਲੇ ਮੌਤ ਦਾ ਫ਼ਰਿਸ਼ਤਾ ਬੁਰੇ ਕੰਮ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਪੀੜਦਾ ਹੈ ਜਿਵੇਂ ਤੇਲ ਕੱਢਣ ਲਈ ਘਾਣੀ ਵਿਚ ਤਿਲ ਪੀੜੇ ਜਾਂਦੇ ਹਨ,
ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ॥
ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ॥
ਸੰਨ੍ਹੀ ਦੇਨ੍ਹਿ ਵਿਖੰਮ ਥਾਇ ਮਿਠਾ ਮਦੁ ਮਾਣੀ॥
ਕਰਮੀ ਆਪੋ ਆਪਣੀ ਆਪੇ ਪਛੁਤਾਣੀ॥
ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ॥੨੭॥ (ਪੰਨਾ ੩੧੫)
ਅਗਲੇ ਸਲੋਕ ਵਿਚ ਗੁਰੂ ਅਰਜਨ ਦੇਵ ਉਸ ਅਕਾਲ ਪੁਰਖ ਦੇ ਸੇਵਕਾਂ ਵਿਚ ਅਤੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੀ ਸੇਵਾ ਕਰਨ ਵਾਲਿਆਂ ਵਿਚ ਨਿਖੇੜਾ ਕਰਦੇ ਹਨ। ਗੁਰੂ ਸਾਹਿਬ ਦੱਸਦੇ ਹਨ ਕਿ ਅਕਾਲ ਪੁਰਖ ਦੀ ਹਜ਼ੂਰੀ ਵਿਚ ਪਰਮਾਤਮਾ ਦੇ ਸੇਵਕ ਹੀ ਪਰਵਾਨ ਕੀਤੇ ਜਾਂਦੇ ਹਨ, ਉਨ੍ਹਾਂ ਦੀ ਕੀਤੀ ਸੇਵਾ ਹੀ ਕਬੂਲ ਪੈਂਦੀ ਹੈ। ਜਿਹੜੇ ਉਸ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਦੂਜੇ ਦੀ ਸੇਵਾ ਕਰਦੇ ਹਨ, ਉਹ ਮੂਰਖ ਹਨ ਅਤੇ ਖਪ ਖਪ ਕੇ ਮਰਦੇ ਹਨ,
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ॥
ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ॥੧॥ (ਪੰਨਾ ੩੧੫)
ਗੁਰੂ ਅਰਜਨ ਦੇਵ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਮੁੱਢੋਂ ਹੀ ਕੀਤੇ ਕਰਮਾਂ ਦੇ ਕਾਰਨ ਜੋ ਸੰਸਕਾਰ ਰੂਪ ਲੇਖ ਪਰਮਾਤਮਾ ਵੱਲੋਂ ਲਿਖੇ ਗਏ ਹਨ, ਉਹ ਮਿਟਾਇਆਂ ਮਿਟ ਨਹੀਂ ਸਕਦੇ, ਮਨੁੱਖ ਦੇ ਨਾਲ ਹੀ ਚੱਲਦੇ ਹਨ। ਗੁਰੂ ਸਾਹਿਬ ਨਸੀਹਤ ਕਰਦੇ ਹਨ ਕਿ ਅਕਾਲ ਪੁਰਖ ਦੇ ਨਾਮ ਰੂਪੀ-ਧਨ ਅਤੇ ਨਾਮ ਦਾ ਸੌਦਾ ਇਕੱਠਾ ਕਰੋ ਅਤੇ ਨਾਮ ਦਾ ਸਿਮਰਨ ਕਰੋ ਇਸ ਨਾਲ ਹੀ ਪਿਛਲੇ ਲੇਖ ਮਿਟ ਸਕਦੇ ਹਨ ਅਰਥਾਤ ਇਕੱਠੇ ਕੀਤੇ ਸੰਸਕਾਰ ਬਦਲੇ ਜਾ ਸਕਦੇ ਹਨ,
ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ॥
ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ॥੨॥ (ਪੰਨਾ ੩੧੫)
ਅੱਗੇ ਪਉੜੀ ਵਿਚ ਗੁਰੂ ਰਾਮਦਾਸ ਦੱਸਦੇ ਹਨ ਕਿ ਜਿਸ ਮਨੁੱਖ ਨੂੰ ਰੱਬ ਵੱਲੋਂ ਹੀ ਠੇਡਾ ਵੱਜਿਆ ਹੋਵੇ ਉਹ ਆਪਣਾ ਪੈਰ ਕਿੱਥੇ ਟਿਕਾਵੇ ਅਰਥਾਤ ਜਿਸ ਮਨੁੱਖ ਨੂੰ ਰੱਬ ਵੱਲੋਂ ਹੀ ਔਝੜੀਂ ਪਾ ਦਿੱਤਾ ਗਿਆ ਹੋਵੇ ਉਹ ਜੀਵਨ ਦੇ ਸਹੀ ਰਸਤੇ ‘ਤੇ ਕਿਵੇਂ ਚੱਲੇ। ਅਜਿਹਾ ਮਨੁੱਖ ਅਣਗਿਣਤ ਪਾਪ ਕਮਾਉਂਦਾ ਹੈ ਅਤੇ ਹਰ ਰੋਜ਼ ਵਿਸ਼ੇ-ਵਿਕਾਰਾਂ ਰੂਪੀ ਜ਼ਹਿਰ ਖਾਂਦਾ ਹੈ ਅਰਥਾਤ ਵਿਸ਼ੇ-ਵਿਕਾਰਾਂ ਵਿਚ ਪਿਆ ਰਹਿੰਦਾ ਹੈ। ਅਜਿਹਾ ਮਨੁੱਖ ਦੂਸਰਿਆਂ ਦੇ ਐਬ, ਔਗੁਣ ਲੱਭਦਾ ਰਹਿੰਦਾ ਹੈ ਅਤੇ ਖੁਆਰ ਹੁੰਦਾ ਹੈ ਅਤੇ ਆਪਣੇ ਅੰਦਰ ਹੀ ਅੰਦਰ ਸੜਦਾ ਰਹਿੰਦਾ ਹੈ। ਜਿਸ ਨੂੰ ਅਕਾਲ ਪੁਰਖ ਆਪ ਸਜਾ ਦਿੰਦਾ ਹੈ, ਉਸ ਦੀ ਰੱਖਿਆ ਭਲਾਂ ਫਿਰ ਕੌਣ ਕਰ ਸਕਦਾ ਹੈ? ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਪਾਪਾਂ ਦੀ ਜ਼ਹਿਰ ਤੋਂ ਬਚਣ ਲਈ ਉਸ ਅਕਾਲ ਪੁਰਖ ਦਾ ਓਟ-ਆਸਰਾ ਲਵੋ ਜੋ ਅਲੱਖ ਹੈ, ਅਦ੍ਰਿਸ਼ਟ ਹੈ,
ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ॥
ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ॥
ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ॥
ਸਚੈ ਸਾਹਿਬਿ ਮਾਰਿਆ ਕਉਣੁ ਤਿਸ ਨੋ ਰਖੈ॥
ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ॥੨੮॥ (ਪੰਨਾ ੩੧੫)
ਅਗਲੇ ਸਲੋਕ ਵਿਚ ਗੁਰੂ ਅਰਜਨ ਦੇਵ ਅਕ੍ਰਿਤਘਣਾਂ ਦੀ ਗੱਲ ਕਰਦੇ ਹਨ ਅਰਥਾਤ ਉਹ ਮਨੁੱਖ ਜਿਹੜੇ ਉਨ੍ਹਾਂ ਦਾ ਭਲਾ ਕਰਨ ਵਾਲਿਆਂ ਨਾਲ ਹੀ ਧੋਖਾ ਕਰਦੇ ਹਨ। ਅਕ੍ਰਿਤਘਣ ਨੂੰ ਗੁਰਮਤਿ ਦਰਸ਼ਨ ਵਿਚ ਸਭ ਤੋਂ ਮਾੜਾ, ਘਟੀਆ ਮਨੁੱਖ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਨੇ 35ਵੀਂ ਵਾਰ ਦੀ 9ਵੀਂ ਪਉੜੀ ਵਿਚ ਅਕ੍ਰਿਤਘਣ ਦੀ ਬਿਰਤੀ ਬਾਰੇ ਦੱਸਿਆ ਹੈ ਕਿ ਇੱਕ ਨੀਵੀਂ ਬਿਰਤੀ ਵਾਲੀ ਔਰਤ ਸ਼ਰਾਬ ਵਿਚ ਕੁੱਤੇ ਦਾ ਮਾਸ ਰਿੰਨ੍ਹ ਕੇ, ਉਸ ਨੂੰ ਮਨੁੱਖ ਦੀ ਖੋਪੜੀ ਵਿਚ ਰੱਖ ਕੇ ਜਿਸ ਵਿਚੋਂ ਗੰਦੀ ਬੋਅ ਆ ਰਹੀ ਸੀ, ਰੱਤ ਨਾਲ ਭਿੱਜੇ ਹੋਏ ਕੱਪੜੇ ਨਾਲ ਕੱਜ ਕੇ, ਭੋਗ-ਬਿਲਾਸ ਕਰਨ ਤੋਂ ਬਾਅਦ ਲੈ ਕੇ ਜਾ ਰਹੀ ਸੀ ਤਾਂ ਕਿਸੇ ਨੇ ਪੁੱਛ ਲਿਆ ਕਿ ਇਸ ਨੂੰ ਇਸ ਤਰ੍ਹਾਂ ਢਕ ਕੇ ਕਿਉਂ ਲੈ ਕੇ ਜਾ ਰਹੀ ਹੈਂ? ਤਾਂ ਪੁੱਛਣ ਤੇ ਉਸ ਦਾ ਉਤਰ ਸੀ, ਇਸ ਲਈ ਕਿ ਅਕ੍ਰਿਤਘਣ ਦੀ ਨਜ਼ਰ ਨਾ ਲੱਗ ਜਾਵੇ। ਭਾਈ ਗੁਰਦਾਸ ਨੇ ਗੁਰਮਤਿ ਦੇ ਸਿਧਾਂਤਾਂ ਨੂੰ ਸਮਝਾਉਣ ਲਈ ਆਮ ਜੀਵਨ ਵਿਚੋਂ ਉਸ ਵੇਲੇ ਦੇ ਸਮਾਜ ਵਿਚ ਪ੍ਰਚੱਲਤ ਤਰ੍ਹਾਂ ਤਰ੍ਹਾਂ ਦੀਆਂ ਧਾਰਨਾਵਾਂ ਦੀ ਵਰਤੋਂ ਕੀਤੀ ਹੈ। ਗੁਰੂ ਅਰਜਨ ਦੇਵ ਫੁਰਮਾਉਂਦੇ ਹਨ ਕਿ ਅਕ੍ਰਿਤਘਣ ਅਕਾਲ ਪੁਰਖ ਵੱਲੋਂ ਮਾਰੇ ਹੋਏ ਭਾਵ ਸਰਾਪੇ ਹੋਏ ਮਨੁੱਖ ਹੁੰਦੇ ਹਨ ਜਿਨ੍ਹਾਂ ਦਾ ਰੈਣ-ਵਸੇਰਾ ਦੁੱਖ-ਰੂਪ ਘੋਰ ਨਰਕ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਅਕ੍ਰਿਤਘਣ ਇਨ੍ਹਾਂ ਦੁੱਖਾਂ ਵਿਚ ਖੁਆਰ ਹੋ ਹੋ ਕੇ ਖਪਦੇ ਅਤੇ ਮਰਦੇ ਹਨ,
ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ॥
ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ॥੧॥ (ਪੰਨਾ ੩੧੫)
ਅਗਲੇ ਸਲੋਕ ਵਿਚ ਗੁਰੂ ਅਰਜਨ ਦੇਵ ਨਿੰਦਕ ਦੀ ਗੱਲ ਕਰਦੇ ਹਨ ਕਿ ਅਕਾਲ ਪੁਰਖ ਨੇ ਹਰ ਰੋਗ ਦੀ ਦਵਾਈ ਬਣਾਈ ਹੈ ਪਰ ਦੂਸਰਿਆਂ ਦੀ ਨਿੰਦਾ-ਚੁਗਲੀ ਕਰਨ ਵਾਲੇ ਮਨੁੱਖ ਦਾ ਕੋਈ ਇਲਾਜ ਨਹੀਂ ਹੋ ਸਕਦਾ, ਕੋਈ ਅਜਿਹੀ ਦਵਾਈ ਪ੍ਰਾਪਤ ਨਹੀਂ ਹੈ ਜੋ ਨਿੰਦਾ-ਰੋਗ ਦਾ ਇਲਾਜ ਕਰ ਸਕੇ। ਗੁਰੂ ਸਾਹਿਬ ਕਹਿੰਦੇ ਹਨ ਕਿ ਅਕਾਲ ਪੁਰਖ ਨੇ ਆਪ ਹੀ ਨਿੰਦਕਾਂ ਨੂੰ ਭਰਮਾਂ ਵਿਚ, ਭੁਲੇਖੇ ਵਿਚ ਪਾਇਆ ਹੋਇਆ ਹੈ। ਉਹ ਆਪਣੇ ਕੀਤੇ ਨਿੰਦਾ ਵਰਗੇ ਮੰਦੇ ਕੰਮਾਂ ਕਾਰਨ ਖਪ ਖਪ ਕੇ ਜੂਨਾਂ ਵਿਚ ਪਏ ਰਹਿੰਦੇ ਹਨ। ਉਨ੍ਹਾਂ ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਕੋਈ ਥਾਂ ਪ੍ਰਾਪਤ ਨਹੀਂ ਹੁੰਦੀ,
ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ॥
ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ॥੨॥ (ਪੰਨਾ ੩੧੫)
ਗੁਰਮਤਿ ਦਰਸ਼ਨ ਵਿਚ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਸਭ ਤੋਂ ਕੀਮਤੀ ਦੌਲਤ ਮੰਨਿਆ ਹੈ ਜੋ ਕਦੀ ਖਤਮ ਨਹੀਂ ਹੁੰਦੀ, ਜਿਸ ਦੇ ਖਜ਼ਾਨੇ ਅਖੁੱਟ ਹਨ। ਇਸੇ ਤੱਥ ਦਾ ਜ਼ਿਕਰ ਗੁਰੂ ਰਾਮਦਾਸ ਅਗਲੀ ਪਉੜੀ ਵਿਚ ਕਰਦੇ ਹਨ ਕਿ ਜਿਸ ਨੂੰ ਪੂਰੇ ਸਤਿਗੁਰੂ ਨੇ ਪਰਮਾਤਮਾ ਦਾ ਸੱਚਾ ਅਤੇ ਕਦੇ ਖ਼ਤਮ ਨਾ ਹੋਣ ਵਾਲਾ ਖ਼ਜ਼ਾਨਾ ਆਪ ਖੁਸ਼ ਹੋ ਕੇ ਦਿੱਤਾ ਹੈ, ਉਨ੍ਹਾਂ ਮਨੁੱਖਾਂ ਦੇ ਸਾਰੇ ਫ਼ਿਕਰ ਅਤੇ ਡਰ ਮੁੱਕ ਜਾਂਦੇ ਹਨ, ਉਨ੍ਹਾਂ ਦੇ ਅੰਦਰੋਂ ਮੌਤ ਦਾ ਭੈ ਵੀ ਦੂਰ ਹੋ ਜਾਂਦਾ ਹੈ। ਸੰਤਾਂ ਅਰਥਾਤ ਅਕਾਲ ਪੁਰਖ ਦਾ ਨਾਮ ਸਿਮਰਨ ਕਰਨ ਵਾਲਿਆਂ ਦੀ ਸੰਗਤਿ ਵਿਚ ਜਾ ਕੇ ਉਨ੍ਹਾਂ ਦਾ ਸਾਥ ਕਾਮ, ਕਰੋਧ ਆਦਿ ਪਾਪਾਂ ਤੋਂ ਛੁੱਟ ਜਾਂਦਾ ਹੈ, ਉਨ੍ਹਾਂ ਦੇ ਅੰਦਰੋਂ ਕਾਮ, ਕਰੋਧ ਆਦਿ ਵਿਕਾਰਾਂ ਦਾ ਨਾਸ ਹੋ ਜਾਂਦਾ ਹੈ। ਜਿਹੜੇ ਮਨੁੱਖ ਸੱਚੇ ਅਕਾਲ ਪੁਰਖ ਤੋਂ ਬਿਨਾ ਕਿਸੇ ਦੂਸਰੇ ਦਾ ਧਿਆਨ ਧਰਦੇ ਹਨ, ਕਿਸੇ ਦੂਸਰੇ ਦੀ ਸੇਵਾ ਕਰਦੇ ਹਨ, ਉਹ ਮਨੁੱਖ ਨਿਆਸਰੇ ਹੋ ਕੇ ਮਰਦੇ ਹਨ, ਉਨ੍ਹਾਂ ਦਾ ਕੋਈ ਵੀ ਸਹਾਈ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਉਤੇ ਅਕਾਲ ਪੁਰਖ ਦੀ ਮਿਹਰ ਹੋਈ ਹੈ ਉਸ ਨੂੰ ਅਕਾਲ ਪੁਰਖ ਨੇ ਸੱਚੇ ਨਾਮ ਦੀ ਸੰਗਤਿ ਬਖਸ਼ਿਸ਼ ਕੀਤੀ ਹੈ ਅਤੇ ਉਹ ਸੱਚੇ ਨਾਮ ਵਿਚ ਜੁੜਿਆ ਹੋਇਆ ਹੈ,
ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ॥
ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ॥
ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ॥
ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ॥
ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ॥੨੯॥ (ਪੰਨਾ ੩੧੫)
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਅਜਿਹੇ ਮਨੁੱਖ ਦਾ ਵਰਣਨ ਕਰ ਰਹੇ ਹਨ ਜੋ ਉਪਰੋਂ ਭਗਤ ਹੋਣ ਦਾ, ਤਪੱਸਵੀ ਹੋਣ ਦਾ ਦਿਖਾਵਾ ਕਰਦਾ ਹੈ ਪਰ ਅਸਲ ਵਿਚ ਅੰਦਰੋਂ ਮਾਇਆ ਦਾ ਭਗਤ ਹੁੰਦਾ ਹੈ, ਲੋਭੀ ਅਤੇ ਲਾਲਚੀ ਹੁੰਦਾ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਿਹੜਾ ਮਨੁੱਖ ਅੰਦਰੋਂ ਲਾਲਚੀ ਹੋਵੇ ਅਤੇ ਸਦਾ ਹੀ ਮਾਇਆ ਲਈ ਭਟਕਦਾ ਫਿਰੇ, ਅਜਿਹਾ ਕੋਹੜਾ ਮਨੁੱਖ ਸੱਚਾ ਤਪੱਸਵੀ ਨਹੀਂ ਹੋ ਸਕਦਾ। ਇਥੇ ਇੱਕ ਤਪਾ ਕਹਾਉਣ ਵਾਲੇ ਬੰਦੇ ਦੀ ਗੱਲ ਕਰਦੇ ਹਨ ਜੋ ਸੱਦਣ ‘ਤੇ ਤਾਂ ਸਤਿਕਾਰ ਲੈਣ ਵਾਸਤੇ ਆਇਆ ਨਹੀਂ ਪਰ ਪਿੱਛੋਂ ਪਛਤਾਇਆ ਅਤੇ ਆਪਣੇ ਪੁੱਤਰ ਨੂੰ ਲਿਆ ਕੇ ਪੰਗਤਿ ਵਿਚ ਬੈਠਾ ਦਿੱਤਾ। ਸਾਰੇ ਮੁਖੀ ਬੰਦੇ ਉਸ ਦੇ ਇਸ ਕਾਰਨਾਮੇ ‘ਤੇ ਹੱਸਣ ਲੱਗ ਪਏ ਕਿ ਤਪਾ ਲੋਭ ਵਿਚ ਕਿਸ ਤਰ੍ਹਾਂ ਲਿਬੜਿਆ ਪਿਆ ਹੈ। ਜਿੱਥੇ ਤਪੇ ਨੂੰ ਲੱਗਦਾ ਹੈ ਕਿ ਮਾਇਆ ਥੋੜੀ ਮਿਲੇਗੀ ਉਥੇ ਤਾਂ ਨੇੜੇ ਨਹੀਂ ਜਾਂਦਾ ਪਰ ਜਿੱਥੇ ਅਹਿਸਾਸ ਹੋਵੇ ਕਿ ਬਹੁਤ ਧਨ ਮਿਲੇਗਾ ਉਥੇ ਤਪਾ ਆਪਣਾ ਧਰਮ ਹਾਰ ਦਿੰਦਾ ਹੈ ਅਰਥਾਤ ਮਾਇਆ ਅੱਗੇ ਝੁੱਕ ਜਾਂਦਾ ਹੈ,
ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ॥æææ
ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ॥
ਸਮਝਦਾਰ ਮਨੁੱਖ ਅਰਥਾਤ ਸੰਗਤਿ ਬੈਠ ਕੇ ਇਹ ਵਿਚਾਰ ਕਰਦੀ ਹੈ ਕਿ ਅਜਿਹਾ ਮਨੁੱਖ ਤਪਾ ਨਹੀਂ ਹੈ ਬਲਕਿ ਪਖੰਡੀ ਹੈ (ਬਗਲੇ ਨਾਲ ਤੁਲਨਾ ਕੀਤੀ ਹੈ ਜੋ ਇੱਕ ਟੰਗ ਦੇ ਭਾਰ ਖੜ੍ਹਾ ਰਹਿੰਦਾ ਹੈ ਮੱਛੀਆਂ ਦਾ ਸ਼ਿਕਾਰ ਕਰਨ ਲਈ)। ਇਹ ਤਪਾ ਚੰਗੇ ਮਨੁੱਖਾਂ ਦੀ ਨਿੰਦਿਆ ਕਰਦਾ ਹੈ ਪਰ ਸੰਸਾਰ ਦੀ ਉਸਤਤਿ ਕਰਕੇ ਖੁਸ਼ ਹੁੰਦਾ ਹੈ, ਇਸੇ ਦੋਸ਼ ਕਰਕੇ ਅਕਾਲ ਪੁਰਖ ਨੇ ਇਸ ਨੂੰ ਆਤਮਕ ਜੀਵਨ ਵੱਲੋਂ ਵਿਰਵਾ ਕੀਤਾ ਹੈ। ਮਹਾਂ ਪੁਰਖਾਂ ਦੀ ਨਿੰਦਿਆ ਕਰਨ ਦਾ ਤਪੇ ਨੂੰ ਇਹ ਫਲ ਮਿਲਿਆ ਹੈ ਕਿ ਇਸ ਦੀ ਸਾਰੀ ਕੀਤੀ ਮਿਹਨਤ ਨਿਹਫਲ ਚਲੀ ਗਈ ਹੈ। ਜਦੋਂ ਬਾਹਰ ਭਲੇ ਲੋਕਾਂ ਵਿਚ ਬੈਠਦਾ ਹੈ ਤਾਂ ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ ਪਰ ਅੰਦਰ ਵੜ ਕੇ ਮੰਦੇ ਕੰਮ ਕਰਦਾ ਹੈ। ਇਸ ਦਾ ਅੰਦਰ ਵੜ ਕੇ ਕੀਤਾ ਹੋਇਆ ਪਾਪ ਅਕਾਲ ਪੁਰਖ ਨੇ ਭਲੇ ਪੁਰਸ਼ਾਂ ਵਿਚ ਉਜਾਗਰ ਕਰ ਦਿੱਤਾ ਹੈ,
ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ॥æææ
ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ॥
ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਕਹਿ ਦਿੱਤਾ ਹੈ, ਹੁਕਮ ਕੀਤਾ ਹੈ ਕਿ ਇਸ ਤਪੇ ਨੂੰ ਉਸ ਥਾਂ ਸੁਟਿਓ ਜਿੱਥੇ ਵੱਡੇ ਵੱਡੇ ਹਤਿਆਰੇ ਸੁੱਟੇ ਜਾਂਦੇ ਹਨ। ਉਥੇ ਵੀ ਇਸ ਤਪੇ ਦੇ ਮੂੰਹ ਕੋਈ ਨਾ ਲਗਿਓ ਕਿਉਂਕਿ ਇਹ ਸਤਿਗੁਰ ਵੱਲੋਂ ਫਿਟਕਾਰਿਆ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਸਭ ਕੁਝ ਅਕਾਲ ਪੁਰਖ ਦੀ ਦਰਗਾਹ ਵਿਚ ਵਾਪਰਿਆ ਹੈ ਜੋ ਆਖ ਕੇ ਸੁਣਾ ਦਿੱਤਾ ਹੈ। ਇਸ ਗੱਲ ਨੂੰ ਉਹੀ ਸਮਝ ਸਕਦਾ ਹੈ ਜੋ ਪਰਮਾਤਮਾ ਦਾ ਸਵਾਰਿਆ ਹੋਇਆ ਹੈ,
ਧਰਮਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਅਹੁ ਜਿਥੈ ਮਹਾ ਮਹਾਂ ਹਤਿਆਰਿਆ॥
ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ॥
ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ॥
ਸੋ ਬੂਝੈ ਜੁ ਦਯਿ ਸਵਾਰਿਆ॥੧॥ (ਪੰਨਾ ੩੧੫-੧੬)
Leave a Reply