ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਫੱਗਣ ਮਹੀਨੇ ਦੇ ਅੱਧ ਵਿਚ ਦਿਨ, ਕਪਾਹ ਦੀ ਫੁੱਟੀ ਵਾਂਗ ਖਿੜਨ ਲੱਗਦੇ ਹਨ। ਜਾਨਵਰ, ਪਸ਼ੂ, ਪੰਛੀ, ਠੰਢ ਦੀ ਸਜ਼ਾ ਕੱਟ ਕੇ ਤਰੋ-ਤਾਜ਼ਾ ਵੀ ਇਨ੍ਹਾਂ ਦਿਨਾਂ ਵਿਚ ਹੀ ਹੁੰਦੇ ਹਨ। ਕਿਸਾਨ ਵੀ ਕਣਕ ਦੇ ਹਰਿਆਲੇ ਸਿੱਟੇ ਦੇਖ ਕੇ ਹੱਥ ਮੁੱਛ ‘ਤੇ ਲੈ ਜਾਂਦਾ ਹੈ। ਭਰਿਆ ਖੇਤ ਦੇਖ ਕੇ ਘਰਾਂ ਵਿਚ ਅਨਾਜ ਰੱਖਣ ਲਈ ਥਾਂ ਬਣਾਉਣੀ ਇਨ੍ਹਾਂ ਦਿਨਾਂ ਦੇ ਹਿੱਸੇ ਹੀ ਆਈ ਹੈ। ਵਿਆਹ-ਸ਼ਾਦੀਆਂ ਦੀਆਂ ਸ਼ਹਿਨਾਈਆਂ ਇਨ੍ਹਾਂ ਦਿਨਾਂ ਵਿਚ ਹੀ ਜ਼ਿਆਦਾ ਵੱਜਦੀਆਂ ਹਨ। ਕਿਸਾਨ ਆਪਣਾ ਸਾਰਾ ਕੁਝ ਖੇਤ ਵਿਚ ਖਿਲਾਰ ਚੁੱਕਿਆ ਹੁੰਦਾ ਹੈ ਤੇ ਰੱਬ ਅੱਗੇ ਹੱਥ ਜੁੜੇ ਰਹਿੰਦੇ ਹਨ- ‘ਦੇਖੀਂ ਦਾਤਿਆ! ਗਰੀਬ ਮਾਰ ਨਾ ਕਰ ਦੇਈਂ। ਚਾਰ ਮਣ ਦਾਣੇ ਇਕੱਠੇ ਕਰ ਲੈਣ ਦੇ।Ḕ
ਇਨ੍ਹਾਂ ਦਿਨਾਂ ਦੀ ਇਕ ਯਾਦ ਅੱਖਾਂ ਅੱਗੇ ਘੁੰਮ ਗਈ ਹੈæææ
“ਕੁੜੇ ਘਰੇ ਹੀ ਹੋ? ਅੰਦਰ ਲੰਘ ਆਵਾਂ? ਜਗੀਰੋ ਤਾਈ ਨੇ ਬੂਹਾ ਟੱਪਦਿਆਂ ਪੁੱਛਿਆ।
“ਆ ਜਾ ਭੈਣ ਜੀ! ਘਰ ਹੀ ਆਂ। ਹੋਰ ਆਪਾਂ ਕਿਹੜਾ ਮੇਲੇ ਜਾਣਾ।” ਬੀਬੀ ਨੇ ਹੱਸਦਿਆਂ ਉਤਰ ਦਿੱਤਾ।
“ਬਹੂ ਨੇ ਖੇਤੋਂ ਸਾਗ ਤੋੜ ਕੇ ਲਿਆਂਦਾ ਸੀ। ਜਦੋਂ ਦੇਖਿਆ ਤਾਂ ਅੱਲ੍ਹਣ ਪਾਉਣ ਲਈ ਮੱਕੀ ਦਾ ਆਟਾ ਹੈ ਨਹੀਂ ਸੀ। ਮੈਂ ਕਿਹਾ, ਤੇਰੀ ਚਾਚੀ ਤੋਂ ਲਿਆ ਕੇ ਦਿੰਨੀ ਆਂ।” ਜਗੀਰੋ ਤਾਈ ਨੇ ਪੀੜ੍ਹੀ ‘ਤੇ ਬਹਿੰਦਿਆਂ ਕਿਹਾ।
“ਅੱਜ ਕੱਲ੍ਹ ਤਾਂ ਭੈਣੇ ਸਰੋਂ ਪੱਕ ਜੋ ਜਾਂਦੀ ਆ, ਕਣਕ ਦੀਆਂ ਔਲੀਆਂ ਵਿਚ ਭਲਾ ਕਿਤੇ ਗੰਦਲ ਜੁੜ ਜਾਵੇæææ ਜਾਂ ਕਿਸੇ ਦੀ ਪਛੇਤੀ ਸਰੋਂ ਬੀਜੀ ਹੋਵੇ, ਤਾਂ ਸਾਗ ਤੋੜ ਹੁੰਦਾ।” ਬੀਬੀ ਨੇ ਕਿਹਾ।
“ਭੈਣ ਜੀ! ਚਾਹ ਬਣਾਵਾਂ, ਕਿ ਲੱਸੀ ਵਿਚ ਲੂਣ ਪਾ ਕੇ ਦੇਵਾਂ।” ਤਾਈ ਦੇ ਬੋਲਣ ਤੋਂ ਪਹਿਲਾਂ ਹੀ ਬੀਬੀ ਨੇ ਪੁੱਛ ਲਿਆ।
“ਨਹੀਂ ਭੈਣ ਜੀ, ਮੈਂ ਤਾਂ ਖੜ੍ਹੀ-ਖੜ੍ਹੀ ਨੇ ਈ ਮੁੜ ਜਾਣਾ।” ਤਾਈ ਨੇ ਬੈਠਿਆਂ-ਬੈਠਿਆਂ ਕਿਹਾ।
ਲੱਸੀ ਦੇ ਗਲਾਸ ਵਿਚ ਲੂਣ ਪਾ ਕੇ ਬੀਬੀ ਨੇ ਤਾਈ ਨੂੰ ਫੜਾ ਦਿੱਤਾ, ਤੇ ਮੈਨੂੰ ਹਾਕ ਮਾਰੀ, “ਵੇ ਤੈਂ ਵੀ ਪੀਣੀ ਆ ਲੱਸੀ ਵੱਡਿਆ ਕਿਰਸਾਨਾ?” ਮੈਂ ਥੋੜ੍ਹੀ ਜਿਹੀ ਦੂਰੀ ‘ਤੇ ਦਾਤੀਆਂ ਦਾ ਢੇਰ ਲਾਈ ਬੈਠਾ ਸੀ। ਉਨ੍ਹਾਂ ਵਿਚੋਂ ਚੰਗੀਆਂ ਦਾਤੀਆਂ ਛਾਂਟ ਕੇ ਵਾਢੀ ਦੀ ਤਿਆਰੀ ਲਈ ਤਿਆਰ ਹੋ ਰਿਹਾ ਸੀ।
“ਨਹੀਂ ਮੈਂ ਨਹੀਂ ਪੀਣੀ ਲੱਸੀ।” ਮੈਂ ਅੱਖਾਂ ਦਾਤੀਆਂ ਦੇ ਦੰਦਿਆਂ ਉਤੇ ਗੱਡ ਲਈਆਂ, ਤੇ ਕੰਨ ਮਾਈਆਂ ਵੱਲ ਸਿੱਧੇ ਕਰ ਲਏ। ਮੈਂ ਸੋਚਿਆæææ ਦੇਖਦੇ ਆਂ ਮਾਈਆਂ ਦੀ ਇਹ ਪੀੜ੍ਹੀ ਕਿੱਦਾਂ ਦੀ ਚੁੰਝ-ਚਰਚਾ ਕਰਦੀ ਹੈ।
“ਭੈਣ ਜੀ! ਦੇਖ ਲੈ ਕੀ ਜ਼ਮਾਨਾ ਆ ਗਿਆ। ਜੰਮਣ ਤੋਂ ਪਹਿਲਾਂ ਹੀ ਗੱਲ ਘੁੱਟਣ ਲੱਗ ਪਏ। ਪਾਸ਼ੋ ਨੇ ਆਪਣੀ ਨੂੰਹ ਦਾ ਫਿਰ ਪੇਟ ਸਾਫ਼ ਕਰਾ’ਤਾ। ਡਾਕਟਰ ਦੇ ਲੈ ਕੇ ਗਈ ਸੀ, ਕਹਿੰਦੇ ਕੁੱਖ ਵਿਚ ਪੱਥਰ ਐ। ਬੱਸ ਫ਼ਿਰ ਕੀ ਸੀ, ਪਾਸ਼ੋ ਨੇ ਪੈਸੇ ਦੇ ਕੇ ਉਸੇ ਵਕਤ ਕੱਢਵਾ ਦਿੱਤਾ।” ਤਾਈ ਨੇ ਲੱਸੀ ਦਾ ਗਲਾਸ ਚੁੱਕਦਿਆਂ ਕਿਹਾ।
ਮੇਰੇ ਕੰਨਾਂ ਨੇ ਸੁਣਿਆ, ਤਾਂ ਅੱਖਾਂ ਤਾਈ ਵੱਲ ਘੁੰਮ ਗਈਆਂ। ਮੈਂ ਹੈਰਾਨ ਕਿ ਪੇਟ ਵਿਚ ਪੱਥਰੀ ਤਾਂ ਕਈ ਵਾਰ ਸੁਣੀ ਸੀ, ਆਹ ਪੱਥਰ ਪਹਿਲੀ ਵਾਰ ਸੁਣਿਆ ਹੈ। ਕੰਨ ਅਤੇ ਅੱਖਾਂ ਮਾਈਆਂ ਵੱਲ ਹੋਣ ਕਰ ਕੇ, ਦਾਤੀ ਦੇ ਦੰਦੇ ਨੇ ਉਂਗਲੀ ‘ਤੇ ਹਲਕਾ ਜਿਹਾ ਚੀਰ ਪਾ ਦਿੱਤਾ।
“ਵਾਹਿਗੁਰੂ, ਵਾਹਿਗੁਰੂ ਭੈਣ ਜੀ! ਐਨਾ ਵੱਡਾ ਪਾਪ। ਧੀ ਨੂੰ ਜੰਮਣ ਤੋਂ ਪਹਿਲਾਂ ਹੀ ਵੱਢ ਸੁੱਟਿਆ!” ਬੀਬੀ ਨੇ ਹੈਰਾਨ ਹੁੰਦਿਆਂ ਆਪਣਾ ਸਾਹ ਹੀ ਉਤਾਂਹ ਚਾੜ੍ਹ ਲਿਆ।
ਮੇਰੇ ਕੰਨਾਂ ਨੇ ਸੁਣਿਆ ਤੇ ਸਮਝ ਲਿਆ, ਕਿ ਇਥੇ ਪਿੱਤੇ ਵਾਲੀ ਪੱਥਰੀ ਜਾਂ ਪੱਥਰ ਦੀ ਗੱਲ ਨਹੀਂ ਹੋ ਰਹੀ, ਸਗੋਂ ਅਣਜੰਮੀ ਧੀ ਦੇ ਕਤਲ ਦੀ ਗੱਲ ਹੋ ਰਹੀ ਹੈ। ਮੈਂ ਦਾਤੀਆਂ ਵੱਲੋਂ ਧਿਆਨ ਹਟਾ ਕੇ ਮਾਈਆਂ ਵੱਲ ਲਗਾ ਲਿਆ। ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਮੁੰਡਾ ਉਨ੍ਹਾਂ ਦੀਆਂ ਗੱਲਾਂ ਸੁਣਦਾ ਹੈ।
“ਭੈਣ ਜੀ! ਮੈਂ ਤਾਂ ਸੁਣਿਆ, ਪਾਸ਼ੋ ਦੀ ਨੂੰਹ ਦੇ ਕੋਈ ਭਰਾ ਵੀ ਨਹੀਂ। ਚਾਰ ਭੈਣਾਂ ਹੀ ਆ। ਰੱਬ ਸਭ ਨੂੰ ਪੁੱਤ ਦੇ ਦੇਵੇ ਤਾਂ ਕੋਈ ਡਾਕਟਰਾਂ ਅੱਗੇ ਢਿੱਡ ਨਾ ਨੰਗਾ ਕਰੇ।” ਬੀਬੀ ਨੇ ਲਸਣ ਦੀ ਗੱਠੀ ਦੋਵਾਂ ਹੱਥਾਂ ਵਿਚ ਘੁੱਟਦਿਆਂ ਕਿਹਾ।
“ਭੈਣ ਜੀ! ਹੁਣ ਪਾਸ਼ੋ ਵੀ ਕੀ ਕਰੇæææ ਪਹਿਲਾਂ ਆਪਣੀਆਂ ਤਿੰਨ ਧੀਆਂ ਮਸਾਂ ਤੋਰੀਆਂ। ਚੌਥਾ ਪੁੱਤ ਵਿਆਹਿਆ ਤਾਂ ਅੱਗਿਉਂ ਦੋ ਪੋਤੀਆਂ ਹੋ ਗਈਆਂ। ਆਹ ਤੀਜੀ ਫਿਰ ਹੋ ਗਈ ਸੀ। ਮੈਂ ਤਾਂ ਕਹਿਨੀ ਆਂ ਪਾਸ਼ੋ ਦਾ ਕਸੂਰ ਨਹੀਂ, ਰੱਬ ਦਾ ਕਸੂਰ ਐ ਜਿਹੜਾ ਕਾਣੀ ਵੰਡ ਕਰਦੈ। ਪਾਸ਼ੋ ਦੀ ਜੇਠਾਣੀ ਦੇ ਚਾਰ ਪੁੱਤਰ ਨੇ, ਤੇ ਧੀ ਇਕ ਵੀ ਨਹੀਂ। ਤੇ ਉਹ ਚਾਰੇ ਜਣੇ ਤਿੰਨ ਕਿੱਲਿਆਂ ਪਿਛੇ ਲੜੀ ਜਾਂਦੇ ਨੇ। ਰੱਬ ਚੰਗਾ ਹੁੰਦਾ ਤਾਂ ਦੋ-ਦੋ ਪੁੱਤ ਦੋਹਾਂ ਜਣੀਆਂ ਨੂੰ ਦੇ ਦਿੰਦਾ।” ਤਾਈ ਨੇ ਖਾਲੀ ਗਲਾਸ ਥੱਲੇ ਰੱਖਦਿਆਂ ਚੁੰਨੀ ਦੇ ਲੜ ਨਾਲ ਮੂੰਹ ਪੂੰਝਦਿਆਂ ਕਿਹਾ।
“ਆਹ ਜਦੋਂ ਦੀ ਕਰਤਾਰੀ ਦੀ ਧੀ ਦਾਜ ਦੀ ਬਲੀ ਚੜ੍ਹੀ ਐ, ਉਦੋਂ ਤੋਂ ਬਾਹਲਾ ਡਰ ਲੱਗਦਾ ਕੁੜੀਆਂ ਜੰਮਣ ਤੋਂ।” ਤਾਈ ਨੇ ਕਿਹਾ।
“ਨੀ ਭੈਣ ਜੀ! ਤੂੰ ਕਿਥੇ ਵਿਚਾਰੀ ਗਊ ਨੂੰ ਯਾਦ ਕਰਾ’ਤਾ। ਬੁੱਚੜਾਂ ਨੇ ਅੱਗ ਲਾ ਕੇ ਮਚਾ ਦਿੱਤੀ। ਨੀ ਸਾਡੇ ਦਰ ਅੱਗੇ ਦੀ ਲੰਘਦੀ ਹੁੰਦੀ ਸੀæææ ਐਨੀ ਸੋਹਣੀ ਸੁਨੱਖੀ ਕੁੜੀæææ ਘਰ ਦਾ ਸਾਰਾ ਕੰਮ ਕਰਨਾ, ਫਿਰ ਸਕੂਲ ਜਾਣਾ। ਮੁੜ ਕੇ ਆ ਕੇ ਫ਼ਿਰ ਘਰ ਦਾ ਸਾਰਾ ਧੰਦਾ ਕਰਨਾ। ਨੀ ਉਹ ਤਾਂ ਪੁੱਤਾਂ ਨਾਲੋਂ ਵੀ ਵਧ ਕੇ ਸੀ। ਉਹਨੂੰ ਤਾਂ ਦਾਜ ਦਾ ਦੈਂਤ ਨਿਗਲ ਗਿਆ।” ਬੀਬੀ ਨੇ ਅੱਖਾਂ ਵਿਚੋਂ ਅੱਥਰੂ ਵਹਾਉਂਦਿਆਂ ਗੱਲ ਮਸਾਂ ਸਿਰੇ ਲਾਈ।
“ਕੀ ਚੁਗਲੀਆਂ ਵੱਢੀ ਜਾਂਦੀਆਂ ਤੁਸੀਂ ਸਵੇਰੇ-ਸਵੇਰੇ।” ਦਿਆਲੋ ਮਾਈ ਨੇ ਅੰਦਰ ਵੜਦਿਆਂ ਹੀ ਪੁੱਛ ਲਿਆ।
“ਬੇਬੇ ਜੀ, ਪੈਰੀਂ ਪੈਂਦੀ ਆਂ।” ਦੋਵਾਂ ਨੇ ਵਾਰੋ-ਵਾਰੀ ਦਿਆਲੋ ਮਾਈ ਦੇ ਪੈਰਾਂ ਨੂੰ ਹੱਥ ਲਾਉਂਦਿਆਂ ਕਿਹਾ।
“ਜਿਉਂਦੀਆਂ ਰਹੋæææ ਬੁੱਢ ਸੁਹਾਗਣਾਂ ਹੋਵੋæææ ਭਾਈ ਜੀਣ, ਭਤੀਜੇ ਜੀਣæææ ਖੁਸ਼ੀਆਂ ਮਾਣੋ।” ਦਿਆਲੋ ਮਾਈ ਨੇ ਅਸੀਸਾਂ ਦੀ ਝੜੀ ਲਾ ਦਿੱਤੀ।
“ਆ ਜਾ ਬੇਬੇ ਜੀ, ਬੈਠ ਜਾਹ।” ਬੀਬੀ ਨੇ ਕੰਧ ਨਾਲ ਖੜ੍ਹਾ ਮੰਜਾ ਡਾਹ ਲਿਆ।
“ਨੀ ਮੈਂ ਤਾਂ ਕੂੜਾ ਸੁੱਟਣ ਬਾਹਰ ਨਿਕਲੀ ਸੀ, ਜਾਗਰ ਅਮਲੀ ਕਰਦਾ ਜਾ ਰਿਹਾ ਸੀæææ ਆਓ ਭਾਈ ਜੀਹਨੇ ਧੁਰ ਦੀ ਟਿਕਣ ਕਟਾਉਣੀ ਆ, ਸੇਮ ‘ਤੇ ਜਹਾਜ਼ ਉਤਰਿਆ। ਮੈਂ ਕਿਹਾ- ‘ਵੇ ਕਿਹੜਾ ਜਹਾਜ਼ ਉਤਰਿਆ?’ ਕਹਿੰਦਾ- ‘ਮਾਈ ਤੋਂ ਪੁੱਛ, ਬਕਲੀਆਂ ਲੈਣੀਆਂ ਨੇ ਤੂੰ, ਰੱਬ-ਰੱਬ ਕਰਿਆ ਕਰ’।” ਦਿਆਲੋ ਮਾਈ ਮੰਜੇ ‘ਤੇ ਬੈਠਦੀ ਬੋਲੀ।
“ਬੇਬੇ ਜੀ! ਜਹਾਜ਼ ਤਾਂ ਡੋਡਿਆਂ ਵਾਲੇ ਭਾਈ ਨੂੰ ਕਹਿੰਦੇ ਆ ਜਾਗਰ ਹੁਰੀਂ ਆਪਣੀ ਬੋਲੀ ਵਿਚ। ਅਗਲਾ ਸਾਰੇ ਅਮਲੀਆਂ ਨੂੰ ਸੁਨੇਹਾ ਦੇ ਗਿਆ। ਹੁਣ ਦੇਖੀਂ ਕਿਵੇ ਸੇਖੂਪੁਰੇ ਵਾਲਾ ਰਾਹ ਭਰਿਆ ਜਾਂਦਾ। ਜਾਂਦੇ ਹੋਏ ਬੰਦਿਆਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਕਿਹੜਾ-ਕਿਹੜਾ ਅਮਲੀ ਤੇ ਭੁੱਕੀ ਖਾਂਦਾ।” ਤਾਈ ਨੇ ਕਿਹਾ।
“ਨੀ ਕੁੜੇ! ਤੈਨੂੰ ਕਿਵੇਂ ਪਤਾ?” ਮਾਈ ਦਿਆਲੋ ਨੇ ਹੈਰਾਨੀ ਨਾਲ ਪੁੱਛਿਆ।
“ਬੇਬੇ ਜੀ! ਪਿਛਲੇ ਅੱਸੂ ਅਸੀਂ ਸੇਮ ਵਾਲੇ ਖੇਤ ਨਰਮਾ ਚੁਗਦੀਆਂ ਸੀ। ਦੋ ਸਕੂਟਰਾਂ ‘ਤੇ ਚਾਰ ਬੰਦੇ ਆਏ। ਵਿਚਾਲੇ ਉਨ੍ਹਾਂ ਦੇ ਬੋਰੀਆਂ ਰੱਖੀਆਂ ਹੋਈਆਂ। ਆਹ ਅਮਲੀਆਂ ਨੂੰ ਪਤਾ ਨਹੀਂ ਕਿਥੋਂ ਸੂਹ ਮਿਲੀ, ਸਾਰਿਆਂ ਨੇ ਜਾ ਉਨ੍ਹਾਂ ਅੱਗੇ ਝੋਲੀਆਂ ਅੱਡੀਆਂ। ਕਿਸੇ ਨੇ ਸੌ ਦੀ, ਕਿਸੇ ਨੇ ਚਾਰ ਸੌ ਦੀ ਭੁੱਕੀ ਪੁਆ ਲਈ। ਮਸਾਂ ਵੀਹ ਮਿੰਟ ਖੜ੍ਹੇ ਹੋਣਗੇ, ਦੋਵੇਂ ਭੋਰੀਆਂ ਖਾਲੀ ਕਰ ਕੇ ਅਹੁ ਗਏ ਅਹੁ ਗਏ। ਇਕੱਠ ਐਨਾ ਜਿੱਦਾਂ ਕੋਈ ਮੇਲਾ ਹੋਵੇ।” ਤਾਈ ਨੇ ਅੱਖੀਂ ਦੇਖੀ ਸੁਣਾਈ।
“ਨੀ ਜਗੀਰੋ, ਉਨ੍ਹਾਂ ਨੂੰ ਪੁਲਿਸ ਨਹੀਂ ਫੜਦੀ?” ਮਾਈ ਦਿਆਲੋ ਨੇ ਪੁੱਛਿਆ।
“ਬੇਬੇ ਜੀ! ਜਦੋਂ ਕੁੱਤੀ ਚੋਰਾਂ ਨਾਲ ਰਲ ਜਾਵੇ, ਫਿਰ ਕੁਝ ਨਹੀਂ ਹੁੰਦਾ। ਫਿਰ ਤਾਂ ਦਿਨ-ਦਿਹਾੜੇ ਈ ਕਾਲੀ ਰਾਤ ਪੈ ਜਾਂਦੀ ਆ।” ਤਾਈ ਨੇ ਜਵਾਬ ਦਿੱਤਾ।
“ਸੱਚ ਗੱਲ ਏ ਤੇਰੀ, ਇਥੇ ਮਾੜੇ ਲਈ ਕਾਇਦਾ-ਕਾਨੂੰਨ ਐæææ ਤਕੜੇ ਲਈ ਨਹੀਂ। ਬਲੈਕੀਏ ਵੀ ਪੈਸਾ ਝੋਕ ਦਿੰਦੇ ਆ। ਤਾਂ ਹੀ ਤਾਂ ਪੁਲਿਸ ਨਹੀਂ ਆਉਂਦੀ।” ਬੀਬੀ ਵੀ ਆਪਣੀ ਸੁਣਾ ਗਈ।
“ਹੋਰ ਸੁਣਾ ਜਗੀਰੋæææ ਐਤਕੀਂ ਨਰਮੇ ਨੇ ਝਾੜ ਵਧੀਆ ਦਿੱਤਾ ਕਿ ਨਹੀਂ?” ਮਾਈ ਦਿਆਲੋ ਨੇ ਗੱਲ ਪਲਟੀ।
“ਬੇਬੇ ਜੀ! ਕਿਥੇ ਵਧੀਆ ਝਾੜ ਦਿੱਤਾ। ਦੋ ਵਾਰੀਆਂ ਵੀ ਨਹੀਂ ਲੱਗੀਆਂ, ਸਾਰਾ ਟਿੰਡਾ ਝੜ ਗਿਆ। ਮਹਿੰਗੀਆਂ ਸਪਰੇਆਂ ਵੀ ਕੀਤੀਆਂ। ਸੁੰਡੀ ਤਾਂ ਰਾਤੋ-ਰਾਤ ਕਾਲੇ ਕੱਛਿਆਂ ਵਾਲਿਆਂ ਵਾਂਗ ਸਾਰੇ ਖੇਤ ਵਿਚ ਫਿਰ ਜਾਂਦੀ ਆ। ਸੱਚ ਜਾਣੀ ਬੇਬੇ ਜੀ! ਹੁਣ ਤਾਂ ਜ਼ਹਿਰ ਵੀ ਨਕਲੀ ਆਉਣ ਲੱਗ ਪਿਆ। ਪਹਿਲਾਂ ਮੁੰਡਿਆਂ ਨੇ ਸਪਰੇਆਂ ਕਰਨੀਆਂ, ਤਾਂ ਕਿੱਲੇ ਬਾਅਦ ਦਵਾਈ ਸਿਰ ਨੂੰ ਚੜ੍ਹਨ ਲੱਗ ਜਾਣੀ। ਹੁਣ ਤਾਂ ਦੁਪਹਿਰ ਤੱਕ ਪੰਜਾਂ ਕਿੱਲਿਆਂ ‘ਤੇ ਸਪਰੇਅ ਕਰ ਦਿੰਦੇ ਆ, ਤੇ ਸਿਰ ਨੂੰ ਪਤਾ ਹੀ ਨਹੀਂ ਲੱਗਦਾ।” ਤਾਈ ਨੇ ਨਕਲੀ ਕੀੜੇਮਾਰ ਦਵਾਈਆਂ ਦੀ ਅਸਲੀਅਤ ਦੱਸੀ।
“ਭਾਈ ਹੁਣ ਤਾਂ ਖੇਤੀ ਵੀ ਕਰਮਾਂ ਸੇਤੀ ਬਣ ਕੇ ਰਹਿ ਗਈ। ਖਾਦਾਂ ਸਪਰੇਆਂ ਮਹਿੰਗੀਆਂ ਆਂ, ਜਿਣਸਾਂ ਦੇ ਭਾਅ ਸਰਕਾਰ ਵਧਾਉਂਦੀ ਨਹੀਂ। ਜ਼ਿਮੀਦਾਰ ਕੀ ਕਰਨ ਵਿਚਾਰੇ। ਕਰਜ਼ਾ ਚੁੱਕ ਕੇ ਫ਼ਸਲਾਂ ਪਾਲਦੇ ਆ। ਕੁਝ ਸ਼ਾਹੂਕਾਰ ਦਾ ਵਿਆਜ ਮਾਰ ਜਾਂਦਾ, ਰਹਿੰਦੀ ਕਸਰ ਰੱਬ ਕੱਢ ਦਿੰਦਾæææ ਪੱਕੀ ‘ਤੇ ਮੀਂਹ ਪਾ ਕੇ।” ਮਾਈ ਦਿਆਲੋ ਵੀ ਆਪਣੇ ਦਿਲ ਦੀ ਕਹਿ ਗਈ।
“ਨੀ ਸੱਚ ਮੈਂ ਤਾਂ ਗੱਲੀਂ ਲੱਗ ਗਈæææ ਮੈਨੂੰ ਫ਼ੜਾ ਕੌਲੀ ਮੱਕੀ ਦੇ ਆਟੇ ਦੀ, ਮੈਂ ਜਾਵਾਂ।” ਤਾਈ ਪੀੜ੍ਹੀ ਤੋਂ ਉਠ ਖਲੋਤੀ।
ਬੀਬੀ ਨੇ ਕੌਲਾ ਆਟੇ ਦਾ ਭਰ ਕੇ ਫੜਾ ਦਿੱਤਾ। ਤਾਈ ਤੁਰਨ ਲੱਗੀ ਤਾਂ ਮੈਂ ਕਿਹਾ, “ਤਾਈ ਬਹਿ ਤਾਂ ਜਾਂਦੀ, ਤੂੰ ਤਾਂ ਖੜ੍ਹੀ-ਖੜ੍ਹੀ ਹੀ ਮੁੜ ਚੱਲੀ।”
“ਚੱਲ ਵੇ ਪਰ੍ਹਾਂæææ ਕਿਵੇਂ ਮਾਂ ਨਾਲ ਮਸ਼ਕਰੀਆਂ ਕਰਦਾ।” ਤਾਈ ਜਾਂਦੀ ਹੋਈ ਪੁੱਤ ਬਣਾ ਕੇ ਬੂਹਾ ਟੱਪ ਗਈ।
“ਤਾਈ ਕੌਲੀ ਸਾਗ ਦੀ ਭੇਜ ਦੇਈਂ।” ਮੈਂ ਜਾਂਦੀ ਹੋਈ ਤਾਈ ਨੂੰ ਕਿਹਾ।
ਮੈਂ ਦਾਤੀਆਂ ਦੀ ਛਾਂਟ-ਛਟਾਈ ਕਰ ਕੇ ਬੋਰੀ ਵਿਚ ਪਾ ਦਿੱਤੀਆਂ ਤੇ ਦਿਆਲੋ ਮਾਈ ਕੋਲ ਬੈਠ ਗਿਆ। ਫਿਰ ਪੁੱਛਿਆ, “ਬੇਬੇ! ਜਦੋਂ ਤੁਸੀਂ ਦੋ-ਤਿੰਨ ਜਣੀਆਂ ਇਕੱਠੀਆਂ ਹੋ ਜਾਂਦੀਆਂ ਓ, ਤਾਂ ਇਹੀ ਗੱਲਾਂ ਕਰਦੀਆਂ ਹੁੰਦੀਆਂ ਹੋ, ਕਿ ਕੋਈ ਗੁਰੂ ਘਰ ਦੀ ਗੱਲ ਵੀ ਕਰਦੀਆਂ ਹੋ।”
“ਮੈਂ, ਤੇਰੀ ਮਾਂ, ਤਿੰਨ ਹੋਰ ਬੀਬੀਆਂ ਸਵੇਰੇ ਅੰਮ੍ਰਿਤ ਵੇਲੇ ਗੁਰੂ ਘਰ ਜਾ ਕੇ ਆਉਂਦੀਆਂ। ਫ਼ਿਰ ਆ ਕੇ ਚੁੱਲ੍ਹੇ ਅੱਗ ਪਾਈਦੀ ਹੈ।” ਬੇਬੇ ਨੇ ਕਿਹਾ।
ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ, “ਗੁਰਦੁਆਰਾ ਤੇ ਤੁਸੀਂ? ਮੈਂ ਨਹੀਂ ਮੰਨਦਾ।”
“ਪੁੱਛ ਆਪਣੀ ਮਾਂ ਨੂੰ।” ਬੇਬੇ ਨੇ ਤਲਖੀ ਨਾਲ ਕਿਹਾ।
ਮੈਂ ਮਾਂ ਵੱਲ ਅੱਖਾਂ ਘੁੰਮਾਈਆਂ, ਤਾਂ ਮਾਂ ਨੇ ‘ਹਾਂ’ ਵਿਚ ਹੁੰਗਾਰਾ ਭਰਿਆ। ਮੈਂ ਮਾਂ ਦੇ ਪੈਰੀਂ ਡਿੱਗ ਪਿਆ- “ਮਾਂ ਤੂੰ ਧੰਨ ਹੈਂ ਜਿਹੜੀ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਆਉਂਦੀ ਆਂ, ਤੇ ਸਾਨੂੰ ਸੁੱਤਿਆਂ ਪਿਆਂ ਨੂੰ ਕਦੇ ਪਤਾ ਹੀ ਨਹੀਂ ਲੱਗਿਆ।” ਮਾਂ ਨੇ ਘੁੱਟ ਕੇ ਬੁੱਕਲ ਵਿਚ ਲੈ ਲਿਆ।
ਅੱਜ ਮਾਈ ਦਿਆਲੋ ਵੀ ਤੁਰ ਗਈ, ਤੇ ਜਗੀਰੋ ਤਾਈ ਵੀ, ਪਰ ਮਾਂ ਲਗਾਤਾਰ ਗੁਰਦੁਆਰੇ ਜਾਂਦੀ ਹੈ। ਅੱਜ ਹਰਿਆ-ਭਰਿਆ ਸਾਡਾ ਬਾਗ-ਬਗੀਚਾ ਮਾਂ ਦੀ ਬਦੌਲਤ ਹੀ ਹੈ। ਧੰਨ ਨੇ ਮਾਈਆਂ ਜਿਨ੍ਹਾਂ ਵਿਚ ਦਿਖਾਵਾ ਭੋਰਾ ਭਰ ਵੀ ਨਹੀਂ ਸੀ, ਪਰ ਮਨ ਅੰਦਰ ਸੇਵਾ ਭਾਵਨਾ ਤੇ ਸਤਿਕਾਰ ਪੂਰਾ ਸੀ। ਸੱਚੀਂæææ ਮਾਂ ਰੱਬ ਦਾ ਦੂਜਾ ਰੂਪ ਹੈ!
Leave a Reply