ਸਿੱਖੀ, ਸ਼ਰਧਾ ਤੇ ਸੇਵਾ

ਸੋਨੇ ਤੇ ਹੀਰਿਆਂ ਜੜੇ ਚੌਰ ਦੀ ਭੇਟਾ ਬਾਰੇ ਵਿਚਾਰ ਚਰਚਾ

ਸਿੱਖੀ ਦਾ ਇਕ ਸਰੋਕਾਰ ਸਿੱਧਾ ਸਾਦਗੀ ਨਾਲ ਜੁੜਿਆ ਹੋਇਆ ਹੈ। ਇਸੇ ਕਰ ਕੇ ਗੁਰੂਘਰਾਂ ਵਿਚ ਕੀਮਤੀ-ਮਹਿੰਗੇ ਚੜ੍ਹਾਵਿਆਂ ਬਾਰੇ ਅਕਸਰ ਚੁੰਜ-ਚਰਚਾ ਚੱਲਦੀ ਰਹਿੰਦੀ ਹੈ। ਸ਼ ਸੰਪੂਰਨ ਸਿੰਘ ਨੇ ਆਪਣੇ ਇਸ ਲੇਖ ਵਿਚ ਇਕ ਵੱਖਰੇ ਨੁਕਤਾ-ਨਿਗ੍ਹਾ ਤੋਂ ਇਨ੍ਹਾਂ ਕੀਮਤੀ-ਮਹਿੰਗੇ ਚੜ੍ਹਾਵਿਆਂ ਬਾਰੇ ਵਿਚਾਰ ਕੀਤੀ ਹੈ। ਉਨ੍ਹਾਂ ਨੇ ਇਸ ਲਿਖਤ ਵਿਚ ਸਿੱਖੀ ਦੀ ਸ਼ਰਧਾ ਅਤੇ ਇਸ ਸ਼ਰਧਾ ਵਿਚੋਂ ਨਦੀ ਵਾਂਗ ਵਗਦੀ ਸੇਵਾ ਦੀ ਭਾਵਨਾ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਉਭਾਰਨ ਦਾ ਯਤਨ ਕੀਤਾ ਹੈ। ‘ਪੰਜਾਬ ਟਾਈਮਜ਼’ ਦੇ ਪਾਠਕ ਅੰਕ ਨੰਬਰ 32 ਅਤੇ 34 ਵਿਚ ਸਿੱਖਾਂ ਤੇ ਸਿੱਖੀ ਬਾਰੇ ਪ੍ਰੋæ ਬਲਕਾਰ ਸਿੰਘ ਅਤੇ ਬੀਬੀ ਰਾਜਬੀਰ ਕੌਰ ਢੀਂਡਸਾ ਦੀਆਂ ਲਿਖਤਾਂ ਪਹਿਲਾਂ ਹੀ ਪੜ੍ਹ ਚੁੱਕੇ ਹਨ ਜਿਨ੍ਹਾਂ ਵਿਚ ਸਿੱਖੀ ਬਾਰੇ ਕੁਝ ਹੋਰ ਪੱਖਾਂ ਤੋਂ ਵਿਚਾਰਾਂ ਹੋਈਆਂ ਸਨ। ਇਸੇ ਸਿਲਸਿਲੇ ਵਿਚ ਹੀ ਅਸੀਂ ਆਪਣੇ ਪਾਠਕਾਂ ਦੇ ਵਿਚਾਰ ਹਿਤ ਇਹ ਲੇਖ ਛਾਪ ਰਹੇ ਹਾਂ। -ਸੰਪਾਦਕ

ਸੰਪੂਰਨ ਸਿੰਘ
ਫੋਨ: 281-635-7466
ਕੁਝ ਸਾਲ ਪਹਿਲਾਂ ਜਲੰਧਰੋਂ ਦਿੱਲੀ ਜਾਣ ਲਈ ਗੱਡੀ ਵਿਚ ਸਫਰ ਦੌਰਾਨ ਪੰਜਾਬੀ ਰਸਾਲਾ ਪੜ੍ਹ ਰਿਹਾ ਸੀ। ਉਸ ਰਸਾਲੇ ਅੰਦਰ ਡਾæ ਮਹੀਪ ਸਿੰਘ ਦਾ ਲੇਖ ਸੀ। ਉਨ੍ਹੀਂ ਦਿਨੀਂ ਦਿੱਲੀ ਦੇ ਗੁਰੂਘਰਾਂ ਦੀ ਸੇਵਾ ਸੰਭਾਲ ਸਰਨਾ ਭਰਾਵਾਂ ਦੀ ਅਗਵਾਈ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਸੀ। ਸਾਡੇ ਵਿਚੋਂ ਜੋ ਵੀ ਬੰਗਲਾ ਸਾਹਿਬ ਗੁਰਦੁਆਰੇ ਪਿਛਲੇ 15-20 ਸਾਲਾ ਤੋਂ ਜਾ ਰਿਹਾ ਹੈ, ਉਸ ਨੇ ਗੁਰੂਘਰ ਦੇ ਸਮੁੱਚੇ ਆਸੇ-ਪਾਸੇ ਅੰਦਰ ਬੜੀ ਵੱਡੀ ਤਬਦੀਲੀ ਮਹਿਸੂਸ ਕੀਤੀ ਹੋਵੇਗੀ। ਗੁਰੂਘਰਾਂ ਦੀ ਅੰਦਰੂਨੀ ਤੇ ਬਾਹਰਲੀ ਖੂਬਸੂਰਤੀ ਤੇ ਸ਼ਾਨੋ-ਸ਼ੌਕਤ ਦੇਖਣ ਤੇ ਵਿਚਾਰਨ ਦਾ ਹਰ ਬੰਦੇ ਦਾ ਆਪੋ-ਆਪਣਾ ਨਜ਼ਰੀਆ ਹੁੰਦਾ ਹੈ। ਕੋਈ ਉਸ ਨੂੰ ਸ਼ਰਧਾ ਦੀ ਭਾਵਨਾ ਨਾਲ ਮਹਿਸੂਸ ਕਰ ਕੇ ਬਲਿਹਾਰੇ ਜਾਂਦਾ ਹੈ ਅਤੇ ਲੋਕਾਂ ਤੇ ਪ੍ਰਬੰਧਕਾਂ ਵੱਲੋਂ ਯੋਗਦਾਨ ਅੱਗੇ ਸਿਰ ਝੁਕਾਉਂਦਾ ਹੈ, ਤੇ ਕੋਈ ਆਲੋਚਕ ਉਸ ਦੇ ਪਲੱਸ-ਮਾਈਨਸ ਦੇ ਹਿਸਾਬ-ਕਿਤਾਬ ਵਿਚ ਉਲਝ ਜਾਂਦਾ ਹੈ।
ਉਨ੍ਹੀਂ ਦਿਨੀਂ ਦਿੱਲੀ ਗੁਰਦੁਆਰਾ ਕਮੇਟੀ ਨੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਨੇ ਬੰਗਲਾ ਸਾਹਿਬ ਤੇ ਸੀਸਗੰਜ ਗੁਰੂਘਰਾਂ ਦੀਆਂ ਮੁੱਖ ਇਮਾਰਤਾਂ ਉਪਰਲੇ ਕਲਸਾਂ ਉਪਰ ਸੋਨਾ ਚੜ੍ਹਾਉਣ ਦਾ ਫੈਸਲਾ ਕੀਤਾ ਹੈ। ਬੰਗਲਾ ਸਾਹਿਬ ਵਿਚ ਲੰਗਰ ਹਾਲ ਅੰਦਰ ਏਅਰ ਕੰਡੀਸ਼ਨ ਦੀ ਸਹੂਲਤ ਵੀ ਮੁਹੱਈਆ ਕੀਤੀ ਗਈ ਸੀ।
ਕਮੇਟੀ ਦੇ ਇਸ ਐਲਾਨ ਦੇ ਪ੍ਰਤੀਕਰਮ ਵਜੋਂ ਡਾæ ਮਹੀਪ ਸਿੰਘ ਨੇ ਲੇਖ ਲਿਖਿਆ ਸੀ ਜਿਸ ਵਿਚ ਉਨ੍ਹਾਂ ਨੇ ਗੁੰਬਦਾਂ ਉਪਰ ਸੋਨਾ ਚੜ੍ਹਾਉਣ ਤੇ ਲੰਗਰ ਹਾਲ ਨੂੰ ਏਅਰ ਕੰਡੀਸ਼ਨ ਕਰਨ ਉਪਰ ਆਪਣੇ ਨਜ਼ਰੀਏ ਤੋਂ ਕੁਝ ਸਵਾਲ ਉਠਾਏ ਸੀ। ਡਾæ ਮਹੀਪ ਸਿੰਘ ਦੇ ਜਿਹੜੇ ਲੇਖ ਦਾ ਜ਼ਿਕਰ ਮੈਂ ਗੱਡੀ ਵਿਚ ਸਫ਼ਰ ਦੌਰਾਨ ਪੜ੍ਹਨ ਬਾਰੇ ਕਰ ਰਿਹਾ ਹਾਂ, ਉਹ ਲੇਖ ਪਹਿਲੇ ਲੇਖ ਦੇ ਪ੍ਰਤੀਕਰਮ ਉਪਰ ਲੋਕਾਂ ਵਲੋਂ ਮਿਲੇ ਪ੍ਰਸ਼ੰਸਕੀ ਹੁੰਗਾਰੇ ਬਾਰੇ ਸੀ। ਉਨ੍ਹਾਂ ਦੇ ਕਹਿਣ ਮੁਤਾਬਕ, ਪੂਰੀ ਉਮਰ ਦੀ ਲੇਖਣੀ ਦੌਰਾਨ ਉਨ੍ਹਾਂ ਨੂੰ ਕਦੀ ਕਿਸੇ ਕਿਰਤ ਲਈ ਇੰਨਾ ਪ੍ਰਬਲ ਹੁੰਗਾਰਾ ਨਹੀਂ ਮਿਲਿਆ। ਉਸ ਲੇਖ ਵਿਚ ਉਨ੍ਹਾਂ ਸੋਨੇ ਦੇ ਗੁੰਬਦਾਂ ਨੂੰ ਜਾਇਜ਼ ਨਾ ਕਰਾਰ ਦਿੰਦਿਆਂ, ਉਸ ਪੈਸੇ ਨੂੰ ਗਰੀਬਾਂ ਦੀ ਮਦਦ, ਚੰਗੇ ਵਿਦਿਅਕ ਅਦਾਰੇ ਆਦਿ ਉਪਰ ਖਰਚਣ ਬਾਰੇ ਗੱਲ ਕੀਤੀ ਸੀ; ਨਾਲ ਹੀ ਉਨ੍ਹਾਂ ਨੇ ਲੰਗਰ ਨੂੰ ਏæਸੀæ ਕਰਨਾ ਗਰੀਬਾਂ ਨਾਲ ਮਜ਼ਾਕ ਕਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਖਾਸ ਮੌਕਿਆਂ ਨੂੰ ਛੱਡ ਕੇ ਉਥੇ ਜ਼ਿਆਦਾਤਰ ਗਰੀਬ ਲੋਕ ਹੀ ਲੰਗਰ ਛਕਦੇ ਹਨ। ਲੰਗਰ ਹਾਲ ਦਾ ਏæਸੀæ ਉਨ੍ਹਾਂ ਅੰਦਰ ਹੀਣ-ਭਾਵ ਪੈਦਾ ਕਰੇਗਾ, ਹੋ ਸਕਦਾ ਹੈ ਕਿ ਉਹ ਗਰੀਬ, ਲੰਗਰ ਹਾਲ ਜਾਣੋਂ ਵੀ ਸੰਕੋਚ ਕਰਨ। ਇਤਫਾਕਨ ਉਸੇ ਹੀ ਰਾਤ ਮੈਨੂੰ ਬੰਗਲਾ ਸਾਹਿਬ ਲੰਗਰ ਹਾਲ ਜਾਣ ਦਾ ਮੌਕਾ ਮਿਲਿਆ। ਉਥੇ ਜ਼ਿਆਦਾਤਰ ਗਰੀਬ ਲੋਕ ਹੀ ਨਜ਼ਰ ਆ ਰਹੇ ਸਨ, ਤੇ ਕਾਫੀ ਸਾਰੇ ਮੰਗਤੇ ਲੋਕ। ਮੈਂ ਦੇਖਿਆ, ਉਹ ਮੰਗਤੇ ਲੰਗਰ ਛਕ ਚੁੱਕੇ ਸਨ, ਤੇ ਇਕ ਪਾਸੇ 15-20 ਆਦਮੀ ਬੜੀ ਖੁਸ਼ੀ ਨਾਲ ਆਪਸ ਵਿਚ ਗੱਲਬਾਤ ਕਰ ਰਹੇ ਸਨ। ਉਨ੍ਹਾਂ ਵੱਲ ਦੇਖ ਕੇ ਮੈਨੂੰ ਬਚਪਨ ਦੇ ਦਿਨਾਂ ਦੀ ਯਾਦ ਆਈ ਜਦ ਅਸੀਂ ਕਈ ਵਾਰੀ ਧੁੱਪ ਤੇ ਗਰਮੀ ਤੋਂ ਬਚਣ ਲਈ ਕੁਝ ਪਲ ਦਰਖਤਾਂ ਦੇ ਥੱਲੇ ਸੁੱਖ ਅਨੁਭਵ ਕਰਦੇ ਸੀ। ਲੰਗਰ ਹਾਲ ਦੇ ਏæਸੀæ ਨੂੰ ਦੇਖਣ ਦਾ ਇਹ ਵੀ ਤਰੀਕਾ ਹੋ ਸਕਦਾ ਹੈ।
ਇਹ ਘਟਨਾ ਮੈਨੂੰ ਉਦੋਂ ਯਾਦ ਆਈ ਜਦੋਂ ਕੰਮ ਤੋਂ ਵਾਪਿਸ ਆਉਂਦਿਆਂ ਮੇਰੀ ਭਤੀਜੀ ਨੇ ਮੈਨੂੰ ਮੁੰਬਈ ਵਾਸੀ ਬੀਬੀ ਸੁਰਜੀਤ ਕੌਰ ਵੱਲੋਂ ਹੀਰਿਆਂ ਜੜੇ ਸੋਨੇ ਦੀ ਮੁੱਠ ਵਾਲੇ ਚੌਰ ਦੀ ਹਰਿਮੰਦਰ ਸਾਹਿਬ ਭੇਟਾ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਇਸ ਭੇਟਾ ਬਾਰੇ ਬਹੁਤ ਸਾਰੇ ਲੋਕਾਂ ਦੇ ਨਾਂਹ-ਪੱਖੀ ਪ੍ਰਤੀਕਰਮ ਬਾਰੇ ਵੀ ਦੱਸਿਆ। ਇਸ ਤੋਂ ਬਾਅਦ ਮੈਨੂੰ ਡਾæ ਹਰਜਿੰਦਰ ਸਿੰਘ ਦਿਲਗੀਰ ਦੇ ਨਜ਼ਰੀਏ ਬਾਰੇ ਵੀ ਜਾਣਕਾਰੀ ਮਿਲੀ। ਜਿੱਥੇ ਡਾæ ਦਿਲਗੀਰ ਨੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਪ੍ਰਤੀ ਬੜੀ ਕੋਰੀ ਤੇ ਰੁੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ, ਉਥੇ ਉਸ ਸ਼ਰਧਾਵਾਨ ਬੀਬੀ ਨੂੰ ਮਲਕ ਭਾਗੋ ਨਾਲ ਤੁਲਨਾਇਆ। ਸੋਨੇ ਦੇ ਚੌਰ ਦੀ ਭੇਟਾ ਨੂੰ ਧਰਮਹੀਣ ਤੇ ਰੂਹਾਨੀਅਤ ਰਹਿਤ ਕਰਾਰ ਦਿੱਤਾ। ਸਿੱਖ ਧਰਮ ਅੰਦਰ ਸਿਰੋਪਾਓ ਦੀ ਮਹੱਤਤਾ ਨੂੰ ਨਜ਼ਰ ਅੰਦਾਜ਼ ਕਰਦਿਆਂ ਉਸ ਨੂੰ ਸਿਰਫ 2 ਗਜ਼ ਕੱਪੜੇ ਦਾ ਟੋਟਾ ਦੱਸਿਆ।
ਵੱਡੀਆਂ-ਵੱਡੀਆਂ ਡਿਗਰੀਆਂ ਪ੍ਰਾਪਤ ਅਜਿਹੇ ਵਿਦਵਾਨਾਂ ਉਪਰ ਹੈਰਾਨੀ ਹੁੰਦੀ ਹੈ ਜਿਹੜੇ ਧਰਮ ਤੇ ਧਾਰਮਿਕਤਾ ਨੂੰ ਵੀ ਉਸੇ ਹੀ ਅੱਖ ਨਾਲ ਦੇਖਦੇ ਹਨ ਜਿਸ ਅੱਖ ਅਤੇ ਬੁੱਧੀ ਨਾਲ ਉਹ ਆਮ ਦੁਨਿਆਵੀ ਚੀਜ਼ਾਂ ਜਾਂ ਕਦਰਾਂ-ਕੀਮਤਾਂ ਨੂੰ। ਧਰਮ ਨੂੰ ਘੋਖਣ ਵਾਲੀ ਅੱਖ ਜਾਂ ਬੁੱਧੀ, ਜੇ ਬਿਲਕੁਲ ਹੀ ਸ਼ਰਧਾ ਵਿਹੂਣੀ ਹੈ ਤਾਂ ਧਰਮ ਦੇ ਖੇਤਰ ਵਿਚ ਉਹ ਇਨਸਾਫ ਨਹੀਂ ਕਰ ਸਕਦੀ। ਅਕਸਰ ਦੇਖਿਆ ਹੈ ਕਿ ਸ਼ਰਧਾ ਨੂੰ ਆਧਾਰ ਬਣਾ ਕੇ ਕੀਤੇ ਕਿਸੇ ਵੀ ਕਾਰਜ ਪ੍ਰਤੀ ਜ਼ਿਆਦਾ ਨਾਂਹ-ਪੱਖੀ ਪ੍ਰਤੀਕਰਮ ਉਹੀ ਲੋਕ ਕਰਦੇ ਨੇ ਜਿਹੜੇ ਨਿੰਦਨੀਯ ਆਲੋਚਕ ਬਿਰਤੀ ਦੇ ਧਾਰਨੀ ਹਨ। ਆਪਾਂ ਕਈ ਵਾਰ ਦੇਖਿਆ ਹੋਣਾ ਹੈ ਕਿ ਬਹੁਤ ਸੋਹਣੇ ਤੇ ਸਾਫ ਸੁਥਰੇ ਫਰਸ਼ ਪਏ ਹੁੰਦੇ ਹਨ, ਫਿਰ ਵੀ ਕੀੜੀਆਂ ਨੇ ਉਥੇ ਵੀ ਕੋਈ ਨਾ ਕੋਈ ਸੁਰਾਖ ਲੱਭ ਲਿਆ ਹੁੰਦਾ ਹੈ ਜਿੱਥੋਂ ਉਨ੍ਹਾਂ ਦੀ ਆਵਾਜਾਈ ਨਜ਼ਰ ਆਉਣ ਲੱਗਦੀ ਹੈ। ਕਈ ਲੋਕ, ਖਾਸ ਕਰ ਕੇ ਵਿਦਵਾਨ ਵੀ ਅਜਿਹੀ ਕੀੜੀ-ਬਿਰਤੀ ਰੱਖਦੇ ਹਨ ਜਿਨ੍ਹਾਂ ਨੇ ਹਰ ਚੰਗੀ ਲਿਖਤ ਤੇ ਚੰਗੇ ਕਾਰਜ ਵਿਚੋਂ ਕੋਈ ਨਾ ਕੋਈ ਊਣਤਾਈ ਲੱਭਣੀ ਹੀ ਹੁੰਦੀ ਹੈ।
ਬੀਬੀ ਦੀ ਚੌਰ ਬਾਰੇ ਸੇਵਾ ਦੀ ਜਿਹੜੀ ਨੁਕਤਾਚੀਨੀ ਜ਼ਿਆਦਾਤਰ ਲੋਕਾਂ ਨੇ ਕੀਤੀ, ਉਸ ਵਿਚ ਕਿਹਾ ਗਿਆ ਕਿ ਇਹ ਫਜ਼ੂਲ ਖਰਚੀ ਹੈ, ਹਉਮੈ ਦਾ ਪ੍ਰਗਟਾਵਾ ਹੈ, ਉਨ੍ਹਾਂ ਪੈਸਿਆਂ ਨਾਲ ਗਰੀਬਾਂ ਦੀ ਸੇਵਾ ਹੋ ਸਕਦੀ ਸੀ, ਗਰੀਬ ਬਸਤੀ ਵਿਚ ਸਕੂਲਾਂ ਦੀ ਸਹੂਲਤ ਦਿੱਤੀ ਜਾ ਸਕਦੀ ਸੀ, ਆਦਿ। ਆਪਣੇ ਤਜਰਬੇ ਦੇ ਆਧਾਰ ਉਪਰ ਤੇ ਗਿਆਨੀ ਮਹਾਂਪੁਰਸ਼ਾਂ ਦੇ ਅਨੁਭਵਾਂ ਤੋਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਅਜਿਹੇ ਨਾਂਹ-ਪੱਖੀ ਪ੍ਰਤੀਕਰਮ ਕਰਨ ਵਾਲੇ ਲੋਕਾਂ ਦੀ ਜੀਵਨ ਜਾਚ ਨੂੰ ਦੇਖੀਏ ਤਾਂ ਬਹੁਤੇ ਸਵਾਲਾਂ ਦਾ ਜਵਾਬ ਸਹਿਜੇ ਹੀ ਮਿਲ ਜਾਵੇਗਾ। ਅਜਿਹੀ ਸੋਚ ਵਾਲੇ ਲੋਕਾਂ ਨੂੰ ਕੁਝ ਦੇ ਸਕਣ ਤੋਂ ਮਿਲਣ ਵਾਲਾ ਸੁੱਖ ਕਦੀ ਪ੍ਰਾਪਤ ਹੀ ਨਹੀਂ ਹੋਇਆ ਹੁੰਦਾ। ਕੰਜੂਸ ਤੇ ਲੋਭੀ ਬੰਦੇ ਦੀ ਮਨੋ-ਅਵਸਥਾ ਹੀ ਐਸੀ ਬਣ ਜਾਂਦੀ ਹੈ ਕਿ ਉਹ ਆਪਣੇ ਅੰਦਰਲੀ ਅਜਿਹੀ ਬਿਰਤੀ ਵਾਲੀ ਕਮਜ਼ੋਰੀ ਨੂੰ ਦੂਜਿਆਂ ਦੇ ਗੁਣਾਂ ਵਿਚੋਂ ਔਗੁਣ ਭਾਲ ਕੇ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਕਿਸੇ ਮਹਾਂਪੁਰਸ਼ ਦੀ ਕਥਾ ਸੁਣ ਰਿਹਾ ਸੀ ਕਿ ਕੰਜੂਸ ਤੇ ਲੋਭੀ ਬੰਦੇ ਦੀ ਸ਼ਕਲ ਵੀ ਅਹਿਸਤਾ-ਅਹਿਸਤਾ ਬਹੁਤ ਪੁਰਾਣੇ ਗਲੇ-ਸੜੇ ਨੋਟ ਵਰਗੀ ਹੋ ਜਾਂਦੀ ਹੈ। ਜਿਵੇਂ ਪੁਰਾਣੇ ਤੇ ਗਲੇ-ਸੜੇ ਨੋਟ ਦੀ ਕੀਮਤ ਤਾਂ ਬਣੀ ਰਹਿੰਦੀ ਹੈ, ਇਸੇ ਤਰ੍ਹਾਂ ਅਜਿਹੇ ਲੋਕ ਸਾਹ ਤਾਂ ਲੈ ਰਹੇ ਹੁੰਦੇ ਹਨ, ਪਰ ਉਨ੍ਹਾਂ ਦੇ ਚਿਹਰਿਆਂ ਤੋਂ, ਉਨ੍ਹਾਂ ਦੀ ਗੱਲਬਾਤ ਤੋਂ, ਉਨ੍ਹਾਂ ਦੇ ਜੀਵਨ ਵਿਹਾਰ ਤੋਂ ਜ਼ਿੰਦਗੀ ਵਾਲਾ ਖੇੜਾ, ਪ੍ਰਫੁੱਲਤਾ ਤੇ ਮੜਕ ਲੋਪ ਹੁੰਦੇ ਹਨ। ਦੂਜੇ ਪਾਸੇ ਦਾਨੀ ਬਿਰਤੀ ਵਾਲੇ ਚਿਹਰੇ ਨੂੰ ਦੇਖੋ, ਚਿਹਰੇ ਉਪਰ ਖੇੜਾ ਹੁੰਦਾ ਹੈ, ਗੱਲਬਾਤ ਵਿਚ ਟਿਕਾਓ, ਠਹਿਰਾਉ ਤੇ ਜੀਵਨ ਦੀ ਝਲਕ ਪ੍ਰਤੀਤ ਹੁੰਦੀ ਹੈ। ਜਿਨ੍ਹਾਂ ਲੋਕਾਂ ਉਪਰ ਗੁਰੂ ਦੀ ਇਹ ਬਖਸ਼ਿਸ ਹੁੰਦੀ ਹੈ, ਉਹ ਆਪ ਤਾਂ ਆਪਣੀ ਕਮਾਈ ਵਿਚੋਂ ਕਿਸੇ ਨਾ ਕਿਸੇ ਭਲੇ ਦੇ ਜਾਂ ਸਾਂਝੇ ਕਾਰਜ ਲਈ ਯੋਗਦਾਨ ਪਾਉਂਦੇ ਹੀ ਹਨ, ਨਾਲ ਹੀ ਉਹ ਦੂਜਿਆਂ ਦੀਆਂ ਭੇਟਾਵਾਂ ਪ੍ਰਤੀ ਸ਼ੰਕੇ ਦੇ ਸਵਾਲ ਨਹੀਂ ਉਠਾਉਂਦੇ।
ਮੈਨੂੰ ਭਾਵੇਂ ਬੀਬੀ ਸੁਰਜੀਤ ਕੌਰ ਬਾਰੇ ਕੋਈ ਜਾਣਕਾਰੀ ਨਹੀਂ, ਫਿਰ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅਜਿਹੀ ਸ਼ਰਧਾਵਾਨ ਬੀਬੀ ਦੇ ਘਰੋਂ ਕੋਈ ਆਸਵੰਦ ਨਿਰਾਸ਼ ਨਹੀਂ ਮੁੜਿਆ ਹੋਵੇਗਾ; ਕਿਉਂਕਿ ਜਿਹੜਾ ਵਿਅਕਤੀ ਕਿਸੇ ਇੱਕ ਕਾਰਜ ਲਈ ਯੋਗਦਾਨ ਪਾਉਂਦਾ ਹੈ, ਬਹੁਤ ਸੰਭਾਵਨਾ ਹੈ ਕਿ ਉਹ ਹੋਰ ਕਿਸੇ ਵੀ ਸਾਂਝੇ ਜਾਂ ਧਰਮ ਅਰਥ ਦੇ ਕੰਮ ਲਈ ਵੀ ਯੋਗਦਾਨ ਜ਼ਰੂਰ ਪਾਵੇਗਾ। ਉਸ ਕਾਰਜ ਨਾਲ ਭਾਵੇਂ ਉਸ ਦਾ ਕੋਈ ਸਿੱਧਾ ਸਬੰਧ ਬਿਲਕੁਲ ਨਾ ਹੋਵੇ। ਇਸ ਵਿਚ ਵੀ ਕੋਈ ਸ਼ੱਕ ਨਹੀ ਕਿ ਕਈ ਲੋਕ ਆਪਣੀ ਮਾਣ/ਵਡਿਆਈ ਲਈ ਵੀ ਦਾਨ ਦਿੰਦੇ ਹਨ। ਮੇਰੀ ਨਜ਼ਰ ਵਿਚ ਉਹ ਲੋਕ ਵੀ ਵਧਾਈ ਤੇ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਹਨ। ਆਪਾਂ ਆਪਣੇ ਆਸੇ-ਪਾਸੇ ਝਾਤੀ ਮਾਰੀਏ ਤਾਂ ਅਨੇਕਾਂ ਲੋਕ ਅਜਿਹੇ ਦਿਸ ਪੈਣਗੇ ਜਿਨ੍ਹਾਂ ਪਾਸ ਧਨ-ਦੌਲਤ ਦਾ ਲੇਖਾ-ਜੋਖਾ ਵੀ ਸੰਭਵ ਨਹੀਂ ਹੁੰਦਾ, ਉਹ ਸਾਰੀ ਉਮਰ ਆਪਣੀਆਂ ਤਿਜੋਰੀਆਂ ਭਾਰੀਆਂ ਕਰੀ ਜਾਂਦੇ ਹਨ। ਆਪਣੇ ਪੈਸੇ ਨੂੰ ਆਪਣੇ ਹੱਥੀਂ ਆਪਣੇ ਸੁੱਖ ਆਰਾਮ ਲਈ ਵੀ ਖਰਚਣਾ ਉਨ੍ਹਾਂ ਦੇ ਨਸੀਬ ਨਹੀਂ ਹੁੰਦਾ। ਜਿਹੜੇ ਪੈਸੇ ਨੂੰ ਅਸੀਂ ਆਪਣੇ ਹੱਥੀਂ ਸਾਂਝੇ ਤੇ ਭਲੇ ਕਾਰਜਾਂ ਲਈ ਖਰਚ ਕਰ ਕੇ ਆਤਮਕ ਸੁੱਖ ਪ੍ਰਾਪਤ ਕਰ ਸਕਦੇ ਸੀ, ਦਾਤਾਂ ਦੇਣ ਵਾਲੇ ਦੀ ਬਖਸ਼ਿਸ਼ ਦੇ ਹੱਕਦਾਰ ਬਣ ਸਕਦੇ ਸੀ, ਉਹੀ ਪੈਸਾ ਸਾਡੀ ਮੌਤ ਤੋਂ ਬਾਅਦ ਸਾਡੀ ਔਲਾਦ ਦੀ ਬਰਬਾਦੀ ਦਾ ਕਾਰਨ ਵੀ ਬਣ ਸਕਦਾ ਹੈ, ਬਸ਼ਰਤੇ ਕਿ ਉਸ ਦੌਲਤ ਦਾ ਮਾਲਕ ਕੋਈ ਸੂਝਵਾਨ ਤੇ ਨੇਕ ਪੁਰਸ਼ ਬਣੇ।
ਕਿੰਤੂ-ਪ੍ਰੰਤੂ ਕਰਨਾ ਬੇਸ਼ਕ ਹਰ ਬੰਦੇ ਦਾ ਬੁਨਿਆਦੀ ਹੱਕ ਹੈ, ਪਰ ਆਪਣੇ ਆਪ ਤੋਂ ਉਪਰ ਉਠ ਕੇ ਭਲੇ ਦੇ ਕਾਰਜਾਂ ਲਈ ਕੁਝ ਕਰ ਸਕਣਾ ਸਾਡਾ ਫ਼ਰਜ਼ ਵੀ ਹੈ। ਜੇ ਆਪਾਂ ਮਹਿਸੂਸ ਕਰਦੇ ਹਾਂ ਕਿ ਅਜਿਹੀਆਂ ਸੇਵਾਵਾਂ (ਜਿਵੇਂ ਬੀਬੀ ਜਾਂ ਉਸ ਵਰਗੇ ਹੋਰ ਲੋਕ ਕਰਦੇ ਹਨ) ਫਜ਼ੂਲ ਤੇ ਬੇਅਰਥ ਹਨ, ਦੂਰ-ਦ੍ਰਿਸ਼ਟੀ ਦੀ ਕਮੀ ਹੈ, ਹਉਮੈ ਦਾ ਪ੍ਰਗਟਾਵਾ ਹੈ, ਤਾਂ ਸਾਨੂੰ ਅਜਿਹੇ ਲੋਕਾਂ ਦੀ ਨੁਕਤਾਚੀਨੀ ਕਰਨ ਦੇ ਨਾਲ-ਨਾਲ, ਆਪਣੇ ਯੋਗਦਾਨ ਰਾਹੀਂ ਕੁਝ ਅਜਿਹੇ ਮਾਪਦੰਡ ਸਥਾਪਤ ਕਰਨੇ ਚਾਹੀਦੇ ਹਨ ਜੋ ਸਾਡੇ ਵੱਲੋਂ ਅਣਜਾਣ ਤੇ ਭੁੱਲੜ ਸਮਝੇ ਜਾਂਦੇ ਲੋਕਾਂ ਦਾ ਕੋਈ ਮਾਰਗ ਦਰਸ਼ਨ ਕਰ ਸਕਣ। ਫੋਕੀ ਆਲੋਚਨਾ ਬੇਅਰਥ ਹੈ। ਨੁਕਤਾਚੀਨੀ ਅਜਿਹਾ ਆਸਾਨ ਕੰਮ ਹੈ ਜਿਸ ਲਈ ਕੋਈ ਉਚੇਚਾ ਉਪਰਾਲਾ ਨਹੀਂ ਕਰਨਾ ਪੈਂਦਾ, ਪਰ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਲੋਕਾਂ ਵੱਲੋਂ ਪ੍ਰਸ਼ੰਸਾ ਜ਼ਰੂਰ ਮਿਲ ਜਾਂਦੀ ਹੈ।
ਹਰਿਮੰਦਰ ਸਾਹਿਬ ਨੂੰ ਸਿੱਖ ਕੌਮ ਨੇ ਹਮੇਸ਼ਾ ਜੀਅ ਜਾਨ ਵਾਂਗ ਪਿਆਰ ਕੀਤਾ ਹੈ। ਭਗਤੀ ਤੇ ਸ਼ਕਤੀ ਦਾ ਸਰੋਤ ਸਮਝ ਕੇ ਆਪਣਾ ਮਾਰਗ ਦਰਸ਼ਨ ਕੀਤਾ ਹੈ। ਸਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਨੂੰ ਵੀ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਹਾਂ, ਉਸ ਲਈ ਆਪਣਾ ਸੀਸ ਤੱਕ ਵੀ ਨਿਛਾਵਰ ਕਰਨ ਵਿਚ ਵੀ ਖੁਸ਼ੀ ਮਹਿਸੂਸ ਕਰਦੇ ਹਾਂ। ਹਰਿਮੰਦਰ ਸਾਹਿਬ ਭੇਟਾ ਅਰਪਨ ਕਰਨ ਵਾਲੇ ਲੋਕ ਵੱਧ ਤੋਂ ਵੱਧ ਸੋਹਣੀਆਂ, ਕੀਮਤੀ ਤੇ ਬੇਮਿਸਾਲ ਚੀਜ਼ਾਂ ਫੋਕੀ ਸ਼ੋਹਰਤ ਲਈ ਨਹੀਂ, ਸ਼ਰਧਾ ਭਾਵਨਾ ਤਹਿਤ ਅਰਪਨ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਅਨੇਕਾਂ ਉਹ ਚੀਜ਼ਾਂ ਭੇਟ ਕੀਤੀਆਂ ਜਿਹੜੀਆਂ ਉਸ ਲਈ ਜਾਂ ਉਸ ਦੇ ਪਰਿਵਾਰ ਲਈ ਸਨ, ਪਰ ਉਹ ਸੋਚਦਾ ਸੀ ਕਿ ਇਹ ਮੇਰੇ ਗੁਰੂ ਦੇ ਦਰਬਾਰ ਵਿਚ ਜ਼ਿਆਦਾ ਸੋਭਣਗੀਆਂ। ਸੋਨੇ ਦੀਆਂ ਪਲੇਟਾਂ ਲੱਗੇ ਚਾਰ ਦਰਵਾਜ਼ੇ, ਸੋਨੇ ਤੇ ਹੀਰਿਆਂ ਨਾਲ ਜੜਿਆ ਛਤਰ, ਸੋਨੇ ਤੇ ਹੀਰਿਆਂ ਨਾਲ ਜੜਿਆ ਸਿਹਰਾ ਜਿਹੜਾ ਕੰਵਰ ਨੌਨਿਹਾਲ ਸਿੰਘ ਲਈ ਬਣਾਇਆ ਸੀ, ਉਹ ਵੀ ਹਰਿਮੰਦਰ ਸਾਹਿਬ ਭੇਟ ਕੀਤਾ। ਨਿਜ਼ਾਮ ਹੈਦਰਾਬਾਦ ਨੇ ਬਹੁਤ ਹੀ ਲਾਜਵਾਬ ਸੋਨੇ ਤੇ ਚਾਂਦੀ ਹੀਰੇ ਜਵਾਹਰਾਂ ਨਾਲ ਜੜੀ ਚਾਨਣੀ ਮਹਾਰਾਜਾ ਨੂੰ ਭੇਟ ਕੀਤੀ, ਪਰ ਮਹਾਰਾਜਾ ਨੇ ਉਸ ਨੂੰ ਵੀ ਗੁਰੂ ਦੇ ਸਥਾਨ ਉਪਰ ਭੇਟ ਕਰ ਦਿੱਤਾ। ਇੱਕ ਬਹੁਤ ਸੋਹਣਾ ਚੌਰ ਅਜਮੇਰ ਸ਼ਰੀਫ ਦੀ ਦਰਗਾਹ ਦੇ ਮੁਖੀ ਨੇ ਭੇਟ ਕੀਤਾ। ਇਸੇ ਤਰ੍ਹਾਂ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਨੇ ਵੀ ਭੇਟ ਕੀਤਾ। ਮੁਸਲਮਾਨ ਫਕੀਰ ਹਾਜੀ ਮੁਹੰਮਦ ਮਸਕੀਨ ਨੇ ਚੰਦਨ ਦੀ 9 ਮਣ 14 ਸੇਰ ਲੱਕੜੀ ਵਿਚੋਂ 5 ਸਾਲ 7 ਮਹੀਨੇ ਦੀ ਮਿਹਨਤ ਨਾਲ ਇੱਕ ਲੱਖ 45 ਹਜ਼ਾਰ ਤਾਰਾਂ ਕੱਢ ਕੇ ਚੌਰ ਤਿਆਰ ਕੀਤਾ। ਅਜਿਹੀਆਂ ਬਹੁਤ ਸਾਰੀਆਂ ਬਹੁਤ ਸੋਹਣੀਆਂ ਤੇ ਕੀਮਤੀ ਭੇਟਾਂਵਾਂ ਵੱਖ-ਵੱਖ ਸ਼ਰਧਾਵਾਨਾਂ ਵੱਲੋਂ ਸਮੇਂ-ਸਮੇਂ ਭੇਟ ਕੀਤੀਆਂ ਗਈਆਂ ਜੋ ਦਰਸ਼ਨੀ ਡਿਓਢੀ ਥੱਲੇ ਬਣੇ ਤੋਸ਼ੇਖਾਨੇ ਵਿਚ ਪਈਆਂ ਹਨ ਜਿਨ੍ਹਾਂ ਨੂੰ ਖਾਸ ਸਮਾਗਮਾਂ ਉਪਰ ਸੰਗਤਾਂ ਦੇ ਦਰਸ਼ਨਾਂ ਲਈ ਲਿਆਂਦਾ ਜਾਂਦਾ ਹੈ।
ਜੇ ਆਪਾਂ ਆਪਣੇ ਗੁਰੂ ਇਤਿਹਾਸ ਵੱਲ ਵੀ ਝਾਤੀ ਮਾਰੀਏ ਤਾਂ ਅਨੇਕਾਂ ਸ਼ਰਧਾਵਾਨ ਸਿੱਖਾਂ ਵੱਲੋਂ ਬਹੁਤ ਸੋਹਣੀਆਂ ਤੇ ਕੀਮਤੀ ਭੇਟਾਵਾਂ ਦਾ ਜ਼ਿਕਰ ਮਿਲਦਾ ਹੈ। ਕਈਆਂ ਨੂੰ ਯਾਦ ਹੋਵੇਗਾ, ਦਿੱਲੀ ਗੁਰਦੁਆਰਾ ਕਮੇਟੀ ਤੇ ਸੰਗਤਾਂ ਵੱਲੋਂ ਸੋਨੇ ਦੀ ਪਾਲਕੀ ਤਿਆਰ ਕਰਵਾਈ ਗਈ ਸੀ ਜਿਸ ਨੂੰ ਨਨਕਾਣਾ ਸਾਹਿਬ ਭੇਟ ਕੀਤਾ ਗਿਆ। ਇੰਗਲੈਂਡ ਦੇ ਸਾਊਥਾਲ ਗੁਰਦੁਆਰੇ ਵਿਚ ਸੋਨੇ ਦੀਆਂ ਦੋ ਪਾਲਕੀਆਂ (ਇੱਕ ਪੀਲੇ ਸੋਨੇ ਦੀ ਤੇ ਦੂਜੇ ਹਾਲ ਵਿਚ ਚਿੱਟੇ ਸੋਨੇ ਦੀ) ਸੁਸ਼ੋਭਿਤ ਹਨ। ਅਨੇਕਾਂ ਹੀ ਗੁਰੂਘਰਾਂ ਅੰਦਰ ਅਜਿਹੀਆਂ ਉਦਾਹਰਨਾਂ ਆਮ ਮਿਲ ਜਾਣਗੀਆਂ ਜਿੱਥੋਂ ਸਿੱਖਾਂ ਦੇ ਆਪਣੇ ਗੁਰੂ ਤੇ ਗੁਰੂਘਰਾਂ ਪ੍ਰਤੀ ਨਜ਼ਰ ਆਉਂਦੀ ਸ਼ਰਧਾ ਬੇਮਿਸਾਲ ਹੈ। ਸਿੱਖ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਮੌਜੂਦ ਹੈ, ਉਸ ਦੀ ਖਾਹਿਸ਼ ਹੁੰਦੀ ਹੈ ਕਿ ਉਸ ਦੇ ਗੁਰੂ ਦਾ ਸਥਾਨ ਸਭ ਤੋਂ ਸੁੰਦਰ ਹੋਣਾ ਚਾਹੀਦਾ ਹੈ।
ਮੈਂ ਸਿਰਫ ਤੇ ਸਿਰਫ ਨੁਕਤਾਚੀਨੀ ਕਰਨ ਵਾਲੇ ਵੀਰਾਂ-ਭੈਣਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਨਾਂਹ-ਪੱਖੀ ਆਲੋਚਨਾ ਨਾਲ ਅਜਿਹੇ ਸ਼ਰਧਾਵਾਨ ਲੋਕਾਂ ਦੀ ਸ਼ਰਧਾ ਤੇ ਭਾਵਨਾ ਨੂੰ ਠੇਸ ਨਾ ਪਹੁੰਚਾਉਣ। ਅਜਿਹੇ ਲੋਕਾਂ ਨੂੰ ਹਾਂ-ਪੱਖੀ ਸੁਝਾਵਾਂ ਨਾਲ ਤੁਸੀਂ ਪ੍ਰੇਰਨਾ ਦੇ ਕੇ ਲੋਕ ਭਲਾਈ ਦੇ ਹੋਰ ਕਾਰਜਾਂ ਲਈ ਵੀ ਉਤਸ਼ਾਹਤ ਕਰ ਸਕਦੇ ਹੋ।

Be the first to comment

Leave a Reply

Your email address will not be published.