ਬਲਜੀਤ ਬਾਸੀ
ਦੁਆਬੇ ਦੇ ਕਸਬੇ ਨੂਰਮਹਿਲ ਸਥਿਤ ਦਿਵਿਆ ਜਿਯੋਤੀ ਜਾਗਰਤੀ ਸੰਸਥਾਨ ਦੇ ਸੰਸਥਾਪਕ ਅਖੌਤੀ ਆਸ਼ੂਤੋਸ ਕੁਮਾਰ ਮਹਾਰਾਜ, ਉਸ ਦੇ ਸ਼ਰਧਾਲੂਆਂ ਅਨੁਸਾਰ ਪਿਛਲੇ ਅੱਠ ਮਹੀਨਿਆਂ ਤੋਂ “ਸਮਾਧੀ” ਵਿਚ ਹਨ ਜਦ ਕਿ ਡਾਕਟਰਾਂ ਅਨੁਸਾਰ ਉਨ੍ਹਾਂ ਦੀ ਡਾਕਟਰੀ ਨਜ਼ਰੀਏ ਤੋਂ ਮੌਤ ਹੋ ਚੁੱਕੀ ਹੈ। ਜੀਵਿਤ ਵਿਅਕਤੀ ਦੇ ਲੱਛਣ ਉਨ੍ਹਾਂ ਦੇ ਸਰੀਰ ਦੀਆ ਤਮਾਮ ਕਿਰਿਆਵਾਂ ਜਿਵੇਂ ਖੂਨ ਦਾ ਦੌਰਾ, ਨਬਜ਼, ਸਾਹ, ਦਿਮਾਗੀ ਕਿਰਿਆ ਆਦਿ 29 ਜਨਵਰੀ 2014 ਦੀ ਅੱਧਰਾਤ ਤੋਂ ਬੰਦ ਹੋ ਚੁੱਕੇ ਹਨ। ਡਾਕਟਰਾਂ ਅਨੁਸਾਰ ਕਿਸੇ ਦੇ ਦਿਲ ਦੀ ਧੜਕਨ ਜਿਹੀਆਂ ਕਿਰਿਆਵਾਂ ਦਸ ਮਿੰਟ ਤੋਂ ਵੱਧ ਬੰਦ ਰਹਿਣ ਤਾਂ ਉਹ ਮਰਿਆ ਹੁੰਦਾ ਹੈ। ਆਸ਼ੂਤੋਸ਼ ਦੇ ਮੁਰਦਾ ਸਰੀਰ ਨੂੰ ਫਰੀਜ਼ਰ ਵਿਚ ਰੱਖਿਆ ਗਿਆ ਹੈ ਤਾਂ ਕਿ ਉਸ ਦੇ ਸਮਾਧੀ ਵਿਚ ਹੋਣ ਦਾ ਢਕੌਸਲਾ ਕਾਇਮ ਰੱਖਿਆ ਜਾ ਸਕੇ। ਉਸ ਦੇ 1988 ਤੋਂ 1992 ਤੱਕ ਰਹਿ ਚੁੱਕੇ ਇਕ ਡਰਾਈਵਰ ਪੂਰਨ ਸਿੰਘ ਅਨੁਸਾਰ ਉਸ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾਅ ਹੈ, ਉਹ ਬਿਹਾਰ ਦਾ ਰਹਿਣ ਵਾਲਾ ਹੈ, ਵਿਆਹਿਆ ਤੇ ਬਾਲਬੱਚੇਦਾਰ ਹੈ। ਪੂਰਨ ਸਿੰਘ ਖੁਦ ਉਸ ਦਾ ਸ਼ਰਧਾਲੂ ਸੀ ਪਰ ਉਸ ਦੀ ḔਸਤਿਗੁਰੂḔ ਨਾਲ ਇਸ ਕਰਕੇ ਖੜਕ ਪਈ ਕਿਉਂਕਿ ਉਸ ਅਨੁਸਾਰ ḔਸਤਿਗੁਰੂḔ ਆਸ਼ਰਮ ਦੀਆਂ ਇਸਤਰੀਆਂ ‘ਤੇ ਅੱਖ ਰੱਖਦਾ ਸੀ। ਪੂਰਨ ਸਿੰਘ ਨੇ ਹੀ ਉਸ ਦੇ ਸਰੀਰ ਦੀ ਜਾਂਚ ਕਰਾਉਣ ਲਈ ਪੰਜਾਬ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਹੈ। ਇਸੇ ਦੌਰਾਨ ਆਸ਼ੂਤੋਸ਼ ਉਰਫ ਮਹੇਸ਼ ਝਾਅ ਦੇ ਪੁਤਰ ਹੋਣ ਦਾ ਦਾਅਵਾ ਕਰਦੇ ਦਲੀਪ ਝਾਅ ਨੇ ਵੀ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਹੈ ਕਿ ਉਸ ਨੂੰ ਆਪਣੇ ਪਿਤਾ ਦਾ ਅੰਤਮ ਸੰਸਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਪੰਜਾਬ ਸਰਕਾਰ ਵਲੋਂ ਆਸ਼ੂਤੋਸ਼ ਦੀ ਮੌਤ ਦੀ ਡਾਕਟਰੀ ਰਿਪੋਰਟ ਹਾਈ ਕੋਰਟ ਵਿਚ ਪੇਸ਼ ਕੀਤੀ ਗਈ ਹੈ ਤੇ ਕੋਰਟ ਨੇ ਆਸ਼ੂਤੋਸ਼ ਦੇ ਮਰੇ ਹੋਣ ਦੀ ਗੱਲ ਸਵੀਕਾਰ ਕਰਦੇ ਹੋਏ ਉਸ ਦੇ ਸੰਸਕਾਰ ਕੀਤੇ ਜਾਣ ਦੀ ਵੈਧਤਾ ਵੀ ਦਰਸਾਈ ਹੈ ਪਰ ਉਹ ਦਲੀਪ ਕੁਮਾਰ ਦੇ ਆਸ਼ੂਤੋਸ਼ ਦੇ ਪੁਤੱਰ ਹੋਣ ਦੇ ਹੋਰ ਸਬੂਤ ਚਾਹੁੰਦੀ ਹੈ।
ਸਾਰਾ ਮਸਲਾ ਅਨੇਕਾਂ ਵਿਰੋਧਤਾਈਆਂ ਨਾਲ ਗੱਥਮਗੁੱਥਾ ਹੋਇਆ ਨਜ਼ਰ ਆਉਂਦਾ ਹੈ। ਆਮ ਸ਼ਰਧਾਲੂਆਂ ਦਾ ਅੰਧ ਵਿਸ਼ਵਾਸ ਏਨਾ ਹਾਸੋਹੀਣਾ ਹੈ ਕਿ ਉਹ ਕਈ ਮਹੀਨਿਆਂ ਤੋਂ ਹੋਈ ਮੌਤ ਨੂੰ ਲੰਮੀ ਸਮਾਧੀ ਸਮਝੀ ਬੈਠੇ ਹਨ। ਦੂਜੇ ਪਾਸੇ ਡੇਰੇ ਦੇ ਸੰਚਾਲਕ ਹਨ ਜਿਨ੍ਹਾਂ ਦੇ ਸਵਾਰਥੀ ਹਿਤ ਇਸ ਗੱਲ ਵਿਚ ਹਨ ਕਿ ਉਹ ਮਰੇ ਆਸ਼ੂਤੋਸ਼ ਨੂੰ ਸਮਾਧੀ ਵਿਚ ਲੀਨ ਦਰਸਾ ਕੇ ਡੇਰੇ ‘ਤੇ ਅਨਿਸਚਿਤ ਸਮੇਂ ਲਈ ਕਬਜ਼ਾ ਕਾਇਮ ਰੱਖ ਸਕਣ। ਕਿਹਾ ਜਾਂਦਾ ਹੈ ਕਿ ਦੂਰ ਦੇਸ਼ਾਂ ਤੱਕ ਫੈਲੇ ਇਸ ਡੇਰੇ ਦੀ ਸੰਪਤੀ 3000 ਕਰੋੜ ਤੱਕ ਦੀ ਹੈ। ਫਿਰ ਡੇਰੇ ਤੋਂ ਰਾਜਸੀ ਲਾਭ ਹਾਸਿਲ ਕਰਦੀਆਂ ਰਾਜਸੀ ਸ਼ਕਤੀਆਂ ਹਨ ਜਿਨ੍ਹਾਂ ਦੇ ਹਿੱਤ ਮਸਲੇ ਨੂੰ ਸੁਲਝਾਉਣ ਵਿਚ ਨਹੀਂ ਹਨ। ਕਾਨੂੰਨ ਆਪਣੀਆਂ ਉਲਝਣਾਂ ਵਿਚ ਹੈ। ਇਸ ਨੇ ਇਹ ਤਾਂ ਨਿਰਣਾ ਕਰ ਦਿੱਤਾ ਹੈ ਕਿ ਆਸ਼ੂਤੋਸ਼ ਮਰ ਚੁੱਕਾ ਹੈ ਤੇ ਇਸ ਦਾ ਸੰਸਕਾਰ ਹੋਣਾ ਚਾਹੀਦਾ ਹੈ ਪਰ ਧਾਰਮਿਕ ਕਿਸਮ ਦੀ ਸੰਸਥਾ ਦੀਆਂ ਸਰਗਰਮੀਆਂ ਵਿਚ ਦਖਲ ਦੇਣਾ ਇਸ ਦੇ ਵੱਸ ਤੋਂ ਬਾਹਰ ਹੈ। ਸਰਕਾਰ ਜੇ ਚਾਹੇ ਤਾਂ ਸ਼ਕਤੀ ਦੀ ਵਰਤੋਂ ਕਰਕੇ ਲਾਸ਼ ਹਾਸਿਲ ਕਰ ਸਕਦੀ ਹੈ ਪਰ ਉਹ ਅਜਿਹਾ ਕਰ ਨਹੀਂ ਰਹੀ।
ਵਿਸ਼ਵਾਸ ਵਿਗਿਆਨ ਅਤੇ ਕਿਸੇ ਕਿਸਮ ਦੀ ਨਿਯਮਬੱਧ ਵਿਵਸਥਾ ਨਾਲ ਨਿਰੰਤਰ ਟਕਰਾਅ ਵਿਚ ਰਹਿੰਦਾ ਹੈ। ਇਸ ਨੂੰ ਤਰਕ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ। ਹਿੰਦੁਤਵ ਸ਼ਕਤੀਆਂ ਅਨੁਸਾਰ ਰਾਮ ਚੰਦਰ ਉਥੇ ਹੀ ਪੈਦਾ ਹੋਇਆ ਜਿਥੇ ਬਾਬਰੀ ਮਸਜਿਦ ਹੈ। ਜਦ ਠੋਸ ਸਬੂਤਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਜਵਾਬ ਮਿਲਦਾ ਹੈ ਕਿ ਐਸਾ ਹਮਾਰਾ ਵਿਸ਼ਵਾਸ ਹੈ। ਇਸ ਵਿਸ਼ਵਾਸ ਦੀ ਪੁਗਾਈ ਖਾਤਿਰ ਸਾਰੇ ਕਾਇਦੇ ਕਾਨੂੰਨ ਤੋੜੇ ਜਾ ਸਕਦੇ ਹਨ, ਸਮਾਜਕ ਜੀਵਨ ਤਹਿਸ-ਨਹਿਸ ਕੀਤਾ ਜਾ ਸਕਦਾ ਹੈ ਤੇ ਘੋਰ ਮਨੁਖੀ ਤ੍ਰਾਸਦੀਆਂ ਹੋਣ ਦਿੱਤੀਆਂ ਜਾ ਸਕਦੀਆਂ ਹਨ। ਦਿਵਿਆ ਜਿਯੋਤੀ ਦੇ ਕਰਤਾ-ਧਰਤਾਵਾਂ ਦਾ ਕਹਿਣਾ ਹੈ ਕਿ ਆਸ਼ੂਤੋਸ਼ ਮਹਾਰਾਜ ਲੰਬੀ ਸਮਾਧੀ ‘ਤੇ ਗਏ ਹਨ। ਲੋਕ ਭਲਾਈ ਦੀ ਖਾਤਿਰ ਉਨ੍ਹਾਂ ਦੀ ਆਤਮਾ ਸਰੀਰ ਨੂੰ ਤਿਆਗ ਕੇ ਬ੍ਰਹਮ ਵਿਚ ਲੀਨ ਹੋਈ ਹੈ ਤੇ ਕਿਸੇ ਵੇਲੇ ਵੀ ਸਰੀਰ ਵਿਚ ਦਾਖਿਲ ਹੋ ਸਕਦੀ ਹੈ। ਉਨ੍ਹਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਆਸ਼ੂਤੋਸ਼ ਮਹਾਰਾਜ ਪੰਜ ਦਿਨ ਤੱਕ ਸਮਾਧੀ ਵਿਚ ਰਹੇ ਹਨ। ਹਿਮਾਲਾ ਪਰਬਤ ਵਿਚ ਤੇਰਾਂ ਸਾਲ ਤਪੱਸਿਆ ਕਰਦੇ ਰਹੇ ਹਨ। ਉਨ੍ਹਾਂ ਦੇ ਇਸ ਦਾਅਵੇ ਦਾ ਵੀ ਨਾ ਕੋਈ ਸਬੂਤ ਹੈ ਤੇ ਨਾ ਹੀ ਵਿਗਿਆਨਕ ਆਧਾਰ। ਦਿਲਚਸਪ ਗੱਲ ਹੈ ਕਿ ਹਿੰਦੂਆਂ ਦੇ ਕੁਝ ਫਿਰਕਿਆਂ ਵਿਚ ਮਿਰਤਕ ਸਰੀਰ ਦੇ ਦਾਹ ਸੰਸਕਾਰ ਦੀ ਥਾਂ ਉਸ ਨੂੰ ਦਫਨਾਉਣ ਦੀ ਪਰੰਪਰਾ ਵੀ ਹੈ ਜਿਸ ਨੂੰ ਸਮਾਧੀ ਦੇਣਾ ਆਖਿਆ ਜਾਂਦਾ ਹੈ। ਡਾਕਟਰੀ ਵਿਗਿਆਨ ਦੇ ਨਜ਼ਰੀਏ ਤੋਂ ਆਤਮਾ ਦਾ ਸਰੀਰ ਤੋਂ ਵੱਖ ਹੋਣਾ ਅਸੰਭਵ ਹੈ, ਬਲਕਿ ਸਰੀਰ ਤੋਂ ਵੱਖ ਆਤਮਾ ਨਾਂ ਦੀ ਕੋਈ ਚੀਜ਼ ਹੀ ਨਹੀਂ। ਆਸ਼ੂਤੋਸ਼ ਦੇ ਮਾਮਲੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੀ ਆਤਮਾ ਕਦੇ ਵੀ ਵਾਪਿਸ ਸਰੀਰ ਵਿਚ ਆ ਸਕਦੀ ਹੈ। ਕੁਝ ਹੋਰ ਕੇਸਾਂ ਵਿਚ ਅਜਿਹੇ ਦਾਅਵੇ ਪਹਿਲਾਂ ਵੀ ਕੀਤੇ ਜਾ ਚੁਕੇ ਹਨ। ਅਮਰੀਕਾ ਵਿਚ ਯੋਗ ਦਾ ਪ੍ਰਚਾਰ ਕਰਨ ਵਾਲੇ ਮੁਕੰਦ ਲਾਲ ਘੋਸ਼ ਉਰਫ ਪਰਮਹੰਸ ਯੋਗਾਨੰਦ ਦੀ 1952 ਵਿਚ ਹਰਟ ਅਟੈਕ ਨਾਲ ਮੌਤ ਹੋ ਗਈ ਸੀ। ਪਿਛੋਂ ਉਸ ਦੇ ਸਮਰਥਕਾਂ ਵਲੋਂ ਉਸ ਦੇ ਸਮਾਧੀ ਵਿਚ ਲੀਨ ਹੋਣ ਦਾ ਦਾਅਵਾ ਕੀਤਾ ਗਿਆ ਸੀ ਕਿਉਂਕਿ ਉਸ ਦਾ ਸਰੀਰ ਵੀਹ ਦਿਨ ਤੱਕ ਵਿਗਠਤ ਨਹੀਂ ਸੀ ਹੋਇਆ। ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਲਾਸ਼ ਦਾ ਜੇ ਯੋਗ ਲੇਪਣ ਕੀਤਾ ਜਾਵੇ ਤਾਂ ਇਸ ਨੂੰ ਕਈ ਮਹੀਨੇ ਤਰੋ ਤਾਜ਼ਾ ਰੱਖਿਆ ਜਾ ਸਕਦਾ ਹੈ। ਮਿਸਰ ਦੀਆਂ ਮੱਮੀਆਂ ਤੋਂ ਇਸ ਤੱਥ ਦੀ ਗਵਾਹੀ ਮਿਲਦੀ ਹੈ।
ਭਾਰਤੀ ਧਰਮਾਂ ਵਿਚ ਸਮਾਧੀ ਨੂੰ ਵੱਖ ਵੱਖ ਤਰ੍ਹਾਂ ਬਿਆਨਿਆ ਗਿਆ ਹੈ। ਕਈ ਵਿਦੇਸ਼ੀ ਟਕੋਰ ਲਾਉਂਦੇ ਹਨ ਕਿ ਦਰਅਸਲ ਭਾਰਤੀ ਸਮਾਜ ਹੀ ਸਮਾਧੀ ਵਿਚ ਹੈ ਕਿਉਂਕਿ ਇਥੇ ਜਨਸੰਖਿਆ ਦੇ ਵਾਧੇ ਤੋਂ ਬਿਨਾ ਕੋਈ ਵਿਕਾਸ ਨਹੀਂ ਹੁੰਦਾ! ਸਮਾਧੀ ਦਾ ਮੂਲ ਆਧਾਰ ਪਤੰਜਲੀ ਦੇ ਯੋਗਸੂਤਰ ਵਿਚ ਮਿਲਦਾ ਹੈ। ਸਮਾਧੀ ਅਸ਼ਟਾਂਗ ਯੋਗ ਦਾ ਅੰਤਮ ਅੰਗ ਹੈ। ਇਸ ਅਨੁਸਾਰ ਜਦੋਂ ਧਿਆਨ ਕਰਦਿਆਂ ਸਾਧਕ ਦਾ ਚਿੱਤ ਲਕਸ਼ਿਤ ਵਿਸ਼ੇ ਦਾ ਆਕਾਰ ਗਹ੍ਰਿਣ ਕਰ ਲੈਂਦਾ ਹੈ ਤਾਂ ਵਿਸ਼ੇ ਅਤੇ ਸਾਧਕ ਵਿਚਕਾਰ ਭੇਦ ਮਿਟ ਜਾਂਦਾ ਹੈ। ਇਸ ਪ੍ਰਕਿਰਿਆ ਵਿਚ ਬਾਹਰਲੇ ਜਗਤ ਨਾਲ ਸਬੰਧ ਟੁੱਟ ਜਾਂਦਾ ਹੈ ਤੇ ਨਿੱਤ-ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸੰਤ ਤੇ ਭਗਤ ਸਮਾਧੀ ਦੀਆਂ ਜਟਿਲਤਾਈਆਂ ਵਿਚ ਵਿਸ਼ਵਾਸ ਨਾ ਕਰਦੇ ਹੋਏ ਮਧ ਮਾਰਗ ਦੇ ਸਮਰਥਕ ਸਨ। ਸਿੱਖ ਗੁਰੂ ਵੀ ਅਜਿਹੀ ਸਮਾਧੀ ਨੂੰ ਕੋਈ ਮਾਨਤਾ ਨਹੀਂ ਦਿੰਦੇ। ਉਹ ਸਹਿਜ ਸਭਾਵਕ ਸਮਾਧਿ ਲਾਉਣ ‘ਤੇ ਬਲ ਦਿੰਦੇ ਹਨ, ਭਾਵੇਂ ਕਿ ਸਹਿਜ ਸਮਾਧੀ ਦਾ ਵੀ ਯੋਗ ਪਰੰਪਰਾ ਵਿਚ ਉਚਾ ਸਥਾਨ ਹੈ। “ਮਾਇਆ ਭੂਲੇ ਸਿਧ ਫਿਰਹਿ ਸਮਾਧਿ ਲਗੈ ਸਬਾਇ॥” -ਗੁਰੂ ਅਮਰ ਦਾਸ। ਗੁਰੂ ਦੀ ਸੇਵਾ ਹੀ ਸਹਿਜ ਸਮਾਧੀ ਹੈ, “ਗੁਰ ਕੀ ਸੇਵਾ ਮੀਠੀ ਲਾਗੀ॥ ਅਨਦਿਨ ਸੂਖ ਸਹਜ ਸਮਾਧੀ॥”
ਸਮਾਧ, ਸਮਾਧਿ ਜਾਂ ਸਮਾਧੀ ਤੋਂ ਆਮ ਭਾਵ ਹੈ- ਮਨ ਦੀ ਸਥਿਰ, ਟਿਕੀ ਹੋਈ ਜਾਂ ਇਕਾਗਰ ਅਵਸਥਾ: “ਗਾਵਹਿ ਸਿਧ ਸਮਾਧੀ ਅੰਦਰਿ ਗਾਵਨ ਸਾਧ ਵਿਚਾਰੇ॥” -ਗੁਰੂ ਨਾਨਕ ਸਾਹਿਬ। ਗੁਰੂ ਸਾਹਿਬਾਨ ਤਾਂ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾ ਰੱਬ ਨੂੰ ਵੀ ਸੁੰਨ ਸਮਾਧ ਵਿਚ ਲੀਨ ਚਿਤਵਦੇ ਸਨ, “ਨਾ ਦਿਨਿ ਰੈਨੁ ਨ ਚੰਦ ਨ ਸੂਰਜੁ ਸੁੰਨ ਸਮਾਧਿ ਲਗਾਇ”- ਗੁਰੂ ਨਾਨਕ ਦੇਵ। “ਜਬ ਧਾਰੀ ਆਪਨ ਸੁੰਨ ਸਮਾਧਿ॥” -ਗੁਰੂ ਅਰਜਨ ਦੇਵ। ਆਮ ਲੋਕ ਕਬਰ ਲਈ ਵੀ ਸਮਾਧੀ ਜਾਂ ਸਮਾਧ ਸ਼ਬਦ ਦੀ ਵਰਤੋਂ ਕਰਦੇ ਹਨ।
ਸਮਾਧ ਸ਼ਬਦ ‘ਸਮਾਧਾਨਮ’ ਸ਼ਬਦ ਤੋਂ ਬਣਿਆ ਹੈ। ਇਸ ਦੀ ਚੀਰ ਫਾੜ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ: ਸਮ=ਆਧਾਨਮ। ḔਸਮḔ ਦਾ ਅਰਥ ਸਮਾਨ ਰੂਪ ਵਿਚ ਅਤੇ ḔਆਧਾਨਮḔ ਦਾ ਅਰਥ ਹੈ ਉਪਰ ਰੱਖਣਾ, ਪ੍ਰਾਪਤ ਕਰਨਾ, ਮੰਨਣਾ ਆਦਿ। ਭਾਵ ਜਦ ਸਮਾਨ ਰੂਪ ਵਿਚ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਰੱਖੀਆਂ ਜਾਦੀਆਂ ਹਨ ਤਾਂ ਸਭ ਕੁਝ ਨਿੱਖਰਨ ਲਗਦਾ ਹੈ। ਇਹ ਸਮਾਧਾਨ ਹੈ, ਹੱਲ ਹੈ, ਨਤੀਜਾ ਜਾਂ ਫੈਸਲਾ ਹੈ, ਸ਼ੰਕਾ ਨਿਵਾਰਣ, ਤਸੱਲੀ, ਧੀਰਜ ਹੈ। ਪਰ ਇਹ ਸਾਰੀ ਪ੍ਰਕਿਰਿਆ ਮਨ ਵਿਚ ਚਲਦੀ ਹੋਣ ਕਰਕੇ ਤਪੱਸਿਆ ਜਾਂ ਸਮਾਧੀ ਹੈ। ਸਾਡੇ ਦੇਸ਼ ਵਿਚ ਰਿਸ਼ੀ ਮੁਨੀ ਅਜਿਹੀ ਸਮਾਧੀ ਜਾਂ ਤਪੱਸਿਆ ਕਰਦੇ ਸਨ। ਅਜਿਹੇ ਸਾਧਕਾਂ ਦੀ ਮੌਤ ਨੂੰ ਵੀ ਸਮਾਧੀ ਲੱਗਣਾ ਕਿਹਾ ਜਾਂਦਾ ਸੀ। ਬੁਢਾਪੇ ਵਿਚ ਕਈ ਤਪਸਵੀ ਆਪਣੀ ਮੌਤ ਆਪ ਚੁਣਦੇ ਸਨ। ਉਹ ਅਲਪ ਆਹਾਰ ਕਰਕੇ ਚਿੰਤਨ ਵਿਚ ਲੀਨ ਰਹਿੰਦੇ ਸਨ। ਮੌਤ ਉਪਰੰਤ ਇਨ੍ਹਾਂ ਦੇ ਸਰੀਰ ਨੂੰ ਪਦਮਆਸਣ ਵਿਚ ਹੀ ਜ਼ਮੀਨ ਵਿਚ ਦਫਨਾਇਆ ਜਾਂਦਾ ਸੀ। ਇਸ ਲਈ ਅਜਿਹੀ ਕਬਰ ਨੂੰ ਵੀ ਸਮਾਧ ਜਾਂ ਸਮਾਧੀ ਕਿਹਾ ਜਾਣ ਲੱਗਾ। ਹੁਣ ਤਾਂ ਕਿਸੇ ਮਰੇ ਵਿਅਕਤੀ ਦੀ ਯਾਦ ਵਿਚ ਬਣਾਈ ਮਟੀ ਆਦਿ ਨੂੰ ਸਮਾਧ ਕਿਹਾ ਜਾਣ ਲੱਗਾ ਹੈ। Ḕਮਹਾਨ ਕੋਸ਼Ḕ ਅਨੁਸਾਰ ਸਮਾਧਿ ਇੱਕ ਸ਼ਬਦਾਲੰਕਾਰ ਵੀ ਹੈ। ਹੋਰ ਕਾਰਣਾਂ ਦੇ ਸਬੰਧ ਨਾਲ ਕਿਸੇ ਕਾਰਜ ਦਾ ਅਚਾਨਕ ਸੁਖਾਲਾ ਹੋ ਜਾਣਾ ḔਸਮਾਧਿḔ ਅਲੰਕਾਰ ਦਾ ਰੂਪ ਹੈ। ਉਦਾਹਰਣ-
ਖਿਦਰਾਣੇ ਪਰ ਸਿੰਘਾਂ ਨੇ ਜਦ ਪਾਯਾ ਹੈ ਘਮਸਾਨ,
ਮਹਾਂ ਸਿੰਘ ਅਰ ਭਾਗ ਕੌਰ ਸੰਗ ਸਿੰਘ ਪਹੂਚੇ ਆਨ,
ਕਰੀ ਮਾਰ ਸ਼ਤ੍ਰੁਨ ਪਰ ਐਸੀ ਦੀਨੇ ਪੈਰ ਹਿਲਾਯ,
ਘਾਯਲ ਥਕੇ ਤ੍ਰਿਖਾਤੁਰ ਵੈਰੀ ਭਾਗੇ ਪੀਠ ਦਿਖਾਯ।
ਸਿੰਘਾਂ ਦਾ ਅਚਾਨਕ ਪਹੁੰਚਣਾ ਅਤੇ ਪਾਣੀ ਦਾ ਨਾ ਮਿਲਣਾ ਵੈਰੀਆਂ ਦੇ ਭੱਜਣ ਵਿਚ ਸਹਾਇਕ ਹੋਏ।
ਅਸੀਂ ਦੇਖਿਆ ਹੈ ਕਿ ਸਮਾਧਾਨਮ ਸ਼ਬਦ ਤੋਂ ਸਮਾਧ ਆਦਿ ਸ਼ਬਦ ਬਣੇ ਹਨ। ਪੰਜਾਬੀ ਸਮਾਜ ਨੂੰ ਆਸ਼ੂਤੋਸ਼ ਦੀ ਸਮਾਧੀ ਦਾ ਵਿਵੇਕਪੂਰਨ ਸਮਾਧਾਨ ਕਰਨਾ ਚਾਹੀਦਾ ਹੈ। ਕੁਝ ਆਧਾਨਮ ਸ਼ਬਦ ਦੀ ਚਰਚਾ ਕਰ ਲਈਏ। ਇਹ ਸ਼ਬਦ ਬਣਿਆ ਹੈ ਆ+ਧਾ+ਨਮ। ਆਖਰੀ ਨਮ ਨੂੰ ਸੰਸਕ੍ਰਿਤ ਵਿਆਕਰਣ ਅਨੁਸਾਰ ਲਯੂਟ ਕਿਹਾ ਜਾਂਦਾ ਹੈ। ਇਹ ਇਕ ਵਧੇਤਰ ਦੀ ਤਰ੍ਹਾਂ ਹੈ ਜੋ ਕਿਸੇ ਕਿਰਿਆ ਦੇ ਪਿਛੇ ਲੱਗ ਕੇ ਉਸ ਨੂੰ ਕਰਮ ਬਣਾ ਦਿੰਦਾ ਹੈ। ਲਯੂਟ ਵਾਲੇ ਵਾਕ ਦੀ ਮਿਸਾਲ ਦੇ ਕੇ ਸਪਸ਼ਟ ਕਰਦੇ ਹਾਂ: ਬਾਲਕ ਗਮਨਮ (ਗਮ+ ਲਯੂਟ) ਕਰਿਸਯਤਿæ= ਬਾਲਕ ਜਾਣਾ ਕਰੇਗਾ ਅਰਥਾਤ ਬਾਲਕ ਜਾਏਗਾ। ਬਿਨਾ ਲਯੂਟ ਤੋਂ ਕੁਝ ਇਸ ਤਰ੍ਹਾਂ ਦਾ ਵਾਕ ਹੋਵੇਗਾ: ਬਾਲਕ ਗਮਸ਼ਯਤਿ। ḔਧਾḔ ਦਾ ਅਰਥ ਹੁੰਦਾ ਹੈ ਰੱਖਣਾ। ḔਧਾḔ ਭਾਰੋਪੀ ਪਸਾਰਾਂ ਵਾਲਾ ਬੇਹੱਦ ਸਮਰਥਾਵਾਨ ਧਾਤੂ ਹੈ। ਇਸ ਤੋਂ ਭਾਰਤੀ ਅਤੇ ਹੋਰ ਅਨੇਕਾਂ ਹਿੰਦ-ਯੂਰਪੀ ਭਾਸ਼ਾਵਾਂ ਦੇ ਬੇਸ਼ੁਮਾਰ ਸ਼ਬਦ ਬਣੇ ਹਨ। ਇਨ੍ਹਾਂ ਦੀ ਚਰਚਾ ਅਸੀਂ ਹੋਰ ਲੇਖਾਂ ਵਿਚ ਕਰਾਂਗੇ।
Leave a Reply