ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਵਿਦੇਸ਼ਾਂ ਵਿਚ ਹੁਣ ਪੰਜਾਬੀ ਪਰਵਾਸੀਆਂ ਦੇ ਦਰਜਨਾਂ ਨਹੀਂ, ਸੈਂਕੜੇ ਰੇਡੀਓ ਟੀæਵੀæ ਚੈਨਲ ਚੱਲਦੇ ਹਨ। ਇੰਟਰਨੈਟ ਦੀ ਬਦੌਲਤ ਇਹ ਸਾਰੇ ਰੇਡੀਓ/ਟੀæਵੀæ ਮਹਿਜ਼ ਲੋਕਲ ਨਹੀਂ ਰਹੇ, ਸਗੋਂ ਕੌਮਾਂਤਰੀ ਬਣ ਚੁੱਕੇ ਹਨ। ਇਨ੍ਹਾਂ ਵਿਚੋਂ ਬਹੁਤੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਕਈ ਸਟੇਸ਼ਨਾਂ ਵੱਲੋਂ ਵੱਖ-ਵੱਖ ਥਾਂਵਾਂ ਦੇ ਸਰੋਤਿਆਂ/ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਲਈ, ਸਥਾਨਕ ਕੋਡ ਵਾਲੇ ਫੋਨ ਨੰਬਰ ਵੀ ਮੁਹੱਈਆ ਕਰਵਾਏ ਗਏ ਹੋਏ ਹਨ; ਜਿਵੇਂ ਜੇ ਕੈਲੀਫੋਰਨੀਆ ਪ੍ਰਾਂਤ ਦੇ ਸੈਨ ਹੋਜ਼ੇ ਸ਼ਹਿਰ ਦਾ ਕੋਈ ਵੀਰ ਭੈਣ, ਇੰਗਲੈਂਡ ਦੇ ਕਿਸੇ ਰੇਡੀਓ ਪ੍ਰੋਗਰਾਮ ਵਿਚ ਹਿੱਸਾ ਲੈਣਾ ਚਾਹੇ, ਤਦ ਉਸ ਨੂੰ ਇੰਗਲੈਂਡ ਦੇ ਕੌਮਾਂਤਰੀ ਕੋਡ 044 ਵਾਲੇ ਕਿਸੇ ਨੰਬਰ ਦੀ ਲੋੜ ਨਹੀਂ, ਬਲਕਿ ਉਨ੍ਹਾਂ ਲਈ ਸੈਨ ਹੋਜ਼ੇ ਸ਼ਹਿਰ ਦੇ ਲੋਕਲ ਕੋਡ 408 ਨਾਲ ਸ਼ੁਰੂ ਹੁੰਦਾ ਕੋਈ ਲੋਕਲ ਨੰਬਰ ਮੌਜੂਦ ਹੋਵੇਗਾ।
ਇੰਜ ਆਪੋ-ਆਪਣੇ ਟੇਸਟ ਮੁਤਾਬਕ ਇਨ੍ਹਾਂ ਰੇਡੀਓ/ਚੈਨਲਾਂ ਨਾਲ ਜੁੜੇ ਸਰੋਤਿਆਂ ਲਈ ਸਮੇਂ ਦਾ ਕੌਮਾਂਤਰੀ ਵਖਰੇਵਾਂ ਵੀ ਕੋਈ ਅੜਿੱਕਾ ਨਹੀਂ ਬਣਦਾ। ਦੂਰ-ਦਰਾਜ ਦੇ ਕਿਸੇ ਮੁਲਕ ਵਿਚਲੇ ਰੇਡੀਓ/ਟੀæਵੀæ ਤੋਂ ਪ੍ਰਸਾਰਿਤ ਹੋਣ ਵਾਲੇ ਕਿਸੇ ਉਚੇਚੇ ਪ੍ਰੋਗਰਾਮ ਵਿਚ ਭਾਗ ਲੈਣ ਲਈ, ਰਾਤਾਂ ਝਾਗਣ ਵਾਲੇ ਕਈ ਦੋਸਤਾਂ ਨੂੰ ਮੈਂ ਨਿੱਜੀ ਤੌਰ ‘ਤੇ ਜਾਣਦਾ ਹਾਂ। ਬਹੁਤੇ ਰੇਡੀਓ ਸਟੇਸ਼ਨ ਅਕਸਰ ਪੰਜਾਬ ਨਾਲ ਸਬੰਧਤ ਮੁੱਦਿਆਂ ਉਤੇ ਟਾਕ ਸ਼ੋਅ ਪ੍ਰਸਾਰਿਤ ਕਰਦੇ ਹੀ ਰਹਿੰਦੇ ਹਨ। ਸ਼ੌਂਕ ਖਾਤਰ ਪੱਤਰਕਾਰੀ ਨਾਲ ਜੁੜਿਆ ਹੋਣ ਕਰ ਕੇ ਮੈਂ ਵੀ ਅਜਿਹੇ ਪ੍ਰੋਗਰਾਮ ਸੁਣਨ ਤੋਂ ਵਾਹ ਲਗਦੀ ਉਕਦਾ ਨਹੀਂ; ਵਿਸ਼ੇਸ਼ ਤੌਰ ‘ਤੇ ਉਦੋਂ, ਜਦੋਂ ਪੰਜਾਬ ਦੀ ਰਾਜਨੀਤੀ ਦੇ ਕਿਸੇ ਭਖਦੇ ਮਸਲੇ ‘ਤੇ ਨੋਕ-ਝੋਕ ਚੱਲ ਰਹੀ ਹੋਵੇ। ਉਦੋਂ ਕਦੀ-ਕਦੀ ਮੇਜ਼ ‘ਤੇ ਖਾਣਾ ਪਿਆ-ਪਿਆ ਠੰਢਾ ਵੀ ਹੋ ਜਾਂਦਾ ਹੈ।
ਜਦੋਂ ਵੀ ਇਨ੍ਹਾਂ ਰੇਡੀਓ ਟਾਕ ਸ਼ੋਆਂ ਵਿਚ ਪੰਜਾਬ ਦੇ ਰਾਜਨੀਤਕ, ਧਾਰਮਕ ਜਾਂ ਕਿਸੇ ਸਮਾਜਕ ਵਿਸ਼ੇ ਨੂੰ ਗੌਲਿਆ ਜਾ ਰਿਹਾ ਹੁੰਦਾ ਹੈ, ਉਸ ਵੇਲੇ ਪਰਵਾਸੀਆਂ ਦਾ ਰੋਹ ਅਤੇ ਜਜ਼ਬਾਤ ਦਾ ਪ੍ਰਗਟਾਵਾ ਦੇਖਣ/ਸੁਣਨ ਵਾਲਾ ਹੁੰਦਾ ਹੈ। ਉਤੋ-ੜਿੱਤੀ ਕਾਲਾਂ ਕਰਦੇ ਸਰੋਤੇ, ਵਿਚਾਰੇ ਰੇਡੀਓ ਹੋਸਟ ਨੂੰ ਚੰਗੀ ਤਰ੍ਹਾਂ ਭੂਮਿਕਾ ਵੀ ਨਹੀਂ ਬੰਨ੍ਹਣ ਦਿੰਦੇ। ਕਾਨੂੰਨ ਦੇ ਰਾਜ ਅਤੇ ਅਸਲ ਆਜ਼ਾਦ ਫਿਜ਼ਾਵਾਂ ਵਿਚ ਉਡਾਰੀਆਂ ਮਾਰਨ ਵਾਲੇ ਇਹ ਪਰਵਾਸੀ ਪੰਜਾਬੀ, ਰੇਡੀਓ ‘ਤੇ ਦਿਲ ਦੀ ਖੂਬ ਭੜਾਸ ਕੱਢਦੇ ਹਨ। ਆਪਣੇ ਵਤਨ ਦੇ ਦੁਰ-ਪ੍ਰਬੰਧ ਅਤੇ ਸਿਆਸਤਦਾਨਾਂ ਦੀਆਂ ਤਿਕੜਮਬਾਜ਼ੀਆਂ ਤੋਂ ਰੱਜ ਕੇ ਦੁਖੀ ਹੋਏ ਪਰਵਾਸੀ, ਇਕ ਕਿਸਮ ਦੇ ਲਹੂ ਦੇ ਅੱਥਰੂ ਹੀ ਕੇਰਦੇ ਹੁੰਦੇ ਹਨ। ਜੰਮਣ ਭੋਇੰ ਤੋਂ ਦੂਰ ਰਹਿਣ ਦਾ ਹੇਰਵਾ, ਉਨ੍ਹਾਂ ਦੇ ਗੁੱਸੇ ਨੂੰ ਹੋਰ ਪਾਣ ਚਾੜ੍ਹ ਦਿੰਦਾ ਹੈ। ਹਰ ਤਰ੍ਹਾਂ ਦੇ ਸਰਕਾਰੀ ਕੁੰਡੇ ਤੋਂ ਆਜ਼ਾਦ ਸੋਸ਼ਲ ਮੀਡੀਆ ਤੋਂ ਮਿਲਦੀ ਪਲ-ਪਲ ਦੀ ਸਿੱਧੀ ਜਾਣਕਾਰੀ ਨਾਲ ‘ਲੈਸ’ ਹੋਏ ਸਰੋਤੇ, ਪੰਜਾਬ ਦੇ ਸੱਤਾਧਾਰੀਆਂ ਉਤੇ ਤਿੱਖੇ ਤੀਰਾਂ ਦੀ ਵਰਖਾ ਕਰਦੇ ਹਨ। ਇਕ-ਦੂਜੇ ਤੋਂ ਵਧ-ਵਧ ਕੇ ਗਰਮਾ-ਗਰਮ ਸਵਾਲਾਂ ਦੀ ਵਾਛੜ ਕਰਦੇ ਹੋਏ ਕਈ ਸਰੋਤੇ ਬਹੁਤੀ ਵਾਰੀ ਅ-ਸਭਿਅਕ ਲਫ਼ਜ਼ ਵੀ ਬੋਲ ਜਾਂਦੇ ਹਨ।
ਅਜਿਹੇ ਟਾਕ ਸ਼ੋਅ ਸੁਣਦਿਆਂ ਇਸ ਪੱਖੋਂ ਬੜੀ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਸੱਤਾਧਾਰੀਆਂ ਦੇ ਹਮਾਇਤੀਆਂ ਵਿਚੋਂ ਕੋਈ ਇੱਕ ਜਣਾ ਵੀ ਕਦੇ ਰੇਡੀਓ ‘ਤੇ ਆਉਣ ਦੀ ਹਿੰਮਤ ਨਹੀਂ ਕਰਦਾ। ਇਨ੍ਹਾਂ ਪ੍ਰੋਗਰਾਮਾਂ ਨੂੰ ਗਹੁ ਨਾਲ ਸੁਣਦਿਆਂ, ਮੈਂ ਇਕ ਨੁਕਤਾ ਖਾਸ ਤੌਰ ‘ਤੇ ਨੋਟ ਕੀਤਾ ਹੈ ਕਿ ਅਜਿਹੀ ਰੇਡੀਓ ਬਹਿਸ ਹਮੇਸ਼ਾ ਇਕਪਾਸੜ ਹੀ ਹੁੰਦੀ ਹੈ। ਹੁਕਮਰਾਨਾਂ ਦੇ ਪ੍ਰਸ਼ੰਸਕ, ਨਦਾਰਦ ਹੀ ਰਹਿੰਦੇ ਹਨ। ਉਹ ਕਦੇ ਵੀ ਕੋਈ ਸਿੱਧਾ-ਅਸਿੱਧਾ ਸਪਸ਼ਟੀਕਰਨ ਨਹੀਂ ਦਿੰਦੇ।
ਰੇਡੀਓ ਦੇ ਉਲਟ ਜੇ ਵਿਦੇਸ਼ਾਂ ਦੀਆਂ ਹਫ਼ਤਾਵਾਰੀ ਪੰਜਾਬੀ ਅਖ਼ਬਾਰਾਂ ਦੇਖੀਏ, ਉਨ੍ਹਾਂ ਵਿਚ ਸੱਤਾਧਾਰੀ ਪੱਖ ਦੀ ਪਿੱਠ ਥਾਪੜਨ ਵਾਲੇ ਮਹਾਂਰਥੀਆਂ ਨੇ ਮਨ-ਭਾਉਂਦੀਆਂ ਖ਼ਬਰਾਂ ਲਗਵਾਈਆਂ ਹੁੰਦੀਆਂ ਨੇ। ਕਿਸੇ ਇਕ-ਅੱਧ ਅਖ਼ਬਾਰ ਨੂੰ ਛੱਡ ਕੇ ਬੇਸ਼ੱਕ ਬਾਕੀ ਸਾਰੀਆਂ ਅਖਬਾਰਾਂ ਦੇ ਸੰਪਾਦਕੀ ਨੋਟ ਅਤੇ ਛਪੀ ਹੋਈ ਦੂਜੀ ਸਮੱਗਰੀ, ਪੰਜਾਬ ਦੀ ਵਰਤਮਾਨ ਹਕੂਮਤ ਦੇ ਬਖੀਏ ਉਧੇੜਨ ਵਾਲੀ ਹੁੰਦੀ ਹੈ, ਪਰ ਸੱਤਾ-ਪੱਖੀਆਂ ਦੇ ਸ਼ੁਭਚਿੰਤਕ, ਸਰਦੇ-ਪੁੱਜਦੇ ਹੋਣ ਕਰ ਕੇ ਵਧਾਈਆਂ ਦੇ ਇਸ਼ਤਿਹਾਰ ਛਪਵਾ ਕੇ ਆਪਣੀ ਹੋਂਦ ਜਤਲਾਉਂਦੇ ਰਹਿੰਦੇ ਨੇ। ਇਹ ਵਧਾਈਆਂ ਵੀ ਅਕਸਰ ਨਿਗੂਣੀਆਂ ‘ਪ੍ਰਾਪਤੀਆਂ’ ਦੀਆਂ ਹੀ ਹੁੰਦੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਪਾਠਕਾਂ ਦਾ ਮਨੋਰੰਜਨ ਹੋ ਜਾਂਦਾ ਹੋਵੇਗਾ। ਇਹ ਭੱਦਰਪੁਰਸ਼ ਦੇਸ਼ ਵਿਚਲੇ ਆਪਣੇ ਕਿਸੇ ‘ਪਸੰਦੀਦਾ’ ਆਗੂ ਨੂੰ ਮਿਲੇ ‘ਅਹੁਦਿਆਂ ਦੇ ਚੋਗੇ’ ਤੋਂ ਬਾਗੋ-ਬਾਗ ਹੁੰਦਿਆਂ ‘ਖੁਸ਼ੀ ਦੀ ਲਹਿਰ ਦੌੜਨ’ ਵਾਲੀਆਂ ਖ਼ਬਰਾਂ ਵੀ ਛਪਵਾ ਲੈਂਦੇ ਨੇ। ਵਿਦੇਸ਼ ਪਹੁੰਚੇ ਕਿਸੇ ਮੰਤਰੀ-ਸੰਤਰੀ ਦੇ ਮਾਣ-ਸਨਮਾਨ ਵਾਲੀਆਂ ਫੋਟੋਆਂ ‘ਪੇਡ’ ਸਫਿਆਂ ‘ਤੇ ਵੀ ਲਗਵਾ ਲੈਂਦੇ ਨੇ ਜਿਨ੍ਹਾਂ ਵਿਚ ਸਾਫ ਦਿਸ ਰਿਹਾ ਹੁੰਦਾ ਹੈ ਕਿ ਕਿਵੇਂ ਇਕ-ਦੂਜੇ ਦੇ ਪੈਰ ਮਿੱਧ-ਮਿੱਧ ਕੇ ਅਤੇ ਵੱਖੀਆਂ ‘ਚ ਕੂਹਣੀਆਂ ਮਾਰ-ਮਾਰ ਕੇ, ਆਗੂ ਜੀ ਦੀ ਕੁੱਛੜ ਵਿਚ ਵੜਨ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ।
ਇਨ੍ਹਾਂ ਅਖ਼ਬਾਰਾਂ ਵਿਚ ਹੱਦ ਸਿਰੇ ਦੀ ਚਾਪਲੂਸੀ ਅਤੇ ਚਮਚਾਗਿਰੀ ਦਾ ‘ਜਲੌਅ’ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਇਨ੍ਹਾਂ ਹੀ ਸਿਆਸੀ ਰਾਜਸੀ ਲੀਡਰਾਂ ਦੇ ਕਾਰਨਾਮੇ ਰੇਡੀਓ ‘ਤੇ ਪੁਣੇ ਜਾ ਰਹੇ ਹੁੰਦੇ ਹਨ, ਕਰਤੂਤਾਂ ਨੰਗੀਆਂ ਕੀਤੀਆਂ ਜਾ ਰਹੀਆਂ ਹੁੰਦੀਆਂ ਨੇ, ਤਦ ਇਨ੍ਹਾਂ ਦੇ ਇਹ ਪਰਵਾਸੀ ਸ਼ੁਭਚਿੰਤਕ, ਕੰਨਾਂ ਵਿਚ ਕੌੜਾ ਤੇਲ ਕਿਉਂ ਪਾ ਲੈਂਦੇ ਹੋਣਗੇ? ਇਨ੍ਹਾਂ ਨੂੰ ਆਪਣੇ ‘ਮਾਲਕਾਂ’ ਦੀ ਭੰਡੀ ਹੁੰਦੀ ਸੁਣ ਕੇ ਗੁੱਸਾ ਨਹੀਂ ਆਉਂਦਾ ਹੋਵੇਗਾ? ਕਥਿਤ ਸਨਮਾਨ ਸਮਾਰੋਹਾਂ ਵਿਚ ਗਜ-ਗਜ ਲੰਮੇ ‘ਸਵਾਗਤੀ ਭਾਸ਼ਨ’ ਦੇਣ ਵਾਲਿਆਂ ਬਾਰੇ ਇਹ ਤਾਂ ਸੋਚਿਆ ਨਹੀਂ ਜਾ ਸਕਦਾ ਕਿ ਉਨ੍ਹਾਂ ਨੂੰ ਰੇਡੀਓ ‘ਤੇ ਬੋਲਣਾ ਨਹੀਂ ਆਉਂਦਾ ਹੋਵੇਗਾ। ਮੌਜੂਦਾ ਸੱਤਾ-ਪੱਖ ਦੀ ਖੁੰਬ ਠੱਪਣ ਵਾਲੇ ਟਾਕ ਸ਼ੋਆਂ ਨੂੰ ਇਹ ਲੋਕ ਸ਼ਾਇਦ ‘ਦੇਖ ਕੇ ਹੀ ਅਣਡਿੱਠ’ ਕਰ ਦਿੰਦੇ ਹੋਣਗੇ। ਆਖਰ ‘ਆਪਣੀ ਸਰਕਾਰ’ ਦੀ ਹੋ ਰਹੀ ਕਰੜੀ ਨੁਕਤਾਚੀਨੀ ਵਿਰੁਧ ਕਹਿਣ ਲਈ ਇਨ੍ਹਾਂ ਕੋਲ ਵੀ ਕੋਈ ਤਾਂ ‘ਮਸਾਲਾ’ ਹੋਵੇਗਾ ਹੀ ਜਿਹਦੇ ਕਰ ਕੇ ਦੁਨੀਆਂ ਭਰ ਵਿਚ ‘ਤੋਏ-ਤੋਏ’ ਹੋਣ ਦੇ ਬਾਵਜੂਦ ਇਹ ਹਾਕਮ ਧਿਰ ਦੇ ਸੋਹਲੇ ਗਾਈ ਜਾ ਰਹੇ ਨੇ।
ਬੀਤੇ ਦੋ ਕੁ ਹਫਤਿਆਂ ਵਿਚ ਇੰਗਲੈਂਡ ਅਤੇ ਅਮਰੀਕਾ ਦੇ ਪ੍ਰਸਿੱਧ ਰੇਡੀਓ ਸਟੇਸ਼ਨਾਂ ਤੋਂ ਉਪਰੋਥਲੀ ਪੰਜਾਬ ਮਾਮਲਿਆਂ ਬਾਰੇ ਟਾਕ ਸ਼ੋਅ ਪ੍ਰਸਾਰਿਤ ਹੋਏ ਜਿਨ੍ਹਾਂ ਵਿਚ ਬਾਦਲ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਕਹਾਉਣ ‘ਤੇ ਜ਼ਬਰਦਸਤ ਇਤਰਾਜ਼ ਕਰਨ ਵਾਲੇ ਸਿੱਖ ਸਰੋਤਿਆਂ ਨੇ ਆਪਣੀਆਂ ਦਲੀਲਾਂ ਦਿੱਤੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬਣਾਏ ਸ਼੍ਰੋਮਣੀ ਅਕਾਲੀ ਦਲ ਦਾ ਕੋਈ ‘ਇਜ਼ਹਾਰ ਆਲਮ’ ਜਾਂ ਕੋਈ ਸ਼ਰਮਾ-ਵਰਮਾ ਉਪ-ਨਾਮ ਵਾਲਾ ਗੈਰ-ਸਿੱਖ ‘ਮੀਤ ਪ੍ਰਧਾਨ’ ਕਿਵੇਂ ਬਣਾਇਆ ਜਾ ਸਕਦਾ ਹੈ? ਬਹੁਤ ਸਾਰੇ ਸਰੋਤਿਆਂ ਨੇ ਸਜ਼ਾ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਮਰਨ ਵਰਤ ਰੱਖੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ, ਪਰ ਪਿੰਕੀ ਕੈਟ ਦੀ ਅਗਾਊਂ ਸਜ਼ਾ ਮੁਆਫੀ ਉਪਰ ਤਿੱਖੇ ਵਾਰ ਕਰਦਿਆਂ ‘ਪੰਥਕ ਸਰਕਾਰ’ ਨੂੰ ਪਾਣੀ ਪੀ-ਪੀ ਕੋਸਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰੋਲ ਧਾਰਮਕ ਮਾਮਲਿਆਂ ਵਿਚ ਬਾਦਲ ਪਰਿਵਾਰ ਦੀ ਚੌਧਰ, ਖਾਸ ਕਰ ਕੇ ਸ੍ਰੀ ਕੋਹਲੀ ਨਾਂ ਦੇ ਇਕ ਅਫਸਰ ਦੀ ਸ਼੍ਰੋਮਣੀ ਕਮੇਟੀ ਵਿਚੋਂ ਬਰਤਰਫੀ ਅਤੇ ਬਹਾਲੀ ਦੇ ਮੁੱਦੇ ਦੀ ਸਾਰੇ ਸਰੋਤਿਆਂ ਨੇ ਇਕ ਆਵਾਜ਼ ਵਿਚ ਸਖਤ ਲਫ਼ਜ਼ਾਂ ਵਿਚ ਨਿੰਦਿਆ ਕੀਤੀ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਅਰੁਣ ਜੇਤਲੀ ਵੱਲੋਂ ਪੰਜਾਬ ਸਰਕਾਰ ਦਾ ਠੂਠਾ ਖਾਲੀ ਮੋੜਨ ਨੂੰ ਸ੍ਰੀ ਬਾਦਲ ਦੀ ਸਿਆਸੀ ਤੇ ਰਾਜਸੀ ਨਾਕਾਮੀ ਗਰਦਾਨਦਿਆਂ ਸਭ ਸਰੋਤਿਆਂ ਨੇ ਸ੍ਰੀ ਬਾਦਲ ਦੀ ਸੋਚ ਨੂੰ ਜੰਮ ਕੇ ਰਗੜੇ ਲਾਏ। ਪੰਜਾਬ ਵਿਚ ਨਸ਼ਿਆਂ ਦੇ ਵਪਾਰ ਲਈ ਕਥਿਤ ਦੋਸ਼ੀ ਵਜ਼ੀਰਾਂ ਅਤੇ ਅਕਾਲੀ ਆਗੂਆਂ ਦੇ ਨਾਂ ਲੈ-ਲੈ ਕੇ ਪਰਵਾਸੀ ਪੰਜਾਬੀ ਇਉਂ ਦੰਦੀਆਂ ਕਰੀਚਦੇ ਆਪੇ ਤੋਂ ਬਾਹਰ ਹੋ ਰਹੇ ਸਨ, ਜਿਵੇਂ ਕਿਤੇ ਇਨ੍ਹਾਂ ਆਗੂਆਂ ਨੂੰ ਇਨ੍ਹਾਂ ਨੇ ਧੌਣਾਂ ਤੋਂ ਫੜਿਆ ਹੋਇਆ ਹੋਵੇ। ਮੌਜੂਦਾ ਹਕੂਮਤ ਨੂੰ ਲੰਮੇ ਹੱਥੀਂ ਲੈਂਦਿਆਂ ਸਾਰੇ ਸਰੋਤੇ ਉਸ ਨੂੰ ਪੰਜਾਬ ਦੇ ਮਾੜੇ ਹਾਲਾਤ ਲਈ ਮੁੱਖ ਦੋਸ਼ੀ ਮੰਨ ਰਹੇ ਸਨ।
ਇਨ੍ਹਾਂ ਦੋਹਾਂ ਹਫਤਿਆਂ ਦੀਆਂ ਇੰਗਲੈਂਡ ਤੇ ਅਮਰੀਕਨ ਪੰਜਾਬੀ ਅਖ਼ਬਾਰਾਂ ਮੈਂ ਨੈਟ ‘ਤੇ ਵੀ ਪੜ੍ਹੀਆਂ ਅਤੇ ਕੁਝ ਖਾਸ ਅੰਕ ਮੇਰੇ ਮੇਜ਼ ‘ਤੇ ਪਏ ਹਨ। ਸੰਯੋਗਵੱਸ ਇਨ੍ਹਾਂ ਹੀ ਦਿਨਾਂ ਵਿਚ ਪੰਜਾਬ ਦਾ ਰਾਜ-ਭਾਗ ਚਲਾ ਰਹੇ ਬਾਦਲ ਦਲ ਦੇ ਦੋ ਸੀਨੀਅਰ ਲੀਡਰ ਵਿਦੇਸ਼ ਪਧਾਰੇ। ਵੱਡੇ ਬਾਦਲ ਜੀ ਦੇ ਖਾਸ ਵਿਸ਼ਵਾਸ ਪਾਤਰ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਇੰਗਲੈਂਡ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਮਰੀਕਾ ਦੌਰੇ ‘ਤੇ ਆਏ। ਪ੍ਰਚੱਲਤ ਰੀਤੀ ਅਨੁਸਾਰ ਦੋਹਾਂ ਆਗੂਆਂ ਦੇ ਵੱਖ-ਵੱਖ ਸ਼ਹਿਰਾਂ ਵਿਚ ਸਨਮਾਨ ਸਮਾਗਮ ਹੋਏ। ਦੋਹਾਂ ਦੇਸ਼ਾਂ ਵਿਚ ਹੀ ਸਥਾਨਕ ਸਰਕਰਦਾ ਪੰਜਾਬੀਆਂ ਨੇ ਮੋਹਰੇ ਹੋ-ਹੋ ਕੇ ਇਨ੍ਹਾਂ ਦੋਹਾਂ ਆਗੂਆਂ ਨੂੰ ḔਬੁੱਕੇḔ ਭੇਟ ਕੀਤੇæææ ਦਾਅਵਤਾਂ ਦਿੱਤੀਆਂæææ ਖਹਿ-ਖਹਿ ਕੇ ਫੋਟੋਆਂ ਖਿਚਵਾਈਆਂ।
ਅਖਬਾਰੀ ਰਿਪੋਰਟਾਂ ਦੱਸ ਰਹੀਆਂ ਨੇ ਕਿ ਇਨ੍ਹਾਂ ਸਨਮਾਨ ਸਮਾਗਮਾਂ ਵਿਚ ਲੋਕਲ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰ ਅਤੇ ਹੋਰ ਸਿੱਖ ਸਭਾ/ਸੁਸਾਇਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹਨ। ਇਨ੍ਹਾਂ ਸਮਾਗਮਾਂ ਦੀਆਂ ਖ਼ਬਰਾਂ ਵਿਚ ਹੋਰ ਬਥੇਰੀਆਂ ਘੋੜੀਆਂ ਗਾਈਆਂ ਹੋਈਆਂ ਨੇ, ਪਰ ਕਿਸੇ ਮਾਈ ਦੇ ਲਾਲ ਵੱਲੋਂ ਇਨ੍ਹਾਂ ਜ਼ਿੰਮੇਵਾਰ ਆਗੂਆਂ ਨੂੰ ਪੰਜਾਬ ਬਾਰੇ ਸਵਾਲ ਪੁੱਛਣ ਦਾ ਕੋਈ ਜ਼ਿਕਰ ਨਹੀਂ। ਰੇਡੀਓ ਟਾਕ ਸ਼ੋਆਂ ਵਾਲੀਆਂ ਜੋਸ਼ੀਲੀਆਂ ਫੌਜਾਂ ਦੇ ਸਿਪਾਹ-ਸਲਾਰਾਂ ਵਿਚੋਂ ਵੀ ਕੋਈ ਸੂਰਮਾ, ਇਨ੍ਹਾਂ ਸਵਾਗਤੀ ਸਮਾਗਮਾਂ ਵਿਚ ਗਰਜਦਾ ਦਿਖਾਈ ਨਹੀਂ ਦਿੰਦਾ। ਸਵਾਗਤ ਕਰਨ ਵਾਲਿਆਂ ਨੂੰ ਵੀ ਉਸ ਵੇਲੇ ਨਾ ਤਾਂ ਕੰਗਲਾ ਹੋ ਰਿਹਾ ਪੰਜਾਬ ਚੇਤੇ ਰਹਿੰਦਾ ਹੈ ਅਤੇ ਨਾ ਹੀ ਰੁੰਡ-ਮੁੰਡ ਹੋ ਰਹੀ ਸਿੱਖੀ ਦਾ ਕੋਈ ਦਰਦ ਜਾਗਦਾ ਹੈ।
ਇਹ ਹੈ ਪੁਰਖਿਆਂ ਦੇ ਦੇਸ਼ ਤੋਂ ਦੂਰ ਵੱਸਦੇ ਪੰਜਾਬੀਆਂ ਦੇ ਮੀਡੀਆ-ਪ੍ਰੇਮ ਦੀ ਪ੍ਰਵਾਜ਼ ਦਾ ਨਮੂਨਾ!
Leave a Reply