‘ਬਾਬਿਆਂ ਦੀ ਕੰਧ’ ਵਿਚ ਪੱਤਰਕਾਰ ਦਲਬੀਰ ਸਿੰਘ ਨੇ ਪਿੰਡ ਦੀਆਂ ਪੁਰਾਣੀਆਂ ਗੱਲਾਂ ਛੋਹੀਆਂ ਹਨ। ਇਸ ਲੇਖ ਦੀ ਚਿਣਾਈ ਇਸ ਤਰ੍ਹਾਂ ਦੀ ਕੀਤੀ ਗਈ ਹੈ ਕਿ ਪੁਰਾਣੇ ਪਿੰਡ ਦੇ ਨਾਲ-ਨਾਲ ਬਦਲ ਰਹੇ ਦ੍ਰਿਸ਼ ਵੀ ਅੱਖਾਂ ਅੱਗੇ ਘੁੰਮਣ ਲਗਦੇ ਹਨ। ਮਰਹੂਮ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਇਹ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਕੋਈ ਸਵੈ-ਜੀਵਨੀ ਨਹੀਂ; ਇਹ ਉਹਦੇ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਹੀ ਗੱਲਾਂ ਹਨ। ਇਹ ਅਸਲ ਵਿਚ ਨੰਗਲ ਸ਼ਾਮਾ ਦੀਆਂ ਗੱਲਾਂ ਵੀ ਨਹੀਂ, ਇਹ ਤਾਂ ਸਗੋਂ ਸਮੁੱਚੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ ਅਤੇ ਸੂਖਮ ਬਾਤਾਂ ਹਨ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। -ਸੰਪਾਦਕ
ਦਲਬੀਰ ਸਿੰਘ
ਠੇਕੇਦਾਰਾਂ ਦੀ ਨਵੀਂ ਕੋਠੀ ਨੂੰ ਦੋਂਹ ਪਾਸੀ ਗਲੀਆਂ ਲਗਦੀਆਂ ਹਨ। ਮੁੱਖ ਦਰਵਾਜ਼ਾ ਫਿਰਨੀ ਵੱਲ ਹੈ। ਕੋਠੀ ਦੀ ਖੱਬੀ ਬਾਹੀ ਦੇ ਨਾਲ ਬੀਹੀ ਲਗਦੀ ਹੈ ਜਿਹੜੀ ਸੱਜੇ ਪਾਸੇ ਢਿਲਵਾਂ ਪਿੰਡ ਨੂੰ ਜਾਂਦੀ ਹੈ ਤੇ ਖੱਬੇ ਪਾਸੇ ਨੂੰ ਪਿੰਡ ਦੇ ਅੰਦਰ ਵੱਲ। ਢਿਲਵਾਂ ਵਾਲੇ ਪਾਸੇ ਕਿਸੇ ਵੇਲੇ ਬਾਰੀਆਂ ਦੇ ਟੱਬਰ ਨੇ ਪਿੰਡ ਵਿਚੋਂ ਉਠ ਕੇ ਬਾਹਰਵਾਰ ਘਰ ਪਾ ਲਏ ਸਨ। ਇਸ ਪਾਸੇ ਮਸਾਂ ਚਾਰ-ਪੰਜ ਹੀ ਘਰ ਸਨ। ਬਾਕੀ ਸਾਰਾ ਪਿੰਡ ਖੱਬੇ ਪਾਸੇ ਸੀ।
ਜਿਥੇ ਠੇਕੇਦਾਰਾਂ ਦੀ ਕੋਠੀ ਦਾ ਕੋਨਾ ਹੈ, ਐਨ ਉਥੇ ਹੀ ਰਸਤੇ ਜਾਂ ਗਲੀ ਦੇ ਪਾਰ ‘ਬਾਬਿਆਂ ਦੀ ਕੰਧ’ ਹੁੰਦੀ ਸੀ। ਬਾਬਿਆਂ ਦੀ ਕੰਧ ਦੀ ਸਾਡੇ ਪਿੰਡ ਵਿਚ ਬਹੁਤ ਮਹੱਤਤਾ ਸੀ ਕਿਉਂਕਿ ਇਹ ਇਕ ਤਰ੍ਹਾਂ ਨਾਲ ਮੁੰਡਿਆਂ-ਖੁੰਡਿਆਂ ਦੀ ਸੱਥ ਦਾ ਕੰਮ ਦਿੰਦੀ ਸੀ। ਬਾਬਿਆਂ ਦੇ ਘਰ ਭਾਵੇਂ ਇਸੇ ਬੀਹੀ ਦੇ ਪਾਰਲੇ ਸਿਰੇ ‘ਤੇ ਸਨ ਜਿਥੋਂ ਪਿੰਡ ਦੀਆਂ ਭੀੜੀਆਂ ਗਲੀਆਂ ਸ਼ੁਰੂ ਹੁੰਦੀਆਂ ਸਨ, ਪਰ ਉਨ੍ਹਾਂ ਦੇ ਖੇਤ ਐਨ ਪਿੰਡ ਦੀ ਨਿਆਈਂ ਵਿਚ ਸਨ। ਇਸ ਪਾਸੇ ਵੀ ਬਾਬਿਆਂ ਦਾ ਹੀ ਖੇਤ ਸੀ ਜਿਸ ਕਾਰਨ ਇਸ ਕੰਧ ਨੂੰ ਬਾਬਿਆਂ ਦੀ ਕੰਧ ਕਹਿੰਦੇ ਸਨ।
ਉਸ ਦੇ ਨਾਲ ਦੀ ਹੀ ਇਹ ਰਸਤਾ ਲੰਘਦਾ ਸੀ। ਇਹ ਰਸਤਾ ਬਾਬਿਆਂ ਦੇ ਇਸ ਖੇਤ ਨੂੰ ਬਾਕੀ ਦੇ ਖੇਤਾਂ ਨਾਲੋਂ ਅਲੱਗ ਕਰਦਾ ਸੀ। ਇਸ ਨੂੰ ਹੀ ਪਿੰਡ ਦੀ ਫਿਰਨੀ ਕਹਿੰਦੇ ਸਨ। ਇਸ ਤਰ੍ਹਾਂ ਇਕ ਰਸਤਾ ਬਾਬਿਆਂ ਦੇ ਖੇਤ ਨੂੰ ਨਿਧਾਨ ਸਿੰਘ ਦੇ ਖੇਤਾਂ ਨਾਲੋਂ ਅਲੱਗ ਕਰਦਾ ਸੀ ਤੇ ਇਹ ਨਿਧਾਨ ਸਿੰਘ ਦੇ ਖੂਹ ਤੋਂ ਸੱਜੇ ਪਾਸੇ ਮੁੜ ਕੇ ਉਸ ਰੇਤੀਲੇ ਟਿੱਬੇ ਵੱਲ ਮੁੜ ਜਾਂਦਾ ਸੀ ਜਿਸ ਨੂੰ ‘ਬਾਬਿਆਂ ਦੀ ਵੱਟ’ ਕਹਿੰਦੇ ਸਨ। ਇਸ ਤਰ੍ਹਾਂ ਪਿੰਡ ਦੇ ਇਸ ਪਾਸੇ ਵੱਲ ਦੇ ਇਕੱਲੇ ਰਹਿ ਗਏ ਖੇਤ ਦੇ ਕਿਨਾਰੇ ਬਾਬਿਆਂ ਨੇ ਕਰੀਬ ਪੰਜਾਹ ਮੀਟਰ ਲੰਬੀ ਤੇ ਆਮ ਆਦਮੀ ਦੇ ਮੋਢਿਆਂ ਤਕ ਆਉਂਦੀ ਕਰੀਬ ਪੰਜ ਫੁੱਟੀ ਕੰਧ ਉਸਾਰ ਦਿਤੀ ਸੀ। ਉਨ੍ਹਾਂ ਦਾ ਮਨਸ਼ਾ ਇਹ ਰਿਹਾ ਹੋਵੇਗਾ ਕਿ ਆਉਂਦੇ ਜਾਂਦੇ ਲੋਕ ਇਸ ਖੇਤ ਦੀ ਫਸਲ ਨੂੰ ਨਾ ਮਿੱਧਣ।
ਵੈਸੇ ਕਿਸੇ ਨੇ ਵੀ ਬਾਬਿਆਂ ਤੋਂ ਪੁੱਛਿਆ ਨਹੀਂ ਸੀ ਕਿ ਉਨ੍ਹਾਂ ਨੇ ਇਹ ਕੰਧ ਕਿਉਂØ ਉਸਾਰੀ ਸੀ। ਬਾਬਿਆਂ ਦੀ ਅੱਲ ‘ਬਾਬੇ’ ਕਿਉਂ ਪਈ, ਇਸ ਦਾ ਵੀ ਕਿਸੇ ਨੂੰ ਕੋਈ ਪਤਾ ਨਹੀਂ। ਜਦੋਂ ਹਾਲੇ ਗੁਰਦਿਆਲ ਲਾਲੀ ਜਿਉਂਦਾ ਸੀ, ਤਾਂ ਮੈਂ ਉਸ ਨੂੰ ਇਹ ਸਵਾਲ ਕੀਤਾ ਸੀ। ਗੁਰਦਿਆਲ ਲਾਲੀ ਨੂੰ ਪਿੰਡ ਦੇ ਸਾਰੇ ਲਾਲੀਆਂ ਦੇ ਕੁਰਸੀਨਾਮੇ ਅਤੇ ਸਮੁੱਚੇ ਇਤਿਹਾਸ ਦਾ ਪਤਾ ਸੀ। ਉਸ ਮੁਤਾਬਕ ਨੰਗਲ ਸ਼ਾਮਾ ਦੇ ਸਾਰੇ ਦੇ ਸਾਰੇ ਜੱਟ ਪਰਿਵਾਰ ਇਕੋ ਹੀ ਵਡੇਰੇ ਰੱਤਾ ਦੀ ਔਲਾਦ ਹਨ। ਰੱਤਾ ਕਰੀਬ ਸੱਤ ਸੌ ਸਾਲ ਪਹਿਲਾਂ ਅਰਥਾਤ ਬਾਰਵੀਂ ਸਦੀ ਵਿਚ ਮਾਝੇ ਦੇ ਕਿਸੇ ਪਿੰਡ ਵਿਚੋਂ ਉਠ ਕੇ ਆਇਆ ਸੀ। ਰੱਤੇ ਦੀ ਔਲਾਦ ਅਗਾਂਹ ਇਸ ਤਰ੍ਹਾਂ ਵਧੀ ਕਿ 19ਵੀਂ ਸਦੀ ਤਕ ਆਉਂਦਿਆਂ ਬਾਬਿਆਂ ਦੀਆਂ ਪੁਸ਼ਤਾਂ ਪਿੱਛੇ ਰਹਿ ਗਈਆਂ, ਤੇ ਹੋਰ ਲਾਲੀਆਂ ਦੇ ਬਾਬੇ ਜਾਂ ਦਾਦੇ ਦੇ ਬਰਾਬਰ ਹੋ ਗਈਆਂ। ਕਈ ਜਵਾਨ ਤੇ ਹਮਉਮਰ ਵੀ ਹੋਰ ਲੋਕਾਂ ਦੇ ‘ਬਾਬੇ’ ਹੋ ਗਏ। ਇਸੇ ਕਰ ਕੇ ਹੀ ਉਨ੍ਹਾਂ ਨੂੰ ‘ਬਾਬੇ’ ਕਹਿਣ ਲੱਗ ਪਏ ਸਨ।
ਉਂਜ ਵੀ ਜਿਹੜਾ ਕੁਰਸੀਨਾਮਾ ਗੁਰਦਿਆਲ ਲਾਲੀ ਨੇ ਮੈਨੂੰ ਦਿਤਾ ਸੀ, ਉਸ ਮੁਤਾਬਕ ਰੱਤੇ ਤੋਂ ਬਾਅਦ ਜਿਥੇ ਹੋਰਾਂ ਦੀਆਂ ਇੱਕੀ ਪੀੜ੍ਹੀਆਂ ਹੋ ਚੁਕੀਆਂ ਸਨ, ਉਥੇ ਬਾਬਿਆਂ ਦੀਆਂ ਸਿਰਫ ਤੇਰਾਂ ਹੀ ਹੋਈਆਂ ਸਨ। ਇਸ ਦਾ ਇਕ ਕਾਰਨ ਖਬਰੇ ਇਹ ਹੋ ਸਕਦਾ ਹੈ ਕਿ ਲੰਬੇ ਸਮੇਂ ਤਕ ਬਾਬਿਆਂ ਦੀਆਂ ਉਮਰਾਂ ਲੰਬੀਆਂ ਹੁੰਦੀਆਂ ਹੋਣਗੀਆਂ ਜਾਂ ਉਨ੍ਹਾਂ ਦੀ ਔਲਾਦ ਜੰਮਣ ਦਾ ਸਿਲਸਿਲਾ ਦੇਰ ਉਮਰ ਤਕ ਚਲਦਾ ਰਿਹਾ ਹੋਵੇਗਾ।
ਖੈਰ, ਇਥੇ ਚਰਚਾ ਬਾਬਿਆਂ ਦੇ ਟੱਬਰ ਦੇ ਕੁਰਸੀਨਾਮੇ ਦੀ ਨਹੀਂ, ਸਗੋਂ ਉਨ੍ਹਾਂ ਦੀ ਉਸ ਕੰਧ ਦੀ ਕਰ ਰਹੇ ਹਾਂ। ਇਸ ਕੰਧ ਦੇ ਸਾਹਮਣੇ ਉਹ ਤੌੜ ਹੁੰਦਾ ਸੀ ਜਿਥੇ ਅੱਜ ਕੱਲ੍ਹ ਠੇਕੇਦਾਰ ਦਲਜੀਤ ਸਿੰਘ ਲਾਲੀ ਦੀ ਨਵੀਂ ਕੋਠੀ ਬਣੀ ਹੋਈ ਹੈ। ਇਸ ਤੌੜ ਦੇ ਇਕ ਸਿਰੇ ਉਤੇ ਹੀ ਅਰਜਨ ਸਿੰਘ ਲੁਹਾਰ ਦਾ ਖਰਾਸ ਤੇ ‘ਕਾਰਖਾਨਾ’ ਹੁੰਦਾ ਸੀ।
ਇਸ ਕੰਧ ਦੇ ਪਿਛਲੇ ਪਾਸੇ ਖੇਤ ਹੁੰਦਾ ਸੀ ਅਤੇ ਬਾਬਿਆਂ ਦੀ ਇਹ ਕੰਧ ਸਿਰਫ਼ ਮੁੰਡਿਆਂ-ਖੁੰਡਿਆਂ ਦੀ ਨਹੀਂ ਸਗੋਂ ਕਈ ਵਾਰੀ ਬੁੱਢਿਆਂ ਦੀ ਸੱਥ ਦਾ ਕੰਮ ਵੀ ਕਰਦੀ ਸੀ। ਨੌਜਵਾਨ ਮੁੰਡੇ ਗਰਮੀਆਂ ਵਿਚ ਸ਼ਾਮ ਵੇਲੇ ਤੇ ਸਰਦੀਆਂ ਵਿਚ ਦੁਪਹਿਰ ਵੇਲੇ ਇਸ ਕੰਧ ਕੋਲ ਖੜ੍ਹੇ ਗੱਪਾਂ ਮਾਰਦੇ ਅਤੇ ਆਉਂਦੀਆਂ-ਜਾਂਦੀਆਂ ਕੁੜੀਆਂ ਤਾੜਦੇ ਰਹਿੰਦੇ ਸਨ। ਪਿੰਡ ਦੀਆਂ ਧੀਆਂ ਭੈਣਾਂ ਦੇ ਮਾਮਲੇ ਵਿਚ ਕਿਉਂਕਿ ਅੱਖ ਸ਼ਰਮ ਹੁੰਦੀ ਸੀ, ਤੇ ਬਹੁਤੀ ਵਾਰੀ ਲੰਘ ਰਹੀ ਕੁੜੀ ਦਾ ਕੋਈ ਭਰਾ ਜਾਂ ਰਿਸ਼ਤੇਦਾਰ ਢਾਣੀ ਵਿਚ ਸ਼ਾਮਲ ਹੁੰਦਾ ਸੀ, ਇਸ ਲਈ ਕਿਸੇ ਕਿਸਮ ਦੀ ਸ਼ਰਾਰਤ ਨਹੀਂ ਸੀ ਹੁੰਦੀ।
ਕੁਝ ਮੁੰਡੇ ਕੰਧ ਉਤੇ ਬੈਠੇ ਹੁੰਦੇ, ਕੁਝ ਹੇਠਾਂ ਬੀਹੀ ਵਿਚ ਖੜ੍ਹੇ ਹੁੰਦੇ। ਜ਼ਮਾਨੇ ਭਰ ਦੀਆਂ ਗੱਲਾਂ ਚਲਦੀਆਂ। ਜਿਸ ਵੀ ਵਿਸ਼ੇ ਉਤੇ ਗੱਲ ਛਿੜ ਜਾਵੇ, ਉਸ ਦੀ ਚੰਗੀ ਤਰ੍ਹਾਂ ਜੁਗਾਲੀ ਕੀਤੀ ਜਾਂਦੀ। ਸਿਆਸਤ ਦੀ ਉਦੋਂ ਹਾਲੇ ਬਹੁਤੀ ਸਮਝ ਨਹੀਂ ਸੀ ਆਈ। ਰੇਡੀਓ ਬਹੁਤ ਘੱਟ ਘਰਾਂ ਵਿਚ ਸਨ। ਟੈਲੀਵਿਜ਼ਨ ਤਾਂ ਖੈਰ ਆਇਆ ਹੀ ਬਹੁਤ ਮਗਰੋਂ ਸੀ। ਇਸ ਬਾਰੇ ਤਾਂ ਉਨ੍ਹੀਂ ਦਿਨੀਂ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ।
ਰੇਡੀਓ ਸਭ ਤੋਂ ਪਹਿਲਾਂ ਝਿਊਰਾਂ ਦੇ ਹਰਬੰਸ ਸਿੰਘ ਨੇ ਲਿਆਂਦਾ ਸੀ ਜਿਹੜਾ ਜਲੰਧਰ ਰੈਣਕ ਬਾਜ਼ਾਰ ਵਿਚ ਸਾਈਕਲਾਂ ਦੀ ਦੁਕਾਨ ਉਤੇ ਕੰਮ ਕਰਦਾ ਸੀ। ਫਿਰ ਸਰਕਾਰ ਵੱਲੋਂ ਵੀ ਪੰਚਾਇਤ ਨੂੰ ਰੇਡੀਓ ਅਤੇ ਲਾਊਡ ਸਪੀਕਰ ਦਿੱਤਾ ਗਿਆ ਸੀ ਜਿਸ ਉਤੇ ਸਵੇਰ ਸ਼ਾਮ ਪਿੰਡ ਨੂੰ ਦੇਹਾਤੀ ਪ੍ਰੋਗਰਾਮ ਤੇ ਹੋਰ ਪ੍ਰੋਗਰਾਮ ਸੁਣਾਏ ਜਾਂਦੇ ਸਨ, ਪਰ ਇਸ ਦਾ ਚਾਅ ਥੋੜ੍ਹੇ ਦਿਨ ਹੀ ਰਿਹਾ ਸੀ। ਅਸਲ ‘ਰੇਡੀਓ’ ਦਾ ਸਥਾਨ ਤਾਂ ਬਾਬਿਆਂ ਦੀ ਇਹ ਕੰਧ ਹੀ ਸੀ।
ਸਿਆਲਾਂ ਦੀ ਰੁੱਤੇ ਖੇਸਾਂ ਦੀਆਂ ਬੁੱਕਲਾਂ ਮਾਰੀ ਮੁੰਡੇ ਉਥੇ ਖੜ੍ਹੇ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਰਹਿੰਦੇ। ਧੁੱਪ ਸੇਕਣ ਦੇ ਨਾਲ-ਨਾਲ ਕਿਸੇ ਨਾ ਕਿਸੇ ਅਖਬਾਰ ਵਿਚ ਛਪੀ ਖਬਰ ਦੀ ਚਰਚਾ ਕਰਦੇ। ਹਾਲੇ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਪੰਡਤ ਜਵਾਹਰ ਲਾਲ ਨਹਿਰੂ ਹੀ ਬਿਰਾਜਮਾਨ ਸਨ। ਉਨ੍ਹਾਂ ਬਾਰੇ ਅਕਸਰ ਚਰਚਾ ਹੁੰਦੀ ਸੀ ਪਰ ਬਹੁਤੀ ਵਾਰੀ ਗੱਪਾਂ ਹੀ ਚਲਦੀਆਂ ਸਨ। ਗੱਪਾਂ ਮਾਰਨ ਵਿਚ ਲਹਿੰਬਰ ਗੱਪੀ ਤੋਂ ਇਲਾਵਾ ਬਾਹਮਣਾਂ ਦੇ ਮੇਸ਼ੀ ਮੋਹਰੀ ਹੁੰਦੇ ਸਨ।
ਕਿਹੜੀ ਤੀਵੀਂ ਕਿਹੜੇ ਬੰਦੇ ਨਾਲ ਰਲੀ ਹੋਈ ਹੈ, ਕਿਹੜੀ ਕੁੜੀ ਪਿੱਛੇ ਕਿਹੜਾ ਮੁੰਡਾ ਪਿਆ ਹੋਇਆ ਹੈ, ਕਿਹੜੀ ਕਿਥੇ ਵਿਆਹੀ ਜਾਣ ਵਾਲੀ ਹੈ, ਆਦਿ ਮਸਲੇ ਚਸਕੇ ਲੈ-ਲੈ ਵਿਚਾਰੇ ਜਾਂਦੇ ਸਨ। ਨੌਜਵਾਨਾਂ ਨੂੰ ਸੈਕਸ ਦੀ ਪਹਿਲੀ ਸਿਖਿਆ ਇਸੇ ਕੰਧ ਉਤੇ ਬੈਠਿਆਂ ਹਾਸਲ ਹੁੰਦੀ ਸੀ। ਗੱਲ ਕੀ, ਇਸ ਕੰਧ ਤੋਂ ਪਿੰਡ ਦੀ ਕੋਈ ਵੀ ਐਸੀ ਗੱਲ ਲੁਕਵੀਂ ਨਹੀਂ ਸੀ ਰਹਿੰਦੀ ਜਿਹੜੀ ਪਿੰਡ ਦੇ ਕਿਸੇ ਵੀ ਕੋਨੇ ਤਾਂ ਕੀ, ਕਿਸੇ ਵੀ ਘਰ ਵਿਚ ਵੀ ਕਿਉਂ ਨਾ ਵਾਪਰੀ ਹੋਵੇ।
ਆਮ ਤੌਰ ਉਤੇ ਇਸ ਕੰਧ ਉਤੇ ਬਹੁਤ ਸ਼ੁਗਲ ਮੇਲੇ ਹੁੰਦੇ ਸਨ। ਸ਼ਰਾਰਤਾਂ ਕੀਤੀਆਂ ਜਾਂਦੀਆਂ ਸਨ। ਬਾਰੀਆਂ ਦੇ ਇਕ ਬੁੜ੍ਹੇ ਨੂੰ ਲਗਪਗ ਰੋਜ਼ ਹੀ ਰੋਕ ਕੇ ਪੁੱਛਿਆ ਜਾਂਦਾ ਕਿ ਬਾਬਾ ਉਹ ਗੱਲ ਸੁਣਾ ਜਦੋਂ ਤੂੰ ਸਾਡੀ ਦਾਦੀ ਨੂੰ ਦੇਖਣ ਗਿਆ ਸੀ। ਉਸ ਬੁੜ੍ਹੇ ਨੇ ਤੁਰੰਤ ਸ਼ੁਰੂ ਹੋ ਜਾਣਾ- ‘ਮੱਲੋ, ਫੱਗਣ ਦੇ ਦਿਨ ਸੀ। ਦਾਦੀ ਤੁਹਾਡੀ ਦਾ ਪਿੰਡ ਸੀਗਾ ਹੁਸ਼ਿਆਰਪੁਰ ਤੋਂ ਰਤਾ ਕੁ ਉਰੇ। ਪਿੰਡ ਦੀ ਨੈਣ ਨਾਲ ਮੈਂ ਅੱਟੀ-ਸੱਟੀ ਲਾ ਲਈ ਕਿ ਫਲਾਣੇ ਦਿਨ ਮੈਂ ਸਵੇਰ ਵੇਲੇ ਪਿੰਡ ਦੇ ਬਾਹਰਵਾਰ ਆਊਂਗਾ। ਤਾਰਾ ਚੜ੍ਹਦੇ ਨੂੰ ਮੈਂ ਸੜਕੇ ਸੜਕ ਤੁਰ ਪਿਆ। ਹਲਕਾ-ਹਲਕਾ ਪਾਲਾ ਉਤਰ ਰਿਹਾ ਸੀ। ਮੈਂ ਖੇਸ ਦੀ ਬੁੱਕਲ ਮਾਰੀ ਹੋਈ ਸੀ। ਤੁਰਦੇ-ਤੁਰਦੇ ਊਂਘ ਆ ਗਈ। ਹਾਲੇ ਦਿਨ ਦੀ ਲਾਲੀ ਨਹੀਂ ਸੀ ਲੱਗੀ, ਮੈਂ ਸੜਕ ਦੇ ਸੱਜੇ ਪਾਸੇ ਭੱਠੇ ਦੇਖੇ। ਕਿਸੇ ਲੰਘ ਰਹੇ ਬੰਦੇ ਨੂੰ ਪੁੱਛਿਆ ਕਿ ਇਹ ਕਿਹੜੇ ਪਿੰਡ ਦੇ ਭੱਠੇ ਹਨ? ਉਸ ਕਿਹਾ ਕਿ ਇਹ ਤਾਂ ਨੰਗਲ ਸ਼ਾਮਾ ਦੇ ਭੱਠੇ ਹਨ। ਮੈਂ ਮੁੜ ਕੇ ਆਪਣੇ ਹੀ ਪਿੰਡ ਆ ਗਿਆ ਸੀ।’
ਅਸੀਂ ਪੁੱਛਣਾ ਕਿ ਬਾਬਾ ਇਹ ਹੋਇਆ ਕਿੱਦਾਂ? ਉਸ ਕਹਿਣਾ, ‘ਮੱਲੋ, ਤੁਰਦੇ-ਤੁਰਦੇ ਜਦੋਂ ਊਂਘ ਆ ਗਈ ਤਾਂ ਖੇਸ ਦੀ ਬੁੱਕਲ ਢਿੱਲੀ ਹੋ ਗਈ। ਸੁੱਤ ਉਨੀਂਦੇ ਵਿਚ ਹੀ ਮੈਂ ਬੁੱਕਲ ਫੇਰ ਮਾਰ ਲਈ। ਇੱਦਾਂ ਕਰਦੇ ਦਾ ਮੂੰਹ ਪਿਛਲੇ ਪਾਸੇ ਨੂੰ ਭਉਂ ਗਿਆ। ਬੱਸ, ਮੈਂ ਸਹੁਰੇ ਘਰ ਜਾਣ ਦੀ ਥਾਂ ਵਾਪਸ ਪਿੰਡ ਆ ਗਿਆ।’
ਇਸ ਬੁੜ੍ਹੇ ਨੂੰ ਇਕ ਹੋਰ ਆਦਤ ਸੀ। ਗਰਮੀਆਂ ਦੀ ਤਿੱਖੜ ਦੁਪਹਿਰ ਜਦੋਂ ਲੋਕ ਦਰਖਤਾਂ ਦੀ ਛਾਂਵੇਂ ਬੈਠੇ ਬਾਰਾਂ ਟਾਹਣੀ ਜਾਂ ਤਾਸ਼ ਖੇਡ ਰਹੇ ਹੁੰਦੇ ਜਾਂ ਵਾਣ ਵੱਟ ਰਹੇ ਹੁੰਦੇ ਜਾਂ ਸੁਸਤਾ ਰਹੇ ਹੁੰਦੇ, ਉਹ ਤੂੜੀ ਵਾਲੇ ਕੋਠੇ ਵਿਚ ਰਜਾਈ ਲੈ ਕੇ ਪਿਆ ਹੁੰਦਾ। ਉਸ ਨੂੰ ਪੁੱਛਣਾ ਕਿ ਉਹ ਇੱਦਾਂ ਕਿਉਂ ਕਰਦਾ ਹੈ? ਉਸ ਕਹਿਣਾ, ‘ਮੱਲੋ, ਜਦੋਂ ਸਰੀਰ ਗਰਮੀ ਨਾਲ ਪੂਰੀ ਤਰ੍ਹਾਂ ਭਿੱਜ ਜਾਂਦੈ, ਉਦੋਂ ਰਜਾਈ ਦਾ ਪੱਲਾ ਰਤਾ ਕੁ ਚੁੱਕਣ ਉਤੇ ਜਿਹੜੀ ਹਵਾ ਆਉਂਦੀ ਹੈ, ਉਸ ਵਰਗੀ ਠੰਢੀ ਹਵਾ ਹੋਰ ਕੋਈ ਨਹੀਂ ਹੁੰਦੀ ਤੇ ਉਸ ਵਰਗਾ ਸੁਆਦ ਹੋਰ ਕੋਈ ਨਹੀਂ ਹੁੰਦਾ।’
ਇਸ ਕੰਧ ਉਤੇ ਬੈਠਿਆਂ ਹੀ ਨੌਜਵਾਨ ਸਭਾਵਾਂ ਦੀ ਕਈ ਵਾਰ ਸਥਾਪਨਾ ਕੀਤੀ ਗਈ। ਕਿਸੇ ਵੇਲੇ ਵੀ ਬਾਕਾਇਦਾ ਮੀਟਿੰਗ ਸੱਦਣ ਦੀ ਲੋੜ ਨਹੀਂ ਸੀ ਪੈਂਦੀ। ਹਰ ਵਾਰੀ ਹੀ ਆਪਣੇ ਆਪ ਇਕੱਠੇ ਹੋਏ ਮੁੰਡੇ ਫੈਸਲਾ ਕਰ ਲੈਂਦੇ ਕਿ ਚਲੋ ਨੌਜਵਾਨ ਸਭਾ ਬਣਾਈਏ। ਉਸੇ ਵੇਲੇ ਪ੍ਰਧਾਨ ਤੇ ਸਕੱਤਰ ਚੁਣ ਲਏ ਜਾਂਦੇ। ਉਸੇ ਵੇਲੇ ਹੀ ਫੈਸਲਾ ਕਰ ਲਿਆ ਜਾਂਦਾ ਕਿ ਸਭਾ ਨੇ ਕਿਹੜਾ ਕੰਮ ਕਰਨਾ ਹੈ। ਬਹੁਤੀ ਵਾਰੀ ਤਾਂ ਪਿੰਡ ਦੀ ਫਿਰਨੀ ਜਿਹੜੀ ਕੱਚੀ ਹੀ ਹੁੰਦੀ ਸੀ, ਉਤੇ ਮਿੱਟੀ ਪਾਉਣ ਦਾ ਕੰਮ ਕੀਤਾ ਜਾਂਦਾ ਸੀ।
ਫਿਰਨੀ ਉਤੇ ਗੱਡੇ ਅਤੇ ਹੋਰ ਵਾਹਨ ਲੰਘਣ ਕਾਰਨ, ਖਾਸ ਕਰ ਕੇ ਬਰਸਾਤਾਂ ਦੇ ਦਿਨੀਂ ਚਿੱਕੜ ਹੋ ਜਾਂਦਾ ਸੀ। ਪਿੰਡ ਦੀਆਂ ਬਾਕੀ ਗਲੀਆਂ ਲਗਭਗ ਪੱਕੀਆਂ ਸਨ। ਇਸੇ ਲਈ ਲੈ-ਦੇ ਕੇ ਕੱਚੀ ਫਿਰਨੀ ਉਤੇ ਮਿੱਟੀ ਪਾਉਣ ਦਾ ਕੰਮ ਹੀ ਰਹਿ ਜਾਂਦਾ। ਅਗਲੇ ਦਿਨ ਹੀ ਕਿਸੇ ਨਾ ਕਿਸੇ ਦੀ ਟਰਾਲੀ ਮੰਗ ਲਈ ਜਾਂਦੀ ਤੇ ਸਾਰੇ ਜਣੇ ਰਲ ਕੇ ਬਾਬਿਆਂ ਦੀ ਹੀ ਵੱਟ ਤੋਂ ਮਿੱਟੀ ਲਿਆ-ਲਿਆ ਕੇ ਫਿਰਨੀ ਉਤੇ ਪਾਉਣ ਲਗਦੇ। ਦਿਹਾੜੀ ਵਿਚ ਹੀ ਇਹ ਕੰਮ ਸਿਰੇ ਚੜ੍ਹ ਜਾਂਦਾ। ਅਗਲੇ ਕਈ ਦਿਨ ਕੀਤੇ ਗਏ ਕੰਮ ਦੀ ਚਰਚਾ ਚਲਦੀ ਰਹਿੰਦੀ।
ਜਾਂ ਫਿਰ ਬਾਬਿਆਂ ਦੀ ਕੰਧ ਉਤੇ ਬਣੀ ਨੌਜਵਾਨ ਸਭਾ ਕੋਈ ਨਾ ਕੋਈ ਟੂਰਨਾਮੈਂਟ ਕਰਵਾਉਣ ਦਾ ਫੈਸਲਾ ਕਰ ਲੈਂਦੀ। ਵੈਸੇ ਤਾਂ ਕਦੇ-ਕਦੇ ਫੁਟਬਾਲ ਦਾ ਟੂਰਨਾਮੈਂਟ ਵੀ ਹੁੰਦਾ, ਪਰ ਬਹੁਤੀ ਵਾਰੀ ਕਬੱਡੀ ਦਾ ਹੀ ਟੂਰਨਾਮੈਂਟ ਕਰਵਾਇਆ ਜਾਂਦਾ। ਇਸ ਦਾ ਕਾਰਨ ਇਹ ਸੀ ਕਿ ਫੁਟਬਾਲ ਲਈ ਲੋੜੀਂਦੀ ਗਰਾਊਂਡ ਪਿੰਡ ਕੋਲ ਨਹੀਂ ਸੀ। ਕਬੱਡੀ ਲਈ ਤਾਂ ਕਿਸੇ ਵੀ ਖੇਤ ਦਾ ਵਾਹਣ ਵਰਤ ਲਿਆ ਜਾਂਦਾ ਸੀ। ਅਗਲੀ ਵਾਰੀ ਇਮਤਿਹਾਨਾਂ ਦਾ ਸਮਾਂ ਲੰਘਣ ਮਗਰੋਂ ਫਿਰ ਨਵੀਂ ਸਭਾ ਬਣ ਜਾਂਦੀ। ਇਹ ਸਿਲਸਿਲਾ ਲਗਾਤਾਰ ਚਲਦਾ ਰਿਹਾ। ਇਕ ਵਾਰੀ ਮੈਂ ਵੀ ਸਭਾ ਦਾ ਜਨਰਲ ਸਕੱਤਰ ਚੁਣਿਆ ਗਿਆ ਸਾਂ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਸੀ। ਇਹ ਸੰਨ 1971-72 ਦੀ ਗੱਲ ਹੈ।
ਬਾਬਿਆਂ ਦੀ ਕੰਧ ਹਾਲਾਂਕਿ ਪਿੰਡ ਦਾ ਪੰਚਾਇਤ ਘਰ ਨਹੀਂ ਸੀ, ਪਰ ਇਹ ਨੌਜਵਾਨਾਂ ਦੀ ਪਾਰਲੀਮੈਂਟ ਜ਼ਰੂਰ ਸੀ। ਇਸ ਪਾਰਲੀਮੈਂਟ ਵਿਚ ਭਾਵੇਂ ਅੱਜ ਕੱਲ੍ਹ ਦੀ ਭਾਰਤੀ ਪਾਰਲੀਮੈਂਟ ਵਾਂਗ ਜੂਤ-ਪਤਾਣ ਨਹੀਂ ਚਲਦਾ, ਪਰ ਕਦੇ-ਕਦੇ ਹਲਕੇ-ਫੁਲਕੇ ਝਗੜੇ ਜ਼ਰੂਰ ਹੋ ਜਾਂਦੇ ਸਨ। ਫਿਰ ਵੀ ਕਦੇ ਲੜਾਈ ਗੰਭੀਰ ਰੂਪ ਧਾਰਨ ਨਹੀਂ ਸੀ ਕਰਦੀ। ਬਹੁਤੀ ਵਾਰੀ ਇਹ ਲੜਾਈ ਕਿਸੇ ਨਿੱਕੀ ਜਿਹੀ ਗੱਲ ਤੋਂ ਹੀ ਸ਼ੁਰੂ ਹੁੰਦੀ ਸੀ। ਕਦੇ-ਕਦੇ ਹੂਰੋ-ਮੁੱਕੀ ਵੀ ਹੋ ਜਾਂਦੀ, ਪਰ ਬਾਕੀ ਦੇ ਮੁੰਡੇ ਨਾਲ ਹੀ ਰਾਜ਼ੀਨਾਵਾਂ ਕਰਵਾ ਲੈਂਦੇ, ਜਾਂ ਫਿਰ ਕਈ ਵਾਰੀ ਕੁਸ਼ਤੀਆਂ ਕਰ ਕੇ ‘ਕੱਟਾ ਕੱਟੀ ਕੱਢਣ’ ਦੀ ਸਕੀਮ ਬਣ ਜਾਂਦੀ ਸੀ। ਕੁਸ਼ਤੀ ਲਈ ਦਿਨ ਵੀ ਮਿੱਥ ਲਿਆ ਜਾਂਦਾ ਸੀ।
ਲੋਹੜੀ ਤੋਂ ਕਈ ਦਿਨ ਪਹਿਲਾਂ ਬਾਬਿਆਂ ਦੀ ਇਸ ਕੰਧ ਉਤੇ ਬੈਠ ਕੇ ਸਕੀਮਾਂ ਬਣਦੀਆਂ ਸਨ ਕਿ ਲੋਹੜੀ ਵਾਲੇ ਦਿਨ ਕਿਸ ਦੀਆਂ ਕਾਨਿਆਂ ਦੀਆਂ ਪੂਲੀਆਂ, ਕਿਸ ਦੇ ਘਰ ਮੂਹਰੇ ਪਿਆ ਲੱਕੜ ਦਾ ਮੁੱਢ, ਕਿਸ ਦੀਆਂ ਪੁਰਾਣੀਆਂ ਖਿੜਕੀਆਂ ਜਾਂ ਦਰਵਾਜ਼ੇ, ਕਿਸ ਦੀ ਕੋਈ ਲੱਕੜ ਚੋਰੀ ਕਰ ਕੇ ਲਿਆਉਣੀ ਹੈ। ਇਹ ਸਾਮਾਨ ਪਹਿਲਾਂ ਹੀ ‘ਨਜ਼ਰ ਹੇਠ’ ਰੱਖਿਆ ਜਾਂਦਾ ਸੀ।
ਇੰਨੀ ਇਤਿਹਾਸਕ ਕੰਧ ਕਿਥੇ ਗਈ? ਬੇਟੀ ਦੇ ਇਸ ਸਵਾਲ ਦੇ ਜਵਾਬ ਵਿਚ ਮੈਂ ਦੱਸਦਾ ਹਾਂ ਕਿ ਸਮੇਂ ਦੇ ਗੇੜ ਵਿਚ ਤਾਂ ਕਿਲ੍ਹੇ ਤਕ ਢਹਿ ਜਾਂਦੇ ਹਨ, ਇਕ ਬੇਚਾਰੀ ਕੰਧ ਦੀ ਕੀ ਮਜਾਲ ਹੈ? ਵੈਸੇ ਵੀ ਸ਼ਹਿਰ ਦੇ ਨੇੜੇ ਆਉਣ ਕਰ ਕੇ ਹੁਣ ਮੇਰੇ ਪਿੰਡ ਦੀ ਨੁਹਾਰ ਬਦਲ ਰਹੀ ਹੈ। ਸਮੇਂ ਦੀ ਮਾਰ ਨੇ ਬਾਬਿਆਂ ਦੀ ਕੰਧ ਵੀ ਢਾਹ ਦਿੱਤੀ ਹੈ, ‘ਬਾਬਿਆਂ ਦੀ ਵੱਟ’ (ਟਿੱਬਾ) ਵੀ ਚੁੱਕੀ ਗਈ ਹੈ ਤੇ ਬਾਬਿਆਂ ਦੀ ਜ਼ਮੀਨ ਦੇ ਵੀ ਪਲਾਟ ਕੱਟੇ ਜਾਣ ਲੱਗੇ ਹਨ।
(ਚਲਦਾ)
Leave a Reply