ਪਲੇਠਾ ‘ਢਾਹਾਂ ਕੌਮਾਂਤਰੀ ਪੰਜਾਬੀ ਸਾਹਿਤ ਇਨਾਮ’ ਨਾਵਲਕਾਰ/ਕਹਾਣੀਕਾਰ ਅਵਤਾਰ ਸਿੰਘ ਬਿਲਿੰਗ ਨੂੰ ਉਨ੍ਹਾਂ ਦੇ ਨਾਵਲ ‘ਖਾਲੀ ਖੂਹਾਂ ਦੀ ਕਥਾ’ ਲਈ ਮਿਲਿਆ ਹੈ। ਅਗਾਂਹ ਤੋਂ ਹਰ ਸਾਲ ਦਿੱਤਾ ਜਾਣ ਵਾਲਾ ਇਹ 25 ਹਜ਼ਾਰ ਕੈਨੇਡੀਅਨ ਡਾਲਰ ਦਾ ਇਨਾਮ ਗਲਪ ਰਚਨਾ ਲਈ ਹੈ। ਇਸ ਤੋਂ ਇਲਾਵਾ 5-5 ਹਜ਼ਾਰ ਦੇ ਦੋ ਇਨਾਮ ਹੋਰ ਵੀ ਸ਼ੁਰੂ ਕੀਤੇ ਗਏ ਹਨ। ਇਹ ਇਨਾਮ ਐਤਕੀਂ ਕਹਾਣੀਕਾਰ ਜਸਬੀਰ ਭੁੱਲਰ ਦੇ ਕਹਾਣੀ ਸੰਗ੍ਰਹਿ ‘ਇਕ ਰਾਤ ਦਾ ਸਮੁੰਦਰ’ ਅਤੇ ਜ਼ੁਬੈਰ ਅਹਿਮਦ ਦੇ ਕਹਾਣੀ ਸੰਗ੍ਰਹਿ ‘ਕਬੂਤਰ, ਬਨੇਰੇ ਤੇ ਗਲੀਆਂ’ ਨੂੰ ਦਿੱਤੇ ਗਏ ਹਨ। ਇਸ ਵਾਰ ਅਸੀਂ ਅਵਤਾਰ ਸਿੰਘ ਬਿਲਿੰਗ ਦੇ ਨਾਵਲ ‘ਖਾਲੀ ਖੂਹਾਂ ਦੀ ਕਥਾ’ ਦਾ ਇਕ ਕਾਂਡ ‘ਝੋਰਾ ਉਮਰਾਂ ਦਾ’ ਆਪਣੇ ਪਾਠਕਾਂ ਲਈ ਛਾਪ ਰਹੇ ਹਾਂ। ਇਸ ਨਾਵਲ ਵਿਚ ਲੇਖਕ ਨੇ ਕਈ ਪੀੜ੍ਹੀਆਂ ਦਾ ਸੱਚ ਬਿਆਨ ਕੀਤਾ ਗਿਆ ਹੈ। ਹਰ ਪੀੜ੍ਹੀ ਆਪਣੇ ਤੋਂ ਪਹਿਲੀ ਪੀੜ੍ਹੀ ਨਾਲ ਖਹਿੰਦੀ-ਖਹਿਬੜਦੀ ਤੇ ਖੁਰਦੀ-ਜੁੜਦੀ ਆਪੋ-ਆਪਣਾ ਸੱਚ ਉਜਾਗਰ ਕਰਦੀ ਹੈ। ਇਸ ਨਾਵਲ ਵਿਚ ਪੰਜਾਬ ਦਾ ਪਿੰਡ ਬੜੇ ਦਰਸ਼ਨੀ ਰੂਪ ਵਿਚ ਪੇਸ਼ ਹੋਇਆ ਹੈ। ਅਗਲੇ ਅੰਕਾਂ ਵਿਚ ਜਸਬੀਰ ਭੁੱਲਰ ਅਤੇ ਜ਼ੁਬੈਰ ਅਹਿਮਦ ਦੀਆਂ ਰਚਨਾਵਾਂ ਨਾਲ ਵੀ ਜਾਣ-ਪਛਾਣ ਕਰਵਾਈ ਜਾਵੇਗੀ। -ਸੰਪਾਦਕ
ਅਵਤਾਰ ਸਿੰਘ ਬਿਲਿੰਗ
ਅਸੀਂ ਆਪਣੀ ਕਬੀਲਦਾਰੀ ਦੇ ਰੁਝੇਵਿਆਂ ਵਿਚ ਉਲਝ ਗਏ। ਮਿੱਠੀ ਨਾਨੀ ਹੁਣ ਜ਼ਿਆਦਾ ਆਪਣੀ ਧੀ ਕੋਲ ਠੀਕਰੀਵਾਲ ਰਹਿੰਦੀ। ਉਹ ਅਤੇ ਗਿਆਨੋ ਮਾਸੀ ਸਾਨੂੰ ਕਾਫੀ ਅਰਸੇ ਬਾਅਦ ਨਾਨਾ ਚਰਨ ਸਿੰਘ ਦੇ ਭੋਗ ਮੌਕੇ ਹੀ ਮਿਲੀਆਂ। ਵੱਡਾ ਨਾਨਾ ਉਂਜ ਆਪਣੇ ਪੋਤਰੇ ਅਨੂਪੇ ਸਰੂਪੇ ਦੇ ਵਿਆਹ ਵੀ ਵੇਖ ਗਿਆ ਸੀ। ਵਿਆਹਾਂ ਮਗਰੋਂ ਮਾਮਿਆਂ ਨੇ ਅਖੰਡ ਪਾਠ ਕਰਾਇਆ ਸੀ। ਉਹ ਖੁਸ਼ੀ ਦਾ ਅਖੰਡ ਪਾਠ ਨਾਨਾ ਚਰਨ ਸਿੰਘ ਦੀ ਖੁਸ਼ੀ ਦਾ ਸਿਖਰ ਸੀ ਜਿਸ ਤੋਂ ਡੇਢ ਸਾਲ ਮਗਰੋਂ ਉਹ ਚੱਲ ਵਸਿਆ। ਉਸ ਵੱਲੋਂ ਹਫ਼ਤੇ ਦਸ ਦਿਨ ਪਿਛੋਂ ਅਕਸਰ ਲਈ ਜਾਂਦੀ ਛੋਟੀ ਹਰੜ ਤੇ ਸੁੰਢ, ਨਮਕ ਦੀ ਫੱਕੀ ਇਸ ਵਾਰ ਔਸ਼ਧੀ ਦੀ ਥਾਂ ਜ਼ਹਿਰ ਸਾਬਤ ਹੋਈ। ਕਬਜ਼ ਹਟਾਉਂਦੇ ਨਾਨੇ ਨੂੰ ਦਸਤ ਲੱਗ ਗਏ। ਉਸ ਦਾ ਅੰਦਰ ਧੋਤਾ ਗਿਆ। ਉਹ ਨਿਢਾਲ ਰਹਿੰਦਾ। ਛੋਟੀ ਮਾਮੀ ਗੁਰਬਿੰਦਰ ਕੌਰ ਹੀ ਉਸ ਨੂੰ ਨੁਹਾਉਂਦੀ। ਦਲਬੀਰ ਕੌਰ ਤਾਂ ਅਨੂਪੇ ਦੇ ਵਿਆਹ ਮਗਰੋਂ ਹੋਰ ਵੀ ਇਕੱਲੀ ਮਹਿਸੂਸ ਕਰਦੀ। ਦੋ ਦਹਾਕੇ ਪਹਿਲਾਂ ਚੱਲੇ ਮੁਕੱਦਮੇ ਨੇ ਅਸਲ ਵਿਚ ਉਸ ਨੂੰ ਨਿਰਮੋਹੀ ਬਣਾ ਦਿੱਤਾ ਸੀ। ਮਾਮਿਆਂ ਦਾ ਸਮੁੱਚਾ ਪਰਿਵਾਰ ਜਿਵੇਂ ਉਸ ਨਾਲ ਮੁੜ ਕੇ ਮੂਲੋਂ ਭਿੱਜਿਆ ਨਹੀਂ। ‘ਸਾਡੀ ਦਲਬੀਰ ਕੌਰ, ਸਾਡੀ ਵੱਡੀ ਨੂੰਹ’ ਕਰਦੇ ਹਰ ਇਕ ਸਾਹ ਨਾਲ ਉਸ ਦਾ ਨਾਂ ਲੈਣ ਵਾਲੇ ਦੋਵੇਂ ਨਾਨੇ, ਜਿਵੇਂ ਉਸ ਨਾਲ ਸਦਾ ਲਈ ਰੁੱਸ ਗਏ ਹੋਣ।
ਅਨੂਪੇ ਤੋਂ ਛੋਟੀ ਰੂਪਕੰਵਰ ਕਚਹਿਰੀ ਵਿਚ ਸਮਝੌਤਾ ਹੋਣ ਤੋਂ ਸੱਤ ਵਰ੍ਹੇ ਮਗਰੋਂ ਜਨਮੀ ਸੀ। ਉਂਜ ਮਾਮਾ ਬਚਿੱਤਰ ਸਿੰਘ ਘੱਟ ਹੀ ਘਰ ਵੜਦਾ ਰਿਹਾ ਸੀ। ਜਦੋਂ ਵੇਲੇ-ਕੁਵੇਲੇ ਆਉਂਦਾ ਤਾਂ ਦੁਰਲੱਭ ਸਿੰਘ ਦੇ ਛੋਟੇ ਮੁੰਡੇ ਦਿਲਪ੍ਰੀਤ ਨਾਲ ਖੇਡੇ ਪਿਆ, ਦਲਬੀਰੋ ਮਾਮੀ ਨੂੰ ਆਪਣੀ ਰੂਪੀ ਵੱਲ ਘੱਟ ਤਵਜੋ ਦਿਖਾਉਂਦਾ ਪ੍ਰਤੀਤ ਹੁੰਦਾ ਜਿਵੇਂ ਉਹ ਉਸ ਦੀ ਧੀ ਨਾ ਹੋਵੇ। ਖੂਹ ਉਤੇ ਵੱਸਦੀ ਰੇਸ਼ਮਾ ਵੀ ਮਾਮੀ ਨੂੰ ਆਪਣੀ ਸੌਕਣ ਜਾਪਦੀ ਜਿਹੜੀ ਵੇਲੇ-ਕੁਵੇਲੇ ਬਚਿੱਤਰ ਸਿੰਘ ਨੂੰ ਰੋਟੀਆਂ ਲਾਹ ਕੇ ਖਵਾਉਂਦੀ, ਉਥੇ ਹੀ ਮੰਜਾ ਡਾਹ ਦਿੰਦੀ। ਦਿਲ ਕਰਦਾ, ਉਹ ਗੁੱਜਰਾਂ ਦੀਆਂ ਛੰਨਾਂ ਵਿਚ ਸੌਂ ਜਾਂਦਾ। ਮੀਟ-ਮੁਰਗੇ ਤੇ ਆਂਡਿਆਂ ਤੋਂ ਮਨ ਅੱਕਿਆ ਜਾਪਦਾ, ਤਾਂ ਹੁਕਮਾ ਕੋਈ ਤਿੱਤਰ-ਬਟੇਰਾ ਫੁੰਡ ਲੈਂਦਾ। ਨਹਿਰ ਤੋਂ ਮੱਛੀਆਂ ਫੜ ਲਿਆਉਂਦਾ। ਚੜ੍ਹਦੇ ਸਿਆਲ ਬਚਿੱਤਰ ਸਿੰਘ ਆਪਣੇ ਸਾਥੀ ਯੂਸਫ਼ ਗੁੱਜਰ ਅਤੇ ਲਾਲਾ ਰਾਮ ਸ਼ਰਨ ਨਾਲ ਦੁਨਾਲੀ ਲਹਿਰਾਉਂਦਾ, ਮੰਡ ਵੱਲ ਸ਼ਿਕਾਰ ਖੇਡਣ ਲਈ ਚੜ੍ਹਦਾ। ਕਰਿਆਨੇ ਦੀ ਹੱਟੀ ਸਮੇਤ ਹਲਵਾਈ ਦਾ ਧੰਦਾ ਚਲਾਉਂਦਾ ਰਾਮ ਸ਼ਰਨ ਖੱਤਰੀ ਕਰਾਰਾ ਮਿਰਚ ਮਸਾਲਾ ਪਾ ਕੇ ਜੰਗਲੀ ਸੂਰ ਦਾ ਅਚਾਰ ਪਾ ਲੈਂਦਾ ਜਿਹੜਾ ਸਾਰਾ ਸਿਆਲ ਨਾ ਮੁੱਕਦਾ।
ਨਾਨਾ ਚਰਨ ਸਿੰਘ ਦੀ ਉਮਰ ਬਾਰੇ ਤਾਂ ਨਹੀਂ, ਮਰਨ ਦੇ ਮੌਕੇ ਬਾਰੇ ਕੀਤੀ ਜੋਤਸ਼ੀ ਦੀ ਭਵਿੱਖਵਾਣੀ ਜ਼ਰੂਰ ਸੱਚੀ ਸਾਬਤ ਹੋਈ ਸੀ। ਅਖੇ, ਮਰਨੇ ਕੀ ਚਿੰਤਾ ਮੱਤ ਕਰਨੀ ਸਰਦਾਰ ਚਰਨ ਸਿਹੁੰ। ਕਿਸੀ ਪੀੜਾ ਕੇ ਬਗੈਰ, ਬਿਨਾਂ ‘ਹਾਏ’ ਕਹਿਨੇ ਕੇ, ਆਪ ਇਕ ਦਮ ਇਸ ਪਾਂਚ ਭੌਤਿਕ ਸਰੀਰ ਕੋ ਛੋੜ ਜਾਓਗੇ।’ ਛੋਟੀ ਮਾਮੀ ਦੇ ਦੱਸਣ ਅਨੁਸਾਰ ਅੰਤ ਇੰਜ ਹੀ ਹੋਇਆ। ਜੇਠ ਦੀ ਕੜਕਦੀ ਦੁਪਹਿਰ ਨੂੰ ਵੱਡੇ ਨਾਨੇ ਨੇ ਖੰਡ ਘਿਓ ਨਾਲ ਰੋਟੀ ਖਾਧੀ। ਕੁਝ ਸਮੇਂ ਬਾਅਦ ਉਹਨੂੰ ਗਰਮੀ ਮਹਿਸੂਸ ਹੋਈ। ਮਾਮੀ ਗੁਰਬਿੰਦਰ ਕੌਰ ਨੇ ਅਨੂਪੇ ਨੂੰ ਹਾਕ ਮਾਰੀ ਤਾਂ ‘ਬਾਪੂ’ ਨੂੰ ਨੁਹਾਇਆ ਜਾਵੇ।
‘ਸਿਆਣੇ ਨੂੰ ਜੇਠ ਦੀ ਤਪਸ਼ ਤੜਫਾਉਂਦੀ ਜਾਂ ਪੋਹ ਮਾਘ ਦਾ ਪਾਲਾ’ ਆਖਦੀ ਅਨੂਪੇ ਦੀ ਵਹੁਟੀ ਕਿਰਨਬੀਰ ਵੀ ਕੋਲ ਆ ਗਈ। ਤਿੰਨਾਂ ਨੇ ਚਰਨ ਸਿੰਘ ਨੂੰ ਨੁਹਾ ਕੇ ਨੇੜਲੇ ਮੰਜੇ ਉਪਰ ਬਿਠਾਇਆ ਹੀ ਸੀ। ਅਜੇ ਉਸ ਦੇ ਗਿੱਲੇ ਪਿੰਡੇ ਉਤੇ ਤੌਲੀਆ ਫੇਰ ਰਹੇ ਸਨ। ਅਨੂਪੇ ਦੀ ਦੋ ਸਾਲ ਦੀ ਬੇਟੀ ਸੁੱਖ ਮੰਜੇ ਦੀ ਬਾਹੀ ਫੜ ਕੇ ‘ਬਾਪੂ-ਬਾਪੂ’ ਕਰਦੀ ਉਪਰ ਚੜ੍ਹਨ ਦੀ ਸਿਰਤੋੜ ਕੋਸ਼ਿਸ਼ ਕਰ ਰਹੀ ਸੀ, ਜਦੋਂ ਆਲ-ਮਾਲ ਹੋਇਆ ਵੱਡਾ ਨਾਨਾ ਇਨ੍ਹਾਂ ਤਿੰਨਾਂ ਦੇ ਹੱਥਾਂ ਵਿਚ ਹੀ ਇਕ ਪਾਸੇ ਨੂੰ ਲੁੜਕ ਗਿਆ। ਸਿੱਧਾ ਕਰ ਕੇ, ਮੰਜੇ ਉਪਰ ਪਾਇਆ ਤਾਂ ਭੌਰ ਉਡਾਰੀ ਮਾਰ ਚੁੱਕਾ ਸੀ। ਫੌਜੀ ਮਾਮੇ ਦਾ ਛੋਟਾ ਮੁੰਡਾ ਦਿਲਪ੍ਰੀਤ ਭੱਜ ਕੇ ਕਿਲ੍ਹੇ ਵਾਲੇ ਡਾਕਟਰ ਨੂੰ ਬੁਲਾ ਲਿਆਇਆ ਜਿਸ ਨੇ ਨਬਜ਼ ਫੜਦਿਆਂ ਸਿਰ ਫੇਰ ਦਿੱਤਾæææ
æææ ਨਾਨਾ ਚਰਨ ਸਿੰਘ ਦੇ ਭੋਗ ਮੌਕੇ ਮਿਲੀ ਮਿੱਠੀ ਨੇ ਮੈਨੂੰ ਭੱਜ ਕੇ ਜੱਫ਼ੀ ਪਾ ਲਈ। ਉਹ ਕਾਫੀ ਲਿੱਸੀ ਲੱਗਦੀ ਸੀ, ਸੁੰਦਰ ਚਿਹਰੇ ਦੀ ਚਮਕ ਅਤੇ ਮੁਸਕਣੀ ਬੇਸ਼ੱਕ ਉਵੇਂ ਬਰਕਰਾਰ ਸੀ। ਧਿਆਨ ਨਾਲ ਦੇਖਿਆਂ, ਉਸ ਦੀਆਂ ਖੂਬਸੂਰਤ ਅੱਖਾਂ ਵਿਚੋਂ ਗੁੱਝਾ ਗਮ ਝਲਕਦਾ। ਨਾਨੀ ਦੀ ਗਲਵਕੜੀ ਢਿੱਲੀ ਪਈ ਤਾਂ ਮੈਂ ਕੋਲ ਖੜੋਤੀ ਗਿਆਨੋ ਮਾਸੀ ਦੇ ਪੈਰੀਂ ਹੱਥ ਲਾਇਆ।
“ਮੇਰਾ ਜਨਮ ਤਾਂ ਜਮ੍ਹਾਂ ਨਿਹਫਲ ਗਿਐ ਪਾਸ਼ੀ ਪੁੱਤਰ।” ਨਾਨੀ ਦੀ ਡੁਸਕਦੀ ਆਵਾਜ਼ ਆਈ। “ਧੋਬੀ ਦਾ ਕੁੱਤਾ ਨਾ ਘਰ ਦਾ, ਨਾ ਘਾਟ ਦਾ।” ਉਸ ਦਾ ਅੰਦਰ ਜਿਵੇਂ ਹਉਕਿਆਂ ਨਾਲ ਭਰਿਆ ਹੋਵੇ।
ਪ੍ਰਾਹੁਣਾ ਕੇਵਲ ਸਿੰਘ ਉਸ ਨੂੰ ਦਬੱਲ-ਦੜਕ ਦਿੰਦਾ ਤਾਂ ਉਹ ਰਾਏਪੁਰ ਆ ਕੇ ਆਪਣਾ ਬੰਦ ਕਮਰਾ ਖੋਲ੍ਹਦੀ। ਅੰਦਰ ਬਾਹਰ ਦੀ ਇਕੱਲ ਇਥੇ ਵੀ ਨਾ ਟਿਕਣ ਦਿੰਦੀ, ਤਾਂ ਮੁੜ ਠੀਕਰੀਵਾਲ ਦਾ ਰੁਖ ਕਰਦੀ। ਅੱਜ ਉਹ ਸਾਡੀ ਛੋਟੀ ਮਾਸੀ ਅਤੇ ਮਸੇਰ ਗੁਰਮੋਹਨ-ਗੁਰਸੋਹਨ ਦੀ ਹਾਜ਼ਰੀ ਵਿਚ ਬੇਝਿਜਕ ਉਧੜਦੀ ਗਈ।
ਕੇਵਲ ਸਿੰਘ ਵਿਚ ਜਿਹੜਾ ਭੈੜ ਸੀ, ਉਸ ਬਾਰੇ ਤਾਂ ਗਿਆਨੋ ਮਾਸੀ ਦੇ ਵਿਆਹ ਤੋਂ ਬਾਅਦ ਮੁੜਦੀ ਗੱਡੀ ਆਉਣ ਮੌਕੇ ਹੀ ਚਾਨਣ ਹੋ ਗਿਆ ਸੀ। ਹੁਣ ਤਾਂ ਉਹਦੇ ਮਾਂ ਪਿਓ ਨਛੱਤਰ ਕੌਰ ਅਤੇ ਦਿਆਲ ਸਿੰਘ ਵੀ ਮਰ-ਮੁੱਕ ਚੁੱਕੇ ਸਨ। ਦੋਹਾਂ ਦੇ ਮਰਨੇ ਨੂੰ ਵੱਡਾ ਕਰਨ ਲਈ ਸਾਡੇ ਦੋਵੇਂ ਮਾਮੇ ਗੱਜ-ਵੱਜ ਕੇ ਹਾਜ਼ਰ ਹੋਏ ਅਤੇ ਸਕੇ-ਸੋਧਰਿਆਂ ਨਾਲੋਂ ਵੀ ਵਧ ਕੇ ਕੜੇ-ਮੁੰਦਰੀਆਂ ਪਾ ਆਏ ਸਨ। ਵੱਡੇ ਗੁਰਮੋਹਨ ਦੀ ਨਾਨਕ ਛੱਕ ਪੂਰੇ ਟੌਅਰ ਨਾਲ ਪੂਰੀ ਸੀ। ਵੱਡੇ ਭਾਣਜੇ ਅਤੇ ਭਾਣਜ-ਨੂੰਹ ਨਵਜੋਤ ਨੂੰ ਪਾਏ ਜ਼ੇਵਰਾਂ ਤੋਂ ਇਲਾਵਾ ਆਪਣੀ ਛੋਟੀ ਭੈਣ ਦੀ ਮੰਨ-ਮਨਾਉਤੀ ਕਰਦਿਆਂ ਉਸ ਨੂੰ ਘਰ ਦੀ ਪਾਲੀ ਦਰਸ਼ਨੀ ਝੋਟੀ ਵੀ ਦਿੱਤੀ ਸੀ।
“ਫੇਰ ਹੁਣ ਫਰਕ ਕੀ ਰਹਿ ਗਿਐ ਨਾਨੀ ਜੀ?” ਮੈਂ ਪੁੱਛਿਆ।
“ਵੇ ਕਾਕਾ, ਮੇਰਾ ਹੱਕ ਤਾਂ ਨਹੀਂ ਮਿਲਿਆ। ਏਹ ਤਾਂ ਸਾਰੀ ਲਿੱਪਾ-ਪੋਚੀ ਹੈ। ਤੂੰ ਏਹ ਦੱਸ, ਬਈ ਕਦੇ ਟਾਹਣੀਆਂ ਨੂੰ ਛਿੱਟੇ ਮਾਰਿਆਂ ਤੋਂ ਵੀ ਰੁੱਖ ਸਿੰਜ ਹੋਇਐ?”
ਨਾਨੀ ਦੀ ਤਾਰ ਉਥੇ ਹੀ ਖੜਕਦੀ। ਮੈਂ ਉਸ ਨੂੰ ਨੇੜੇ ਪਏ ਮੰਜੇ ਉਪਰ ਬੈਠਣ ਦਾ ਇਸ਼ਾਰਾ ਕੀਤਾ। ਉਸ ਨੂੰ ਸ਼ਾਂਤ ਕਰਨਾ ਜ਼ਰੂਰੀ ਸੀ।
ਜੇ ਗਿਆਨੋ ਨੂੰ ਉਹਦਾ ਹੱਕ ਮਿਲ ਜਾਂਦਾ ਤਾਂ ਸਹੁਰੇ ਘਰ ਵਿਚ ਉਸ ਦੀ ਸੋਭਾ ਹੋਣੀ ਸੀ। ਕੇਵਲ ਸਿੰਘ ਵੀ ਦਾਰੂ ਪੀਣ ਵੱਲੋਂ ਕੁਝ ਸੰਭਲ ਗਿਆ ਹੁੰਦਾ। ਗੁਰਮੋਹਨ, ਗੁਰਸੋਹਨ ਦੇ ਦਾਦੇ ਨੇ ਵੀ ਰਿਚ-ਰਿਚ ਕੇ ਨਹੀਂ ਸੀ ਮਰਨਾ। ਸੂਬੇਦਾਰ ਨੂੰ ਅਸਲ ਵਿਚ ਇਧਰਲੀ ਝਾਕ ਅਤੇ ਪਛਤਾਵੇ ਨੇ ਖਾ ਲਿਆ ਸੀ। ਇਹ ਮਿੱਠੀ ਨਾਨੀ ਦੀ ਦਲੀਲ ਸੀ।
“ਠੀਕਰੀਵਾਲੀਆਂ ਕੋਲ ਘਾਟਾ ਕਿਸੇ ਚੀਜ਼ ਦਾ ਨਹੀਂ। ਜਾਇਦਾਦ ਆਪਣੀਓ ਬਥੇਰੀ ਹੈ। ਭਾਂਬਰੀ ਤੋਂ ਅਲੱਗ ਆਉਂਦੀ। ਸਿਰਫ ਸਬਰ-ਸੰਤੋਖ ਦੀਓ ਘਾਟ ਮੰਨੀਏ।”
ਅਮਰ ਕੌਰ ਦੇ ਹੱਕ ਵਿਚ ਹੋਣ ਦੇ ਬਾਜਵੂਦ, ਮੈਂ ਉਸ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਨਹੀਂ ਸੀ ਚਾਹੁੰਦਾ। ਰਤਾ ਕੁ ਉਭਾਰੇ ਨਾਲ ਉਸ ਨੇ ਹੋਰ ਉਚੀ ਬੋਲਣ ਲੱਗ ਜਾਣਾ ਸੀ।
“ਘਰ ਦੀ ਭਮਾਂ ਜਿੰਨੀ ਮਰਜ਼ੀ ਹੋਵੇ ਪਾਸ਼ੀ ਪੁੱਤਰਾ, ਆਪਣਾ ਹੱਕ ਦੂਏ ਨੂੰ ਜਾਂਦਾ ਨ੍ਹੀਂ ਜਰਿਆ ਜਾਂਦਾ। ਐਸਾ ਹਿੱਕ-ਧੜੱਕਾ ਵੱਜਦਾ, ਬਈ ਬੰਦਾ ਮੁੜ ਕੇ ਉਠਣ ਜੋਗਾ ਨਹੀਂ ਰਹਿੰਦਾ।
ਅਮਰ ਕੌਰ ਅਨੁਸਾਰ ਗਿਆਨੋ ਦੇ ਸਹੁਰੇ ਪਰਿਵਾਰ ਨੂੰ ਅਜਿਹੇ ਸਦਮੇ ਨੇ ਹੀ ਮਾਰ ਲਿਆ ਸੀ। ਕਿਸੇ ਜੀਅ ਦਾ ਕੰਮ ਕਰਨ ਨੂੰ ਦਿਲ ਨਾ ਕਰਦਾ। ਰਾਏਪੁਰੀਆਂ ਵੱਲ ਹਾਲੇ ਵੀ ਝਾਕੀ ਜਾਂਦੇ।
“ਹਰਨਾਮੇ ਲੰਬੜਦਾਰ ਦੇ ਪ੍ਰਾਹੁਣੇ ਨੂੰ ਕਿਹੜਾ ਸਦਮਾ ਸੀ? ਉਸ ਦੇ ਕਿਹੜਾ ਹਿੱਕ-ਧੜੱਕਾ ਵੱਜਿਆ? ਉਹ ਕਿਉਂ ਆਪਣੀ ਸਾਰੀਓ ਜੱਦੀ ਜਾਇਦਾਦ ਫੂਕ ਬੈਠਾ? ਉਂਗਲੀ ਵੱਢ ਨੇ ਤਾਂ ਹਾਲੇ ਆਪਣੀ ਜ਼ਮੀਨ ਕਿਸੇ ਹੱਕੀ ਨੂੰ ਨਹੀਂ ਸੀ ਸੰਭਾਲੀ।” ਕੋਲ ਖੜੋਤੇ ਮੇਰੇ ਮਸੇਰ ਗੁਰਦੀਪ ਨੇ ਜਿਰ੍ਹਾ ਕੀਤੀ।
“ਜੀਤਾਂ ਦਾ ਪ੍ਰਾਹੁਣਾ ਆਪਣੇ ਚਾਰੇ ਦਾ ਮੁਤਬੰਨਾ ਤਾ। ਉਹ ਬਾਹਲਾ ਮੀਸਣਾ ਨਿਕਲਿਆ। ਚੋਰੀਓਂ ਪੈਸੇ ਲਈ ਗਿਆ, ਭੋਇੰ ਸੰਭਾਲੀ ਗਿਆ। ਫੇਰ ‘ਕੱਠੀਓ ਰਜਿਸਟਰੀ ਕਰਾ ਦਿੱਤੀ। ਊਤ ਜਿਹਾ ਆਪਣੇ ਹੱਥ ਖਬਰੈ, ਕਦੋਂ ਦੇ ਵਢਾਈ ਫ਼ਿਰਦਾ ਸੀ”, ਨਾਨੀ ਨੇ ਨਫਰਤ ਨਾਲ ਆਖਿਆ।
ਪਰ ਇਕ ਵਾਰੀ ਸੁਚੇਤ ਹੋਏ ਹਰਨਾਮ ਸਿੰਘ ਨੇ ਤਾਂ ਉਸੇ ਵਕਤ ਮੌਕਾ ਸੰਭਾਲ ਲਿਆ। ਦੋਹਾਂ ਦੋਹਤਿਆਂ ਨੂੰ ਆਪਣੇ ਕੋਲ ਲੈ ਆਇਆ, ਅਰ ਇਉਂ ਚੰਡ ਕੇ ਸਿੱਧੇ ਕਰ ਦਿੱਤੇ ਜਿਵੇਂ ਅਹਿਰਨ ਵਿਚ ਪਾ ਕੇ ਲੁਹਾਰ ਫਾਲੇ ਨੂੰ ਡੰਗ ਦਿੰਦੈæææ, ਨਾਨੀ ਨੇ ਦੱਸਿਆ। ਉਸ ਅਨੁਸਾਰ, ਇੱਲਤੀ ਜਵਾਕ ਅਤੇ ਸ਼ਰਾਰਤੀ ਬੰਦੇ ਹਮੇਸ਼ਾ ਚੁਸਤ ਹੁੰਦੇ। ਉਹ ਕਦੇ ਮਾਰ ਨਹੀਂ ਖਾਂਦੇ।
“ਮਾਰ ਖਾਊਗਾ ਤਾਂ ਥੋਡੇ ਨਾਨੇ ਵਰਗਾ ਸਾਊ ਸ਼ਰੀਫ਼। ਮਾਊਂ ਜਿਹੇ ਨੂੰ ਕਿਸੇ ਦਾ ਵੀ ਭੋਰਾ ਮੋਹ ਤਿਓਹ ਨਹੀਂ।”
ਮੈਂ ਜ਼ਾਹਰਾ ਤੌਰ ਉਤੇ ਮਿੱਠੀ ਦਾ ਹੁੰਗਾਰਾ ਭਰਦਾ, ਮੁਸਕਰਾ ਰਿਹਾ ਸਾਂ, ਜਦੋਂ ਹਰਨਾਮ ਸਿੰਘ ਦੀ ਡੁੰਡ ਉਂਗਲੀ ਮੈਨੂੰ ਹਵਾ ਵਿਚ ਲਹਿਰਾਉਂਦੀ ਜਾਪੀ।æææ ਇਕ ਵਾਰੀ ਫੇਰ ਉਸ ਨੇ ਸਾਨੂੰ ਤਲਾਅ ਉਪਰ ਘੇਰਿਆ ਹੋਇਆ ਸੀ। ਉਸ ਮੁਤਾਬਕ, ਸਾਡੇ ਛੋਟੇ ਨਾਨੇ ਨੂੰ ਕੀੜੇ-ਮਕੌੜਿਆਂ ਅਤੇ ਚਿੜੀ-ਜਨੌਰਾਂ ਕੋਲੋਂ ਹੀ ਸਬਕ ਸਿੱਖ ਲੈਣਾ ਚਾਹੀਦਾ ਸੀ।
“ਮਖਿਆਲ ਦੀਆਂ ਮੱਖੀਆਂ ਕੰਨੀਓਂ ਦੇਖ ਲਿੰਦਾ, ਕੋਹੜੀ ਇਨਸਾਨ। ਥੋਡੇ ਸਾਹਮਣੇ ਕਿਵੇਂ ਫੁੱਲ-ਫੁੱਲ ‘ਤੇ ਘੁੰਮਦੀਆਂ, ਦਿਨ-ਰਾਤ ਮਖਿਆਲ ‘ਕੱਠਾ ਕਰੀ ਜਾਂਦੀਆਂ। ਬੱਚ-ਕੱਚ ਪਾਲਣ ਵਿਚ ਲੱਗੀਆਂ ਰਹਿੰਦੀਆਂ। ਦੇਖੋ, ਭਾਈ ਭੈਣ ਆਪਣੇ ਥਾਉਂ ਨੇ, ਪਰ ਵਿਆਹਿਆ-ਵਰਿਆ ਬੰਦਾ ਪੰਛੀ ਚੁਗਾਉਣ ਵਾਲੀ ਖੇਡ ਤੋਂ ਵੀ ਨਹੀਂ ਭੱਜ ਸਕਦਾ। ਇਨਸਾਫ ਕਰਨਾ ਸੋਭਦੈ।”
ਉਂਗਲੀ-ਵੱਢ ਦਾ ਉਪਦੇਸ਼ ਜਾਰੀ ਸੀ। ਜਦੋਂ ਮੈਨੂੰ ਚੁੱਪ ਬੈਠਾ ਦੇਖ ਕੇ ਮੇਰੇ ਬਰਾਬਰੋਂ ਮਿੱਠੀ ਨਾਨੀ ਨੇ ਆਖਿਆ, “ਹੁਣ ਤੂੰ ‘ਰਾਮ ਕਰ ਲੈ। ਮੁੜਨਾ ਵੀ ਹੋਣਾ।”
ਵੱਡੇ ਨਾਨੇ ਦਾ ਭੋਗ ਪੈ ਚੁੱਕਾ ਸੀ। ਮੇਰਾ ਸਿਰ ਪਲੋਸਦੀ ਉਹ ਗੇਟ ਅੱਗੇ ਜਾ ਖੜੋਤੀ। ਮੈਂ ਅੰਬ ਹੇਠ ਡਾਹੇ ਮੰਜੇ ਉਪਰ ਟੇਢਾ ਹੋ ਗਿਆ। ਆਪਣਾ ਮੂੰਹ ਮੈਂ ਰੁਮਾਲ ਨਾਲ ਢਕ ਲਿਆ, ਪਰ ਮਰਹੂਮ ਹਰਨਾਮ ਸਿੰਘ ਉਂਗਲੀ-ਵੱਢ ਅਜੇ ਵੀ ਮੇਰਾ ਪਿੱਛਾ ਨਹੀਂ ਸੀ ਛੱਡ ਰਿਹਾ। ਉਸ ਦੀ ਆਵਾਜ਼ ਮੇਰੇ ਕੰਨਾਂ ਵਿਚ ਗੂੰਜਦੀ ਰਹੀ।
æææ ਜ਼ਿੰਦਗੀ ਦੀ ਖੇਡ ਖੇਡਦਿਆਂ, ਮੈਂ ਜਿਹੜਾ ਮੁੰਡਾ ਆਪਣੀ ਧੀ ਖਾਤਰ ਲੱਭਿਆ, ਉਸ ਕੋਲ ਪੂਰੇ ਇਕ ਹਲ ਦੀ ਜ਼ਮੀਨ ਸੀ- ਪੰਜਾਹ ਵਿੱਘੇ। ਹੈਧਰ ਥੋਡੇ ਢਾਹੇ ਦੇ ਲੋਕਾਂ ਨੂੰ ਅਸੀਂ ਮਿਹਨਤੀ ਗਿਣਦੇ ਤੇ, ਪਰ ਓਸ ਕੰਜਰ ਦੇ ਪੁੱਤ ਨੇ ਪਤਾ ਨਹੀਂ, ਕਿਹੜੇ ਵੇਲੇ ਸਾਰੀ ਭੋਇੰ ਦੀਆਂ ਫੱਕੀਆਂ ਉਡਾ’ਤੀਆਂ।æææ ਉਂਗਲੀ-ਵੱਢ ਨੂੰ ਘੋਰ ਪਛਤਾਵਾ ਸੀ।
“ਫਸਲ ਜ਼ਰੂਰ ਖੇਤ ਉਪਰ ਜਾਂਦੀ ਐ। ਬੇਸ਼ੱਕ ਕਿਰਸਾਣ ਦੀ ਮਿਹਨਤ ਵੀ ਅਹਿਲੀ ਨਹੀਂ ਜਾ ਸਕਦੀ। ਬਗੈਰ ਸੰਭਾਲ ਤੋਂ ਚੰਗੀ ਭਲੀ ਪੱਕੀ ਫਸਲ ਭੁੰਬਰ ਕੇ ਸੁੱਕ ਜਾਂਦੀ, ਅਰ ਦਾਣਾ ਮਾਜੂ ਪੈ ਜਾਂਦੈ। ਸੋ ਸੀਗਾ, ਬੰਦੇ ਦਾ ਹੈਗਾ। ਚੰਗੀ ਸੁਹਬਤ ਸਮੇਂ ਸਿਰ ਮਿਲ ਜਾਵੇ ਤਾਂ ਉਹ ਕੁਰਾਹੇ ਪੈਣੋਂ ਬਚ ਸਕਦੈ।”
ਉਸ ਨੇ ਚੰਦਨ ਬ੍ਰਿਛ ਦੀ ਮਿਸਾਲ ਦਿੱਤੀ ਜਿਸ ਦੇ ਕੋਲ ਖੜੋਤੇ ਐਰ-ਗੈਰ ਦਰਖਤ ਵੀ ਚੰਦਨ-ਬਾਸ ਨਾਲ ਸਰਸ਼ਾਰ ਹੋ ਜਾਂਦੇ।
ਪਤਾ ਨਹੀ, ਕਿਹੜੇ ਵੇਲੇ ਮਿੱਠੀ ਨਾਨੀ ਦੀ ਮੁਹਾਰਨੀ ਸੁਣਾਈ ਦੇਣ ਲੱਗੀ।
“ਮੈਂ ਕਿਹਾ ਤਾ, ਬਈ ਮਾਰ ਹਮੇਸ਼ਾ ਸਾਊ ਨੂੰ ਪੈਂਦੀ। ਬਦਮਾਸ਼, ਬਦਫੈਲੀਆਂ ਕਰਨ ਵਾਲਾ, ਆਪਣੀ ਖੱਚਰ ਵਿਦਿਆ ਨਾਲੇ ਕਾਮਯਾਬ ਹੋ ਜਾਂਦੈ। ਹਰਨਾਮੇ ਟੁੰਡੀਲਾਟ ਨੇ ਆਪਣੇ ਦੋਹਤਿਆਂ ਨੂੰ ਟੁੱਕ ਪਾ ਦਿੱਤਾ, ਅਰ ਆਪ ਵੀ ਬੁੱਲੇ ਵੱਢਦਾ ਰਿਹੈ।”
ਅਮਰ ਕੌਰ ਜਦੋਂ ਛਿੜਦੀ ਤਾਂ ਅਕਾ ਕੇ ਰੱਖ ਦਿੰਦੀ। ਮਨ ਖਰਾਬ ਹੋ ਜਾਂਦਾ। ਅੱਗੇ ਤੋਂ ਕਦੇ ਵੀ ਨਾਨਕੀਂ ਨਹੀਂ ਆਵਾਂਗਾ, ਮੈਂ ਪ੍ਰਣ ਕਰਦਾ।æææ
æææ ਇਨ੍ਹਾਂ ਸੋਚਾਂ ਵਿਚ ਉਲਝਿਆ, ਮੈਂ ਕਿਸੇ ਦੇ ਹੱਥ ਲਾਉਣ ਮਗਰੋਂ ਤ੍ਰਭਕ ਕੇ ਉਠਿਆ। ਸ਼ਾਇਦ ਦੀਪਾ ਆ ਗਿਆ ਸੀ। ਉਹ ਪਰਿਵਾਰ ਸਮੇਤ ਵਾਪਸ ਜਾਣ ਲਈ ਕਾਹਲਾ ਸੀ। ਸਾਰੇ ਰਿਸ਼ਤੇਦਾਰ ਜਾ ਰਹੇ ਹਨ, ਪਰ ਇਹ ਤਾਂ ਗਿਆਨੋ ਮਾਸੀ ਸੀ ਜਿਹੜੀ ਕੱਪੜਿਆਂ ਵਾਲਾ ਲਿਫਾਫਾ ਸੰਭਾਲੀ, ਲੰਘੀ ਜਾਂਦੀ ਮੇਰਾ ਸਿਰ ਪੋਲਸਣ ਲਈ ਰੁਕ ਗਈ ਸੀ। ਮੈਂ ਵੀ ਉਠ ਕੇ ਉਸ ਦੇ ਨਾਲ ਤੁਰ ਪਿਆ।
ਗੁਰਮੋਹਨ ਅਤੇ ਨਾਲ ਆਈ ਉਸ ਦੀ ਪਤਨੀ ਨਵਜੋਤ ਆਪਣੀ ਜੀਪ ਸਟਾਰਟ ਕਰੀਂ, ਜਾਣ ਲਈ ਤਿਆਰ ਖੜ੍ਹੇ ਸਨ।
“ਪੁੱਛ ਨਾ ਦੋਹਤਿਆ! ਜਿਹੜਾ ਨਹੀਂ ਦੇਖਿਆ, ਉਹੀ ਭਲਾ ਹੈ।” ਸਭ ਨੂੰ ਵਿਦਾਅ ਕਰ ਕੇ ਜਦੋਂ ਅਸੀਂ ਪਿਲਕਣ ਦੇ ਰੁੱਖ ਹੇਠੋਂ ਮੁੜੇ ਤਾਂ ਮਿੱਠੀ ਨਾਨੀ ਨੇ ਹੌਲੀ ਦੇ ਕੇ ਆਖਿਆ।
“ਦੇਖਿਐ? ਮੇਰਾ ਬੜਾ ਦੋਹਤਾ ਕਿੱਕਣ ਵੱਢ-ਵੱਢ ਖਾਂਦਾ ਤਾ?” ਉਸ ਨੇ ਗੁਰਮੋਹਨ ਦੇ ਚਿੜਚਿੜੇ ਸੁਭਾਅ ਬਾਰੇ ਸ਼ਿਕਾਇਤ ਕੀਤੀ। ਗੁਰਸੋਹਨ ਇਸ ਤੋਂ ਵੀ ਕੌੜਾ ਸੀ। ਪਿਓ ਵਾਂਗੂੰ ਹੀ ਨਿਰਮੋਹੇ। ਹਰਾਮਖੋਰ ਕਿਸੇ ਥਾਂ ਦੇ।” ਨਾਨੀ ਭਾਵੁਕ ਹੋ ਗਈ।
“ਤੁਸੀਂ ਉਨ੍ਹਾਂ ਤਿੰਨਾਂ ਦੇ ਨਾਲ ਕਿਉਂ ਨਹੀਂ ਗਏ?” ਮੈਂ ਗੱਲ ਬਦਲਣ ਲਈ ਪੁੱਛਿਆ।
“ਏਹ ਕੋਈ ਗੈਲ ਲੈ ਕੇ ਜਾਣ ਵਾਲੇ ਲੱਛਣ ਸੀਗੇ ਦੋਹਤਿਆ? ਨਾਲ ਲੈ ਜਾਣ ਖਾਤਰ ਕੁੱਤੇ ਨੂੰ ਵੀ ਪੁਚਕਾਰਨਾ ਪੈਂਦਾ। ਨਾਲੇ, ਉਥੇ ਏਨ੍ਹਾਂ ਦਾ ਪਿਓ ਹਰ ਸਾਹ ਗੈਲ ਮੈਤੋਂ ਜ਼ਮੀਨ ਮੰਗਦੈ। ਅਖੇ, ਹੁਣ ਤਾਂ ਭਤੀਜਿਆਂ ਨੂੰ ਕਹਿ ਕੇ ਸਾਡੀ ਧਰੋਹਰ ਸਾਨੂੰ ਸੰਭਾਲ ਕੇ ਤੂੰ ਸੁਰਖਰੂ ਹੋ ਜਾਹ। ਉਨ੍ਹਾਂ ਦੀ ਭੁੱਖ ਉਤਰੀ ਨ੍ਹੀਂ ਹਾਲੇ?”
ਨਾਨੀ ਦਾ ਰੁਦਨ ਜਾਰੀ ਸੀ ਜਦੋਂ ਗੁਰਦੀਪ ਦੀਪਾ ਆ ਗਿਆ।
“ਵੇ ਪੁੱਤ! ਥੋਡੇ ਬੱਚਿਤਰ ਮਾਮੇ ਵਾਂਗੂ ਚਾਰੇ ਐਬ ਸ਼ਰਈ ਐ ਥੋਡਾ ਛੋਟਾ ਮਾਸੜ। ਏਹਦੇ ਵਾਂਗੂ ਸਭ ਕੁਛ ਝੁਲਸਦੈ। ਮੰਦੇ-ਚੰਗੇ ਥਾਂਉਂ ਜਾਣੋਂ ਵੀ ਨ੍ਹੀਂ ਝਿਜਕਦਾ। ਘਰ ਆ ਕੇ ਥੋਡੀ ਮਾਸੀ ਨੂੰ ਧੈਂਅ-ਧੈਂਅ ਕੁੱਟ ਸਿੱਟਦੈ। ਅਖੇ, ਆਪਣੇ ਭਾਈਆਂ ਤੋਂ ਹਿੱਸਾ ਲੈ ਕੇ ਕਿਉਂ ਨਹੀਂ ਆਉਂਦੀ?” ਮਿੱਠੀ ਨਾਨੀ ਨੇ ਆਵਾਜ਼ ਧੀਮੀ ਕਰਦਿਆਂ ‘ਫੁਸ-ਫੁਸ’ ਜਿਹੀ ਕੀਤੀ। ਫੇਰ ਪੁਰਾਣਾ ਤਵਾ ਧਰ ਦਿੱਤਾ।
“ਥੋਡਾ ਹਿੱਸਾ ਜੇ ਮਿਲ ਜਾਂਦਾ, ਤਾਂ ਮਾਸੜ ਕੇਵਲ ਸਿਹੁੰ ਨੇ ਹੋਰ ਵੱਧ ਅਯਾਸ਼ੀ ਕਰਨੀ ਸੀ।” ਦੀਪੇ ਤੋਂ ਸੁਭਾਅ ਅਨੁਸਾਰ ਆਖਿਆ ਗਿਆ।
ਨਾਨੀ ਪਹਿਲਾਂ ਤੋਂ ਉਸ ਨੂੰ ਮਾਮਿਆਂ ਦਾ ਖੈਰ-ਖੁਆਹ ਮੰਨਦੀ ਸੀ ਜਦੋਂ ਕਿ ਨਾਜਰ ਸਿੰਘ ਮਕਸੂਦੜਾ ਨੂੰ ਵੱਡਾ ਸੂਹੀਆ ਤੇ ਪੂਰਾ ਦਸ ਨੰਬਰੀਆਂ ਬਦਮਾਸ਼। ਜਾਸੂਸ। ਮਾਮਿਆਂ ਦਾ ਮੁਖਬਰ। ਸਿਰਫ ਮੈਂ ਹੀ ਉਸ ਦਾ ਹਮਾਇਤੀ ਸੀ ਜਿਹੜਾ ਮਿੱਠੀ ਦੇ ਹੱਕ ਵਿਚ ਭੁਗਤਦਾ ਕਈ ਵਾਰੀ ਬੁਰਾ ਪਿਆ ਸਾਂ।
“ਅਹਿ ਤੇਰੇ ਬਾਹਲੇ ਲਾਡਲੇ ਮਾਮੇ ਕਿਹੜੇ ਘੱਟ ਗੁਲਛਰਲੇ ਉੜਾਉਂਦੇ ਨੇ, ਬਹੁਤਿਆ ਹਮਾਇਤੀਆ? ਵਿਰਾਸਤ ਵਿਚ ਮਿਲੀ ਆਪਣੀ ਅਮਾਨਤ ਨੂੰ ਉਹ ਚਾਹੇ ਜੋ ਮਰਜ਼ੀ ਕਰਦਾ। ਏਨ੍ਹਾਂ ਦੇ ਸਾਹਮਣੇ ਫੂਕ ਦਿੰਦਾ। ਨਾਨੀ ਕੁੱਦ ਕੇ ਪੈ ਗਈ।
ਜੇ ਉਸ ਦੀ ਧੀ ਨੂੰ ਵੇਲੇ ਸਿਰ ਉਹਦਾ ਹੱਕ ਮਿਲ ਜਾਂਦਾ, ਉਮਰੋਂ ਪਹਿਲਾਂ ਬੁੱਢੀ ਨਾ ਹੁੰਦੀ। ਨਾ ਹੀ ਕੇਵਲ ਸਿੰਘ ਨਸ਼ਿਆਂ ਵਿਚ ਪੈ ਕੇ ਆਪਣੀ ਜ਼ਿੰਦਗੀ ਗਾਲਦਾ। ਮਿੱਠੀ ਦਾ ਤਰਕ ਸੀ।
“ਏਹ ਵੀ ਤੁਹਾਨੂੰ ਭੁਲੇਖਾ ਹੈ ਨਾਨੀ ਜੀ। ਸਭ ਬਹੁਤੀ-ਬਹੁਤੀ ਦੇ ਕਾਰੇ ਨੇ। ਜੇ ਕੋਲ ਮਾਇਆ ਆ ਜਾਂਦੀ ਐ, ਤਾਂ ਬੰਦੇ ਨੇ ਫਜ਼ੂਲ ਖਰਚ ਤਾਂ ਬਣਨਾ ਹੀ ਹੈ। ਬਚਪਨ ਵਿਚ ਗਰੀਬੀ ਹੰਢਾਉਂਦੇ ਰਹੇ ਜਵਾਕ, ਸਗੋਂ ਅਮੀਰੀ ‘ਚ ਪਲਣ ਵਾਲਿਆਂ ਨਾਲੋਂ ਵੱਧ ਤਰੱਕੀ ਕਰਦੇ। ਬਹੁਤੇ ਮਿਹਨਤੀ ਹੁੰਦੇ।” ਗੁਰਦੀਪ ਦੀ ਤੁਰਸ਼-ਮਿਜ਼ਾਜ ਘਰਵਾਲੀ ਨੇ ਦਲੀਲ ਦਿੱਤੀ।
ਪਰ ਸਾਡੀ ਭਰਜਾਈ ਦੀ ਇਹ ਰਾਇ ਵੀ ਨਾਨੀ ਨੂੰ ਕਾਇਲ ਨਾ ਕਰ ਸਕੀ।
“ਸਾਰੀ ਉਮਰ ਨੰਗ-ਭੁੱਖ ਨਾਲ ਝਗੜਦਾ ਰਿਹਾ ਕਾਲੂ ਬਾਹਮਣ ਅਤੇ ਉਹਦਾ ਮੁੰਡਾ ਰਮੇਸ਼ ਸਗੋਂ ਹੋਰ ਕੰਗਾਲ ਬਣ ਕੇ ਰਹਿ ਗਏ ਸਨ। ਉਨ੍ਹਾਂ ਦੇ ਕਿਹੜੇ ਝੰਡੇ ਝੂਲਦੇ? ਯੂਸਫ਼ ਗੁੱਜਰ ਉਥੇ ਦਾ ਉਥੇ ਸੀ। ਉਹਦੀ ਘਰ ਵਾਲੀ ਜੁਲੈਖਾਂ ਜੱਟਾਂ ਜ਼ਿਮੀਂਦਾਰਾਂ ਦੀਆਂ ਬੁੱਤੀਆਂ ਵਗਾਰਾਂ ਕਰਦੀ, ਟੱਬਰ ਪਾਲਦੀ।”
ਸਾਡੀ ਪੜ੍ਹੀ-ਲਿਖੀ ਭਰਜਾਈ ਕੋਲ ਮਿੱਠੀ ਨਾਨੀ ਦੇ ਅਜਿਹੇ ਪ੍ਰਸ਼ਨਾਂ ਦਾ ਕੋਈ ਉਤਰ ਨਹੀਂ ਸੀ। ਗੁਰਦੀਪ ਦੀਪਾ ਤਾਂ ਮੁਸਕੜੀਆਂ ਹੱਸਦਾ ਪਰੇ ਖਿਸਕ ਗਿਆ।
“ਤੁਸੀਂ ਹੁਣ ਰੱਬ-ਰੱਬ ਕਰਿਆ ਕਰੋ ਨਾਨੀ ਜੀ। ਆਪਣਾ ਖੂਨ ਫੂਕਣ ਦਾ ਭਲਾ ਕੋਈ ਫਾਇਦੈ?” ਸਾਹਮਣੇ ਖੜੋਤੇ ਮਾਮਾ ਬਚਿੱਤਰ ਸਿੰਘ ਵੱਲ ਦੇਖਦਿਆਂ ਮੈਂ ਮਿੱਠੀ ਨੂੰ ਧੀਰਜ ਦੇਣਾ ਚਾਹਿਆ। ਅਜਿਹੇ ਮੌਕੇ ਨਾਨੀ ਦਾ ਹੁੰਗਾਰਾ ਭਰ ਕੇ ਮੈਂ ਮਾਮਿਆਂ ਨਾਲੋਂ ਮੂਲੋਂ ਟੁੱਟਣਾ ਨਹੀਂ ਸੀ ਚਾਹੁੰਦਾ।
“ਫੈਦੇ-ਕੁਫੈਦੇ ਦਾ ਮੈਨੂੰ ਨ੍ਹੀਂ ਪਤਾ। ਮੈਨੂੰ ਭੱਠੀ ਵਿਚ ਤਪਾਉਣ ਵਾਲਿਓ! ਥੋਨੂੰ ਮਰ ਕੇ ਵੀ ਟੇਕ ਨਾ ਆਵੇ।” ਨਾਨੀ ਭੜਕ ਗਈ।
ਸਾਡੀ ਦੋਹਾਂ ਮਸੇਰਾਂ ਦੀ ਹਾਲਤ ਇੰਜ ਬੜੀ ਕਸੂਤੀ ਹੋ ਜਾਂਦੀ ਜਦੋਂ ਨਾਨਕੇ ਪਿੰਡ ਮਿਲਣ ਆਇਆਂ ਨੂੰ ਅਮਰੋ ਨਾਨੀ ਕੌੜੇ ਸਲੋਕ ਸੁਣਾਉਣ ਲੱਗ ਪੈਂਦੀ, ਪਰ ਦੋਵੇਂ ਮਾਮੇ ਮਚਲੇ ਹੋਏ ਸੁਣੀ ਜਾਂਦੇ, ਜਿਵੇਂ ਹੱਥ-ਪੈਰ ਜਕੜ ਕੇ ਸੁੱਟੇ ਕਿਸੇ ਮੁਲਜ਼ਮ ਨੂੰ ਗੰਦੀਆਂ ਗਾਲ੍ਹਾਂ ਕੱਢਦਾ ਦੇਖ ਕੇ ਤਫਤੀਸ਼ੀ ਪੁਲਸੀਏ ਮੁਸਕਰਾਈ ਜਾਂਦੇ ਹੋਣ।
ਨਾਨਾ ਬਚਨ ਸਿੰਘ ਵੀ ਮਾਊਂ ਬਣਿਆ ਜਿਵੇਂ ਕੰਨਾਂ ਵਿਚ ਰੂੰਈਂ ਤੁੰਨ ਲੈਂਦਾ। ਅੱਜ ਮੈਨੂੰ ਬੈਠਾ ਦੇਖ ਕੇ ਉਹ ਆਪੇ ਆ ਫਸਿਆ ਤਾਂ ਮਿੱਠੀ ਦੀਆਂ ਖਾ ਜਾਣ ਵਾਲੀਆਂ ਨਜ਼ਰਾਂ ਉਸ ਵੱਲ ਸੇਧੀਆਂ ਗਈਆਂ।
“ਸਾਰੀ ਇੱਲਤ ਦੀ ਜੜ੍ਹ ਆਹ ਤੇਰਾ ਨਿਹੰਗੜਾ ਨਾਨਾ ਹੈਗ੍ਹਾ। ਏਹਦੀ ਅਰਥੀ ਕੰਨੀਂ ਜੇ ਮੈਂ ਥੁੱਕ ਵੀ ਗਈ, ਤਾਂ ਝਾਟਾ ਫੂਕ ਦੇਈਂ ਮੇਰਾæææ ਏਸ ਦਾ ਮਰੇ ਦਾ ਮੂੰਹ ਦੇਖਣਾ ਤਾਂ ਦੂਰ ਰਿਹਾ।” ਉਹ ਬਚਨ ਸਿੰਘ ਦੇ ਪਿਛੇ ਪੈ ਗਈ।
“ਜੇ ਨਹੀਂ ਥੁੱਕੇਂਗੀ, ਚੰਗਾ ਹੀ ਹੋਊ। ਦੇਹ ਪਲੀਤ ਨਹੀਂ ਹੋਊਗੀ ਮੇਰੀ। ਤੇਰੇ ਦੇਖਿਆਂ ਕਿਹੜਾ ਮੈਂ ਉਠ ਕੇ ਬਹਿ ਜਾਣਾ, ਸਗੋਂ ਨਾ ਦੇਖੇਂ ਤਾਂ ਮੇਰੀ ਰੂਹ ਨੂੰ ਜਾਂਦੀ ਬਾਰ ਦੀ ਸ਼ਾਂਤੀ ਤਾਂ ਨਸੀਬ ਹੋ ਜੂ। ਸਾਰੀ ਉਮਰ ਤੈਂ ਟਿਕਣ ਨਹੀਂ ਦਿੱਤਾ।” ਛੋਟਾ ਨਾਨਾ ਟਿੱਚਰਾਂ ਕਰਨ ਲੱਗਿਆ। ਉਸ ਦੇ ਦੱਸਣ ਅਨੁਸਾਰ, ਉਹਦੇ ਭੌਰ ਨੇ ਤਾਂ ਪੰਜ ਭੌਤਿਕ ਕਲਬੂਤ ਦਾ ਖਹਿੜਾ ਛੱਡਦੇ ਸਾਰ, ਆਪਣੇ ਵੱਡੇ ਬਾਈ ਦੇ ਪਿੱਛੇ ਸਿੱਧਾ ਮਥਰਾ-ਬਿੰਦਰਾਵਣ ਜਾ ਉਤਰਨਾ ਸੀ। ਇੱਥੇ ਰਹੀ ਲੋਥ ਉਪਰ ਕੋਈ ਭਾਵੇਂ ਥੁੱਕੀ ਜਾਵੇ ਜਾਂ ਅਤਰ ਫੁਲੇਲ ਛਿੜਕਦਾ ਫਿਰੇ।
“ਮਖਿਆ, ਛਿੜਕੂੰਗੀ ਮੈਂ ਇਤਰ ਫੁਲੇਲਾਂ। ਤੂੰ ਅਤਰ-ਸੁਗੰਧੀਆਂ ਦਾ ਭਾਗੀ ਬਣਿਆ ਕਿੱਦਣ ਹੈਂ?” ਮਿੱਠੀ ਨਾਨੀ ਲਗਾਤਾਰ ਜ਼ਹਿਰ ਦੇ ਫਰਾਟੇ ਮਾਰ ਰਹੀ ਸੀ।
Leave a Reply