ਅਲਬੇਲੇ ਗਾਇਕ ਤੇ ਗੀਤਕਾਰ ਅਮਰ ਸਿੰਘ ਮਸਤਾਨਾ ਨੂੰ ਯਾਦ ਕਰਦਿਆਂ…

-ਸਵਰਨ ਸਿੰਘ ਟਹਿਣਾ
ਫੋਨ: 91-98141-78883
ਗੁਰਦੁਆਰਾ ਸਾਹਿਬ ਵਿਚ ਵੈਰਾਗਮਈ ਕੀਰਤਨ ਚੱਲ ਰਿਹਾ ਸੀ। ਸੰਗਤ ਜੁੜਦੀ ਜਾ ਰਹੀ ਸੀ। ਲੰਗਰ ਛਕਦੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ, ‘ਮਾੜਾ ਹੋਇਆ, ਵਿਚਾਰਾ ਇਲਾਜ ਖੁਣੋਂ ਹੀ ਤੁਰ ਗਿਆ, ਸਾਡੀਆਂ ਸਰਕਾਰਾਂ ਦਾ ਤਾਂ ਆਵਾ ਹੀ ਊਤ ਚੁੱਕਿਐ, ਕਿਸੇ ਸੰਸਥਾ ਨੇ ਵੀ ਮਦਦ ਨਹੀਂ ਕੀਤੀ ਵਿਚਾਰੇ ਦੀ, ਇਹ ਉਮਰ ਜਾਣ ਦੀ ਥੋੜ੍ਹੀ ਸੀ ਉਹਦੀæææ।’ ਗੱਲ ਕੀ, ਜਿੰਨੇ ਮੂੰਹ ਓਨੀਆਂ ਗੱਲਾਂ ਸਨ, ਪਰ ਇੱਕ ਗੱਲ ‘ਤੇ ਹਰ ਕੋਈ ਜ਼ੋਰ ਦੇ ਕੇ ਕੁਦਰਤ ਨੂੰ ਉਲਾਂਭਾ ਜਿਹਾ ਦੇਈ ਜਾ ਰਿਹਾ ਸੀ, ‘ਮਾੜਾ ਹੋਇਆ, ਹੋਰ ਜਿਊਂ ਸਕਦਾ ਸੀ ਵਿਚਾਰਾ।’
ਇਹ ਸਭ ਗੱਲਾਂ ਮੈਨੂੰ ਅੰਦਰੋਂ ਵੱਢ ਰਹੀਆਂ ਸਨ। ਕੀਰਤਨ ਕਰਨ ਵਾਲਿਆਂ ਨੇੜੇ ਹੀ ਅਮਰ ਸਿੰਘ ਮਸਤਾਨਾ ਦੀ ਫੋਟੋ ਪਈ ਸੀ, ਉਹ ਫੋਟੋ, ਜਿਹੜੀ ਕਿਸੇ ਵੇਲ਼ੇ ਉਸ ਦੀਆ ਕੈਸਿਟਾਂ ‘ਤੇ ਛਪੀ ਸੀ। ਫੋਟੋ ਨੇੜੇ ਥੋੜ੍ਹੇ ਕੁ ਗੇਂਦੇ ਦੇ ਫੁੱਲ ਪਏ ਸਨ। ਮੱਥਾ ਟੇਕਣ ਆਏ ਸੱਜਣ ਚੂੰਡੀ ਕੁ ਫੁੱਲ ਮਸਤਾਨੇ ਦੀ ਫੋਟੋ ‘ਤੇ ਚੜ੍ਹਾਉਂਦੇ ਤੇ ਪਿੱਛੇ ਜਾ ਕੇ ਬੈਠ ਜਾਂਦੇ।
ਅਰਦਾਸ ਮਗਰੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ। ਕਈ ਬੁਲਾਰੇ ਦੁੱਖ ਭਰੇ ਲਹਿਜ਼ੇ ‘ਚ ਬੋਲੇ। ਅਮਰ ਸਿੰਘ ਮਸਤਾਨਾ ਦੀ ਜ਼ਿੰਦਗੀ ਦੇ ਘੋਲ, ਉਸ ਦੀ ਗੀਤਕਾਰੀ ਤੇ ਗਾਇਕੀ ਦੇ ਸਫ਼ਰ, ਗ਼ਰੀਬ ਪਰਿਵਾਰ ‘ਚ ਪੈਦਾ ਹੋ ਕੇ ਉਸ ਵੱਲੋਂ ਕਲਾ ਖੇਤਰ ‘ਚ ਪਾਏ ਯੋਗਦਾਨ ਤੇ ਮੁਸ਼ਕਲਾਂ ਦਾ ਟਾਕਰਾ ਕਰਦਿਆਂ ਤੁਰ ਜਾਣ ਦੀਆਂ ਗੱਲਾਂ ਕਰਦਿਆਂ ਉਹਨੂੰ ਸ਼ਰਧਾਂਜਲੀ ਦਿੱਤੀ। ਦੂਰ-ਦੁਰਾਡਿਓਂ ਨਾ ਪਹੁੰਚ ਸਕਣ ਵਾਲੇ ਸੱਜਣਾਂ ਵਲੋਂ ਸੋਗ ਮਤੇ ਭੇਜੇ ਗਏ ਸਨ ਕਿ ਮਸਤਾਨਾ ਸਦਾ ਅਮਰ ਰਹੇਗਾ ਤੇ ਉਸ ਦਾ ਮਸਤਾਨਾ ਸੁਭਾਅ ਸਦਾ ਸਾਡੇ ਚੇਤੇ ਵਿਚ ਵਸਿਆ ਰਹੇਗਾ।
ਪਰ ਦੁੱਖ ਦੀ ਘੜੀ ਇਸ ਘੜੀ ਵਿਚ ਸ਼ਾਮਲ ਹੋਏ ਬਹੁਤੇ ਸੱਜਣ ‘ਹਾਜ਼ਰੀ ਲਵਾਉਣ’ ਆਏ ਪ੍ਰਤੀਤ ਹੁੰਦੇ ਸਨ। ਕੋਈ ਇਸ ਗੱਲ ਨੂੰ ਵਿਚਾਰਦਾ ਨਹੀਂ ਦਿਸ ਰਿਹਾ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਸੀਂ ਹੱਥ ਜੋੜ ਕੇ ਬੈਠੇ ਹਾਂ, ਜਿਸ ਅੱਗੇ ਸਿਰ ਝੁਕਾ ਮੁਰਾਦਾਂ ਮੰਗਦੇ ਹਾਂ, ਉਸ ਵਿਚ ਇਹ ਵੀ ਤਾਂ ਲਿਖਿਆ ਹੋਇਐ ਕਿ ਸਾਨੂੰ ਆਪਣੇ ਇਨ੍ਹਾਂ ਹੀ ਹੱਥਾਂ ਨਾਲ ਗਰੀਬ-ਗੁਰਬਿਆਂ ਦੀ ਮਦਦ ਕਰਨੀ ਚਾਹੀਦੀ ਹੈ, ਵੰਡ ਕੇ ਛਕਣਾ ਚਾਹੀਦੈæææਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਨਿਵਾਉਣ ਵਿਚ ਜਿੰਨਾ ਯਕੀਨ ਰੱਖਦੇ ਹਾਂ, ਓਨਾ ਅਮਲ ਇਸ ਵਿਚਲੀ ਬਾਣੀ ‘ਤੇ ਕਿਉਂ ਨਹੀਂ ਕਰਦੇ?
ਪੰਜ-ਚਾਰ ਬੁਲਾਰਿਆਂ ਦੇ ਬੋਲਣ ਮਗਰੋਂ ਸੰਗਤ ਖਿੰਡਣੀ ਸ਼ੁਰੂ ਹੋ ਗਈ। ਸਭ ਨੂੰ ਘਰ ਮੁੜਨ ਦੀ ਕਾਹਲ ਸੀ। ਸਿਰਫ਼ ਪਰਿਵਾਰ ਦੇ ਚੰਦ ਕੁ ਮੈਂਬਰ ਗੁਰਦੁਆਰਾ ਸਾਹਿਬ ਵਿਚ ਖੜ੍ਹੇ ਸਨ। ਬਾਹਰ ਨਿਕਲਦੇ ਬਹੁਤੇ ਲੋਕ ਆਪਣੇ ਕੰਮਾਂ-ਕਾਰਾਂ ਦੀਆਂ ਗੱਲਾਂ ਕਰਨ ‘ਚ ਮਸਤ ਹੋ ਗਏ। ਕੋਈ ਕਿਸੇ ਗੱਲ ‘ਤੇ ਹੱਸ ਰਿਹਾ ਸੀ, ਕੋਈ ਜਾਣ ਦੀ ਕਾਹਲੀ ਕਰ ਰਿਹਾ ਸੀ।
ਜਾਪ ਰਿਹਾ ਸੀ ਕਿ ਮਸਤਾਨੇ ਨੂੰ ਯਾਦ ਕਰਨ ਲਈ ਹਾਜ਼ਰ ਹੋਣ ਵਾਲਿਆਂ ਕੋਲ ਸਿਰਫ਼ ਏਨਾ ਕੁ ਹੀ ਵਕਤ ਸੀ। ਉਹ ਮਸਤਾਨਾ, ਜਿਹੜਾ ਉਮਰ ਦਾ ਵੱਡਾ ਹਿੱਸਾ ਆਪਣੇ ਰਿਕਸ਼ੇ ‘ਤੇ ਲੋਕਾਂ ਦਾ ਭਾਰ ਖਿੱਚ ਕੇ ਪਰਿਵਾਰ ਦਾ ਪੇਟ ਪਾਲਦਾ ਰਿਹਾ, ਜਿਹੜਾ ਕਲਾਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਗੁੰਮਨਾਮੀ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਇਆ ਤੇ ਜੀਹਦੇ ਇਲਾਜ ਲਈ ਨਾ ਪ੍ਰਸ਼ਾਸ਼ਨ, ਨਾ ਸਰਕਾਰ, ਨਾ ਸਮਾਜ ਸੇਵੀ ਜਥੇਬੰਦੀਆਂ ਤੇ ਨਾ ਕਲਾਕਾਰ ਅੱਗੇ ਆਏ, ਦੀ ਅੰਤਮ ਅਰਦਾਸ ਵਿਚ ਪਰਿਵਾਰ ਨੂੰ ‘ਸਾਡੇ ਲਾਇਕ ਕੋਈ ਸੇਵਾ ਹੋਈ ਤਾਂ ਦੱਸਣਾ’ ਕਹਿ ਕੇ ਕਿੰਨੇ ਵੱਡੇ ਪੁੰਨ ਦਾ ਕੰਮ ਕਰ ਰਹੇ ਹਾਂ ਸਾਰੇ ਲੋਕ?
ਕੁਝ ਹਫ਼ਤੇ ਪਹਿਲਾਂ ਜਦੋਂ ਅਖ਼ਬਾਰਾਂ ‘ਚ ਇਹ ਲਿਖਿਆ ਸੀ ਕਿ ਪੂਰੀ ਜ਼ਿੰਦਗੀ ਗਾਇਕੀ ਤੇ ਗੀਤਕਾਰੀ ਨੂੰ ਸਮਰਪਤ ਰਹਿਣ ਵਾਲਾ ਮਸਤਾਨਾ, ਜੀਹਨੇ ਕਿਸੇ ਵੇਲ਼ੇ ‘ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾ, ਕਦੇ ਕਦੇ ਖੇਡ ਲਿਆ ਕਰੀਂ’, ‘ਦਿਲਾਂ ਦੇ ਐਕਸੀਡੈਂਟ ਬੁਰੇ’ ਸਮੇਤ ਦੋ ਸੌ ਦੇ ਕਰੀਬ ਗੀਤ ਵੱਖ-ਵੱਖ ਕਲਾਕਾਰਾਂ ਨੂੰ ਆਪਣੀ ਆਵਾਜ਼ ਵਿਚ ਗਾਉਣ ਲਈ ਦਿੱਤੇ ਤੇ ਜਿਸ ਨੇ ਦੋ ਕੈਸਿਟਾਂ ‘ਕਾਕਾ ਕਰੇ ਪਾਪਾææਪਾਪਾ’ ਤੇ ‘ਤੁਸੀਂ ਲੱਖਾਂ ਵਿਚੋਂ ਸੋਹਣੇ’ ਆਪਣੀ ਆਵਾਜ਼ ‘ਚ ਸਰੋਤਿਆਂ ਦੀ ਝੋਲੀ ਪਾਈਆਂ, ਆਖਰੀ ਵੇਲ਼ੇ ਅਧਰੰਗ ਦੇ ਦੌਰੇ ਦਾ ਭੰਨਿਆ ਮੰਜੇ ਨਾਲ ਜੁੜਿਆ ਬੈਠੈ, ਇਲਾਜ ਲਈ ਉਸ ਕੋਲ ਏਨੇ ਪੈਸੇ ਵੀ ਨਹੀਂ ਕਿ ਉਹ ਸਰਕਾਰੀ ਹਸਪਤਾਲ ਜਾ ਸਕੇ, ਕੋਟਕਪੂਰੇ ਸਥਿਤ ਉਸ ਦਾ ਤੰਗ ਜਿਹਾ ਘਰ ਉਸ ਦੀ ਦਰਦ ਕਹਾਣੀ ਬਾਰੇ ਸੌ-ਸੌ ਗੱਲਾਂ ਬਿਆਨ ਕਰਦੈ, ਤਾਂ ਬੜੇ ਸੱਜਣਾਂ ਦੇ ਫੋਨ ਆਏ ਕਿ ਅਸੀਂ ਉਹਦੀ ਮਦਦ ਕਰਨੀ ਚਾਹੁੰਦੇ ਹਾਂ ਪਰ ਕਰਨੀ ਕੀਹਨੇ ਸੀ। ਬਸ ਏਨੇ ਨਾਲ ਸਾਰਦੇ ਗਏ, ‘ਮਾੜਾ ਹੋਇਆæææਜਦੋਂ ਇੰਡੀਆ ਆਏ ਤਾਂ ਮਿਲ ਕੇ ਜਾਵਾਂਗੇ’ ਤੇ ਹੁਣ ਜਦੋਂ ਮਸਤਾਨਾ ਰਿਹਾ ਹੀ ਨਹੀਂ ਤਾਂ ਉਹ ਆਉਣ ਜਾਂ ਨਾ, ਇਹਦੇ ਨਾਲ ਭਲਾ ਕੀ ਫ਼ਰਕ ਪੈਣ ਲੱਗੈ।
ਇਹ ਪਹਿਲੀ ਵਾਰ ਤਾਂ ਨਹੀਂ ਹੋਇਆ, ਜਦੋਂ ਕੋਈ ਕਲਾਕਾਰ ਇਲਾਜ ਲਈ ਤੜਫ਼ਦਾ ਜਹਾਨੋਂ ਚਲਾ ਗਿਆ ਹੋਵੇ। ਅਸੀਂ ਤਾਂ ਪਹਿਲਾਂ ਹੀ ਲਿਖਿਆ ਸੀ ਕਿ ਮਗਰੋਂ ‘ਮਾੜਾ ਹੋਇਆ’ ਤੇ ‘ਸਰਕਾਰਾਂ ਨੂੰ ਕੁਝ ਸੋਚਣਾ ਚਾਹੀਦਾ’ ਕਹਿਣ ਨਾਲੋਂ ਫ਼ਨਕਾਰਾਂ ਦੀ ਸਾਰ ਸਾਨੂੰ ਆਪ ਲੈਣੀ ਚਾਹੀਦੀ ਹੈ। ਕਲਾਕਾਰ ਨੂੰ ਸੁਣ ਕੇ ਜਿਹੜੇ ਹੱਥਾਂ ਨਾਲ ਅਸੀਂ ਤਾੜੀਆਂ ਮਾਰਦੇ ਨਹੀਂ ਥੱਕਦੇ, ਉਨ੍ਹਾਂ ਹੱਥਾਂ ਨੂੰ ਕਦੇ ਮਾੜੇ ਵੇਲ਼ੇ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ ਵੀ ਵਰਤ ਲਿਆ ਕਰੀਏ।
ਮਸਤਾਨੇ ਦੇ ਭੋਗ ਵਾਲੇ ਦਿਨ ਇੱਕ ਸੱਜਣ ਨਾਲ ਗੱਲ ਕੀਤੀ ਕਿ ਆਪਣੇ ਵੇਲ਼ੇ ਦੇ ਪ੍ਰਸਿੱਧ ਗਾਇਕ ਜੋਗਿੰਦਰ ਸਿੰਘ ਮਤਵਾਲਾ ਦਾ ਕੀ ਹਾਲ ਏ? ਤਾਂ ਪਤਾ ਲੱਗਾ ਕਿ ਉਹ ਵੀ ਪਹਿਲੀ ਜੂਨ ਵਾਲੇ ਦਿਨ ਬਿਮਾਰੀ ਨਾਲ ਜੂਝਦਾ ਤੁਰਦਾ ਬਣਿਆ। ਕੇਹਾ ਫ਼ਨਕਾਰ ਸੀ ਉਹ? ਜਦੋਂ ਵੀ ਮਿਲਦਾ ਅਕਾਲੀ ਦਲ ਨਾਲ ਨੇੜਤਾ ਦੀਆਂ ਗੱਲਾਂ ‘ਚ ਖੁੱਭ ਜਾਂਦਾ। ਆਖਦਾ, ‘ਵੱਡੇ ਬਾਦਲ ਸਾਹਿਬ ਨੂੰ ਦੋ ਵਾਰ ਨੇੜਿਓਂ ਮਿਲਿਆਂæææਜੇਲ੍ਹ ਵੀ ਕੱਟੀ ਐ ਮੈਂ ਪਾਰਟੀ ਲਈæææਇੱਕ ਵਾਰ ਉਨ੍ਹਾਂ ਮਦਦ ਵੀ ਕੀਤੀ ਸੀ?’ ਕਿੰਨੇ ਖੂਬਸੂਰਤ ਗੀਤ ਗਾਏ ਸੀ ਉਹਨੇ? ਧਾਰਮਿਕ ਗਾਇਕੀ ਵਿਚ ਕੇਹੇ ਮੀਲ ਪੱਥਰ ਸਾਬਤ ਕੀਤੇ ਸਨ? ਪਰ ਚੂਲਾ ਟੁੱਟਣ ਤੋਂ ਬਾਅਦ ਇਲਾਜ ਨਾ ਕਰਾ ਸਕਿਆ ਤੇ ਆਖਰ ਤੁਰਦਾ ਬਣਿਆ।
ਹੁਣ ਜਦੋਂ ਉਹਦੇ ਘਰ ਗਿਆ ਤਾਂ ਹਾਲ ਦੇਖ ਕੇ ਰੋਣ ਨਿਕਲ ਆਇਆ? ਚਾਰ ਪੁੱਤ, ਚਾਰੇ ਮਜਦੂਰੀ ਵਾਲੇ, ਘਰ ਵਿਚ ਕੋਈ ਅਜਿਹੀ ਚੀਜ਼ ਨਹੀਂ, ਜਿਹੜੀ ਪਰਿਵਾਰ ਦੀ ਮੁੱਢਲੀ ਜ਼ਰੂਰਤ ਨਾਲ ਜੁੜੀ ਹੋਵੇ।
ਕੋਟਕਪੂਰੇ ਦਾ ਹੀ ਫ਼ਨਕਾਰ ਮਦਨ ਲਾਲ ਰਾਹੀ ਵੀ ਮਸਤਾਨੇ ਤੇ ਮਤਵਾਲੇ ਵਾਂਗ ਗੁੰਮਨਾਮੀ ਦੀ ਜ਼ਿੰਦਗੀ ਹੰਢਾਉਂਦਾ ਏਸੇ ਵਰ੍ਹੇ ਤੁਰ ਗਿਆ। ਪੰਜਾਬੀ ਫ਼ਿਲਮਾਂ ਨੂੰ ਵੱਡੀ ਦੇਣ ਦੇਣ ਵਾਲਾ ਤੇ ਖਲਨਾਇਕੀ ਰੋਲ ਵਿਚ ਬਹਿ ਜਾ-ਬਹਿ ਜਾ ਕਰਾਉਣ ਵਾਲੇ ਰਾਹੀ ਦਾ ਪਤਾ ਹੀ ਨਾ ਲੱਗਿਆ ਕਿ ਉਹ ਵਿਚਾਰਾ ਤੁਰ ਕਿਹੜੇ ਵੇਲ਼ੇ ਗਿਐ।
ਹੈਰਾਨੀ ਹੁੰਦੀ ਹੈ, ਲੋਕਾਂ ਦੇ ਚੇਤਿਆਂ ‘ਤੇ। ਗੱਲਾਂ ਕਰਨ ਵੇਲ਼ੇ ਕਿਵੇਂ ਅਸਮਾਨ ਨੂੰ ਟਾਕੀਆਂ ਲਾਉਂਦੇ ਨੇ, ਕਲਾ ਦੇ ਕਿੰਨੇ ਸੱਚੇ ਆਸ਼ਕ ਬਣ-ਬਣ ਦਿਖਾਉਂਦੇ ਨੇ, ਪਰ ਅੰਦਰੋਂ ਸਾਰੇ ਆਪਣੇ ਤੱਕ ਹੀ ਸੀਮਤ ਨੇ। ਆਖਦੇ ਨੇ, ‘ਸਰਕਾਰਾਂ ਇਉਂ ਕਰਨ, ਜਥੇਬੰਦੀਆਂ ਇਉਂ ਕਰਨæææਇਨ੍ਹਾਂ ਕਲਾਕਾਰਾਂ ਨੇ ਜਵਾਨੀ ਵੇਲ਼ੇ ਸਾਂਭਿਆ ਕੁਝ ਨਹੀਂ, ਤਾਂ ਇਹ ਹਾਲ ਹੋਇਐ ਇਨ੍ਹਾਂ ਦਾ।’ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਕਿਹੜਾ ਚਾਹੁੰਦੈ ਆਪਣੇ ਘਰ ਨੂੰ ਪੱਟਾਂ, ਇਹ ਸਰਕਾਰਾਂ ਜਾਂ ਸੰਸਥਾਵਾਂ ਦੀਆਂ ਜ਼ਿੰਮੇਵਾਰੀਆਂ ਗਿਣਾਉਂਦੇ ਨੇ, ਜਦੋਂ ਇਹ ਖੁਦ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ‘ਚ ਚਮਕਦੇ ਪੱਥਰ ਲਵਾਉਂਦੇ ਨੇ, ਉਦੋਂ ਇਨ੍ਹਾਂ ਨੂੰ ਕਿਹੜੀ ਸਰਕਾਰ ਨੇ ਸੁਨੇਹਾ ਭੇਜਿਆ ਹੁੰਦੈ।
ਅਮਰ ਸਿੰਘ ਮਸਤਾਨੇ ਦੇ ਭੋਗ ਵਾਲੇ ਦਿਨ ਗੁਰਦੁਆਰਾ ਸਾਹਿਬ ਮੂਹਰੇ ਉਹਦੇ ਪੁੱਤ ਹਰਪਾਲ ਦੇ, ਭੋਗ ‘ਚ ਸ਼ਾਮਲ ਹੋਣ ਆਏ ਲੋਕਾਂ ਦੇ ਸਵਾਗਤ ‘ਚ ਜੁੜੇ ਹੱਥ ਕਿੰਨਾ ਕੁਝ ਬਿਆਨ ਕਰਦੇ ਸਨ। ਉਹ ਵਿਚਾਰਾ ਸੋਚਦਾ ਹੋਵੇਗਾ ਕਿ ਏਥੇ ਆਉਣ ਵਾਲੇ ਸਾਰੇ ਸੱਜਣ ਉਹਦੇ ਪਿਤਾ ਦੀ ਕਲਾ ਦੇ ਅਸਲ ਕਦਰਦਾਨ ਨੇ, ਪਰ ਉਹਨੂੰ ਕੌਣ ਸਮਝਾਵੇ ਕਿ ਜੇ ਇਹ ਸੱਚੀਂ ਉਹਦੀ ਕਲਾ ਦੇ ਆਸ਼ਕ ਹੁੰਦੇ ਤਾਂ ਉਹਨੂੰ ਬਚਾਉਣ ਲਈ ਤਿਲ-ਫੁੱਲ ਜੇਬੋਂ ਕੱਢਦੇ, ਉਹਨੂੰ ਹਸਪਤਾਲ ਲਿਜਾਂਦੇ, ਘਰ ਆ ਕੇ ਉਹਦਾ ਹਾਲ-ਚਾਲ ਪੁੱਛਦੇ। ਪਰ ਇੰਜ ਕਿਸੇ ਨੇ ਨਾ ਕੀਤਾ, ਕਿਉਂਕਿ ਏਨੀ ਵਿਹਲ ਹੀ ਕੀਹਦੇ ਕੋਲ ਹੈ?
ਅੱਜ ਇਹ ਸਭ ਲਿਖਣ ਵੇਲ਼ੇ ਮਸਤਾਨੇ ਦੀ ਅਲਬੇਲੀ ਕਲਮ ਦਾ ਸਿਰਜਿਆ ਇੱਕ ਗੀਤ ਵਾਰ-ਵਾਰ ਦਿਮਾਗ਼ ਵਿਚ ਘੁੰਮ ਰਿਹੈ, ਜਿਸ ਦਾ ਆਖਰੀ ਅੰਤਰਾ ਹੈ,
ਕਈ ਗੱਭਰੂ ਕੋਟਕਪੂਰੇ ਦੇ,
ਗਏ ਤੋੜ ਸਮਾਜ ਜੰਜ਼ੀਰਾਂ ਨੂੰ।
ਪਾ ਲਾਹਨਤਾਂ ਦਾਜ ਦਹੇਜਾਂ ‘ਤੇ,
ਖੇੜਿਆਂ ਤੋਂ ਬਚਾ ਗਏ ਹੀਰਾਂ ਨੂੰ।
ਉਹ ਸੁੱਖ ਦੁਨੀਆਂ ਤੋਂ ਲੈ ਲੈਂਦਾ,
ਇਸ ਗੱਲ ਨੂੰ ਅਪਨਾਉਂਦਾ ਏ,
ਦੁਨੀਆਂ ਦੀ ਦਰਦ ਕਹਾਣੀ ਨੂੰ,
ਕਲਾਕਾਰ ਜਦੋਂ ਕੋਈ ਗਾਉਂਦਾ ਏ,
ਕਦੇ ਗਾਉਂਦਾ-ਗਾਉਂਦਾ ਹੱਸ ਪੈਂਦਾ,
ਕਦੇ ਹੱਸਦਿਆਂ ਤਾਈਂ ਰੁਆਉਂਦਾ ਏ।

Be the first to comment

Leave a Reply

Your email address will not be published.