ਦੁਨੀਆਂ ਇਸ ਯਤਨ ਵਿਚ ਵੀ ਲੱਗ ਗਈ ਹੈ ਕਿ ਗਾਂ ਸ਼ਾਇਦ ਕੱਟਾ ਛੱਡਣ ਨਾਲ ਵੀ ਦੁੱਧ ਚੋਣ ਦੇ ਦੇਵੇਗੀ, ਪਰ ਇੱਦਾਂ ਹੋਵੇਗਾ ਨਹੀਂ, ਕਿਉਂਕਿ ਜੀਭ ਬੁੱਲ੍ਹਾਂ ਤੋਂ ਨਹੀਂ, ਦੰਦਾਂ ਦੇ ਵੀ ਅੰਦਰ ਰਹੇਗੀ। ਭਾਰਤ ਵਿਚੋਂ ਜਾਤ ਪ੍ਰਥਾ ਇਸ ਕਰ ਕੇ ਨਹੀਂ ਮੁੱਕ ਰਹੀ ਕਿਉਂਕਿ ਵਿਗਿਆਨਕ ਯੁੱਗ ਵਿਚ ਬ੍ਰਾਹਮਣ ਹੀ ਬ੍ਰਹਮ ਗਿਆਨੀ ਅਖਵਾਉਣ ਦੇ ਭਰਮ ਵਿਚ ਹੈ। ਜਵਾਨੀ ਦੇ ਨਸ਼ੇ ਵਾਲੇ ਜ਼ੋਰ ਵਿਚ ਪਿਆਰ ਟੁੱਟ ਵੀ ਜਾਵੇ, ਤਾਂ ਉਨਾ ਕੁ ਅਸਰ ਹੁੰਦਾ ਹੈ, ਜਿੰਨਾ ਸ਼ਰਾਬੀ ਦਾ ਸਵੇਰੇ ਨਸ਼ਾ ਉਤਰਨ ਵੇਲੇ ਹੋਇਆ ਹੋਵੇ। ਕਈਆਂ ਨੇ ਪਿਆਰ ਵੀ ਕੀਤਾ, ਫਿਰ ਇਸ ਨੂੰ ਵਿਆਹ ਦੇ ਅਮਲ ਵਿਚ ਵੀ ਲਿਆਂਦਾ, ਪਰ ਜਦੋਂ ਤਲਾਕ ਦਾ ਮੋਛਾ ਪਿਆ, ਤਾਂ ਫਿਰ ਪਤਾ ਲੱਗਾ ਕਿ ਛਤੀਰ ਟੁੱਟਣ ਨਾਲ ਛੱਤਾਂ ਵੀ ਡਿੱਗ ਪੈਂਦੀਆਂ ਹਨ। ਅਸਮਾਨ ਵਿਚ ਉਡਦੀ ਚਿੜੀ ਨੇ ਪਿੱਛੇ ਆਉਂਦੇ ਕਾਂ ਨੂੰ ਵੇਖ ਕੇ ਪੁੱਛਿਆ, “ਕਿਧਰ ਹਲਕਿਆ ਆਉਨੈਂ?” ਕਾਂ ਨੇ ਹਮਦਰਦੀ ਵਾਲਾ ਮੂੰਹ ਬਣਾਉਂਦਿਆਂ ਕਿਹਾ, “ਹੇਠਾਂ ਦੋ ਚਿੜੇ ਵਿਉਂਤ ਘੜ ਰਹੇ ਸਨ ਕਿ ਅੱਜ ਚਿੜੀ ਘੇਰਨੀ ਆ, ਤੇਰੀ ਹਿਫ਼ਾਜ਼ਤ ਲਈ ਆਇਆਂ।” ਚਿੜੀ ਨੇ ਅਣਖ ਵਿਚ ਤਾਅਨਾ ਮਾਰਿਆ, “ਲੁੱਚਿਆਂ ਦੇ ਰਹਿਮ ਨਾਲੋਂ ਸ਼ਰੀਫਾਂ ਦੀ ਕੁਪੱਤ ਵੀ ਚੰਗੀ ਹੁੰਦੀ ਹੈ। ਨਾਲੇ ਮੈਨੂੰ ਲਗਦੈ, ਤੂੰ ਅੱਜ ਕੱਲ੍ਹ ਕਿਸੇ ਡੇਰੇ ਦੀ ਕੰਧ ‘ਤੇ ਜਾ ਕੇ ਬੈਠਦਾ ਹੋਣਾæææ ਦਫ਼ਾ ਹੋ, ਬਿੱਲੀਆਂ ਹਾਲੇ ਬਘਿਆੜਾਂ ‘ਤੇ ਵਿਸ਼ਵਾਸ ਨਹੀਂ ਕਰਨ ਲੱਗੀਆਂ।” ਅਸਲ ਵਿਚ ਕਈ ਕਤਲ, ਗਲਾ ਘੁੱਟ ਕੇ ਵੀ ਕੀਤੇ ਜਾ ਸਕਦੇ ਹਨ। ਔਰਤ ਤੋਂ ਮਜਬੂਰੀਆਂ ਵਿਚ ਕਿਤੇ ਬੇਵਫਾਈ ਹੋ ਜਾਵੇ, ਸਮਾਜ ਦੀਆਂ ਜ਼ੰਜੀਰਾਂ ਪੈਰ ਨਾ ਪੁੱਟਣ ਦੇਣ, ਤਾਂ ਲੋਕ ਬੂਹੇ ਵਿਚੋਂ ਬਾਹਰ ਮੂੰਹ ਕੱਢ ਕੇ ਫਿੱਟੇ ਮੂੰਹ ਕਹਿਣ ਵਿਚ ਦੇਰੀ ਕਰਨਾ ਗੁਨਾਹ ਸਮਝ ਰਹੇ ਹੁੰਦੇ ਹਨ, ਪਰ ਜਿਨ੍ਹਾਂ ਮਰਦਾਂ ਨੇ ਬੇਵਫਾਈਆਂ ਦਾ ਅੱਕ ਘਰ ਵਿਚ ਬੀਜਿਆ ਹੋਇਆ ਹੈ, ਉਥੇ ਸੰਦਲ ਦੇ ਸ਼ਰਬਤ ਦਾ ਅਰਥ ਕੀ ਹੋ ਸਕਦਾ ਹੈ? ਕਈ ਥਾਂ ਬੀਨ ਤਾਂ ਵੱਜ ਰਹੀ ਹੈ, ਪਰ ਸੱਪ ਮੇਲ੍ਹਣ ਦੀ ਬਜਾਏ ਗੁੱਸੇਖੋਰ ਹੋਈ ਜਾ ਰਿਹੈ। ਸੁਕਰਾਤ ਨੇ ਸਿਰਫ਼ ਬੋਲਿਆ ਹੈ, ਲਿਖਿਆ ਉਹਦੇ ਚੇਲੇ ਪਲੈਟੋ ਨੇ ਹੈ, ਤੇ ਹੁਣ ਅਕਸਰ ਇੱਦਾਂ ਹੋਣ ਲੱਗ ਪਿਆ ਹੈ ਕਿ ਗੁੰਗੇ ਕਥਾ ਤਾਂ ਇਸ਼ਾਰਿਆਂ ਨਾਲ ਕਰ ਰਹੇ ਹੁੰਦੇ ਹਨ, ਪਰ ਸਮਝ ਸੌਖਿਆਂ ਹੀ ਕਈ ਜ਼ੁਬਾਨਾਂ ਵਾਲਿਆਂ ਨਾਲੋਂ ਵੀ ਵੱਧ ਤੇ ਛੇਤੀ ਆ ਜਾਂਦੀ ਹੈ; ਜਿਵੇਂ:
ਐਸ਼ ਅਸ਼ੋਕ ਭੌਰਾ
ਯੁੱਗਾਂ ਤੋਂ ਧਰਮ ਮਨੁੱਖ ਨੂੰ ਸੁਖਾਲਾ ਕਰਨ ਲਈ, ਪਾਪ ਤੋਂ ਮੁਕਤੀ ਤੇ ਇਮਾਨਦਾਰੀ ਵਾਲਾ ਜੀਵਨ ਜਿਉਣ ਦਾ ਉਪਦੇਸ਼ ਦਿੰਦਾ ਆਇਆ ਹੈ, ਪਰ ਕਦੇ ਸੋਚਿਆ ਕਿ ਕੋਈ ਵੀ ਸਰਕਾਰ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਮੁਕਾਉਣ ਦਾ ਦਾਅਵਾ ਕਰਨ ਵਿਚ ਸਫ਼ਲ ਹੋ ਗਈ ਹੋਵੇ? ਇੱਦਾਂ ਹੋ ਨਹੀਂ ਸਕੇਗਾ, ਕਿਉਂਕਿ ਫ਼ਿਰ ਧਰਤੀ ‘ਤੇ ਬੰਦੇ ਨਹੀਂ, ਦੇਵਤੇ ਰਹਿਣ ਲੱਗ ਪੈਣਗੇ; ਥਾਣਿਆਂ ਵਿਚ ਕਿੱਲੀ ਨਾਲ ਸਿਰਫ਼ ਵਰਦੀਆਂ ਟੰਗੀਆਂ ਮਿਲਣਗੀਆਂ; ਸੰਤਰੀਆਂ ‘ਤੇ ਜੇਲ੍ਹਾਂ ਵਿਚ ਨਸ਼ੇ ਵੇਚਣ ਦਾ ਇਲਜ਼ਾਮ ਤਾਂ ਚਲੋ ਕੋਈ ਨਹੀਂ ਲਾਵੇਗਾ, ਪਰ ਊਂ ਵੀ ਜੇਲ੍ਹਾਂ ਵਿਚ ਕੁੱਤਾ ਘੜੀਸਿਆ ਜਾਵੇਗਾ; ਵਿਗਿਆਨ ਆਤਮ ਹੱਤਿਆ ਕਰ ਲਵੇਗਾ; ਹਸਪਤਾਲਾਂ ਨੂੰ ਜਿੰਦਰੇ ਲੱਗਣਗੇ; ਬਾਬੇ ਤੇ ਸਾਧ ਵਿਹਲੇ ਹੋ ਜਾਣਗੇ; ਧਾਰਮਿਕ ਸਥਾਨਾਂ ਤੋਂ ਗੋਲਕਾਂ ਚੁੱਕ ਹੋ ਜਾਣਗੀਆਂ; ਤੇ ਸਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਅਖ਼ਬਾਰਾਂ ਕੋਲ ਛਾਪਣ ਲਈ ਕੁਝ ਵੀ ਨਹੀਂ ਬਚੇਗਾ। ਖੈਰ! ਇਹ ਸਾਰੀ ਖਿਆਲਾਂ ਦੀ ਜੁਗਲਬੰਦੀ ਹੀ ਹੈ, ਕਿਉਂਕਿ ਮਨੁੱਖ ਆਪਣੇ ਤਾਣੇ ਵਿਚੋਂ ਖੁਦ ਹੀ ਕਦੇ ਨਿਕਲਣਾ ਚੰਗਾ ਨਹੀਂ ਸਮਝੇਗਾ। ਨਾਲੇ ਫ਼ਿਰ ਜੈਕਾਰੇ ਤੇ ਨਾਅਰੇ ਦੋਵੇਂ ਹੀ ਮੁੱਕ ਜਾਣਗੇ।
ਕਾਂ, ਕੋਇਲ ਨਾਲ ਝਗੜ ਰਿਹਾ ਸੀ। ਉਹ ਵਿਚਾਰੀ ਕੁਝ ਬੋਲਣ ਦੀ ਥਾਂ ਨੀਵੀਂ ਪਾ ਕੇ ਰੋਈ ਜਾ ਰਹੀ ਸੀ। ਕੋਲੋਂ ਲੰਘਦੇ ਕਬੂਤਰ ਨੇ ਕਿਹਾ, “ਇਹਨੂੰ ਕੰਜਰ ਦੇ ਨੂੰ ਜੁਆਬ ਦੇ ਠੋਕ ਕੇ।” ਉਹ ਹੌਲੀ ਦੇਣੀ ਕਹਿਣ ਲੱਗੀ, “ਭਰਾਵਾ ਕੰਜਰਾਂ ਨੂੰ ਕਿਸੇ ਯੁੱਗ ਵਿਚ ਕੋਈ ਭਲਾਮਾਣਸ ਹਰਾ ਨਹੀਂ ਸਕਿਆ ਹੈ। ਮੈਂ ਮਿੱਠਾ ਬੋਲਾਂਗੀ, ਇਹ ਜ਼ਹਿਰ ਉਗਲੇਗਾ।” ਕੋਲੋਂ ਲੰਘਦੇ ਤੋਤੇ ਨੇ ਕਬੂਤਰ ਨੂੰ ਗਲਵੱਕੜੀ ਵਿਚ ਲੈ ਕੇ ਇਸ਼ਾਰਾ ਕੀਤਾ, “ਓ ਰੱਬ ਦਿਆ ਭੋਲਿਆ ਬੰਦਿਆ! ਕਾਹਨੂੰ ਜਾਭਾਂ ਘਸਾਉਨੈਂæææ ਸੱਪ ਤੇ ਕਾਂ ਦੀ ਉਪਰ ਵਾਲੇ ਨੇ ਉਮਰ ਇਸ ਕਰ ਕੇ ਲੰਮੀ ਰੱਖੀ ਹੈ ਤਾਂ ਕਿ ਲੁੱਚੇ ਚੌਧਰ ਕਰਦੇ ਰਹਿਣ ਤੇ ਉਨ੍ਹਾਂ ਦੇ ਚਮਚੇ ਸੱਪ ਬਣ ਕੇ ਡੰਗੀ ਜਾਣ ਲੋਕਾਂ ਨੂੰ।” ਸੱਚ ਨਹੀਂ ਲਗਦਾ ਕਿ ਸੰਤ ਅਤੇ ਨੇਤਾ ਹੁਣ ਆ ਕੇ ਆਹਮੋ-ਸਾਹਮਣੇ ਹੋਏ ਹਨ। ਸੰਤ ਜੋ ਕੁਝ ਤਿਆਗਣ ਨੂੰ ਕਹਿ ਰਿਹਾ ਹੈ, ਨੇਤਾ ਉਸੇ ਦੀਆਂ ਗ੍ਰਾਂਟਾਂ ਵੰਡਣ ਲੱਗੇ ਹੋਏ ਹਨ, ਤੇ ਜ਼ਹਿਰ ਦਾ ਇਹ ਪ੍ਰਸਾਦ ਲੈਣ ਲਈ ਲੋਕੀਂ ਫਿਰ ਮੰਗ ਪੱਤਰ ਦੇਣ ਲਈ ਕਾਹਲੇ ਪਏ ਹੋਏ ਨੇ।
ਇਸ ਗੱਲ ਨੂੰ ਵੀ ਹੁਣ ਸਦੀਵੀ ਸੱਚ ਵਾਂਗ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਔਰਤ ਜਾਤੀ ਹਾਲੇ ਆਉਣ ਵਾਲੇ ਸਮੇਂ ਵਿਚ ਹੋਰ ਦੁਖੀ ਹੋਵੇਗੀ, ਕਿਉਂਕਿ ਧਰਮ ਦਾ ਬਹੁਤਾ ਕਾਰਜ ਫ਼ਿਰ ‘ਮਹਾਂਪੁਰਸ਼ਾਂ’ ਦੇ ਹੱਥਾਂ ਵਿਚ ਜਾ ਰਿਹਾ ਹੈ। ਹੁਣ ਪਰਬਤਾਂ ਵਿਚੋਂ ਦੇਵੀਆਂ ਪ੍ਰਗਟ ਹੋਣ ਦੀ ਆਸ ਮੁੱਕ ਰਹੀ ਹੈ। ਊਂ ਵੀ ‘ਭੈਰੋਂ’ ਥਾਂ-ਥਾਂ ਰਾਹ ਘੇਰੀ ਬੈਠੇ ਹਨ।
ਕਈ ਵਾਰ ਬੀਹੀ ਅੰਦਰ ਦਾਖ਼ਲ ਹੋਣ ਲਈ ਰਾਹ ਤਾਂ ਭਾਵੇਂ ਦੋ ਹੁੰਦੇ ਹਨ, ਪਰ ਬਾਹਰ ਨਿਕਲਣ ਲਈ ਇਕ ਹੀ ਬਚਦਾ ਹੈ। ਕਈਆਂ ਨੇ ਮੁੱਛ ਤਾਂ ਖੜ੍ਹੀ ਰੱਖੀ ਹੁੰਦੀ ਹੈ, ਪਰ ਆਪ ਲੰਮੇ ਪਏ ਹੁੰਦੇ ਹਨ। ਹੇਠਾਂ ਜ਼ਰਾ ਅੰਤਰ-ਗਿਆਨ ਦੇ ਦੀਵੇ ਬਾਲ ਦੇ ਦੇਖਿਓæææ ਲੱਗੇਗਾ ਜਿਵੇਂ ਮੁਰਦੇ ਦੇ ਨਹਾ ਕੇ ਪਾਏ ਜਾਣ ਵਾਲੇ ਲੀੜਿਆਂ ਨਾਲ ਦਰਜੀ ਨੇ ਕਾਹਲੀ-ਕਾਹਲੀ ਵਿਚ ਜੇਬ੍ਹ ਵੀ ਲਗਾ ਦਿੱਤੀ ਹੋਵੇ।
æææਕੰਮੋ ਨੇ ਜਦੋਂ ਪ੍ਰਵੀਨ ਦੇ ਗਲ ਨਾਲ ਲੱਗ ਕੇ ਧਾਹ ਗਲਵੱਕੜੀ ਪਾਈ, ਤਾਂ ਉਹਨੂੰ ਆਵਾਜ਼ ਤੋਂ ਪਤਾ ਲੱਗਾ ਕਿ ਇਹ ਤਾਂ ਨਾ ਸਿਰਫ਼ ਮੇਰੇ ਬਚਪਨ ਦੀ ਸਹੇਲੀ ਐ, ਸਗੋਂ ਮੇਰੇ ਬਾਪੂ ਦੇ ਕਾਮੇ ਯਾਰ ਦੀ ਧੀ ਕੰਮੋ ਐ।
“ਨੀ ਤੂੰ ਤਾਂ ਹੀਰ ਦੀ ਭੈਣ ਲੱਗਦੀ ਹੁੰਦੀ ਸੀ, ਆਹ ਕੀ ਧੁਆਂਖੀ ਜਿਹੀ ਹੋਈ ਫ਼ਿਰਦੀ ਏਂ?” ਪ੍ਰਵੀਨ ਨੇ ਸਵਾਲ ਵਿਚ ਲੋਹੜੇ ਦੀ ਹੈਰਾਨੀ ਪ੍ਰਗਟ ਕੀਤੀ।
“ਭੈਣ, ਤੂੰ ਨਹੀਂ ਜਾਣਦੀæææ ਹਾਲੇ ਤੱਕ ਨਾ ਕਿਸੇ ਗਰੀਬ ਨੇ ਜਵਾਨੀ ਮਾਣੀ ਆ, ਤੇ ਨਾ ਕਿਸੇ ਨੂੰ ਪੋਹ ਦੀ ਚਾਨਣੀ ਦਾ ਭਾਅ ਰਿਹੈ।”
“ਨੀ ਤੂੰ ਨਾਭਿਓਂ ਜੈਪੁਰ ‘ਕੱਲੀ ਕਿੱਦਾਂ ਪੁੱਜ ਗਈ?”
“ਜਦੋਂ ਬਿਪਤਾ ਦੇ ਘੁੱਗੂ ਵੱਜਦੇ ਨੇ, ਸਮੁੰਦਰ ਵੀ ਵਗਦੇ ਨਾਲਿਆਂ ਵਰਗੇ ਲੱਗਣ ਲਗਦੇ ਆ। ਨਾਲ ਹੀ ਅਹਿ ਤੇਰਾ ਭਾਣਜਾ ਅਮਰੀਕ ਵੀ ਬਾਹਰ ਮਾਸੜ ਕੋਲ ਬੈਠਾ।”
“ਚਿਰ ਹੋ ਗਿਆ ਦੇਖੇ ਨੂੰ। ਬੜਾ ਸੁਨੱਖਾ ਸੀ ਅਮਰੀਕ। ਬਿੱਲੀਆਂ ਅੱਖਾਂ, ਕਾਲੇ ਵਾਲ, ਗੋਰਾ ਨਿਛੋਹ ਰੰਗ।”
“ਜਦੋਂ ਹੰਸ ਰੂੜੀਆਂ ‘ਤੇ ਘੁੰਮਣ ਲੱਗ ਪਏ ਤਾਂ ਉਹ ਹੰਸ ਨਹੀਂ ਰਹਿੰਦਾ। ਪਿਉ ਕੰਜਰ ਤਾਂ ਜਿਵੇਂ ਕਿਵੇਂ ਮਰਿਆ ਈ ਸੀ, ਇਹਨੂੰ ਦਿਹਾੜੀ-ਦੱਪਾ ਕਰ ਕੇ ਔਖਾ ਪਾਲਿਆ। ਦਸ ਜਮਾਤਾਂ ਪੜ੍ਹਾਇਆ। ਇਹਨੂੰ ਇਹ ਵੀ ਸ਼ਰਮ ਨੀ, ਪਈ ਮਾਂ ਕੈਂਸਰ ਨਾਲ ਮਰਨ ਕਿਨਾਰੇ ਐæææ ਬਦਮਾਸ਼ਾਂ ਦੀ ਇਕ ਕੁੜੀ ਨਾਲ ਲਾਈ ਬੈਠਾ। ਉਹ ਇਹਨੂੰ ਮਾਰਨ ਨੂੰ ਫਿਰ ਰਹੇ ਨੇ। ਬਿੱਲੀ ਵਾਂਗ ਬਲੂੰਗੜਾ ਲੈ ਕੇ ਸੱਤ ਘਰ ਨਹੀਂ, ਇਕੋ ਤੇਰੇ ਘਰ ਆਈ ਆਂ। ਪ੍ਰਾਹੁਣੀ ਬਣ ਕੇ ਨਹੀਂ, ਚਾਰ ਦਿਨ ਜਿਉਣ ਲਈ।”
ਤੇ ਬਾਤ ਤੇ ਹੁੰਗਾਰੇ ਵਾਂਗ ਦੋਵੇਂ ਪਲਾਂ ਵਿਚ ਇਕ-ਦੂਜੇ ਦੇ ਦਰਦ ‘ਤੇ ਫ਼ਹੇ ਰੱਖ ਕੇ ਫੂਕਾਂ ਮਾਰਨ ਲੱਗ ਪਈਆਂ ਸਨ।
ਫ਼ਿਰ ਪ੍ਰਵੀਨ ਹੋਰਾਂ ਦੀ ਮੁਨਿਆਰੀ ਦੀ ਦੁਕਾਨ ‘ਤੇ ਅਮਰੀਕ ਕੰਮ ਤਾਂ ਕਰਨ ਲੱਗ ਪਿਆ ਸੀ, ਪਰ ਗਮਾਂ ਤੇ ਕੈਂਸਰ ਨਾਲ ਸੜ ਕੇ ਸੁਆਹ ਹੋਈ ਕੰਮੋ ਨੂੰ ਸੁੱਖ ਦਾ ਸਾਹ ਆਉਣ ਤੋਂ ਪਹਿਲਾਂ ਹੀ ਉਹਦੇ ਸਾਹ ਮੁੱਕ ਗਏ। ਨਾਭੇ ਦੀ ਆਬੋ-ਹਵਾ ਵਿਚ ਕਦੇ ਸ਼ੀਰੀ ਵਾਂਗ ਘੁੰਮਦੀ ਕੰਮੋ ਉਮਰ ਦੇ 50ਵੇਂ ਵਰ੍ਹੇ ਵਿਚ ਜੈਪੁਰ ਦੇ ਸ਼ਮਸ਼ਾਨਘਾਟ ਵਿਚ ਰਾਖ ਹੋ ਗਈ।
ਪ੍ਰਵੀਨ ਨੇ ਆਪਣੇ ਪਤੀ ਸੁਹੇਲ ਨੇ ਪੁੱਛਿਆ, “ਅਮਰੀਕ ਕਿਆ ਕਰੇਗਾ, ਮਨਿਆਰੀ ਦੀ ਦੁਕਾਨ ‘ਤੇ ਇਹਦਾ ਦਿਲ ਵੀ ਨਹੀਂ ਲਗਦਾ ਬਹੁਤਾ। ਕਿਉਂ ਨੀ ਆਪਣੇ ਮਿੱਤਰ ਪ੍ਰਵੇਸ਼ ਚੰਦਰ ਨੂੰ ਕਹਿ ਕੇ ਉਹਦੇ ਕੋਲ ਰਖਵਾ ਦਿੰਦੇ। ਘੋੜਿਆਂ ਤੋਂ ਲੈ ਕੇ ਬਦਾਮਾਂ ਤੱਕ ਦਾ ਕਾਰੋਬਾਰ ਐ, ਮਾੜਾ ਮੋਟਾ ਹਿਸਾਬ-ਕਿਤਾਬ ਦਫ਼ਤਰ ਵਿਚ ਬਹਿ ਕੇ ਕਰ ਲਿਆ ਕਰੇਗਾ।”
ਪ੍ਰਵੀਨ ਦੀ ਤਜਵੀਜ਼ ਅਮਲ ਵਿਚ ਬਦਲ ਗਈ। ਪ੍ਰਵੇਸ਼ ਨੂੰ ਅਮਰੀਕ ਮਿਲਿਆ ਤਾਂ ਸਾਰੇ ਦੁੱਖ ਦਾ ਤਾਂ ਪਤਾ ਲੱਗ ਹੀ ਗਿਆ, ਪਰ ਰਾਜ ਕੁਮਾਰਾਂ ਵਰਗੀ ਦਿੱਖ ਨੇ ਉਹਨੂੰ ਗਰੀਬ ਦੀ ਜ਼ਿੰਦਗੀ ਨਾਲ ਪੂਰੇ ਦਾ ਪੂਰਾ ਮੋਹ ਲਿਆ।
“ਸੁਹੇਲ ਮਿੱਤਰਾ! ਹੁਣ ਅਮਰੀਕ ਮੇਰੇ ਮਹਿਲਾਂ ਵਿਚ ਆਉਣ-ਜਾਣ ਵਾਲੇ ਦੀ ਦੇਖ-ਭਾਲ ਤੇ ਗੱਲ-ਬਾਤ ਕਰਿਆ ਕਰੇਗਾ। ਬੇਟਾ ਮੇਰਾ ਜੋਧਪੁਰ ਵਾਲਾ ਕਾਰੋਬਾਰ ਦੇਖਦੈ, ਬੇਟੀ ਤੇ ਪਤਨੀ ਹੀ ਘਰ ਹੁੰਦੀਆਂ। ਨਾਲੇ ਆਪਾਂ ਸਾਰੇ ਪਟਿਆਲਵੀ ਪੰਜਾਬੀ ਭਰਾ ਹਾਂ।”
æææਤੇ ਅਮਰੀਕ ਦੀ ਜ਼ਿੰਦਗੀ ਵਿਚ ਨਵੇਂ ਰੰਗ ਭਰੇ ਜਾਣ ਲੱਗ ਪਏ।
ਫਿਰ ਛੇ ਕੁ ਸਾਲ ਅਮਰੀਕ ਦੇ ਬੜੇ ਸੁਖਾਲੇ ਲੰਘ ਗਏ। ਇਕ ਦਿਨ ਉਹਨੇ ਕਿਹਾ, “ਅੰਕਲ, ਮੈਂ ਪੰਜਾਬ ਜਾਣਾ ਚਾਹੁੰਦਾ। ਤੁਹਾਡੇ ਕੋਲ ਬਿਜਲੀ ਮਹਿਕਮੇ ਦਾ ਇਕ ਐਕਸੀਅਨ ਸੀ ਆਉਂਦਾ ਹੁੰਦਾ ਲੁਧਿਆਣਿਓਂæææ ਉਹਨੂੰ ਕਹਿ ਕੇ ਉਥੇ ਹੀ ਛੋਟੀ ਮੋਟੀ ਨੌਕਰੀ ਦੁਆ ਦਿਓ।”
ਸਾਲ ਛੇ ਮਹੀਨੇ ਤਾਂ ਪ੍ਰਵੇਸ਼ ਨੇ ਧਿਆਨ ਨਾ ਦਿੱਤਾ, ਪਰ ਫਿਰ ਉਹਦੀ ਬੇਟੀ ਬਬਲੀ ਵੀ ਅਮਰੀਕ ਦੀ ਸਿਫਾਰਿਸ਼ ਕਰਨ ਲੱਗ ਪਈ, “ਡੈਡੀ ਕਰਾ ਦਿਓ ਨਾ ਵਿਚਾਰੇ ਅਮਰੀਕ ਦਾ ਕੰਮ, ਇਥੇ ਹੁਣ ਉਦਾਸ ਜਿਹਾ ਰਹਿੰਦੈ।”
ਕੌਡਾਂ ਆਖਰ ਸਿੱਧੀਆਂ ਪਈਆਂ, ਤਾਂ ਉਸੇ ਐਕਸੀਅਨ ਨੇ ਪ੍ਰਵੇਸ਼ ਦੀ ਸਿਫ਼ਾਰਸ਼ ਮੰਨ ਲਈ, ਪਰ ਕੰਮ ਵਰਕ-ਚਾਰਜ ਵਾਲਾ ਕੱਚੇ ਕਾਮਿਆਂ ਵਾਲਾ ਹੀ ਮਿਲਿਆ।
ਅਮਰੀਕ ਪੂਰਾ ਖੁਸ਼ ਸੀ, ਤੇ ਬਬਲੀ ਉਸ ਤੋਂ ਵੀ ਵੱਧ, ਕਿਉਂਕਿ ਕਈ ਰਾਜ਼ ਉਹੋ ਜਿਹੇ ਹੀ ਹੁੰਦੇ ਹਨ ਜਿਵੇਂ ਕੁਝ ਜ਼ਿੰਦਰਿਆਂ ਦੀਆਂ ਕੁੰਜੀਆਂ ਸੜਕਾਂ ਕਿਨਾਰੇ ਬੈਠੇ ਕਾਰੀਗਰਾਂ ਤੋਂ ਨਵੀਆਂ ਹੀ ਬਣਾਉਣੀਆਂ ਪੈਂਦੀਆਂ ਹਨ।
ਅਮਰੀਕ ਗਿਆ ਸੀ ਤਾਂ ਦੁੱਖਾਂ ਮਾਰੀ ਮਾਂ ਕੰਮੋ ਨਾਲ ਸੀ, ਪਰ ਕੁਝ ਸੁਖਾਲਾ ਹੋ ਕੇ ਹੁਣ ਪਰਤ ਤਾਂ ਰਿਹਾ ਸੀ, ਪਰ ਮਾਂ ਤੋਂ ਬਿਨਾਂ! ਜਦੋਂ ਉਹਨੂੰ ਐਕਸੀਅਨ ਨੇ ਲੁਧਿਆਣੇ ਪੁੱਜਣ ਲਈ ਕਿਹਾ ਤਾਂ ਮਨ ਵਿਚ ਆਇਆ ਕਿ ਇਥੇ ਤਾਂ ਬਸਤੀ ਵਿਚ ਆਪਣਾ ਪੁਰਾਣਾ ਗੁਆਂਢੀ ਪਿੰਡੋਂ ਇਕ ਬੇਲੀ ਰਹਿੰਦੈ ਸਰਬਣ, ਉਹਦੇ ਕੋਲ ਚੱਲਾਂਗੇ।
ਫੌਜੀ ਵਾਂਗ ਬਿਸਤਰਾ ਬੰਨ੍ਹ ਕੇ ਲੁਧਿਆਣੇ ਪੁੱਜ ਗਿਆ, ਨੌਕਰੀ ‘ਤੇ ਵੀ ਹਾਜ਼ਰੀ ਦੇ ਦਿੱਤੀ, ਸਰਬਣ ਵੀ ਟੱਕਰ ਪਿਆ, ਤੇ ਦੋ ਕੁ ਮਹੀਨੇ ਵਿਚ ਕਿਰਾਏ ‘ਤੇ ਮਕਾਨ ਵੀ ਲੈ ਲਿਆ।
æææਸਿਆਲ ਦੀਆਂ ਲੱਗੀਆਂ ਰੋਹੀਆਂ ਵਿਚ ਪ੍ਰਗਟ ਹੋ ਗਈਆਂ। ਅਮਰੀਕ ਦੇ ਇਸ਼ਕ ਵਿਚ ਝੱਲੀ ਹੋਈ ਬਬਲੀ ਵੀ ਮਗਰੇ ਚਾਰ ਪੈਸੇ ਤੇ ਗਹਿਣੇ ਲੈ ਕੇ ਲੁਧਿਆਣੇ ਆਣ ਪੁੱਜੀ। ਅਗਲੇ ਹੀ ਦਿਨ ਲਾਵਾਂ ਲਈਆਂ, ਤੇ ਵਿਆਹ ਕਾਨੂੰਨ ਦੇ ਖਾਤੇ ਵਿਚ ਵੀ ਚੜ੍ਹ ਗਿਆ।
ਜਦੋਂ ਚੌਥੇ ਕੁ ਦਿਨ ਪ੍ਰਵੇਸ਼ ਲੁਧਿਆਣੇ ਪੁੱਜਿਆ ਤਾਂ ਫ਼ਿਰ ਪਤਾ ਲੱਗਾ ਕਿ ਅਮਰੀਕ ਨੂੰ ਜੈਪੁਰ ਚੰਗਾ ਕਿਉਂ ਨਹੀਂ ਸੀ ਲਗਦਾ, ਤੇ ਬਬਲੀ ਪਿਉ ‘ਤੇ ਜ਼ੋਰ ਕਿਉਂ ਪਾ ਰਹੀ ਸੀ।
ਸਿਆਣੇ ਬਾਪ ਨੇ ਸਮਾਜ ਦੀ ਖੇਹ ਸਿਰ ਪੁਆਉਣ ਨਾਲੋਂ ਇਸ ਭਾਣੇ ਨੂੰ ਤਾਂ ਮਿੱਠਾ ਕਰ ਕੇ ਮੰਨ ਲਿਆ, ਪਰ ਗੁੱਸੇ ਵਿਚ ਧੀ ਨੂੰ ਇਹ ਜ਼ਰੂਰ ਕਿਹਾ, “ਮੈਨੂੰ ਕਦੇ ਸ਼ਕਲ ਨਾ ਵਿਖਾਈਂ”, ਪਰ ਉਹਨੇ ਐਕਸੀਅਨ ਦੀ ਤਜਵੀਜ਼ ‘ਤੇ ਵੀ ਅਮਰੀਕ ਨੂੰ ਨੌਕਰੀਓਂ ਹਟਾਉਣ ਦੀ ਸਿਫ਼ਾਰਿਸ਼ ਨਾ ਮੰਨੀ।
ਸਿਆਣਿਆਂ ਦੇ ਕਹਿਣ ਵਾਂਗ ਵਕਤ ਦੇ ਗੁਜ਼ਰਨ ਨਾਲ ਕਈ ਵੱਡੇ-ਵੱਡੇ ਰਿਸ਼ਤਿਆਂ ਦੇ ਨਿੱਘ ਵੀ ਠੰਢੇ-ਠਾਰ ਹੋ ਜਾਂਦੇ ਹਨ। ਬਬਲੀ ਮੁਹੱਬਤ ਦੇ ਤੀਜੇ ਵਰ੍ਹੇ ਧੀ ਦੀ ਮਾਂ ਬਣ ਗਈ। ਬਾਪ ਦਾ ਗਹਿਣਾ-ਗੱਟਾ ਖਰਚਿਆਂ ਵਿਚ ਰੁੜ੍ਹ ਗਿਆ, ਤੇ ਇਸ਼ਕ ਦਾ ਭੂਤ ਵੀ ਲਹਿ ਕੇ ਦੋਹਾਂ ਨੂੰ ਚਿੜਾਉਣ ਲੱਗ ਪਿਆ।
ਸ਼ਿਕਾਰ ਖੇਡਣ ਦੇ ਸ਼ੌਕੀਨ ਦੀ ਦੁਨੀਆਂ ਰਾਜਿਆਂ-ਮਹਾਰਾਜਿਆਂ ਤੋਂ ਲੈ ਕੇ ਬੜੀ ਵਚਿੱਤਰ ਰਹੀ ਹੈ। ਵਕਤ ਦੇ ਹਿਸਾਬ ਨਾਲ ਹਥਿਆਰ ਨਾ ਵੀ ਚੱਲਣ, ਸ਼ਿਕਾਰ ਹੱਥਾਂ ਨਾਲ ਖੇਡਣ ਦੇ ਯਤਨ ਵੀ ਕਰਨ ਲੱਗ ਪੈਂਦੇ ਹਨ।
ਅਮਰੀਕ ਚਲੋ ਦਾਰੂ ਦਾ ਘੁੱਟ ਤਾਂ ਕਦੇ-ਕਦੇ ਤੋਂ ਨਿੱਤ ਪੀਣ ਲੱਗ ਪਿਆ ਸੀ, ਪਰ ਉਹਦਾ ਸਰਬਣ ਦੇ ਘਰ ਆਉਣਾ-ਜਾਣਾ ਲਗਾਤਾਰ ਵਧਣ ਕਰ ਕੇ ਉਹ ਚਿੰਤਤ ਹੋਈ ਜਾਂਦੀ ਸੀ। ਰੱਜ ਕੇ ਸੁਨੱਖੀ ਬਬਲੀ ਨੂੰ ਸ਼ੀਸ਼ੇ ਵਿਚ ਆਪਣਾ ਚਿਹਰਾ ਉਹੋ ਜਿਹਾ ਨਹੀਂ ਸੀ ਲੱਗ ਰਿਹਾ। ਬਾਦਸ਼ਾਹ ਬਾਪ ਦਾ ਸਿਰ ਤੋਂ ਚੁੱਕਿਆ ਹੱਥ ਵੀ ਹੁਣ ਹਉਕਾ ਬਣਦਾ ਜਾ ਰਿਹਾ ਸੀæææ ਤੇ ਜਿਹੜੀ ਦਮਯੰਤੀ ਨੇ ਦੇਵਤਿਆਂ ਨੂੰ ਛੱਡ ਕੇ ਅਮਰੀਕ ਨੂੰ ਰਾਜੇ ਨਲ ਵਾਂਗ ਚੁਣਿਆ ਸੀ, ਵਕਤ ਦੇ ਨਾਲ-ਨਾਲ ਉਹ ਵੀ ਉਹਦੇ ਨਾਲ ਨਹੀਂ ਸੀ।
ਸਰਬਣ ਇਕ ਦਿਨ ਜਦੋਂ ਘਰ ਆਇਆ ਤਾਂ ਉਹਨੇ ਦੋਹਾਂ ਅੱਗੇ ਵਿਸ਼ਵਾਸ ਦੀ ਮੂਰਤ ਵਾਂਗ ਕਿਹਾ, “ਅਮਰੀਕ, ਮੈਂ ਦੁਬਈ ਚੱਲਿਆਂ। ਗੁਜ਼ਾਰਾ ਚੰਗਾ ਤੁਰ ਪਵੇਗਾ। ਬੱਚੇ ਹਾਲੇ ਛੋਟੇ ਨੇ, ਘਰ ਰਾਜ ਦਾ ਖਿਆਲ ਰੱਖੀਂ। ਇਕ ਤਾਂ ਆਂਢ-ਗੁਆਂਢ ਵਿਚ ਬੈਲੀ ਜਿਹੇ ਲੋਕ ਰਹਿੰਦੇ ਨੇ ਬੱਕਰੀਆਂ-ਭੇਡਾਂ ਚਾਰਨ ਵਾਲੇ, ਊਂ ਵੀ ਰਾਜ ਡਰਾਕਲ ਐ, ਛੇਤੀ ਸਾਹ ਸੂਤ ਲੈਂਦੀ ਐ। ਅਮਰੀਕ, ਦੂਜੇ ਚੌਥੇ ਗੇੜਾ ਮਾਰਦਾ ਰਹੀਂ।”
ਬਬਲੀ ਜਾਣ ਗਈ ਸੀ ਕਿ ਰਾਜ ਵੀ ਸੁਨੱਖੀ ਹੈ ਤੇ ਅਮਰੀਕ ਦੀ ਸਭ ਤੋਂ ਵੱਡੀ ਕਮਜ਼ੋਰੀ ਔਰਤ ਐ। ਸਰਬਣ ਨੂੰ ਦੁਬਈ ਗਏ ਨੂੰ ਡੂਢ ਕੁ ਸਾਲ ਹੋ ਗਿਆ ਸੀ, ਪਰ ਅਮਰੀਕਾ ਦਾ ਨਿੱਤ ਤੀਏ ਦਿਨ ਉਨ੍ਹਾਂ ਦੇ ਘਰ ਡਾਂਗ ‘ਤੇ ਡੇਰਾ ਰੱਖਣਾ ਬਬਲੀ ਨੂੰ ਕਿਸੇ ਤਰ੍ਹਾਂ ਵੀ ਰਾਸ ਨਹੀਂ ਸੀ ਆ ਰਿਹਾ। ਰਾਜ ਤੇ ਅਮਰੀਕ ਦੇ ਸਬੰਧਾਂ ‘ਤੇ ਸ਼ੱਕ ਹੁਣ ਯਕੀਨ ਵਿਚ ਇਸ ਕਰ ਕੇ ਬਦਲ ਰਿਹਾ ਸੀ, ਕਿਉਂਕਿ ਸਰਬਣ ਦਾ ਆਂਢ-ਗੁਆਂਢ ਜਿਹੜੀਆਂ ਗੱਲਾਂ ਕਰਨ ਲੱਗ ਪਿਆ ਸੀ, ਉਨ੍ਹਾਂ ਦੀ ਹਵਾ ਬਬਲੀ ਤੱਕ ਪੁੱਜ ਰਹੀ ਸੀ। ਇਸੇ ਲਈ ਘਰ ਵਿਚ ਕਲੇਸ਼ ਦਾ ਦੌਰ ਸ਼ੁਰੂ ਹੋ ਗਿਆ।
ਰੱਬ ਨੇ ਹੱਥ ਵਿਖਾਉਣ ਲਈ ਜਿਵੇਂ ਅਮਰੀਕ ਵੱਲ ਜ਼ਿਆਦਾ ਹੀ ਵੱਡਾ ਹੱਥ ਕੱਢ ਲਿਆ ਹੋਵੇ। ਬਬਲੀ ਕਿਤੇ ਗੁਆਂਢੀਆਂ ਨਾਲ ਨਾਨਕੇ ਮੇਲ ਵਿਚ ਕਿਸੇ ਵਿਆਹ ‘ਤੇ ਚਲੀ ਗਈ, ਤੇ ਪਿਛੋਂ ਅਮਰੀਕ ਬੇਫਿਕਰਾ ਹੋ ਕੇ ਸਰਬਣ ਦੇ ਘਰੇ। ਅੱਧੀ ਰਾਤ ਜਦੋਂ ਉਹਦੇ ਘਰ ਦੇ ਬਾਹਰ ਕਾਰ ਦਾ ਹਾਰਨ ਵੱਜਿਆ, ਤਾਂ ਰਾਜ ਕਹਿਣ ਲੱਗੀ, “ਭੱਜ ਜਾਹ ਅਮਰੀਕ, ਲੱਗਦੈ ਸਰਬਣ ਆ ਗਿਐ।”
ਮਿਰਜ਼ੇ ਨੇ ਸਾਹਿਬਾਂ ਦਾ ਕਹਿਣਾ ਤਾਂ ਮੰਨ ਲਿਆ, ਪਰ ਉਹ ਬੱਕੀ ‘ਤੇ ਛਾਲ ਮਾਰ ਕੇ ਚੜ੍ਹਨ ਦੀ ਥਾਂ ਜਦੋਂ ਕੰਧ ਟੱਪ ਕੇ ਗੁਆਂਢੀਆਂ ਵੱਲ ਉਤਰਨ ਲੱਗਾ ਤਾਂ ਬਨੇਰੇ ਦੀ ਇੱਟ ਪੁੱਟ ਹੋਣ ਨਾਲ ਗੇਂਦ ਵਾਂਗ ਹੇਠਾਂ ਡਿਗ ਪੈਂਦਾ ਤਾਂ ਕੋਈ ਗੱਲ ਨਹੀਂ ਸੀ, ਮੱਝ ਸੰਗਲ ਤੁੜਾ ਕੇ ਭੱਜ ਪਈ ਜਦੋਂ ਅਮਰੀਕ ਪਿੱਠ ਭਾਰ ਤੂਤ ਦੇ ਖੁੰਡ ‘ਤੇ ਆਣ ਡਿਗਿਆ। “ਮਰ ਗਿਆ ਉਏ!” ਤੋਂ ਬਾਅਦ ਸਰੀਰ ਦੋ ਹਿੱਸਿਆਂ ਵਿਚ ਵੰਡਿਆ ਗਿਆ। ਰੀੜ੍ਹ ਦੀ ਹੱਡੀ ਨੂੰ ਵਿਚਾਲਿਓਂ ਮੋਛਾ ਪੈ ਗਿਆ।
ਗੁਆਂਢੀ ਅਮਰੀਕ ਤੋਂ ਦੁਖੀ ਤਾਂ ਰੱਜ ਕੇ ਸਨ, ਫ਼ਿਰ ਵੀ ਰਹਿਮ ਦਿਲ ਬੱਕਰੀਆਂ ਵਾਲਾ ਜੈਲਾ ਉਹਨੂੰ ਹਸਪਤਾਲ ਲੈ ਗਿਆ। ਬਬਲੀ ਅਗਲੇ ਦਿਨ ਪਹੁੰਚੀ, ਤਾਂ ਅਮਰੀਕ ਦੀਆਂ ਅੱਖਾਂ ਨੇ ਉਹਦੇ ਅੱਗੇ ਇਸ਼ਾਰਿਆਂ ਵਿਚ ਗੁਨਾਹ ਕਬੂਲ ਕਰ ਲਿਆ ਸੀ।
ਫ਼ਿਰ ਹਸਪਤਾਲੋਂ ਮੰਜਾ ਘਰ ਦੇ ਵਿਹੜੇ ਵਿਚ ਪੱਕੇ ਤੌਰ ‘ਤੇ ਟਿਕ ਗਿਆ। ਲੂਸ-ਲੂਸ ਕਰਨ ਵਾਲਾ ਇਸ਼ਕ ਦਾ ਸ਼ਿਕਾਰੀ, ਪਤਨੀ ਦੇ ਹੱਥਾਂ ਵਿਚ ਖਿਡੌਣਾ ਵੀ ਬਣ ਗਿਆ, ਲਾਚਾਰ ਤੇ ਬੇਵੱਸ ਵੀ ਹੋ ਗਿਆ।
ਕੱਚੀ ਨੌਕਰੀ ਪੱਕੇ ਤੌਰ ‘ਤੇ ਤਸਦੀਕ ਨਾ ਹੋਣ ਕਰ ਕੇ ਹੱਥੋਂ ਨਿਕਲ ਗਈ।
ਮਨੁੱਖ ਕਿੱਥੇ ਜਾਣਦੈ ਕਿ ਦੂਜਿਆਂ ‘ਤੇ ਫ਼ਾਰਮੂਲੇ ਲਾਗੂ ਕਰਨ ਵਾਲਾ ਕਦੇ ਖੁਦ ਹੀ ਇਨ੍ਹਾਂ ਫ਼ਾਰਮੂਲਿਆਂ ਦੇ ਵੱਸ ਪੈ ਜਾਂਦਾ ਹੈ!
ਰਿਸ਼ਤੇਦਾਰੀ ਵਿਚੋਂ ਭਰਾ ਲਗਦੇ ਹਰਜੀਤ ਦਾ ਅਮਰੀਕ ਨੂੰ ਚੇਤਾ ਉਦੋਂ ਆਇਆ ਜਦੋਂ ਘਰ ਦੀਆਂ ਕੰਧਾਂ ਵੀ ਸਾਥ ਦੇਣੋਂ ਹਟ ਗਈਆਂ। ਬਬਲੀ ਉਹਨੂੰ ਸੰਭਾਲੇ ਕਿ ਬਾਦਸ਼ਾਹ ਦੀ ਧੀ ਲੋਕਾਂ ਦੇ ਭਾਂਡੇ ਮਾਂਜੇ! ਉਦੋਂ ਉਹਨੂੰ ਅਹਿਸਾਸ ਹੋ ਰਿਹਾ ਸੀ ਕਿ ਜਵਾਨੀ ਵਿਚ ਅੱਖਾਂ ਦੇ ਆਖੇ ਲੱਗ ਕੇ ਕੀਤੀਆਂ ਇਸ਼ਕ ਦੀਆਂ ਵਾਰਦਾਤਾਂ ਔਖੀਆਂ ਕਿੰਨੀਆਂ ਕਰਦੀਆਂ ਹਨ!
ਉਧਰ ਹਰਜੀਤ ਡਾਲਰਾਂ ਦੇ ਪੈਸੇ ਬਣਾ ਕੇ ਸ਼ਾਇਦ ਇਸ ਕਰ ਕੇ ਭੇਜਣ ਲੱਗ ਪਿਆ ਸੀ ਕਿਉਂਕਿ ਹਰ ਵਾਰ ਫੋਨ ‘ਤੇ ਅਮਰੀਕ ਆਖ ਦਿੰਦਾ, “ਮਿੱਤਰਾਂ ਆਪਣੀ ਹੀਰ ਵਰਗੀ ਭਰਜਾਈ ਦਾ ਹੀ ਖਿਆਲ ਕਰ ਲੈ।”
ਘਰ ਦਾ ਗੁਜ਼ਾਰਾ ਤਾਂ ਚੱਲ ਰਿਹਾ ਸੀ, ਪਰ ਬਬਲੀ ਲਈ ਹਰ ਰੋਜ਼, ਮਰਨ ਵਰਗਾ ਹੋ ਜਾਂਦਾ ਜਦੋਂ ਅਮਰੀਕ ਹਰ ਗੱਲ ਨਾਲ ਆਖ ਦਿੰਦਾ, “ਹਰਜੀਤ ਆ ਰਿਹੈ, ਉਹਦਾ ਖਿਆਲ ਰੱਖੀਂ। ਪੂਰੀ ਸੇਵਾ ਕਰੀਂ।” ਉਹਦੀਆਂ ਨਜ਼ਰਾਂ ਵਿਚ ਮਰਦ ਚੂਹਾ ਬਣ ਰਿਹਾ ਸੀ।
æææਤੇ ਹਰਜੀਤ ਆ ਹੀ ਗਿਆ। ਦੁਪਹਿਰ ਦੇ ਦੋ ਕੁ ਵਜੇ ਉਹ ਪੁੱਜਿਆ। ਭੁੱਖੇ ਘਰ ਵਿਚ ਓਪਰੇ ਪੈਸਿਆਂ ਦਾ ਲਿਆਂਦਾ ਮੁਰਗਾ ਰਿੱਝਿਆ। ਹਰਜੀਤ ਦੀ ਬਾਹਰਲੀ ਸ਼ਰਾਬ ਮੁਰਗੇ ਆਸਰੇ ਕਈ ਘੰਟੇ ਦੋ ਗਲਾਸੀਆਂ ਵਿਚ ਪੈਂਦੀ ਰਹੀ। ਅਮਰੀਕ ਲਾਸ਼ ਬਣਿਆ ਅੰਦਰ ਸੁੱਟਦਾ ਗਿਆ।
ਆਂਗਣ ਵਿਚ ਪਏ ਅਮਰੀਕ ਨੇ ਹਰਜੀਤ ਦਾ ਮੰਜਾ ਵੀ ਅੰਦਰ ਹੀ ਡਹਾ ਦਿੱਤਾ। ਦਿਨ ਦੀਆਂ ਹਰਕਤਾਂ ਤੋਂ ਭਾਵੇਂ ਬਬਲੀ ਦੁਖੀ ਸੀ, ਤੇ ਉਹ ਵੀ ਜਾਣਦੀ ਸੀ ਕਿ ਇਹ ਉਹੀ ਮਰਦ ਸਮਾਜ ਹੈ ਜੋ ਦਰੋਪਤੀ ਦਾ ਚੀਰ ਹਰਨ ਵੀ ਕਰਦਾ ਰਿਹਾ ਹੈ।
ਅੱਧੀ ਰਾਤ ਦੀ ਚੁੱਪ ਵਿਚ ਚੁਪੇੜਾਂ ਦਾ ਖੜਾਕ ਥਾਣੇ ਵਿਚ ਵੱਜਦੇ ਪਟਿਆਂ ਵਾਂਗ ਹੋਇਆ, “ਲੁੱਚਿਆ! ਬਾਹਰ ਨਿਕਲ। ਤੇਰੀ ਅਮਰੀਕਾ ਦੀ ਕਮਾਈ ਅੱਗ ਲਾ ਕੇ ਨਾ ਫੂਕ ਦਿਆਂ।”
ਤਪੀ ਹੋਈ ਬਬਲੀ ਜਦੋਂ ਬਾਹਰ ਨਿਕਲੀ ਤਾਂ ਅਮਰੀਕ ਮਰੀ ਹੋਈ ਜ਼ਮੀਰ ਨਾਲ ਬੋਲਿਆ, “ਐਨੇ ਪੈਸੇ ਭੇਜਦਾ ਬਾਹਰੋਂ, ਘਰ ਚੱਲਦੈ, ਤੇ ਤੂੰ ਇਹਦੇ ਚੁਪੇੜਾਂ ਮਾਰ’ਤੀਆਂ ਜਾ ਕੇ।”
“ਜਾ ਕੇ ਨਹੀਂ, ਇਹਨੇ ਮੇਰੇ ਕੋਲ ਆ ਕੇ ਖਾਧੀਆਂ ਨੇ। ਇਹ ਪੈਸੇ ਤੇਰੇ ਲੁੱਚੇ ਦੇ ਇਲਾਜ ਲਈ ਭੇਜਦੈ, ਮੈਂ ਇੱਜ਼ਤ ਵਿਕਣ ‘ਤੇ ਨਹੀਂ ਲਾਈ ਹੋਈ।”
“ਕੰਧ ਬਾਹਰ ਨੂੰ ਨਾ ਸੁੱਟ ਬਬਲੀ।”
ਤੇ ਆਪੇ ਤੋਂ ਬਾਹਰ ਹੋਈ, ਅੱਗ ਦੀਆਂ ਲਾਟਾਂ ਬਣੀ ਬਬਲੀ ਚੰਡੀ ਬਣ ਗਈ, “ਮੈਂ ਤੈਨੂੰ ਜਿਉਂਦਿਆਂ ਰੱਖਣ ਲਈ ਆਪ ਰੋਜ਼ ਮਰਦੀ ਰਹੀ ਲੁੱਚਿਆ! ਤੂੰ ਜਿਉਂਦਾ ਕਿਉਂ ਏ? ਔਰਤ ਨੂੰ ਬੇਵਫ਼ਾ ਕਹਿਣ ਵਾਲਿਓ! ਔਰਤ ਬੇਵਫਾ ਨਹੀਂ ਹੁੰਦੀ। ਉਹ ਸਮਾਜ ਦੀਆਂ ਜ਼ੰਜੀਰਾਂ ਨਹੀਂ ਤੋੜ ਸਕਦੀ, ਇਸ ਲਈ ਇਹ ਇਲਜ਼ਾਮ ਝੱਲ ਰਹੀ ਹੈ। ਮੈਂ ਤੈਨੂੰ ਮੰਜੇ ‘ਤੇ ਪਏ ਨੂੰ ਮਰਦ ਵਾਂਗ ਪੂਜਦੀ ਸੀ। ਕੰਜਰ ਨੂੰ ਵੀ ਸਾਧ ਮੰਨਦੀ ਰਹੀ, ਪਰ ਅੱਜ ਪਤਾ ਲੱਗਾæææ ਆਪਣੀ ਇੱਜ਼ਤ ਆਪ ਲੁਟਾਉਣ ਦੇ ਯਤਨ ਕਰਨ ਵਾਲਾ ਮਰਦ ਨਹੀਂ ਹੋ ਸਕਦਾ।”
“ਚੁੱਪ ਕਰ ਕੇ ਤਾਂ ਸੁਣ।” ਅਮਰੀਕ ਨੇ ਤਰਲਾ ਕੀਤਾ।
“ਹੁਣ ਸਭ ਕੁਝ ਹੀ ਚੁੱਪ ਹੋ ਜਾਵੇਗਾ। ਆਪਣੀ ਧੀ ਲੈ ਕੇ ਚੱਲੀ ਆਂ, ਹੁਣ ਤੂੰ ਪਲ-ਪਲ ਮਰੇਂਗਾ, ਤੇਰੇ ਮੂੰਹ ਵਿਚ ਬੂੰਦ ਨਹੀਂ ਪਾਵੇਗਾ ਕੋਈ। ਅੱਜ ਮੈਨੂੰ ਪਤਾ ਲੱਗਾ, ਬਾਪ ਦੀਆਂ ਪੱਗਾਂ ਲਾਹੁਣ ਵਾਲੀਆਂ ਧੀਆਂ ਨੂੰ ਮੁੱਲ ਕੀ ਦੇਣਾ ਪੈਂਦਾ।”
ਤੇ ਇਕ ਜਿਉਂਦੀ ਲਾਸ਼ ਛੱਡ ਕੇ ਬਬਲੀ ਉਨ੍ਹਾਂ ਰਾਹਾਂ ਵੱਲ ਨਿਕਲ ਗਈ ਸੀ ਜਿਨ੍ਹਾਂ ਰਾਹਾਂ ‘ਤੇ ਕੋਈ ਵੀ ਮੀਲ ਪੱਥਰ ਨਹੀਂ ਲੱਗਾ ਹੁੰਦਾ।
ਗੱਲ ਬਣੀ ਕਿ ਨਹੀਂ
ਕੁੱਤੇ ਦਾ ਲੱਕ
ਜੋਬਨ ਰੁੱਤੇ ਵਿਧਵਾ ਦੀ ਨਾ ਸੁੱਕਦੀ ਵੇਖੀ ਅੱਖ।
ਘਰ ਵਿਚ ਫੱਕਾ ਕਦੀ ਨਾ ਛੱਡਦੀ ਇਕ-ਦੂਜੇ ‘ਤੇ ਸ਼ੱਕ।
ਠਗਿਆ ਜਾਂਦਾ ਨਾਲ ਇਸ਼ਾਰਿਆਂ ਭੋਲਾ-ਭਾਲਾ ਬੰਦਾ,
ਨਾਲ ਵੇਸਵਾ ਨਖਰੇ ਦੇ ਵਿਚ ਜਦੋਂ ਚੜ੍ਹਾਉਂਦੀ ਨੱਕ।
ਰਥਵਾਨ, ਜੋਗੀ ਤੇ ਭੱਖੜਾ ਮੰਗਦੇ ਆਏ ਧੁਰੋਂ ਹੀ ਔੜਾਂ,
ਨਹੀਂ ਮਾਰੂਥਲ ਵਿਚ ਸੁੱਕਦਾ ਵੇਖਿਆ ਕਦੇ ਕਿਸੇ ਨੇ ਅੱਕ।
ਪਿੰਡਾ ਖੁਰਕਣ ਨਾ ਸਰਕਾਰਾਂ ਲੱਖਾਂ ਕਰੋ ਮੁਜ਼ਾਹਰੇ,
ਘੱਲੂਘਾਰਿਆਂ ਨਾਲ ਹੀ ਮਿਲਦੇ ਵੇਖੇ ਨੇ ਅਸੀਂ ਹੱਕ।
ਉੱਲੂ, ਆਸ਼ਕ, ਚੋਰ ਮੇਲ੍ਹਦੇ ਵਿਚ ਕਾਲੀਆਂ ਰਾਤਾਂ ਦੇ,
ਚਾਰ ਕੁ ਦਿਨ ਹੀ ਲੜਦੀ ਮਿੱਤਰੋ ਵਿਚ ਜੁਆਨੀ ਅੱਖ।
ਨਹੀਂ ਰੋਕਿਆਂ ਰੁਕਦੇ ਦੇਖੇ ਚੜ੍ਹੇ ਹੜ੍ਹਾਂ ਦੇ ਪਾਣੀ,
ਨਾ ਬੰਨਿਆਂ ਤੋਂ ਦਰਿਆਵਾਂ ਦਾ ਪਾਣੀ ਹੁੰਦਾ ਡੱਕ।
ਕੌਡੀ ਦੇ ਨਹੀਂ ਰਹਿੰਦੇ ‘ਭੌਰੇ’ ਹੋਣ ਗੁਣਾਂ ਵਿਚ ਪੂਰੇ,
ਬੰਦੇ ਦਾ ਜੇ ਚੂਲਾ ਟੁੱਟ ਜਾਏ ਜਾਂ ਕੁੱਤੇ ਦਾ ਲੱਕ।
Leave a Reply