ਗੁਰਪਾਲ ਸਿੰਘ ਸੰਧੂ
ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਵੱਲੋਂ ਪੰਜਾਬੀ ਦੀ ਸਰਵੋਤਮ ਗਲਪ ਰਚਨਾ ਨੂੰ ਲਗਭਗ ਪੰਦਰਾਂ ਲੱਖ ਰੁਪਏ ਦਾ ਮੁੱਖ ਇਨਾਮ ਅਤੇ ਦੋ (ਇਕ ਗੁਰਮੁਖੀ ਅਤੇ ਇਕ ਸ਼ਾਹਮੁਖੀ) ਦੀ ਵਧੀਆ ਕਿਤਾਬ ਲਈ ਤਿੰਨ-ਤਿੰਨ ਲੱਖ ਦੇ ਢਾਹਾਂ ਕੌਮਾਂਤਰੀ ਪੰਜਾਬੀ ਸਾਹਿਤ ਇਨਾਮਾਂ ਦੀ ਸਥਾਪਨਾ ਪੰਜਾਬੀ ਸਾਹਿਤ, ਖ਼ਾਸ ਕਰ ਕੇ ਪੰਜਾਬੀ ਗਲਪ ਲਈ ਇਤਿਹਾਸਕ ਘਟਨਾ ਹੈ। ਇਸ ਤੋਂ ਵਧੇਰੇ ਅਹਿਮ ਗੱਲ ਇਹ ਹੈ ਕਿ ਇਹ ਸਨਮਾਨ ਪੰਜਾਬੀ ਭਾਈਚਾਰੇ ਦੀ ਸਾਹਿਤ ਸਿਰਜਣਾ ਅਤੇ ਸਾਹਿਤਕਾਰਾਂ ਨੂੰ ਮਾਣ ਦੇਣ ਦੀ ਚੇਤਨਾ ਤੇ ਪ੍ਰਤੀਬੱਧਤਾ ਨੂੰ ਉਜਾਗਰ ਕਰਦਾ ਹੈ। ਪਰਵਾਸੀ ਪੰਜਾਬੀ ਭਾਈਚਾਰੇ ਦੀ ਆਪਣੀਆਂ ਜੜ੍ਹਾਂ, ਪਛਾਣ ਅਤੇ ਭਾਸ਼ਾ ਤੇ ਸਭਿਆਚਾਰ ਨਾਲ ਜੁੜਨ ਤੇ ਜੁੜੇ ਰਹਿਣ ਦੀ ਅਭਿਲਾਸ਼ਾ ਵੀ ਇਸ ਸਨਮਾਨ ਵਿਚੋਂ ਪ੍ਰਗਟ ਹੁੰਦੀ ਵੇਖੀ ਜਾ ਸਕਦੀ ਹੈ। ਇਸੇ ਸਾਲ ਤੋਂ ਸ਼ੁਰੂ ਹੋਏ ਇਸ ਸਨਮਾਨ ਨੂੰ ਸਭ ਤੋਂ ਪਹਿਲਾਂ ਹਾਸਲ ਕਰਨ ਵਾਲੇ ਖੁਸ਼ਨਸੀਬ ਨਾਵਲਕਾਰ ਅਵਤਾਰ ਸਿੰਘ ਬਿਲਿੰਗ, ਕਹਾਣੀਕਾਰ ਜਸਬੀਰ ਭੁੱਲਰ ਤੇ ਜ਼ੁਬੈਰ ਅਹਿਮਦ ਹਨ ਜਿਨ੍ਹਾਂ ਦੀਆਂ ਪੁਸਤਕਾਂ ਕ੍ਰਮਵਾਰ ‘ਖ਼ਾਲੀ ਖੂਹਾਂ ਦੀ ਕਥਾ’ (ਅਵਤਾਰ ਸਿੰਘ ਬਿਲਿੰਗ) ਨੂੰ ਪਹਿਲਾ ਇਨਾਮ ਅਤੇ ‘ਇਕ ਰਾਤ ਦਾ ਸਮੁੰਦਰ’ (ਜਸਬੀਰ ਭੁੱਲਰ) ਤੇ ‘ਕਬੂਤਰ, ਬਨੇਰੇ ਤੇ ਗਲੀਆਂ’ (ਜ਼ੁਬੈਰ ਅਹਿਮਦ) ਨੂੰ ਗੁਰਮੁਖੀ ਤੇ ਸ਼ਾਹਮੁਖੀ ਦਾ ਦੂਜਾ ਇਨਾਮ ਮਿਲਿਆ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਇਹ ਤਿੰਨੇ ਕਿਤਾਬਾਂ ਹੀ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵਲੋਂ ਪ੍ਰਕਾਸ਼ਿਤ ਹਨ।
ਇਹ ਇਨਾਮ ਤਿੰਨ ਗੱਲਾਂ ਕਰ ਕੇ ਵੱਖਰਾ ਹੈ; ਪਹਿਲੀ ਇਸ ਦੀ ਰਾਸ਼ੀ ਕਰ ਕੇ, ਦੂਜੀ ਲੇਖਕ ਦੀ ਥਾਂ ਕਿਤਾਬ ਕੇਂਦਰਿਤ ਹੋਣ ਕਰ ਕੇ ਅਤੇ ਤੀਜਾ ਇਸ ਲਈ ਕਿ ਇਹ ਇਕੋ ਇਕ ਅਜਿਹਾ ਇਨਾਮ ਹੈ ਜਿਸ ਵਿਚ ਪੂਰੇ ਪੰਜਾਬੀ ਲੇਖਕ ਭਾਵ ਭਾਰਤੀ ਪੰਜਾਬ, ਪਾਕਿਸਤਾਨੀ ਪੰਜਾਬ ਅਤੇ ਪਰਵਾਸੀ ਪੰਜਾਬੀ ਇਕੋ ਮੰਚ ਉਤੇ ਇਕੱਠੇ ਹੁੰਦੇ ਹਨ। ਰਾਸ਼ੀ ਦੇ ਲਿਹਾਜ਼ ਨਾਲ ਇਹ ਇਨਾਮ ਭਾਰਤੀ ਗਿਆਨ ਪੀਠ (11 ਲੱਖ) ਅਤੇ ਪੰਜਾਬ ਸਰਕਾਰ ਦਾ ਸਰਵੋਤਮ ਸਾਹਿਤਕਾਰ (5 ਲੱਖ) ਤੋਂ ਵਧੇਰੇ ਹੈ। ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਹਾਲਾਂਕਿ ਪੁਸਤਕ ਨੂੰ ਹੀ ਮਿਲਦਾ ਹੈ, ਪਰ ਉਥੇ ਅਮੂਮਨ ਪੁਸਤਕ ਪਿਛੋਂ ਅਤੇ ਸਾਹਿਤਕਾਰ ਪਹਿਲਾਂ ਵਿਚਾਰਿਆ ਜਾਂਦਾ ਰਿਹਾ ਹੈ। ਗਿਆਨ ਪੀਠ ਅਤੇ ਸਰਵੋਤਮ ਸਾਹਿਤਕਾਰ ਦਾ ਸਨਮਾਨ ਤਾਂ ਹੈ ਹੀ ਸਾਹਿਤਕਾਰ ਕੇਂਦਰਿਤ। ਇਸ ਤਰ੍ਹਾਂ ਇਸ ਇਨਾਮ ਨਾਲ ਚੋਣ ਕਰਤਾ ਅਤੇ ਇਨਾਮ ਦੇਣ ਵਾਲਿਆਂ ਲਈ ਪੁਸਤਕ ਰਚਨਾ ਨੂੰ ਅਹਿਮੀਅਤ ਦੇਣਾ ਹੈ, ਲੇਖਕ ਦੇ ਆਪਣੇ ਬਿੰਬ ਨੂੰ ਨਹੀਂ। ਸਾਰੇ ਪੰਜਾਬੀਆਂ ਲਈ ਸਾਂਝਾ ਮੰਚ ਮੁਹੱਈਆ ਕਰਨਾ ਵੀ ਇਸ ਸਨਮਾਨ ਦੀ ਨਿਵੇਕਲੀ ਵਿਸ਼ੇਸ਼ਤਾ ਹੈ। ਪੱਛਮੀ ਪੰਜਾਬ ਦੇ ਗਲਪ ਲੇਖਕਾਂ ਲਈ ਇਹ ਇਨਾਮ ਨਵੀਂ ਪ੍ਰੇਰਨਾ ਪੈਦਾ ਕਰੇਗਾ ਅਤੇ ਉਹ ਹੋਰ ਚੰਗੀਆਂ ਗਲਪ ਰਚਨਾਵਾਂ ਦੀ ਰਚਨਾ ਕਰਨਗੇ।
ਸੁਸਾਇਟੀ ਦੇ ਪਹਿਲੇ ਇਨਾਮਾਂ ਦੇ ਐਲਾਨ ਤੋਂ ਪਹਿਲਾਂ ਸ਼ਾਇਦ ਕਿਸੇ ਦੇ ਵੀ ਮਨ ਵਿਚ ਇਹ ਪੁਸਤਕਾਂ ਅਤੇ ਲੇਖਕ ਨਹੀਂ ਸਨ। ਪੰਜਾਬੀ ਵਿਚ ਮਿਲਣ ਵਾਲੇ ਇਨਾਮਾਂ ਅਤੇ ਸਨਮਾਨਾਂ ਦਾ ਆਪਣਾ ਹੀ ‘ਤਰੀਕਾਕਾਰ’ ਹੈ ਅਤੇ ਵੱਖਰੀ ਕਿਸਮ ਦੇ ਮਿਹਨਤਕਸ਼ ਸਾਹਿਤਕਾਰ ਇਸ ‘ਤਰੀਕੇਕਾਰ’ ਅਨੁਸਾਰ ਹੀ ਆਪਣੀ ‘ਕਿਸਮਤ-ਅਜ਼ਮਾਈ’ ਅਤੇ ‘ਜ਼ੋਰ-ਅਜ਼ਮਾਈ’ ਕਰਦੇ ਹਨ, ਪਰ ਇਹ ਇਨਾਮ ਪ੍ਰਾਪਤ ਕਰਨ ਵਾਲਾ ਨਾਵਲਕਾਰ ਬਿਲਿੰਗ ਭਾਵੇਂ ਆਪਣੇ ਪਹਿਲੇ ਨਾਵਲ ‘ਨਰੰਜਣ ਮਿਸ਼ਾਲਚੀ’ ਤੋਂ ਲੈ ਕੇ ਅੱਜ ਤੱਕ ਸੰਜੀਦਾ ਪਾਠਕਾਂ ਦਾ ਧਿਆਨ ਖਿੱਚਦਾ ਰਿਹਾ ਹੈ, ਪਰ ਇਹ ‘ਇਨਾਮੀ ਸਨਮਾਨੀ’ ਸ਼ਖਸੀਅਤ ਵਾਲੇ ਗੁਣ ਨਹੀਂ ਸੀ ਰੱਖਦਾ। ਉਸ ਦੇ ਨਾਵਲ ‘ਵਿਹੜੇ ਸੁਖ ਖੇੜੇ ਸੁਖ’ ਅਤੇ ‘ਇਹਨਾਂ ਰਾਹਾਂ ‘ਤੇ’ ਢਾਹੇ ਦੇ ਇਲਾਕੇ ਦੇ ਯਥਾਰਥ ਦੇ ਚਿਤਰਨ ਦੇ ਹਵਾਲੇ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਵਿਚ ਬਦਲ ਰਹੇ ਜੀਵਨ ਮੁੱਲਾਂ ਅਤੇ ਵਿਗਠਤ ਹੋ ਰਹੀ ਭਾਈਚਾਰਕ ਸੰਵੇਦਨਾ ਦੀ ਬਾਰੀਕਬੀਨੀ ਨਾਲ ਪੇਸ਼ਕਾਰੀ ਕਰਦੇ ਹੋਏ, ਪ੍ਰਭਾਵਸ਼ਾਲੀ ਅਰਥਗਤ ਤਬਦੀਲੀਆਂ ਵੱਲ ਸੰਕੇਤ ਕਰਦੇ ਹਨ। ਉਸ ਦਾ ਨਵਾਂ ਨਾਵਲ ‘ਖਾਲੀ ਖੂਹਾਂ ਦੀ ਕਥਾ’ ਦੀ ਵਿਲੱਖਣਤਾ ਵੀ ਇਹ ਹੈ ਕਿ ਇਹ ਪੰਜਾਬ ਦੇ ਇਸ ਖਿੱਤੇ ਦੀ ਵਿਸ਼ਾਲ ਤਸਵੀਰ ਨੂੰ ਨਿੱਕੇ-ਨਿੱਕੇ ਵੇਰਵਿਆਂ ਰਾਹੀਂ ਵਿਉਂਤਬੱਧ ਕਰ ਕੇ, ਪੰਜਾਬੀ ਸਭਿਆਚਾਰਕ ਸੰਵੇਦਨਾ ਦੇ ਬਦਲਦੇ ਅਰਥਗਤ ਘੇਰਿਆਂ ਨੂੰ ਰੂਪਮਾਨ ਕਰਨ ਵਿਚ ਸਫਲ ਹੋਇਆ ਹੈ।
ਜਸਬੀਰ ਭੁੱਲਰ ਦਾ ਕਹਾਣੀ ਸੰਗ੍ਰਹਿ ‘ਇਕ ਰਾਤ ਦਾ ਸਮੁੰਦਰ’ ਦੀਆਂ ਕਹਾਣੀ ਵਿਸ਼ੇ, ਪੇਸ਼ਕਾਰੀ ਅਤੇ ਅਰਥ-ਸਿਰਜਣਾ ਦੇ ਨਜ਼ਰੀਏ ਤੋਂ ਨਿਵੇਕਲੀਆਂ ਕਿਰਤਾਂ ਹਨ। ਇਸ ਇਨਾਮ ਨੇ ਜਸਬੀਰ ਭੁੱਲਰ ਦੇ ਇਸ ਗਿਲੇ ਨੂੰ ਖਤਮ ਕਰ ਦਿੱਤਾ ਹੈ ਕਿ ਉਸ ਨੂੰ ਸਾਹਿਤ ਆਕਡਮੀ ਦਾ ਇਨਾਮ ਬਾਲ ਸਾਹਿਤ ਉਤੇ ਨਹੀਂ, ਸਗੋਂ ਕਹਾਣੀਕਾਰ ਦੇ ਰੂਪ ਵਿਚ ਮਿਲਣਾ ਚਾਹੀਦਾ ਸੀ। ਵੈਸੇ ਵੀ ਉਸ ਨੂੰ ਇਤਫ਼ਾਕਨ ਇਨਾਮ ਮਿਲਦੇ ਹੀ ਰਹੇ ਹਨ ਅਤੇ ਇਨ੍ਹਾਂ ਇਨਾਮਾਂ ਵਿਚ ਉਸ ਨੂੰ ‘ਇਤਫ਼ਾਕ’ ਤੋਂ ਵੱਧ ‘ਪਰਖ’ ਦੇ ਰਾਹੇ ਤੁਰਨਾ ਪਿਆ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਨਿਸ਼ਚੇ ਹੀ ਉਸ ਦੀਆਂ ਵਧੀਆ ਰਚਨਾਵਾਂ ਦੀ ਕੋਟੀ ‘ਚ ਆਉਂਦੀਆਂ ਹਨ। ਇਹੀ ਗੱਲ ਦੂਜੀ ਪੁਸਤਕ ‘ਕਬੂਤਰ, ਬਨੇਰੇ ਤੇ ਗਲੀਆਂ’ ਅਤੇ ਉਸ ਦੇ ਲੇਖਕ ਜ਼ੁਬੈਰ ਅਹਿਮਦ ਉਪਰ ਵੀ ਢੁੱਕਦੀ ਹੈ। ਨਿਸ਼ਚੈ ਹੀ ਉਹ ਸਮਕਾਲੀ ਪਾਕਿਸਤਾਨੀ ਪੰਜਾਬੀ ਕਹਾਣੀ ਦੇ ਮੁੱਖ ਲੇਖਕਾਂ ਵਿਚ ਗਿਣਿਆ ਜਾਣ ਵਾਲਾ ਕਹਾਣੀਕਾਰ ਹੈ। ਕਹਾਣੀਕਾਰ ਪ੍ਰੇਮ ਪ੍ਰਕਾਸ਼ ਉਸ ਦੀ ਕਥਾਕਾਰੀ ਨੂੰ ਉਰਦੂ ਦੇ ਲਾਸਾਨੀ ਕਹਾਣੀਕਾਰ ਰਾਜਿੰਦਰ ਸਿੰਘ ਬੇਦੀ ਦੇ ਹਵਾਲੇ ਨਾਲ ਵਡਿਆਉਂਦਾ ਹੈ। ਸਾਰ ਅਰਥਾਂ ਵਿਚ ਉਸ ਦੀਆਂ ਕਹਾਣੀਆਂ ਪੰਜਾਬੀ ਹੁਨਰੀ ਕਹਾਣੀ ਦਾ ਅਸਰਦਾਰ ਮੰਜ਼ਰ ਰਚਦੀਆਂ ਦਿਖਾਈ ਦਿੰਦੀਆਂ ਹਨ।
ਇਸ ਇਨਾਮ ਲਈ ਕਿਤਾਬਾਂ ਦੀ ਚੋਣ ਕਰਨੀ ਕਿੰਨੀ ਕੁ ਮੁਸ਼ਕਿਲ ਅਤੇ ਉਲਝਣਾਂ ਭਰਪੂਰ ਰਹੀ ਹੋਵੇਗੀ, ਇਹ ਤਾਂ ਜਿਊਰੀ ਦੇ ਮੈਂਬਰ ਹੀ ਜਾਣਦੇ ਹਨ, ਪਰ ਇਸ ਇਨਾਮ ਦੇ ਐਲਾਨ ਤੋਂ ਪੰਜਾਬੀ ਪਾਠਕ ਅਤੇ ਸਾਹਿਤ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਖੁਸ਼ ਹੋਣੇ ਚਾਹੀਦੇ ਹਨ। ਸ਼ਾਇਦ ਇਸ ਇਨਾਮ ਨਾਲ ਪੰਜਾਬੀ ਗਲਪ ਵਿਚ ਹੋਰ ਸੰਜੀਦਾ ਅਤੇ ਮਿਆਰੀ ਕਿਸਮ ਦੀਆਂ ਰਚਨਾਵਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ; ਖ਼ਾਸ ਕਰ ਕੇ ਪੱਛਮੀ ਪੰਜਾਬ ਦੇ ਗਲਪਕਾਰਾਂ ਲਈ ਤਾਂ ਇਹ ਇਨਾਮ ਵਧੇਰੇ ਅਹਿਮੀਅਤ ਰੱਖਦਾ ਹੈ। ਇਸ ਇਨਾਮ ਨਾਲ ਸ਼ਾਹਮੁਖੀ ਦੀ ਕਾਫ਼ੀ ਸਾਰੀ ਗਲਪ ਰਚਨਾ ਨੂੰ ਗੁਰਮੁਖੀ ਵਿਚ ਲਿਪੀਅੰਤਰ ਕਰਨ ਦੀ ਰਵਾਇਤ ਨੂੰ ਵੀ ਹੁੰਗਾਰਾ ਮਿਲੇਗਾ। ਸ਼ਾਇਦ ਇਸ ਸਨਮਾਨ ਨਾਲ ਪੰਜਾਬੀ ਦੇ ਇਨਾਮਾਂ ਦੇ ‘ਮਿਹਨਤਕਸ਼’ ਅਤੇ ‘ਤਲਬਗਾਰ’ ਲੇਖਕਾਂ ਨੂੰ ਆਪਣੇ ਅਤੇ ਆਪਣੀ ਕਾਰਜ-ਸ਼ੈਲੀ ਬਾਰੇ ਫਿਰ ਤੋਂ ਵਿਚਾਰ ਕਰਨਾ ਪਵੇ। ਕੁਝ ਵੀ ਹੋਵੇ, ਫਿਲਹਾਲ ਇਸ ਇਨਾਮ ਲਈ ਇਨਾਮ ਦੇਣ ਵਾਲੀ ਸੰਸਥਾ, ਪੁਸਤਕਾਂ ਦੇ ਲੇਖਕ ਅਤੇ ਪ੍ਰਕਾਸ਼ਕ- ਤਿੰਨੇ ਧਿਰਾਂ ਹੀ ਵਧਾਈ ਦੀਆਂ ਹੱਕਦਾਰ ਹਨ।
Leave a Reply