ਜੰਮੂ ਕਸ਼ਮੀਰ ਦੀ ਕਰੋਪੀ ਦਾ ਪੋਸਟ ਮਾਰਟਮ

ਗੁਲਜ਼ਾਰ ਸਿੰਘ ਸੰਧੂ
ਕਸ਼ਮੀਰ ਦੀ ਕੁਦਰਤੀ ਕਰੋਪੀ ਦੀ ਅਸਲ ਜਿੰਮੇਵਾਰ ਜਿਹਲਮ ਨਦੀ ਦੇ ਆਸ-ਪਾਸ ਗੈਰ ਕਾਨੂੰਨੀ ਉਸਾਰੀ, ਡੱਲ ਝੀਲ ਦੇ ਕੰਢੇ ਉਸਰੇ ਹੋਟਲ, ਭੁਲਰ ਝੀਲ ਦੇ ਆਸ-ਪਾਸ ਵੱਸੇ ਪਿੰਡ ਅਤੇ ਗਿਣਤੀ ਮਿਣਤੀ ਤੋਂ ਕਿੱਤੇ ਜ਼ਿਆਦਾ ਵਸੋਂ ਅਤੇ ਉਨ੍ਹਾਂ ਦੀ ਚੂਹੀ ਦੌੜ ਹੈ। ਹੜ੍ਹ ਦੇ ਪਾਣੀ ਨੇ ਸਿਖਿਆ ਤੇ ਸਿਹਤ ਸੇਵਾਵਾਂ ਨੂੰ ਗੰਭੀਰ ਰੂਪ ਵਿਚ ਤਹਿਸ-ਨਹਿਸ ਕਰ ਛੱਡਿਆ ਹੈ। ਸ਼ਹਿਰ ਨੂੰ ਪਾਣੀ ਮੁਕਤ ਕਰਨ ‘ਤੇ ਜਿਹਲਮ ਦੇ ਬੰਧ ਮੁੜ ਉਸਾਰਨ ਦੇ ਨਾਲ ਨਾਲ ਸਿਹਤ ਸਹੂਲਤਾਂ ਦੇਣਾ ਸਮੇਂ ਦੀ ਲੋੜ ਹੈ। ਪੂਰੀ ਦੀ ਪੂਰੀ ਵਸੋਂ ਅੰਤੜੀ ਰੋਗਾਂ, ਮਿਆਦੀ ਬੁਖਾਰ, ਨਿਮੋਨੀਆ ਤੇ ਹੈਜੇ ਦੀ ਲਪੇਟ ਵਿਚ ਆਈ ਜਾਪਦੀ ਹੈ। ਭਾਵੇਂ ਸੁਰੱਖਿਆ ਕੈਂਪਾਂ ਵਿਚ ਬੈਠੇ ਵਸਨੀਕਾਂ ਨੂੰ ਸੁੱਕੇ ਖੇਤਰਾਂ ਤੋਂ ਆਏ ਡਾਕਟਰਾਂ ਅਤੇ ਸਰਕਾਰ ਵਲੋਂ ਭੇਜੀਆਂ ਦਵਾਈਆਂ ਦੀ ਕੋਈ ਘਾਟ ਨਹੀਂ ਪਰ ਆਉਣ ਵਾਲੇ ਦਿਨਾਂ ਵਿਚ ਇਹ ਵਸੀਲੇ ਤਿਤਰ-ਬਿਤਰ ਹੁੰਦਿਆਂ ਦੇਰ ਨਹੀਂ ਲਗਣੀ।
ਤਸੱਲੀ ਵਾਲੀ ਗੱਲ ਤਾਂ ਇਹ ਹੈ ਕਿ ਸਮਾਜ ਸੇਵੀ ਸੰਸਥਾਵਾਂ ਤੇ ਉਨ੍ਹਾਂ ਦੇ ਸੇਵਕਾਂ ਨੇ ਸੁਰੱਖਿਆ ਸਮੱਗਰੀ ਪਹੁੰਚਾਉਣ ਤੇ ਹੜ੍ਹ ਪੀੜ੍ਹਤਾਂ ਨੂੰ ਮੋਢਿਆਂ ‘ਤੇ ਚੁੱਕ ਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਉਣ ਦੀ ਕੋਈ ਕਸਰ ਨਹੀਂ ਛੱਡੀ। ਕੁਝ ਟੈਕਸੀ ਡਰਾਈਵਰਾਂ ਤੇ ਸ਼ਿਕਾਰਾ ਮਾਲਕਾਂ ਨੇ ਵੀ ਪੀੜਤਾਂ ਦੇ ਮੋਢੇ ਨਾ ਮੋਢਾ ਡਾਹ ਕੇ ਸਹਾਇਤਾ ਦਿੱਤੀ ਹੈ।
ਮੈਂ ਚੰਡੀਗੜ੍ਹ ਦੇ ਉਸ ਸੈਕਟਰ ਵਿਚ ਰਹਿੰਦਾ ਹਾਂ ਜਿਹੜਾ ਜਲ, ਥਲ ਤੇ ਹਵਾਈਸੈਨਾ ਲਈ ਰਾਖਵਾਂ ਰਖਿਆ ਗਿਆ ਸੀ। ਅਰੰਭਕ ਸਮਾਚਾਰ ਚੰਗੇ ਨਹੀਂ ਸਨ। ਖਾਸ ਕਰਕੇ ਸੁਰੱਖਿਆ ਕਾਰਜ ਵਿਚ ਰੁੱਝੇ ਇਕ ਥਲ ਸੈਨਾ ਦੇ ਸਿਪਾਹੀ ਦਾ ਅਤਿਵਾਦੀ ਗੋਲੀ ਦਾ ਸ਼ਿਕਾਰ ਹੋਣਾ। ਇਸ ਦੀ ਹਾਨੀ ਦੋਹਾਂ ਧਿਰਾਂ ਨੂੰ ਭੁਗਤਣੀ ਪਈ। ਥਲ ਸੈਨਿਕਾਂ ਨੂੰ 25 ਕਿੱਲੋ ਦੀ ਬੁਲੇਟ ਪਰੂਫ ਜੈਕਟ ਪਹਿਨਣੀ ਪਈ ਜਿਸ ਦੇ ਕਾਰਨ ਉਹ ਰਾਹਤ ਸਮਗਰੀ ਤੇ ਪੀੜਤਾਂ ਦਾ ਓਨਾ ਭਾਰ ਨਹੀਂ ਵੰਡਾ ਸਕੇ ਜਿੰਨਾ ਜੈਕਟ ਬਿਨਾ ਵੰਡਾ ਰਹੇ ਸਨ ਤੇ ਵੰਡਾ ਸਕਦੇ ਸਨ।
ਕੇਂਦਰੀ ਸਰਕਾਰ ਦੇ ਸਿਵਲ ਏਵੀਏਸ਼ਨ ਵਿਭਾਗ ਨੇ ਪ੍ਰਾਈਵੇਟ ਹਵਾਈ ਕੰਪਨੀਆਂ ਲਈ ਹੜ੍ਹ ਪੀੜਤਾਂ ਤੋਂ ਸੀਮਤ ਕਿਰਾਇਆ ਲੈਣ ਅਤੇ ਨਿਯਮਾਂ ਨੂੰ ਛਿੱਕੇ ਉਤੇ ਟੰਗ ਕੇ ਵੱਧ ਤੋਂ ਵੱਧ ਉਡਾਣਾਂ ਭਰਨ ਦੇ ਹੁਕਮ ਜਾਰੀ ਕਰਕੇ ਭਾਰਤੀ ਏਅਰ ਫੋਰਸ ਦਾ ਰੱਜ ਕੇ ਭਾਰ ਵੰਡਾਇਆ।
ਜਿਵੇਂ ਹੁੰਦਾ ਹੀ ਹੈ ਕਰੋਪੀ ਤੋਂ ਲਾਹਾ ਲੈਣ ਵਾਲੇ ਵੀ ਘੱਟ ਨਹੀਂ ਸਨ। ਵਾਦੀ ਦੇ ਕੁਝ ਸਥਾਨਕ ਵਸਨੀਕਾਂ ਨੇ ਬਾਹਰੋਂ ਆ ਕੇ ਦੁਕਾਨਦਾਰੀ ਕਰਨ ਵਾਲਿਆਂ ਨਾਲ ਵਧੀਕੀ ਵੀ ਕੀਤੀ। ਉਨ੍ਹਾਂ ਦਾ ਮਾਲ ਅਸਬਾਬ ਹੀ ਨਹੀਂ ਲੁੱਟਿਆ ਉਨ੍ਹਾਂ ਤੱਕ ਰਾਹਤ ਸਮਗਰੀ ਪਹੁੰਚਣ ਦੇ ਰਾਹ ਵਿਚ ਵੀ ਰੋੜੇ ਅਟਕਾਏ। ਅਪਣੀ ਲੋੜ ਤੋਂ ਵਧ ਪ੍ਰਾਪਤ ਹੋਏ ਕੰਬਲ, ਵਸਤਰ ਤੇ ਖਾਧ ਖੁਰਾਕ ਦਾ ਸਮਾਨ ਪੀੜਤਾਂ ਨੂੰ ਪਹੁੰਚਾਣ ਦੀ ਥਾਂ ਹੜ੍ਹ ਦੇ ਪਾਣੀਆਂ ਵਿਚ ਸੁੱਟਣ ਦੇ ਕਿੱਸੇ ਵੀ ਸੁਣਨ ਵਿਚ ਆਏ ਹਨ। ਇਹੋ ਜਿਹੀਆਂ ਇੱਕੜ ਦੁੱਕੜ ਘਟਨਾਵਾਂ ਨੂੰ ਛੱਡ ਕੇ ਸਮੁੱਚੀ ਵਸੋਂ ਇੱਕ ਦੂਜੇ ਦਾ ਦੁਖ ਵੰਡਾ ਰਹੀ ਸੀ। ਸਥਾਨਕ ਵਸੋਂ ਨੂੰ ਏਨਾ ਲਾਭ ਤਾਂ ਹੈ ਸੀ ਕਿ ਉਹ ਖਤਰੇ ਦੀ ਘੜੀ ਵੀ ਆਪਣੇ ਘਰਾਂ ਦਾ ਕੀਮਤੀ ਸਮਾਨ ਲੈ ਕੇ ਉਚੀਆਂ ਥਾਂਵਾਂ ‘ਤੇ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਤੇ ਸਾਥੀਆਂ ਦੇ ਘਰੀ ਜਾ ਵੜੇ ਸਨ ਜਿਹੜਾ ਬਾਹਰੋਂ ਆ ਕੇ ਦੁਕਾਨਦਾਰ ਵਸਨੀਕਾਂ ਨੂੰ ਨਹੀਂ ਸੀ। ਪਰ ਇਹ ਸੋਚ ਕੇ ਚੱਲਣਾ ਪਵੇਗਾ ਕਿ ਪੁਲਾਂ ਦੇ ਟੁੱਟਣ ਜਾਂ ਕਮਜ਼ੋਰ ਹੋਣ ਨਾਲ ਆਵਾਜਾਈ ਅੰਤਾਂ ਦੀ ਕਠਿਨ ਹੋ ਚੁੱਕੀ ਹੈ। ਕਈ ਘਰਾਂ ਵਿਚ ਰਾਹਤ ਸਮੱਗਰੀ ਤਾਂ ਪਹੁੰਚ ਰਹੀ ਹੈ ਪਰ ਇਸ ਨੂੰ ਸਾਂਭਣ ਲਈ ਛੱਤ ਨਹੀਂ। ਕੋਈ ਆਟੇ ਦਾਲ ਨੂੰ ਕੀ ਕਰੇਗਾ, ਜੇ ਉਹਦਾ ਚੁਲ੍ਹਾ ਚੌਂਕਾ ਤੇ ਤਵਾ ਪਰਾਤ ਹੀ ਹੜ੍ਹ ਚੁੱਕੇ ਹਨ।
ਸ਼ੁੱਕਰ ਹੈ ਕਿ ਜਾਨੀ ਨੁਕਸਾਨ ਓਨਾ ਨਹੀਂ ਹੋਇਆ ਜਿੰਨੇ ਦਾ ਡਰ ਸੀ। ਬੰਦਾ ਮਾਲੀ ਹਾਨੀ ਨਾਲ ਤਾਂ ਨਜਿਠਦਾ ਆਇਆ ਹੈ, ਏਥੇ ਵੀ ਪਿਛੇ ਨਹੀਂ ਰਹਿਣ ਲੱਗਿਆ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰਾਹਤ ਸਮੱਗਰੀ ਦੇਣ ਸਮੇਂ ਪਛਾਣ ਪੱਤਰ ਜਾਂ ਪਿਛੋਕੜ ਜਾਨਣ ਨਾਲੋਂ ਸਹਾਇਤਾ ਦੇਣ ਵਿਚ ਅੱਗੇ ਵਧੇ। ਸਿਹਤ ਸੁਵਿਧਾਵਾਂ ਦਾ ਜਾਲ ਵਿਛਾਉਣ ਲਈ ਸਾਰੇ ਵਸੀਲੇ ਜੁਟਾਉਣ। ਸਥਿਤੀ ਹਾਲੀ ਵੀ ਗੰਭੀਰ ਹੈ। ਕਰੋਪੀ ਹੀ ਇਸ ਤਰ੍ਹਾਂ ਦੀ ਸੀ।
ਜਮਨਾ ਦੇ ਕੰਢੇ ਸਥਾਈ ਬੰਧਾਂ ਦੀ ਮੁਰੰਮਤ ਕਰਦੇ ਸਮੇਂ ਜਾਂ ਵਾਦੀ ਦੇ ਹੋਟਲ ਤੇ ਕਮਾਈ ਕੇਂਦਰਾਂ ਦੀ ਮੁੜ ਉਸਾਰੀ ਕਰਦੇ ਸਮੇਂ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਜਾਲ ਨਿਕਾਸ ਦੇ ਸੋਮੇ ਉਕਾ ਹੀ ਬੰਦ ਨਾ ਹੋਣ।
ਇਧਰਲੇ ਪੰਜਾਬੀ ਡਾਕਟਰ ਦੀ ਲਾਹੌਰ ਵਿਚ ਬੱਲੇ ਬੱਲੇ: ਲਾਹੌਰ (ਪਾਕਿਸਤਾਨੀ) ਵਿਚ ਡਾæ ਐਨ ਐਨ ਵਿੱਗ ਦੇ ਨਾਂ ਉਤੇ ਸਥਾਪਤ ਹੋਈ ਐਕਿਊਪੇਸ਼ਨਲ ਥੈਰੇਪੀ ਵਿਵਸਾਇਕ ਸਿਖਿਆ ਇਕਾਈ ਨੂੰ ਇਸ ਹਫਤੇ ਦਸ ਸਾਲ ਹੋ ਗਏ ਹਨ। ਡਾæ ਐਨ ਐਨ ਵਿੱਗ ਨੇ ਸੰਸਾਰ ਸਿਹਤ ਸੰਸਥਾ ਵਿਚ ਨੌਕਰੀ ਕਰਦਿਆਂ ਦੱਖਣੀ ਏਸ਼ੀਆ ਤੇ ਲਾਤੀਨੀ ਅਮਰੀਕਾ ਦੇ ਵੱਡੇ ਸ਼ਹਿਰਾਂ ਵਿਚ 22 ਮਨੋਚਿਕਿਤਸਕ ਇਕਾਈਆਂ ਦਾ ਵਿਕਾਸ ਕੀਤਾ। ਪਰ ਉਸ ਨੂੰ ਉਹ ਮਾਨਤਾ ਨਹੀਂ ਮਿਲੀ ਜੋ ਲਾਹੌਰ ਵਿਚ ਮਿਲੀ ਹੈ। ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਵਿਚ, ਜਿੱਥੇ ਇੱਕ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਰੱਖਣ ਤੋਂ ਪਹਿਲਾਂ ਵੀਹ ਵਾਰੀ ਸੋਚਿਆ ਜਾਂਦਾ ਹੈ, ਪ੍ਰੋਫੈਸਰ ਵਿੱਗ ਦੇ ਨਾਂ ਉਤੇ ਸਾਂਝੇ ਪੰਜਾਬ ਦੇ ਜੰਮਪਲ ਡਾਕਟਰ ਨੂੰ ਇਹ ਸਨਮਾਨ ਮਿਲਣਾ ਮਹੱਤਵ ਰੱਖਦਾ ਹੈ। ਭਾਵੇਂ ਡਾæ ਵਿੱਗ ਮਨੋਚਿਕਿਤਸਾ ਦੇ ਮਾਹਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਤੇ ਏਮਜ਼ ਨਵੀਂ ਦਿੱਲੀ ਵਿਚ ਇਸ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਰਹਿ ਚੁੱਕੇ ਹਨ ਪਰ ਗਵਾਂਢੀ ਦੇਸ਼ ਵਲੋਂ ਦਿੱਤਾ ਜਾ ਰਿਹਾ ਸਨਮਾਨ ਸਭ ਤੋਂ ਉਤੇ ਹੈ।
ਅੰਤਿਕਾ: (ਇਕਬਾਲ ਅਜ਼ੀਮ)
ਬਾਰਹਾ! ਇਕਬਾਲ! ਅਜ਼ਮ ਜੁਸਤਜੂ ਕੇ ਸਾਮਨੇ
ਹਾਦਸਾਤੇ ਜ਼ਿੰਦਗੀ ਕੋ ਸਰ ਝੁਕਾ ਲੇਨਾ ਪੜਾ।

Be the first to comment

Leave a Reply

Your email address will not be published.