‘ਪੰਜਾਬ ਟਾਈਮਜ਼’ ਵਿਚ ਤੂੰਬੀ ਬਾਰੇ ਮੇਰੇ ਲੇਖ ‘ਤੂੰਬੀ, ਸੁਰ ਤੇ ਸੰਗੀਤ’ ਤੋਂ ਖਿਝ ਕੇ ਨਿੰਦਰ ਘੁਗਿਆਣਵੀ ਨੇ ਕਿਸੇ ਹੋਰ ਅਖਬਾਰ ਵਿਚ ਬੜੀਆਂ ਬੇਥਵੀਆਂ ਮਾਰੀਆਂ ਹਨ। ਇਸ ਬੰਦੇ ਬਾਰੇ ਸੁਣਿਆ ਸੀ ਕਿ ਜਿਹੜੇ ਘਰੋਂ ਇਹਦਾ ਘਰ ਪੂਰਾ ਹੋ ਜਾਵੇ, ਉਨ੍ਹਾਂ ਨੂੰ ਖੁਸ਼ ਕਰਨ ਲਈ ਇਹ ਦੋ-ਚਾਰ ਸਤਰਾਂ ਅਖ਼ਬਾਰ ਵਿਚ ਲਿਖ ਦਿੰਦਾ ਏ। ਇਹ ਵੀ ਸੁਣਿਆ ਸੀ ਕਿ ਘਰ ਪੂਰਾ ਹੋਣ ਦੀ ਝਾਕ ਵਿਚ ਵੀ ਇਹ ਕਿਸੇ ਬਾਰੇ ਲਿਖ ਲੈਂਦਾ ਏ। ਇਹਦੀਆਂ ਢੇਰ ਸਾਰੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ। ਦੋ ਕਿਤਾਬਾਂ ‘ਸੱਜਣ ਮੇਰੇ ਰਾਂਗਲੇ’ ਤੇ ‘ਸ਼ਿਵ ਕੁਮਾਰ’ ਬਾਰੇ ਕਿਤਾਬਾਂ ਵਿਚ ਇਹਨੇ ਆਪਣੇ ਹੱਥੀਂ ਧੰਨਵਾਦ ਕੀਤਾ ਹੋਇਆ ਏ ਅਤੇ ਮੇਰੇ ਨਿਮਾਣੇ ਜਿਹੇ ਅੱਖਰ ਵੀ ਛਾਪੇ ਹੋਏ ਨੇ। ਇੰਨਾ ਕੁਝ ਜਾਣ ਕੇ ਵੀ ਹੁਣ ਇਹ ਮੇਰਾ ਨਾਂ ਵੀ ਭੁੱਲ ਗਿਆ ਏ। ਲਿਖਦਾ ਹੈ- “ਕੈਲੀਫੋਰਨੀਆ ਵਿਚ ਇਕ ਬੰਦਾ ਰਹਿੰਦੈ (ਕੁਲਦੀਪ ਤੱਖਰ) ਨਾਂ ਲਿਖਣ ਦੀ ਲੋੜ ਨਹੀਂ, ਮੁਫ਼ਤ ਦੀ ਮਸ਼ਹੂਰੀ ਖੱਟੂਗਾ”æææ ਉਏ ਭਲਿਆ ਲੋਕਾ! ਜੇ ਮੈਨੂੰ ਮਸ਼ਹੂਰੀ ਖੱਟਣ ਦੀ ਲੋੜ ਹੁੰਦੀ, ਤਾਂ ਹੁਣ ਨੂੰ ਤੇਰੇ ਜਿੰਨੀਆਂ ਕਿਤਾਬਾਂ ਲਿਖੀਆਂ ਹੁੰਦੀਆਂ। ਅੱਗੇ ਲਿਖਦਾ ਹੈ- “ਲੋਕਾਂ ਨੇ ਭਰ-ਭਰ ਗਾਲ੍ਹਾਂ ਦੇ ਟੋਕਰੇ ਉਸ ਨੂੰ ਦਿੱਤੇ ਟੈਲੀਫ਼ੋਨ ‘ਤੇ।”
ਦੱਸ ਦਿਆਂ ਕਿ ਅਮਰੀਕਾ ਦੀ ਕੋਈ ਸਟੇਟ (ਸੂਬਾ) ਨਹੀਂ, ਜਿਥੋਂ ਮੈਨੂੰ ਟੈਲੀਫੋਨ ਨਹੀਂ ਆਏ। ਲੋਕਾਂ ਨੇ ਉਸ ਲੇਖ ਨੂੰ ਦਿਲੋਂ ਸਲਾਹਿਆ ਏ। ਸਭ ਤੋਂ ਪਹਿਲਾ ਫੋਨ ਮੈਨੂੰ ਅਸ਼ੋਕ ਭੌਰੇ ਦਾ ਆਇਆ। ਉਸ ਨੇ ਲੇਖ ਨੂੰ ਸਲਾਹਿਆ ਵੀ ਬਹੁਤ, ਤੇ ਹੋਰ ਲਿਖਣ ਨੂੰ ਵੀ ਆਖਿਆ। ਕਿਸੇ ਵੀ ਸੱਜਣ ਨੇ ਕੋਈ ਮਾੜਾ ਸ਼ਬਦ ਨਹੀਂ ਆਖਿਆ। ਹਾਂ, ਇਕ-ਦੋ ਸੱਜਣਾਂ ਦੇ ਖਤ ‘ਸੰਪਾਦਕ ਦੀ ਡਾਕ’ ਵਿਚ ਜ਼ਰੂਰ ਛਪੇ ਹਨ। ਇਕ ਹੈ ਗੁਰਿੰਦਰਜੀਤ ਨੀਟਾ ਮਾਛੀਕੇ ਜੋ ਯਮਲਾ ਜੱਟ ਫਾਊਂਡੇਸ਼ਨ, ਫ਼ਰਿਜ਼ਨੋ ਦਾ ਸਕੱਤਰ ਹੈ। ਉਹਨੇ ਵੀ ਸਿੱਧਾ ਆਪ ਨਹੀਂ ਲਿਖਿਆ। ਉਹ ਲਿਖਦਾ ਹੈ- ‘ਤੂੰਬੀ, ਸੁਰ ਤੇ ਸੰਗੀਤ’ ਪੜ੍ਹਿਆ, ਮਨ ਨੂੰ ਕਾਫ਼ੀ ਠੇਸ ਪਹੁੰਚੀ। ਬਹੁਤ ਸਾਰੇ ਵੀਰਾਂ ਦੇ ਇਸ ਲੇਖ ਸਬੰਧੀ ਫੋਨ ਵੀ ਆਏ ਕਿ ਇਹਦਾ ਜਵਾਬ ਜ਼ਰੂਰ ਦਿਓ। ਸੋ, ਇਥੋਂ ਪਤਾ ਲਗਦਾ ਹੈ ਕਿ ਲੋਕਾਂ ਦੇ ਆਖਣ ‘ਤੇ ਨੀਟਾ ਮਾਛੀਕੇ ਨੂੰ ਇਹ ਜਵਾਬ ਦੇਣਾ ਪਿਆ। ਦੂਜਾ ਖਤ ਦਲਵਿੰਦਰ ਸਿੰਘ ਬੇਕਰਜ਼ਫ਼ੀਲਡ ਦਾ ਹੈ ਜਿਸ ਦੇ ਮਨ ਨੂੰ ਵੀ ਠੇਸ ਲੱਗੀ ਹੈ। ਉਸ ਦਾ ਖਤ ਮੇਰੇ ਲੇਖ ਨਾਲੋਂ ਲੰਮਾ ਸੀ, ਪਰ ਹੁਣ ਠੇਸ ਦਾ ਕੀ ਇਲਾਜ ਕੀਤਾ ਜਾਵੇ?
ਅੱਗੇ ਨਿੰਦਰ ਲਿਖਦਾ ਹੈ- “ਤੂੰਬੀ ਸਾਧਾਂ, ਪੀਰਾਂ ਤੇ ਮੰਗਤਿਆਂ ਦਾ ਸਾਜ਼ ਸੀ ਜੋ ਯਮਲਾ ਜੀ ਨੇ ਲੋਕਾਂ ਵਿਚ ਲਿਆਂਦਾ ਤੇ ਇਸ ਦਾ ਮਾਣ ਵਧਾਇਆ।” ਨਿੰਦਰ ਇੱਥੇ ਫਿਰ ਜਾਂ ਤਾਂ ਟਪਲਾ ਖਾ ਗਿਆ ਹੈ, ਜਾਂ ਉਸ ਨੂੰ ਕਿੰਗ ਤੇ ਤੂੰਬੀ ਦੇ ਫਰਕ ਦਾ ਨਹੀਂ ਪਤਾ। ਫ਼ਕੀਰ ਲੋਕ ਪਿੰਡਾਂ ਵਿਚ ਕਿੰਗ ਨਾਲ ਮੰਗਦੇ ਹੁੰਦੇ ਸਨ। ਕਿੰਗ ਦਾ ਕੱਦੂ ਬਹੁਤ ਵੱਡਾ ਹੁੰਦਾ ਸੀ ਤੇ ਕਿੰਗ ਬੜੀ ਹੌਲੀ-ਹੌਲੀ ਵਜਾਈ ਜਾਂਦੀ ਸੀ। ਇਸ ਨਾਲ ਬੜਾ ਹੌਲੀ-ਹੌਲੀ ਮਿੱਠੀ ਸੁਰ ਵਿਚ ਗਾਇਆ ਜਾਂਦਾ ਸੀ। ਕਿੰਗ ਤੂੰਬੀ ਵਾਂਗ ਕੁਤਰਾ ਨਹੀਂ ਸੀ ਕਰਦੀ। ਕਿੰਗ ਨੂੰ ਤੁਸਾਂ ਕਦੇ ਕੋਈ ਤੂੰਬੀ ਆਖਦਿਆਂ ਸੁਣਿਆ ਏ? ਇਸ ਲਈ ਨਿੰਦਰ ਸੰਗੀਤ ਬਾਰੇ ਲਿਖਣ ਤੋਂ ਪਹਿਲਾਂ ਸੰਗੀਤ ਬਾਰੇ ਕੁਝ ਸਿੱਖਣ ਦੀ ਕੋਸ਼ਿਸ਼ ਕਰੇ ਤਾਂ ਚੰਗਾ ਹੈ, ਤੇ ਸੰਗੀਤ ਬਾਰੇ ਲਿਖਣ ਤੋਂ ਪਹਿਲਾਂ ਤੂੰਬੀ ਨੂੰ ਅਲਵਿਦਾ ਕਹਿਣੀ ਪੈਣੀ ਏ। ਕਦੇ ਮੇਰੇ ਕੋਲ ਆਵੇ ਤਾਂ ਉਹਨੂੰ ਸੰਗੀਤ ਸਿਖਾਵਾਂ ਤੇ ਨਾਲ ਸੁਣਾਵਾਂ ਵੀ।
-ਕੁਲਦੀਪ ਤੱਖਰ
ਪੈਸਾ ਤੇ ਇਖਲਾਕ
‘ਪੰਜਾਬ ਟਾਈਮਜ਼’ ਦੇ 20 ਸਤੰਬਰ ਵਾਲੇ ਅੰਕ ਵਿਚ ਕਾਨਾ ਸਿੰਘ ਦਾ ਲਿਖਿਆ ਲੇਖ ‘ਵੱਡਿਆਂ ਦਾ ਲਾਂਘਾ’ ਪੜ੍ਹਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੈਸੇ ਨੂੰ ਬੜੀ ਸਿਆਣਪ ਨਾਲ ਖਰਚਣਾ ਚਾਹੀਦਾ ਹੈ। ਸਿਆਣਿਆਂ ਦਾ ਕਹਿਣਾ ਹੈ ਕਿ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ, ਪਰ ਕਾਨਾ ਸਿੰਘ ਨੇ ਜਿਹੜੀ ਇਖਲਾਕ ਦੀ ਪੈਸੇ ਨਾਲ ਤੁਲਨਾ ਕੀਤੀ ਹੈ, ਇਸ ਨਾਲ ਸਹਿਮਤੀ ਨਹੀਂ ਹੋ ਸਕਦੀ। ਸਾਡੇ ਗੁਰੂ ਸਾਹਿਬਾਨ ਨੇ ਪੈਸੇ ਨੂੰ ਨਾਗਣੀ ਕਿਹਾ ਹੈ। ਪੈਸਾ ਮਨੁੱਖ ਦੀ ਮੱਤ ਮਾਰ ਦਿੰਦਾ ਹੈ ਜਿਵੇਂ ਗੁਰੂ ਜੀ ਫਰਮਾਉਂਦੇ ਹਨ ਕਿ ਮਾਇਆਧਾਰੀ ਤਾਂ ਅੰਨ੍ਹਾ-ਬੋਲਾ ਹੋ ਜਾਂਦਾ ਹੈ। ਇਖਲਾਕ ਦਾ ਪੈਸੇ ਨਾਲ ਕੋਈ ਸਬੰਧ ਹੀ ਨਹੀਂ। ਇਖਲਾਕ ਤਾਂ ਸਭ ਤੋਂ ਉਤਮ ਵਸਤੂ ਹੈ। ਗੁਰੂ ਨਾਨਕ ਫਰਮਾਉਂਦੇ ਹਨ- ਸਚ ਕਉਰੈ ਸਭੁ ਕੇ ਸਚੁ ਉਪਰ ਆਚਾਰਿ॥ ਇਸ ਲਈ ਇਸ ਬਾਰੇ ਸਹਿਮਤੀ ਨਹੀਂ ਕਿ ‘ਜਿਹੜਾ ਪੈਸੇ ਨੀ ਕਦਰ ਨਹੀਂ ਕਰਨਾ, ਉਸਨਾ ਨਾ ਤੇ ਕੋਈ ਅਸੂਲ ਹੋਨਾ ਵੈ ਤੈ ਨਾ ਹੀ ਇਖਲਾਕ।’ ਗੁਰੂ ਨਾਨਕ ਨੇ ਸਾਰੀ ਉਮਰ ਪੈਸੇ ਦੀ ਪ੍ਰਵਾਹ ਨਹੀਂ ਕੀਤੀ। ਗੁਰੂ ਜੀ ਨੂੰ ਪਿਤਾ ਜੀ ਨੇ ਕੋਈ ਵਪਾਰ ਕਰਨ ਲਈ 20 ਰੁਪਏ ਦਿੱਤੇ ਸੀ, ਉਹ ਵੀ ਉਨ੍ਹਾਂ ਭੁੱਖੇ ਸਾਧੂਆਂ ਨੂੰ ਖੁਆ ਦਿੱਤੇ ਤੇ ਇਸ ਦੇ ਬਦਲੇ ਪਿਤਾ ਜੀ ਕੋਲੋਂ ਚਪੇੜਾਂ ਖਾਣੀਆਂ ਪਈਆਂ। ਇਹ ਸਾਖੀ ਸਾਰੇ ਹੀ ਜਾਣਦੇ ਹਨ। ਇਸ ਲਈ ਪਰਮਾਤਮਾ ਦਾ ਪਦਾਰਥ ਨਾਲ, ਸੰਸਾਰ ਦਾ ਨਿਰੰਕਾਰ ਨਾਲ ਕੋਈ ਸਬੰਧ ਨਹੀਂ। ਗੁਰੂ ਨਾਨਕ ਨੇ ਪੈਸੇ ਦੀ ਪ੍ਰਵਾਹ ਨਹੀਂ ਕੀਤੀ, ਤਾਂ ਕੀ ਗੁਰੂ ਜੀ ਦੇ ਅਸੂਲ ਨਹੀਂ ਸਨ, ਤੇ ਕੀ ਉਨ੍ਹਾਂ ਦਾ ਇਖਲਾਕ ਨਹੀਂ ਸੀ?
-ਮਾਸਟਰ ਨਿਰਮਲ ਸਿੰਘ ਲਾਲੀ
ਇਕ ਬੇਨਾਮ ਚਿੱਠੀ
ਬਜ਼ੁਰਗ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਬਾਦਲ ਜੀ, ਮੈਂ ਵੀ ਅਕਾਲੀ ਹਾਂ; ਹੁਣ ਥੋਡੇ ਚਰਨਾਂ ਵਿਚ ਬੇਨਤੀ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਦੀ ਇਜ਼ਤ ਦੀ ਖਾਤਰ ਕੋਈ ਸਖ਼ਤ ਕਾਨੂੰਨ ਬਣਾਓ ਕਿ ਕੋਈ ਵੀ ਪੰਜਾਬੀ ਗੀਤ ਲਿਖਣ ਵਾਲਾ ਹੋਵੇ ਜਾਂ ਗਾਉਣ ਵਾਲਾ, ਪੰਜਾਬੀ ਜ਼ੁਬਾਨ ਦੇ ਸਿਰ ਤੋਂ ਚੁੰਨੀ ਨਾ ਲਾਹਵੇ। ਸਾਡੇ ਵੀਰ ਗਾਉਣ ਵਾਲੇ ਆਪ ਤਾਂ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਸਜਾਉਂਦੇ ਹਨ ਪਰ ਨੱਚਣ ਵਾਲੀਆਂ ਕੁੜੀਆਂ ਦੇ ਸਰੀਰ ਅਧਨੰਗੇ ਹੁੰਦੇ ਹਨ। ਕੋਈ ਵੀ ਬੰਦਾ ਆਪਣੀ ਧੀ ਭੈਣ ਦੇ ਸਾਹਮਣੇ ਟੀæਵੀæ ਨਹੀਂ ਦੇਖ ਸਕਦਾ। ਮੇਰੇ ਪੰਜਾਬੀ ਵੀਰੋ! ਹੱਥ ਜੋੜਦੇ ਹਾਂæææ ਪੰਜਾਬੀ ਵਿਰਸੇ ਤੇ ਜ਼ੁਬਾਨ ਦਾ ਹੋਰ ਨਿਰਾਦਰ ਨਾ ਕਰੋ। ਇਹ ਸਾਡੀ ਇਜ਼ਤ ਹੈ, ਇਸ ਨੂੰ ਪੈਰਾਂ ਵਿਚ ਨਾ ਰੋਲੋ। ਜਿਹੜੀਆਂ ਬੱਚੀਆਂ ਅੱਧੇ ਕੱਪੜੇ ਪਾ ਕੇ ਇਨ੍ਹਾਂ ਸਿੰਗਰਾਂ ਨਾਲ ਨੱਚਦੀਆਂ ਹਨ, ਉਨ੍ਹਾਂ ਦੇ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਆਪਣੀਆਂ ਧੀਆਂ ਨੂੰ ਕਹੋ, ਪੰਜਾਬੀ ਸੂਟ ਪਾ ਕੇ ਨੱਚਣ। ਚੰਦ ਪੈਸਿਆਂ ਖ਼ਾਤਰ ਆਪਣੇ ਆਪ ਅਤੇ ਸੋਹਣੇ ਪੰਜਾਬ ਦੀ ਪੱਗ ਪੈਰਾਂ ਵਿਚ ਨਾ ਰੋਲੀਏ। ਟੀæਵੀæ ਚੈਨਲਾਂ- ਜਸ ਪੰਜਾਬੀ, ਈæਟੀæਸੀ ਪੰਜਾਬੀ, ਪੀæਟੀæਸੀæ ਪੰਜਾਬੀ, ਜੀ ਪੰਜਾਬ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਚੈਨਲਾਂ ‘ਤੇ ਉਹ ਗੀਤ ਹੀ ਲਾਉਣ ਜਿਹਦੇ ਵਿਚ ਧੀਆਂ ਨੇ ਪੰਜਾਬੀ ਸੂਟ ਪਾ ਕੇ ਸਰੀਰ ਪੂਰਾ ਕੱਜਿਆ ਹੋਵੇ।
-ਇਕ ਦੁਖੀ ਪੰਜਾਬੀ।
Leave a Reply