ਜਥੇਦਾਰ ਜਗਦੇਵ ਸਿੰਘ ਤਲਵੰਡੀ ਇਸ ਫਾਨੀ ਸੰਸਾਰ ਨੂੰ ਆਖਰੀ ਅਲਵਿਦਾ ਆਖ ਗਏ। ਉਨ੍ਹਾਂ ਦੇ ਜੀਵਨ ਵਿਚ ਅਨੇਕਾਂ ਉਤਰਾ-ਚੜ੍ਹਾ ਆਏ, ਪਰ ਉਹ ਸਦਾ ਆਪਣੇ ਰਾਹ ਦੇ ਰਾਹੀ ਬਣੇ ਰਹੇ। ਉਨ੍ਹਾਂ ਸਦਾ ਅਕਾਲੀਆਂ ਦੇ ਰੋਸ ਨੂੰ ਦਰਸਾਉਣ ਵਾਲੀ ਕਾਲੀ ਦਸਤਾਰ ਸਜਾਈ। ਇਹ ਅਕਾਲੀਅਤ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ ਸੀ। ਉਨ੍ਹਾਂ ਦੇ ਪਿਤਾ ਛਾਂਗਾ ਸਿੰਘ ਅਕਾਲੀ ਮੋਰਚਿਆਂ ਦੇ ਅਣਥੱਕ ਸਿਪਾਹੀ ਸਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਪਣੇ ਭਰਾ ਮਾਸਟਰ ਦੇਵ ਰਾਜ ਸਿੰਘ ਨਾਲ ਉਨ੍ਹਾਂ ਬਾਕਾਇਦਾ ਮੋਰਚਿਆਂ ਵਿਚ ਭਰਵੀਂ ਸ਼ਿਰਕਤ ਕੀਤੀ। ਇਸੇ ਦੌਰਾਨ ਹੀ ਉਨ੍ਹਾਂ ਦੇ ਨਾਂ ਨਾਲ ਸਦਾ-ਸਦਾ ਲਈ ‘ਲੋਹ ਪੁਰਸ਼’ ਦਾ ਖਿਤਾਬ ਜੁੜਿਆ। ਆਪਣੀ ਧੀ ਦੇ ਵਿਆਹ ਵੇਲੇ ਉਹ ਲੁਧਿਆਣਾ ਜੇਲ੍ਹ ਵਿਚ ਸਨ। ਉਦੋਂ ਉਨ੍ਹਾਂ ਵਿਆਹ ਵਿਚ ਸ਼ਾਮਲ ਹੋਣ ਲਈ ਅਧਿਕਾਰੀਆਂ ਦੀਆਂ ਲਿਲਕੜੀਆਂ ਕੱਢਣ ਦੀ ਥਾਂ ਵਿਆਹ ਵਿਚ ਜਾਣਾ ਹੀ ਕੈਂਸਲ ਕਰ ਦਿੱਤਾ। ਅਜਿਹੇ ਬਹੁਤ ਸਾਰੇ ਕਿੱਸੇ ਹਨ ਜੋ ਉਨ੍ਹਾਂ ਦੀ ਟਕਸਾਲੀ ਅਕਾਲੀ ਵਰਕਰ ਵਾਲੇ ਅਕਸ ਨੂੰ ਉਭਾਰਦੇ ਹਨ। ਉਂਜ, ਇਹ ਗੱਲ ਵਿਚਾਰਨੀ ਬਣਦੀ ਹੈ ਕਿ ਇੰਨਾ ਜੇਰਾ ਹੋਣ ਦੇ ਬਾਵਜੂਦ ਉਹ ਆਖਰਕਾਰ ਆਪਣੇ ਸਮਕਾਲੀ ਲੀਡਰ ਪ੍ਰਕਾਸ਼ ਸਿੰਘ ਬਾਦਲ ਦੇ ਗੇੜ ਵਿਚ ਆ ਗਏ। ਅਜੇ ਸਾਲ 2011 ਦੀ ਹੀ ਗੱਲ ਹੈ, ਜਦੋਂ ਉਹ ਕੁਝ ਕਾਰਨਾਂ ਕਰ ਕੇ ਬਾਦਲ ਨਾਲ ਰੁੱਸੇ ਹੋਏ ਸਨ। 2011 ਵਿਚ ਜਦੋਂ ਮਨਪ੍ਰੀਤ ਸਿੰਘ ਬਾਦਲ, ਬਾਦਲ ਪਰਿਵਾਰ ਖਿਲਾਫ ਲਾਮਬੰਦੀ ਕਰ ਰਿਹਾ ਸੀ ਅਤੇ ਨਵੀਂ ਪਾਰਟੀ ਦੀ ਉਸਾਰੀ ਵੱਲ ਵਧ ਰਿਹਾ ਸੀ। ਸਭ ਦੀ ਇਹੀ ਕਿਆਸ-ਆਰਾਈ ਸੀ ਕਿ ਬਾਦਲਾਂ ਨੂੰ ਥਾਂ ਸਿਰ ਕਰਨ ਖਾਤਰ ਜਥੇਦਾਰ ਤਲਵੰਡੀ, ਮਨਪ੍ਰੀਤ ਦਾ ਸਾਥ ਦੇਣਗੇ, ਪਰ ਬਾਦਲ ਨੇ ਜਥੇਦਾਰ ਤਲਵੰਡੀ ਨੂੰ ਐਨ ਮੌਕੇ ‘ਤੇ ਮਨਾ ਲਿਆ। ਕੋਈ ਸਮਾਂ ਸੀ ਜਦੋਂ ਸਮੁੱਚੀ ਅਕਾਲੀ ਸਿਆਸਤ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਤਲਵੰਡੀ ਅਤੇ ਪ੍ਰਕਾਸ਼ ਸਿੰਘ ਬਾਦਲ ਦੁਆਲੇ ਘੁੰਮਦੀ ਸੀ, ਪਰ ਹੌਲੀ-ਹੌਲੀ ਹਾਲ ਇਹ ਹੋਇਆ ਕਿ ਸਾਰੀ ਦੀ ਸਾਰੀ ਤਾਕਤ ਬਾਦਲ ਦੇ ਹੱਥਾਂ ਵਿਚ ਆ ਗਈ। ਇਕ ਵੇਲੇ ਜਥੇਦਾਰ ਤਲਵੰਡੀ ਨੇ ਜਥੇਦਾਰ ਟੌਹੜਾ ਨਾਲ ਰਲ ਕੇ ਬਾਦਲ ਨੂੰ ਵੰਗਾਰਿਆ ਵੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਬਾਦਲ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸਿਆਸਤ ਦੇ ਧੁਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆਪਣੀ ਪੈਂਠ ਬਣਾ ਚੁੱਕਾ ਸੀ। ਅਸਲ ਵਿਚ ਇਹ ਮੰਨਣ ਵਾਲੀ ਗੱਲ ਹੈ ਕਿ ਸਿਆਸਤ ਦੀਆਂ ਗਰਾਰੀਆਂ ਘੁਮਾਉਣ ਦੇ ਮਾਮਲੇ ਵਿਚ ਕੋਈ ਵੀ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦਾ ਮੁਕਾਬਲਾ ਨਹੀਂ ਕਰ ਸਕਿਆ। ਬਾਅਦ ਵਿਚ ਤਾਂ ਹਾਲਤ ਇਹ ਬਣ ਗਈ ਸੀ ਕਿ ਬਾਦਲ ਦੇ ਖਿਲਾਫ ਜਿਸ ਵੀ ਆਗੂ ਨੇ ਸਿਰ ਚੁੱਕਣ ਦਾ ਯਤਨ ਕੀਤਾ, ਉਸ ਨੂੰ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ। ਦਲ ਦੀ ਕਮਾਨ ਬਾਦਲ ਪਰਿਵਾਰ ਨੇ ਇੰਨੀ ਪੀਡੀ ਪਕੜੀ ਹੋਈ ਹੈ ਕਿ ਜਥੇਦਾਰ ਤਲਵੰਡੀ ਵਰਗੇ ਲੋਹ ਪੁਰਸ਼ ਨੂੰ ਆਪਣੇ ਪੁੱਤਰ ਲਈ ਵਿਧਾਨ ਸਭਾ ਟਿਕਟ ਨਾਲ ਹੀ ਸਬਰ ਕਰਨਾ ਪਿਆ।
ਅਸਲ ਵਿਚ ਇਹੀ ਉਹ ਨੁਕਤਾ ਹੈ ਜੋ ਅਕਾਲੀ ਦਲ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਚੜ੍ਹਤ ਅਤੇ ਬਾਕੀ ਲੀਡਰਾਂ ਦੇ ਲਾਂਭੇ ਹੋਣ ਦੀ ਹੋਣੀ ਨਾਲ ਜੁੜਿਆ ਹੋਇਆ ਹੈ। ਪੰਥ ਅਤੇ ਪੰਜਾਬ ਦੀ ਥਾਂ ਜਿੱਥੇ ਅਤੇ ਜਦੋਂ ਵੀ ਵਿਅਕਤੀਗਤ ਲਾਲਸਾਵਾਂ ਨੇ ਸਿਰ ਚੁੱਕਿਆ, ਉਦੋਂ ਅਕਾਲੀ ਦਲ ਅਤੇ ਅਕਾਲੀਅਤ ਨੂੰ ਢਾਹ ਲੱਗਣੀ ਹੀ ਸੀ। ਸਾਲ 2000 ਵਿਚ ਜਦੋਂ ਸ਼੍ਰੋਮਣੀ ਕਮੇਟੀ ਦੀ ਤਤਕਾਲੀ ਪ੍ਰਧਾਨ ਜਗੀਰ ਕੌਰ ਆਪਣੀ ਧੀ ਦੀ ਮੌਤ ਵਾਲੇ ਕੇਸ ਵਿਚ ਬੁਰੀ ਤਰ੍ਹਾਂ ਫਸੇ ਹੋਏ ਸਨ ਤਾਂ ਜਥੇਦਾਰ ਤਲਵੰਡੀ ਨੂੰ ਹੀ ਸ਼੍ਰੋਮਣੀ ਕਮੇਟੀ ਦੀ ਕਮਾਨ ਫੜਾਈ ਗਈ ਸੀ। ਹਾਲਾਤ ਦੀ ਸਿਤਮਜ਼ਰੀਫੀ ਇਹ ਰਹੀ ਕਿ 1960 ਤੋਂ 2011 ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹਿਣ ਵਾਲੇ ਜਥੇਦਾਰ ਤਲਵੰਡੀ, ਬਾਦਲ ਦੀਆਂ ਸਿਆਸੀ ਗਰਾਰੀਆਂ ਵਿਚ ਸਹਿਜੇ ਹੀ ਘੁੰਮ ਗਏ। ਉਹ ਵੀ ਸਮਾਂ ਸੀ, ਜਦੋਂ ਜਥੇਦਾਰ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਅਤੇ 1977 ਦੀਆਂ ਲੋਕ ਸਭਾ ਚੋਣਾਂ ਵੇਲੇ ਉਨ੍ਹਾਂ ਬਾਦਲ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਸੀ। ਉਨ੍ਹਾਂ ਜਦੋਂ ਖੁਦ 1967 ਵਿਚ ਰਾਏਕੋਟ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ ਤਾਂ ਸਾਰਾ ਚੋਣ ਪ੍ਰਚਾਰ ਸਾਈਕਲ ਉਤੇ ਕੀਤਾ ਸੀ ਅਤੇ ਵੱਡੇ ਫਰਕ ਨਾਲ ਇਹ ਚੋਣ ਜਿੱਤੀ ਸੀ। ਇਥੇ ਜਥੇਦਾਰ ਤਲਵੰਡੀ ਅਤੇ ਅਕਾਲੀ ਸਿਆਸਤ ਬਾਰੇ ਚਰਚਾ ਕਰਨ ਦਾ ਮਕਸਦ ਪਾਠਕਾਂ ਦੇ ਧਿਆਨ ਵਿਚ ਇਹ ਲਿਆਉਣਾ ਹੈ ਕਿ ਜਦੋਂ-ਜਦੋਂ ਵੀ ਲੀਡਰਾਂ ਨੇ ਨਿਸ਼ਕਾਮ ਸੇਵਕ ਬਣ ਕੇ ਸਰਬੱਤ ਦੇ ਵਿਹੜੇ ਵਿਚ ਪੈਰ ਧਰਿਆ, ਉਨ੍ਹਾਂ ਲਈ ਸਦਾ ਹੀ ਅਗਾਂਹ ਰਾਹ ਬਣਦਾ ਰਿਹਾ; ਬੇਸ਼ੱਕ, ਬਹੁਤੀ ਵਾਰੀ ਇਹ ਰਾਹ ਬੜਾ ਬਿਖੜਾ ਵੀ ਹੋ ਨਿਬੜਦਾ ਸੀ। ਅੱਜ ਵੀ ਜਿਹੜਾ ਆਗੂ ਇਸ ਬਿਖੜੇ ਰਾਹ ਉਤੇ ਤੁਰਿਆ ਹੈ, ਉਸ ਨੂੰ ਅੱਜ ਦੇ ਸਿਆਸੀ ਜੋੜ-ਤੋੜ ਵਿਚ ਸਫਲਤਾ ਭਾਵੇਂ ਨਾ ਵੀ ਮਿਲੀ ਹੋਵੇ, ਪਰ ਲੋਕਾਂ ਵਿਚ ਅਜਿਹੇ ਆਗੂ ਦਾ ਅਕਸ ਸਦਾ ਹੀ ਵੱਖਰੀ ਛਾਪ ਛੱਡਦਾ ਰਿਹਾ ਹੈ। ਅੱਜ ਜਦੋਂ ਹਰ ਪਾਸੇ ਹਨੇਰਗਰਦੀ ਵਾਲਾ ਮਾਹੌਲ ਭਾਰੂ ਹੈ ਅਤੇ ਸਮੁੱਚੀ ਅਕਾਲੀ ਸਿਆਸਤ ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰ ਦੁਆਲੇ ਘੁੰਮ ਰਹੀ ਹੈ, ਤਾਂ ਉਸ ਜਥੇਦਾਰ ਤਲਵੰਡੀ ਦੀ ਯਾਦ ਆਉਂਦੀ ਹੈ ਜਿਹੜਾ ਬਾਦਲ ਨੂੰ ਸਾਹਮਣੇ ਖਲੋ ਕੇ ਵੰਗਾਰਨ ਦਾ ਦਮ ਰੱਖਦਾ ਸੀ। ਪਿਛਲੀ ਉਮਰੇ ਜਥੇਦਾਰ ਟੌਹੜਾ ਨੇ ਵੀ ਬਾਦਲਾਂ ਦੇ ਮੋਰਚੇ ਨੂੰ ਸੰਨ੍ਹ ਲਾਉਣ ਦਾ ਯਤਨ ਕੀਤਾ ਸੀ, ਪਰ ਆਖਰਕਾਰ ਉਨ੍ਹਾਂ ਦਾ ਵਾਰ ਵੀ ਖੁੰਡਾ ਹੋ ਗਿਆ। ਜ਼ਾਹਿਰ ਹੈ ਕਿ ਜਿੰਨਾ ਚਿਰ ਤੱਕ ਜਥੇਦਾਰ ਤਲਵੰਡੀ ਵਾਂਗ ਕੋਈ ‘ਲੋਹ ਪੁਰਸ਼’ ਨਹੀਂ ਉਠਦਾ; ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਲੱਗ ਰਿਹਾ ਖੋਰਾ ਰੋਕਿਆ ਨਹੀਂ ਜਾ ਸਕਦਾ। ਅੱਜ ਦੇ ਅਕਾਲੀ ਦਲ ਅੰਦਰ ਫਿਲਹਾਲ ਕੋਈ ਅਜਿਹੀ ਸੰਭਾਵਨਾ ਨਜ਼ਰ ਨਹੀਂ ਆਉਂਦੀ, ਕਿਉਂਕਿ ਹਰ ਲੀਡਰ ਆਪੋ-ਆਪਣੇ ਲਾਭ ਕਾਰਨ ਦੜ ਵੱਟੀ ਬੈਠਾ ਹੈ। ਬਾਹਰਲੇ ਮੋਰਚੇ ਤੋਂ ਉਸ ਤਰ੍ਹਾਂ ਦੀ ਲੜਾਈ ਸੰਭਵ ਹੀ ਨਹੀਂ ਹੋ ਸਕੀ। ਫਿਰ ਵੀ ਸੰਭਵ ਹੈ ਕਿ ਕਿਸੇ ਪਾਸਿਓਂ ਕੋਈ ‘ਹਰਿਆ ਬੂਟ’ ਅਹੁਲ ਰਿਹਾ ਹੋਵੇ, ਤਬਦੀਲੀ ਕੁਦਰਤ ਦਾ ਪੱਕਾ ਨੇਮ ਜੋ ਹੈ।
Leave a Reply