ਸਿਨੇਮਾ, ਸਮਾਜ ਤੇ ਸਿਆਸਤ

ਕਲਾ ਅਤੇ ਸਮਾਜ ਦਾ ਰਿਸ਼ਤਾ ਸੂਖਮ ਤੇ ਬਹੁਪਰਤੀ ਹੈ। ਪ੍ਰਸਿੱਧ ਫ਼ਿਲਮਸਾਜ਼ ਸਤਿਆਜੀਤ ਰੇਅ ਅਨੁਸਾਰ ਸਿਨੇਮਾ ਦੂਜੀਆਂ ਕਲਾਵਾਂ ਜਿਵੇਂ ਕਵਿਤਾ, ਕਹਾਣੀ, ਚਿੱਤਰਕਾਰੀ, ਇਮਾਰਤਸਾਜ਼ੀ ਅਤੇ ਡਰਾਮਾ; ਗੱਲ ਕੀ, ਹਰ ਨਿੱਕੀ-ਵੱਡੀ ਕਲਾ ਦਾ ਖੂਬਸੂਰਤ ਸੁਮੇਲ ਹੈ। ਸਿਨੇਮਾ ਨੂੰ ਦੂਜੀਆਂ ਸਾਰੀਆਂ ਕਲਾਵਾਂ ਨਾਲੋਂ ਵੱਧ ਸਮਾਜਕ ਮੰਨਦਿਆਂ ਪ੍ਰਸਿੱਧ ਪੱਤਰਕਾਰ ਅਤੇ ਫ਼ਿਲਮਸਾਜ਼ ਕੇæ ਅੱਬਾਸ ਲਿਖਦੇ ਹਨ, “ਚੰਗੇ ਸਿਨੇਮਾ ਵਿਚ, ਹਰ ਚੰਗੀ ਕਲਾ ਵਾਂਗ ਜਿੱਥੇ ਲੋਕਾਂ ਦੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਕਰਨ ਦਾ ਹੁਨਰ ਹੋਵੇ, ਉਥੇ ਉਹ ਲੋਕ-ਮਨ ਦੀਆਂ ਡੂੰਘੀਆਂ ਤਾਂਘਾਂ, ਰੀਝਾਂ, ਰਮਜ਼ਾਂ ਅਤੇ ਵਿਚਾਰਾਂ ਨੂੰ ਪ੍ਰਗਟਾ ਸਕਦਾ ਹੋਵੇ। ਜਨ ਮਾਨਸ ਦੇ ਦੁੱਖ-ਸੁੱਖ, ਸੁਪਨੇ ਅਤੇ ਸੋਚਾਂ ਦਾ ਪ੍ਰਤੀਬਿੰਬ ਹੋਵੇ। ਇਹ ਉਨ੍ਹਾਂ ਨੂੰ ਹਸਾਵੇ, ਰੁਆਵੇ ਪਰ ਸਮੇਂ-ਸਮੇਂ ਤੇ ਸੋਚਣ ਲਈ ਵੀ ਮਜਬੂਰ ਕਰੇ, ਉਨ੍ਹਾਂ ਦੀਆਂ ਕਲਪਨਾਵਾਂ ਵਿਚ ਨਵੇਂ ਰੰਗ ਭਰ ਦੇਵੇ, ਸਮਾਜਕ ਬੇਇਨਸਾਫ਼ੀਆਂ ਖਿਲਾਫ ਰੰਜ਼ ਪੈਦਾ ਕਰੇ, ਜ਼ਿੰਦਗੀ ਦੀ ਪੇਸ਼ਕਾਰੀ ਨੂੰ ਸਮਝਣ ਦਾ ਹੁਨਰ ਦੇਵੇ ਅਤੇ ਸਭ ਤੋਂ ਜ਼ਰੂਰੀ ਹੈ ਕਿ ਦਰਸ਼ਕ ਨੂੰ ਆਪਣੇ ਆਪ ਨੂੰ ਸਮਝਣ ਦਾ ਮੌਕਾ ਦੇ ਸਕੇ।”
ਕਿਸੇ ਵੀ ਦੇਸ਼ ਦੇ ਸੰਚਾਰ-ਸਾਧਨ ਉਸ ਦੇਸ਼ ਦਾ ਇਕ ਇਤਿਹਾਸ ਵੀ ਸਿਰਜਦੇ ਹਨ। ਭਾਰਤੀ ਇਤਿਹਾਸ ਵਿਚ ਆਜ਼ਾਦੀ ਦੇ ਘੋਲ ਸਮੇਂ ਪੈਦਾ ਹੋਈ ਚੇਤਨਾ, ਸਮਰੱਥਾ ਅਤੇ ਇੱਕਮੁੱਠਤਾ ਦੀ ਭਾਵਨਾ ਪੈਦਾ ਕਰਨ ਵਿਚ ਅਖ਼ਬਾਰਾਂ, ਹੱਥ-ਲਿਖਤ ਸੁਨੇਹਿਆਂ ਅਤੇ ਆਗੂਆਂ ਦੁਆਰਾ ਕੀਤੀਆਂ ਤਕਰੀਰਾਂ ਦਾ ਖਾਸ ਹੱਥ ਸੀ। ਕੀ ਸਿਨੇਮਾ ਨੇ ਵੀ ਕਿਸੇ ਢੰਗ ਨਾਲ ਆਜ਼ਾਦੀ ਦੇ ਘੋਲ ਵਿਚ ਆਪਣਾ ਬਣਦਾ ਰੋਲ ਅਦਾ ਕੀਤਾ? ਜਿਥੇ ਭਾਰਤੀ ਸਿਨੇਮਾ ਆਪਣੇ ਦੁਹਰਾਉ, ਫਾਰਮੂਲਾ ਆਧਾਰਿਤ ਕਥਾਨਕ ਅਤੇ ਬਾਜ਼ਾਰੀ ਕਿਸਮ ਦੇ ਮਨੋਰੰਜਨ ਲਈ ਹਮੇਸ਼ਾਂ ਆਲੋਚਨਾ ਦਾ ਸ਼ਿਕਾਰ ਬਣਦਾ ਰਿਹਾ ਹੈ, ਉਥੇ ਆਜ਼ਾਦੀ ਸਮੇਂ ਆਧੁਨਿਕਤਾ ਦੇ ਇਸ ਸੰਦ ਨੂੰ ਵਿਗਿਆਨਕ ਅਤੇ ਦਸਤਾਵੇਜ਼ੀ ਤਰੀਕਿਆਂ ਨਾਲ ਵਰਤਣ ਦੀ ਕੋਸ਼ਿਸ਼ ਵੀ ਕੀਤੀ ਗਈ।
ਬਾਲ ਗੰਗਾਧਰ ਤਿਲਕ ਪਹਿਲੇ ਸਿਆਸੀ ਆਗੂ ਸਨ ਜਿਨ੍ਹਾਂ ਨੇ ਸਿਨੇਮਾ ਨੂੰ ਸਵਦੇਸ਼ੀ ਦੇ ਪ੍ਰਚਾਰ ਲਈ ਵਰਤਣ ਦੀ ਸੰਭਾਵਨਾ ਦੇਖੀ। ਉਹ ਦਾਦਾ ਸਾਹਿਬ ਫ਼ਾਲਕੇ ਦੇ ਕਰੀਬੀ ਸਨ ਅਤੇ 1918 ਵਿਚ ਉਨ੍ਹਾਂ ਫ਼ਾਲਕੇ ਨੂੰ ਹਿੰਦੁਸਤਾਨ ਸਿਨੇਮਾ ਫ਼ਿਲਮ ਕੰਪਨੀ ਬਣਾਉਣ ਦੀ ਸਲਾਹ ਦਿੱਤੀ। ਤਿਲਕ ਹੀ ਪਹਿਲੇ ਭਾਰਤੀ ਪੱਤਰਕਾਰ ਸਨ ਜਿਨ੍ਹਾਂ ਨੇ ਆਪਣੇ ਅਖ਼ਬਾਰ ‘ਕੇਸਰੀ’ ਵਿਚ ਫ਼ਿਲਮਾਂ ਬਾਰੇ ਲਿਖਣ ਦੀ ਰੀਤ ਪਾਈ। ਇਸ ਤੋਂ ਪ੍ਰੇਰਿਤ ਹੁੰਦਿਆਂ ‘ਟਾਈਮਜ਼ ਆਫ਼ ਇੰਡੀਆ’ ਅਤੇ ‘ਦਾ ਬੰਬੇ ਕਾਰੋਨੀਕਲ’ ਨੇ ਵੀ ਫ਼ਿਲਮਾਂ ਸਬੰਧੀ ਲੇਖ ਛਾਪਣੇ ਸ਼ੁਰੂ ਕੀਤੇ। ਦਿਲਚਸਪ ਤੱਥ ਇਹ ਹੈ ਕਿ ਤਿਲਕ ਦੇ ਅੰਤਮ ਸੰਸਕਾਰ ਸਮੇਂ ਫ਼ਿਲਮ ਕੰਪਨੀਆਂ ਨੇ ਆਪਣੇ ਸੀਮਿਤ ਦਾਇਰਿਆਂ ਅਤੇ ਮੁਨਾਫ਼ਿਆਂ ਤੋਂ ਹਟ ਕੇ ਛੋਟੀਆਂ-ਛੋਟੀਆਂ ਫ਼ਿਲਮਾਂ ਬਣਾ ਕੇ ਆਮ ਜਨਤਾ ਲਈ ਮੁਹੱਈਆ ਕਰਵਾਈਆਂ। 1922 ਵਿਚ ਬ੍ਰਿਟਿਸ਼ ਪ੍ਰਸ਼ਾਸਨ ਦੁਆਰਾ ਸਿਨੇਮਾ ਅਤੇ ਮੀਡੀਆ ਉਤੇ ਲਗਾਈ ਜਾਣ ਵਾਲੀ ਸੈਂਸਰਸ਼ਿਪ ਦਾ ਵਿਰੋਧ ਕਰਦਿਆਂ ਲਾਲਾ ਲਾਜਪਤ ਰਾਏ ਨੇ ਇਸ ਨੂੰ ਵਿਚਾਰਾਂ ਦੀ ਆਜ਼ਾਦੀ ‘ਤੇ ਹਮਲਾ ਦੱਸਿਆ। ਉਨ੍ਹਾਂ ਅਨੁਸਾਰ ਸਿਨੇਮਾ ਜਿਹੇ ਸ਼ਕਤੀਸ਼ਾਲੀ ਮਾਧਿਅਮ ਨੂੰ ਰਾਜਨੀਤਿਕ ਵਿਚਾਰਾਂ ਲਈ ਵਰਤਿਆ ਜਾਣਾ ਚਾਹੀਦਾ ਹੈ। ਸਿਨੇਮਾ ਵਿਚ ਸਾਹਿਤ, ਕਵਿਤਾ ਅਤੇ ਸੰਗੀਤ ਦੀ ਜੁਗਲਬੰਦੀ ਸ਼ੁਰੂ ਕਰਨ ਦਾ ਸਿਹਰਾ ਜਾਂਦਾ ਹੈ ਰਾਬਿੰਦਰ ਨਾਥ ਟੈਗੋਰ ਨੂੰ। ਉਨ੍ਹਾਂ ਦੀਆਂ ਛੋਟੀਆਂ ਕਹਾਣੀਆਂ ਉਤੇ ਬਣੀਆਂ ਫ਼ਿਲਮਾਂ ‘ਮਨਭੰਜਨ’ (1923), ‘ਬਲੀਦਾਨ’ (1927) ਅਤੇ ‘ਵਿਚਾਰਕ’ (1928) ਨੇ ਸਿਨੇਮਾ ਦੇ ਸੁਹਜ ਅਤੇ ਹੁਨਰ ਨੂੰ ਨਵਾਂ ਮੋੜਾ ਦਿੱਤਾ। ਟੈਗੋਰ ਕੌਮਾਂਤਰੀ ਪੱਧਰ ‘ਤੇ ਕਵੀ ਦੇ ਤੌਰ ‘ਤੇ ਪ੍ਰਸਿੱਧ ਹਨ, ਇਸ ਲਈ ਉਨ੍ਹਾਂ ਦੇ ਸਿਨੇਮਾ ਨਾਲ ਲਗਾਉ ਨੇ ਹਿੰਦੀ ਸਿਨੇਮਾ ਦੀਆਂ ਕਲਾਤਮਕ ਸੰਭਾਵਨਾਵਾਂ ਅਤੇ ਭਾਰਤ ਦੇ ਕਲਾ-ਇਤਿਹਾਸ ਦੀ ਪਰਦੇ ਤੇ ਪੇਸ਼ਕਾਰੀ ਨੂੰ ਪਹਿਲੀ ਵਾਰ ਦੁਨੀਆਂ ਸਾਹਮਣੇ ਰੱਖਿਆ। ਸ਼ਾਇਦ ਦੁਨੀਆਂ ਲਈ ਭੁੱਖੇ ਨੰਗੇ ਜਾਂ ਨਾਗਿਆਂ, ਸੱਪਾਂ, ਸਾਧੂਆਂ ਦੇ ਦੇਸ਼ ਵਜੋਂ ਭਾਰਤ ਦੀ ਮਿੱਥ ਤੋੜਨ ਦਾ ਇਹ ਪਹਿਲਾ ਯਤਨ ਸੀ।
1939 ਵਿਚ ਬਣੀ ਫ਼ਿਲਮ ‘ਅਛੂਤ-ਕੰਨਿਆ’ ਨੇ ਕਈ ਸਿਆਸੀ ਆਗੂਆਂ ਨੂੰ ਸਮਾਜ ਵਿਚ ਤਬਦੀਲੀ ਲਿਆਉਣ ਲਈ ਸਿਨੇਮਾ ਦੀ ਵਰਤੋਂ ਬਾਰੇ ਸੁਚੇਤ ਕੀਤਾ। ਸਰੋਜਨੀ ਨਾਇਡੂ ਨੇ ਜਵਾਹਰ ਲਾਲ ਨਹਿਰੂ ਨਾਲ ਇਹ ਫ਼ਿਲਮ ਬੰਬਈ ਦੇ ਰੌਕਸੀ ਥੀਏਟਰ ਵਿਚ ਦੇਖੀ। ਨਹਿਰੂ ਨੂੰ ਭਾਵੇਂ ਉਸ ਦੌਰ ਦੀਆਂ ਫ਼ਿਲਮਾਂ ਦੇ ਮਿਆਰ ਅਤੇ ਕਲਾ-ਪੱਖ ਦੀ ਕਮਜ਼ੋਰੀ ਚੁਭੀ ਪਰ 1952 ਵਿਚ ਬੰਬਈ, ਮਦਰਾਸ, ਕਲਕੱਤਾ ਅਤੇ ਨਵੀਂ ਦਿੱਲੀ ਵਿਚ ਕੌਮਾਂਤਰੀ ਫ਼ਿਲਮ ਸਮਾਰੋਹਾਂ ਰਾਹੀਂ ਉਸ ਨੇ ਸਿਨੇਮਾ ਦੀ ਸਮਰੱਥਾ ਅਤੇ ਸੰਭਾਵਨਾ ‘ਤੇ ਮੋਹਰ ਲਗਾ ਦਿੱਤੀ। ਦੱਖਣੀ ਭਾਰਤ ਵਿਚ ਫ਼ਿਲਮ-ਸੱਭਿਆਚਾਰ ਦੂਰ-ਦਰਾਜ ਦੇ ਪਿੰਡਾਂ ਤੱਕ ਪਹੁੰਚਾਉਣ ਦਾ ਕੰਮ ਐਸ਼ ਸਤਿਆਮੂਰਤੀ ਨੇ ਕੀਤਾ। ਕਿੱਤੇ ਤੋਂ ਵਕੀਲ ਸਤਿਆਮੂਰਤੀ ਦੇ ਨਾਟਕਾਂ ਵਿਚ ਸ਼ੌਂਕ ਨੇ ਉਨ੍ਹਾਂ ਨੂੰ ਕਲਾ ਦੀ ਰਾਜਨੀਤਿਕ ਵਰਤੋਂ ਵੱਲ ਤੋਰਿਆ। ਇੰਡੀਅਨ ਕਾਂਗਰਸ ਪਾਰਟੀ ਦੇ ਪ੍ਰਚਾਰ ਨਾਲ ਜੁੜੇ ਸਤਿਆਮੂਰਤੀ ਦੀਆਂ ਕੋਸ਼ਿਸ਼ਾਂ ਸਦਕਾ ਕੁਝ ਹੀ ਸਾਲਾਂ ਵਿਚ ਮਹਾਤਮਾ ਗਾਂਧੀ ਦਾ ਨਾਮ ਘਰ-ਘਰ ਪਹੁੰਚ ਗਿਆ। ਇਨ੍ਹਾਂ ਤੋਂ ਬਿਨਾਂ ਆਜ਼ਾਦੀ ਦੇ ਘੋਲ ਵਿਚ ਜਿਨ੍ਹਾਂ ਦੀਆਂ ਰਚਨਾਵਾਂ ਨੇ ਭਾਰਤੀ ਸਿਨੇਮਾ ਦੇ ਨਿਆਰੇਪਣ ਅਤੇ ਵਿਦਰੋਹੀ ਸੁਰ ਨੂੰ ਕਾਇਮ ਰੱਖਿਆ, ਉਨ੍ਹਾਂ ਵਿਚੋਂ ਮੁੱਖ ਸਨ, ਬੰਕਿਮ ਚੰਦਰ ਚੈਟਰਜੀ ਜਿਨ੍ਹਾਂ ਦੇ 1882 ਵਿਚ ਲਿਖੇ ਨਾਵਲ ‘ਆਨੰਦ ਮੱਠ’ ਵਿਚਲੇ ਗੀਤ ਨੂੰ ਬਾਅਦ ਵਿਚ ਰਾਸ਼ਟਰੀ ਗੀਤ ਦਾ ਦਰਜਾ ਮਿਲਿਆ। ਗੀਤ ਦੇ ਬੋਲ ਸਨ ‘ਬੰਦੇ ਮਾਤਰਮ’ ਅਤੇ ਇਸ ਨਾਵਲ ਨੂੰ ਹਿੰਦੀ ਅਤੇ ਬੰਗਾਲੀ ਦੋਵਾਂ ਭਾਸ਼ਾਵਾਂ ਵਿਚ ਫ਼ਿਲਮਾਇਆ ਗਿਆ। ਦੂਜੇ ਮਹੱਤਵਪੂਰਨ ਕਵੀ ਸਨ ਕਾਜ਼ੀ ਨਜੁਰੁਲ ਇਸਲਾਮ ਜਿਨ੍ਹਾਂ ਨੂੰ ‘ਵਿਦਰੋਹੀ ਕਵੀ’ ਦੇ ਤੌਰ ‘ਤੇ ਹੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਲਿਖੀ ਲੰਬੀ ਕਵਿਤਾ ‘ਵਿਦਰੋਹੀ’ ਨੇ ਆਜ਼ਾਦੀ ਦੇ ਘੋਲ ਵਿਚਲੇ ਵਿਰੋਧ ਅਤੇ ਵਿਚਾਰਧਾਰਕ ਜੰਗ ਨੂੰ ਤਿੱਖੀ ਸਾਣ ਚਾੜ੍ਹੀ। ਉੱਘੇ ਕ੍ਰਾਂਤੀਕਾਰੀ ਆਗੂ ਸੁਭਾਸ਼ ਚੰਦਰ ਬੋਸ ਨੇ ਫ਼ਿਲਮਾਂ ਦੀ ‘ਇਨਕਲਾਬੀ ਪ੍ਰਚਾਰਕ’ ਵਜੋਂ ਭੂਮਿਕਾ ਨੂੰ ਸਵੀਕਾਰਦਿਆਂ ਆਜ਼ਾਦ ਹਿੰਦ ਫੌਜ ਦੀਆਂ ਵੱਖ-ਵੱਖ ਕਾਰਵਾਈਆਂ ਦੀਆਂ ਬਕਾਇਦਾ ਰੀਲਾਂ ਤਿਆਰ ਕਰਵਾ ਕੇ ਰੱਖੀਆਂ। ਇਸ ਸਭ ਦੇ ਬਾਵਜੂਦ ਭਾਰਤੀ ਸਿਨੇਮਾ ਨਾ ਤਾਂ ਆਜ਼ਾਦੀ ਦੇ ਘੋਲ ਦੀ ਵਿਚਾਰਧਾਰਾ ਵਿਚਲੇ ਖਾਸੇ ਨੂੰ ਪ੍ਰਣਾਇਆ ਜਾ ਸਕਿਆ ਅਤੇ ਨਾ ਹੀ ਇਸ ਨੇ ਰਾਜਨੀਤਕ ਸੰਚਾਰ ਅਤੇ ਸੰਵਾਦ ਦੀਆਂ ਪ੍ਰੰਪਰਾਵਾਂ ਨਾਲ ਜੁੜਨ ਦਾ ਕੋਈ ਸਾਰਥਿਕ ਤਰੱਦਦ ਕੀਤਾ। ਇਸ ਦਾ ਵੱਡਾ ਕਾਰਨ ਆਜ਼ਾਦੀ-ਘੋਲ ਵਿਚ ਸਰਗਰਮ ਮੰਨੀ ਜਾਂਦੀ ਅਤੇ ਸੰਭਾਵੀ ਰਾਜ-ਸੱਤਾ ਦੀ ਵਾਰਿਸ ਪਾਰਟੀ ਕਾਂਗਰਸ ਦਾ ਨਜ਼ਰੀਆ ਮੰਨਿਆ ਜਾਂਦਾ ਹੈ। ਕਾਂਗਰਸ ਪਾਰਟੀ ਦੇ ਘੋਲ ਦਾ ਧੁਰਾ ਜ਼ਿਆਦਾਤਰ ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਆਸ ਪਾਸ ਘੁੰਮਦਾ ਸੀ ਅਤੇ ਮਹਾਤਮਾ ਗਾਂਧੀ ਸਿਨੇਮਾ ਨੂੰ ਪਾਪ ਵਰਗੀ ਬੁਰਾਈ ਮੰਨਦੇ ਸਨ। ਇਸ ਤੋਂ ਵੀ ਦੋ ਕਦਮ ਅੱਗੇ ਜਾਂਦਿਆਂ ਉਨ੍ਹਾਂ ਕਿਹਾ ਕਿ ਸਿਨੇਮਾ ਜੂਆ ਖੇਡਣ, ਚੋਰੀ ਕਰਨਾ, ਸੱਟਾ ਲਾਉਣ ਵਾਂਗ ਹੀ ਅਜਿਹੀ ਬੁਰਾਈ ਹੈ ਜੋ ਖੇਡਣ/ਦੇਖਣ ਵਾਲੇ ਦਾ ਧਰਮ ਭ੍ਰਿਸ਼ਟ ਕਰ ਦਿੰਦੀ ਹੈ। ਇਸ ਅੜੀਅਲ ਵਤੀਰੇ ਅਤੇ ਅਸਲੀਅਤ ਤੋਂ ਕੋਹਾਂ ਦੂਰ ਉਪਰੋਕਤ ਟਿੱਪਣੀਆਂ ਬਾਰੇ ਖੁਆਜਾ ਅਹਿਮਦ ਅੱਬਾਸ ਨੇ 1939 ਵਿਚ ਮਹਾਤਮਾ ਗਾਂਧੀ ਨੂੰ ਜੋ ਪੱਤਰ ਲਿਖਿਆ, ਉਹ ਅਸਲ ਵਿਚ ਆਧੁਨਿਕਤਾ, ਵਿਗਿਆਨ, ਤਰਕ ਅਤੇ ਸੰਵਾਦ ਦੇ ਵਿਹੜੇ ਵਿਚੋਂ ਪੁਰਾਤਨਪੰਥੀ, ਨਵੀਂ ਤਕਨੀਕ ਦੇ ਵਿਰੋਧੀ ਖੇਮਿਆਂ ਨੂੰ ਹੱਠ ਤਿਆਗਣ ਦੀ ਅਪੀਲ ਵੀ ਸੀ। ਅੱਬਾਸ ਲਿਖਦੇ ਹਨ, “ਜੇ ਇਹ ਟਿੱਪਣੀਆਂ ਕਿਸੇ ਹੋਰ ਬੰਦੇ ਨੇ ਕੀਤੀਆਂ ਹੁੰਦੀਆਂ ਤਾਂ ਉਨ੍ਹਾਂ ਬਾਰੇ ਫਿਕਰ ਕਰਨ ਦਾ ਕੋਈ ਮਤਲਬ ਹੀ ਨਹੀਂ ਸੀ। ਆਖਿਰ ਨੂੰ ਵਿਅਕਤੀਗਤ ਪਸੰਦ-ਨਾ ਪਸੰਦ ਦੀ ਕਦਰ ਕਰਨੀ ਬਣਦੀ ਹੈ। ਮੇਰੇ ਪਿਤਾ ਕਦੇ ਫ਼ਿਲਮਾਂ ਨਹੀਂ ਦੇਖਦੇ, ਬਲਿਕ ਫ਼ਿਲਮਾਂ ਨੂੰ ਉਹ ਪੱਛਮ ਤੋਂ ਲਿਆਂਦੀ ਬੁਰਾਈ ਮੰਨਦੇ ਹਨ। ਮੈਂ ਉਨ੍ਹਾਂ ਦੀ ਰਾਇ ਦੀ ਕਦਰ ਕਰਦਾ ਹਾਂ, ਇਸ ਨਾਲ ਸਹਿਮਤ ਹਰਗਿਜ਼ ਨਹੀਂ ਹੋ ਸਕਦਾ ਪਰ ਤੁਹਾਡਾ ਮੁੱਦਾ ਅਲੱਗ ਹੈ। ਜੋ ਜਗ੍ਹਾ ਤੁਹਾਡੀ ਭਾਰਤ ਵਿਚ, ਬਲਿਕ ਪੂਰੀ ਦੁਨੀਆਂ ਵਿਚ ਹੈ, ਤੁਹਾਡਾ ਕਿਹਾ ਗਿਆ ਛੋਟੇ ਤੋਂ ਛੋਟਾ ਵਿਚਾਰ ਹਜ਼ਾਰਾਂ-ਲੱਖਾਂ ਲਈ ਬਹੁਤ ਮਾਅਨੇ ਰੱਖਦਾ ਹੈ। ਮੈਨੂੰ ਇਸ ਬਾਰੇ ਤਾਂ ਰਤਾ ਵੀ ਸ਼ੱਕ ਨਹੀਂ ਕਿ ਸਿਨੇਮਾ ਬਾਰੇ ਤੁਹਾਡੇ ਵਿਚਾਰ ਪੜ੍ਹ ਕੇ ਜਾਂ ਸੁਣ ਕੇ ਵੱਡੀ ਗਿਣਤੀ ਪੁਰਾਤਨਪੰਥੀਆਂ ਅਤੇ ਪਿਛਾਂਹ ਖਿੱਚੂ ਤਬਕੇ ਦੇ ਸਿਨੇਮਾ ਸਬੰਧੀ ਰੰਜ਼ ਤੇ ਰੋਸ ਨੂੰ ਠੋਸ ਦਲੀਲ ਮਿਲ ਜਾਣੀ ਹੈ ਕਿ ‘ਜ਼ਰੂਰ ਸਿਨੇਮਾ ਵਿਚ ਕੋਈ ਖਾਸ ਬੁਰਾਈ ਹੈ ਜਿਸ ਕਰ ਕੇ ਮਹਾਤਮਾ ਜੀ ਇਸ ਨੂੰ ਪਸੰਦ ਨਹੀਂ ਕਰਦੇ’æææਉਹ ਇਹੀ ਸਮਝਣਗੇ ਤੇ ਇੱਦਾਂ ਦੁਨੀਆਂ ਦੀਆਂ ਕੰਮ ਆਉਣ ਵਾਲੀਆਂ ਸਭ ਤੋਂ ਖੂਬਸੂਰਤ ਤੇ ਉਪਯੋਗੀ ਤਕਨੀਕਾਂ ਵਿਚੋਂ ਇਕ ਸਿਨੇਮਾ ਨੂੰ ਦੁਰਕਾਰ ਦਿੱਤਾ ਜਾਵੇਗਾ ਜਾਂ ਫਿਰ ਉਹ ਉਨ੍ਹਾਂ ਸਮਾਜ ਵਿਰੋਧੀ ਨਿਕੰਮੇ ਲੋਕਾਂ ਦੇ ਹੱਥਾਂ ਵਿਚ ਚਲਾ ਜਾਵੇਗਾ ਜਿਨ੍ਹਾਂ ਵਲੋਂ ਇਸ ਦੀ ਵਰਤੋਂ ਦੇ ਮਾੜੇ ਨਤੀਜੇ ਹੀ ਨਿਕਲ ਸਕਦੇ ਹਨ।”
ਅੱਬਾਸ ਦੀ ਚਿੱਠੀ ਦੇ ਬਾਵਜੂਦ ਗਾਂਧੀ ਨੇ ਆਪਣਾ ਵਤੀਰਾ ਨਹੀਂ ਬਦਲਿਆ ਤੇ ਫਲਸਰੂਪ ਇਸ ਦਾ ਸਿੱਧਾ ਅਸਰ ਅੱਜ ਦੇ ਸਿਨੇਮਾ ਉਤੇ ਵੀ ਦੇਖਿਆ ਜਾ ਸਕਦਾ ਹੈ। ਜਿਥੇ ਰਾਜਨੀਤਕ ਧਿਰਾਂ ਅਤੇ ਵਿਚਾਰਧਾਰਾਵਾਂ ਨੇ ਭਾਰਤੀ ਸਿਨੇਮਾ ਨੂੰ ਮਨੋਰੰਜਨ, ਨੌਟੰਕੀ ਜਾਂ ਮੁਜਰੇ ਤੱਕ ਹੀ ਮਹਿਦੂਦ ਸਮਝਿਆ, ਉਥੇ ਭਾਰਤੀ ਸਿਨੇਮਾ ਵੀ ਰਾਜਨੀਤਕ ਮੁਹਾਜ਼ਾਂ, ਤੱਥਾਂ ਅਤੇ ਤਹਿਰੀਕਾਂ ਤੋਂ ਕਈ ਮੀਲ ਫਾਸਲੇ ਤੇ ਸਸਤੇ ਚਟਕਾਰਿਆਂ ਅਤੇ ਫਾਰਮੂਲਾ ਆਧਾਰਿਤ ਸਫ਼ਲਤਾਵਾਂ ਵਿਚ ਉਲਝਿਆ ਰਿਹਾ। ਨਤੀਜੇ ਵਜੋਂ ਹੁਣ ਤੱਕ ਇਸ ਆਧੁਨਿਕ-ਸੰਦ ਅਤੇ ਤਕਨੀਕ ਨਾਲ ਭਾਰਤੀ ਆਵਾਮ ਦਾ ਰਿਸ਼ਤਾ ਮੁਹੱਬਤ ਤੇ ਨਫ਼ਰਤ ਵਿਚਕਾਰ ਲਟਕਦਾ ਰਿਹਾ ਹੈ।
-ਕੁਲਦੀਪ ਕੌਰ

Be the first to comment

Leave a Reply

Your email address will not be published.