ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਆਉਣ ਤੇ ਜਾਣ ਵਾਲੇ ਪ੍ਰਮੁੱਖ ਰਸਤੇ ਨੂੰ ਵਿਰਾਸਤੀ ਦਿੱਖ ਦੇਣ ਦੀ ਯੋਜਨਾ ਬਾਰੇ ਖੜ੍ਹੇ ਹੋਏ ਸਾਰੇ ਅੜਿੱਕੇ ਖ਼ਤਮ ਹੋ ਗਏ ਹਨ ਤੇ ਹੁਣ ਇਸ ਯੋਜਨਾ ‘ਤੇ ਅਮਲ ਅਗਲੇ ਸਾਲ ਦੇ ਸ਼ੁਰੂ ਵਿਚ ਆਰੰਭ ਹੋ ਜਾਵੇਗਾ। ਇਹ ਯੋਜਨਾ ਡੇਢ ਸਾਲ ਵਿਚ ਮੁਕੰਮਲ ਹੋਵੇਗੀ, ਜਿਸ ਤੋਂ ਬਾਅਦ ਇਹ ਰਸਤੇ ਵਿਰਾਸਤੀ ਦਿੱਖ ਵਾਲੇ ਤੇ ਇਕੋ ਜਿਹੇ ਰੰਗ ਦੇ ਦੇਣਗੇ।
ਕੇਂਦਰ ਸਰਕਾਰ ਦੀ ਮਦਦ ਨਾਲ ਸੈਰ ਸਪਾਟਾ ਵਿਭਾਗ ਵੱਲੋਂ ਉਲੀਕੀ ਗਈ ਇਸ ਯੋਜਨਾ ਤਹਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਪ੍ਰਮੁੱਖ ਰਸਤੇ, ਹਾਲ ਬਾਜ਼ਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਕਟੜਾ ਜੈਮਲ ਸਿੰਘ, ਚੌਕ ਫਰੀਦ ਹੁੰਦੇ ਹੋਏ ਵਾਪਸ ਹਾਲ ਗੇਟ ਆਉਣ ਤੱਕ, ਨੂੰ ਵਿਰਾਸਤੀ ਦਿੱਖ ਦੇਣ ਦੀ ਯੋਜਨਾ ਹੈ।
ਤਕਰੀਬਨ 2æ7 ਕਿਲੋਮੀਟਰ ਦੇ ਇਸ ਰਸਤੇ ਵਿਚ 700 ਤੋਂ ਵੱਧ ਦੁਕਾਨਾਂ, ਕਾਰੋਬਾਰੀ ਅਦਾਰੇ ਤੇ ਰਿਹਾਇਸ਼ੀ ਥਾਵਾਂ ਆਉਂਦੀਆਂ ਹਨ। ਇਸ ਵੇਲੇ ਹਰੇਕ ਦੁਕਾਨ ਤੇ ਹਰੇਕ ਇਮਾਰਤ ਦਾ ਵੱਖਰਾ ਰੰਗ ਤੇ ਵੱਖਰੀ ਦਿੱਖ ਹੈ ਪਰ ਇਸ ਯੋਜਨਾ ਤਹਿਤ ਇਸ ਰਾਹ ਵਿਚ ਆਉਂਦੀ ਹਰੇਕ ਇਮਾਰਤ ਦਾ ਰੰਗ ਇਕੋ ਜਿਹਾ ਹੋਵੇਗਾ ਤੇ ਉਨ੍ਹਾਂ ਦੀ ਦਿੱਖ ਵੀ ਪੁਰਾਤਨ ਤੇ ਇਕੋ ਜਿਹੀ ਪ੍ਰਤੀਤ ਹੋਵੇਗੀ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਇਸ ਯੋਜਨਾ ਤਹਿਤ ਲਖਨਊ ਦੇ ਹਜਰਤ ਗੰਜ ਇਲਾਕੇ ਵਿਚ ਸਮੁੱਚੇ ਖੇਤਰ ਨੂੰ ਵਿਰਾਸਤੀ ਦਿੱਖ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਾ ਸੈਰ ਸਪਾਟਾ ਅਧਿਕਾਰੀ ਬਲਰਾਜ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ 37 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਤੇ ਇਹ ਯੋਜਨਾ ਡੇਢ ਸਾਲ ਵਿਚ ਮੁਕੰਮਲ ਹੋਵੇਗੀ। ਇਸ ਯੋਜਨਾ ਦੀ ਡੀæਪੀæਆਰæ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਇਸ ਰਾਹ ਵਿਚ ਆਉਂਦੀਆਂ ਦੁਕਾਨਾਂ ਤੇ ਰਿਹਾਇਸ਼ੀ ਇਮਾਰਤਾਂ ਦੇ ਮਾਲਕਾਂ ਕੋਲੋਂ Ḕਕੋਈ ਇਤਰਾਜ਼ ਨਹੀਂ’ ਸਰਟੀਫਿਕੇਟ ਪ੍ਰਾਪਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੁੱਲ 700 ਇਮਾਰਤਾਂ ਵਿਚੋਂ 660 ਇਮਾਰਤਾਂ ਦੇ ਮਾਲਕਾਂ ਵੱਲੋਂ ਇਸ ਯੋਜਨਾ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਤੇ ਛੇਤੀ ਹੀ ਇਸ ‘ਤੇ ਟੈਂਡਰ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਵੀ 35 ਕਰੋੜ ਰੁਪਏ ਦੀ ਵੱਖਰੀ ਯੋਜਨਾ ਉਲੀਕੀ ਹੋਈ ਹੈ, ਜੋ ਇਸ ਯੋਜਨਾ ਦੇ ਨਾਲ ਹੀ ਸਬੰਧਤ ਹੈ। ਸੂਬਾ ਸਰਕਾਰ ਦੀ ਯੋਜਨਾ ਤਹਿਤ ਇਸ ਸਮੁੱਚੇ ਰਸਤੇ ਵਿਚੋਂ ਲਟਕਦੀਆਂ ਬਿਜਲੀ ਦੀਆਂ ਤਾਰਾਂ, ਖੰਭੇ, ਟਰਾਂਸਫਾਰਮਰ ਹਟਾ ਦਿੱਤੇ ਜਾਣਗੇ। ਬਿਜਲੀ ਦੀਆਂ ਇਹ ਤਾਰਾਂ ਲੁਕਵੀਂ ਥਾਂ ‘ਤੇ ਹੋਣਗੀਆਂ ਤੇ ਬਾਹਰੋਂ ਦਿਖਾਈ ਨਹੀਂ ਦੇਣਗੀਆਂ।
Leave a Reply