ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਨੂੰ ਕਰਜ਼ੇ ਦੇ ਬੋਝ ਵਿਚੋਂ ਕੱਢਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਫਰਿਆਦ ਕੀਤੀ ਹੈ। ਨਾਲ ਹੀ ਉਨ੍ਹਾਂ ਪੰਜਾਬ ਲਈ ਰਾਹਤ ਪੈਕਜ ਦੀ ਮੰਗ ਵੀ ਕੀਤੀ ਹੈ। ਸ਼ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ। ਉਨ੍ਹਾਂ ਸ੍ਰੀ ਮੋਦੀ ਨੂੰ ਕਿਹਾ ਕਿ ਸੂਬੇ ਦੇ ਵਿਕਾਸ ਵਿਚ ਅੜਿੱਕਾ ਬਣ ਰਹੇ ਮੁੱਦਿਆਂ ‘ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਉਹ ਸ੍ਰੀ ਮੋਦੀ ਨੂੰ ਇਹ ਸਮਝਾਉਣ ਵਿਚ ਸਫ਼ਲ ਹੁੰਦੇ ਜਾਪੇ ਕਿ ਪੰਜਾਬ ਨੂੰ ਅਤਿਵਾਦ ਵਿਰੁੱਧ ਵੱਡੀ ਕੌਮੀ ਲੜਾਈ ਲੜਨ ਦੀ ਸਜ਼ਾ ਦਿੱਤੀ ਜਾ ਰਹੀ ਹੈ। ਦੋਵੇਂ ਬਾਦਲਾਂ ਨੇ ਮੰਗ ਕੀਤੀ ਕਿ ਅਤਿਵਾਦ ਦੌਰਾਨ (1981 ਤੋਂ 1992 ਤੱਕ) ਲਿਆ ਗਿਆ ਕਰਜ਼ਾ ਜੋ ਹੁਣ ਵੱਧ ਕੇ 1æ02 ਲੱਖ ਕਰੋੜ ਹੋ ਗਿਆ ਹੈ, ਨੂੰ ਮੁਆਫ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੁੱਖ ਮੰਤਰੀ ਸ਼ ਬਾਦਲ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਪੰਜਾਬ ਨੂੰ ਹੋਰ ਫੰਡ ਨਹੀਂ ਦਿੱਤੇ ਜਾ ਸਕਦੇ ਹਨ। ਸ੍ਰੀ ਜੇਤਲੀ ਨੇ ਸੂਬੇ ਨੂੰ ਬਿਜਲੀ ਸਬਸਿਡੀ ਵੀ ਤਰਕਸੰਗਤ ਕਰਨ ਦੀ ਸਲਾਹ ਦਿੱਤੀ ਸੀ। ਇਸ ਪੱਤਰ ਵਿਚ ਸ੍ਰੀ ਜੇਤਲੀ ਨੇ ਸੂਬੇ ਨੂੰ ਵੱਖ-ਵੱਖ ਸਮੇਂ ‘ਤੇ ਦਿੱਤੀ ਗਈ ਇਮਦਾਦ ਬਾਰੇ ਵੀ ਜਾਣਕਾਰੀ ਦਿੱਤੀ ਸੀ। ਮੁੱਖ ਮੰਤਰੀ ਸ਼ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਅਤਿਵਾਦ ਖ਼ਿਲਾਫ਼ ਲੜਾਈ ਲੜਨ ਦੀ ਪੰਜਾਬ ਨੂੰ ਹੋਰ ਸਜ਼ਾ ਨਾ ਦਿੱਤੀ ਜਾਵੇ।
________________________
ਮੰਗਣ ਦੀ ਥਾਂ ਬਾਦਲ ਆਪਣਾ ਘਰ ਸੁਧਾਰੇ: ਕੈਪਟਨ
ਚੰਡੀਗੜ੍ਹ: ਲੋਕ ਸਭਾ ਵਿਚ ਕਾਂਗਰਸ ਧਿਰ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੇਂਦਰ ਤੋਂ ਸੂਬੇ ਸਿਰ ਚੜ੍ਹੇ 1æ02 ਲੱਖ ਕਰੋੜ ਰੁਪਏ ਦੀ ਕਰਜ਼ੇ ਦੀ ਮੁਆਫ਼ੀ ਦੇਣ ਬਾਰੇ ਵਿਸ਼ੇਸ਼ ਮੰਗ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਆਪਣਾ ਘਰ ਸੁਧਾਰਨ ਦੀ ਬਜਾਏ ਸ਼ ਬਾਦਲ ਆਪਣੇ ਪੁਰਾਣੇ ਅੰਦਾਜ਼ ਵਿਚ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਨੇ ਕੇਂਦਰ ਦੀ ਕਾਂਗਰਸ ਸਰਕਾਰ ‘ਤੇ ਪੰਜਾਬ ਨਾਲ ਪੱਖਪਾਤ ਕਰਨ ਦਾ ਦੋਸ਼ ਲਾਉਣ ‘ਤੇ ਕਿਹਾ ਕਿ ਸ੍ਰੀ ਮੋਦੀ ਦੇ ਮੁਕਾਬਲੇ ਪੰਜਾਬ ਲਈ ਡਾæ ਮਨਮੋਹਨ ਸਿੰਘ ਬਿਹਤਰ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਕਦੇ ਵੀ ਸ਼ ਬਾਦਲ ਨੂੰ ਖਾਲੀ ਹੱਥ ਨਹੀਂ ਮੋੜਿਆ ਸੀ।
Leave a Reply