ਘੱਟ-ਗਿਣਤੀਆਂ ਮੋਦੀ ਤੋਂ ਕਿਉਂ ਨੇ ਖਫਾ ਤੇ ਖੌਫਜ਼ਦਾ?

ਵਾਸ਼ਿੰਗਟਨ (ਪੰਜਾਬ ਟਾਈਮਜ਼ ਬਿਊਰੋ): ਅਮਰੀਕਾ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੌਰੇ ਮੌਕੇ ਭਾਰਤ ਦੀਆਂ ਘੱਟ-ਗਿਣਤੀਆਂ, ਖਾਸ ਕਰ ਕੇ ਮੁਸਲਮਾਨਾਂ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਵੱਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਨੇ ਇਕ ਵਾਰ ਫਿਰ ਸ੍ਰੀ ਮੋਦੀ ਅਤੇ ਉਨ੍ਹਾਂ ਦੀ ਪਾਰਟੀ- ਭਾਰਤੀ ਜਨਤਾ ਪਾਰਟੀ ਨੂੰ ਸੰਸਾਰ ਪੱਧਰ ਉਤੇ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾਇਆ ਹੈ। ਨਵੀਂ ਬਣੀ ਜਥੇਬੰਦੀ ‘ਅਲਾਇੰਸ ਫਾਰ ਜਸਟਿਸ ਐਂਡ ਅਕਾਊਂਟਬਿਲਿਟੀ’ (ਏæਜੇæਏæ) ਮਨਹੱਟਨ (ਨਿਊ ਯਾਰਕ) ਦੇ ਮੈਡੀਸਨ ਸਕੁਏਅਰ ਗਾਰਡਨ ਵਿਖੇ 28 ਸਤੰਬਰ ਨੂੰ ਮੋਦੀ ਦੇ ਸੰਬੋਧਨ ਮੌਕੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾ ਰਹੀ ਹੈ। ‘ਸਿੱਖਸ ਫਾਰ ਜਸਟਿਸ’ ਨੇ 30 ਸਤੰਬਰ ਨੂੰ ਵ੍ਹਾਈਟ ਹਾਊਸ ਵਿਚ ਮੋਦੀ-ਓਬਾਮਾ ਮੁਲਾਕਾਤ ਦੌਰਾਨ ਵ੍ਹਾਈਟ ਹਾਊਸ ਦੇ ਸਾਹਮਣੇ ਵਾਲੀ ਪਾਰਕ ਵਿਚ ਲੋਕ ਅਦਾਲਤ ਲਾਉਣ ਦਾ ਫੈਸਲਾ ਕੀਤਾ ਹੈ। ‘ਸਿੱਖਸ ਫਾਰ ਜਸਟਿਸ’ ਵੱਲੋਂ ਜਾਰੀ ਕੀਤੀ ਚਾਰਜਸ਼ੀਟ ਵਿਚ ਮੋਦੀ ਨੂੰ 2002 ਵਿਚ ਹੋਏ ਗੁਜਰਾਤ ਕਤਲੇਆਮ ਲਈ ਦੋਸ਼ੀ ਠਹਿਰਾਇਆ ਗਿਆ ਹੈ।
ਚੇਤੇ ਰਹੇ ਕਿ ‘ਅਲਾਇੰਸ ਫਾਰ ਜਸਟਿਸ ਐਂਡ ਅਕਾਊਂਟਬਿਲਿਟੀ’ ਵਿਚ ਉਹ ਸਾਰੀਆਂ ਜਥੇਬੰਦੀਆਂ ਅਤੇ ਲੋਕ ਸ਼ਾਮਲ ਹਨ ਜਿਹੜੇ ਪਹਿਲਾਂ ‘ਕੁਲੀਸ਼ਨ ਅਗੇਂਸਟ ਜੈਨੋਸਾਈਡ’ (ਸੀæਏæਜੀæ) ਨਾਲ ਜੁੜੇ ਹੋਏ ਸਨ। ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਸੀæਏæਜੀæ ਨੇ ਉਨ੍ਹਾਂ ਦਾ ਅਮਰੀਕੀ ਵੀਜ਼ਾ ਰੁਕਵਾਉਣ ਲਈ ਚਲਾਈ ਮੁਹਿੰਮ ਦੀ ਸਫਲਤਾਪੂਰਵਕ ਅਗਵਾਈ ਕੀਤੀ ਸੀ। ਸੀæਏæਜੀæ ਦੇ ਮੋਢੀ ਮੈਂਬਰ ਡਾæ ਸ਼ੇਖ ਉਬੈਦ ਦੇ ਯਤਨਾਂ ਸਦਕਾ ਹੀ ਹੁਣ ‘ਅਲਾਇੰਸ ਫਾਰ ਜਸਟਿਸ ਐਂਡ ਅਕਾਊਂਟਬਿਲਿਟੀ’ ਹੋਂਦ ਵਿਚ ਆਈ ਹੈ।
ਉਨ੍ਹਾਂ ਦੱਸਿਆ ਕਿ ਆਰæਐਸ਼ਐਸ਼ ਭਾਰਤ ਵਿਚ ਘੱਟ-ਗਿਣਤੀਆਂ ਖਿਲਾਫ ਕੂੜ ਪ੍ਰਚਾਰ ਕਰ ਰਿਹਾ ਹੈ ਅਤੇ ਘੱਟ-ਗਿਣਤੀਆਂ ਨਾਲ ਸਬੰਧਤ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਸਭ ਵੰਨ-ਸੁਵੰਨੇ ਬਹੁ-ਵਾਦੀ ਭਾਰਤ ਲਈ ਖਤਰਾ ਹੈ। ਇਸੇ ਕਰ ਕੇ ਅਸੀਂ ਚਾਹੁੰਦੇ ਹਾਂ ਕਿ ਆਰæਐਸ਼ਐਸ਼ ਦੀ ਇਸ ਚਾਲ ਖਿਲਾਫ ਹਰ ਫਰੰਟ ਤੋਂ ਆਵਾਜ਼ ਉਠਾਈ ਜਾਵੇ। ਵਰਣਨਯੋਗ ਹੈ ਕਿ ‘ਅਲਾਇੰਸ ਫਾਰ ਜਸਟਿਸ ਐਂਡ ਅਕਾਊਂਟਬਿਲਿਟੀ’ ਅਤੇ ‘ਸਿੱਖਸ ਫਾਰ ਜਸਟਿਸ’ ਨੇ ਫੇਸਬੁੱਕ ਅਤੇ ਹੋਰ ਸੋਸ਼ਲ ਸਾਈਟਾਂ ਉਤੇ ਵੀ ਮੋਦੀ ਖਿਲਾਫ ਮੁਹਿੰਮ ਚਲਾਈ ਹੋਈ ਹੈ।
ਗੌਰਤਲਬ ਹੈ ਕਿ ਭਾਜਪਾ ਅਤੇ ਆਰæਐਸ਼ਐਸ਼ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਭਾਈਵਾਲੀ ਪਾ ਕੇ ਇਹ ਸਮਝ ਰਹੀ ਹੈ ਕਿ ਇਸ ਨੇ ਸਿੱਖਾਂ ਦੇ ਵੱਡੇ ਹਿੱਸੇ ਨੂੰ ਇਕ ਤਰ੍ਹਾਂ ਨਾਲ ਆਪਣੇ ਕਾਬੂ ਹੇਠ ਕਰ ਲਿਆ ਹੈ। ਉਂਜ ਵੀ ਇਹ ਹਿੰਦੂਤਵੀ ਪਾਰਟੀਆਂ ਅਜੇ ਸਿੱਖਾਂ ਨਾਲ ਸਿੱਧੇ ਵਿਰੋਧ ਵਿਚ ਵੀ ਨਹੀਂ ਹਨ, ਪਰ ਮੁਸਲਮਾਨਾਂ ਨੂੰ ਇਹ ਗਿਣ-ਮਿਥ ਕੇ ਨਿਸ਼ਾਨਾ ਬਣਾ ਰਹੀਆਂ ਹਨ। ਜਦੋਂ ਤੋਂ ਭਾਰਤ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਸਰਕਾਰ ਕਾਇਮ ਹੋਈ ਹੈ, ਉਦੋਂ ਤੋਂ ਇਨ੍ਹਾਂ ਪਾਰਟੀਆਂ ਦੀਆਂ ਵਾਗਾਂ ਖੁੱਲ੍ਹੀਆਂ ਛੱਡ ਦਿੱਤੀਆਂ ਗਈਆਂ ਹਨ। ਮੁਸਲਮਾਨਾਂ ਨਾਲ ਵਧੀਕੀਆਂ ਵਾਲੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਪਰ ਦੇਸ਼ ਦੇ ਮੁਖੀ ਹੋਣ ਦੇ ਨਾਤੇ ਸ੍ਰੀ ਮੋਦੀ ਨੇ ਇਨ੍ਹਾਂ ਘਟਨਾਵਾਂ ਬਾਰੇ ਅੱਜ ਤੱਕ ਇਕ ਵੀ ਸ਼ਬਦ ਨਹੀਂ ਬੋਲਿਆ ਹੈ। ਸ੍ਰੀ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਨ ਵਿਚ ਕਿਹਾ ਸੀ ਕਿ ਅਗਲੇ ਦਸ ਸਾਲਾਂ ਦੌਰਾਨ ਭਾਰਤ ਵਿਚ ਫਿਰਕਾਪ੍ਰਸਤੀ ਲਈ ਕੋਈ ਥਾਂ ਨਹੀਂ ਹੋਵੇਗੀ, ਪਰ ਉਨ੍ਹਾਂ ਦੀ ਪਾਰਟੀ ਦੇ ਲੀਡਰ, ਧੂੰਆਂਧਾਰ ਫਿਰਕੂ ਪ੍ਰਚਾਰ ਵਿਚ ਲੱਗੇ ਹੋਏ ਹਨ। ਹੋਰ ਤਾਂ ਹੋਰ, ਸ੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਮਹਿਜ਼ ਇਕ ਹਫਤੇ ਬਾਅਦ ਹੀ 2 ਜੂਨ 2014 ਦੀ ਰਾਤ ਨੂੰ ਪੁਣੇ (ਮਹਾਂਰਾਸ਼ਟਰ) ਵਿਚ ਮੋਹਸਿਨ ਸਾਦਿਕ ਸ਼ੇਖ (24) ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਉਸ ਵੇਲੇ ਉਹ ਆਪਣੇ ਇਕ ਦੋਸਤ ਨਾਲ ਘਰ ਪਰਤ ਰਿਹਾ ਸੀ। ਇਹ ਹਮਲਾ ‘ਹਿੰਦੂ ਰਾਸ਼ਟਰ ਸੈਨਾ’ ਨਾਲ ਸਬੰਧਤ ਜਨੂੰਨੀਆਂ ਨੇ ਕੀਤਾ ਸੀ।
ਹਾਲ ਹੀ ਵਿਚ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਇਹ ਭੜਕਾਊ ਭਾਸ਼ਨ ਦਿੱਤਾ ਕਿ ਮਦਰੱਸਿਆਂ ਵਿਚ ਅਤਿਵਾਦ ਦੀ ਸਿਖਲਾਈ ਦਿੱਤੀ ਜਾਂਦੀ ਹੈ, ਇਹ ਸਭ ਦੇਸ਼ ਦੇ ਹਿਤ ਵਿਚ ਨਹੀਂ ਹੈ। ਪੁੱਛਣ ‘ਤੇ ਉਨ੍ਹਾਂ ਦਲੀਲ ਦਿੱਤੀ ਗਣਤੰਤਰ ਜਾਂ ਆਜ਼ਾਦੀ ਦਿਵਸ ਮੌਕੇ ਕਿਸੇ ਵੀ ਮਦਰੱਸੇ ਵਿਚ ਕਦੀ ਤਿਰੰਗਾ ਝੰਡਾ ਨਹੀਂ ਲਹਿਰਾਇਆ ਜਾਂਦਾ। ਯੂæਪੀæ ਵਿਚ ਹੁਣੇ-ਹੁਣੇ ਹੋਈਆਂ ਉਪ ਚੋਣਾਂ ਵਿਚ ਭਾਜਪਾ ਨੇ ‘ਲਵ ਜਹਾਦ’ ਨੂੰ ਆਪਣਾ ਮੁੱਖ ਚੋਣ ਮੁੱਦਾ ਬਣਾ ਕੇ ਮੁਸਲਮਾਨਾਂ ਖਿਲਾਫ ਭੜਕਾਹਟ ਪੈਦਾ ਕਰਨ ਦਾ ਯਤਨ ਕੀਤਾ। ਯੂæਪੀæ ਲਈ ਇਨ੍ਹਾਂ ਚੋਣਾਂ ਦੇ ਇੰਚਾਰਜ ਸੰਸਦ ਮੈਂਬਰ ਅਦਿੱਤਿਆਨਾਥ ਯੋਗੀ ਨੇ ਆਪਣੇ ਭਾਸ਼ਨਾਂ ਵਿਚ ਭੜਕਾਹਟ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਚੋਣ ਕਮਿਸ਼ਨ ਨੇ ਇਨ੍ਹਾਂ ਭਾਸ਼ਨਾਂ ਕਾਰਨ ਉਸ ਉਤੇ ਪਾਬੰਦੀ ਵੀ ਲਾਈ, ਪਰ ਉਹ ਟੱਸ ਤੋਂ ਮੱਸ ਨਾ ਹੋਇਆ।
ਭਾਜਪਾ ਦੇ ਕਿਸੇ ਵੀ ਆਗੂ ਨੇ ਇਸ ਬਾਰੇ ਕੁਝ ਨਹੀਂ ਆਖਿਆ, ਸਗੋਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ ਇਹ ਕਹਿ ਕੇ ਪੱਤਰਕਾਰਾਂ ਦਾ ਮਖੌਲ ਉਡਾਇਆ ਕਿ ‘ਮੈਨੂੰ ਤਾਂ ਲਵ ਜਹਾਦ ਬਾਰੇ ਕੁਝ ਵੀ ਪਤਾ ਨਹੀਂ, ਜ਼ਰਾ ਤੁਸੀਂ ਹੀ ਸਮਝਾ ਦਿਓ।’ ਇਨ੍ਹਾਂ ਉਪ ਚੋਣਾਂ ਵਿਚ ਭਾਜਪਾ ਨੂੰ ਭਾਵੇਂ ਵੱਡੀ ਪਛਾੜ ਵੱਜੀ ਹੈ ਪਰ ਇਸ ਨੇ ਮੁਸਲਮਾਨਾਂ ਖਿਲਾਫ ਇਹ ਪ੍ਰਚਾਰ ਬੰਦ ਨਹੀਂ ਕੀਤਾ ਹੈ। ਭਾਜਪਾ ਦੇ ਵਿਦਿਆਰਥੀ ਵਿੰਗ ਨੇ ਤਾਂ ਸਗੋਂ ਲਵ ਜਹਾਦ ਖਿਲਾਫ ਕਮੇਟੀਆਂ ਬਣਾਉਣੀਆਂ ਅਰੰਭ ਕਰ ਦਿੱਤੀਆਂ ਹਨ। ਭਾਜਪਾ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਸੰਸਦ ਮੈਂਬਰ ਅਦਿੱਤਿਆਨਾਥ ਯੋਗੀ ਦੀਆਂ ਸੇਵਾਵਾਂ ਆਉਣ ਵਾਲੀਆਂ ਚੋਣਾਂ ਅਤੇ ਪਾਰਟੀ ਦੇ ਹੋਰ ਕੰਮਾਂ-ਕਾਰਾਂ ਵਿਚ ਲਈਆਂ ਜਾਂਦੀਆਂ ਰਹਿਣਗੀਆਂ।
___________________________
ਮੌਕੇ ਮੁਤਾਬਕ ਹੁਣ ਅਮਰੀਕਾ ਵੀ ਬਦਲਿਆ
ਅਮਰੀਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪਹਿਲਾਂ 2005 ਵਿਚ ਵੀਜ਼ੇ ਤੋਂ ਨਾਂਹ ਇਸ ਕਰ ਕੇ ਕੀਤੀ ਸੀ, ਕਿਉਂਕਿ ਉਹ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਉਥੇ 2002 ਵਿਚ ਮੁਸਲਮਾਨਾਂ ਨੂੰ ਬੇਕਿਰਕੀ ਨਾਲ ਮਾਰਿਆ ਗਿਆ ਸੀ। ਅਮਰੀਕਾ ਦਾ ਕਾਨੂੰਨ ਹੈ ਕਿ ਜਿਹੜਾ ਵੀ ਬੰਦਾ ਧਾਰਮਿਕ ਆਜ਼ਾਦੀਆਂ ਦੀ ਉਲੰਘਣਾ ਕਰਦਾ ਹੈ, ਉਸ ਨੂੰ ਦੇਸ਼ ਵਿਚ ਵੜਨ ਤੋਂ ਰੋਕਿਆ ਜਾ ਸਕਦਾ ਹੈ। ਇਸ ਤੋਂ ਬਾਅਦ ਸ੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਇਹ ਕਾਨੂੰਨ ਪਿਛਾਂਹ ਕਰ ਦਿੱਤਾ ਗਿਆ। ਇਸ ਬਾਰੇ ਦਲੀਲ ਦਿੱਤੀ ਗਈ ਕਿ ਕਿਸੇ ਦੇਸ਼ ਦੇ ਮੁਖੀ ਉਤੇ ਅਜਿਹੀ ਪਾਬੰਦੀ ਨਹੀਂ ਲਾਈ ਜਾ ਸਕਦੀ। ਹੁਣ ਮੋਦੀ ਦੇ ਸਵਾਗਤ ਲਈ ਓਬਾਮਾ ਪ੍ਰਸ਼ਾਸਨ ਦਾ ਪੂਰਾ ਤਾਣ ਲੱਗਿਆ ਹੋਇਆ ਹੈ। ਮੋਦੀ ਦੇ ਦੌਰੇ ਤੋਂ ਪਹਿਲਾਂ ਤਿਆਰੀ ਲਈ ਵਿਦੇਸ਼ ਮੰਤਰੀ ਜੌਹਨ ਕੈਰੀ ਅਤੇ ਰੱਖਿਆ ਮੰਤਰੀ ਚੱਕ ਹੇਜਲ ਮੋਦੀ ਨੂੰ ਨਵੀਂ ਦਿੱਲੀ ਵਿਖੇ ਮਿਲ ਚੁੱਕੇ ਹਨ।

Be the first to comment

Leave a Reply

Your email address will not be published.