ਲੰਡਨ/ ਐਡਿਨਬ੍ਰਾ: ਸਕਾਟਲੈਂਡ ਦੇ ਲੋਕਾਂ ਨੇ ਇਤਿਹਾਸਕ ਰਾਇਸ਼ੁਮਾਰੀ ਰਾਹੀਂ ਆਜ਼ਾਦੀ ਨੂੰ ਨਕਾਰਦਿਆਂ ਬਰਤਾਨੀਆ ਨਾਲ ਰਹਿਣ ਦਾ ਫ਼ਤਵਾ ਦਿੱਤਾ ਹੈ। ਇੰਗਲੈਂਡ ਅਤੇ ਵੇਲਜ਼ ਨਾਲ ਸਕਾਟਲੈਂਡ ਦਾ 307 ਸਾਲ ਪੁਰਾਣਾ ਨਾਤਾ ਬਣਿਆ ਰਹੇਗਾ।
ਸਕਾਟਲੈਂਡ ਦੀ ਆਜ਼ਾਦੀ ਦੇ ਹਮਾਇਤੀਆਂ ਲਈ ਇਹ ਵੱਡਾ ਝਟਕਾ ਹੈ। ਸਾਰੀਆਂ 32 ਕੌਂਸਲਾਂ ਦੇ ਨਤੀਜੇ ਮੁਤਾਬਕ 20 ਲੱਖ ਇੱਕ ਹਜ਼ਾਰ 926 ਲੋਕਾਂ ਨੇ ਆਜ਼ਾਦੀ ਦੀ ਮੁਹਿੰਮ ਨੂੰ ਨਕਾਰ ਦਿੱਤਾ ਜਦਕਿ ਵੱਖਰੀ ਹੋਂਦ ਲਈ ਸੰਘਰਸ਼ ਕਰ ਰਹੇ 16 ਲੱਖ 17 ਹਜ਼ਾਰ 989 ਲੋਕਾਂ ਨੇ ਆਜ਼ਾਦੀ ਦੇ ਪੱਖ ਵਿਚ ਵੋਟਾਂ ਭੁਗਤਾਈਆਂ। ਇਉਂ ਆਜ਼ਾਦੀ ਦੇ ਵਿਰੋਧ ਵਿਚ 55æ3 ਫ਼ੀਸਦੀ ਅਤੇ ਪੱਖ ਵਿਚ 44æ7 ਫ਼ੀਸਦੀ ਲੋਕਾਂ ਨੇ ਹੁੰਗਾਰਾ ਭਰਿਆ। ਛੇਤੇ ਰਹੇ ਕਿ ਰਾਇਸ਼ੁਮਾਰੀ ਤੋਂ ਪਹਿਲਾਂ ਦੋਹਾਂ ਧਿਰਾਂ ਵਿਚ ਪ੍ਰਚਾਰ ਮੁਹਿੰਮ ਦੌਰਾਨ ਤਣਾਤਣੀ ਦਾ ਮਾਹੌਲ ਬਣ ਗਿਆ ਸੀ ਪਰ 84æ6 ਫ਼ੀਸਦੀ ਲੋਕਾਂ ਨੇ ਆਪਣੀ ਰਾਏ ਦੇ ਕੇ ਇਸ ਘੜੀ ਨੂੰ ਇਤਿਹਾਸ ਬਣਾ ਦਿੱਤਾ।
ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਰਾਇਸ਼ੁਮਾਰੀ ਦੇ ਨਤੀਜਿਆਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਸਕਾਟਲੈਂਡ ਨੂੰ ਵੱਧ ਤਾਕਤਾਂ ਦੇਣ ਦਾ ਆਪਣਾ ਵਾਅਦਾ ਦੁਹਰਾਇਆ। ਸਕਾਟਲੈਂਡ ਦੇ ਪਹਿਲੇ ਮੰਤਰੀ ਅਲੈਕਸ ਸਾਲਮੰਡ ਨੇ ਏਕਤਾ ਦਾ ਸੱਦਾ ਦਿੰਦਿਆ ਉਨ੍ਹਾਂ ਨੂੰ ਵੱਧ ਤਾਕਤਾਂ ਦੇਣ ਦੀ ਬੇਨਤੀ ਕੀਤੀ। ਸਕਾਟਿਸ਼ ਨੈਸ਼ਨਲ ਪਾਰਟੀ ਦੇ ਆਗੂ ਨੇ ਕਿਹਾ ਕਿ ਉਹ ਰਾਇਸ਼ੁਮਾਰੀ ਦੇ ਫ਼ੈਸਲੇ ਨੂੰ ਕਬੂਲ ਕਰਦੇ ਹਨ।
ਸਕਾਟਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਗਲਾਸਗੋ ਦੇ ਲੋਕਾਂ ਨੇ ਆਜ਼ਾਦੀ ਦੇ ਪੱਖ ਵਿਚ ਵੋਟ ਭੁਗਤਾਏ। ਰਾਇਸ਼ੁਮਾਰੀ ਵਿਚ ਇਸ ਖੇਤਰ ਵਿਚੋਂ ਇਕ ਲੱਖ 94 ਹਜ਼ਾਰ 779 ਲੋਕਾਂ ਨੇ ਬਰਤਾਨੀਆ ਤੋਂ ਵੱਖ ਹੋਣ ਦਾ ਹੁੰਗਾਰਾ ਭਰਿਆ ਜਦਕਿ ਇਕ ਲੱਖ 69 ਹਜ਼ਾਰ 347 ਲੋਕਾਂ ਨੇ ਆਜ਼ਾਦੀ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ। ਇਸੇ ਤਰ੍ਹਾਂ ਡੁੰਡੀ, ਵੈਸਟ ਡਨਬਰਟਨਸ਼ਾਇਰ ਅਤੇ ਨੌਰਥ ਲਾਨਰਕਸ਼ਾਇਰ ਦੇ ਲੋਕਾਂ ਨੇ ਆਜ਼ਾਦੀ ਦੇ ਪੱਖ ‘ਚ ਰਾਇ ਦਿੱਤੀ। ਉਂਜ ਸਕਾਟਲੈਂਡ ਦੀ ਰਾਜਧਾਨੀ ਐਡਿਨਬ੍ਰਾ ਵਿਚ ਇਕ ਲੱਖ 94 ਹਜ਼ਾਰ 638 ਲੋਕਾਂ ਨੇ ਆਜ਼ਾਦੀ ਦੇ ਵਿਰੋਧ ‘ਚ ਰਾਇ ਪ੍ਰਗਟਾਈ ਜਦਕਿ ਇਕ ਲੱਖ 23 ਹਜ਼ਾਰ 927 ਲੋਕਾਂ ਨੇ ਆਜ਼ਾਦੀ ਦੇ ਪੱਖ ‘ਚ ਵੋਟ ਪਾਈ।
ਉਧਰ ਯੂਰਪੀਅਨ ਯੂਨੀਅਨ ਨੇ ਸਕਾਟਲੈਂਡ ਦੇ ਬਰਤਾਨੀਆ ਨਾਲ ਜੁੜੇ ਰਹਿਣ ‘ਤੇ ਰਾਹਤ ਪ੍ਰਗਟ ਕੀਤੀ ਹੈ। ਇਸ ਨਤੀਜੇ ਤੋਂ ਬਾਅਦ ਬਰਤਾਨੀਆ ਦੇ ਸ਼ੇਅਰ ਬਾਜ਼ਾਰ ਚੜ੍ਹ ਗਏ।
ਇਸ ਦੌਰਾਨ ਸਪੇਨ ਦੇ ਕਾਤਲਾਨ ਅਤੇ ਬਾਸਕਸ ਖਿੱਤਿਆਂ ‘ਚ ਨਿਰਾਸ਼ਾ ਦਾ ਮਾਹੌਲ ਬਣ ਗਿਆ। ਉਥੋਂ ਦੇ ਲੋਕ ਸਪੇਨ ਤੋਂ ਆਜ਼ਾਦੀ ਦੀ ਮੰਗ ਲਈ ਅੰਦੋਲਨ ਕਰ ਰਹੇ ਹਨ। ਸਕਾਟਲੈਂਡ ਦੀ ਰਾਇਸ਼ੁਮਾਰੀ ਦੇ ਨਤੀਜਿਆਂ ਨਾਲ ਉਨ੍ਹਾਂ ਦੇ ਅੰਦੋਲਨ ਨੂੰ ਢਾਹ ਲੱਗੀ ਹੈ। ਇਸੇ ਦੌਰਾਨ ਆਜ਼ਾਦੀ ਪੱਖੀ ਲੀਡਰ ਅਲੈਕਸ ਸਾਲਮੰਡ ਜਿਨ੍ਹਾਂ ਦੀ ਅਗਵਾਈ ਵਿਚ ਮੁਹਿੰਮ ਚਲਾਈ ਗਈ ਸੀ, ਨੇ ਆਪਣੇ ਪਹਿਲੇ ਮੰਤਰੀ ਦੇ ਅਹੁਦੇ ਅਤੇ ਆਪਣੀ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
__________________________________________
ਯੂਰਪ ਦੇ ਆਗੂ ਹੋਏ ਬਾਗੋ-ਬਾਗ
ਬਰਲਿਨ: ਸਕਾਟਿਸ਼ ਵੋਟਰਾਂ ਵੱਲੋਂ ਇਤਿਹਾਸਕ ਰਾਇਸ਼ੁਮਾਰੀ ਵਿਚ ਆਜ਼ਾਦੀ ਦਾ ਰਾਹ ਰੱਦ ਕਰ ਦੇਣ ਤੋਂ ਯੂਰਪ ਭਰ ਦੀਆਂ ਸਰਕਾਰਾਂ ਅਤੇ ਸਿਆਸਤਦਾਨਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਰਾਏਸ਼ੁਮਾਰੀ ਨੂੰ ਸਥਿਰ ਤੇ ਖ਼ੁਸ਼ਹਾਲ ਯੂਰਪ ਦੇ ਹੱਕ ਵਿਚ ਫਤਵਾ ਕਰਾਰ ਦਿੱਤਾ ਹੈ। ਜਰਮਨੀ ਨੇ ਰਾਏਸ਼ੁਮਾਰੀ ਦੇ ਨਤੀਜੇ ਨੂੰ ਸਕਾਟਲੈਂਡ ਲਈ ਚੰਗਾ ਅਤੇ ਨਾਲ ਹੀ ਬਰਤਾਨੀਆ ਤੇ ਯੂਰਪ ਲਈ ਬੇਮਿਸਾਲ ਕਰਾਰ ਦਿੱਤਾ ਹੈ।
ਜਰਮਨੀ ਦੇ ਵਿਦੇਸ਼ ਮੰਤਰੀ ਫ਼ਰੈਕ-ਵਾਲਟਰ ਸਟੀਨਮਾਇਰ ਨੇ ਆਖਿਆ ਕਿ ਸਕਾਟਲੈਂਡ ਦੇ ਬਹੁ-ਗਿਣਤੀ ਲੋਕ ਮਜ਼ਬੂਤ ਬਰਤਾਨੀਆ ਤੇ ਮਜ਼ਬੂਤ ਸਕਾਟਲੈਂਡ ਚਾਹੁੰਦੇ ਹਨ। ਉਹ ਬਰਤਾਨੀਆ ਦੇ ਬੇਮਿਸਾਲ ਜਮਹੂਰੀ ਸਭਿਆਚਾਰ ਦੀ ਬਹੁਤ ਇੱਜ਼ਤ ਕਰਦੇ ਹਨ ਅਤੇ ਇਸ ਸਭਿਆਚਾਰ ਦਾ ਰਾਇਸ਼ੁਮਾਰੀ ਵਿਚ ਵਿਖਾਲਾ ਹੋਇਆ ਹੈ। ਜਰਮਨ ਸਰਕਾਰ ਉਮੀਦ ਕਰਦੀ ਹੈ ਕਿ ਬਰਤਾਨੀਆ ਯੂਰਪ ਵਿਚ ਮਜ਼ਬੂਤ ਅਤੇ ਭਰੋਸੇਮੰਦ ਭਿਆਲ ਬਣਿਆ ਰਹੇਗਾ।
ਯੂਰਪੀ ਕਮਿਸ਼ਨ ਦੇ ਮੁਖੀ ਜੇਜ਼ੇ ਮੈਨੁਇਲ ਬੈਰੇਸੋ ਨੇ ਰਾਇਸ਼ੁਮਾਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਸਕਾਟਿਸ਼ ਵੋਟਰਾਂ ਨੇ ਬਰਤਾਨੀਆ ਦੀ ਏਕਤਾ ਬਰਕਰਾਰ ਰੱਖੀ ਹੈ। ਯੂਰਪੀਅਨ ਕੌਂਸਲ ਦੇ ਪ੍ਰਧਾਨ ਹਰਮਨ ਵਾਨ ਰੋਂਪੁਏ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੋਈ ਹੈ ਕਿ ਬਰਤਾਨੀਆ ਇੱਕਜੁਟ ਰਹੇਗਾ ਅਤੇ ਇਸ ਦਾ ਫਾਇਦਾ ਸਕਾਟਲੈਂਡ ਨੂੰ ਵੀ ਹੋਵੇਗਾ।
Leave a Reply